ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Thursday, January 22, 2009

ਡਾ: ਸੁਖਪਾਲ - ਰਹਣੁ ਕਿਥਾਊ ਨਾਹਿ

ਕਿਤਾਬ: ਰਹਣੁ ਕਿਥਾਊ ਨਾਹਿ

ਲੇਖਕ: ਡਾ: ਸੁਖਪਾਲ

ਪ੍ਰਕਾਸ਼ਨ ਵਰ੍ਹਾ 2007

ਰੀਵਿਊਕਾਰ: ਸੁਖਿੰਦਰ

ਮਨੁੱਖ ਹੋਣ ਦੇ ਅਰਥਾਂ ਦੀ ਤਲਾਸ਼

ਸਾਡੇ ਸਮਿਆਂ ਵਿੱਚ ਮਨੁੱਖ ਹੋਣਾ ਹੀ ਸਭ ਤੋਂ ਵੱਡੀ ਚੁਣੌਤੀ ਬਣ ਚੁੱਕਿਆ ਹੈ। ਅਖਬਾਰਾਂ, ਮੈਗਜ਼ੀਨਾਂ, ਰੇਡੀਓ, ਟੈਲੀਵੀਜ਼ਨ, ਇੰਟਰਨੈੱਟ, ਫਿਲਮਾਂ - ਸੰਚਾਰ ਦਾ ਹਰ ਮਾਧਿਅਮ ਹੀ ਮਨੁੱਖੀ ਚੇਤਨਾ ਉੱਤੇ ਆਪਣਾ ਕਬਜ਼ਾ ਕਰਨ ਦੇ ਆਹਰ ਵਿੱਚ ਹੈ। ਮਨੁੱਖੀ ਚੇਤਨਾ ਉੱਤੇ ਕਬਜ਼ਾ ਜਮਾਉਣ ਲਈ ਇਹ ਹਮਲਾ ਉਸ ਉੱਤੇ ਸੁੱਤੇ/ਜਾਗਦਿਆਂ, ਹਰ ਪਲ, ਨਿਰੰਤਰ ਹੋ ਰਿਹਾ ਹੈ। ਮਨੁੱਖੀ ਜ਼ਿੰਦਗੀ ਨਾਲ ਸਬੰਧਤ ਹਰ ਸਰੋਕਾਰ ਦਾ ਮੰਤਵ ਮਨੁੱਖ ਦੀ ਹੋਂਦ ਉੱਤੇ ਆਪਣਾ ਕਬਜ਼ਾ ਜਮਾਉਣਾ ਹੈ; ਇਹ ਮੰਤਵ ਚਾਹੇ ਰਾਜਨੀਤਿਕ, ਸਮਾਜਿਕ, ਸਭਿਆਚਾਰਕ, ਆਰਥਿਕ, ਵਿਉਪਾਰਕ, ਧਾਰਮਿਕ ਜਾਂ ਦਾਰਸ਼ਨਿਕ ਹੋਵੇ।

ਕੈਨੇਡੀਅਨ ਪੰਜਾਬੀ ਸਾਹਿਤਕਾਰ ਡਾ. ਸੁਖਪਾਲ ਵੱਲੋਂ 2007 ਵਿੱਚ ਪ੍ਰਕਾਸਿ਼ਤ ਕੀਤੀ ਗਈ ਕੋਲਾਜ ਕਿਤਾਬ ਰਹਣੁ ਕਿਥਾਊ ਨਾਹਿਅਜੋਕੇ ਮਨੁੱਖ ਸਾਹਮਣੇ ਪੇਸ਼ ਇਸ ਚੁਣੋਤੀ ਬਾਰੇ ਹੀ ਅਨੇਕਾਂ ਢੰਗਾਂ ਨਾਲ ਗੱਲ ਕਰਦੀ ਹੈ। ਆਪਣੀ ਗੱਲ ਨੂੰ ਵਧੇਰੇ ਅਰਥ ਭਰਪੂਰ ਬਨਾਉਣ ਲਈ ਉਸਨੇ ਕਲਾ ਅਤੇ ਸਾਹਿਤ ਦੇ ਕਈ ਰੂਪਾਂ ਦਾ ਸਹਾਰਾ ਲਿਆ ਹੈ। ਜਿਨ੍ਹਾਂ ਵਿੱਚ ਤਸਵੀਰ, ਕਵਿਤਾ, ਵਾਰਤਕ ਅਤੇ ਸੰਵਾਦ ਮੁੱਖ ਰੂਪ ਵਿੱਚ ਪਹਿਚਾਣੇ ਜਾ ਸਕਦੇ ਹਨ। ਵਿਸ਼ੇਸ਼ ਕਰਕੇ ਵਾਰਤਕ ਲਿਖਣ ਵੇਲੇ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਲਈ ਅਤੇ ਵਧੇਰੇ ਰੌਚਿਕ ਬਨਾਉਣ ਲਈ ਉਹ ਸ਼ਬਦਾਂ/ਵਾਕਾਂ ਦੀ ਇਸ ਤਰ੍ਹਾਂ ਉਸਾਰੀ ਕਰਦਾ ਹੈ ਜਿਵੇਂ ਕਿਤੇ ਉਹ ਕਿਸੇ ਟੈਲੀਵੀਜ਼ਨ ਫਿਲਮ ਲਈ ਸਕ੍ਰਿਪਟ ਲਿਖ ਰਿਹਾ ਹੋਵੇ; ਪਰ ਇਸ ਤਰ੍ਹਾਂ ਕਰਦਿਆਂ ਹੋਇਆਂ ਵੀ ਉਹ ਧੀਮੀ ਸੁਰ ਵਿੱਚ ਹੀ ਗੱਲ ਕਰਦਾ ਹੈ। ਆਪਣੀ ਗੱਲ ਕਹਿਣ ਲਈ ਉਹ ਸਾਡੀ ਚੇਤਨਾ ਵਿੱਚ ਇੱਕ ਤੋਂ ਬਾਹਦ ਇੱਕ ਦ੍ਰਿਸ਼ ਉਜਾਗਰ ਕਰਦਾ ਜਾਂਦਾ ਹੈ:

ਕੁਝ ਚਿਰ ਬਾਅਦ ਦੋ ਲੜਕੇ ਆਏ। ਉਨ੍ਹਾਂ ਦੇ ਟੱਬਰ ਇਸ ਘਰ ਦੇ ਮਿੱਤਰ ਸਨ। ਸੁਮੀਤ ਦੇ ਪਿਤਾ ਜੀ ਨੂੰ ਬੋਲੇ: ਬੜਾ ਕਹਿਰ ਹੋਇਆ ! ਅਸੀਂ ਤਾਂ ਕੰਬ ਈ ਗਏ ! ਏਡਾ ਚੰਗਾ ਮੁੰਡਾ ਸੀ। ਹਰ ਕਿਸੇ ਨਾਲ ਹੱਸ ਖੇਡ ਕੇ ਬੋਲਦਾ। ਸੁਣਿਆ ਤਾਂ ਯਕੀਨ ਨਾ ਆਵੇ। ਇਹ ਤਾਂ ਅਨਰਥ ਹੋਇਆ ! ਏਦੂੰ ਬੁਰਾ ਕੀ ਹੋ ਸਕਦਾ ਸੀ ? ਹਾਲਾਤ ਅੱਗੇ ਕਿਸਦਾ ਜ਼ੋਰ ਏ? ਸਭ ਕੁਝ ਚੁੱਪ ਚਾਪ ਸਹਿਣਾ ਪੈਂਦਾ ਏ...!

ਉਹ ਆਰਾਮ ਤੇ ਸੁਖਿਆਈ ਨਾਲ ਬੋਲ ਰਹੇ ਸਨ ਜਿਵੇਂ ਏਨਾਂ ਗੱਲਾਂ ਦੀ ਮੁਹਾਰਤ ਹੋਵੇ। ਮੈਂ ਮੌਤਾਂ ਤੱਕੀਆਂ ਹਨ। ਅਰਥੀਆਂ ਨੂੰ ਮੋਢਾ ਦਿੱਤਾ ਹੈ। ਚਿਖਾ ਬਲਦੀ ਵੇਖੀ ਹੈ। ਵਿਰਲਾਪ ਸੁਣਿਆ ਹੈ। ਸੱਥਰ ਵਿੱਚ ਬੈਠਾ ਹਾਂ। ਫਿਰ ਵੀ ਮੈਨੂੰ ਇਹ ਗੱਲਾਂ ਕਰਨ ਦੀ ਮੁਹਾਰਤ ਨਹੀਂ ਹੋ ਸਕੀ। ਮੇਰਾ ਜੀਅ ਕੀਤਾ ਮੈਂ ਵੀ ਘਰ ਦਿਆਂ ਨੂੰ ਕੁਝ ਆਖਾਂ। ਮੈਥੋਂ ਕਿਹਾ ਨਾ ਗਿਆ। ਮੈਂ ਕਰਦਾ ਵੀ ਕੀ? ਮੈਂ ਅਫਸੋਸ ਕਰਨਨਹੀਂ ਸਾਂ ਆਇਆ. ਦੁੱਖ ਹੋਣ ਤੇ ਉੱਠ ਤੁਰਿਆ ਸਾਂ। ਰਸਮ ਪੂਰੀ ਕਰਨ ਨਹੀਂ ਸਾਂ ਆਇਆ। ਏਸੇ ਕਰਕੇ ਰਸਮੀ ਗੱਲਾਂ ਮੈਥੋਂ ਨਾ ਹੋਈਆਂ।

ਇਸ ਤਕਨੀਕ ਦੇ ਪ੍ਰਯੋਗ ਦੀ ਇੱਕ ਹੋਰ ਉਦਾਹਰਣ ਦੇਖੀ ਜਾ ਸਕਦੀ ਹੈ:

ਓਨਾਂ ਆ ਕੇ ਲਾਸ਼ਾਂ ਤੱਕੀਆਂ। ਮਿਸਤਰੀ ਤੋਂ ਮੌਕਾ ਪੁੱਛਿਆ। ਮੋਏ ਪਏ ਅੱਤਵਾਦੀ ਦੀ ਕਮੀਜ਼ ਲਾਹੀ ਤਾਂ ਵੇਖਿਆ: ਲੱਕ ਨਾਲ ਮਾਊਜ਼ਰ, ਸੱਤਰ ਅੱਸੀ ਗੋਲੀਆਂ ਪੇਟੀ ਵਿੱਚ ਤੇ ਦੋ ਸਟਿੱਕ ਬੰਬ ਓਦ੍ਹੇ ਪਿੰਡੇ ਨਾਲ ਬੱਧੇ ਹੋਏ ਸਨ। ਸ਼ਾਇਦ ਓਹਦੇ ਸਾਥੀ ਜਾਂਦਿਆਂ ਬੰਨ੍ਹ ਗਏ ਸਨ ਪਈ ਜਿਹੜਾ ਵੀ ਪਹਿਲੋਂ ਆ ਕੇ ਲਾਸ਼ ਨੂੰ ਚੁੱਕੇ ਜਾਂ ਹਲਾਵੇਗਾ ਉਹ ਵੀ ਉੱਡ ਜਾਵੇਗਾ।

ਮਨੁੱਖ ਹੋਣ ਦੇ ਅਰਥਾਂ ਦੀ ਤਲਾਸ਼ ਇਸ ਕੋਲਾਜ ਕਿਤਾਬ ਦੇ ਮੁੱਢਲੇ ਪੰਨਿਆਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਕਿਤਾਬ ਦੇ ਮੁੱਢਲੇ ਪੰਨਿਆਂ ਵਿੱਚ ਪੰਜਾਬ, ਇੰਡੀਆ ਅੰਦਰ ਵਾਪਰੇ ਖਾਲਿਸਤਾਨੀ ਦਹਿਸ਼ਤਗਰਦੀ ਦੇ ਦਿਨਾਂ ਦੀਆਂ ਯਾਦਾਂ ਹਨ। ਇਹ ਉਹ ਦਿਨ ਸਨ ਜਦੋਂ ਇਕੱਲੇ ਪੰਜਾਬ ਵਿੱਚ ਹੀ ਨਹੀਂ ਇੰਡੀਆ ਦੇ ਹੋਰ ਵੀ ਅਨੇਕਾਂ ਪ੍ਰਾਂਤਾਂ ਵਿੱਚ ਲੋਕ ਇੱਕ ਦੂਜੇ ਨੂੰ ਸਿੱਖ, ਹਿੰਦੂ, ਮੁਸਲਿਮ ਦੇ ਰੂਪ ਵਿੱਚ ਦੇਖਣ ਲੱਗ ਪਏ ਸਨ - ਮਨੁੱਖਾਂ ਦੇ ਰੂਪ ਵਿੱਚ ਨਹੀਂ. ਉਨ੍ਹਾਂ ਲਈ ਪਗੜੀਆਂ, ਬੋਦੀਆਂ ਅਤੇ ਕੁੱਲੇ ਹੀ ਮਨੁੱਖ ਦੀ ਪਹਿਚਾਣ ਰਹਿ ਗਏ ਸਨ। ਜਦੋਂ ਕਿ ਕਿਸੇ ਵੀ ਵਿਅਕਤੀ ਦੇ ਮਨੁੱਖ ਹੋਣ ਨਾਲ ਉਸਦਾ ਬਾਹਰਲਾ ਭੇਖ ਕਿਸੇ ਤਰ੍ਹਾਂ ਵੀ ਕੋਈ ਅਰਥ ਨਹੀਂ ਰੱਖਦਾ। ਮਨੁੱਖ ਹੋਣਾ ਤਾਂ ਉਸ ਵਿਅਕਤੀ ਦੇ ਕਰਦਾਰ ਅਤੇ ਉਸਦੀਆਂ ਕਦਰਾਂ-ਕੀਮਤਾਂ ਨਾਲ ਸਬੰਧ ਰੱਖਦਾ ਹੈ। ਡਾ. ਸੁਖਪਾਲ ਵੀ ਇਸੇ ਵਿਚਾਰ ਦਾ ਹੀ ਧਾਰਨੀ ਜਾਪਦਾ ਹੈ। ਭਾਵੇਂ ਕਿ ਉਹ ਇਸ ਗੱਲ ਨੂੰ ਧੀਮੀ ਸੁਰ ਵਿੱਚ ਹੀ ਉਭਾਰਦਾ ਹੈ:

ਸਭ ਦਾ ਇੱਕੋ ਮਕਸਦ ਸੀ: ਉਸ ਪਾਣੀ ਨੂੰ ਬੰਨ੍ਹ ਮਾਰਣਾ ਜਿਸ ਨੇ ਹਿੰਦੂ ਤੇ ਸਿੱਖ ਦੋਹਾਂ ਦੀਆਂ ਪੈਲੀਆਂ ਅਤੇ ਘਰ ਰੋੜ੍ਹ ਘੱਤੇ ਸਨ। ਪਾੜ ਭਰਦੀ ਭੀੜ ਵਿੱਚ ਹਿੰਦੂ ਤੇ ਸਿੱਖ ਦੋਵੇਂ ਹੀ ਸਨ ਪਰ ਉਸ ਵੇਲੇ ਉਹ ਹਿੰਦੂ ਜਾਂ ਸਿੱਖ ਨਹੀਂ ਸਨ. ਉਹ ਉਸ ਪਿੰਡ ਦੇ ਵਾਸੀ ਸਨ, ਉਹਨਾਂ ਪੈਲੀਆਂ ਦੇ ਮਾਲਕ ਸਨ ਜਿਨ੍ਹਾਂ ਵਿੱਚ ਉੱਗੇ ਝੋਨੇ ਨੂੰ ਵੇਖ ਕੋਈ ਪਛਾਣ ਨਹੀਂ ਸਕਦਾ ਇਹ ਹਿੰਦੂ ਦੀ ਪੈਲੀ ਵਿੱਚ ਉੱਗਿਆ ਹੈ ਜਾਂ ਸਿੱਖ ਦੀ? ਉਨ੍ਹਾਂ ਸਾਰਿਆਂ ਤੇ ਇੱਕੋ ਜਿਹੀ ਭੀੜ ਬਣੀ ਸੀ। ਉਸ ਪਲ ਉਹ ਆਪੋ ਆਪਣੀ ਜਾਨ ਬਚਾਉਣ ਲਈ ਨਹੀਂ ਲੜ ਰਹੇ ਸਨ। ਉਹ ਇੱਕ ਜਾਨ ਬਚਾਉਣ ਲਈ ਲੜ ਰਹੇ ਸਨ...ਉਸ ਪਲ ਵਿੱਚ ਸਾਰਿਆਂ ਦੀ ਜਾਨ ਇੱਕ ਹੀ ਸੀ.

ਇਸੇ ਤਰ੍ਹਾਂ ਹੀ ਡਾ. ਸੁਖਪਾਲ ਆਪਣੀ ਗੱਲ ਨੂੰ ਹੋਰ ਵਜ਼ਨਦਾਰ ਬਨਾਉਣ ਲਈ ਪੰਜਾਬ ਅਤੇ ਪੰਜਾਬੀਆਂ ਦੇ ਇਤਿਹਾਸ ਦੀ ਗੱਲ ਕਰਦਾ ਹੋਇਆ ਸਾਡੇ ਪੁਰਖਿਆਂ ਦੇ ਉੱਚੇ-ਸੁੱਚੇ ਕਿਰਦਾਰ ਅਤੇ ਕਦਰਾਂ-ਕੀਮਤਾਂ ਵੱਲ ਵੀ ਧਿਆਨ ਦਵਾਉਂਦਾ ਹੈ। ਉਹ ਇਸ ਗੱਲ ਨੂੰ ਵੀ ਉਭਾਰਦਾ ਹੈ ਕਿ ਮਨੁੱਖ ਦਾ ਕਿਰਦਾਰ ਸਿਰਫ ਚੰਗੇ ਸਮਿਆਂ ਵਿੱਚ ਹੀ ਨਹੀਂ ਪਰਖਿਆ ਜਾਂਦਾ; ਬਲਕਿ ਉਸਦੀਆਂ ਮੁਸੀਬਤ ਦੀਆਂ ਘੜੀਆਂ ਵਿੱਚ ਵੀ ਪਰਖਿਆ ਜਾਂਦਾ ਹੈ:

“...ਬਾਬੇ ਨਾਨਕ ਨੇ ਬ੍ਰਾਹਮਣਾਂ ਨਾਲ ਮੱਥਾ ਲਾਇਆ ਪਰ ਉਨ੍ਹਾਂ ਨੂੰ ਪੰਜਾਬ ਵਿੱਚੋਂ ਤਾਂ ਨਹੀਂ ਕੱਢ ਦਿੱਤਾ। ਗੁਰ ਹਰਗੋਬਿੰਦ ਨੇ ਮੁਸਲਮਾਨਾਂ ਨਾਲ ਯੁੱਧ ਕੀਤਾ ਪਰ ਹਰਮੰਦਰ ਪੁੱਟ ਕੇ ਸਾਈਂ ਮੀਆਂ ਮੀਰ ਦੀ ਨੀਂਹ ਤਾਂ ਨਹੀਂ ਕੱਢ ਸੁੱਟੀ। ਗੁਰ ਗੁਬਿੰਦ ਸਿੰਘ ਨੇ ਇਹ ਤਾਂ ਨਹੀਂ ਕਿਹਾ ਪਈ ਸਾਰੇ ਹਿੰਦੂਆਂ ਨੂੰ ਧੱਕੇ ਨਾਲ ਅੰਮ੍ਰਿਤ ਛਕਾਓ। ਰਣਜੀਤ ਸਿੰਘ ਵੇਲੇ ਰਾਜ ਸਿੱਖਾਂ ਦਾ, ਪ੍ਰਧਾਨ ਮੁਸਲਮਾਨ ਤੇ ਖਜ਼ਾਨਚੀ ਹਿੰਦੂ ਸੀ।

ਡਾ. ਸੁਖਪਾਲ ਮਨੁੱਖ ਅੰਦਰਲੀਆਂ ਮਨੁੱਖੀ ਕਦਰਾਂ-ਕੀਮਤਾਂ ਨੂੰ ਲੱਗ ਰਹੇ ਖੋਰੇ ਲਈ ਪੂੰਜੀਵਾਦ ਦੇ ਵੱਧ ਰਹੇ ਪਾਸਾਰ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਪੂੰਜੀਵਾਦ ਦੇ ਪਾਸਾਰ ਨਾਲ ਉਪਭੋਗਿਤਾਵਾਦ ਸ਼ਹਿਰਾਂ ਤੋਂ ਹੁੰਦਾ ਹੋਇਆ ਪਿੰਡਾਂ ਤੱਕ ਵੀ ਪਹੁੰਚ ਗਿਆ। ਸ਼ਹਿਰੀ ਜ਼ਿੰਦਗੀ ਨਾਲ ਸਬੰਧਤ ਚਮਕ-ਦਮਕ ਵਾਲੀਆਂ ਚੀਜ਼ਾਂ ਦੀ ਪ੍ਰਾਪਤੀ ਕਰਨ ਦੀ ਇੱਛਾ ਦੇ ਨਾਲ ਨਾਲ ਇਸ ਸ਼ਹਿਰੀ ਸਭਿਆਚਾਰ ਦੇ ਪਿੰਡਾਂ ਵਿੱਚ ਵੀ ਪਹੁੰਚ ਜਾਣ ਨਾਲ ਸਦੀਆਂ ਤੋਂ ਇੱਕ ਦੂਜੇ ਨਾਲ ਪਿਆਰ-ਮੁਹੱਬਤ ਨਾਲ ਰਹਿਣ ਵਾਲੇ ਪੇਂਡੂ ਲੋਕਾਂ ਵਿੱਚ ਵੀ ਵੱਖਰੇਵੇਂ ਪੈਦਾ ਹੋਣੇ ਸ਼ੁਰੂ ਹੋ ਗਏ। ਲੋਕ ਇੱਕ ਦੂਜੇ ਨਾਲ ਬੇਗਾਨਿਆਂ ਵਾਂਗ ਵਰਤਾਓ ਕਰਨ ਲੱਗ ਪਏ। ਪਿੰਡਾਂ ਦੇ ਲੋਕ ਜਿਨ੍ਹਾਂ ਵਿੱਚ ਸਿੱਖ, ਹਿੰਦੂ, ਮੁਸਲਮਾਨ, ਈਸਾਈ ਵਰਗੇ ਕੋਈ ਵੱਖਰੇਵੇਂ ਨਹੀਂ ਸਨ। ਜਿੱਥੇ ਹਰ ਕੋਈ ਆਪਣੇ ਆਪਨੂੰ ਪਿੰਡ ਵਾਸੀ ਸਮਝਦਾ ਸੀ ਅਤੇ ਇੱਕ ਦੂਜੇ ਦੀਆਂ ਖੁਸ਼ੀਆਂ/ਗ਼ਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਉਹੀ ਹੁਣ ਧਰਮਾਂ/ਫਿਰਕਿਆਂ ਦੇ ਨਾਮ ਉੱਤੇ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ ਸਨ:

“...ਸ਼ਾਇਦ ਏਹੋ ਗਲਤੀ ਹੋਈ ਪਈ ਸਾਨੂੰ ਸ਼ਹਿਰ ਦਾ ਸਮਾਨ ਸੁੱਖ ਸਹੂਲਤ ਚਾਹੀਦੀ ਸੀ ਪਰ ਪਿੰਡ ਨੂੰ ਈ ਸ਼ਹਿਰ ਨਹੀਂ ਸੀ ਬਣਾਉਂਣਾ ਚਾਹੀਦਾ। ਸ਼ਹਿਰ ਦੀ ਉਹ ਤਹਿਜ਼ੀਬ ਨਹੀਂ ਸੀ ਚਾਹੀਦੀ ਜਿਸ ਵਿੱਚ ਬੰਦਾ ਬੰਦੇ ਨਾਲੋਂ ਅੱਡ ਹੋ ਜਾਂਦਾ ਏ। ਪਤਾ ਈ ਨਹੀਂ ਹੁੰਦਾ ਪਈ ਗੁਆਂਢ ਜੀਂਦਾ ਏ ਕੇ ਮਰ ਗਿਆ ਏ?...ਤਰੱਕੀ ਨਾਲ ਲੋਕ ਇੱਕ ਦੂਜੇ ਨੂੰ ਮਾਰਣ ਨਹੀਂ ਲੱਗ ਪੈਂਦੇ। ਇਹ ਪਿੰਡ ਇਹ ਧਰਤੀ ਜਿੱਥੇ ਚੰਗੇ ਲੋਕ ਰਹਿੰਦੇ ਸਨ ਜਿਹੜੇ ਪਰਾਇਆਂ ਨਾਲ ਵੀ ਆਪਣਿਆਂ ਜਿਹਾ ਵਿਹਾਰ ਕਰਦੇ ਸਨ ਓਥੇ ਕਿਵੇਂ ਕੁਝ ਲੋਕ ਅਸਾਲਟਾਂ ਫੜ ਆਪਣਿਆਂ ਨੂੰ ਹੀ ਪਰਾਇਆਂ ਵਾਂਗ ਮਾਰਣ ਲਗ ਪਏ? ਸੈਂਕੜੇ ਵਰ੍ਹਿਆਂ ਦਾ ਰਿਸ਼ਤਾ ਕਿਵੇਂ ਭੁੱਲ ਜਾਂਦਾ ਹੈ?”

ਪੰਜਾਬ ਵਿੱਚ ਜਦੋਂ ਖਾਲਿਸਤਾਨੀ ਦਹਿਸ਼ਤਗਰਦੀ ਦੀ ਲਹਿਰ ਚੱਲੀ ਤਾਂ ਉਨ੍ਹਾਂ ਦਾ ਮੁੱਖ ਨਿਸ਼ਾਨਾ ਪੰਜਾਬ ਦੇ ਹਿੰਦੂਆਂ ਅਤੇ ਸਿੱਖਾਂ ਵਿੱਚ ਤਰੇੜਾਂ ਪਾਉਣਾ ਸੀ; ਪਰ ਦਹਿਸ਼ਤਗਰਦ ਆਪਣੇ ਇਸ ਉਦੇਸ਼ ਵਿੱਚ ਕਾਮਿਯਾਬ ਨਾ ਹੋ ਸਕੇ ਅਤੇ ਉਹ ਪੰਜਾਬ ਵਿੱਚ ਇੱਕ ਵੇਰ ਫਿਰ 1947 ਦੀ ਵੰਡ ਵੇਲੇ ਵਾਪਰਿਆ ਮਹਾਂ-ਦੁਖਾਂਤ ਦੁਹਰਾਉਣ ਵਿੱਚ ਕਾਮਿਯਾਬ ਨ ਹੋ ਸਕੇ. ਜਿਸ ਵਿੱਚ ਪੰਜਾਬ ਦੇ ਲੱਖਾਂ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਨੂੰ ਆਪਣੀਆਂ ਜਾਨਾਂ ਗੁਆਣੀਆ ਪਈਆਂ ਸਨ। ਜਦੋਂ ਧਾਰਮਿਕ ਕੱਟੜਵਾਦੀ ਲੀਡਰਾਂ ਨੇ ਆਪਣੇ ਆਪਣੇ ਧਰਮ ਦੇ ਪੈਰੋਕਾਰਾਂ ਦੇ ਦਿਮਾਗ਼ਾਂ ਵਿੱਚ ਧਾਰਮਿਕ ਕੱਟੜਵਾਦ ਦੇ ਜਨੂੰਨ ਦੀ ਜ਼ਹਿਰ ਭਰਕੇ ਉਨ੍ਹਾਂ ਤੋਂ ਦੂਜੇ ਧਰਮਾਂ ਦੇ ਮਾਸੂਮ ਮਰਦਾਂ, ਔਰਤਾਂ, ਬੱਚਿਆਂ, ਨੌਜੁਆਨਾਂ ਅਤੇ ਬੁੱਢਿਆਂ ਦੇ ਕਤਲ ਕਰਵਾ ਦਿੱਤੇ ਸਨ। ਡਾ. ਸੁਖਪਾਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮੁੜ ਕਦੀ ਵੀ ਅਜਿਹੀ ਹਨ੍ਹੇਰੀ ਝੁੱਲੇ, ਕਾਤਲਾਂ ਦੇ ਗਰੋਹ ਖੂੰਖਾਰ ਕੁੱਤਿਆਂ ਵਾਂਗ ਸੜਕਾਂ ਉੱਤੇ ਦਨਦਨਾਂਦੇ ਹੋਏ ਆਦਮ-ਬੋਅ, ਆਦਮ-ਬੋਅ ਕਰਦੇ ਹੋਣ ਤਾਂ ਪੰਜਾਬ ਦੇ ਲੋਕ ਇਨ੍ਹਾਂ ਕਾਤਲਾਂ ਤੋਂ ਡਰਨ ਨਾ; ਬਲਕਿ ਇਕੱਠੇ ਹੋ ਕੇ ਇਨ੍ਹਾਂ ਕਾਤਲਾਂ ਦਾ ਮੁਕਾਬਲਾ ਕਰਨ - ਹਿੰਦੂ, ਸਿੱਖ, ਮੁਸਲਮਾਨ, ਈਸਾਈ, ਜੈਨੀ, ਬੋਧੀ ਹੋ ਕੇ ਨਹੀਂ - ਬਲਕਿ ਮਨੁੱਖ ਬਣਕੇ। ਮਨੁੱਖ, ਜਿਨ੍ਹਾਂ ਦੀਆਂ ਰਗਾਂ ਵਿੱਚ ਇੱਕੋ ਜਿਹਾ ਖ਼ੂਨ ਬਹਿੰਦਾ ਹੈ। ਜੋ ਪੰਜਾਬ ਦੀ ਸਾਂਝੀ ਹਵਾ ਵਿੱਚ ਸਾਹ ਲੈਂਦੇ ਹਨ। ਜੋ ਪੰਜਾਬ ਦੇ ਸਾਂਝੇ ਦਰਿਆਵਾਂ ਦਾ ਪਾਣੀ ਪੀਂਦੇ ਹਨ। ਜੋ ਪੰਜਾਬ ਦੇ ਸਾਂਝੇ ਖੇਤਾਂ ਵਿੱਚ ਹਲ ਚਲਾਉਂਦੇ ਹਨ। ਜੋ ਪੰਜਾਬ ਦੇ ਸਾਂਝੇ ਗੀਤ ਗਾਂਦੇ ਹਨ। ਜੋ ਪੰਜਾਬੀਆਂ ਦੀ ਸਾਂਝੀ ਬੋਲੀ ਪੰਜਾਬੀ ਬੋਲਦੇ ਹਨ:

ਰਲ਼ ਕੇ ਇੱਕ ਦੂਜੇ ਦੀ ਰਾਖੀ ਕਰੀਏ। ਕਿਸੇ ਵੀ ਘਰ ਗੋਲੀ ਚੱਲੇ ਤਾਂ ਸਾਰਾ ਪਿੰਡ ਗਲੀ ਬਜ਼ਾਰ ਅੰਦਰ ਵੜ੍ਹਣ ਦੀ ਥਾਵੇਂ ਬਾਹਰ ਨਿਕਲ ਆਵੇ। ਬੰਦੂਕਾਂ ਨਹੀਂ ਤਾਂ ਕਿਰਪਾਨਾਂ, ਨੲਹੀਂ ਤਾਂ ਡਾਂਗਾਂ, ਨਹੀਂ ਤਾਂ ਨਿਹੱਥੇ ਈ ਮਾਰਨ ਵਾਲਿਆਂ ਨੂੰ ਪੈ ਜਾਈਏ। ਮਾਰਣ ਵਾਲਿਆਂ ਨੂੰ ਪਤਾ ਲੱਗ ਜਾਵੇ ਪਈ ਉਹ ਜਿਊਂਦੇ ਨਹੀਂ ਮੁੜਣ ਲੱਗੇ। ਚਵ੍ਹਾਂ ਦਿਨਾਂ ਵਿੱਚ ਖ਼ੂਨ ਖਰਾਬਾ ਬੰਦ ਹੋ ਜਾਵੇਗਾ। ਫ਼ਿਕਰ ਨਾ ਕਰੀਏ ਪਈ ਲੜਦਿਆਂ ਮਾਰੇ ਜਾਵਾਂਗੇ।

ਪੂੰਜੀਵਾਦੀ ਸਭਿਆਚਾਰ ਨੇ ਜ਼ਿੰਦਗੀ ਨਾਲ ਸਬੰਧਤ ਹਰ ਵਰਤਾਰੇ ਨੂੰ ਹੀ ਸਬਜ਼ੀ ਮੰਡੀ ਦੇ ਸੁਭਾਅ ਵਿੱਚ ਢਾਲ ਦਿੱਤਾ ਹੈ। ਮਨੁੱਖੀ ਰਿਸ਼ਤਿਆਂ ਦੇ ਫੈਸਲਿਆਂ ਬਾਰੇ ਵੀ ਨਿਰਣਾ ਉਸੀ ਤਰ੍ਹਾਂ ਹੀ ਲਿਆ ਜਾਂਦਾ ਹੈ ਜਿਵੇਂ ਕਿਸੇ ਦਫਤਰ ਵਿੱਚ ਕੰਮ ਕਰਨ ਲਈ ਭਰਤੀ ਕੀਤੇ ਜਾਣ ਵਾਲੇ ਕਾਮਿਆਂ ਬਾਰੇ ਫੈਸਲਾ ਲਿਆ ਜਾਂਦਾ ਹੈ ਜਾਂ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਖ੍ਰੀਦਣ ਵੇਲੇ ਫੈਸਲਾ ਲਿਆ ਜਾਂਦਾ ਹੈ। ਡਾ. ਸੁਖਪਾਲ ਦੀ ਕਵਿਤਾ ਸਬਜ਼ੀ ਮੰਡੀਸਾਡੇ ਸਮਿਆਂ ਦੇ ਸਭਿਆਚਾਰ ਦੀਆਂ ਹਕੀਕਤਾਂ ਨੂੰ ਆਪਣੇ ਹੀ ਅੰਦਾਜ਼ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦੀ ਹੈ:

1.

ਅਸੀਂ ਚਾਲ੍ਹੀ ਜਣਿਆਂ ਦਾ ਇੰਟਰਵਿਊ ਕਰਾਂਗੇ

ਫਿਰ ਦੱਸਾਂਗੇ

ਸਾਡੇ ਮੁੰਡੇ ਲਈ ਬੜੇ ਰਿਸ਼ਤੇ ਆਏ

ਸੋਚਿਆ ਤੁਹਾਡੀ ਕੁੜੀ ਵੀ ਵੇਖ ਲਈਏ

ਸਾਰਾ ਬਾਜ਼ਾਰ ਫੋਲ ਮਾਰਿਆ

ਚੱਜ ਦਾ ਕੇਲਾ ਨਹੀਂ ਮਿਲਿਆ

2.

ਤੁਸੀਂ ਸਾਡੀ ਕੰਪਨੀ ਲਈ

ਕਿੰਨੇ ਗਾਹਕ ਬਣਾ ਸਕਦੇ ਹੋ

ਵਿਆਹ ਵਿੱਚ ਲੈਣ ਦੇਣ ਦੀ ਗੱਲ

ਹੁਣੇ ਕਰ ਲਈਏ ਤਾਂ ਚੰਗਾ ਹੈ

ਵੇ ਭਾਈ ਕੇਲਿਆਂ ਦਾ

ਠੀਕ ਠੀਕ ਮੁੱਲ ਲਾ

ਪਰਾ-ਆਧੁਨਿਕ ਸਮਿਆਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਵਿੱਚ ਹੋਈ ਤਰੱਕੀ ਸਦਕਾ ਸਾਡੇ ਘਰ ਵੀ ਮੰਡੀਆਂ ਵਿੱਚ ਹੀ ਤਬਦੀਲ ਹੋ ਚੁੱਕੇ ਹਨ। ਸਾਡੀ ਸੋਚ, ਸਾਡੀ ਬੋਲੀ, ਸਾਡੇ ਵਰਤਾਓ ਵਿੱਚ ਡਾਲਰਹੀ ਗੂੰਜਦਾ ਹੈ. ਰੇਡੀਓ, ਟੀਵੀ, ਇੰਟਰਨੈੱਟ, ਅਖਬਾਰਾਂ - ਸਾਡੇ ਸੁਚੇਤ/ਅਚੇਤ ਮਨ ਨੂੰ ਅਜਿਹੀ ਮਾਨਸਿਕਤਾ ਵਿੱਚ ਢਾਲਣ ਲਈ ਯਥਾਸ਼ਕਤੀ ਆਪਣਾ ਯੋਗਦਾਨ ਪਾ ਰਹੇ ਹਨ। ਕਿਸੇ ਵੀ ਗੱਲ ਬਾਰੇ ਕੋਈ ਨਿਰਣਾ ਲੈਣ ਲਈ ਤੱਕੜੀ ਦੇ ਦੂਜੇ ਪਲੜੇ ਵਿੱਚ ਡਾਲਰਾਂ ਦਾ ਭਾਰ ਰੱਖਕੇ ਵੇਖਿਆ ਜਾਂਦਾ ਹੈ ਕਿ ਅਜਿਹਾ ਫੈਸਲਾ ਲੈਣ ਨਾਲ ਡਾਲਰਾਂ ਦੇ ਹਿਸਾਬ ਨਾਲ ਕਿੰਨ੍ਹਾਂ ਮੁਨਾਫ਼ਾ ਜਾਂ ਘਾਟਾ ਹੋਵੇਗਾ। ਜ਼ਿੰਦਗੀ ਦਾ ਮਨੋਰਥ, ਮਹਿਜ਼, ਡਾਲਰ ਕਮਾਉਣ ਤੱਕ ਸੀਮਿਤ ਹੋ ਕੇ ਹੀ ਰਹਿ ਗਿਆ ਹੈ। ਡਾ. ਸੁਖਪਾਲ ਆਪਣੀ ਕਵਿਤਾ ਘਰ-ਮੰਡੀਵਿੱਚ ਵੀ ਇਸੀ ਚਿੰਤਾ ਦਾ ਹੀ ਇਜ਼ਹਾਰ ਕਰ ਰਿਹਾ ਹੈ:

ਆਪਣੀ ਥਾਵੇਂ ਖੜੇ ਖੜੋਤੇ

ਮੇਰੇ ਘਰ ਨੂੰ ਪਤਾ ਨਾ ਲੱਗਾ

ਕਿਸ ਵੇਲੇ ਉਹ ਮੰਡੀ ਅੰਦਰ ਪਹੁੰਚ ਗਿਆ

.......................................

ਡਾਕਟਰ ਬਣਨ ਨੂੰ ਪੁੱਤਰ ਮੇਰਾ

ਦਿਨ ਤੇ ਰਾਤਾਂ ਇੱਕ ਹੈ ਕਰਦਾ

ਪੁਸਤਕ ਦੇ ਅੱਖਰਾਂ ਵਿੱਚੋਂ ਉਹ

ਪੀੜ ਦੀ ਥਾਵੇਂ ਪੈਸਾ ਪੜ੍ਹਦਾ

ਹੱਥ ਵਿੱਚ ਗੁਟਕਾ ਗਲ ਵਿੱਚ ਬਾਹਾਂ

ਪਾ ਕੇ ਪੁੱਛੇ ਮੇਰੀ ਧੀ

ਡੈਡੀ ਜੇ ਮੈਂ ਪਾਠ ਕਰਾਂ ਤਾਂ

ਕਿੰਨੇ ਪੈਸੇ ਮਿਲਣਗੇ ਮੈਨੂੰ?’

ਸਾਡੇ ਸਮਿਆਂ ਦੀ ਇੱਕ ਵੀ ਤ੍ਰਾਸਦੀ ਹੈ ਕਿ ਹਰ ਸਭਿਆਚਾਰ ਨੂੰ ਮੰਨਣ ਵਾਲੇ ਲੋਕ ਆਪਣੇ ਸਭਿਆਚਾਰ ਨੂੰ ਹੀ ਉੱਤਮ ਸਮਝਦੇ ਹਨ। ਹੋਰਨਾਂ ਸਭਿਆਚਾਰਾਂ ਦੇ ਲੋਕਾਂ ਤੋਂ ਉਹ ਉਮੀਦ ਕਰਦੇ ਹਨ ਕਿ ਉਹ ਉਨ੍ਹਾਂ ਦੀਆਂ ਰਹੁ-ਰੀਤਾਂ ਨੂੰ ਤਾਂ ਮੰਨਣ ਪਰ ਆਪ ਉਹ ਦੂਜੇ ਸਭਿਆਚਾਰਾਂ ਦੀਆਂ ਰਹੁ-ਰੀਤਾਂ ਮੰਨਣ ਲਈ ਤਿਆਰ ਨਹੀਂ ਹੁੰਦੇ। ਕਈ ਵੇਰੀ ਅਜਿਹੀਆਂ ਗੱਲਾਂ ਵੱਖੋ ਵੱਖਰੇ ਸਭਿਆਚਾਰਾਂ ਦੇ ਲੋਕਾਂ ਦਰਮਿਆਨ ਗਹਿਰੇ ਮੱਤ-ਭੇਦ ਪੈਦਾ ਕਰਨ ਲਈ ਵੀ ਜਿੰਮੇਵਾਰ ਬਣਦੀਆਂ ਹਨ। ਡਾ. ਸੁਖਪਾਲ ਆਪਣੀ ਕਵਿਤਾ ਦਸਤਾਰਵਿੱਚ ਇਸ ਵਿਸ਼ੇ ਨੂੰ ਬੜੇ ਹੀ ਸਲੀਕੇ ਨਾਲ ਪੇਸ਼ ਕਰਦਾ ਹੈ:

ਚਰਚ ਵਿੱਚ ਜਾਣ ਵੇਲੇ

ਮੈਂ ਦਸਤਾਰ ਨਹੀਂ ਲਾਹੁੰਦਾ

ਆਖਦਾ ਹਾਂ-

ਤੁਹਾਡੇ ਅਸਥਾਨ ਦਾ ਆਦਰ

ਆਪਣੀ ਰਹੁ ਰੀਤ ਨਾਲ ਕਰਾਂਗਾ

ਗੁਰਦੁਆਰੇ ਆਉਂਦੇ ਗੋਰੇ ਨੂੰ

ਸਿਰ ਢੱਕਣ ਲਈ ਮਜਬੂਰ ਕਰਦਾ ਹਾਂ

ਭੁੱਲ ਜਾਂਦਾ ਹਾਂ- ਉਸਦੀ ਰਹੁ ਰੀਤ

ਸਿਰ ਨੰਗਾ ਕਰਕੇ ਆਦਰ ਦੇਣ ਦੀ ਹੈ

ਭੁੱਲ ਜਾਂਦੀ ਹੈ - ਉਹ ਕੀਮਤ

ਜਿਸਦਾ ਚਿੰਨ੍ਹ ਇਹ ਦਸਤਾਰ ਹੈ

ਮੈਂ ਸਿਰਫ ਚਿੰਨ੍ਹ ਯਾਦ ਰਖਦਾ ਹਾਂ

ਕਵਿਤਾ ਲਿਖਣ ਦੇ ਆਪਣੇ ਵੱਖਰੇ ਹੀ ਅੰਦਾਜ਼ ਵਿੱਚ ਡਾ. ਸੁਖਪਾਲ ਭਾਰਤੀ ਮਿਥਿਹਾਸ ਦਾ ਸਹਾਰਾ ਲੈਂਦੇ ਹੋਏ ਇੱਕ ਹੋਰ ਵਿਸ਼ੇ ਬਾਰੇ ਵੀ ਬੜੇ ਹੀ ਵਧੀਆ ਢੰਗ ਨਾਲ ਗੱਲ ਕਰਦਾ ਹੈ। ਉਹ ਵਿਸ਼ਾ ਹੈ ਮਰਦ-ਪ੍ਰਧਾਨ ਸਮਾਜ ਵਿੱਚ ਔਰਤ ਦੀ ਸਵੀਕ੍ਰਿਤੀ ਦਾ ਮਸਲਾ। ਭਾਵੇਂ ਕਿ ਮਨੁੱਖੀ ਸਭਿਅਤਾ ਨੇ ਗਿਆਨ/ਵਿਗਿਆਨ ਦੇ ਖੇਤਰ ਵਿੱਚ ਇੰਤਹਾ ਤਰੱਕੀ ਕਰ ਲਈ ਹੈ; ਪਰ ਇਹ ਵੀ ਇੱਕ ਹਕੀਕਤ ਹੈ ਕਿ ਅੱਜ ਵੀ ਆਪਣੇ ਹੱਕਾਂ ਦੀ ਮੰਗ ਕਰਨ ਵਾਲੀ ਅਤੇ ਆਪਣੇ ਉੱਤੇ ਹੁੰਦੇ ਅਤਿਆਚਾਰਾਂ ਵਿਰੁੱਧ ਬੋਲਣ ਦੀ ਜ਼ੁਰਅੱਤ ਕਰਨ ਵਾਲੀ ਔਰਤ ਨੂੰ ਸਾਡੇ ਸਮਾਜ ਵੱਲੋਂ ਸਵੀਕਾਰਿਆ ਨਹੀਂ ਜਾਂਦਾ। ਔਰਤ ਤੋਂ ਸਦਾ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਰ ਗੱਲ ਨੂੰ ਰੱਬ ਦਾ ਭਾਣਾਸਮਝ ਕੇ ਮੰਨ ਲਵੇ ਅਤੇ ਆਪਣੇ ਨਾਲ ਹੁੰਦੇ ਅਨਿਆਂ ਵਿਰੁੱਧ ਕਦੀ ਵੀ ਆਪਣੀ ਜ਼ੁਬਾਨ ਖੋਲ੍ਹਣ ਦੀ ਹਿੰਮਤ ਨ ਕਰੇ। ਰਹੁਣ ਕਿਥਾਊ ਨਾਹਿਪੁਸਤਕ ਵਿੱਚ ਸ਼ਾਮਿਲ ਕੀਤੀਆਂ ਗਈਆਂ ਕਵਿਤਾਵਾਂ ਚੋਂ, ਸ਼ਾਇਦ, ਸਭ ਤੋਂ ਪ੍ਰਭਾਵਾਸ਼ਾਲੀ ਕਵਿਤਾ ਸੀਤਾ ਅਤੇ ਦਰੋਪਦੀਹੈ। ਇਸ ਗੱਲ ਦਾ ਅੰਦਾਜ਼ਾ ਇਸ ਕਵਿਤਾ ਵਿਚਲੀਆਂ ਇਨ੍ਹਾਂ ਸਤਰਾਂ ਨੂੰ ਪੜ੍ਹਕੇ ਹੀ ਲਗਾਇਆ ਜਾ ਸਕਦਾ ਹੈ:

ਸੀਤਾ ਸ਼ਾਂਤ ਹੈ

ਦਰੋਪਦੀ ਤੇਜੱਸਵੀ ਹੈ

ਦਰੋਪਦੀ ਕੋਲ ਪੰਜ ਮਰਦ ਹਨ

ਸੀਤਾ ਇਕੋ ਦੀ ਪਤਨੀ ਬਣ ਉਮਰ ਭਰ ਵਸਦੀ ਹੈ

ਸੀਤਾ ਨੂੰ ਵਰਣ ਖਾਤਰ ਧਨੁਸ਼ ਸਿਰਫ ਚੁੱਕਣਾ ਹੀ ਪੈਂਦਾ ਹੈ

ਦਰੋਪਦੀ ਖਾਤਰ ਧਨੁਸ਼ ਨਾਲ ਘੁੰਮਦੀ ਅੱਖ ਨੂੰ ਵਿੰਨ੍ਹਣਾ ਵੀ ਪੈਂਦਾ ਹੈ

ਸੀਤਾ ਧੋਬੀ ਦਾ ਮਿਹਣਾ ਸੁਣ ਚੁੱਪ ਰਹਿੰਦੀ ਹੈ

ਦਰੋਪਦੀ ਸੱਚਬੋਲੀ ਹੈ ਅੰਨ੍ਹੇ ਨੂੰ ਅੰਨ੍ਹਾ ਕਹਿੰਦੀ ਹੈ

ਸੀਤਾ ਨੂੰ ਸਿਰਫ਼ ਹੁਕਮ ਦੇਣਾ ਪੈਂਦਾ ਹੈ

ਦਰੋਪਦੀ ਦਾ ਹੁਕਮ ਪੰਜ ਮਹਾਂਮਰਦ ਸੂਰਬੀਰਾਂ ਨੂੰ ਮੰਨਣਾ ਪੈਂਦਾ ਹੈ

ਸੀਤਾ ਰਾਵਣ ਦੀ ਕੈਦ ਵਿੱਚ ਚੁੱਪਚਾਪ ਰਹਿੰਦੀ ਹੈ

ਦਰੋਪਦੀ ਚੀਰਹਰਣ ਬਦਲੇ ਦੁਸ਼ਾਸਨ ਦਾ ਲਹੂ ਮੰਗਦੀ ਹੈ

ਸੀਤਾ ਨੂੰ ਘਰੋਂ ਕੱਢ ਦੇਵੋ ਚੁੱਪਚਾਪ ਜੰਗਲ ਚਲੀ ਜਾਂਦੀ ਹੈ

ਦਰੋਪਦੀ ਦੇ ਵਾਲ ਖੁੱਲ੍ਹ ਜਾਣ ਤਾਂ ਕੁਰਕਸ਼ੇਤਰ ਰਚ ਦੇਂਦੀ ਹੈ

ਸੀਤਾ ਦੀ ਪਤ ਤੇ ਸ਼ੱਕ ਕਰੋ ਤਾਂ ਅਗਨੀਪ੍ਰੀਖਿਆ ਦੇਂਦੀ ਹੈ

ਦਰੋਪਦੀ ਨੂੰ ਬੇਪਤ ਕਰੋ ਤਾਂ ਹਜ਼ਾਰਾਂ ਦੀ ਜਾਨ ਜਾਂਦੀ ਹੈ

ਮਰਦਾਂ ਦੀ ਸੌਖਿਆਈ ਲਈ ਏਹੋ ਕਰਨਾ ਪਏਗਾ

ਦਰੋਪਦੀ ਦੀ ਥਾਂ ਸੀਤਾ ਨੂੰ ਚੁਣਨਾ ਪਏਗਾ

ਮਨੁੱਖ ਚੋਂ ਮਨੁੱਖਤਾ ਖਤਮ ਕਰਨ ਲਈ ਸ਼ਬਦਾਂ ਨਾਲ ਬਲਾਤਕਾਰ ਕੀਤਾ ਜਾ ਰਿਹਾ ਹੈ। ਮਨੁੱਖ ਨੂੰ ਮਸ਼ੀਨ ਦਾ ਇੱਕ ਪੁਰਜ਼ਾ, ਇੱਕ ਰੋਬਾਟ ਬਣਾ ਦਿੱਤਾ ਗਿਆ ਹੈ। ਜਿਸ ਅੰਦਰ ਭਾਵਨਾਵਾਂ, ਅਹਿਸਾਸ ਮਰ ਚੁੱਕੇ ਹਨ। ਉਸਦੀ ਹੋਂਦ ਅੱਜ ਇੱਕ ਨੰਬਰ ਬਣਕੇ ਰਹਿ ਗਈ ਹੈ। ਸਮੁੱਚੀ ਜ਼ਿੰਦਗੀ ਸਾਡੇ ਲਈ ਇੱਕ ਮਨੋਰੰਜਨ ਭਰਿਆ ਨਾਟਕ ਬਣਾ ਦਿੱਤੀ ਗਈ ਹੈ। ਜਿਸ ਵਿੱਚ ਦੁੱਖ, ਦਰਦ, ਮੌਤ ਵਰਗੇ ਸ਼ਬਦਾਂ ਦੇ ਕੋਈ ਅਰਥ ਬਾਕੀ ਨਹੀਂ ਰਹਿ ਗਏ. ਸ਼ਾਇਦ ਇਸੇ ਕਾਰਨ ਹੀ ਅਮਰੀਕਾ ਵਰਗੇ ਦੇਸ਼ ਦੇ ਰਾਸ਼ਟਰਪਤੀ ਜੋਰਜ ਬੁੱਸ਼ ਵੱਲੋਂ ਇਰਾਕ ਵਰਗੇ ਦੇਸ਼ ਉੱਤੇ ਲੱਖਾਂ ਫੌਜਾਂ, ਹਵਾਈ ਜਹਾਜ਼ਾਂ, ਟੈਂਕਾਂ, ਰਾਕਟਾਂ ਨਾਲ ਹਮਲਾ ਕਰਕੇ ਲੱਖਾਂ ਦੀ ਗਿਣਤੀ ਵਿੱਚ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦੇਣ ਤੋਂ ਬਾਹਦ ਵੀ ਯੂ.ਐਨ.ਓ. ਵਰਗੀਆਂ ਸੰਸਥਾਵਾਂ ਸਿਰਫ ਮਤੇ ਪਾਸ ਕਰਕੇ ਹੀ ਆਪਣੀ ਜਿੰਮੇਵਾਰੀ ਤੋਂ ਸੁਰਖਰੂ ਹੋ ਜਾਂਦੀਆਂ ਹਨ। ਸਾਡੇ ਸਮਿਆਂ ਦੇ ਰਾਜਨੀਤੀਵਾਨਾਂ ਵੱਲੋਂ ਕੀਤੇ ਜਾ ਰਹੇ ਅਜਿਹੇ ਘਿਨਾਉਣੇ ਕੰਮਾਂ ਨੂੰ ਡਾ. ਸੁਖਪਾਲ ਆਪਣੀ ਕਵਿਤਾ ਸ਼ਬਦ ਜਾਲਵਿੱਚ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:

ਸ਼ਬਦ ਜਾਲ ਵਿੱਚ ਉਲਝ ਕੇ

ਜੰਗ ਸਾਨੂੰ ਜੰਗ ਨਹੀਂ ਲਗਦੀ

ਲਾਸ਼ਾਂ ਵਿੱਚੋਂ ਬੋਅ ਨਹੀਂ ਆਉਂਦੀ

ਚੀਕ ਵਿੱਚੋਂ ਪੀੜ ਨਹੀਂ ਸੁਣਦੀ

ਲਹੂ ਡੁਲ੍ਹਦਾ ਨਹੀਂ ਦਿਸਦਾ

ਕਿਸੇ ਵੀ ਮਨੁੱਖ ਵਿੱਚੋਂ ਮਨੁੱਖ ਹੋਣ ਦੀਆਂ ਨਿਸ਼ਾਨੀਆਂ ਹੋਰ ਵੀ ਕਈ ਢੰਗਾਂ ਨਾਲ ਪਹਿਚਾਣੀਆਂ ਜਾ ਸਕਦੀਆਂ ਹਨ। ਕੈਨੇਡਾ ਵਿੱਚ ਅਸੀਂ ਟੈਰੀ ਫਾਕਸ ਨਾਮ ਦੇ ਇੱਕ ਨੌਜੁਆਨ ਬਾਰੇ ਜਾਣਦੇ ਹਾਂ। ਜੋ ਆਪਣੇ ਕੰਮਾਂ ਸਦਕਾ ਕੈਨੇਡਾ ਦੇ ਲੋਕ-ਨਾਇਕਾਂ ਵਿੱਚ ਗਿਣਿਆਂ ਜਾਂਦਾ ਹੈ। ਉਸਦੀ ਆਪਣੀ ਇੱਕ ਲੱਤ ਕੈਂਸਰ ਦੀ ਬੀਮਾਰੀ ਨਾਲ ਖਰਾਬ ਹੋ ਜਾਣ ਦੇ ਬਾਵਜੂਦ ਉਸਨੇ ਕੈਨੇਡਾ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਆਪਣੀ ਇੱਕ ਲੱਤ ਦੇ ਸਹਾਰੇ ਪੈਦਲ ਯਾਤਰਾ ਕੀਤੀ ਤਾਂ ਕਿ ਲੋਕਾਂ ਵਿੱਚ ਕੈਂਸਰ ਵਰਗੀ ਭਿਆਨਕ ਬੀਮਾਰੀ ਬਾਰੇ ਚੇਤਨਾ ਪੈਦਾ ਕੀਤੀ ਜਾ ਸਕੇ। ਇਸ ਵਿੱਚ ਉਸਦਾ ਆਪਣਾ ਕੋਈ ਹਿਤ ਨਹੀਂ ਸੀ। ਪਰ ਇੱਕ ਸੰਵੇਦਨਸ਼ੀਲ ਮਨੁੱਖ ਹੋਣ ਵਜੋਂ ਉਹ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਦਾ ਦੁੱਖ ਉਸਨੇ ਭੋਗਿਆ ਹੈ ਉਸ ਤਰ੍ਹਾਂ ਦਾ ਦੁੱਖ ਹੋਰਨਾਂ ਲੋਕਾਂ ਨੂੰ ਨ ਭੋਗਣਾ ਪਵੇ। ਕੁਝ ਇਸ ਤਰ੍ਹਾਂ ਦੀ ਹੀ ਲੋਕ-ਚੇਤਨਾ ਜਗਾਉਣ ਦੀ ਗੱਲ ਡਾ. ਸੁਖਪਾਲ ਆਪਣੀ ਲਿਖਤ ਚੱਪਾ ਕੁ ਥਾਂਵਿੱਚ ਕਰਦਾ ਹੈ। ਭਾਵੇਂ ਕਿ ਇਹ ਉਦਾਹਰਣ ਕੈਨੇਡਾ ਦੇ ਲੋਕ-ਨਾਇਕ ਟੈਰੀ ਫਾਕਸ ਦੇ ਕੰਮ ਦਾ ਮੁਕਾਬਲਾ ਤਾਂ ਨਹੀਂ ਕਰ ਸਕਦੀ ਪਰ ਇਹ ਕੰਮ ਵੀ ਟੈਰੀ ਫਾਕਸ ਵੱਲੋਂ ਕੀਤੇ ਗਏ ਕੰਮਾਂ ਵਰਗਾ ਹੀ ਇੱਕ ਕੰਮ ਕਿਹਾ ਜਾ ਸਕਦਾ ਹੈ। ਕਿਉਂਕਿ ਇਹ ਕੰਮ ਵੀ ਲੋਕ-ਚੇਤਨਾ ਜਗਾਉਣ ਦਾ ਹੀ ਇੱਕ ਉਪਰਾਲਾ ਹੈ:

ਮੈਨੂੰ ਕਲ੍ਹ ਹੀ ਇੰਡੀਆ ਟੁਡੇਵਿਚ ਪੜ੍ਹੀ ਖਬਰ ਚੇਤੇ ਆਈ:...ਕਿਸੇ ਬੰਦੇ ਨੇ ਮਦਰਾਸ ਸ਼ਹਿਰ ਵਿੱਚ ਆਪਣੇ ਮਹੱਲੇ ਦੇ ਲੋਕਾਂ ਨੂੰ ਆਖਿਆ - ਆਪੋ ਆਪਣੇ ਘਰ ਦਾ ਕੂੜਾ ਦਰਵਾਜ਼ੇ ਤੇ ਰੱਖ ਦਿਉ, ਮੈਂ ਏਸਨੂੰ ਸੁੱਟ ਆਵਾਂਗਾ। ਲੋਕੀਂ ਹੱਸੇ, ਪਰ ਉਹ ਬੰਦਾ ਰੋਜ਼ ਸ਼ਾਮ ਨੂੰ ਓਨ੍ਹਾਂ ਦਾ ਦਰ ਜਾ ਖੜਕਾਉਂਦਾ, ਘਰ ਦੇ ਬਾਹਰ ਝਾੜੂ ਦੇਂਦਾ, ਕੂੜਾ ਚੁੱਕ ਕੇ ਕੁਝ ਮੀਲਾਂ ਤੇ ਪਏ ਢੋਲ ਵਿੱਚ ਸੁੱਟਣ ਜਾਂਦਾ। ਲੋਕੀ ਉਸਨੂੰ ਭੰਗੀ ਕਹਿੰਦੇ, ਪਰ ਉਹ ਮੱਥੇ ਵੱਟ ਨਾ ਪਾਉਂਦਾ। ਬਿਨ ਨਾਗਾ ਇਹ ਗੰਦਾਕੰਮ ਕਰਦਾ ਰਹਿੰਦਾ। ਤਿੰਨ ਮਹੀਨੇ ਬੀਤੇ - ਲੋਕੀਂ ਪੰਘਰ ਗਏ। ਆਪਣੇ ਘਰ ਦੇ ਵਿਹੜੇ, ਬੂਹੇ ਗਲੀ ਸਾਫ਼ ਰੱਖਣ ਲੱਗ ਗਏ। ਉਨ੍ਹਾਂ ਰਲਕੇ ਪੈਸੇ ਪਾਏ, ਢੋਲ ਖਰੀਦਿਆ, ਹਫਤੇ ਮਗਰੋਂ ਢੋਲ ਨੂੰ ਸ਼ਹਿਰੋਂ ਬਾਹਰ ਲਿਜਾ ਕੇ ਖਾਲੀ ਕਰਦੇ। ਉਨ੍ਹਾਂ ਨੂੰ ਆਪਣਾ ਆਲਾ ਦੁਆਲਾ ਚੰਗਾ ਚੰਗਾ ਲੱਗਣ ਲੱਗਾ।

ਮਨੁੱਖ ਹੋਣ ਲਈ ਕੋਈ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਮਹਿੰਗੀ ਤੋਂ ਮਹਿੰਗੀ ਕਾਰ ਹੋਵੇ, ਸ਼ਾਨਦਾਰ ਮਕਾਨ ਹੋਵੇ, ਟੀਵੀ, ਕੰਮਪੀਊਟਰ, ਫਰਿੱਜ, ਸਟੋਵ ਹੋਵੇ। ਤੁਹਾਡਾ ਘਰ ਚਮਕ-ਦਮਕ ਮਾਰਦੇ ਗਹਿਣਿਆਂ ਨਾਲ ਭਰਿਆ ਹੋਵੇ ਅਤੇ ਤੁਹਾਡੇ ਘਰ ਵਿੱਚ ਰੰਗ-ਬਰੰਗੀਆਂ ਰੌਸ਼ਨੀਆਂ ਦੇ ਝਲਕਾਰੇ ਪੈਂਦੇ ਹੋਣ। ਹਕੀਕਤ ਬਿਲਕੁਲ ਇਸ ਤੋਂ ਉਲਟ ਹੋ ਰਹੀ ਹੈ। ਹਰ ਰੋਜ਼ ਅਖ਼ਬਾਰਾਂ ਅਜਿਹੀਆਂ ਖ਼ਬਰਾਂ ਨਾਲ ਭਰੀਆਂ ਹੁੰਦੀਆਂ ਹਨ ਕਿ ਹਰ ਤਰ੍ਹਾਂ ਦੀ ਅਮੀਰੀ ਅਤੇ ਐਸ਼-ਪ੍ਰਸਤੀ ਦਾ ਆਨੰਦ ਲੈ ਰਹੇ ਮਹੱਲਾਂ ਵਰਗੇ ਘਰਾਂ ਵਿੱਚ ਰਹਿਣ ਵਾਲੇ ਲੋਕ ਆਪਣੇ ਅੰਦਰੋਂ ਮਨੁੱਖਤਾ ਮਰ ਜਾਣ ਕਾਰਨ ਆਪਣੀਆਂ ਹੀ ਪਤਨੀਆਂ ਅਤੇ ਬੱਚਿਆਂ ਦੇ ਕਤਲ ਕਰ ਰਹੇ ਹਨ ਅਤੇ ਆਪ ਖੁਦਕਸ਼ੀਆਂ ਕਰ ਰਹੇ ਹਨ. ਪਰ ਇਸ ਦੇ ਮੁਕਾਬਲੇ ਵਿੱਚ ਅਸੀਂ ਉਨ੍ਹਾਂ ਲੋਕਾਂ ਵੱਲੋਂ ਬਿਤਾਈ ਜਾ ਰਹੀ ਜ਼ਿੰਦਗੀ ਬਾਰੇ ਵੀ ਪੜ੍ਹਦੇ/ਸੁਣਦੇ ਹਾਂ ਜਿਨ੍ਹਾਂ ਕੋਲ ਸਿਰ ਛੁਪਾਉਣ ਲਈ ਸਿਰਫ ਝੌਂਪੜੀਆਂ ਦੀ ਨਿੱਕੀ ਜਿਹੀ ਛੱਤ ਹੈ। ਜਿਨ੍ਹਾਂ ਕੋਲ ਅਜੋਕੇ ਸਮਿਆਂ ਦੀ ਐਸ਼-ਪ੍ਰਸਤੀ ਦਾ ਸਾਮਾਨ ਟੀਵੀ, ਫਰਿਜ, ਸਟੋਵ, ਕਾਰਾਂ, ਵਰਗੀਆਂ ਕੋਈ ਚੀਜ਼ਾਂ ਨਹੀਂ; ਪਰ ਉਹ ਫਿਰ ਵੀ ਇੱਕ ਦੂਜੇ ਨਾਲ ਹੱਸ-ਖੇਡ ਰਹੇ ਅਤੇ ਜ਼ਿੰਦਗੀ ਦਾ ਆਨੰਦ ਲੈ ਰਹੇ ਹਨ। ਡਾ. ਸੁਖਪਾਲ ਦੀ ਲਿਖਤ ਚੱਪਾ ਕੁ ਥਾਂਵਿੱਚੋਂ ਹੀ ਅਜਿਹੇ ਲੋਕਾਂ ਵੱਲੋਂ ਬਿਤਾਈ ਜਾ ਰਹੀ ਜ਼ਿੰਦਗੀ ਦਾ ਇੱਕ ਦ੍ਰਿਸ਼ ਪੇਸ਼ ਹੈ:

ਬੰਦੇ ਰਲ ਕੇ ਤਾਸ਼ ਦੀ ਬਾਜ਼ੀ ਲਾਈ ਬੈਠੇ ਸਨ। ਬੀੜੀ ਪੀਂਦਿਆਂ ਗੱਲਾਂ ਕਰ ਰਹੇ ਸਨ। ਲੁਕਣ ਮੀਟੀ ਪਿੱਠੂ ਗਰਮ ਖੇਡਦੇ ਬੱਚੇ ਕਾਵਾਂ ਰੌਲੀ ਪਾ ਰਹੇ ਸਨ....ਕਿੰਨੀ ਥਾਵੀਂ ਸੁਆਣੀਆਂ ਬਾਹਰ ਚਟਾਈ ਵਿਛਾ ਕੇ, ਤਿੰਨ ਤਿੰਨ ਦੀ ਜਾਂ ਚਾਰ ਚਾਰ ਦੀ ਟੋਲੀ ਬਣਾ ਕੇ ਬੈਠੀਆਂ ਸਨ। ਕਿਸੇ ਦੀ ਗੋਦੀ ਵਿੱਚ ਬੱਚਾ ਸੀ। ਕੋਈ ਸਬਜ਼ੀ ਛਿੱਲ ਰਹੀ ਸੀ। ਕੋਈ ਕੰਘੀ ਕਰਦੀ, ਕੋਈ ਦਾਣੇ ਸਾਫ਼ ਕਰਦੀ, ਕੋਈ ਦਾਲ ਚੁਗਦੀ ਪਈ ਸੀ। ਝੌਂਪੜੀਆਂ ਚੋਂ ਧੂੰਆਂ ਉੱਠ ਰਿਹਾ ਸੀ। ਢਲੀ ਸ਼ਾਮ ਇਹ ਔਰਤਾਂ ਸਾਰੇ ਦਿਨ ਦਾ ਦੁੱਖ ਸੁੱਖ ਕਰ ਰਹੀਆਂ ਸਨ...ਇਨ੍ਹਾਂ ਦੀ ਜ਼ਿੰਦਗੀ ਬੜੀ ਸਖਤ ਸੀ. ਇਨ੍ਹਾਂ ਦੇ ਚਿਹਰੇ ਧੁਆਂਖੇ ਹੋਏ ਸਨ। ਇਨ੍ਹਾਂ ਦੇ ਕਪੜੇ ਮੈਲੇ ਸਨ। ਸ਼ਾਇਦ ਬਹੁਤੇ ਜਣੇ ਅਨਪੜ੍ਹ ਸਨ। ਬੜੇ ਲੋਕਾਂ ਲਈ - ਇਨ੍ਹਾਂ ਦੀ ਸਨਮਾਨਯੋਗਹੈਸੀਅਤ ਨਹੀਂ ਸੀ। ਏਨ੍ਹਾਂ ਵਿੱਚੋਂ ਕਿਸੇ ਦਾ ਪੁੱਤਰ ਨੈੱਸਲੇ ਵਰਗੀ ਕੰਪਨੀ ਵਿੱਚ ਅਫਸਰ ਨਹੀਂ ਸੀ ਲੱਗਾ ਹੋਇਆ। ਕਿਸੇ ਦੀ ਧੀ ਪਬਲਿਕ ਸਕੂਲ ਵਿੱਚ ਅੰਗਰੇਜ਼ੀ ਦੀ ਟੀਚਰ ਨਹੀਂ ਸੀ. ਏਨ੍ਹਾਂ ਵਿੱਚੋਂ ਕਿਸੇ ਕੋਲ ਵੀ ਪੰਝੀ ਲੱਖ ਦੀ ਕੀਮਤ ਵਾਲਾ ਫ਼ਲੈਟ ਨਹੀਂ ਸੀ। ਪਰ ਉਨ੍ਹਾਂ ਕੋਲ ਇੱਕ ਚੀਜ਼ ਸੀ: ਏਨ੍ਹਾਂ ਵਿਚੋਂ ਕੋਈ ਵੀ ਬੰਦਾ ਕੱਲ੍ਹਾ ਨਹੀਂ ਸੀ। ਓਨਾਂ ਝੁੱਗੀ ਜਿੰਨੀ ਥਾਂ ਵੀ ਇੱਕ ਦੂਜੇ ਨਾਲ ਵੰਡ ਲਈ ਸੀ। ਦੁੱਖ ਦਾ ਦਰਿਆ ਪਾਰ ਕਰਦਿਆਂ ਸਭ ਨੇ ਇੱਕ ਦੂਜੇ ਦਾ ਹੱਥ ਘੁੱਟ ਕੇ ਫੜਿਆ ਹੋਇਆ ਸੀ....ਅਤੇ...ਦੋ ਮੀਲਾਂ ਦੀ ਵਿੱਥ ਤੇ ਬਣੇ ਪੱਕੇ ਘਰ ਵਿੱਚ - ਦੋ ਇਕੱਲੇ ਬੁੱਢੇ ਬੰਦੇ, ਅਗਲੀ ਰਾਤ ਬਿਤਾਣ ਲਈ ਅੱਖਾਂ ਮੀਟ ਰਹੇ ਸਨ।

ਰਹਣੁ ਕਿਥਾਊ ਨਾਹਿਕੋਲਾਜ ਕਿਤਾਬ ਵਿੱਚ ਡਾ. ਸੁਖਪਾਲ ਨੇ ਹੋਰ ਵੀ ਅਨੇਕਾਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ, ਦਾਰਸ਼ਨਿਕ ਪਹਿਲੂਆਂ ਬਾਰੇ ਚਰਚਾ ਛੇੜਿਆ ਹੈ। ਮੇਰੀ ਨਜ਼ਰੇ ਇਸ ਪੁਸਤਕ ਵਿੱਚ ਛੇੜੇ ਗਏ ਹਰ ਚਰਚੇ ਦਾ ਸਬੰਧ ਕਿਸੀ ਨ ਕਿਸੀ ਤਰ੍ਹਾਂ ਨਾਲ, ਸਿੱਧੇ ਜਾਂ ਅਸਿੱਧੇ ਢੰਗ ਨਾਲ, ਮਨੁੱਖ ਅੰਦਰਲੀ ਮਨੁੱਖਤਾ ਨਾਲ ਹੀ ਜੁੜਿਆ ਹੋਇਆ ਹੈ। ਮਨੁੱਖ ਨੂੰ ਜਦੋਂ ਵੀ ਕਿਸੀ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਜਾਂ ਤਾਂ ਇਸਦਾ ਸਬੰਧ ਉਸਦੇ ਆਪਣੇ ਅੰਦਰ ਦੀਆਂ ਉਨ੍ਹਾਂ ਸ਼ਕਤੀਆਂ ਨਾਲ ਹੁੰਦਾ ਹੈ ਜੋ ਉਸਨੂੰ ਮਨੁੱਖ ਬਣਾਉਂਦੀਆਂ ਹਨ ਜਾਂ ਜਿਨ੍ਹਾਂ ਸ਼ਕਤੀਆਂ ਵਿੱਚ ਕੋਈ ਵਿਗਾੜ ਪੈ ਜਾਣ ਕਾਰਨ ਉਹ ਬਾਹਰੋਂ ਮਨੁੱਖ ਦਿਖਣ ਦੇ ਬਾਵਜ਼ੂਦ ਵੀ ਮਨੁੱਖ ਨਹੀਂ ਹੁੰਦਾ; ਅਤੇ ਜਾਂ ਇਸ ਸੰਕਟ ਦਾ ਕਾਰਨ ਉਸਦੇ ਚੌਗਿਰਦੇ ਵਿੱਚੋਂ ਮਾਨਵਵਾਦੀ ਸ਼ਕਤੀਆਂ ਦਾ ਖ਼ਤਮ ਹੋ ਜਾਣਾ ਹੁੰਦਾ ਹੈ।

ਡਾ. ਸੁਖਪਾਲ ਨੇ ਰਹਣੁ ਕਿਥਾਊ ਨਾਹਿਕੋਲਾਜ ਕਿਤਾਬ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਪੇਸ਼ ਕਰਦਿਆਂ ਵੱਖੋ ਵੱਖ ਵਿਸਿ਼ਆਂ ਬਾਰੇ ਪਰ ਬੜੀ ਧੀਮੀ ਸੁਰ ਵਿੱਚ ਸੰਵਾਦ ਰਚਾਇਆ ਹੈ। ਵਿਸ਼ੇ ਜਿਨ੍ਹਾਂ ਦਾ ਸਬੰਧ ਮਨੁੱਖ ਦੀ ਹੋਂਦ ਨਾਲ ਸਬੰਧਤ ਹੈ। ਮਨੁੱਖ ਚਾਹੇ ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਕਿਉਂ ਨ ਰਹਿ ਰਿਹਾ ਹੋਵੇ ਉਸਦਾ ਇਨ੍ਹਾਂ ਵਿਸ਼ਿਆਂ ਨਾਲ ਸਬੰਧ ਬਣਿਆ ਰਹਿੰਦਾ ਹੈ। ਅਜਿਹੀ ਖ਼ੂਬਸੂਰਤ ਪੁਸਤਕ ਪ੍ਰਕਾਸ਼ਿਤ ਕਰਕੇ ਡਾ. ਸੁਖਪਾਲ ਨੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਇਹ ਪੁਸਤਕ ਮੈਨੂੰ ਕਾਫੀ ਦਿਲਚਸਪ ਲੱਗੀ ਹੈ। ਉਮੀਦ ਹੈ ਕਿ ਹੋਰਨਾਂ ਪਾਠਕਾਂ ਨੂੰ ਵੀ ਇਹ ਪੁਸਤਕ ਪਸੰਦ ਆਵੇਗੀ।
1 comment:

bnabha said...

sukhinder ji ne jo vi review kita uss de main ekk ekk akhar naal sehmat haan kiyoke ehh kitab main vi parri hai te ess da bahut anand uttayia hai...bai Sukhinder bas ekko line tuhade review di jaida pasand nahi ayi "kee ehh kitaab parkasit kar ke Dr Sukhpal ne Canadian Punjabi sahit vich jikarjog wadha kita hai" lagda hun assi punjabi sahit ne vi edderle otherle vich differntiate karan lagge haan..jiss wandyia da Dr Sulkpal appni kitaab vich than than jikkar karda hai jo chahe kisse hor roop vich haan..