ਲੇਖਕ: ਹਰਭਜਨ ਸਿੰਘ ਮਾਂਗਟ
ਪ੍ਰਕਾਸ਼ਕ: ਨੈਸ਼ਨਲ ਬੁੱਕ ਸ਼ਾਪ, ਦਿੱਲੀ, ਇੰਡੀਆ
ਪ੍ਰਕਾਸ਼ਨ ਵਰ੍ਹਾ: 2009
ਕੀਮਤ: 150 ਰੁਪਏ
ਰਿਵੀਊਕਾਰ : ਬਲਬੀਰ ਸਿੰਘ ਜੌਹਲ
ਹਰਭਜਨ ਸਿੰਘ ਮਾਂਗਟ ਦੇ ਹਿਜਰ ਵਸਲ ਦੇ ਗੀਤ
ਸਾਲ 2009 ਦੇ ਚੜ੍ਹਨ ਨਾਲ਼ ਹੀ ਹਰਭਜਨ ਸਿੰਘ ਮਾਂਗਟ ਦੀ ਪੁਸਤਕ ‘ਹਿਜਰ ਵਸਲ ਦੇ ਗੀਤ’ ਛਪ ਕੇ ਆ ਗਈ ਹੈ। ਇਸ ਵਿਚ 61 ਗੀਤ ਹਨ। ਬਹੁਤੇ ਗੀਤ ਤਾਂ ਰੁਮਾਂਟਿਕ ਹਨ ਚਾਹੇ ਉਹ ਵਸਲ ਦੇ ਹਨ ਚਾਹੇ ਹਿਜਰ ਦੇ। ਜਿਨ੍ਹਾਂ ਤੋਂ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਲਿਖਾਰੀ ਰੁਮਾਂਟਿਕ ਸੁਭਾਅ ਦਾ ਆਦਮੀ ਹੈ। ਉਂਝ ਤਾਂ ਉਸਨੇ ਨਿੱਜੀ ਅਨੁਭਵ, ਲੋਕਾਈ ਦੇ ਦਰਦ ਅਤੇ ਆਰਥਿਕ ਨਾ-ਬਰਾਬਰੀ ਦੇ ਵੀ ਗੀਤ ਇਸ ਵਿਚ ਸ਼ਾਮਲ ਕੀਤੇ ਹਨ। ਕਵੀ ਨੂੰ ਸੁਰ ੳਤੇ ਸੰਗੀਤ ਦਾ ਵੀ ਚੰਗਾ ਗਿਆਨ ਲੱਗਦਾ ਹੈ। ਗੀਤਾਂ ਵਿਚ ਕਈ ਪ੍ਰਕਾਰ ਦੀ ਲੈਅ ਸੰਗੀਤ ਭਰਪੂਰ ਸੁਰਾਂ ਉੱਭਰ ਕੇ ਆਉਂਦੇ ਮਹਿਸੂਸ ਹੁੰਦੇ ਹਨ।
----
ਪਹਿਲਾਂ ਵਸਲ ਹੋਵੇ ਤਾਂ ਹਿਜਰ ਹੋ ਸਕਦਾ ਹੈ। ਵਸਲ ਤੋਂ ਬਗੈਰ ਹਿਜਰ ਕੀ? ਏਸੇ ਤਰ੍ਹਾਂ ਮਾਂਗਟ ਦੀ ਪੁਸਤਕ ਦਾ ਆਰੰਭ ਵਸਲ ਦੇ ਗੀਤਾਂ ਨਾਲ਼ ਹੀ ਹੁੰਦਾ ਹੈ। ਪ੍ਰਤੀਤ ਹੁੰਦਾ ਹੈ ਕਿ ਕਵੀ ਦੀ ਪ੍ਰੇਮ ਭੁੱਖ ਤੇ ਪਿਆਸ ਜੋ ਅੱਗ ਦੀ ਰੁੱਤ ਵਿਚ ਲੱਗੀ ਸੀ ਉਹ ਅਜੇ ਵੀ ਨਹੀਂ ਮਿਟੀ।ਇਸੇ ਕਰਕੇ ਉਹ ਅਜੇ ਵੀ ਲਿਖਦੈ:
“ਸਾਨੂੰ ਪਿਆਰ ਵਾਲ਼ੀ ਹੱਥ ਉਤੇ ਚੋਗ ਤੂੰ ਚੁਗਾ ਦੇ
ਸਾਨੂੰ ਪਿਆਸਿਆਂ ਨੂੰ ਕੌਲੀ ਇਕ ਪਾਣੀ ਹੀ ਦਿਖਾ ਦੇ ।”
----
ਕਿਤਾਬ ਦੇ ਪਹਿਲੇ ਭਾਗ ਵਿਚ ਹੀ ਆਪਣੇ ‘ਸਾਹਾਂ ਦੇ ਵਿਚ’ ਗੀਤ ਵਿਚ ਰੱਬ ਦੀ ਉਸਤਤ ਕਰਦਾ ਹੈ। ਰੱਬ ਦੇ ਸਰਬ-ਪੱਖੀ ਸਰੂਪਾਂ ਨੂੰ ਵੱਖ-ਵੱਖ ਲੋਕਾਂ ਦੇ ਅਨੁਭਵਾਂ ਵਿਚ ਵਸਣ ਵੱਲ ਸੰਕੇਤ ਹੈ।
“ਤੇਰੇ ਕਰਕੇ ਬੁੱਲ੍ਹੇ ਸ਼ਾਹ ਨੇ ਕਾਫ਼ੀ ਤੇਰੀ ਗਾਈ
ਹਰ ਸੂਫ਼ੀ ਨੇ ਤੇਰੀ ਈ ਤੇ ਕੀਤੀ ਏ ਵਡਿਆਈ
ਤੂੰ ਹੀ ਅੱਲ੍ਹਾ ਤੂੰ ਹੀ ਈਸ਼ਵਰ ਤੂੰ ਹੀ ਰਾਮ ਕਹਾਇਆ।”
----
ਕਵੀ ਨੇ ਜਿੱਥੇ ਹਿਜਰ ਦਾ ਗੀਤ ਲਿਖਿਆ ਹੈ ਓਥੇ ਹਿਜਰ ਦੇ ਹੌਕਿਆਂ ਨਾਲ਼ ਵਾਤਾਵਰਣ ਸੁਲ਼ਗਾ ਦਿੱਤਾ ਹੈ ਅਤੇ ਵਸਲ ਦੀਆਂ ਸੁਰਾਂ ਨਾਲ਼ ਝੁੰਮਰ ਜਿਹਾ ਪੁਆ ਦਿੱਤਾ ਹੈ। ਇਸ ਪੁਸਤਕ ਵਿਚ ਹਿਜਰ ਦੇ ਕਈ ਗੀਤ ਹਨ। ਕਵੀ ਕਿਤੇ ਹੰਝੂ ਪੀਂਦਾ ਹੈ ਅਤੇ ਕਿਤੇ ਹਿਜਰ ਦੇ ਪਲਾਂ ਦੀ ਸਲਾਮਤੀ ਮੰਗਦਾ ਹੈ। ਇਸੇ ਤਰ੍ਹਾਂ ਜੀਵਨ ਬਿਤਾ ਰਿਹਾ ਹੈ।
“ਪੀੜ ਪਿੰਡੇ ਉੱਤੇ ਪਿਆਰ ਦੀ ਹੰਢਾਈ ਸੱਜਣਾ
ਅਸੀਂ ਬਿਰਹੋਂ ‘ਚ ਜ਼ਿੰਦਗੀ ਲੰਘਾਈ ਸੱਜਣਾ!”
-----
ਪਰ ਇਸ ਕਵੀ ਨੇ ਬਿਰਹਾ ਭੋਗਦੇ ਵੀ ਮਿਲਾਪ ਦੀ ਆਸ ਨਹੀਂ ਛੱਡੀ। ਇਹ ਉਸਦੀ ਆਸ਼ਾਵਾਦੀ ਸੋਚ ਦਾ ਪ੍ਰਤੀਕ ਹੈ।
“ਗੀਤ ਮੇਰੇ ਉਦਾਸ ਨਾ ਹੋ ਤੂੰ, ਤੈਨੂੰ ਵੀ ਕੋਈ ਗਾਏਗਾ
ਬਿਰਹੋਂ ਕੁੱਠਾ ਮਨ ਕੋਈ ਤੇਰੇ ਦਰ ਉਤੇ ਜਦ ਆਏਗਾ।”
----
ਅੱਸੀਵਿਆਂ ਦੀ ਤ੍ਰਾਸਦੀ ਤੋਂ ਕੋਈ ਵੀ ਪੰਜਾਬੀ ਚਾਹੇ ਉਹ ਵਿਦੇਸ਼ ‘ਚ ਵਸਦਾ ਸੀ ਹਾਂ ਉਸ ਵੇਲ਼ੇ ਪੰਜਾਬ ਵਿਚ, ਅਭਿੱਜ ਨਹੀਂ ਰਿਹਾ। ਕਵੀ ਮਨ ਤਾਂ ਹੁੰਦਾ ਹੀ ਬਹੁਤ ਭਾਵੁਕ ਹੈ ਜੋ ਕਿਸੇ ਦੇ ਕੰਡਾ ਚੁਭਿਆ ਦੇਖ ਕੇ ਪਸੀਜ ਜਾਂਦਾ ਹੈ। ਅਤੇ ਜਿਸਨੇ ਓਥੇ ਰਹਿ ਕੇ ਇਹ ਸਮਾਂ ਭੋਗਿਆ ਹੈ, ਉਸਦੀ ਮਾਨਸਿਕ ਸਥਿਤੀ ਤੇ ਉਸ ਵੇਲ਼ੇ ਕੀ ਬੀਤਦੀ ਹੋਵੇਗੀ?
“ਗਮਲੇ ਦੇ ਫੁੱਲਾਂ ਦੀ ਥਾਂ ਕਿਸਨੇ ਜ਼ਹਿਰ ਉਗਾਈ ਏ
ਨਫ਼ਰਤ ਵਾਲ਼ੀ ਡਾਇਣ ਨੀ ਜਿੰਦੇ ਕਿਉਂ ਅੱਜ ਘਰ ਵਿਚ ਆਈ ਏ।”
.......
“ਕੁਝ ਹੌਕੇ ਕੁਝ ਆਹਾਂ ਮੇਰੇ ਖਿਲਰੀਆਂ ਆਸੇ ਪਾਸੇ
ਲਗਦੈ ਮੇਰੀ ਜ਼ਿੰਦਗੀ ਵਿਚੋਂ ਰੁੱਸ ਗਏ ਨੇ ਹਾਸੇ।”
.........
“ਦੇਖਾਂ ਹੱਥਾਂ ਵਿਚ ਤ੍ਰਿਸ਼ੂਲਾਂ, ਕਿਰਪਾਨਾਂ ਅਤੇ ਗੰਡਾਸੇ।”
----
ਜਦ ਸਾਰਾ ਵਾਤਾਵਰਣ ਨਫ਼ਰਤ ਨਾਲ਼ ਦੂਸ਼ਿਤ ਹੋ ਗਿਆ ਤਾਂ ਮਨ ‘ਚ ਹਜ਼ਾਰਾਂ ਸਵਾਲ ਉੱਠਦੇ ਨੇ, ਜਿਨ੍ਹਾਂ ਦਾ ਉੱਤਰ ਹੋਰ ਕਿਤਿਓਂ ਨਹੀਂ ਮਿਲ਼ਦਾ ਤਾਂ ਜਿੰਦ ਨੂੰ ਹੀ ਪੁੱਛਦਾ ਹੈ:
“ਜ਼ਿੰਦਗੀ ਦੇ ਕੰਨਾਂ ਵਿਚ ਗੂੰਜਣ ਕਰਫਿਊ ਵਾਲ਼ੇ ਘੁੱਗੂ
ਦੱਸ ਨੀ ਜਿੰਦੇ ਕਦ ਵਿਹੜੇ ਵਿਚ ਫੁੱਲ ਪਿਆਰ ਦਾ ਉੱਗੂ?”
--
ਅਤੇ ਨਾਲ਼ ਹੀ ਸਾਂਝੀਵਾਲ਼ਤਾ ਦਾ ਸੰਦੇਸ਼ ਵੀ ਦਿੰਦਾ ਹੈ:
“ਜਿੰਦੇ ਨੀ ਨਾਨਕ ਦੀ ਬਾਣੀ ਆ ਹੁਣ ਰਲ਼ ਕੇ ਪੜ੍ਹੀਏ
ਵੇਦਾਂ ਦੇ ਮੰਤਰ ਪੜ੍ਹ ਪੜ੍ਹ ਕੇ ਜੀਵਨ ਪਰਬਤ ਚੜ੍ਹੀਏ।”
----
ਕਵੀ ਦਾ ਮਾਨਵ ਪਿਆਰ ਭੋਲ਼ੇ ਭਾਲ਼ੇ ਲੋਕਾਂ ਨੂੰ ਵਰਗਲਾਏ ਜਾਣ ਦੀ ਸਥਿਤੀ ਤੇ ਇਸ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਅਤੇ ਉਹਨਾਂ ਦੇ ਮਨ ਰੁਸ਼ਨਾਉਂਣਾ ਚਾਹੁੰਦਾ ਹੈ ਤਾਂ ਕਿ ਉਹ ਜਾਗ੍ਰਿਤ ਹੋਣ ਅਤੇ ਐਸੇ ਵਰਗਲਾ ਦਾ ਸਦਾ ਹੀ ਸ਼ਿਕਾਰ ਹੁੰਦੇ ਨਾ ਰਹਿਣ:
“ਜਿੰਦੇ ਨੀ ਆ ਨ੍ਹੇਰ ਦਾ ਚਾਨਣ ਬਹੁਕਰ ਨਾਲ਼ ਹੂੰਝੀਏ
ਬਣਕੇ ਬੋਲ ਮਾਨਵ ਪ੍ਰੇਮ ਦਾ ਅੰਬਰ ਦੇ ਵਿਚ ਗੂੰਜੀਏ ।”
..........
“ਜਿੰਦ ਆਖਦੀ ਦੁਨੀਆਂ ਵਿਚੋਂ ਮੁੱਕੇ ਨਫ਼ਰਤ ਸਾਰੀ
ਅਮਨ ਪਿਆਰ ਦੇ ਗੀਤ ਹੀ ਗਾਵਣ ਦੁਨੀਆਂ ਦੇ ਨਰ ਨਾਰੀ।”
----
ਇਸੇ ਤਰ੍ਹਾਂ ਜੋ ਅੱਜ ਸੰਸਾਰ ਵਿਚ ਚੱਲ ਰਿਹਾ ਹੈ ਚਾਹੇ ਇਰਾਕ ਵਿਚ ਹੋਵੇ ਜਾਂ ਅਫ਼ਗਾਨਿਸਤਾਨ ਵਿਚ, ਉਸ ‘ਤੇ ਵੀ ਕਵੀ ਡੂੰਘਾ ਦੁੱਖ ਪ੍ਰਗਟ ਕਰਦਾ, ਇਸ ਅੱਗ ਨੂੰ ਬੁਝਾਉਂਣ ਦੀ ਗੱਲ ਕਰਦਾ ਹੈ:
“ਜੋ ਅੱਗ ਇਰਾਕ ‘ਚ ਬਲ਼ਦੀ, ਅਫ਼ਗਾਨਿਸਤਾਨ ‘ਚ ਵੀ ਓਹੀ
ਸਾਰੀ ਦੁਨੀਆ ਏਸ ਅੱਗ ਨੇ, ਦੇਖ ਤੂੰ ਜਨਤਾ ਕੋਹੀ।”
---
‘ਇੱਕ ਹਵਾ’ ਗੀਤ ਵਿਚ ਕਵੀ ਉਲਟੀ ਹਵਾ ਬਾਰੇ ਗੱਲ ਕਰਦਾ ਹੈ, ਚਾਹੇ ਕਿ ਉਲਟੀ ਹਵਾ ਸੱਭਿਆਚਾਰ ਦੀ ਹੋਵੇ, ਡਾਲਰਾਂ ਦੀ ਭੁੱਖ ਦੀ ਹੋਵੇ ਜਾਂ ਕੋਈ ਹੋਰ ਤੱਤੀ ਹਵਾ ਹੋਵੇ, ਸਾਧਾਰਨ ਜੀਵਨ ਵਿਚ ਤੜਥੱਲ ਮਚ ਦਿੰਦੀ ਹੈ। ਸੱਭਿਆਚਾਰ ਅਤੇ ਪੂੰਜੀਵਾਦ ਦੀ ਹਵਾ ਵੱਲ ਇਸ਼ਾਰਾ ਹੈ:
“ਤੁਰ ਗਏ ਕੰਮ ਤੇ ਧੀਆਂ ਪੁੱਤਰ ਨਾਜ਼ ਸੀ ਜਿਨ੍ਹਾਂ ਉੱਤੇ,
ਡਾਲਰ ਜੋੜ ਕੇ ਬੈਂਕਾਂ ਭਰੀਆਂ ਮਰ ਗਿਆ ਸੁੱਤੇ ਸੁੱਤੇ
ਕੈਸੀ ਹਵਾ ਡਾਲਰ ਦੀ 'ਮਾਂਗਟ' ਮਾਰ ਗਈ ਸੱਭਿਆਚਾਰ ਨੀ ਜਿੰਦੇ।”
----
ਕਵੀ ਦੱਸਦਾ ਹੈ ਕਿ ਸਾਡੀ ਜਨਮ ਭੂਮੀ ਨੇ ਤਾਂ ਸਾਨੂੰ ਔਖੇ ਵੇਲ਼ਿਆਂ ‘ਚ ਮੁਸਕਰਾਉਂਣ ਦੀ ਗੁੜ੍ਹਤੀ ਦਿੱਤੀ ਹੈ, ਫਿਰ ਅਸੀਂ ਦਰਪੇਸ਼ ਮੁਸ਼ਕਿਲਾਂ ਤੋਂ ਕਿਉਂ ਘਬਰਾਈਏ
“ਧਰਤੀ ਦੀ ਮਮਤਾ ਨੇ ਸਾਨੂੰ ਵੱਲ ਦੱਸਿਆ ਮੁਸਕਾਣੇ ਦਾ
ਦੁੱਖਾਂ ਦੇ ਖ਼ਾਰਾਂ ਤੇ ਖਿੜਨਾ ਕੰਮ ਹੈ ਜੀਵਨ ਗਾਣੇ ਦਾ।”
----
ਕਵੀ ਦੇ ਯਥਾਰਥਵਾਦੀ ਹੋਣ ਦਾ ਸੰਕੇਤ ‘ਇੱਕ ਮਿੱਟੀ’ ਵਿਚੋਂ ਵੀ ਮਿਲ਼ਦੇ ਹਨ, ਜਦੋਂ ਚੰਦ, ਸੂਰਜ ਜਿਸਦੀ ਪੂਜਾ ਕੀਤੀ ਜਾਂਦੀ ਸੀ, ਹੁਣ ਉਸ ਉੱਪਰ ਪੈਰ ਧਰਦਾ ਹੈ। ਦੱਸਣ ਦਾ ਯਤਨ ਕਰਦਾ ਹੈ ਕਿ ਮਿੱਟੀ ਤਾਂ ਮਿੱਟੀ ਹੈ ਚਾਹੇ ਧਰਤ ਉਤਲੀ ਹੋਵੇ ਜਾਂ ਚੰਨ ਉਤਲੀ:
“ਇੱਕ ਮਿੱਟੀ ਚੰਨ ਵਾਲ਼ੀ ਜਿਸਨੂੰ ਬੰਦਾ ਚੁੱਕ ਲਿਆਇਆ
ਇਹ ਪਥਰੀਲੀ ਮਿੱਟੀ ਜਿਸਦਾ ਅੱਜ ਤੱਕ ਭੇਤ ਨਾ ਪਾਇਆ।”
----
ਸਮਾਜਕ ਨਾ-ਬਰਾਬਰੀ ਜਿੱਥੇ ਗਰੀਬ ਦੀ ਆਵਾਜ਼, ਅਮੀਰ ਦੇ ਕੰਨਾਂ ਤੱਕ ਪੁੱਜਣ ਤੋਂ ਪਹਿਲਾਂ ਹੀ ਪੁਲਾੜ ਵਿਚ ਗੁਆਚ ਜਾਂਦੀ ਹੈ। ਇਸ ਸਥਿਤੀ ਦੀ ਤੁਲਨਾ ਨਦੀ ਤੇ ਸਾਗਰ ਨਾਲ਼ ਕਰਦਾ ਹੈ:
“ਮੈਂ ਹੋਂਦ ਵਿਹੂਣੀ ਕੀ ਦੱਸਾਂ ਤੈਨੂੰ ਹਾਣੀਆਂ
ਮੈਨੂੰ ਪੀ ਲੀਤਾ ਇਨ੍ਹਾਂ ਸਾਗਰ ਦੇ ਪਾਣੀਆਂ।”
ਵਿਸ਼ਾ, ਬਣਤਰ ਅਤੇ ਸੰਗੀਤਕ ਪੱਖੋਂ ਇਹ ਗੀਤ ਬੜੇ ਉੱਚ-ਕੋਟੀ ਦੇ ਹਨ। ਇਸ ਲਈ ਇਹ ਸੁਣਕੇ ਕੋਈ ਅਚੰਭਾ ਨਹੀਂ ਹੁੰਦਾ ਕਿ ਮਾਂਗਟ ਦੇ ਗੀਤ ਪੰਜਾਬ ਦੇ ਚੋਟੀ ਦੇ ਗੀਤਕਾਰਾਂ ਨੇ ਗਾਏ ਹਨ।