ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Monday, January 30, 2012

ਗੁਰਦਰਸ਼ਨ ਬਾਦਲ - ਮਰਸੀਏ ਅਤੇ ਉਦਾਸ ਸੁਰ ਦੀਆਂ ਗ਼ਜ਼ਲਾਂ - ਮਰਸੀਆ-ਏ-ਬਾਦਲ


ਮਰਸੀਆ-ਏ-ਬਾਦਲ ( ਮਰਸੀਏ ਅਤੇ ਉਦਾਸ ਸੁਰ ਦੀਆਂ ਗ਼ਜ਼ਲਾਂ )
ਲੇਖਕ
ਗੁਰਦਰਸ਼ਨ ਬਾਦਲ, ਸਰੀ ਕੈਨੇਡਾ


ਪ੍ਰਕਾਸ਼ਕ ਪੰਜਾਬੀ ਆਰਸੀ ਕੈਨੇਡਾ ਇੰਡੀਆ


ਪ੍ਰਕਾਸ਼ਨ ਵਰ੍ਹਾ - 2010


======


ਸਮਰਪਣ:
ਆਪਣੇ ਸਵਰਗੀ ਦਾਦਾ ਜੀ ਸ: ਸਾਵਣ ਸਿੰਘ ਬਮਰ੍ਹਾ ਜੀ ਨੂੰ, ਜਿਨ੍ਹਾਂ ਦੇ ਹਥੌੜੇ ਦੀ ਜ਼ੋਰਦਾਰ ਸੱਟ ਮਚਾਕ ਜਾਂ ਅਹਿਰਨ ਉੱਤੇ ਇਕ ਅਲੌਕਿਕ ਤਾਲ ਸਿਰਜਦੀ ਰਹਿੰਦੀ ਸੀ ਤੇ ਇਹੀ ਤਾਲ ਮੇਰੇ ਪਿਤਾ ਜੀ ਸਵਰਗੀ ਸ: ਸਰਦਾਰਾ ਸਿੰਘ ਬਮਰ੍ਹਾ ਜੀ ਦੀ ਸੁਰੀਲੀ ਆਵਾਜ਼ ਰਾਹੀਂ ਹੁੰਦੀ ਹੋਈ ਮੇਰੀ ਗ਼ਜ਼ਲ ਦੇ ਸ਼ਬਦਾਂ ਤੀਕ ਪਹੁੰਚੀ

ਗੁਰਦਰਸ਼ਨ ਬਾਦਲ


====
ਕੁਦਰਤ ਦੀ ਸਿਤਮ ਜ਼ਰੀਫ਼ੀ

ਉਰਦੂ ਅਦਬ ਵਿਚ ਕਿਸੇ ਸਮੇਂ ਕਵਿਤਾ ਦੇ ਦੋ ਰੂਪ ਬਹੁਤ ਪ੍ਰਚੱਲਿਤ ਅਤੇ ਮਕਬੂਲ ਰਹੇ ਹਨਉਹ ਸਨ ਕਸੀਦਾ ਅਤੇ ਮਰਸੀਆਕਸੀਦਾ ਆਮ ਤੌਰ 'ਤੇ ਰਾਜਿਆਂ, ਮਹਾਰਾਜਿਆਂ, ਨਵਾਬਾਂ ਜਾਂ ਵਜ਼ੀਰਾਂ ਦੀ ਉਸਤਤ ਵਿਚ ਪੜ੍ਹਿਆ ਜਾਣ ਵਾਲ਼ਾ ਇਕ ਕਾਵਿ-ਰੂਪ ਸੀਜਿਸਨੂੰ ਪੜ੍ਹ ਕੇ ਸ਼ਾਇਰ ਲੋਕ ਇਹਨਾਂ ਵੱਡੇ ਅਤੇ ਨਾਮਵਰ ਲੋਕਾਂ ਕੋਲ਼ੋਂ ਇਨਾਮ/ਇਕਰਾਮ ਦੀ ਉਮੀਦ ਕਰਿਆ ਕਰਦੇ ਸਨ, ਅਤੇ ਅਕਸਰ ਇਹ ਉਮੀਦ ਪੂਰੀ ਹੁੰਦੀ ਵੀ ਸੀਇਸਦੇ ਉਲਟ ਮਰਸੀਆ ਵੀ ਇਹਨਾਂ ਵੱਡੇ ਲੋਕਾਂ ਲਈ ਹੀ ਪੜ੍ਹਿਆ ਜਾਂਦਾ ਸੀ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚਹੁਣ ਫ਼ਰਕ ਇਹਨਾਂ ਦੋਹਾਂ ਕਾਵਿ-ਰੂਪਾਂ ਦਾ ਇਹ ਹੈ ਕਿ ਜਿੱਥੇ ਕਸੀਦਾ ਜ਼ਿਆਦਾਤਰ ਝੂਠ ਦਾ ਪੁਲੰਦਾ ਹੀ ਹੁੰਦਾ ਸੀ, ਕਿਉਂਕਿ ਉਹ ਸ਼ਖ਼ਸ ਜਿਸ ਲਈ ਇਹ ਕਸੀਦਾ ਪੜ੍ਹਿਆ ਜਾ ਰਿਹਾ ਹੁੰਦਾ ਸੀ, ਉਹ ਸਾਹਮਣੇ ਬੈਠਾ ਹੁੰਦਾ ਸੀ ਅਤੇ ਉਸਦੇ ਨਾਰਾਜ਼ ਹੋ ਜਾਣ ਦੀ ਸੂਰਤ ਵਿਚ ਇਨਾਮ ਦੀ ਜਗ੍ਹਾ ਸਣ-ਬੱਚੇ ਘਾਣੀ ਵਿਚ ਪੀੜੇ ਜਾਣ ਦਾ ਵੀ ਡਰ ਰਹਿੰਦਾ ਸੀ

ਇਹ ਕਸੀਦੇ ਪੜ੍ਹਨ ਵਾਲ਼ੇ ਇਨ੍ਹਾਂ ਵੱਡੇ ਲੋਕਾਂ ਦੇ ਦਰਬਾਰੀ-ਸ਼ਾਇਰ ਜਾਂ ਭੰਡ-ਮਰਾਸੀ ਆਦਿ ਹੁੰਦੇ ਸਨ, ਸੋ ਕੌਣ ਚਾਹੁੰਦਾ ਹੈ ਇਨ੍ਹਾਂ ਵੱਡੇ ਲੋਕਾਂ ਨੂੰ ਨਾਰਾਜ਼ ਕਰਕੇ ਆਪਣੇ-ਆਪ ਅਤੇ ਆਪਣੇ ਪਰਿਵਾਰ ਲਈ ਮੁਸੀਬਤ ਸਹੇੜਨਾ? ਸੋ ਇਹ ਕਸੀਦੇ ਜਿਸਨੂੰ ਮਾਣ-ਪੱਤਰ ਵੀ ਕਿਹਾ ਜਾ ਸਕਦਾ ਹੈ, ਜ਼ਿਆਦਾਤਰ ਸੱਚ ਨੂੰ ਅੱਖੋਂ ਉਹਲੇ ਕਰਕੇ ( ਜਾਂ ਉਹਨਾਂ ਦੇ ਜ਼ੁਲਮਾਂ ਜਾਂ ਬੇ-ਇਨਸਾਫ਼ੀਆਂ ਨੂੰ ਅੱਖੋਂ ਉਹਲੇ ਕਰਕੇ) ਸਿਰਫ਼ ਆਪਣੇ ਪੇਟ ਦੀ ਖ਼ਾਤਿਰ ਲਿਖੇ ਜਾਂ ਪੜ੍ਹੇ ਜਾਂਦੇ ਸਨ, ਕਿਉਂਕਿ ਇਨਾਮ ਦਾ ਐਲਾਨ ਜਾਂ ਤਕਸੀਮ ਹੋਣ ਤੱਕ ਲਿਖਣ ਜਾਂ ਪੜ੍ਹਨ ਵਾਲ਼ੇ ਦੇ ਮਨ ਵਿਚ ਇਕ ਡਰ ਵੀ ਲੁਕਿਆ ਰਹਿੰਦਾ ਸੀਕਈ ਵਾਰੀ ਤਾਂ ਦਰਬਾਰੀ ਚੁਗਲਖ਼ੋਰਾਂ ਵੱਲੋਂ ਇਨ੍ਹਾਂ ਵੱਡੇ ਲੋਕਾਂ ਦੇ ਕੰਨ ਭਰੇ ਜਾਣ ਕਰਕੇ, ਇਹ ਇਨਾਮ/ਇਕਰਾਮ ਵਾਪਸ ਲੈ ਕੇ ਸਜ਼ਾ ਵੀ ਸੁਣਾ ਦਿੱਤੀ ਜਾਂਦੀ ਸੀਅਜਿਹੀ ਹਾਲਤ ਵਿਚ ਇਹੀ ਕਸੀਦੇ ਪੜ੍ਹਨ ਵਾਲ਼ੇ ਲਈ ਮਰਸੀਏ ਬਣ ਜਾਂਦੇ ਸਨ

ਇਸਤੋਂ ਉਲਟ ਮਰਸੀਆ ਭਾਵੇਂ ਇਨ੍ਹਾਂ ਵੱਡੇ ਲੋਕਾਂ ਲਈ ਹੀ ਪੜ੍ਹਿਆ ਜਾਂਦਾ ਸੀ, ਪਰ ਉਨ੍ਹਾਂ ਦੀ ਮੌਤ ਤੋਂ ਬਾਅਦਬੇਸ਼ੱਕ ਇਹ ਰਾਜੇ-ਮਹਾਰਾਜੇ ਜਾਂ ਵੱਡੇ ਲੋਕ ਉਸ ਵੇਲ਼ੇ, ਖ਼ੁਦ ਹਾਜ਼ਿਰ ਨਹੀਂ ਸਨ ਹੁੰਦੇ, ਪਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਾਂ ਸਰਕਾਰੀ-ਦਰਬਾਰੀ ਜ਼ਰੂਰ ਹਾਜ਼ਿਰ ਹੁੰਦੇ ਸਨ ਤੇ ਉਨ੍ਹਾਂ ਵੱਲੋਂ ਵੀ ਨਾਰਾਜ਼ ਹੋ ਜਾਣ ਦੀ ਸੂਰਤ ਵਿਚ ਉਹੀ ਸਜ਼ਾ ਵਾਲ਼ਾ ਵਰਤਾਰਾ ਹੋਂਦ ਵਿਚ ਆ ਸਕਦਾ ਹੁੰਦਾ ਸੀਕਸੀਦੇ ਵਾਂਗ ਮਰਸੀਏ ਵਿਚ ਵੀ ਸਿਫ਼ਤਾਂ ਜਾਂ ਉਸਤਤ ਹੀ ਹੁੰਦੀ ਸੀ, ਪਰ ਜ਼ਿਆਦਾਤਰ ਇਹ ਸਿਫ਼ਤ ਜਾਂ ਉਸਤਤ ਸੱਚ 'ਤੇ ਅਧਾਰਿਤ ਹੁੰਦੀ ਸੀ ਭਾਵ ਉਸ ਵੱਡੇ ਸ਼ਖ਼ਸ ਦੇ ਕੀਤੇ ਹੋਏ ਚੰਗੇ ਕੰਮਾਂ ( ਲੋਕ ਭਲਾਈ ਦੇ ਕੰਮਾਂ ) ਨੂੰ ਯਾਦ ਕੀਤਾ ਜਾਂਦਾ ਸੀ ਅਤੇ ਅਜਿਹੇ ਵੱਡੇ ਸ਼ਖ਼ਸ ਦੇ ਦੁਨੀਆਂ 'ਤੇ ਦੁਬਾਰਾ ਆਉਣ ਦੀ ਰੱਬ ਨੂੰ ਪ੍ਰਾਰਥਨਾ ਕੀਤੀ ਜਾਂਦੀ ਸੀਸਮੇਂ ਦੇ ਨਾਲ਼ ਮਰਸੀਏ ਵਾਲ਼ਾ ਵਤੀਰਾ ਤਾਂ ਲੱਗਭਗ ਬੰਦ ਵਰਗਾ ਹੀ ਹੈ, ਪਰ ਕਸੀਦਾ ਮਾਣ-ਪੱਤਰ ਦੇ ਰੂਪ ਵਿਚ ਹੁਣ ਵੀ ਪ੍ਰਚੱਲਿਤ ਹੈ ਅਤੇ ਇਹ ਰਹਿੰਦੀ ਦੁਨੀਆਂ ਤੱਕ ਰਹੇਗਾ ਵੀ


ਮਰਸੀਆ ਜਾਂ ਸ਼ਰਧਾਂਜਲੀ ਵਾਲ਼ਾ ਰੂਪ ਵੀ ਮਿਟ ਤਾਂ ਨਹੀਂ ਸਕਦਾ, ਪਰ ਹੁਣ ਇਹ ਖ਼ਾਸ ਤੋਂ ਆਮ ਤੱਕ ਦਾ ਸਫ਼ਰ ਤੈਅ ਕਰ ਗਿਆ ਹੈਹਰ ਇਨਸਾਨ ਦੀ ਮੋਤ ਤੋਂ ਬਾਅਦ ਉਸਦੇ ਭੋਗ ਉਪਰ ਹੋਣ ਵਾਲ਼ਾ ਥੋੜ੍ਹਾ ਜਾਂ ਬਹੁਤਾ ਇਕੱਠ ਮਰਸੀਆ ਜਾਂ ਸ਼ਰਧਾਂਜਲੀ ਹੀ ਤਾਂ ਹੈ ਅਤੇ ਇਹ ਥੋੜ੍ਹਾ ਜਾਂ ਬਹੁਤਾ ਇਕੱਠ ਹੀ ਉਸ ਇਨਸਾਨ ਦੀ ਹਰਮਨ-ਪਿਆਰਤਾ ਜਾਂ ਲੋਕ-ਪ੍ਰਿਯਤਾ ਨੂੰ ਦਰਸਾਉਂਦਾ ਜਾਂ ਉਜਾਗਰ ਵੀ ਕਰਦਾ ਹੈ ਦੁਨੀਆਂ ਵਿੱਚੋਂ ਕੋਈ ਵੀ ਚੀਜ਼ ਪੂਰੀ ਤਰ੍ਹਾਂ ਮਿਟ ਤਾਂ ਨਹੀਂ ਸਕਦੀ, ਹਾਂ ਸਮੇਂ ਦੇ ਨਾਲ਼ ਉਸਦਾ ਰੂਪ ਜ਼ਰੂਰ ਬਦਲ ਜਾਂਦਾ ਹੈ ਜਿਵੇਂ ਕਸੀਦੇ ਨੇ ਮਾਣ-ਪੱਤਰ ਅਤੇ ਮਰਸੀਏ ਨੇ ਸ਼ਰਧਾਂਜਲੀ ਦਾ ਰੂਪ ਲੈ ਲਿਆ ਹੈ,

ਮਰਸੀਏ ਦੀ ਪਹਿਲ ਅਰਬੀ ਵਿਚ ਹੋਈ, ਦਰਅਸਲ ਅਰਬੀ ਵਿਚ ਸ਼ਾਇਰੀ ਦੀ ਸ਼ੁਰੂਆਤ ਹੀ ਮਰਸੀਏ ਨਾਲ਼ ਹੋਈਅਰਬੀ ਤੋਂ ਮਰਸੀਆ ਫ਼ਾਰਸੀ ਵਿਚ ਆਇਆ ਤੇ ਫ਼ਾਰਸੀ ਤੋਂ ਉਰਦੂ ਵਿਚ, ਉਸ ਤੋਂ ਬਾਅਦ ਹਿੰਦੀ, ਪੰਜਾਬੀ ਜਾਂ ਹੋਰ ਭਾਸ਼ਾਵਾਂ ਵਿਚ ਆਇਆਅਰਬੀ ਵਿਚ ਪਹਿਲਾ ਮਰਸੀਆ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਰੇ ਅਤੇ ਹਜ਼ਰਤ ਅਲੀ ਸਾਹਿਬ ਦੇ ਛੋਟੇ ਬੇਟੇ ਇਮਾਮ ਹੁਸੈਨ ਦੀ ਕਰਬਲਾ ਦੇ ਮੈਦਾਨ ਵਿਚ ਓਸ ਵੇਲ਼ੇ ਦੇ ਬਾਦਸ਼ਾਹ ਯਦੀਦ ਹੱਥੋਂ ਅਣ-ਮਨੁੱਖੀ ਤਸੀਹਿਆਂ ਕਾਰਣ ਹੋਈ ਸ਼ਹਾਦਤ ਤੋਂ ਬਾਅਦ ਲਿਖਿਆ ਗਿਆ ਜੋ ਦਿਲੀ ਸ਼ੋਕ ਪ੍ਰਗਟਾਉਣ ਦਾ ਸਹੀ ਤਰੀਕਾ ਮਿਥਿਆ ਗਿਆਅਰਬੀ, ਫ਼ਾਰਸੀ ਅਤੇ ਉਰਦੂ ਵਿਚ ਲਿਖੇ ਗਏ ਅਤੇ ਲਿਖੇ ਜਾ ਰਹੇ ਸਾਰੇ ਦੀ ਮਰਸੀਏ ਉਪਰੋਕਤ ਘਟਨਾ ਅਤੇ ਇਸ ਘਟਨਾ ਦੇ ਨਾਇਕ ਇਮਾਮ ਹੁਸੈਨ ਦੇ ਦੁਆਲ਼ੇ ਹੀ ਘੁੰਮਦੇ ਹਨਇਸ ਤਰ੍ਹਾਂ ਪਹਿਲਾ ਮਰਸੀਆ ੬੮੦ ਈਸਵੀ ਸੰਨ ਵਿਚ ਲਿਖਿਆ ਗਿਆ ਜੋ ਕਿ ਇਮਾਮ ਹੁਸੈਨ ਦੀ ਅਣ-ਮਨੁੱਖੀ ਮੌਤ ਦਾ ਸਾਲ ਹੈਉਰਦੂ ਦਾ ਪਹਿਲਾ ਦੀਵਾਨ ਸ਼ਾਇਰ ਮੁਹੰਮਦ ਮੀਰ ਅਨੀਸ ਦਾ ਹੈ ਜੋ ਅੱਜ ਤੋਂ ਤਕਰੀਬਨ ਚਾਰ ਸੌ ਇੱਕੀ ਸਾਲ ਪਹਿਲਾਂ ਹੋਂਦ ਵਿਚ ਆਇਆ, ਜਿਸ ਵਿਚ ਉਪਰੋਕਤ ਘਟਨਾ ਬਾਰੇ ਮਰਸੀਏ ਹਨਪਹਿਲਾਂ-ਪਹਿਲ ਮਰਸੀਏ ਮਸਨਵੀ ਸਿਨਫ਼ ਵਿਚ ਹੀ ਲਿਖੇ ਗਏਇਕ ਅਰਬੀ ਸ਼ਾਇਰ ਖ਼ੁਲਫ਼ਾ ਨੇ ਆਪਣੇ ਛੋਟੇ ਭਰਾ ਦੀ ਮੌਤ ਉੱਪਰ ਮਰਸੀਆ ਲਿਖਿਆ, ਜਿਸ ਨਾਲ਼ ਹੋਰ ਦੁਨਿਆਵੀ ਰਿਸ਼ਤਿਆਂ ਨੂੰ ਵੀ ਇਸ ਘੇਰੇ ਅੰਦਰ ਆਉਣ ਦਾ ਮੌਕਾ ਮਿਲ਼ਿਆਸ਼ਾਇਰ ਵਲੀ ਦੱਕਨੀ ਨੇ ਵੀ ਕੋਈ ਤਿੰਨ ਕੁ ਸੌ ਸਾਲ ਪਹਿਲਾਂ ਮਰਸੀਏ ਕਹੇ ਹਨ ਉਹਨਾਂ ਦੇ ਸਮਕਾਲੀ ਨਸਰਤੀ, ਹਾਸ਼ਮੀ, ਮੁਹੰਮਦ ਕੁਲੀ ਆਦਿ ਸਨਹੌਲ਼ੀ-ਹੌਲ਼ੀ ਅਰੂਜ਼ ਦੀਆਂ ਬਹਿਰਾਂ ਨੂੰ ਵੀ ਮਰਸੀਏ ਲਈ ਵਰਤਿਆ ਜਾਣ ਲੱਗਾਜਦੀਦ ਮਰਸੀਆ ਜੋਸ਼ ਮਲੀਹਾਬਾਦੀ ਤੋਂ ਸ਼ੁਰੂ ਹੋਇਆ ਸਮਝਿਆ ਜਾਂਦਾ ਹੈਗ਼ੈਰ-ਮੁਸਲਿਮ ਸ਼ਾਇਰਾਂ ਵਿਚ ਕ੍ਰਿਸ਼ਨ ਲਾਲ ਸ਼ਾਦ, ਦਿਲਬਰ ਰਾਮ ਕੌਸਰੀ, ਜੁਗਿੰਦਰ ਪਾਲ ਸਾਬਿਰ, ਰੌਸ਼ਨ ਪਾਨੀਪਤੀ, ਬਨਾਰਸੀ ਦਾਸ ਗੁਪਤਾ, ਰੂਪ ਕੁਮਾਰੀ, ਕੰਵਰ ਮਹਿੰਦਰ ਸਿੰਘ ਬੇਦੀ ਆਦਿ ਪ੍ਰਸਿੱਧ ਸ਼ਾਇਰ ਆਉਂਦੇ ਹਨਇਨ੍ਹਾਂ ਵਿੱਚੋਂ ਸ਼ਾਇਰਾ ਰੂਪ ਕੁਮਾਰੀ ਪੇਸ਼-ਪੇਸ਼ ਹੈਪੰਜਾਬੀ ਵਿਚ ਮਰਸੀਏ ਦਾ ਇਤਿਹਾਸ ਖਿੱਚ-ਧੂਹ ਕੇ ਸੌ ਕੁ ਸਾਲ ਪਿੱਛੇ ਤੀਕ ਲਿਜਾਇਆ ਜਾ ਸਕਦਾ ਹੈਸੋ ਇਹ ਸੀ ਕਸੀਦੇ ਅਤੇ ਮਰਸੀਏ ਦਾ ਸੰਖੇਪ ਇਤਿਹਾਸ
ਹੁਣ ਮੈਂ ਅਸਲੀ ਗੱਲ ਵੱਲ ਆਉਂਦਾ ਹਾਂ ਕਿ ਇਹ 'ਮਰਸੀਆ-ਏ-ਬਾਦਲ' ਨਾਮ ਦੀ ਪੁਸਤਕ ਕਿਵੇਂ ਹੋਂਦ ਵਿਚ ਆਈਥੋੜ੍ਹੇ ਜਿਹੇ ਸਮੇਂ ਅੰਦਰ ਹੀ ਮੇਰੇ ਤਿੰਨ ਜਿਗਰੀ ਦੋਸਤ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏਸ਼ਾਇਰ-ਮਿੱਤਰ ਸ: ਬਖ਼ਤਾਵਰ ਸਿੰਘ ਦਿਓਲ ਮੇਰੇ ਪਿੰਡ ਸ਼ੇਖ਼ ਦੌਲਤ ਤੋਂ, ਸ: ਜਗਜੀਤ ਸਿੰਘ ਮਠਾੜੂ ਅਤੇ ਡਾ: ਅਜੀਤ ਸਿੰਘ ਜੱਸਲ ਦੋਨੋਂ ਲੁਧਿਆਣੇ ਤੋਂਇਹਨਾਂ ਤਿੰਨਾਂ ਨਾਲ਼ ਹੀ ਮੇਰੀ ਬੜੀ ਨੇੜਤਾ ਸੀ, ਅਤੇ ਤਿੰਨਾਂ ਦੀ ਹੀ ਮੌਤ ਦਾ ਸਦਮਾ ਮੈਂ ਅਜੇ ਤੀਕ ਨਹੀਂ ਭੁਲਾ ਸਕਿਆਮੇਰੇ ਸਣੇ ਪਰਿਵਾਰ ੧੯੯੮ ਵਿਚ ਕੈਨੇਡਾ ਆਉਣ ਤੋਂ ਕੁਝ ਦਿਨ ਪਹਿਲਾਂ ਲੁਧਿਆਣੇ ਦੇ ਕੁਝ ਕੁ ਲੇਖਕ ਮਿੱਤਰਾਂ ਜਿਨ੍ਹਾਂ ਵਿਚ ਸਵਰਗੀ ਸ: ਸੰਤਾ ਸਿੰਘ ਆਜਿਜ਼, ਸ: ਕਰਤਾਰ ਸਿੰਘ ਕਾਲੜਾ, ਸਵਰਗੀ ਸ਼੍ਰੀ ਚਮਨ ਲਾਲ ਜੀ ਸੁਖੀ, ਕਵਲ ਇੰਦਰ ਕਵਲ ਅਤੇ ਕੁਝ ਹੋਰਾਂ ਨੇ ਵੀ ਮੈਨੂੰ ਆਪਣੇ ਘਰ ਖਾਣੇ 'ਤੇ ਬੁਲਾਇਆ ਅਤੇ ਮਾਣ ਬਖ਼ਸ਼ਿਆਹੁਣ ਯਾਦ ਨਹੀਂ ਕਿ ਕਿਸ ਮਿੱਤਰ ਦੇ ਘਰ ਹੋਈ ਮਹਿਫ਼ਿਲ ਵਿਚ ਕਿਸ ਲੇਖਕ ਮਿੱਤਰ ਨੇ ਇਹ ਸ਼ਬਦ ਕਹੇ ਕਿ ਯਾਰ ਬਾਦਲ! ਤੂੰ ਤਾਂ ਸਾਰੀ ਰੌਣਕ ਹੀ ਆਪਣੇ ਨਾਲ਼ ਲੈ ਚੱਲਿਆ ਹੈਂ ( ਸ਼ਾਇਦ ਲੇਖਕ-ਮਿੱਤਰ ਕਰਤਾਰ ਸਿੰਘ ਕਾਲੜਾ ਨੇ ਇਹ ਸ਼ਬਦ ਕਹੇ ਸਨ) ਤਾਂ ਮੇਰੇ ਮੂੰਹੋਂ ਫਿਲ-ਬਦੀਹ ਇਹ ਮਿਸਰੇ ਨਿੱਕਲ਼ੇ ਕਿ:

"
ਬੈਠੋਗੇ ਕਲ੍ਹ ਨੂੰ ਮਿਤਰੋ! ਮਹਿਫ਼ਿਲ ਦੇ ਵਿਚ ਇਕੱਲੇ
ਆਗੀ ਟਿਕਟ ਅਸਾਡੀ, ਚੱਲੇ, ਅਸੀਂ ਵੀ ਚੱਲੇ"

ਸਾਰੀ ਮਹਿਫ਼ਿਲ ਵਿਚ ਉਦਾਸੀ ਛਾ ਗਈ ਤੇ ਗੱਲ ਆਈ, ਗਈ ਹੋ ਗਈ, ਪਰ ਇਹ ਦੋਵੇਂ ਮਿਸਰੇ ਦਿਲ ਦੇ ਕਿਤੇ ਧੁਰ ਅੰਦਰ, ਡੂੰਘੀ ਤਹਿ ਵਿਚ ਦੱਬੇ ਅਤੇ ਰੜਕਦੇ ਰਹੇਜਦ ਕੈਨੇਡਾ ਆ ਕੇ ਹਾਲਾਤ ਏਨੇ ਨਾਸਾਜ਼ਗਾਰ ਹੋ ਗਏ ਤਾਂ ਉਹੀ ਮਿਸਰੇ ਇਕ ਅੱਕੇ ਹੋਏ ਅਤੇ ਦੁਖੀ ਇਨਸਾਨ ਦੇ ਮੂੰਹੋਂ ਕੁਝ ਇਉਂ ਬਦਲ ਕੇ ਨਿੱਕਲ਼ੇ ਕਿ:

"
ਬੈਠੋਗੇ ਕਲ੍ਹ ਨੂੰ ਮਿਤਰੋ! ਮਹਿਫ਼ਿਲ ਦੇ ਵਿਚ ਇਕੱਲੇ
ਆਗੀ, ਅਸਾਡੀ ਆਗੀ, ਚੱਲੇ, ਅਸੀਂ ਵੀ ਚੱਲੇ"

ਪਹਿਲੇ ਸ਼ਿਅਰ ਵਿਚ ਟਿਕਟ ਆਉਣ ਦਾ ਜ਼ਿਕਰ ਸੀ ਤਾਂ ਦੂਸਰੇ ਸ਼ਿਅਰ ਵਿਚ 'ਆਗੀ' ਸ਼ਬਦ ਨੇ ਮੌਤ ਵੱਲ ਇਸ਼ਾਰਾ ਕਰ ਦਿੱਤਾਇਸਤੋਂ ਬਾਅਦ ਵਾਲ਼ੇ ਸ਼ਿਅਰ ਵੀ ਉਦਾਸ ਰੰਗ ਦੇ ਹੋ ਗਏ, ਦੁਬਾਰਾ ਪੜ੍ਹਨ 'ਤੇ ਮਹਿਸੂਸ ਕੀਤਾ ਕਿ ਇਹ ਤਾਂ ਅਚਾਨਕ ਹੀ ਖ਼ੁਦ ਆਪਣਾ ਹੀ ਮਰਸੀਆ ਲਿਖ ਹੋ ਗਿਆ ਹੈ ਤਾਂ ਸ਼ਿਅਰਾਂ ਦੇ ਉੱਪਰ ਗ਼ਜ਼ਲ ਸ਼ਬਦ ਦੀ ਥਾਂ 'ਮਰਸੀਆ-ਏ-ਬਾਦਲ' ਲਿਖ ਦਿੱਤਾਸ਼ਿਅਰਾਂ ਦੀ ਬੰਦਿਸ਼ ਭਾਵੇਂ ਗ਼ਜ਼ਲ ਦੀ ਬਹਿਰ ਮੁਜਾਰਿਆ ਦੀ ਹੀ ਸੀ ਪਰ ਸ਼ਿਅਰ ਬਹੁਤ ਉਦਾਸ ਰੰਗ ਦੇ ਸਨ

ਹੁਣੇ ਥੋੜ੍ਹੇ ਦਿਨ ਪਹਿਲਾਂ ਲੇਖਕ-ਮਿੱਤਰ ਇੰਦਰਜੀਤ ਹਸਨਪੁਰੀ ਜੀ ਟਰਾਂਟੋ ਆਏ ਤਾਂ ਉਨ੍ਹਾਂ ਦੀ ਵਾਪਸੀ ਤੋਂ ਚਾਰ-ਪੰਜ ਕੁ ਦਿਨ ਪਹਿਲਾਂ ਉਨ੍ਹਾਂ ਨਾਲ਼ ਆਖਰੀ ਵਾਰ ਫ਼ੋਨ ਉੱਪਰ ਗੱਲ ਹੋਈ ਤਾਂ ਉਹਨਾਂ ਨੇ ਵੀ ਉਦਾਸੀ ਦੀ ਸੁਰ ਵਿਚ ਇੰਨ-ਬਿੰਨ ਉਹੀ ਸ਼ਬਦ ਮੈਨੂੰ ਕਹੇ ਜੋ ੧੯੯੮ ਵਿਚ ਮੈਂ ਆਪਣੇ ਕੈਨੇਡਾ ਆਉਣ ਸਮੇਂ ਆਪਣੇ ਲੇਖਕ-ਮਿੱਤਰਾਂ ਨੂੰ ਕਹੇ ਸਨਕੁਦਰਤ ਦਾ ਸਿਤਮ ਵੇਖੋ ਕਿ ਇੰਡੀਆ ਪਰਤਣ ਤੋਂ ਕੁਝ ਦਿਨਾਂ ਦੇ ਅੰਦਰ-ਅੰਦਰ ਹੀ ਇੰਦਰਜੀਤ ਹਸਨਪੁਰੀ ਜੀ ਦੀ ਮੌਤ ਹੋ ਗਈ ਤੇ ਮੈਂ ਉਨ੍ਹਾਂ ਦੀ ਮੌਤ ਦੀ ਸੋਗੀ ਖ਼ਬਰ ਸੁਣ ਕੇ ਹੋਰ ਮਰਸੀਆ ਤਾਂ ਨਾ ਲਿਖ ਸਕਿਆ, ਉਹੀ 'ਮਰਸੀਆ-ਏ-ਬਾਦਲ' ਵੱਲ਼ੇ ਸ਼ਿਅਰ 'ਮਰਸੀਆ-ਏ-ਇੰਦਰਜੀਤ ਹਸਨਪੁਰੀ' ਨੇ ਨਾਮ ਥੱਲੇ ਅਖ਼ਬਾਰਾਂ ਨੂੰ ਭੇਜ ਦਿੱਤੇ ਤੇ ਉਹ ਛਪੇ ਵੀ ਇਸ ਤਰ੍ਹਾਂ ਮਰਸੀਆ-ਏ-ਹਸਨਪੁਰੀ' ਅਸਲ ਵਿਚ ਦਸ ਕੁ ਸਾਲ ਪਹਿਲਾਂ 'ਮਰਸੀਆ-ਏ-ਬਾਦਲ' ਦੇ ਨਾਮ ਥੱਲੇ ਲਿਖਿਆ ਗਿਆ ਸੀਆਪਣਾ ਮਰਸੀਆ ਲਿਖ ਕੇ ਮੈਂ ਤਾਂ ਹਾਲੇ ਤੱਕ ਜ਼ਿੰਦਾ ਹਾਂ, ਪਰ ਜਿਸਦਾ ਚਿੱਤ-ਚੇਤਾ ਵੀ ਨਹੀਂ ਸੀ, ਉਹ ਮੇਰਾ ਮਰਸੀਆ ਲੈ ਕੇ ਤੁਰ ਗਿਐ! ਵੇਖੋ! ਮੇਰਾ ਮਰਸੀਆ ਹੁਣ ਕੌਣ ਤੇ ਕਦੋਂ ਲਿਖਦਾ ਹੈ?? ਰੱਬ ਕਰੇ ਮੈਂ ਵੀ ਕਿਸੇ ਦਾ ਆਪਣੇ ਲਈ ਲਿਖਿਆ ਮਰਸੀਆ ਲੈ ਕੇ ਤੁਰ ਜਾਵਾਂ ਅਤੇ ਲਿਖਣ ਵਾਲ਼ਾ ਸਲਾਮਤ ਰਹੇ….. ਆਮੀਨ!


ਕੈਨੇਡਾ ਆਉਣ ਤੋਂ ਬਹੁਤ ਪਹਿਲਾਂ ਮੈਂ ਸਵਰਗੀ ਸ੍ਰੀ: ਸੁਰਜੀਤ ਰਾਮਪੁਰੀ ਜੀ ਅਤੇ ਸਵਰਗੀ ਡਾ: ਰਣਧੀਰ ਸਿੰਘ ਚੰਦ ਜੀ ਅਤੇ ਹੋਰ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਮਰਸੀਏ ਲਿਖ ਚੁੱਕਾ ਸਾਂ, ਫੇਰ ਅਚਾਨਕ 'ਮਰਸੀਆ-ਏ-ਬਾਦਲ' ਲਿਖ ਹੋ ਗਿਆ, ਜਿਹੜਾ ਇੰਦਰਜੀਤ ਹਸਨਪੁਰੀ ਲੈ ਕੇ ਤੁਰ ਗਿਆਅਚਾਨਕ ਖ਼ਿਆਲ ਆਇਆ ਕਿ ਕਿਉਂ ਨਾ ਇਨ੍ਹਾਂ ਮਰਸੀਆਂ ਨੂੰ ਪੁਸਤਕ ਰੂਪ ਦਿੱਤਾ ਜਾਵੇ, ਜਦ ਆਪਣੀਆਂ ਲਿਖਣ-ਕਾਪੀਆਂ ਫਰੋਲ਼ੀਆਂ ਤਾਂ ਮਰਸੀਆਂ ਦੀ ਗਿਣਤੀ ਏਨੀ ਥੋੜ੍ਹੀ ਸੀ ਕਿ ਉਨ੍ਹਾਂ ਨੂੰ ਪੁਸਤਕ ਰੂਪ ਦੇਣਾ ਸੰਭਵ ਨਹੀਂ ਸੀ ( ਰੱਬ ਖ਼ੈਰ ਕਰੇ ਕਿ ਇਹ ਮਰਸੀਏ ਗਿਣਤੀ ਵਿਚ ਥੋੜ੍ਹੇ ਹੀ ਰਹਿਣ ਤਾਂ ਕਿ ਮੈਨੂੰ ਜਿਉਂਦੇ-ਜੀਅ ਕਿਸੇ ਹੋਰ ਲੇਖਕ ਦੋਸਤ ਜਾਂ ਵਾਕਿਫ਼, ਰਿਸ਼ਤੇਦਾਰ ਆਦਿ ਦਾ ਮਰਸੀਆ ਨਾ ਲਿਖਣਾ ਪਵੇ) ਬਚਪਨ ਤੋਂ ਲੈ ਕੇ ਅੱਜ ਤੀਕ ਮੇਰਾ ਦੁੱਖਾਂ, ਮੁਸੀਬਤਾਂ ਨਾਲ਼ ਹੀ ਵਾਹ ਰਿਹਾ ਹੈ ਬਹੁਤ ਥੋੜ੍ਹੇ ਪਲ ਹੋਣਗੇ ਜਦੋਂ ਖ਼ੁਸ਼ੀ ਹੰਢਾਈ ਹੋਵੇਗੀਜਦੋਂ ਦੁੱਖ ਜ਼ਿਆਦਾ ਭਾਰੂ ਹੋ ਜਾਂਦੇ ਸਨ ਤਾਂ ਉਦਾਸੀ ਦੇ ਆਲਮ ਵਿਚ ਉਦਾਸ ਸੁਰ ਵਾਲ਼ੀ ਗ਼ਜ਼ਲ ਲਿਖ ਹੋ ਜਾਂਦੀ ਸੀਇਸ ਤਰ੍ਹਾਂ ਦੇ ਆਲਮ ਦੀਆਂ ਬਹੁਤ ਗ਼ਜ਼ਲਾਂ ਸਨਇਹੋ ਸੋਚ ਆਈ ਕਿ ਕਿਉਂ ਨਾ ਇਨ੍ਹਾਂ ਉਦਾਸ ਸੁਰ ਵਾਲ਼ੀਆਂ ਗ਼ਜ਼ਲਾਂ ਨੂੰ ਵੀ ਇਸ ਪੁਸਤਕ ਵਿਚ ਸ਼ਾਮਿਲ ਕਰ ਲਿਆ ਜਾਵੇਆਖ਼ਿਰ ਜ਼ਿੰਦਗੀ ਹੈ ਤਾਂ ਦੁੱਖਾਂ ਦਾ ਘਰ ਹੀ ਅਤੇ ਇਨਸਾਨ ਲਈ ਇਹ ਦੁੱਖ ਅਤੇ ਮੁਸੀਬਤਾਂ ਮਰਸੀਏ ਹੀ ਤਾਂ ਹਨ

ਮਰਸੀਏ ਲਈ ਕੋਈ ਖ਼ਾਸ ਕਾਵਿ-ਰੂਪ ਨਿਸ਼ਚਿਤ ਨਹੀਂ ਹੈਬੈਂਤ ਤੋਂ ਲੈ ਕੇ ਗੀਤ ਜਾਂ ਗ਼ਜ਼ਲ ਕੋਈ ਵੀ ਕਵਿਤਾ ਦਾ ਰੂਪ ਜਿਸ ਵਿਚ ਲੈਅ ਹੋਵੇ ਵਰਤਿਆ ਜਾ ਸਕਦਾ ਹੈ, ਪਰ ਕਵਿਤਾ ਦੇ ਨੌਂ ਰਸਾਂ ਵਿੱਚੋਂ ਕਰੁਣਾ ਰਸ ਦਾ ਹੋਣਾ ਜ਼ਰੂਰੀ ਹੁੰਦਾ ਹੈਹੋ ਸਕਦਾ ਹੈ ਕੁਝ ਦੋਸਤਾਂ ਨੇ ਛੰਦ-ਮੁਕਤ ਕਵਿਤਾ ਵਿਚ ਵੀ ਮਰਸੀਏ ਜਾਂ ਕਸੀਦੇ ਲਿਖੇ ਹੋਣ ਪਰ ਮੇਰੀ ਨਜ਼ਰ ਵਿੱਚੋਂ ਕੋਈ ਨਹੀਂ ਲੰਘਿਆਕਵਿਤਾ ਵਿਚ ਲੈਅ-ਤਾਲ ਵਾਲ਼ਾ ਰੂਪ ਜ਼ਿਆਦਾ ਪ੍ਰਭਾਵਿਤ ਕਰਦਾ ਹੈਕੀਰਨੇ, ਵੈਣ, ਸਿਆਪਾ ਜਾਂ ਅਲਾਹੁਣੀਆਂ ਕਾਵਿ ਦਾ ਇਹੀ ਰੂਪ ਹੀ ਤਾਂ ਹਨ ਅਤੇ ਪੱਥਰਾਂ ਤੱਕ ਨੂੰ ਵੀ ਰੁਆ ਦੇਣ ਦੀ ਸਮਰੱਥਾ ਰੱਖਦੇ ਹਨਮਰਸੀਏ ਵਿਚ ਵੀ ਤਾਂ ਇਨਸਾਨ ਦਾ ਦਿਲ ਰੋਂਦਾ ਹੀ ਹੈ


ਆਖਿਰ ਵਿਚ ਮੈਂ ਦੋ ਦਿਲ ਚੀਰਵੇਂ ਮਰਸੀਆਂ ਦਾ ਜ਼ਿਕਰ ਕਰਨਾ ਚਾਹਾਂਗਾਪਹਿਲਾ ਹੈ ਮੇਰੀ ਪਤਨੀ ਮਨਜੀਤ ਕੌਰ ਦੀ ਸਭ ਤੋਂ ਛੋਟੀ ਭੂਆ ਜੀ ਦੇ ਇਕਲੌਤੇ ਪੁੱਤਰ ਹਰਮਨਜੀਤ ਸਿੰਘ ਦਾਕੁਦਰਤ ਦੀ ਸਿਤਮ-ਜ਼ਰੀਫ਼ੀ ਇਹ ਕਿ ਜਿਸ ਦਿਨ ਮੇਰੇ ਬੇਟੇ ਕੰਵਲਜੀਤ ਸਿੰਘ ਦੀ ਕੈਨੇਡਾ ਆਉਣ ਲਈ ਦਿੱਲੀ ਇੰਟਰਵਿਊ ਹੋ ਰਹੀ ਸੀ, ਓਦਣ ਹਰਮਨਜੀਤ ਸਿੰਘ ਦਾ ਸਿਵਾ ਬਲ਼ ਰਿਹਾ ਸੀਦਸਾਂ ਕੁ ਦਿਨਾਂ ਬਾਅਦ ( ਅੰਬੈਸੀ ਨੇ ਬਹੁਤ ਥੋੜ੍ਹਾ ਸਮਾਂ ਦਿੱਤਾ ਸੀ) ਜਦੋਂ ਮੇਰੇ ਪੁੱਤਰ ਦੀ ਫਲਾਈਟ ਸੀ ਤਾਂ ਓਸ ਦਿਨ ਹਰਮਨਜੀਤ ਸਿੰਘ ਦਾ ਭੋਗ ਪੈ ਰਿਹਾ ਸੀ ਪੁੱਤਰ ਨੂੰ ਦਿੱਲੀ ਛੱਡਣ ਜਾਣ ਦੀ ਮਜਬੂਰੀ ਕਾਰਣ ਮੈਂ ਹਰਮਨਜੀਤ ਦੇ ਭੋਗ ਤੇ ਵੀ ਹਾਜ਼ਿਰ ਨਾ ਹੋ ਸਕਿਆਦਿੱਲੀਓਂ ਵਾਪਸ ਆ ਕੇ ਉਸਦਾ ਮਰਸੀਆ ਲਿਖਿਆ


ਦੂਸਰਾ ਹੈ ਸ਼ਾਇਰ-ਮਿੱਤਰ ਗੁਰਭਜਨ ਗਿੱਲ ਦੀ ਪਹਿਲੀ ਪਤਨੀ ਸ਼੍ਰੀਮਤੀ ਨਿਰਪਜੀਤ ਕੌਰ ਗਿੱਲ ਦਾਕੈਂਸਰ ਨਾਲ਼ ਜੂਝ ਰਹੀ ਅਤੇ ਅੰਤਿਮ ਸਾਹਾਂ 'ਤੇ ਪਈ ਉਨ੍ਹਾਂ ਦੀ ਪਤਨੀ ਦਾ ਮੌਤ ਤੋਂ ਚਾਰ-ਪੰਜ ਦਿਨ ਪਹਿਲਾਂ ਜਦੋਂ ਮੈਂ ਪਤਾ ਲੈਣ ਗਿਆ ਤਾਂ ਗਾਡਰ ਵਰਗੇ ਸਰੀਰ ਅਤੇ ਹਸਮੁਖ ਚਿਹਰੇ ਵਾਲ਼ਾ ਗੁਰਭਜਨ ਗਿੱਲ ਇਉਂ ਸੂਤਿਆ ਪਿਆ ਸੀ ਜਿਵੇਂ ਰਸ ਕੱਢਣ ਤੋਂ ਬਾਅਦ ਗੰਨੇ ਦਾ ਫ਼ੋਕਬੇਸ਼ੱਕ ਗੁਰਭਜਨ ਨੇ ਮਰਦ ਵਾਲ਼ੀ ਹੋਂਦ ਕਰਕੇ ਜ਼ਬਰਦਸਤੀ ਆਪਣੇ ਹੰਝੂ ਡੱਕੇ ਹੋਏ ਸਨ, ਪਰ ਚਿਹਰਾ ਤਾਂ ਜ਼ਬਰਦਰਸਤੀ ਰੋਕੇ ਹੋਏ ਹੰਝੂਆਂ ਦੀ ਗਾਥਾ ਕਹਿ ਹੀ ਰਿਹਾ ਸੀਮੈਥੋਂ ਵੀ ਜ਼ਿਆਦਾ ਦੇਰ ਉਹਨਾਂ ਦੀ ਪਤਨੀ ਕੋਲ਼ ਖੜ੍ਹ ਨਹੀਂ ਹੋਇਆ ਅਤੇ ਦਸਾਂ ਕੁ ਮਿੰਟਾਂ ਬਾਅਦ ਹੀ ਮੈਂ ਗੁਰਭਜਨ ਗਿੱਲ ਕੋਲ਼ੋਂ ਇਜਾਜ਼ਤ ਲੈ ਕੇ ਵਾਪਸ ਆ ਗਿਆਗਿੱਲ ਦੇ ਅਤੇ ਮੇਰੇ ਘਰ ਦਾ ਫ਼ਾਸਲਾ ਅੱਧਾ ਕੁ ਕਿਲੋਮੀਟਰ ਹੀ ਸੀ, ਰਸਤੇ ਵਿਚ ਹੀ ਇਹ ਮਿਸਰੇ ਨਾਜ਼ਿਲ ਹੋਏ ਕਿ:

"
ਹੋਵਾਂਗਾ ਇਕੱਲਾ ਮੈਂ, ਕੁਝ ਹੋਰ ਦਿਨਾਂ ਤਾਈਂ
ਤੇ ਯਾਦ ਕਰਾਂਗਾ ਫਿਰ, ਚਿਤ-ਚੋਰ ਦਿਨਾਂ ਤਾਈਂ।"

ਘਰ ਪਹੁੰਚ ਕੇ ਕੁਝ ਹੋਰ ਸ਼ਿਅਰ ਸੋਚ ਵਿਚ ਆਏ ਤੇ ਓਸੇ ਪਿਆਰੀ ਸ਼ਖ਼ਸੀਅਤ ਵਾਲ਼ੀ ਬੀਬੀ ਦੇ ਨਾਮ ਵਾਲ਼ੇ ਮਰਸੀਏ ਨਾਲ਼ ਜੁੜ ਗਏਗੁਰਭਜਨ ਗਿੱਲ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਹੋਵੇਗਾ ਕਿ ਮੈਂ ਉਸਦੀ ਪਿਆਰੀ ਪਤਨੀ ਦਾ ਮਰਸੀਆ ਲਿਖਿਆ ਹੈਉਨ੍ਹਾਂ ਦੀ ਦੂਸਰੀ ਪਤਨੀ ਨੂੰ ਮਿਲ਼ਣ ਦਾ ਸੁਭਾਗ ਤਾਂ ਮੈਨੂੰ ਪ੍ਰਾਪਤ ਨਹੀਂ ਹੋਇਆ, ਪਰ ਇਹੀ ਪਤਾ ਚੱਲਿਆ ਹੈ ਕਿ ਉਨ੍ਹਾਂ ਦੀ ਦੂਸਰੀ ਪਤਨੀ ਵੀ ਬੜੇ ਬੀਬੇ ਅਤੇ ਨਿੱਘੇ ਸੁਭਾਅ ਵਾਲ਼ੀ ਹੈਜੇ ਇਸ ਤਰ੍ਹਾਂ ਦੇ ਚੰਗੇ ਸੁਭਾਅ ਵਾਲ਼ੀ ਜੀਵਨ-ਸਾਥਣ ਗੁਰਭਜਨ ਗਿੱਲ ਨੂੰ ਨਾ ਮਿਲ਼ਦੀ ਤਾਂ ਸ਼ਾਇਦ ਉਹ ਜੀਵਨ ਵਿਚ ਦੁਬਾਰਾ ਚੰਗੀ ਤਰ੍ਹਾਂ ਨਾ ਖੜ੍ਹ ਸਕਦਾ ਅਤੇ 'ਲੋਰੀ' ਵਰਗੀਆਂ ਰਚਨਾਵਾਂ ਹੋਂਦ ਵਿਚ ਨਾ ਆਉਂਦੀਆਂਉਨ੍ਹਾਂ ਦੀ ਦੂਜੀ ਪਤਨੀ ਦੇ ਨਾਮ ਇਹ ਸ਼ਿਅਰ ਕਰਨਾ ਚੰਗਾ-ਚੰਗਾ ਲੱਗ ਰਿਹਾ ਹੈ:

"
ਤੁਹਾਡੇ ਭਾਗ ਨੇ ਚੰਗੇ, ਜੋ ਮਿੱਤਰ ਮਿਲ਼ ਗਿਆ ਚੰਗਾ,
ਸੁਭਾਅ ਚੰਗੇ ਦੀ ਪਤਨੀ ਵੀ ਤਾਂ, ਕਿਸਮਤ ਨਾਲ਼ ਮਿਲ਼ਦੀ ਹੈ"


ਕੁਝ ਸਮਾਂ ਪਹਿਲਾਂ ਮੇਰੀ ਬੇਟੀ ਤਨਦੀਪ ਤਮੰਨਾ ਵੱਲੋਂ ਇੰਟਰਨੈਟ 'ਤੇ ਚਲਾਏ ਜਾ ਰਹੇ ਸਾਹਿਤਕ ਬਲੋਗ 'ਪੰਜਾਬੀ ਆਰਸੀ' ਨੂੰ ਪੜ੍ਹਕੇ ਅਮਰੀਕਾ ਤੋਂ ਇਕ ਬੀਬੀ ਸ਼੍ਰੀਮਤੀ ਰਾਜਵਿੰਦਰ ਕੌਰ ਨੇ ਆਪਣੇ ਸਵਰਗੀ ਪਿਤਾ ਸ: ਅਵਤਾਰ ਸਿੰਘ 'ਪ੍ਰੇਮ' ਦੀ 'ਮਰਸੀਏ' ਨਾਮ ਦੀ ਕਾਵਿ-ਪੁਸਤਕ ਸਾਨੂੰ ਭੇਜੀਇਸ ਪੁਸਤਕ ਵਿਚ ਰਾਜਸੀ ਸ਼ਖ਼ਸੀਅਤਾਂ ਦੇ ਮਰਸੀਏ ਜ਼ਿਆਦਾ ਹਨ ਤੇ ਉਸ ਤੋਂ ਜ਼ਿਆਦਾ ਰਾਜਸੀ ਟਿੱਪਣੀਆਂ ਵਾਰਤਕ ਦੇ ਰੂਪ ਵਿਚ ਹਨਹੋ ਸਕਦਾ ਹੈ ਕਿ ਉਨ੍ਹਾਂ ਦੇ ਕਿਸੇ ਨਾਲ਼ ਰਾਜਸੀ ਮਤ-ਭੇਦ ਰਹੇ ਹੋਣਮੇਰੀ ਸਿਆਸਤ ਵਿਚ ਕੋਈ ਦਿਲਚਸਪੀ ਨਹੀਂ ਹੈ, ਇਸ ਲਈ ਸਵਰਗੀ ਪ੍ਰੇਮ ਜੀ ਦੀਆਂ ਰਾਜਸੀ ਟਿੱਪਣੀਆਂ ਮੈਨੂੰ ਚੰਗੀਆਂ ਨਹੀਂ ਲੱਗੀਆਂਮਰਸੀਆ ਤਾਂ ਮਰਸੀਆ ਹੀ ਹੈ, ਉਸਨੂੰ ਰਾਜਸੀ ਜਾਂ ਗ਼ੈਰ-ਰਾਜਸੀ ਇਨਸਾਨ ਨਾਲ਼ ਕੀ? ਮੇਰੀ ਜਾਚੇ ਏਥੇ 'ਪ੍ਰੇਮ' ਜੀ ਆਪਣੇ ਮਰਸੀਏ ਦੇ ਨਿਸ਼ਾਨੇ ਤੋਂ ਥਿੜਕ ਗਏ, ਪਰ ਫੇਰ ਵੀ ਮਰਸੀਏ ਦੇ ਵਿਸ਼ੇ ਉੱਪਰ 'ਪ੍ਰੇਮ' ਜੀ ਦੀ ਪੰਜਾਬੀ ਵਿਚ ਇਹ ਪਹਿਲੀ ਪੁਸਤਕ ਹੈਚਲੋ ਕਿਸੇ ਨੇ ਪੰਜਾਬੀ ਵਿਚ ਇਸ ਵਿਸ਼ੇ ਉੱਪਰ ਕਲਮ ਤਾਂ ਚੁੱਕੀ, ਇਸ ਲਈ ਸਵਰਗੀ ਸ: ਅਵਤਾਰ ਸਿੰਘ 'ਪ੍ਰੇਮ' ਜੀ ਨੂੰ ਆਦਰ ਦੇਣਾ ਤਾਂ ਬਣਦਾ ਹੀ ਹੈਇਸਦੇ ਨਾਲ਼ ਹੀ ਪਾਠਕਾਂ ਤੋਂ ਰੁਖ਼ਸਤ ਚਾਹੁੰਦਾ ਹਾਂ

'
ਮਰਸੀਆ-ਏ-ਬਾਦਲ' ਪੁਸਤਕ ਕਿਹੋ ਜਿਹੀ ਲੱਗੀ, ਰਾਇ ਦਾ ਮੁੰਤਜ਼ਿਰ ਰਹਾਂਗਾ

ਪਾਠਕਾਂ ਦਾ ਆਪਣਾ
ਗੁਰਦਰਸ਼ਨ ਬਾਦਲ



Wednesday, May 11, 2011

ਰਵਿੰਦਰ ਰਵੀ - ਕਾਵਿ-ਨਾਟਕ - ਚੱਕ੍ਰਵਯੂਹ ਤੇ ਪਿਰਾਮਿਡ

ਕਿਤਾਬ: ਚੱਕ੍ਰਵਯੂਹ ਤੇ ਪਿਰਾਮਿਡ (ਕਾਵਿ-ਨਾਟਕ)

ਲੇਖਕ: ਰਵਿੰਦਰ ਰਵੀ


ਪ੍ਰਕਾਸ਼ਕ ਨੈਸ਼ਨਲ ਬੁਕਸ਼ਾਪ, ਦਿੱਲੀ


ਮੁੱਲ: 240 ਰੁਪਏ


ਰਿਵੀਊਕਾਰ ਡਾ. ਨਿਰਮਲ ਜੌੜਾ


ਪੰਨੇ: 192


******


ਚੱਕ੍ਰਵਯੂਹ ਤੇ ਪਿਰਾਮਿਡ’: ਇਕ ਨਵਾਂ ਪ੍ਰਯੋਗ


ਚੱਕ੍ਰਵਯੂਹ ਤੇ ਪਿਰਾਮਿਡਰਵਿੰਦਰ ਰਵੀ ਦਾ ਬਾਰ੍ਹਵਾਂ ਕਾਵਿ-ਨਾਟਕ ਹੈ, ਜਿਸ ਨੂੰ ਰੰਗਮੰਚੀ ਰੰਗ ਤਮਾਸ਼ੇਦੇ ਰੂਪ ਵਿਚ ਸਿਰਜਿਆ ਗਿਆ ਹੈ। ਇਸ ਨਾਟਕ ਦੇ ਦਸ ਦ੍ਰਿਸ਼, ਦਸ ਲਘੂ ਨਾਟਕਾਂ ਦੇ ਰੂਪ ਵਿਚ ਵੀ ਉੱਭਰਦੇ ਹਨ। ਇਕ ਸਾਂਝੇ ਥੀਮ ਗੀਤ ਦੇ ਨਾਲ ਸਾਰੇ ਦੇ ਸਾਰੇ ਦ੍ਰਿਸ਼ ਆਪਣੀ-ਆਪਣੀ ਵਿਅਕਤੀਗਤ ਹੋਂਦ ਵੀ ਰੱਖਦੇ ਹਨ ਅਤੇ ਥੀਮ ਗੀਤ ਦੇ ਨਾਲ ਸਾਂਝਾ ਪ੍ਰਭਾਵ ਵੀ ਸਿਰਜਦੇ ਹਨ। ਉਂਝ ਸਮੁੱਚੇ ਨਾਟਕ ਦੇ ਚੱਕ੍ਰਵਯੂਹਅਤੇ ਪਿਰਾਮਿਡ”, ਦੋ ਪ੍ਰਤੀਕ ਉਸਾਰੇ ਗਏ ਹਨ।




ਵੱਖ ਵੱਖ ਦ੍ਰਿਸ਼ਾਂ ਵਿਚ ਪਾਤਰ ਇੱਕ’, ‘ਦੋ’, ‘ਤਿੰਨ’….’ਮੁੰਡਾ’, ‘ਕੁੜੀ’, ‘ਮਰਦ’, ਔਰਤ’, ‘ਕਲਾਕਾਰ’, ‘ਕਲਾਕਾਰ-2ਆਦਿ…..ਨਾਟਕ ਦੀ ਕਹਾਣੀ ਨੂੰ ਅੱਗੇ ਤੋਰਦੇ ਹਨ ਕਾਵਿਕ ਵਾਰਤਾਲਾਪ ਸਿਰਜਦੇ ਹਨ, ਥੀਮ ਗੀਤ ਦੇ ਦੁਆਲੇ ਘੁੰਮਦੇ, ਨਾਟਕਕਾਰ ਵਲੋਂ ਸਿਰਜੇ ਦਾਇਰੇ ਵਿਚ ਰਹਿੰਦੇ ਹਨ। ਥੀਮ ਗੀਤ ਨਾਟ-ਵਿਸ਼ੇ ਦੀ ਵਿਸ਼ਾਲਤਾ ਉਜਾਗਰ ਕਰਦਾ ਹੈ:




ਐ ਸੂਰਜ ਦੀ ਚੇਤੰਨ ਸ਼ੁਆਓ,


ਐ ਵਿਸ਼ਵ ਵਿਚ ਵਗਦੀ ਹਵਾਓ!


ਗੂੜ੍ਹੀ ਨੀਂਦਰ ਚ ਸੁੱਤਾ ਹੈ ਮਾਨਵ, ਇਸ ਨੂੰ ਆਪਣੀ ਤਬਾਹੀ ਦਿਖਾਓ!




ਇਹ ਰੰਗਮੰਚੀ ਰੰਗ ਤਮਾਸ਼ਾਪਾਠਕ ਨੂੰ ਮਨੁੱਖ ਦੀ ਹੋਂਦ, ਹੋਣ ਅਤੇ ਨਿਹੋਂਦ ਪ੍ਰਤੀ ਸੁਚੇਤ ਕਰਦਾ, ਬਹੁਤ ਸਾਰੇ ਪ੍ਰਸ਼ਨਾਂ ਵਿਚ ਬੰਨ੍ਹ ਦਿੰਦਾ ਹੈ, ਜਿਨ੍ਹਾਂ ਵਿਚ ਸੱਭਿਅਤਾਵਾਂ ਦਾ ਰਲ਼ੇਵਾਂ, ਆਲਮੀ ਤਪਸ਼, ਵਿਸ਼ਵੀ ਪਿੰਡ ਦੀ ਹੋਂਦ ਵਿਚ ਆਮ ਆਦਮੀ ਦੇ ਹੱਕ਼ ਅਤੇ ਫ਼ਰਜ਼ ……ਅਤੇ ਵਿਸ਼ਵੀਕਰਨ ਵਿਚ ਮਨੁੱਖ ਦੀ ਸਿਰਜਨਾਤਮਕ ਸ਼ਕਤੀ ਦੀ ਹੋਂਦ ਆਦਿ ਸ਼ਾਮਿਲ ਹਨ।



ਤਕਨੀਕ ਅਤੇ ਸਟੇਜ ਕਰਾਫਟ ਦੇ ਪੱਖੋਂ ਚੱਕ੍ਰਵਯੂਹ ਤੇ ਪਿਰਾਮਿਡਰਵਿੰਦਰ ਰਵੀ ਦਾ ਇਕ ਨਵਾਂ ਪ੍ਰਯੋਗ ਹੈ। ਕਵਿਤਾ, ਸੰਗੀਤ ਤੇ ਨ੍ਰਿਤ ਇਸ ਨਾਟਕ ਦੀ ਸੰਰਚਨਾ ਦੇ ਮੁੱਖ ਭਾਗ ਹਨ, ਪ੍ਰੰਤੂ ਕੰਪਿਊਟਰੀ ਯੁਗਤਾਂ ਅਤੇ ਹੋਰ ਇਲੈਕਟਰੌਨਿਕ ਸਹੂਲਤਾਂ ਥੀਮ ਦੇ ਪ੍ਰਭਾਵ ਨੂੰ ਵਿਸ਼ਾਲਤਾ ਪ੍ਰਦਾਨ ਕਰਦੀਆਂ ਹਨ। ਨਾਟਕਕਾਰ ਨੇ ਨਾਟ-ਨਿਰਦੇਸ਼ਕ ਲਈ ਪੇਸ਼ਕਾਰੀ ਢੰਗਾਂ ਦਾ ਵਰਨਣ ਵੀ ਕੀਤਾ ਹੈ। ਪੰਜਾਬੀ ਨਾਟ-ਜਗਤ ਵਿਚ ਵਿਸ਼ੇ ਪੱਖੋਂ ਇਹ ਕਾਵਿ-ਨਾਟਕ ਨਵੀਂ ਚਰਚਾ ਲੈ ਕੇ ਆਏਗਾ।











Tuesday, June 29, 2010

ਸੁਖਿੰਦਰ - ਵਾਰਤਕ/ਸਮੀਖਿਆ ਸੰਗ੍ਰਹਿ - ਕੈਨੇਡੀਅਨ ਪੰਜਾਬੀ ਸਾਹਿਤ


ਕਿਤਾਬ : ਕੈਨੇਡੀਅਨ ਪੰਜਾਬੀ ਸਾਹਿਤ (ਵਾਰਤਕ/ਸਮੀਖਿਆ-ਸੰਗ੍ਰਹਿ)

ਲੇਖਕ: ਸੁਖਿੰਦਰ

ਪ੍ਰਕਾਸ਼ਕ: ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ, ਇੰਡੀਆ

ਪ੍ਰਕਾਸ਼ਨ ਵਰ੍ਹਾ: 2010

ਕੀਮਤ: 350 ਰੁਪਏ/25 ਡਾਲਰ

ਰਿਵੀਊਕਾਰ : ਪੂਰਨ ਸਿੰਘ ਪਾਂਧੀ

*****

ਸਮੀਖਿਆ ਦੀ ਅਦੁੱਤੀ ਪੁਸਤਕ - ਕੈਨੇਡੀਅਨ ਪੰਜਾਬੀ ਸਾਹਿਤ

------

ਕਵੀ ਤੇ ਲੇਖਕ ਸੁਖਿੰਦਰ ਦੀ ਪੁਸਤਕ ਕੈਨੇਡੀਅਨ ਪੰਜਾਬੀ ਸਾਹਿਤਦੀ ਸਮੀਖਿਆ ਦੀ ਵੱਡ-ਅਕਾਰੀ ਪੁਸਤਕ ਹੈਇਸ ਵਿਚ ਕੈਨੇਡਾ ਦੇ ਚਾਰ ਪ੍ਰਾਂਤਾਂ ਵਿਚ ਵਸਦੇ ਅਤੇ ਸਾਹਿਤ ਰਚਨਾ ਕਰਦੇ 57 ਲੇਖਕਾਂ ਦੀਆਂ ਰਚਨਾਵਾਂ ਦੀ ਬਹੁਤ ਮਿਹਨਤ ਨਾਲ ਸਮੀਖਿਆ ਕੀਤੀ ਹੈਸਾਹਿਤ ਨੂੰ ਸਾਰੇ ਦਾ ਸਾਰਾ ਸਮਪਰਤ ਸੁਖਿੰਦਰ ਇਸ ਤੋਂ ਪਹਿਲਾਂ ਕੋਈ ਦੋ ਦਰਜਣ ਦੇ ਨੇੜੇ ਪੁਸਤਕਾਂ ਪੰਜਾਬੀ ਸਾਹਿਤ ਨੂੰ ਅਰਪਣ ਕਰ ਚੁੱਕਾ ਹੈ; ਇੰਨ੍ਹਾਂ ਵਿਚ 10 ਕਵਿਤਾ ਦੀਆਂ, 3 ਵਿਗਿਆਨ ਦੀਆਂ, ਇੱਕ ਨਾਵਲ, ਇੱਕ ਬੱਚਿਆਂ ਲਈ, ਇੱਕ ਇੰਗਲਿਸ਼ ਪੋਇਟਰੀ ਦੀ ਅਤੇ ਕਈ ਹੋਰ ਕਿਤਾਬਾਂ ਸ਼ਾਮਲ ਹਨਇੱਕ ਮਿਆਰੀ ਸਾਹਿਤਕ ਮੈਗਜ਼ੀਨ ਸੰਵਾਦਛਾਪਦਾ ਹੈਲੇਖਕ ਨੂੰ ਪਤਾ ਹੈ ਤੇ ਉਹ ਮੰਨਦਾ ਹੈ ਕਿ ਕੈਨੇਡਾ ਵਿਚ ਦੋ ਸੌ ਤੋਂ ਵਧੀਕ ਲੇਖਕ ਸਾਹਿਤ ਲਈ ਯਤਨਸ਼ੀਲ ਹਨ ਪਰ ਇਸ ਕਿਤਾਬ ਵਿਚ ਉਸਨੇ 57 ਲੇਖਕਾਂ ਨੂੰ ਹੀ ਸ਼ਾਮਲ ਕੀਤਾ ਹੈਬਹੁਤ ਖ਼ੂਬਸੂਰਤ ਦਿੱਖ ਵਾਲੀ ਅਤੇ ਭਾਵਪੂਰਤ ਟਾਈਟਲ ਵਾਲੀ, ਪੰਜ ਸੌ ਸਫਿਆਂ ਵਿਚ ਫੈਲੀ ਹੋਈ ਇਹ ਕਿਤਾਬ ਨਹੀਂ, ਇੱਕ ਵੱਡਾ ਗ੍ਰੰਥ ਲਗਦਾ ਹੈ

-----

ਸਮੀਖਿਆ ਜਾਂ ਪੜਚੋਲ ਦਾ ਕਾਰਜ ਔਖਾ ਵੀ ਹੈ ਤੇ ਅਕੇਵੇਂ ਭਰਿਆ ਵੀ ਹੈਕਿਸੇ ਰਚਨਾ ਦੀ ਪੁਣਛਾਣ ਕਰਨੀ, ਰਚਨਾ ਬਾਰੇ ਸਹੀ ਸਹੀ, ਢੁਕਵੀਂ ਤੇ ਨਿਰਪੱਖ ਪੜਚੋਲ ਕਰਨੀ ਅਤੇ ਨਿਰਨਾਇਕ ਫੈਸਲਾ ਦੇਣਾ ਸੌਖਾ ਨਹੀਂ, ਬਹੁਤ ਔਖਾ ਕਾਰਜ ਹੈਇਹ ਕਾਰਜ ਬਹੁਤ ਵੱਡੀ ਲਿਆਕਤ ਦਾ, ਡੂੰਘੀ ਖੋਜ, ਮਿਹਨਤ ਤੇ ਲਗਨ ਦਾ ਹੈ, ਵੱਡੇ ਜੇਰੇ ਤੇ ਬੁਲੰਦ ਹੌਸਲੇ ਦਾ ਕਾਰਜ ਹੈਸਮੀਖਿਆਕਾਰ ਦੀ ਦੇ ਲੰਮੀ ਨਦਰਿ ਨਿਹਾਲੀਐਵਾਲੀ ਸੂਖ਼ਮ ਤੇ ਪੈਨੀ ਬਿਰਤੀ ਦੇ ਤਰਾਜ਼ੂ ਤੇ ਖ਼ੂਬੀਆਂ ਤੇ ਖ਼ਾਮੀਆਂ ਬਰਾਬਰ ਤੋਲੀਆਂ ਜਾਂਦੀਆਂ ਹਨ ਅਤੇ ਗੁਣਾਂ ਔਗਣਾਂ ਦੀ ਢੁਕਵੀਂ ਤੇ ਨਿਰਪੱਖ ਜਾਂਚ ਕੀਤੀ ਜਾਂਦੀ ਹੈਇਸਦੀ ਤੁਲਨਾ ਡਾਕਟਰੀ ਪੇਸ਼ੇ ਵਿਚ ਸਰਜਰੀ ਵਾਲੇ, ਤਿੱਖੀ ਧਾਰ ਵਾਲੇ ਔਜਾਰਾਂ ਨਾਲ ਕੀਤੀ ਜਾ ਸਕਦੀ ਹੈਜਾਂ ਫਿਰ ਉਲ਼ਝੇ ਵਾਲਾਂ ਵਿਚ ਕੰਘੀ ਪੱਟੀ ਕਰਨ, ਲਿਟਾਂ ਨੂੰ ਸੁਆਰਨ ਤੇ ਸ਼ਿੰਗਾਰਨ ਨਾਲ ਕੀਤੀ ਜਾ ਸਕਦੀ ਹੈਸੰਗੀਤ ਦੀ ਦੁਨੀਆਂ ਵਿਚ ਇਸ ਨੂੰ ਸੁਰੇ ਜਾਂ ਬੇਸੁਰੇ, ਤਾਲੇ ਜਾਂ ਬੇਤਾਲੇ ਨਾਲ ਵੀ ਜੋੜਿਆ ਜਾ ਸਕਦਾ ਹੈਇਸ ਪੱਖੋਂ ਸਮੀਖਿਆਕਾਰ ਦੀ ਬਹੁ-ਪੱਖੀ ਤੇ ਬਹੁ-ਦਿਸ਼ਾਵੀਂ ਜ਼ੁੰਮੇਵਾਰੀ ਬਣਦੀ ਹੈਕਿਸੇ ਪੱਖ ਵਿਚ ਓਕੜੂ ਹੋਣ, ਉਲਾਰ ਹੋਣ, ਕਿਸੇ ਨੂੰ ਵਡਿਆਉਣ ਜਾਂ ਕਿਸੇ ਨੂੰ ਘਟਾਉਣ ਨੂੰ ਕਦੇ ਸਵੀਕਾਰਿਆ ਨਹੀਂ ਜਾਂਦਾਸਚੇ ਸਮੀਖਿਆਕਾਰ ਦੀ ਅਵਸਥਾ ਗੁਰਬਾਣੀ ਦੇ ਉਸ ਸੱਚ ਨਾਲ ਜੁੜੀ ਹੁੰਦੀ ਹੈ ਜਿਸ ਵਿਚ ਗੁਰੂ ਨਾਨਕ ਨੇ ਆਖਿਐ ਓਥੈ ਸਚੋ ਹੀ ਸੱਚ ਨਿਬੜੈ, ਚੁਣ ਵਖ ਕਢੇ ਜਜਮਾਲਿਆ

-----

ਇਸ ਪੁਸਤਕ ਵਿਚ 35 ਕਵੀ, 6 ਨਾਵਲਕਾਰ, 8 ਕਹਾਣੀਕਾਰ, 6 ਵਾਰਤਕ ਲੇਖਕ, ਇੱਕ ਰੇਖਾ ਚਿੱਤਰ ਤੇ ਇੱਕ ਨਾਟਕਕਾਰ ਨੂੰ ਪੇਸ਼ ਕੀਤਾ ਹੈਸਪੱਸ਼ਟ ਹੈ ਕਿ ਕੈਨੇਡਾ ਵਿਚ ਕਵੀਆਂ ਦੀ ਵਧੇਰੇ ਭਰਮਾਰ ਹੈਪੇਸ਼ ਕੀਤੇ ਕਵੀਆਂ ਦੀਆਂ ਵੀ ਕਈ ਵੰਨਗੀਆਂ ਹਨ: ਇੱਕ ਉਹ ਹਨ ਜੋ ਪਿੰਗਲ ਦੇ ਨਿਯਮਾਂ ਦੀ ਕੁਝ ਨਾ ਕੁਝ ਪਾਲਣਾ ਕਰਦੇ, ਤੋਲ ਤੁਕਾਂਤ ਤੇ ਬਹਿਰ ਦੀਆਂ ਲੋੜਾਂ ਪੂਰੀਆਂ ਕਰਦੇ ਹਨ; ਇੰਨ੍ਹਾਂ ਵਿਚ ਗੀਤਕਾਰ ਵੀ ਹਨ ਤੇ ਗ਼ਜ਼ਲਗੋ ਵੀ ਹਨਪਰ ਬਹੁਤੇ ਉਹ ਹਨ ਜੋ ਪਿੰਗਲ ਦੀ ਨਿਯਮਾਵਲੀ ਨੂੰ ਪੈਰ ਦੀ ਨਵਾਬੀ ਜੁੱਤੀਆਖਦੇ, ਹਰ ਨਿਯਮ ਤੇ ਬੰਦਸ਼ ਨੂੰ ਮੁੱਢੋਂ ਨਕਾਰਦੇ, ਅਜ਼ਾਦ ਤੇ ਖੁੱਲ੍ਹ-ਖੇਡਾਂ ਵਾਲੀ ਖੁੱਲ੍ਹੀਕਵਿਤਾ ਦੀ ਵਕਾਲਤ ਕਰਦੇ ਹਨਸਿਤਮ ਹੈ ਕਿ ਖੁੱਲ੍ਹੀ ਕਵਿਤਾ ਕਿਸੇ ਤਾਲ ਵਿਚ ਜਾਂ ਲੈਅ ਵਿਚ ਗਾਈ ਵੀ ਨਹੀਂ ਜਾ ਸਕਦੀ, ਜੋ ਕਿਸੇ ਕਵਿਤਾ ਦਾ ਮੌਲਕ ਤੇ ਮਨੋ-ਵਿਗਿਆਨਕ ਵਿਧਾਨ ਹੈਲੋਕ ਗੀਤਾਂ ਵਾਂਗ ਮੂੰਹ ਤੇ ਵੀ ਨਹੀਂ ਚੜ੍ਹਦੀ; ਫਿਰ ਵੀ ਅਜਿਹੀ ਰਚਨਾ ਨੂੰ ਕਵਿਤਾਆਖਿਆ ਜਾਂਦਾ ਹੈਇਸ ਕਿਤਾਬ ਵਿਚ ਅਜਿਹੇ ਕਵੀਆਂ ਦੀਆਂ ਅਜਿਹੀਆਂ ਕਵਿਤਾਵਾਂ ਵੀ ਸ਼ਾਮਲ ਹਨਲੇਖਕ ਖ਼ੁਦ ਅਜਿਹੀ ਕਵਿਤਾ ਦਾ ਰਸੀਆ ਹੈ

-----

ਕਿਤਾਬ ਵਿਚ ਦਰਜ ਕਵੀ, ਕੇਵਲ ਕਵੀ ਨਹੀਂ, ਇਨ੍ਹਾਂ ਵਿਚੋਂ ਬਹੁਤ ਸਾਰੇ ਉਹ ਵੀ ਹਨ ਜੋ ਵਾਰਤਕ ਦੇ ਕਿਸੇ ਨਾ ਕਿਸੇ ਹੋਰ ਰੂਪ ਵੀ ਜਾਣੇ ਜਾਂਦੇ ਹਨਇਸੇ ਤਰ੍ਹਾਂ ਨਾਵਲਕਾਰ, ਕਹਾਣੀਕਾਰ ਤੇ ਵਾਰਤਕ ਲੇਖਕ ਵੀ ਕਵਿਤਾ ਵਿਚ ਜਾਂ ਸਾਹਿਤ ਦੀਆਂ ਹੋਰ ਵਿਧਾਂ ਵਿਚ ਬਹੁਤ ਖ਼ੂਬਸੂਰਤ ਰਚਨਾ ਕਰਦੇ ਹਨਪੰਜਾਬੀ ਸਾਹਿਤ ਵਿਚ ਉਨ੍ਹਾਂ ਦਾ ਆਦਰਯੋਗ ਥਾਂ ਹੈ ਤੇ ਕਦਰਦਾਨ ਪਾਠਕ ਹਨਸੁਖਿੰਦਰ ਨੇ ਅਕਸਰ ਇੱਕ ਲੇਖਕ ਨੂੰ ਉਸ ਦੀ ਇੱਕੋ ਕਿਤਾਬ ਅਤੇ ਇੱਕੋ ਵਿਧਾ ਹੀ ਪੇਸ਼ ਕੀਤਾ ਹੈਸਿੱਧ ਹੈ ਕਿ ਕਨੇਡਾ ਸਾਹਿਤ ਵਿਚ ਕਵਿਤਾ ਤੇ ਕਵੀਆਂ ਦਾ ਵਧੇਰੇ ਬੋਲਬਾਲਾ ਹੈਸਭ ਤੋਂ ਘੱਟ ਨਾਟਕਕਾਰ ਹਨਪਰ ਸਭ ਤੋਂ ਵੱਧ ਭਰਮਾਰ ਉਨ੍ਹਾਂ ਸੰਦੇਸ਼ੀਹਸਤੀਆਂ ਦੀ ਹੈ ਜਿਨ੍ਹਾਂ ਆਪਣੇ ਮਹਿਬੂਬ ਲੇਖਕ ਸੁਖਿੰਦਰ ਨੂੰ ਸਾਹਿਤ ਪ੍ਰਤੀ ਉਸ ਦੀ ਘਾਲਣਾ ਲਈ ਮੋਹ ਭਰੀਆਂ ਹਾਰਦਿਕ ਸ਼ੁੱਭ-ਇਛਾਵਾਂ ਅਰਪਣ ਕੀਤੀਆਂ ਹਨ; ਇਨ੍ਹਾਂ ਦੀ ਗਿਣਤੀ 31 ਹੈ

-----

ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ਼ ਵੱਖ ਵੱਖ ਲੇਖਕਾਂ ਦੀਆਂ ਵੱਖ ਵੱਖ ਪੁਸਤਕਾਂ ਦੇਖਣ, ਜਾਨਣ ਤੇ ਪੜ੍ਹਨ ਦੀ ਜਗਿਆਸਾ ਦੇ ਕਈ ਬੰਦ ਦੁਆਰ ਖੁੱਲ੍ਹਦੇ ਹਨਦੇਖਿਆ ਗਿਆ ਹੈ ਕਿ ਕਈ ਕੀਮਤੀ ਚੀਜ਼ਾਂ ਭਾਵੇਂ ਸਾਹਮਣੇ ਪਈਆਂ ਹੋਣ, ਬਹੁਤੀ ਵਾਰ ਉਹ ਅਣਗੌਲੀਆਂ ਪਈਆਂ ਰਹਿੰਦੀਆਂ ਹਨ ਕਿਉਂਕਿ ਉੱਨ੍ਹਾ ਬਾਰੇ ਕਿਸੇ ਨੂੰ ਲੋੜੀਦੀ ਜਾਣਕਾਰੀ ਨਹੀਂ ਹੁੰਦੀ ਨਾ ਉਸ ਦੀ ਮਹੱਤਤਾ ਬਾਰੇ ਕੋਈ ਥਹੁ ਪਤਾ ਹੁੰਦਾ ਹੈਪਰ ਜਦੋਂ ਕੋਈ ਸੁਘੜ, ਸੁਜਾਨ ਤੇ ਸੁਹਿਰਦ ਮਨੁੱਖ ਉਸ ਬਾਰੇ ਆਪਣੇ ਜਾਤੀ ਤਜਰਬੇ ਵਿਚੋਂ ਸਿਆਣੀ ਰਾਇ ਦਿੰਦਾ ਤੇ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹੈ ਤਾਂ ਮਨੁੱਖ ਅੰਦਰ ਉਹ ਕਿਤਾਬਾਂ ਪੜ੍ਹਨ ਦੀ ਜਗਿਆਸਾ ਤੀਬਰ ਹੋ ਜਾਂਦੀ ਹੈ ਤੇ ਵਿਅਕਤੀ ਕਿਤਾਬਾਂ ਵੱਲ ਖਿੱਚਿਆ ਜਾਂਦਾ ਹੈਹਥਲੀ ਪੁਸਤਕ ਵਿਚ ਸੁਖਿੰਦਰ ਨੇ ਕੈਨੇਡਾ ਵਾਸੀ ਲੇਖਕਾਂ ਦੇ ਰਚੇ ਸਾਹਿਤ ਨੂੰ ਜਾਨਣ, ਮਾਨਣ ਤੇ ਪੜ੍ਹਨ ਦਾ ਪਾਠਕਾਂ ਨੂੰ ਸਿਫਾਰਸ਼ੀ ਹੋਕਾ ਦਿੱਤਾ ਹੈਇਸ ਨਾਲ ਨਿਸਚੇ ਹੀ ਕਨੇਡਾ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਨਾਲ ਪਾਠਕਾਂ ਦਾ ਘੇਰਾ ਮੋਕਲਾ ਹੋਵੇਗਾ, ਪੜ੍ਹਨ ਦੀ ਰੁਚੀ ਪ੍ਰਬਲ ਹੋਵੇਗੀ ਅਤੇ ਪੰਜਾਬੀ ਕਲਚਰ ਵਿਚ ਵਧੇਰੇ ਨਿਖਾਰ ਤੇ ਵਿਸਥਾਰ ਹੋਵੇਗਾ

-----

ਕਨੇਡਾ ਦੇ ਵੱਖ ਵੱਖ ਪ੍ਰਾਂਤਾਂ ਵਿਚ ਰਹਿੰਦੇ ਲੇਖਕਾਂ ਨਾਲ ਰਾਬਤਾ ਕਰਨ, ਉੱਨ੍ਹਾਂ ਦੀਆਂ ਰਚਨਾਵਾਂ ਪ੍ਰਾਪਤ ਕਰਨ, ਰਚਨਾਵਾਂ ਪੜ੍ਹਨ ਉਪਰੰਤ ਉਨ੍ਹਾਂ ਬਾਰੇ ਆਪਣੀ ਰਾਇ ਕਾਇਮ ਕਰਨ ਅਤੇ ਬਣਾਈ ਹੋਈ ਆਪਣੀ ਰਾਇ ਨੂੰ ਢੁਕਦੇ ਤੇ ਨਿਰਪੱਖ ਅੱਖਰ ਦੇਣ ਦਾ ਕਾਰਜ ਬੇਹੱਦ ਔਖਾ, ਗੁੰਝਲਦਾਰ ਤੇ ਕਠਿਨ ਕਾਰਜ ਹੈਕਿਉਂਕਿ ਹਰ ਰਚਨਾਕਾਰ ਨੂੰ ਆਪਣੀ ਰਚਨਾ ਨਾਲ ਆਪਣੇ ਪਿੰਡੇ ਵਾਂਗ ਜਾਂ ਆਪਣੀ ਸੰਤਾਨ ਵਾਂਗ ਪਿਆਰ ਹੁੰਦਾ ਹੈ ਅਤੇ ਉਹ ਆਪਣੀ ਰਚਨਾ ਬਾਰੇ ਸਿਫ਼ਤ ਤੇ ਪ੍ਰਸੰਸਾ ਦਾ ਚਾਹਵਾਨ ਹੁੰਦਾ ਹੈਕਈਆਂ ਦੀ ਇਸ ਤੋਂ ਅੱਗੇ ਦੀ ਸੋਚ ਵੀ ਹੁੰਦੀ ਹੈ, ਉਹ ਆਪਣੀ ਰਚਨਾ ਨੂੰ ਮਹਾਨ ਸਮਝਦੇ ਅਤੇ ਸਰਬੋਤਮ ਹੋਣ ਦਾ ਭਰਮ ਪਾਲਦੇ ਹਨ; ਅਜਿਹੇ ਵਿਚ ਭਾਵੇਂ ਕਿੰਨੀ ਇਮਾਨਦਾਰੀ ਨਾਲ ਕਿਸੇ ਰਚਨਾ ਬਾਰੇ ਕੋਈ ਗੱਲ ਕੀਤੀ ਹੋਵੇ ਜਾਂ ਪਰਖ ਨਿਰਖ ਕੀਤੀ ਹੋਵੇ, ਫਿਰ ਵੀ ਕਈਆਂ ਨੂੰ ਉਹ ਬਹੁਤੀ ਵਾਰ ਪਰਵਾਣ ਨਹੀਂ ਹੁੰਦੀਅਜਿਹੇ ਲੇਖਕ ਆਪਣੀ ਰਚਨਾ ਬਾਰੇ ਕਿਸੇ ਕਿੰਤੂ ਪ੍ਰੰਤੂ ਨੂੰ ਸਹਿਣ ਦੇ ਆਦੀ ਨਹੀਂ ਹੁੰਦੇਜੇ ਕਿਧਰੇ ਇਸ ਤੋਂ ਉਲਟ ਵਾਪਰ ਜਾਏ ਤਾਂ ਸਮੀਖਿਆਕਾਰ ਉੱਤੇ ਇਕ ਪਾਸੜ ਹੋਣ ਦਾ ਜਾਂ ਰਚਨਾ ਨਾਲ ਇਨਸਾਫ ਨਾਂ ਕਰਨ ਦਾ ਮਿਹਣਾ ਲਾਉਣ ਤੋਂ ਗੁਰੇਜ਼ ਨਹੀਂ ਕਰਦੇਫਿਰ ਵੀ ਇਸ ਨਿਧੜਕ, ਸਿਰੜੀ ਤੇ ਅਣਥੱਕ ਵਿਦਵਾਨ ਹਸਤੀ ਨੇ ਲੋੜ ਅਨੁਸਾਰ ਤਰੁਟੀਆਂ ਵੱਲ ਵੀ ਉਂਗਲ ਉਠਾਈ ਹੈ, ਨਰੋਈ ਤੇ ਨਿਰਪੱਖ ਰਾਇ ਵੀ ਦਿੱਤੀ ਹੈਇਸ ਤਰ੍ਹਾਂ ਉੱਤਮ ਸਾਹਿਤ ਦੀ ਉੱਤਮ ਤੇ ਮਿਆਰੀ ਸਮੀਖਿਆ ਕਰਨ ਦਾ ਵੱਡਾ ਸਾਹਸ ਤੇ ਵੱਡਾ ਜੇਰਾ ਕੀਤਾ ਹੈ

----

ਸੁਖਿੰਦਰ ਨੇ ਹਰ ਲੇਖਕ ਦੀ ਹਰ ਰਚਨਾ ਦੀ ਧੁਰ ਆਤਮਾ ਤੱਕ ਰਸਾਈ ਕੀਤੀ ਹੈ ਅਤੇ ਉਸ ਦੀ ਡੂੰਘੀ ਗਹਿਰਾਈ ਤੱਕ ਗਿਆ ਹੈਹਰ ਰਚਨਾ ਦੀਆਂ ਡੂੰਘੀਆਂ ਪਰਤਾਂ ਫਰੋਲਣ, ਹਰ ਲੁਕੀ ਹੋਈ ਗੱਲ ਜਾਂ ਭਾਵ ਨੂੰ ਖੁਰੋਚਣ ਅਤੇ ਨਿੱਗਰ ਤੇ ਭਾਵਪੂਰਤ ਬਿਆਨਣ ਦੀ ਸੁਖਿੰਦਰ ਦੀ ਮੁਸ਼ੱਕਤ ਅਤੇ ਲਿਆਕਤ ਤੇ ਹੈਰਾਨੀ ਭਰੀ ਖੁਸ਼ੀ ਹੁੰਦੀ ਹੈਮੌਲਕ ਰਚਨਾ ਵਿਚ ਭਾਵੇਂ ਓਨਾ ਸੁਆਦ ਨਾ ਹੋਵੇ ਪਰ ਸੁਖਿੰਦਰ ਦੇ ਬਿਆਨਾਂ ਵਿਚ ਲੋਹੜਿਆਂ ਦਾ ਸੁਆਦ ਭਰਿਆ ਪਿਆ ਹੈਰਚਨਾਵਾਂ ਬਾਰੇ ਉਸਦੀਆਂ ਟਿੱਪਣੀਆਂ ਥੋੜ੍ਹੇ ਅੱਖਰਾਂ ਵਾਲੀਆਂ ਜਾਂ ਐਵੇਂ ਡੰਗਟਪਾਊ ਨਹੀਂ; ਸਗੋਂ ਬੁੱਕਾਂ ਦੇ ਬੁੱਕ ਹਨ, ਪਹਿਰਿਆਂ ਦੇ ਪਹਿਰੇ ਤੇ ਸਫ਼ਿਆਂ ਦੇ ਸਫ਼ੇ ਭਰੇ ਹਨਕਿਸੇ ਰਚਨਾ ਨੂੰ ਖੋਲ੍ਹਣ ਜਾਂ ਵਿਆਖਿਆ ਲਈ ਉਸ ਕੋਲ ਨਾ ਕਿਸੇ ਭਾਵ ਦੀ ਤੋਟ ਹੈ, ਨਾ ਬੋਲੀ ਤੇ ਸ਼ਬਦਾਵਲੀ ਦੀ ਕਮੀ ਹੈ ਨਾ ਹੀ ਕਿਸੇ ਦਾ ਪੱਖ ਪੂਰਦਾ ਤੇ ਲਿਹਾਜ ਕਰਦਾ ਦਿਖਾਈ ਦਿੰਦਾ ਹੈਹਰ ਰਚਨਾ ਦਾ ਕਦਰਦਾਨ, ਸ਼ੁਭ ਚਿੰਤਕ ਤੇ ਨਿਰਪੱਖ ਵਕਤਾ ਦਿਖਾਈ ਦਿੰਦਾ ਹੈਲੇਖਕ ਦੀ ਅਵਸਥਾ ਉਸ ਫ਼ਕੀਰ ਵਰਗੀ ਹੈ, ਜਿਸਦਾ ਆਖਣਾ ਹੈ:

ਕਬੀਰਾ ਖੜ੍ਹਾ ਬਜ਼ਾਰ ਮੇ ਮਾਂਗੇ ਸਭ ਕੀ ਖ਼ੈਰਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ

-----

ਸਭ ਦੀ ਖ਼ੈਰ ਸੁਖ ਮੰਗਣ ਵਾਲੇ, ਪਿਆਰ ਤੇ ਸੁਚੀਆਂ ਭਾਵਨਾਵਾਂ ਦੇ ਖੁੱਲ੍ਹੇ ਗੱਫੇ ਵੰਡਣ ਵਾਲੇ ਕਵੀ ਸੁਖਿੰਦਰ ਦੀਆਂ ਇਸ ਕਿਤਾਬ ਵਿਚ ਦਿੱਤੀਆਂ ਕੁਝ ਟੂਕਾਂ ਉਸ ਦੀ ਜ਼ਬਾਨੀ ਸੁਣੋ: ਅਮਰਜੀਤ ਸਾਥੀ ਦੇ ਹਾਇਕੂਬਾਰੇ ਗੱਲ ਕਰਦਿਆਂ ਉਹ ਆਖਦਾ ਹੈ, “ਇਸ ਦਾ ਸਬੰਧ ਸਾਡੀ ਤੀਸਰੀ ਅੱਖ ਨਾਲ ਹੈਇਸ ਨੂੰ ਵਿਸ਼ਵ ਦੀ ਸਭ ਤੋਂ ਸੰਕੁਚਤ ਕਵਿਤਾ ਮੰਨਿਆਂ ਗਿਆ ਹੈਠੋਸ ਬਿੰਬਾਂ ਦੀ ਵਰਤੋਂ ਰਾਹੀਂ ਇਸ ਵਿਚ ਆਮ ਜ਼ਿੰਦਗੀ ਦੀਆਂ ਘਟਨਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨਕਵਿਤਾ ਦੇ ਇਸ ਰੂਪ ਵਿਚ ਕਹੇ ਨਾਲੋਂ ਅਣਕਿਹਾ ਵਧੇਰੇ ਹੁੰਦਾ ਹੈ” “ਇਕਬਾਲ ਖਾਨ ਲੋਕ-ਚੇਤਨਾ ਪੈਦਾ ਕਰਨ ਦੇ ਉਦੇਸ਼ ਹਿਤ ਸਾਡੇ ਸਮਿਆਂ ਦੇ ਸਭ ਤੋਂ ਵੱਧ ਚਰਚਿਤ ਸ਼ਬਦ ਆਤੰਕਵਾਦਨਾਲ ਆਪਣੀ ਗੱਲ ਸ਼ੁਰੂ ਕਰਦਾ ਹੈ” “ਸੁਖਮਿੰਦਰ ਰਾਮਪੁਰੀ ਅਜਿਹੇ ਗ਼ਜ਼ਲਗੋਆਂ ਦੀ ਢਾਣੀ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਜੋ ਗਜ਼ਲ ਲਿਖਣ ਵੇਲੇ ਆਪਣੇ ਹੱਥ ਵਿਚ ਤੱਕੜੀ ਲੈ ਕੇ ਬੈਠ ਜਾਂਦੇ ਹਨ ਅਤੇ ਗ਼ਜ਼ਲ ਵਿਚ ਸ਼ਾਮਲ ਹੋਣ ਵਾਲੇ ਹਰ ਸ਼ਬਦ ਦਾ ਭਾਰ ਤੋਲਣ ਲੱਗ ਜਾਂਦੇ ਹਨ” “ਸਾਧੂ ਬਿਨੰਗ ਦੀਆਂ ਕਵਿਤਾਵਾਂ ਪੂਰਬੀ ਅਤੇ ਪੱਛਮੀ ਸਭਿਆਚਾਰ ਦੀ ਪਹਿਚਾਣ ਦੀ ਗੱਲ ਕਰਦੀਆਂ ਹਨ” “ਸੁਰਿੰਦਰ ਗੀਤ ਦਾ ਕਾਵਿ-ਉਦੇਸ਼ ਔਰਤ ਦੇ ਸਰੋਕਾਰਾਂ ਦੀ ਕਵਿਤਾ ਲਿਖਣ ਤੱਕ ਫੈਲਿਆ ਹੋਇਆ ਹੈ” “ਡਾਕਟਰ ਸੁਖਪਾਲ ਅਨੇਕਾਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ, ਦਾਰਸ਼ਨਿਕ ਪਹਿਲੂਆਂ ਬਾਰੇ ਚਰਚਾ ਛੇੜਦਾ ਹੈ” “ਸੁਰਜੀਤ ਦੀ ਸ਼ਾਇਰੀ ਅਨੁਭਵ ਦੀ ਸ਼ਾਇਰੀ ਹੈਧੁਖਦੇ ਮਨਾ ਵਿਚੋਂ ਨਿਕਲ ਰਿਹਾ ਧੂੰਆਂ ਹੈਪਲ ਪਲ ਮਰ ਰਹੇ ਵਿਅਕਤੀ ਦੀ ਦਾਸਤਾਨ ਸੁਨਾਣ ਦਾ ਉਸ ਦਾ ਇੱਕ ਅੰਦਾਜ਼ ਹੈ” “ਕੁਲਵਿੰਦਰ ਖਹਿਰਾ ਆਪਣੀ ਗੱਲ ਕਹਿਣ ਵੇਲੇ ਕੋਈ ਵਲ ਵਲੇਵੇਂ ਨਹੀਂ ਪਾਉਂਦਾਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ ਅਤੇ ਚਾਹੇ ਦਾਰਸ਼ਨਿਕ ਮਸਲਾ ਹੀ ਕਿਉਂ ਨਾ ਹੋਵੇ, ਉਹ ਆਪਣੀ ਗੱਲ ਬੜੇ ਹੀ ਸਪੱਸ਼ਟ ਰੂਪ ਵਿਚ ਕਹਿੰਦਾ ਹੈ” “ਕੇਸਰ ਸਿੰਘ ਨੀਰ ਭਾਸ਼ਾ, ਧਰਮ, ਜ਼ਾਤ-ਪਾਤ, ਦੇ ਨਾਮ ਉੱਤੇ ਵੰਡੀਆਂ ਪਾਉਣ ਵਾਲੇ ਅਤੇ ਨਫਰਤ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਨੂੰ ਫਿਟਕਾਰ ਦਿੰਦਾ ਹੈ ਅਤੇ ਪੁੱਛਦਾ ਹੈ ਕਿ ਜਦੋਂ ਇਸ ਧਰਤੀ ਉੱਤੇ ਤੁਰੇ ਫਿਰਦੇ ਹਰ ਮਨੁੱਖ ਦੀਆਂ ਰਗਾਂ ਵਿਚ ਇੱਕੋ ਹੀ ਖ਼ੂਨ ਵਗਦਾ ਹੈ ਤਾਂ ਫਿਰ ਤੁਸੀਂ ਇੱਕ ਦੂਜੇ ਦਰਮਿਆਨ ਨਫ਼ਰਤ ਦੀਆਂ ਦੀਵਾਰਾਂ ਕਿਉਂ ਖੜ੍ਹੀਆਂ ਕਰਦੇ ਹੋ?” “ਗੁਰਦਿਆਲ ਕੰਵਲ ਦਾ ਵਿਸ਼ਵਾਸ ਹੈ ਕਿ ਜ਼ਿੰਦਗੀ ਇੱਕ ਕਰਮ ਭੂਮੀ ਹੈਨਿਰਸੰਦੇਹ ਜ਼ਿੰਦਗੀ ਵਿਚ ਸਖ਼ਤ ਮਿਹਨਤ ਕਰਕੇ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ” “ਗੁਰਚਰਨ ਰਾਮਪੁਰੀ ਅਜੋਕੇ ਇਤਹਾਸ ਨੂੰ ਮਿਥਹਾਸ ਦੀਆਂ ਐਨਕਾਂ ਲਗਾ ਕੇ ਦੇਖਦਾ ਹੈ” “ ਗੁਰਬਖਸ਼ ਸਿੰਘ ਭੰਡਾਲ ਆਪਣੀਆਂ ਕਵਿਤਾਵਾਂ ਵਿਚ ਜਿੱਥੇ ਟੁੱਟ ਰਹੇ ਰਿਸ਼ਤਿਆਂ ਦੀ ਗੱਲ ਕਰਦਾ ਹੈ, ਘਰ ਦੇ ਗੁਆਚ ਰਹੇ ਅਰਥਾਂ ਦੀ ਗੱਲ ਕਰਦਾ ਹੈ, ਉੱਥੇ ਉਹ ਇਹ ਵੀ ਦਸਦਾ ਹੈ ਕਿ ਮਕਾਨ ਉਦੋਂ ਘਰ ਬਣਦਾ ਹੈ; ਜਦੋਂ ਇਨ੍ਹਾਂ ਕੰਧਾਂ ਨਾਲ ਘਿਰੀ ਥਾਂ ਵਿਚ ਰਹਿਣ ਵਾਲੇ ਵਿਅਕਤੀ ਇੱਕ ਦੂਜੇ ਦੀ ਮੌਜੂਦਗੀ ਵਿਚ ਰਹਿ ਕੇ ਖੁਸ਼ੀ ਮਹਿਸੂਸ ਕਰਦੇ ਹਨ” “ਸਤਿਯੰਮ ਸ਼ਿਵਮ ਸੁੰਦਰਮ ਵਾਲਾ ਪ੍ਰੀਤਮ ਸਿੰਘ ਧੰਜਲ ਨਵੇਂ ਵਿਚਾਰਾਂ ਦਾ ਹਾਮੀ, ਸੁਚੇਤ ਪੱਧਰ ਤੇ ਸ਼ਾਇਰੀ ਕਰਨ ਵਾਲਾ, ਪਰਗਤੀਸ਼ੀਲ ਪੰਜਾਬੀ ਸ਼ਾਇਰ ਹੈ” “ਭੁਪਿੰਦਰ ਸਿੰਘ ਦੁਲੇ ਆਪਣੀਆਂ ਗ਼ਜ਼ਲਾਂ ਵਿਚ ਵਿਚਾਰਾਂ ਨੂੰ ਪ੍ਰਾਥਮਿਕਤਾ ਨਹੀਂ ਦਿੰਦਾ, ਉਸ ਦੀ ਪ੍ਰਾਥਮਿਕਤਾ ਸੰਗੀਤਕ ਸ਼ਬਦਾਂ ਦਾ ਪ੍ਰਯੋਗ ਕਰਨ ਲਈ ਹੈ ਮੇਜਰ ਸਿੰਘ ਨਾਗਰਾ ਇੱਕ ਮਨੁੱਖਵਾਦੀ ਸ਼ਾਇਰ ਹੈਉਹ ਧਰਮਾਂ, ਸਭਿਆਚਾਰਾਂ, ਰੰਗਾਂ, ਨਸਲਾਂ ਜਾਂ ਵੱਖੋ ਵੱਖ ਦੇਸ਼ਾਂ ਦੀਆਂ ਸਰਹੱਦਾਂ ਦੇ ਬੰਧਨਾਂ ਨੂੰ ਸਵੀਕਾਰ ਨਹੀਂ ਕਰਦਾ” “ਰਾਵਿੰਦਰ ਰਵੀ ਪੰਜਾਬੀ ਦਾ ਇੱਕੋ ਇੱਕ ਸ਼ਾਇਰ ਹੈ; ਜਿਸ ਦੀਆਂ ਰਚਨਾਵਾਂ ਬਾਰੇ ਹਰ ਨਾਮਵਰ ਪੰਜਾਬੀ ਆਲੋਚਕ ਨੇ ਆਪਣੇ ਵਿਚਾਰ ਜ਼ਾਹਿਰ ਕੀਤੇ ਹਨਸੁਖਿੰਦਰ ਆਪਣੀ ਗੱਲ ਆਪ ਕਰਦਾ ਆਖਦਾ ਹੈ, “ਗਲੋਬਲੀਕਰਨ ਦੀ ਤੇਜ਼ ਹਨੇਰੀ ਅੱਗੇ ਕੱਖਾਂ ਕਾਨਿਆਂ ਵਾਂਗ ਉੱਡੇ ਫਿਰਦੇ ਸਾਡੇ ਇਹ ਮੁਖੌਟਾਧਾਰੀ ਅਤੇ ਭ੍ਰਿਸ਼ਟ ਹੋ ਚੁੱਕੇ ਰਹਿਨੁਮਾ ਜ਼ਿੰਦਗੀ ਦੇ ਹਰ ਖੇਤਰ ਵਿਚ ਹੀ ਆਪਣੀ ਭ੍ਰਿਸ਼ਟ ਹੋ ਚੁੱਕੀ ਮਾਨਸਿਕਤਾ ਦੀਆਂ ਜੜ੍ਹਾਂ ਲਗਾਉਣ ਲਈ ਯਤਨਸ਼ੀਲ ਹਨਆਦਿ

-----

ਅਜਿਹੀਆਂ ਖ਼ੂਬਸੂਰਤ, ਭਾਵਪੂਰਤ ਤੇ ਰੌਚਕ ਟਿੱਪਣੀਆਂ ਨਾਵਲ ਲੇਖਕਾਂ ਬਾਰੇ, ਕਹਾਣੀਕਾਰਾਂ ਬਾਰੇ, ਵਾਰਤਕ ਲੇਖਕਾਂ ਬਾਰੇ ਤੇ ਹੋਰਾਂ ਬਾਰੇ ਕੀਤੀਆਂ ਗਈਆਂ ਹਨਕਿਤਾਬ ਵਿਚ ਦਰਜ 57 ਲੇਖਕਾਂ ਦੇ 57 ਤੋਂ ਕਿਤੇ ਵੱਧ ਵਿਸ਼ੇ ਹਨ; ਜੋ ਸਾਡੇ ਅਜੋਕੇ ਸਮਾਜ ਦਾ ਸਹੀ ਤੇ ਪ੍ਰਮਾਣਿਕ ਅਕਸ ਪੇਸ਼ ਕਰਦੇ ਤੇ ਪਾਠਕ ਦੀਆਂ ਸੋਚਾਂ ਵਿਚ ਡੂੰਘੇ ਉੱਤਰਦੇ ਹਨਸੁਖਿੰਦਰ ਨੇ ਉਨ੍ਹਾਂ ਸਾਰੇ ਵਿਸਿ਼ਆਂ ਤੇ ਬਹੁਤ ਖ਼ੂਬਸੂਰਤ ਅਤੇ ਬਹੁਤ ਵਿਸਥਾਰ ਸਹਿਤ ਟਿੱਪਣੀਆਂ ਕੀਤੀਆਂ ਹਨ ਅਤੇ ਬੇਹੱਦ ਸੁਆਦਲਾ ਰੰਗ ਭਰਿਆ ਹੈਸੁਖਿੰਦਰ ਦੀ ਵਾਰਤਿਕ ਵਿਚ ਕੱਚੇ ਦੁੱਧ ਵਰਗੀ ਤਾਜ਼ਗੀ, ਤ੍ਰੇਲ ਦੀ ਡਲ੍ਹਕ ਵਰਗੀ ਆਭਾ ਅਤੇ ਸੂਹੀ ਸਵੇਰ ਵਰਗਾ ਨਿਖਾਰ ਹੈਉਸ ਵਿਚ ਰੜਕ ਹੈ, ਮੜਕ ਹੈ, ਤਿੱਖਾ ਵੇਗ ਤੇ ਰਵਾਨਗੀ ਹੈ; ਸੰਗੀਤਕ ਲੈਅ ਤੇ ਬੱਝਵਾਂ ਪ੍ਰਭਾਵ ਹੈ; ਜੋ ਪਾਠਕ ਨੂੰ ਆਪਣੇ ਵਹਿਣ ਵਿਚ ਰੋੜ੍ਹ ਕੇ ਲੈ ਜਾਂਦਾ ਹੈ

-----

ਇਸ ਤਰ੍ਹਾਂ ਸਮੀਖਿਆ ਦੀ ਇਹ ਅਦੁੱਤੀ ਪੁਸਤਕ ਖੋਜੀਆਂ, ਲਿਖਾਰੀਆਂ, ਚਿੰਤਕਾਂ ਤੇ ਸੁਹਿਰਦ ਪਾਠਕਾਂ ਲਈ ਇੱਕ ਸੌਗਾਤ ਸਿੱਧ ਹੋਵੇਗੀਮੈ ਇਸ ਦੇ ਲੇਖਕ, ਚਿੰਤਕ ਤੇ ਕਵੀ ਸੁਖਿੰਦਰ ਦੀ ਡੂੰਘੀ ਘਾਲਣਾ ਤੇ ਮਿਹਨਤ ਲਈ ਪ੍ਰਸੰਸਾ ਕਰਦਾ, ਕਦਰ ਕਰਦਾ, ਸਨਮਾਨ ਤੇ ਸੁਆਗਤ ਕਰਦਾ ਅਤੇ ਹਾਰਦਿਕ ਮੁਬਾਰਕਬਾਦ ਅਰਪਨ ਕਰਦਾ ਹਾਂ