ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Friday, September 25, 2009

ਮਨਮੋਹਨ ਆਲਮ - ਧੂਪ ਛਾਓਂ

ਉਰਦੂ ਗ਼ਜ਼ਲ-ਸੰਗ੍ਰਹਿ: ਧੂਪ ਛਾਓਂ

ਲੇਖਕ: ਮਨਮੋਹਨ ਆਲਮ (ਯੂ.ਐੱਸ.ਏ.)

ਪੰਜਾਬੀ ਲਿਪੀਅੰਤਰ: ਸੁਰਿੰਦਰ ਸੋਹਲ (ਯੂ.ਐੱਸ.ਏ.)

ਪ੍ਰਕਾਸ਼ਨ ਵਰ੍ਹਾ: 2009

ਕੁੱਲ ਸਫ਼ੇ - 144

ਪ੍ਰਕਾਸ਼ਨ: ਸੁੰਦਰ ਬੁੱਕ ਡਿਪੋ, ਜਲੰਧਰ

ਮੁੱਲ: ਪੇਪਰਬੈਕ – 60 ਰੁਪਏ, ਸਜਿਲਦ – 150 ਰੁਪਏ

ਮੁੱਖ-ਬੰਦ: ਹਰਪਾਲ ਸਿੰਘ ਭਿੰਡਰ (ਯੂ.ਐੱਸ.ਏ.)

************

ਲਫ਼ਜ਼ਾਂ ਦਾ ਰਹਿਬਰ – ਮਨਮੋਹਨ ਆਲਮ

ਹਰ ਲਫ਼ਜ਼ ਤੋਲ ਕਰ ਕਹਿਤਾ ਹੂੰ,

ਮੈਂ ਹੂੰ ਇਕ ਰਹਿਬਰ ਲਫ਼ਜ਼ੋਂ ਕਾ।

ਹਰ ਲਫ਼ਜ਼ ਮੁਕੱਦਸ ਹੋਤਾ ਹੈ,

ਫੈਂਕੋ ਨਾ ਯੇ ਜੌਹਰ ਲਫ਼ਜ਼ੋਂ ਕਾ।

(ਜੌਹਰ-ਕੀਮਤੀ ਪੱਥਰ)

ਇਹ ਲਫ਼ਜ਼ਾਂ ਦਾ ਰਹਿਬਰ, ਨਿਊਯਾਰਕ ਵਿਚ ਵਸਦਾ ਸ਼ਾਇਰ ਮਨਮੋਹਨ ਆਲਮ ਹੈ। ਉਹ ਕੇਵਲ ਨਾਂ ਦਾ ਹੀ ਆਲਮ ਨਹੀਂ, ਲਫ਼ਜ਼ਾਂ ਦਾ ਵੀ ਆਲਮ ਹੈ। ਇਹ ਗੱਲ ਉਹ ਆਪਣੇ ਖ਼ਿਆਲ ਦੀ ਡੂੰਘਾਈ, ਕਲਪਨਾ ਦੀ ਉਡਾਣ, ਜ਼ਬਾਨ ਦੀ ਸਾਦਗੀ ਅਤੇ ਵਿਲੱਖਣ ਅੰਦਾਜ਼ੇ-ਬਿਆਂ ਦੀ ਖ਼ੂਬਸੂਰਤੀ ਨਾਲ ਸਹਿਜੇ ਹੀ ਮੰਨਵਾ ਜਾਂਦਾ ਹੈ।

-----

ਉਸਦੀ ਸ਼ਾਇਰੀ ਇਸ਼ਕ ਮਜਾਜ਼ੀ ਤੋਂ ਸ਼ੁਰੂ ਹੋ ਕੇ ਇਸ਼ਕ ਹਕੀਕੀ ਵੱਲ ਪੜਾਅ ਤੈਅ ਨਹੀਂ ਕਰਦੀ, ਸਗੋਂ ਉਹ ਸਫ਼ਰ ਆਰੰਭ ਹੀ ਇਸ਼ਕ ਹਕੀਕੀ ਤੋਂ ਕਰਦੀ ਹੈ-

ਮੁਹੱਬਤ ਮੇਂ ਨਾਮੇ ਖ਼ੁਦਾ ਢੂੰਡਤਾ ਹੂੰ,

ਕਭੀ ਆ ਕੇ ਮੇਰੀ ਸਦਾ ਦੇਖੀਏਗਾ।

ਇਸ ਲਈ ਉਸਦੀ ਸ਼ਾਇਰੀ ਵਿਚ ਜ਼ੁਲਫ਼, ਰਿੰਦ, ਸਾਕੀ, ਮੈਖ਼ਾਨਾ ਵਰਗੇ ਸ਼ਬਦ ਸੁਚੇਤ ਪੱਧਰ ’ਤੇ ਗ਼ਾਇਬ ਹਨ। ਉਸਦੀ ਸ਼ਾਇਰੀ ਜ਼ਿੰਦਗੀ ਦੇ ਅੰਗ-ਸੰਗ ਰਹਿੰਦੀ, ਜ਼ਿੰਦਗੀ ਦੀਆਂ ਗੁੰਝਲਾਂ ਖੋਲ੍ਹਦੀ ਹੋਈ, ਜ਼ਿੰਦਗੀ ਨੂੰ ਪਹਾੜੀ ਚਸ਼ਮੇ ਵਰਗੀ ਰਵਾਨਗੀ ਬਖ਼ਸ਼ਦੀ ਹੈ।

------

ਰਾਈਕਰ’ਜ਼ ਆਈਲੈਂਡ ਵਿਚ ਬਣੀ ਕੁਰੈਕਸ਼ਨ ਡਿਪਾਰਟਮੈਂਟ ਦੀ ਜੇਲ੍ਹ ਵਿਚ ਮਨਮੋਹਨ ਆਲਮ ਸਾਈਕੋ-ਥੈਰੇਪਿਸਟ ਹੈ, ਜੋ ਕੈਦੀਆਂ ਦੀਆਂ ਮਨੋ-ਬਿਰਤੀਆਂ ਦਾ ਅਧਿਐਨ ਕਰਕੇ ਉਹਨਾਂ ਦਾ ਇਲਾਜ ਕਰਦਾ ਹੈ। ਇਹੋ ਕੁਝ ਉਹ ਆਪਣੀਆਂ ਗ਼ਜ਼ਲਾਂ ਰਾਹੀਂ ਆਪਣੇ ਪਾਠਕਾਂ ਨਾਲ ਕਰਦਾ ਹੈ, ਜਦੋਂ ਉਹ ਪਾਠਕਾਂ ਦੀ ਸੁਰਤ ਨੂੰ ਹਲਕੇ ਸ਼ੌਕ, ਸਸਤੀ ਸ਼ੁਹਰਤ ਅਤੇ ਦਕੀਆਨੂਸੀ ਜੀਵਨ-ਜਾਚ ਤੋਂ ਉਪਰ ਉਠਾ ਕੇ ਵੱਡੀਆਂ ਤੇ ਅਣਕਥੀਆਂ ਗੱਲਾਂ ਨਾਲ ਸਫ਼ਰ ਕਰਾਉਂਦਾ ਹੈ ਤਾਂ ਪਾਠਕ ਨੂੰ ਇਕ ਸੁਖਦ ਜਿਹਾ ਸਕੂਨ ਮਹਿਸੂਸ ਹੁੰਦਾ ਹੈ।

ਗੱਲ ਕਹਿਣ ਦਾ ਉਸਦਾ ਇਕ ਪੱਧਰ ਹੈ, ਜਿਸ ਤੋਂ ਉਹ ਕਦੇ ਵੀ ਹੇਠਾਂ ਨਹੀਂ ਡਿੱਗਦਾ। ਇਸ ਲਈ ਕਈ ਵਾਰ ਉਹ ਦੁਹਰਾਓ ਤਾਂ ਕਰ ਜਾਂਦਾ ਹੈ, ਪਰ ਹਲਕਾ ਸ਼ਿਅਰ ਕਹਿਣਾ ਉਸਨੂੰ ਕਦਾਚਿਤ ਗਵਾਰਾ ਨਹੀਂ।

-----

ਮਨਮੋਹਨ ਆਲਮ ਦ੍ਰਿਸ਼ਟ ਨਾਲੋਂ ਅਦ੍ਰਿਸ਼ਟ ਦੇ ਜ਼ਿਆਦਾ ਨੇੜੇ ਹੈ। ਇਸ ਲਈ ਪਸੇ-ਮੰਜ਼ਰ, ਪਸੇ-ਪਰਦਾ ਆਦਿ ਸ਼ਬਦ ਵਾਰ ਵਾਰ ਉਸਦੀਆਂ ਗ਼ਜ਼ਲਾਂ ਵਿਚ ਆਉਂਦੇ ਹਨ। ਇਤਿਹਾਸ ਉਸ ਲਈ ਬਹੁਤ ਨਿਗੂਣਾ ਹੈ ਕਿਉਂਕਿ ਉਹ ਇਤਿਹਾਸ ਨੂੰ ਨਹੀਂ, ਸਗੋਂ ਇਤਿਹਾਸ ਨੂੰ ਕਿਰਿਆਸ਼ੀਲ ਕਰਨ ਵਾਲੀਆਂ ਮਨੋਬਿਰਤੀਆਂ ਜਾਂ ਸ਼ਕਤੀਆਂ ਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੈ। ਉਸਨੂੰ ਹਰ ਕਹਾਣੀ ਦੇ ਪਿੱਛੇ ਇਕ ਹੋਰ ਕਹਾਣੀ ਦਿਸਦੀ ਹੈ। ਇਤਿਹਾਸਕਾਰ ਕੁਲ ਵਾਪਰੇ ਦਾ ਇਕ ਛੋਟਾ ਜਿਹਾ ਹਿੱਸਾ ਹੀ ਕਲਮ-ਬੱਧ ਕਰਨ ਦੇ ਸਮਰੱਥ ਹੁੰਦੇ ਹਨ। ਇਸ ਵਿਚ ਵੀ ਉਹਨਾਂ ਦੀ ਮਾਨਸਿਕਤਾ ਦੇ ਅੰਸ਼ ਬਦੋ-ਬਦੀ ਰਲ਼ ਜਾਂਦੇ ਹਨ। ਇਸੇ ਲਈ ਆਮ ਕਰਕੇ ਇਤਿਹਾਸ ਸੰਪੂਰਨ ਤੇ ਸ਼ੁਧ ਰੂਪ ਵਿਚ ਬਿਆਨ ਨਹੀਂ ਹੁੰਦਾ। ਖ਼ਾਸ ਤੌਰ ’ਤੇ ਹਕੂਮਤਾਂ ਦੇ ਜ਼ੋਰ ਥੱਲੇ ਲਿਖਿਆ ਗਿਆ ਇਤਿਹਾਸ। ਜਿਹੜੇ ਇਤਿਹਾਸਕਾਰ ਇਤਿਹਾਸ ਦੇ ਸਿਰਫ਼ ਬੁੱਤ ਹੀ ਸਿਰਜਦੇ ਹਨ, ਆਲਮ ਉਹਨਾਂ ਇਤਿਹਾਸਕਾਰਾਂ ਦੀ ਇਮਾਨਦਾਰੀ ’ਤੇ ਸ਼ੱਕ ਕਰਦਾ ਹੈ-

ਜ਼ਮਾਨਤ ਕੌਨ ਦੇ ਇਸ ਕੀ ਹੈ ਇਸ ਮੇਂ ਝੂਠ-ਸੱਚ ਕਿਤਨਾ,

ਮੁਅੱਰਖ਼ ਨੇ ਜੋ ਲਿਖਾ ਥਾ ਵੋ ਲੇ ਦੇ ਕਰ ਕਹਾਨੀ ਹੈ।

(ਮੁਅੱਰਖ਼-ਇਤਿਹਾਸਕਾਰ)

-----

ਦਰਸ਼ਨ-ਸ਼ਾਸ਼ਤਰ ਤੇ ਮਨੋਵਿਗਿਆਨ ਦਾ ਆਪੋ ਵਿਚ ਤੇ ਕਵਿਤਾ ਨਾਲ ਡੂੰਘਾ ਸੰਬੰਧ ਹੈ। ਇਹਨਾਂ ਵਿਸ਼ਿਆਂ ’ਤੇ ਜਿੰਨੀ ਜ਼ਿਆਦਾ ਸ਼ਾਇਰ ਦੀ ਪਕੜ ਹੋਵੇਗੀ, ਓਨੀ ਹੀ ਵੱਡੀ ਕਵਿਤਾ ਪੈਦਾ ਹੋਵੇਗੀ। ਮਨਮੋਹਨ ਆਲਮ ਇਹਨਾਂ ਦੋਹਾਂ ਵਿਸ਼ਿਆਂ ਤੋਂ ਖ਼ੁਰਾਕ ਲੈਂਦਾ ਹੈ। ਉਹ ਜ਼ਿੰਦਗੀ ਕੀ ਹੈ? ਵਰਗੇ ਔਖੇ ਤੇ ਵੱਡੇ ਫਲਸਫਾਨਾ ਸਵਾਲਾਂ ਦੇ ਰੂਬਰੂ ਹੁੰਦਾ ਹੈ। ਉਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜ਼ਿੰਦਗੀ ਦੀ ਨਾ ਤਾਂ ਕੋਈ ਪ੍ਰਮਾਣਿਤ ਪਰਿਭਾਸ਼ਾ ਬਣੀ ਹੈ ਤੇ ਨਾ ਹੀ ਕੋਈ ਬਣ ਸਕਦੀ ਹੈ। ਜ਼ਿੰਦਗੀ ਪ੍ਰਤੀ ਹਰ ਇਕ ਦਾ ਆਪਣਾ ਆਪਣਾ ਨਜ਼ਰੀਆ ਹੈ-

ਨਾ ਪੂਛੋ ਕਿ ਮਤਲਬ ਹੈ ਕਿਆ ਜ਼ਿੰਦਗੀ ਕਾ,

ਸਵਾਲ ਏਕ ਹੀ ਹੈ ਜਵਾਬ ਅਪਨਾ ਅਪਨਾ।

ਆਲਮ ਇਸ ਸਵਾਲ ਕਿ ਜ਼ਿੰਦਗੀ ਕੀ ਹੈ? ਨਾਲੋਂ ਜ਼ਿੰਦਗੀ ਵਧੀਆ ਕਿਵੇਂ ਜੀਵੀ ਜਾ ਸਕਦੀ ਹੈ? ਨੂੰ ਜ਼ਿਆਦਾ ਮਹੱਤਵ ਦਿੰਦਾ ਹੈ। ਇਸ ਪਿੱਛੇ ਉਸਦੀ ਉਮਰ ਦਾ ਲੰਮਾ ਤਜਰਬਾ ਵੀ ਕੰਮ ਕਰਦਾ ਹੈ। ਉਸਦਾ ਵਿਚਾਰ ਹੈ ਕਿ ਹਰ ਇਕ ਪਲ ਨੂੰ ਭਰਪੂਰਤਾ ਨਾਲ ਮਾਣੋਂ, ਜਿਵੇਂ ਇਹ ਜ਼ਿੰਦਗੀ ਦਾ ਆਖ਼ਰੀ ਦਿਨ ਹੋਵੇ। ਉਹ ਤਾਂ ਮੌਤ ਨੂੰ ਵੀ ਕਹਿੰਦਾ ਹੈ ਕਿ ਜ਼ਰਾ ਰੁਕ, ਮੈਨੂੰ ਇਹ ਲਮਹਾ ਚੰਗੀ ਤਰ੍ਹਾਂ ਜੀ ਲੈਣ ਦੇ। ਪਰ ਮਨੁੱਖ ਇਹ ਕਰੇ ਕਿੱਦਾਂ? ਜਦੋਂ ਉਸਨੂੰ ਮੁਸੀਬਤਾਂ, ਫ਼ਿਕਰਾਂ, ਚਿੰਤਾਵਾਂ ਆਦਿ ਨੇ ਚੁਫ਼ੇਰਿਓਂ ਘੇਰਿਆ ਹੋਇਆ ਹੈ। ਸ਼ਾਇਰ ਮੁਤਾਬਕ ਜ਼ਿੰਦਗੀ ਕੋਈ ਉਲਝੀ ਹੋਈ ਪਹੇਲੀ ਨਹੀਂ, ਜਿਸਨੂੰ ਸੋਚ ਸੋਚ ਕੇ ਹੱਲ ਕੀਤਾ ਜਾ ਸਕਦਾ ਹੈ। ਦੁਨੀਆ ਨੂੰ ਇਕ ਤਮਾਸ਼ਾ ਸਮਝੋ ਅਤੇ ਆਪਣੇ ਆਪ ਨੂੰ ਇਸ ਮੇਲੇ ਵਿਚ ਗੁੰਮ ਕਰ ਦਿਓ। ਜ਼ਿੰਦਗੀ ਨੂੰ ਮਸਤ-ਮੌਲੇ ਹੋ ਕੇ ਬੇਪਰਵਾਹੀ ਨਾਲ ਟੱਕਰੋ। ਫਿਰ ਦੇਖਣਾ, ਜ਼ਿੰਦਗੀ ਕਿੰਨੀ ਖ਼ੂਬਸੂਰਤ ਲੱਗੇਗੀ-

ਜ਼ਿੰਦਗੀ ਹਰ ਹਾਲ ਮੇਂ ਹੈ ਖ਼ੂਬਸੂਰਤ ਇਸ ਕਦਰ,

ਤੁਮ ਕਭੀ ਇਸ ਕੀ ਸਦਾਕਤ ਬੇਖ਼ੁਦੀ ਸੇ ਪੂਛਨਾ।

(ਸਦਾਕਤ-ਸੱਚਾਈ)

------

ਸਾਡੇ ਹਿੱਸੇ ਦੇ ਗ਼ਮ ਸਾਨੂੰ ਮਿਲਣੇ ਹੀ ਨੇ, ਚਾਹੇ ਉਹਨਾਂ ਨੂੰ ਹੱਸ ਕੇ ਕਬੂਲ ਕਰੀਏ ਚਾਹੇ ਰੋ ਕੇ। ‘ਮੁਝੇ ਯੇ ਗ਼ਮ ਨਾ ਹੋਤਾ ਗਰ, ਤੋ ਕੋਈ ਦੂਸਰਾ ਹੋਤਾ’ ਫਿਰ ਕਿਉਂ ਨਾ ਹੱਸ ਕੇ ਹੀ ਕਬੂਲ ਕੀਤੇ ਜਾਣ। ਗ਼ਮ ਤਾਂ ਜ਼ਿੱਦੀ ਬੱਚਿਆਂ ਵਰਗੇ ਸਾਡੇ ਆਪਣੇ ਹਨ, ਸਾਡੀ ਸਿਰਜਣਾ ਦਾ ਇਕ ਅਹਿਮ ਹਿੱਸਾ। ਇਸ ਲਈ ਸ਼ਾਇਰ ਆਪਣੇ ਗ਼ਮਾਂ ਨੂੰ ਏਨਾ ਪਿਆਰ ਕਰਦਾ ਹੈ ਕਿ ਉਹਨਾਂ ਦਾ ਇਲਾਜ ਵੀ ਨਹੀਂ ਕਰਨਾ ਚਾਹੁੰਦਾ-

ਆਪ ਕਹਿਤੇ ਹੈਂ ਕਿ ਗ਼ਮ ਹੈ ਤੋ ਇਲਾਜੇ-ਗ਼ਮ ਭੀ ਹੈ,

ਪਰ ਯੇ ਮੇਰਾ ਦਰਦ ਹੈ ਮੈਂ ਇਸਕਾ ਦਰਮਾਂ ਕਿਉਂ ਕਰੂੰ।

(ਦਰਮਾਂ-ਇਲਾਜ)

-----

ਉਹ ਆਪਣੇ ਗ਼ਮਾਂ ਨੂੰ ਤਾਂ ਖ਼ੁਸ਼ੀ ਖ਼ੁਸ਼ੀ ਕਬੂਲ ਕਰਦਾ ਹੀ ਹੈ, ਸਗੋਂ ਹਮਦਰਦੀ ਜਿਤਾਉਣ ਵਾਲਿਆਂ ਦੇ ਅੰਦਰ ਵੀ ਸੂਖਮ ਝਾਤ ਪਾਉਂਦਾ ਹੈ-

ਮੇਰਾ ਗ਼ਮ ਪੂਛਨੇ ਵਾਲੇ,

ਤੁਝੇ ਕਿਸ ਬਾਤ ਕਾ ਗ਼ਮ ਹੈ।

ਇਸ ਤਰ੍ਹਾਂ ਕਰਦਿਆਂ ਉਹ ਰੱਬ ਨੂੰ ਕਦੇ ਨਹੀਂ ਭੁੱਲਦਾ ਕਿਉਂਕਿ ਉਸਨੂੰ ਮਨੁੱਖੀ ਮਨ ਅੰਦਰ, ਰੱਬੀ ਧਰਵਾਸ ਦੀ ਵੱਡੀ ਤਾਕਤ ਦਾ ਇਹਸਾਸ ਹੈ। ਉਹ ਰੱਬ ਦੀ ਗੱਲ ਕਰਦਿਆਂ ਸਿਰਫ਼ ਰਿਵਾਇਤੀ ਜਿਹਾ ਵਿਸ਼ਵਾਸ ਹੀ ਨਹੀਂ ਪ੍ਰਗਟਾਉਂਦਾ, ਸਗੋਂ ਫਲਸਫਾਨਾ ਦਲੀਲਾਂ ਖੜ੍ਹੀਆਂ ਕਰਦਾ ਹੈ-

ਹੈ ਪਸੇ-ਨਜ਼ਮੇ-ਅਨਾਸਰ ਕੋਈ ਪੋਸ਼ੀਦਾ ਜ਼ਰੂਰ,

ਬਾਗ਼ ਹੈ ਦੁਨੀਆ ਅਗਰ ਤੋ ਬਾਗ਼ਬਾਂ ਹੋਨਾ ਹੀ ਥਾ।

(ਪਸੇ-ਨਜ਼ਮੇ-ਅਨਾਸਰ-ਪੰਜ ਤੱਤਾਂ ਦੀ ਜ਼ਿੰਦਗੀ ਦੇ ਪ੍ਰਬੰਧ ਨੂੰ ਬੰਨ੍ਹਣ ਪਿੱਛੇ)

(ਪੋਸ਼ੀਦਾ-ਛੁਪਿਆ ਹੋਇਆ)

-----

ਇਹੋ ਜਿਹੇ ਰੱਬੀ ਧਰਵਾਸ ਦੇ ਇਹਸਾਸ ਦਾ ਹੱਥ ਜਦੋਂ ਬੰਦੇ ਦੀ ਪਿੱਠ ’ਤੇ ਹੋਵੇ ਤਾਂ ਫਿਰ ਉਹ ਆਪਣੀ ਜ਼ਿੰਦਗੀ ਕਿਸੇ ਬੇਖ਼ੁਦੀ ਦੇ ਆਲਮ ਵਿਚ ਜਿਊਂਦਾ ਹੈ, ਜਿਸ ਦਾ ਆਪਣਾ ਹੀ ਸੁਆਦ ਹੁੰਦਾ ਹੈ। ਫਿਰ ਉਹ ਜਣੇ-ਖਣੇ ਨੂੰ ‘ਜੀ ਜੀ’ ਨਹੀਂ ਕਰਦਾ। ‘ਜੁਅਰੱਤੇ ਇਨਕਾਰ’ ਉਸ ਦੀ ਸ਼ਖ਼ਸੀਅਤ ਦਾ ਵੱਡਾ ਲੱਛਣ ਬਣ ਜਾਂਦਾ ਹੈ-

ਮੁਝੇ ਦੀਵਾਰ ਪੇ ਲਟਕੀ ਹੁਈ ਤਸਵੀਰ ਮਤ ਸਮਝੋ।

ਹਰ ਇਨਸਾਂ ਕੋ ਰਿਝਾਨਾ ਤੋ ਮੇਰੀ ਤਕਦੀਰ ਮਤ ਸਮਝੋ।

ਖ਼ੁੱਦਦਾਰੀ ਏਨੀ ਕਿ ਧੱਕੇ ਨਾਲ ਇਹੋ ਜਿਹੇ ਬੰਦੇ ਨੂੰ ‘ਹੱਕ ਗੱਲ’ ਵੀ ਨਹੀਂ ਮੰਨਵਾਈ ਜਾ ਸਕਦੀ। ਪਿਆਰ ਨਾਲ ਭਾਵੇਂ ਕੋਈ ਗ਼ੁਲਾਮੀ ਕਰਵਾ ਲਵੇ। ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਸਦੇ ਅੰਦਰੋਂ ਬਹੁਤ ਕੁਝ ਟੁੱਟਦਾ-ਭੱਜਦਾ ਹੈ, ਜਿਸਨੂੰ ਉਹ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕਰ ਸਕਦਾ-

ਮੁਝ ਸੇ ਜਬਰਨ ਫਿਰ ਸੇ ਵੋ ਹੱਕ ਬਾਤ ਮਨਵਾਨੇ ਲਗੇ।

ਇਸ ਤਰ੍ਹਾ ਸੇ ਭੀ ਵੋ ਬਰਬਾਦੀ ਮੇਰੀ ਲਾਨੇ ਲਗੇ।

ਦੂਜੇ ਪਾਸੇ ਨਿਰਮਾਣਤਾ ਏਨੀ ਕਿ ਆਪਣੀ ਗ਼ਲਤੀ ਲਈ ਖ਼ੁਦ ਨੂੰ ਵੱਡੀ ਤੋਂ ਵੱਡੀ ਸਜ਼ਾ ਦੇਣ ਲਈ ਵੀ ਤਿਆਰ-

ਅਗਰ ਤੁਮ ਗ਼ੌਰ ਫਰਮਾਓ ਤੋਂ ਮੈਂ ਇਕ ਇਲਤਜਾ ਲਿੱਖੂੰ।

ਕਿ ਤੁਮ ਮੇਰੀ ਖ਼ਤਾ ਲਿੱਖੋ ਤੋਂ ਮੈਂ ਉਸ ਕੀ ਸਜ਼ਾ ਲਿੱਖੂੰ।

(ਇਲਤਿਜਾ-ਬੇਨਤੀ)

-----

ਧਰਮ ਦਰਸ਼ਨ ਦਾ ਇਕ ਹੋਰ ਬਹੁਤ ਵੱਡਾ ਸਵਾਲ ਹੈ ਕਿ ਕੀ ਮਨੁੱਖ ਦੇ ਵਸ ਕੁਝ ਹੈ ਜਾਂ ਨਹੀਂ। ਮਨੁੱਖ ਕੋਲ ਕੋਈ ਇੱਛਾ ਸ਼ਕਤੀ ਹੈ ਜਾਂ ਸਭ ਕੁਝ ਰੱਬੀ ਹੁਕਮ ਅੰਦਰ ਹੀ ਹੋ ਰਿਹਾ ਹੈ? ਆਦਮੀ ਨੂੰ ਜੋ ਕੁਝ ਮਿਲਦਾ ਹੈ ਜਾਂ ਵਾਪਰਦਾ ਹੈ, ਕੀ ਉਹ ਮਹਿਜ਼ ਇਕ ਹਾਦਸਾ ਹੁੰਦਾ ਹੈ ਜਾਂ ਉਸਦਾ ਮੁਕੱਦਰ? ਕਰਮ ਫਿਲਾਸਫੀ ਵੀ ਏਸੇ ਸਵਾਲ ਦੇ ਕਲਾਵੇ ਵਿਚ ਆਉਂਦੀ ਹੈ। ਇਹੋ ਜਿਹੇ ਵੱਡੇ ਸਵਾਲ ਸ਼ਾਇਰ ਬੜੇ ਸਪੱਸ਼ਟ ਰੂਪ ਵਿਚ ਪਾਠਕਾਂ ਅੱਗੇ ਖੜ੍ਹੇ ਕਰਦਾ ਹੈ-

ਕਿਆ ਬਤੌਰੇ-ਹਾਦਸਾ ਮਿਲਤਾ ਰਹਾ ਜੋ ਭੀ ਮਿਲਾ,

ਯਾ ਮੁਝੇ ਅਪਨੇ ਮੁਕੱਦਰ ਕਾ ਲਿਖਾ ਮਿਲਤਾ ਰਹਾ?

ਉਹ ਫਿਲਾਸਫੀ ਦੇ ਇਕ ਹੋਰ ਨੁਕਤੇ ਨੂੰ ਵੀ ਉਭਾਰਦਾ ਹੈ ਕਿ ਕੀ ਹਰ ਚੰਗੀ ਚੀਜ਼ ਦੀ ਮਹੱਤਤਾ ਬੁਰੀ ਚੀਜ਼ ਦੀ ਹੋਂਦ ’ਤੇ ਨਿਰਭਰ ਕਰਦੀ ਹੈ? ਕੀ ਨੇਕੀ, ਸੱਚ, ਪੁੰਨ ਆਦਿ ਬਦੀ, ਝੂਠ, ਪਾਪ ਕਰਕੇ ਹੀ ਆਪਣੀ ਅਹਿਮੀਅਤ ਰੱਖਦੇ ਹਨ? ਰੱਬ ਦੀ ਵੱਡੀ ਖੇਡ ਅੰਦਰ ਇਹਨਾਂ ਦਾ ਕੀ ਸਥਾਨ ਹੈ?-

ਜ਼ਰੂਰੀ ਥਾ ਕਿ ਦੁਨੀਆ ਮੇਂ ਕੋਈ ਸ਼ੈਤਾਨ ਭੀ ਹੋਤਾ,

ਵਗਰਨਾ ਧੀਰੇ ਧੀਰੇ ਹਰ ਫ਼ਰਿਸ਼ਤਾ ਮਰ ਗਿਆ ਹੋਤਾ।

-----

ਸ਼ਾਇਰ ਮੁਤਾਬਕ ਰੱਬ ਜਾਂ ਰੱਬ ਨਾਲ ਸੰਬੰਧਤ ਰਹੱਸਾਂ, ਗੁਹਜਾਂ, ਇਹਸਾਸਾਂ ਦਾ ਤਰਜਮਾ ਕਰਨਾ ਮੁਸ਼ਕਿਲ ਹੀ ਨਹੀਂ ਲਗਪਗ ਨਾਮੁਮਕਿਨ ਹੈ। ਰੂਹਾਨੀ ਇਹਸਾਸ ਤਾਂ ਬਹੁਤ ਦੂਰ ਦੀ ਗੱਲ, ਮਨੁੱਖੀ ਇਹਸਾਸਾਂ ਨੂੰ ਵੀ ਲਫ਼ਜ਼ਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਇਹਸਾਸਾਂ ਦੇ ਪ੍ਰਗਟਾਅ ਲਈ ਸ਼ਬਦ-ਕੋਸ਼ ਅਧੂਰੇ ਪੈ ਜਾਂਦੇ ਹਨ। ਇਹਸਾਸ ਤਾਂ ਸਿਰਫ਼ ਮਹਿਸੂਸ ਕੀਤੇ ਜਾ ਸਕਦੇ ਹਨ। ਮਾਣੇ ਜਾ ਸਕਦੇ ਹਨ। ਇਹਨਾਂ ਨੂੰ ਸ਼ਬਦਾਂ ਦੀਆਂ ਜ਼ੰਜੀਰਾਂ ਵਿਚ ਬੰਨ੍ਹਿਆਂ ਨਹੀਂ ਜਾ ਸਕਦਾ। ਅਕਲ ਦੇ ਘੇਰੇ ਬਹੁਤ ਛੋਟੇ ਹੁੰਦੇ ਹਨ। ਹਰ ਇਕ ਚੀਜ਼ ਨੂੰ ਅਕਲ ਥਾਣੀਂ ਲੰਘਾ ਲੰਘਾ ਕੇ ਵੇਖੀ ਜਾਣਾ ਵੀ ਇਕ ਰੋਗ ਬਣ ਜਾਂਦਾ ਹੈ-

ਵੋ ਫ਼ਕਤ ਇਹਸਾਸ ਹੈ, ਮਹਿਸੂਸ ਕਰਤਾ ਹੂੰ ਉਸੇ,

ਸੋਚ ਕਰ ਕੁਛ ਔਰ ਅਬ ਦਿਲ ਕੋ ਪਸ਼ੇਮਾਂ ਕਿਊਂ ਕਰੂੰ!

(ਫ਼ਕਤ-ਸਿਰਫ਼)

ਕਹਾਂ ਇਹਸਾਸ ਹੋਤਾ ਹੈ ਖ਼ਿਰਦ ਯੇ ਮੁਝ ਕੋ ਬਤਲਾਏ,

ਮੁਝੇ ਅਲਫ਼ਾਜ਼ ਕੀ ਜ਼ੰਜੀਰ ਜਬ ਪਹਿਨਾਈ ਜਾਤੀ ਹੈ।

(ਖ਼ਿਰਦ-ਅਕਲ)

-----

ਧਰਮ ਦਾ ਅਜੋਕਾ ਖ਼ੁਸ਼ਕ ਜਿਹਾ ਰੂਪ ਜੋ ਧਰਤੀ ’ਤੇ ਫੈਲ ਰਿਹਾ ਹੈ, ਉਸਦਾ ਪ੍ਰਮੁੱਖ ਕਾਰਨ ਇਹ ਹੈ ਕਿ ਰੂਹਾਨੀ ਇਹਸਾਸ ਤੋਂ ਸੱਖਣੇ ਲੋਕ ਜਦੋਂ ਧਰਮ ਦੀ ਵਿਆਖਿਆ ਕਰਦੇ ਹਨ ਤਾਂ ਆਪਣੀ ਰੋਗੀ ਮਾਨਸਿਕਤਾ ਦੇ ਅੰਸ਼ ਇਸ ਵਿਚ ਰਲਾ ਦਿੰਦੇ ਹਨ। ਇਸ ਕਰਕੇ ਰੂਹਾਨੀ ਤਜਰਬੇ ਵਿਚੋਂ ਜਿਹੜਾ ਸਭਿਆਚਾਰ ਧਰਤੀ ’ਤੇ ਪੈਦਾ ਹੋਣਾ ਸੀ, ਉਸ ਦੀ ਥਾਂ ਬਹੁਤ ਹੀ ਘਟੀਆ ਸਭਿਆਚਾਰ ਧਰਤੀ ’ਤੇ ਪੈਦਾ ਹੋ ਗਿਆ ਹੈ, ਜਿਹੜਾ ਜਿਸਮਾਨੀ ਸੁਖ-ਸੁਵਿਧਾਵਾਂ ਦੀ ਤਾਂ ਹਰ ਫ਼ਰਮਾਇਸ਼ ਪੂਰੀ ਕਰ ਰਿਹਾ ਹੈ, ਪਰ ਰੂਹ ਦੀ ਖ਼ੁਰਾਕ ਦਾ ਕੋਈ ਪਰਬੰਧ ਨਹੀਂ ਕਰਦਾ। ਕਮਾਲ ਦੀ ਗੱਲ ਤਾਂ ਇਹ ਹੈ ਕਿ ਮਨੁੱਖ ਜਿਸ ਨੂੰ ਰੂਹ ਦੀ ਖ਼ੁਰਾਕ ਸਮਝਦਾ ਹੈ, ਪਦਾਰਥਵਾਦ ਉਸ ਵਿਚ ਬੇਹੱਦ ਸੂਖਮਤਾ ਨਾਲ ਹਾਜ਼ਿਰ ਹੈ। ਇੰਝ ਮਨੁੱਖ ਆਪਣੇ ਆਪ ਨਾਲ ਅਨੋਖੀ ਖੇਡ ਖੇਡੀ ਜਾ ਰਿਹਾ ਹੈ-

ਜਿਸਮ ਕੀ ਪੂਰੀ ਹੁਈ ਹਰ ਏਕ ਫ਼ਰਮਾਇਸ਼ ਮਗਰ,

ਰੂਹ ਕੇ ਹਰ ਦਰਦ ਕਾ ਦਰਮਾਂ ਅਧੂਰਾ ਰਹਿ ਗਿਆ।

(ਦਰਮਾਂ-ਇਲਾਜ)

ਮਨੁੱਖੀ ਮਨ ਦੀ ਬਣਤਰ ਉਸਦੇ ਆਲੇ-ਦੁਆਲੇ ਅਤੇ ਵਾਤਾਵਰਣ ਤੋਂ ਕਿਸ ਕਦਰ ਪ੍ਰਭਾਵਿਤ ਹੈ ਮਨਮੋਹਨ ਆਲਮ ਇਕ ਸ਼ਿਅਰ ਰਾਹੀਂ ਪੇਸ਼ ਕਰ ਦਿੰਦਾ ਹੈ-

ਮੇਰੇ ਬਸ ਮੇਂ ਕਹਾਂ ਥਾ ਕਿ ਮੁਝੇ ਕੈਸਾ ਖ਼ਿਆਲ ਆਏ,

ਮੇਰਾ ਮਾਹੌਲ ਜੈਸਾ ਥਾ ਮੁਝੇ ਵੈਸਾ ਖ਼ਿਆਲ ਆਇਆ।

------

ਮਨਮੋਹਨ ਆਲਮ ਜਿੱਥੇ ਰੂਹਾਨੀ, ਮਾਨਸਿਕ, ਧਰਮ, ਸਮਾਜ ਨਾਲ ਸੰਬੰਧਿਤ ਕੀ, ਕਿਵੇਂ, ਕਿਉਂ ਜਿਹੇ ਸਵਾਲ ਪੈਦਾ ਕਰਦਾ ਹੈ, ਉੱਥੇ ਉਹਨਾਂ ਲੋਕਾਂ ਦੀ ਬਾਤ ਵੀ ਪਾਉਂਦਾ ਹੈ, ਜਿਹਨਾਂ ਨੂੰ ਚੰਦ ਰੋਟੀ ਵਰਗਾ ਲਗਦਾ ਹੈ। ਉਸ ਮਾਂ ਦੇ ਅੰਦਰ ਉਠਦੇ ਤੂਫ਼ਾਨਾਂ ਦੀ ਨਿਸ਼ਾਨਦੇਹੀ ਕਰਦਾ ਹੈ ਜਿਸ ਨੇ ਆਪਣੇ ਬੱਚਿਆਂ ਨੂੰ ਹੰਝੂਆਂ ਨਾਲ ਪਾਲਿਆ ਹੈ। ਸ਼ਾਇਰ ਪੱਤਰਕਾਰਾਂ, ਕਲਮਕਾਰਾਂ, ਦਾਨਿਸ਼ਵਰਾਂ ਨੂੰ ਬਾਹੋਂ ਫੜ੍ਹ ਕੇ ਉਹਨਾਂ ਦੇ ਫ਼ਰਜ਼ ਯਾਦ ਕਰਵਾ ਕੇ ਆਪਣੀ ਕਲਮ ਦਾ ਮਾਣ ਰੱਖ ਲੈਂਦਾ ਹੈ।

ਮਨਮੋਹਨ ਆਲਮ ਦੀ ਸ਼ਾਇਰੀ ਮਨੁੱਖੀ ਮਨ ਦੁਆਲੇ ਲਿਪਟੀ ਫ਼ਾਲਤੂ ਬੋਝਾਂ ਦੀ ਗ਼ਰਦ ਝਾੜ ਕੇ, ਆਤਮਕ ਤੌਰ ’ਤੇ ਸਡੌਲ, ਇਕ ਵਧੀਆ ਇਨਸਾਨ ਦਾ ਮਾਡਲ ਪੇਸ਼ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਦੀ ਹੈ। ਮਨਮੋਹਨ ਆਲਮ ਮਨੋਵਿਗਿਆਨਿਕ ਕਿੱਤੇ ਨਾਲ ਸੰਬੰਧਿਤ ਹੋਣ ਕਰਕੇ ਚੀਜ਼ਾਂ ਨੂੰ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਘੋਖਦਾ ਹੈ। ਉਹ ਸੂਖਮ ਦ੍ਰਿਸ਼ਟੀ ਦਾ ਮਾਲਕ ਹੈ। ਚਿਹਰੇ ਦੇ ਨਕਸ਼ ਉਹ ਕੇਵਲ ਪੜ੍ਹਦਾ ਹੀ ਨਹੀਂ ਸਗੋਂ ਇਹਨਾਂ ਦੀ ਤਹਿ ’ਚ ਪਏ ਜਜ਼ਬਿਆਂ, ਘਟਨਾਵਾਂ, ਕਾਰਨਾਂ, ਸੰਭਾਵਨਾਵਾਂ ਦੇ ਦਰਿਆਵਾਂ ਵਿਚ ਚੁੱਭੀ ਮਾਰਨ ਦੀ ਹਿੰਮਤ ਵੀ ਰੱਖਦਾ ਹੈ। ਮਨੋਵਿਗਿਆਨਕ ਦ੍ਰਿਸ਼ਟੀ ਤੋਂ ਉਸਦੀ ਸ਼ਾਇਰੀ ਲਾਜਵਾਬ ਹੈ-

ਬਿਨਾ ਸੋਚੇ ਭੀ ਤੋ ਜੀਨਾ ਕੋਈ ਮੁਸ਼ਕਿਲ ਨਹੀਂ ਲੇਕਿਨ,

ਮੁਝੇ ਫਿਰ ਸੋਚ ਲੇਨੇ ਦੋ ਕਿ ਯੇ ਕੈਸਾ ਖ਼ਿਆਲ ਆਇਆ।

-----

ਕੋਈ ਮੁਸ਼ਕਿਲ ਨਹੀਂ ਮੁਝ ਕੋ, ਤੁਝੇ ਯੇ ਬਾਤ ਸਮਝਾਨੀ,

ਮਗਰ ਇਸ ਵਕਤ ਮੁਝ ਕੋ ਬਸ ਤੇਰੀ ਔਕਾਤ ਕਾ ਡਰ ਹੈ।

-----

ਮੁਝੇ ਅੱਛਾ ਲਗੇ ਯਾ ਨਾ ਲਗੇ ਅਬ ਇਸ ਕੇ ਕਿਆ ਮਾਈਨੇ,

ਕਿ ਜੋ ਅੱਛਾ ਲਗਾ ਵੋ ਭੀ ਸਦਾ ਅੱਛਾ ਨਹੀਂ ਲਗਤਾ।

-----

ਸ਼ਿਕਵਾ ਤੋ ਕੋਈ ਭੀ ਨਹੀਂ ਮੁਝ ਸੇ ਉਸੇ ਮਗਰ,

ਉਲਝਨ ਉਸੇ ਹੈ ਕਿ ਮੁਝੇ ਉਲਝਨ ਕੋਈ ਨਹੀਂ।

-----

ਗ਼ਜ਼ਲ-ਸੰਗ੍ਰਹਿ ਦਾ ਨਾਮ ‘ਧੂਪ-ਛਾਓਂ’ ਇਕ ਸੂਤਰ ਵਾਂਗ ਗ਼ਜ਼ਲਾਂ ਦੇ ਅੰਦਰ-ਬਾਹਰ ਪਰੋਇਆ ਹੋਇਆ ਹੈ, ਜੋ ਜ਼ਿੰਦਗੀ ਵਿਚ ਆਉਂਦੇ ਦੁੱਖਾਂ-ਸੁੱਖਾਂ, ਖ਼ੁਸ਼ੀਆਂ-ਗ਼ਮੀਆਂ ਦਾ ਵੱਡਾ ਪ੍ਰਤੀਕ ਬਣ ਕੇ ਉਭਰਦਾ ਹੈ।

ਸੁਰਿੰਦਰ ਸੋਹਲ ਨੇ ਸ਼ਾਹਮੁਖੀ ਲਿੱਪੀ ਵਿਚ ਛਪੀ, ਉਰਦੂ ਜ਼ਬਾਨ ਦੀ ਪੁਸਤਕ ‘ਧੂਪ ਛਾਂਓਂ’ ਦਾ ਗੁਰਮੁਖੀ ਲਿੱਪੀ ਵਿਚ ਲਿੱਪੀਅੰਤਰ ਕਰਨ ਵੇਲੇ ਪਾਠਕ ਦੀ ਸਹੂਲਤ ਵਾਸਤੇ ਔਖੇ ਸ਼ਬਦਾਂ ਦੇ ਅਰਥ ਵੀ ਫੁੱਟਨੋਟ ਵਿਚ ਦੇ ਦਿੱਤੇ ਹਨ। ਇੰਝ ਪਾਠਕ ਦੇ ਸ਼ਬਦਕੋਸ਼ ਵਿਚ ਵਾਧਾ ਵੀ ਹੋਵੇਗਾ ਅਤੇ ਪੁਸਤਕ ਪੜ੍ਹ ਕੇ ਮਾਣਨ ਦੇ ਅਨੰਦ ਵਿਚ ਵੀ ਖਲਲ ਨਹੀਂ ਪਵੇਗਾ।

-----

ਮਨਮੋਹਨ ਆਲਮ ਨੂੰ ਮੈਂ ਨਿੱਜੀ ਤੌਰ ’ਤੇ ਅਜੇ ਤੱਕ ਨਹੀਂ ਮਿਲਿਆ ਹਾਂ। ਸੁਰਿੰਦਰ ਸੋਹਲ ਮੁਤਾਬਕ-ਉਹ ਬੇਹੱਦ ਮਿਲਾਪੜਾ, ਗੰਭੀਰ, ਚਿੰਤਨਸ਼ੀਲ ਅਤੇ ਸਾਦਾ ਤਬੀਅਤ ਇਨਸਾਨ ਹੈ। ਆਪਣੀ ਸ਼ਾਇਰੀ ਦੀ ਕਾਮਯਾਬੀ ਪਿੱਛੇ ਉਹ ਆਪਣੀ ਪਤਨੀ ਪਰਮਜੀਤ ਕੌਰ ਦੇ ਯੋਗਦਾਨ ਨੂੰ ਅੱਖੋਂ ਓਹਲੇ ਨਹੀਂ ਕਰਦਾ। ਕਈ ਵਾਰ ਮਸਤੀ ਵਿਚ ਆਇਆ ਹੋਇਆ ਮਨਮੋਹਨ ਆਲਮ ਆਪਣੀ ਪਤਨੀ ਬਾਰੇ ਲਿਖੀ ਰੁਬਾਈ ਸੁਣਾ ਕੇ ਆਪਣੇ ਗੰਭੀਰ ਸੁਭਾਅ ਪਿੱਛੇ ਲੁਕੇ ਹੋਏ ਚੰਚਲ, ਸ਼ੋਖ਼ ਤੇ ਹੱਸਮੁਖ ਮਨਮੋਹਨ ਆਲਮ ਦੇ ਦਰਸ਼ਨ ਵੀ ਕਰਵਾ ਦਿੰਦਾ ਹੈ-

ਰੋਜ਼ ਚਾਵਲ ਉਬਾਲ ਰੱਖਤੀ ਹੋ।

ਸਾਥ ਮੂੰਗੀ ਕੀ ਦਾਲ ਰੱਖਤੀ ਹੋ।

ਬਾਜ਼ੌ-ਕਾਤ ਸੋਚਤਾ ਹੂੰ ਕਿ ਤੁਮ,

ਮੇਰਾ ਕਿਤਨਾ ਖ਼ਿਆਲ ਰੱਖਤੀ ਹੋ।

******

Thursday, September 10, 2009

ਜਸਵੰਤ ਦੀਦ - ਕਮੰਡਲ

ਕਾਵਿ-ਸੰਗ੍ਰਹਿ: ਕਮੰਡਲ

ਲੇਖਕ: ਜਸਵੰਤ ਦੀਦ

ਪ੍ਰਕਾਸ਼ਨ ਵਰ੍ਹਾ: 2009 (ਦੂਜੀ ਵਾਰ)

ਪ੍ਰਕਾਸ਼ਨ: ਚੇਤਨਾ ਪ੍ਰਕਾਸ਼ਨ, ਲੁਧਿਆਣਾ

ਮੁੱਲ: 125 ਰੁਪਏ

ਰਿਵੀਊਕਾਰ: ਡਾ: ਦੇਵਿੰਦਰ ਕੌਰ

************

ਜਸਵੰਤ ਦੀਦ ਦਾ ਕਾਵਿ-ਕਮੰਡਲ

'ਕਮੰਡਲ' ਜਸਵੰਤ ਦੀਦ ਦਾ ਪੰਜਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ 1986 ਵਿਚ 'ਬੱਚੇ ਤੋਂ ਡਰਦੀ ਕਵਿਤਾ', 1990 ਵਿਚ 'ਅਚਨਚੇਤ', 1996 ਵਿਚ 'ਆਵਾਜ਼ ਆਏਗੀ ਅਜੇ',ਅਤੇ 2000 ਵਿਚ 'ਘੁੰਡੀ‘ ਕਾਵਿ-ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਭਾਵੇਂ ਉਸਨੇ ਆਪਣਾ ਸਾਹਿਤਿਕ ਸਫ਼ਰ 1970 ਵਿਚ ਕਹਾਣੀ-ਸੰਗ੍ਰਹਿ 'ਇੱਕ ਲੱਪ ਯਾਦਾਂ ਦੀ' ਤੋਂ ਸ਼ੁਰੂ ਕੀਤਾ ਸੀ ਪਰ ਉਸਦੀ ਕਾਵਿ-ਪ੍ਰਤਿਭਾ ਨੇ ਜਿੱਤ ਪ੍ਰਾਪਤ ਕੀਤੀ ਹੈ ਅਤੇ ਉਹ ਪ੍ਰੋੜ ਸ਼ਾਇਰ ਦੇ ਰੂਪ ਵਿਚ ਆਪਣੀ ਸਥਾਪਨਾ ਕਾਇਮ ਕਰ ਚੁੱਕਾ ਹੈ।

-----

ਦੀਦ ਦੀ ਕਵਿਤਾ ਦਾ ਆਗਾਜ਼ ਪੁਰਖਿਆਂ ਨਾਲ ਰਚਾਏ ਸੰਵਾਦ ਤੋਂ ਹੁੰਦਾ ਹੈ। ਸੰਵਾਦ ਦੀ ਜੁਗਤ ਨੇ ਦੀਦ ਦੀ ਕਵਿਤਾ ਦਾ ਪੱਲਾ ਨਹੀਂ ਛੱਡਿਆ ਅਤੇ 'ਕਮੰਡਲ' ਤੱਕ ਪਹੁੰਚਦਿਆਂ ਸੰਵਾਦ ਦੀਦ ਦੀ ਕਵਿਤਾ ਦਾ ਅਨਿੱਖੜ ਕਾਵਿ-ਸੰਗਠਨ ਹੋ ਨਿਬੜਿਆ ਹੈ। ਹਾਲਾਂ ਕਿ ਸੰਵਾਦ ਸਾਹਿਤ ਦੀ ਇੱਕ ਜੁਗਤ ਹੈ ਲੇਕਿਨ ਦੀਦ ਦੀ ਕਵਿਤਾ ਵਿਚ ਇਹ ਪ੍ਰਤੱਖ ਅਤੇ ਪਰੋਖ ਰੂਪ ਵਿਚ ਕਾਰਜਸ਼ੀਲ ਹੋਣ ਕਰਕੇ ਕਵਿਤਾ ਦੀ ਸੰਰਚਨਾ ਬਣ ਗਈ ਹੈ। ਪ੍ਰਤੱਖ ਸੰਵਾਦ ਦੀ ਵਰਤੋਂ ਉਸਦੀ ਬਹੁਤ ਮਸ਼ਹੂਰ ਕਵਿਤਾ 'ਪੁਰਖਿਆਂ ਨਾਲ ਗੱਲਾਂ' ਵਿਚ ਮਿਲਦੀ ਹੈ। ਕਮੰਡਲ ਵਿਚ ਸੰਵਾਦ ਦੀ ਵਰਤੋਂ ਵਧੇਰੇ ਕਰਕੇ ਪਰੋਖ ਰੂਪ ਵਿਚ ਹੋਈ ਹੈ। ਬਹੁਤੀ ਵਾਰੀ ਉਹ ਆਪਣੇ ਆਪ ਨਾਲ ਗੱਲਾਂ ਕਰਦਾ, ਆਪਣੇ ਅੰਤਰ ਮਨ ਨਾਲ ਸੰਵਾਦ ਰਚਾਉਂਦਾ ਹੀ ਨਜ਼ਰ ਆਉਂਦਾ ਹੈ। ਨਵੀਂ ਕਵਿਤਾ ਦੀ ਪਛਾਣ ਅੰਤਰ ਮਨ ਦੀ ਪੇਸ਼ਕਾਰੀ ਵਿਚ ਨਿਹਿਤ ਹੈ। ਅੰਤਰ ਮਨ ਦੀ ਪੇਸ਼ਕਾਰੀ ਸਾਡੀ ਬਹੁਤ ਸਾਰੀ ਨਵੀਂ ਕਵਿਤਾ ਵਿਚ ਮਿਲਦੀ ਹੈ। ਦੀਦ ਦੀ ਕਵਿਤਾ ਵਿਚਲੇ ਅੰਤਰ ਮਨ ਦੀ ਪੇਸ਼ਕਾਰੀ ਵਿਚ ਮੂਕ ਸੰਵਾਦ ਹਰ ਵੇਲੇ ਕਾਰਜਸ਼ੀਲ ਰਹਿੰਦਾ ਹੈ ਜੋ ਕਵਿਤਾ ਨੂੰ ਕਾਵਿ-ਗਤੀ ਪ੍ਰਦਾਨ ਕਰਦਾ ਰਹਿੰਦਾ ਹੈ। ਇਸ ਲਈ ਦੀਦ ਦੀ ਕਵਿਤਾ ਹਰ ਵੇਲੇ ਕਿਸੀ ਸਫ਼ਰ ਲਈ, ਕਿਸੀ ਤਲਾਸ਼ ਲਈ, ਕਿਸੀ ਭਟਕਣ ਲਈ ਤਤਪਰ ਰਹਿੰਦੀ ਹੈ।

-----

ਇਸ ਕਾਵਿ-ਪੁਸਤਕ ਦੇ ਤਰਤੀਬ ਵਾਲੇ ਪੰਨੇ ਤੋਂ ਪਹਿਲੇ ਪੰਨੇ ਤੇ ਦੀਦ ਨੇ ਮਹਾਨ ਕੋਸ਼ ਚੋਂ ਗੁਰਬਾਣੀ ਵਿਚ ਸਥਿਤ ਇੱਕ ਸਤਰ 'ਹਾਥ ਕਮੰਡਲ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ' ਅੰਕਿਤ ਕੀਤੀ ਹੈ। ਦਰਅਸਲ ਏਸੇ ਤੁਕ ਦੇ ਪਿਛੋਕੜ 'ਚੋਂ ਹੀ ਦੀਦ ਦੀ ਕਵਿਤਾ ਦਾ ਕਾਵਿ-ਸਫ਼ਰ ਤੈਅ ਕੀਤਾ ਜਾ ਸਕਦਾ ਹੈ। 'ਕਮੰਡਲ' ਭਾਰਤੀ ਸੰਸਕ੍ਰਿਤੀ ਦਾ ਚਿਹਨ ਹੈ ਜੋ ਜੋਗ ਪਰੰਪਰਾ ਵਿਚੋਂ ਆਇਆ ਹੈ। ਜੋਗੀ ਸੰਸਾਰ ਦਾ ਤਿਆਗ ਕਰ ਕੇ, ਸੰਸਾਰ ਦੀ ਨਾਸ਼ਮਾਨਤਾ ਵਾਲੇ ਸਿਧਾਂਤ ਨੂੰ ਸਮਝ ਕੇ ਹੱਥ ਵਿਚ ਕਮੰਡਲ ਫੜਦਾ ਹੈ। ਕਮੰਡਲ ਉਦੋਂ ਫੜਿਆ ਜਾਂਦਾ ਹੈ ਜਦੋਂ ਕੋਈ ਜੋਗੀ ਬਣ ਜਾਂਦਾ ਤ੍ਰਿਸ਼ਨਾਵਾਂ, ਦਾ ਤਿਆਗ ਕਰ ਦੇਂਦਾ ਹੈ। ਦੀਦ ਦੀ ਕਵਿਤਾ ਵਿਚਲਾ ਮਨੁੱਖ ਸੰਸਾਰ ਵਿਚ ਲਿਪਤ ਹੈ, ਰਿਸ਼ਤਿਆਂ ਦੀ ਤਲਾਸ਼ ਵਿਚ ਭਟਕ ਰਿਹਾ ਹੈ, ਉਸਨੂੰ ਕਿਧਰੇ ਚੈਨ ਨਹੀਂ। ਬੇਚੈਨੀ ਵਿਚ ਤੜਪ ਰਹੇ ਮਨੁੱਖ ਨੇ ਤ੍ਰਿਸ਼ਨਾਵਾਂ ਦਾ ਕਮੰਡਲ ਫੜਿਆ ਹੋਇਆ ਹੈ,। ਇਹ ਅਸਲ ਵਿਚ ਕਿਸੇ ਜੋਗੀ ਦਾ ਕਮੰਡਲ ਨਹੀਂ, ਕਿਸੇ ਐਸੇ ਰਤਿਕਾਂਤ ਦਾ ਕਮੰਡਲ ਹੈ ਜਿਸ ਵਿਚ ਤੜਪ, ਉਡੀਕ, ਖਾਹਿਸ਼ਾਂ, ਤ੍ਰਿਸ਼ਨਾਵਾਂ ਆਦਿ ਸਮੱਗਰੀ ਪਈ ਹੈ। ਏਸੇ ਲਈ ਇਹ ਕਮੰਡਲ ਆਪਣੇ ਅੰਤਿਮ ਅਰਥਾਂ ਵਿਚ ਜੋਗੀਆਂ ਦੇ ਕਮੰਡਲ ਤੋਂ ਵੱਖਰਾ ਹੋ ਜਾਂਦਾ ਹੈ। ਇਸ ਕਾਵਿ-ਪੁਸਤਕ ਵਿਚਲੇ ਰਤਿਕਾਂਤ ਨੂੰ ਆਪਣੇ ਅੱਧ ਦੀ ਤਲਾਸ਼ ਹੈ। ਉਸਨੂੰ ਆਪਣੇ ਹੀ ਅੰਤਰ ਦਾ ਅੱਧ ਗਵਾਚ ਗਿਆ ਮਹਿਸੂਸ ਹੁੰਦਾ ਹੈ ਅਤੇ ਉਸ ਨੂੰ ਹੀ ਕਦੇ ਉਹ ਯਾਦਾਂ ਦੇ ਰੂਪ ਵਿਚ, ਕਦੇ ਸਫ਼ਰ ਦੇ ਰੂਪ ਵਿਚ, ਕਦੇ ਉਡੀਕ ਦੇ ਰੂਪ ਵਿਚ, ਕਦੇ ਸਵਾਲਾਂ ਦੇ ਰੂਪ ਵਿਚ ਅਤੇ ਕਦੇ ਮੋਨੋਲਾਗ ਦੇ ਰੂਪ ਵਿਚ ਤਲਾਸ਼ਦਾ ਰਹਿੰਦਾ ਹੈ। ਇਸ ਰਤਿਕਾਂਤ ਦੇ ਕਮੰਡਲ ਦੇ ਕਈ ਰੂਪ ਹਨ ਇਸ ਲਈ ਸਿੱਟੇ ਵਜੋਂ ਜੋ ਕਵਿਤਾਵਾਂ ਹੋਂਦ ਵਿਚ ਆਈਆਂ ਹਨ ਉਨ੍ਹਾਂ ਵਿਚਲੇ ਅਹਿਸਾਸ ਦੀਆਂ ਵੀ ਕਈ ਪਰਤਾਂ ਹਨ। ਬਹੁ ਪਰਤਾਂ ਨੂੰ ਉਜਾਗਰ ਕਰਦੀ ਹੋਈ ਦੀਦ ਦੀ ਇਹ ਕਾਵਿ-ਪੁਸਤਕ ਨਵੀਂ ਕਵਿਤਾ ਦਾ ਪ੍ਰਮਾਣ ਪੇਸ਼ ਕਰ ਜਾਂਦੀ ਹੈ। ਇੱਕ ਮਿਸਾਲ ਪੇਸ਼ ਹੈ:-

‘‘ਇਹ ਭੋਲਾ

ਜਦ ਵੀ ਪਟਾਰੀ ਬੰਦ ਅੰਦਰ ਬੈਠਦਾ ਹੈ

ਕੋਈ ਪੌਣ ਉੱਠਦੀ ਹੈ

ਹਨੇਰੀ ਵਾਵਰੋਲਾ ਸ਼ੂਕਦਾ ਉੜਦਾ

ਤੇ ਢੱਕਣ ਹਵਾ 'ਚ ਲੁੜ੍ਹਕ ਜਾਂਦਾ ਹੈ‘‘

( ਕਮੰਡਲ, ਪੰਨਾ,73 )

----

'ਕਮੰਡਲ' ਕਾਵਿ-ਸੰਗ੍ਰਹਿ ਦੀ ਕਾਵਿ-ਯਾਤਰਾ ਵਿਚ ਕਵਿਤਾ ਅਤੇ ਮਨੁੱਖੀ ਅਹਿਸਾਸ ਇੱਕ ਦੂਜੇ ਵਿਚ ਓਤ ਪੋਤ ਹੋਏ ਪਏ ਹਨ। ਕਵਿਤਾ ਮਹਿਜ਼ ਅੱਖਰਾਂ ਦਾ , ਵਾਕਾਂ ਦਾ, ਚਿਹਨਾ ਦੀ ਗਰਾਮਰ ਦਾ ਪਸਾਰ ਨਹੀਂ, ਇਸ ਵਿਚ ਮਨੁੱਖੀ ਅਹਿਸਾਸ ਦਾ ਸ਼ਾਮਿਲ ਹੋਣਾ ਨਿਹਾਇਤ ਜ਼ਰੂਰੀ ਹੈ। ਦੀਦ ਕਵਿਤਾ ਲਿਖਦਾ ਹੈ ਆਪਣੇ ਅਹਿਸਾਸ ਨੂੰ ਮਿਲਣ ਵਾਸਤੇ। ਏਥੋਂ ਤੱਕ ਕਿ ਕਵਿਤਾ ਅਤੇ ਅਹਿਸਾਸ ਵਿਚੋਂ ਕੋਈ ਵੱਡਾ ਛੋਟਾ ਨਹੀਂ, ਇਹ ਦੋਵੇਂ ਇੱਕ ਸਿੱਕੇ ਦੇ ਦੋਵੇਂ ਪਾਸੇ ਹਨ, ਇੱਕ ਦੂਜੇ ਵਿਚ ਓਤ ਪੋਤ ਹਨ। ਇਹੀ ਕਾਵਿ-ਭਾਸ਼ਾ ਦੀ ਸਿਰਜਣਾ ਦੀ ਪਛਾਣ ਹੈ।ਇੱਕ ਮਿਸਾਲ ਪੇਸ਼ ਹੈ:-

‘‘ਅਸੀਮ ਸੰਭਾਵਨਾ ਹੈ ਅਜੇ ਵੀ

ਅਰਥ ਦੇ ਗੂੰਜ ਦੀ ਜਿੱਥੇ

ਸਤਰਾਂ ਸ਼ਬਦਾਂ ਦੇ ਵਿਚਕਾਰ ਪਈ ਖ਼ਾਲੀ ਜਗ੍ਹਾ ਅੰਦਰ

ਅੱਖਰਾਂ ਸਮਾਸਾਂ ਵਿਚਕਾਰ

ਕੌਮਿਆਂ, ਟਿੱਪੀਆਂ, ਬਿੰਦੀਆਂ, ਵਿਸਰਾਮ ਚਿੰਨ੍ਹਾ ਦੀ ਛਾਂ ਹੇਠ

ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ‘‘

( ਉਹੀ, ਪੰਨਾ, 31 )

-----

ਅਹਿਸਾਸ ਦੀ ਪੱਧਰ ਵਿਚੋਂ ਬਹੁਤੀ ਵਾਰੀ ਦੀਦ ‘ਕਾਵਿ-ਤੂੰ‘ ਦਾ ਸਿਰਜਣ ਕਰਕੇ ਉਸ ਨਾਲ ਸੰਵਾਦ ਰਚਾਉਂਦਾ, ਉਸ ਅੱਗੇ ਸਵਾਲ ਰੱਖਦਾ, ਉਨ੍ਹਾਂ ਦੇ ਜਵਾਬ ਲੱਭਦਾ ਨਜ਼ਰ ਆਉਂਦਾ ਹੈ। ਇਨ੍ਹਾਂ ਸਵਾਲਾਂ ਦੀ ਪ੍ਰਕਿਰਤੀ ਤਲਾਸ਼ ਨਾਲ ਸੰਬੰਧਿਤ ਹੈ। ਜਿਸ ਅੱਧ ਦੀ ਤਲਾਸ਼ ਵਿਚ ਉਸਦੀ ਸਾਰੀ ਕਵਿਤਾ ਹੋਂਦ ਵਿਚ ਆਈ ਹੈ, ਉਸਨੂੰ ਹੀ ਆਪਣੀ ਕਵਿਤਾ ਦੀ ਸੰਬੋਧਿਤ ਧਿਰ ਵਜੋਂ ਸਿਰਜ ਲੈਂਦਾ ਹੈ। ਇਹ ਸ਼ਾਇਰ ਦੇ ਅੰਤਰ ਮਨ ਦਾ ਸੱਚ ਵੀ ਹੈ ਅਤੇ ਕਵਿਤਾ ਦਾ ਸੱਚ ਵੀ ਹੋ ਨਿਬੜਦਾ ਹੈ:-

‘‘ਤੂੰ ਕਿੱਥੇ ਸੀ

ਦੇਰ ਏਨੀ?

ਪਤਾ ਨਹੀਂ ਸੀ ਤੈਨੂੰ

ਪਾਗਲੇ !

ਕਿ ਮੈਂ

ਪਿਛਲੇ ਕਈ ਜਨਮਾਂ ਤੋਂ

ਤੈਨੂੰ ਨਾਲ ਲਈ ਫਿਰਦਾ ਹਾਂ

ਤੇ ਤੂੰ

ਸਦੀਆਂ ਤੋਂ ਪੁੱਛ ਰਹੀ ਹੈਂ

ਤੂੰ ਕੌਣ ਹੈਂ ?‘‘

( ਉਹੀ, ਪੰਨਾ, 48 )

-----

ਦਰਅਸਲ ਏਸੇ ਵਿਚ ਹੀ ਅਰਧਨਾਰੀਸ਼ਵਰ ਦਾ ਸਿਧਾਂਤ ਛੁਪਿਆ ਹੋਇਆ ਹੈ। ਇਨਸਾਨ ਦੇ ਅੰਦਰ ਹੀ ਅੱਧਾ ਨਰ ਅਤੇ ਅੱਧਾ ਮਾਦਾ ਹੁੰਦਾ ਹੈ। ਜਦੋਂ ਆਪਣੇ ਅੱਧ ਦੀ ਪਹਿਚਾਣ ਗਵਾਚ ਜਾਏ, ਉਦੋਂ ਭਟਕਣਾ ਦਾ ਸਫ਼ਰ ਆਰੰਭ ਹੁੰਦਾ ਹੈ। ਦੀਦ ਦੀ ਕਵਿਤਾ ਐਸੇ ਇਨਸਾਨ ਦੀ ਪੇਸ਼ਕਾਰੀ ਹੈ ਜਿਸਦਾ ਆਪਣਾ ਹੀ ਅੱਧਾ ਅੱਧ ਗਵਾਚ ਗਿਆ ਹੈ ਅਤੇ ਉਸਦੀ ਭਾਲ ਵਿਚ ਉਹ ਦੁਨੀਆਂ ਵਿਚ ਏਧਰ ਓਧਰ ਭਟਕਦਾ ਫਿਰਦਾ ਹੈ ਅਤੇ ਇਸ ਭਟਕਣਾ ਦੀ ਸ਼ਨਾਖ਼ਤ ਉਹ ਕਵਿਤਾ ਰਾਹੀਂ ਕਰਦਾ ਹੈ। ਅਸਲ ਵਿਚ ਏਸ ਕਵਿਤਾ ਵਿਚ ਅਧੂਰੇਪਣ ਦੇ ਅਹਿਸਾਸ ਨੂੰ ਭਰਨ ਦੀ ਖ਼ਾਹਿਸ਼ ਹੈ। ਖਾਹਿਸ਼ ਦਾ ਕਮੰਡਲ ਸਮੁੱਚੀ ਕਵਿਤਾ ਦੇ ਪ੍ਰਭਾਵ ਵਜੋਂ ਉਜਾਗਰ ਹੁੰਦਾ ਹੈ। ਵਿਹਾਰਕ ਜ਼ਿੰਦਗੀ ਵਿਚ ਜੋ ਮਨਫ਼ੀ ਹੈ, ਮਾਨਸਿਕਤਾ ਵਿਚ ਉਹ ਹਾਜ਼ਰ ਹੈ। ਉਸ ਮਾਨਸਿਕ ਹਾਜ਼ਰੀ ਦੀ ਤੜਪ ਵਿਚੋਂ ਹੀ ਦੀਦ ਦੀ ਕਵਿਤਾ ਸਿਰਜੀ ਗਈ ਹੈ। ਇਕ ਮਿਸਾਲ ਪੇਸ਼ ਹੈ:-

‘‘ਤੂੰ ਏਥੇ ਨਹੀਂ ਹੈਂ

..................

ਮੈਂ ਉਡੀਕ ਰਿਹਾ ਹਾਂ

ਕਿ ਤੂੰ ਅਚਾਨਕ ਪਰਗਟ ਹੋਵੇਂ

ਕਿਤਾਬਾਂ ਅੱਖਰਾਂ ਕੰਧਾਂ ਕੌਲਿਆਂ ਉਹਲੇ

ਆਵਾਜ਼ ਸੁਣਾਂ ਤੇਰੀ

ਤੇ

ਧੜਕ ਪਵਾਂ‘‘

( ਉਹੀ, ਪੰਨਾ59 )

----

ਵਾਸਤਵਿਕ ਗ਼ੈਰ ਹਾਜ਼ਰੀ ਅਤੇ ਮਾਨਸਿਕ ਹਾਜ਼ਰੀ ਇਕ ਦੂਜੇ ਨਾਲ ਖ਼ਾਮੋਸ਼ ਸੰਵਾਦ ਵਿਚ ਪੈਂਦੇ ਹਨ ਤੇ ਦੀਦ ਦੀ ਕਵਿਤਾ ਦਾ ਜਨਮ ਹੁੰਦਾ ਹੈ। ਇਹੀ ਅਸਲ ਵਿਚ ਮੂਕ ਸੰਵਾਦ ਹੈ ਜੋ ਸ਼ਾਇਰ ਦੀ ਜ਼ਿੰਦਗੀ ਵਿਚ ਕਾਰਜਸ਼ੀਲ ਤਾਂ ਹਰ ਵੇਲੇ ਰਹਿੰਦਾ ਹੈ ਪਰ ਕੁਝ ਕਵਿਤਾ ਦੇ ਕਰਤਾਰੀ ਛਿਣਾਂ ਵਿਚ ਉਹ ਕਾਵਿ-ਸਿਰਜਣਾ ਵਿਚ ਢਲ ਜਾਂਦਾ ਹੈ।ਕਰਤਾਰੀ ਛਿਣਾਂ ਵਿਚੋਂ ਸਿਰਜੀ ਗਈ ਕਵਿਤਾ ਹਰ ਛਿਣ ਨਵਾਂ ਹੋਣ ਦੀ ਸਮਰੱਥਾ ਰੱਖਦੀ ਹੈ ਕਿਉਂਕਿ ਉਹ ਛਿਣ ਹਰ ਪ੍ਰਕਾਰ ਦੀ ਦੁਨਿਆਵੀ ਮੈਲ ਤੋਂ ਰਹਿਤ ਹੁੰਦੇ ਹਨ। ਉਨ੍ਹਾਂ ਛਿਣਾਂ ਦਾ ਮਨੁੱਖੀ ਅਹਿਸਾਸ ਦੀ ਕੁਦਰਤ ਅਤੇ ਰੱਬ ਦੀ ਕੁਦਰਤ ਨਾਲ ਅਨਿੱਖੜ ਰਿਸ਼ਤਾ ਹੁੰਦਾ ਹੈ। ਐਸੀ ਅਵਸਥਾ ਵਿਚੋਂ ਉਪਜੀ ਕਵਿਤਾ ਅਤੇ ਉਸ ਵਿਚਲੇ ਚਿਹਨ ਵੀ ਸਦੀਵੀ ਰਹਿਣ ਵਾਲੇ ਹੋ ਜਾਂਦੇ ਹਨ ਕਿਉਂਕਿ ਉਨ੍ਹਾਂ ਚਿਹਨਾ ਵਿਚਲੀ ਪਾਕ ਤਾਜ਼ਗੀ ਕਵਿਤਾ ਨੂੰ ਹਰ ਛਿਣ ਨਵਾਂ ਹੋ ਜਾਣ ਦੀ ਸਮਰੱਥਾ ਬਖ਼ਸ਼ਦੀ ਹੈ। ਇੱਕ ਮਿਸਾਲ ਪੇਸ਼ ਹੈ:-

"ਐਸੀ ਜੱਫੀ 'ਚ ਕੱਸ ਲੈ ਮੈਨੂੰ

ਕਿ ਵਿੱਛੜ ਜਾਵਾਂ

ਤਾਂ ਬਾਹਾਂ ਰਹਿਣ ਖੁੱਲ੍ਹੀਆਂ ਹਮੇਸ਼

ਹੋਂਠ ਸੁੱਕੇ ਰਹਿਣ

ਤੇਰੀਆਂ ਖ਼ੁਸ਼ਕ ਹਵਾਵਾਂ ਨਾਲ

ਖੁੱਲ੍ਹੇ ਰਹਿਣ

ਤੜਪਦੇ ਉਸ ਝੀਲ ਲਈ

ਜੋ ਇਕੋ ਸ਼ਾਮ ਸਾਰੀ ਜੰਮ ਜਾਂਦੀ

ਤੇ ਫਿਰ ਅਚਾਨਕ

ਸ਼ਾਮ ਇਕੋ

ਖੁੱਲ੍ਹ ਜਾਂਦੀ ਤਮਾਮ‘‘

( ਉਹੀ, ਪੰਨਾ, 60 )

-----

ਉਪਰੋਕਤ ਮਿਸਾਲ ਵੀ ਮੂਕ ਸੰਵਾਦ ਦੀ ਵਿਧੀ ਰਾਹੀਂ ਹੋਂਦ ਵਿਚ ਆਈ ਹੈ। ਜਾਪਦਾ ਇਸਤਰ੍ਹਾਂ ਹੈ ਜਿਵੇਂ ਕਾਵਿ-ਮੈਂ ਕਿਸੇ ਕਾਵਿ-ਤੂੰ ਨਾਲ ਗੱਲਾਂ ਕਰ ਰਹੀ ਹੈ, ਲੇਕਿਨ ਅਸਲ ਵਿਚ ਇਹ ਸ਼ਾਇਰ ਰਾਹੀਂ ਸਿਰਜਿਆ ਗਿਆ ਮੂਕ ਸੰਵਾਦ ਜਾਂ ਮੋਨੋਲਾਗ ਹੈ ਜੋ ਕਵਿਤਾ ਵਿਚਲੀ ਸਿਰਜਿਤ ਧਿਰ ਦੇ ਅੰਤਰ ਮਨ ਵਿਚ ਵਾਪਰਦਾ ਹੈ।

-----

ਬਿਰਹਾ ਜਾਂ ਵਿਛੋੜਾ ਅੰਤਰ ਮਨ ਦੀਆਂ ਸਥਿਤੀਆਂ ਹਨ। ਇਸ ਉਪਰ ਅੱਜ ਤੱਕ ਗ੍ਰੰਥਾਂ ਦੇ ਗ੍ਰੰਥ ਲਿਖੇ ਜਾ ਚੁੱਕੇ ਹਨ। ਉਨ੍ਹਾਂ ਗ੍ਰੰਥਾਂ ਵਿਚ ਦੋ ਧਿਰਾਂ ਵਿਛੜਣ ਤੇ ਤੜਪਦੀਆਂ ਹਨ, ਵਿਲਕਦੀਆਂ ਹਨ। ਦੀਦ ਨੇ ਆਪਣੇ ਅੰਤਰ ਮਨ ਦੀ ਸੱਚੀ ਅਹਿਸਾਸ ਮਈ ਸਥਿਤੀ ਕੁਝ ਇਸ ਤਰ੍ਹਾਂ ਚਿਤਰੀ ਹੈ ਕਿ ਵਿਛੋੜਾ ਲਫ਼ਜ਼ ਦੇ ਸਥਾਪਿਤ ਅਰਥ ਹੀ ਬਦਲ ਗਏ ਹਨ ਅਤੇ ਅਰਥਾਂ ਦੀਆਂ ਅਸੀਮ ਸੰਭਾਵਨਾਵਾਂ ਪੈਦਾ ਹੋ ਗਈਆਂ ਹਨ।

‘‘ਵਿਛੋੜਾ

ਸਾਹ ਆਇਆ...

( ਉਹੀ, ਪੰਨਾ, 72 )

-----

ਦੀਦ ਦੀ ਕਵਿਤਾ ਦਾ ਅਰਥ ਪਾਸਾਰ ਆਪਣੇ ਕੁਲ ਪ੍ਰਭਾਵ ਵਿਚ ਜੋਗ ਪਰੰਪਰਾ ਦੇ ਅਧਿਆਤਮਕ ਸੰਕਲਪਾਂ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਸਿਰਜਣ ਦੇ ਆਹਰ ਵਿਚ ਹੈ। ਜੋਗ ਪਰੰਪਰਾ ਦਾ ਅਧਿਆਤਮਕ ਸਫ਼ਰ 'ਜੜ੍ਹ' ਤੋਂ 'ਚੇਤੰਨ' ਹੋਣ ਦਾ ਸਫ਼ਰ ਹੈਂ। ਚੇਤੰਨ ਹੋਣ ਦੇ ਏਸ ਸਫ਼ਰ ਵਿਚ ਮਰਦ ਇੱਕਲਾ ਹੈਂ, ਔਰਤ ਦੀ ਓਥੇ ਕੋਈ ਥਾਂ ਨਹੀਂ, ਜਾਂ ਇਹ ਕਹਿ ਲਓ, ਔਰਤ ਏਸ ਸਫ਼ਰ ਵਿਚ ਇੱਕਲੀ ਹੈਂ, ਮਰਦ ਦੀ ਏਸ ਵਿਚ ਕੋਈ ਥਾਂ ਨਹੀਂ। ਲੇਕਿਨ ਦੀਦ ਦੀ ਕਵਿਤਾ ਵਿਚਲਾ ਅਰਧਨਾਰੀਸ਼ਵਰ ਦਾ ਸੰਕਲਪ ਚੇਤਨ ਹੋਣ ਲਈ ਪਹਿਲਾਂ ਔਰਤ ਅਤੇ ਮਰਦ ਦੇ ਸੰਜੋਗ ਦੀ ਅਵਸਥਾ ਵਿਚ ਜੜ੍ਹ ਹੋਣਾ ਚਾਹੁੰਦਾ ਹੈਂ ਅਤੇ ਉਸੇ ਜੜ੍ਹ ਅਵਸਥਾ 'ਚੋਂ ਹੀ ਚੇਤੰਨ ਤੱਕ ਪਹੁੰਚਣਾ ਚਾਹੁੰਦਾ ਹੈਂ। ਜ਼ਾਹਿਰ ਹੈਂ ਜੋਗ ਧਰਮ ਵਿਚਲੇ ਅਧੂਰੇ ਮਨੁੱਖ ਨੂੰ ਦੀਦ ਨੇ ਪੂਰਣ ਮਨੁੱਖ ਦੇ ਸੰਕਲਪ ਰਾਹੀਂ ਪੂਰਾ ਕੀਤਾ ਹੈਂ। ਇਹ ਕੁਦਰਤ ਦਾ ਨੇਮ ਵੀ ਹੈਂ ਅਤੇ ਮਨੁੱਖੀ ਹੋਂਦ ਦਾ ਸੱਚ ਵੀ। ਇਓਂ ਦੀਦ ਦੀ ਕਵਿਤਾ ਮਨੁੱਖੀ ਹੋਂਦ ਦੇ ਸੱਚ ਦੀ ਤਲਾਸ਼ ਵਿਚ ਭਟਕਣ ਵਾਲੀ ਕਵਿਤਾ ਬਣ ਜਾਂਦੀ ਹੈਂ। ਭਟਕਣ ਏਸ ਲਈ ਕਿ ਕਵਿਤਾ ਵਿਚਲੀ ਕਾਵਿ-ਮੈ ਦੀ ਇਹ ਸਥਿਤੀ ਨਹੀਂ, ਚਾਹਤ ਹੈਂ ਅਤੇ ਚਾਹਤ ਜਦ ਤਕ ਪੂਰੀ ਨਹੀਂ ਹੁੰਦੀ, ਭਟਕਣ ਹੀ ਰਹਿੰਦੀ ਹੈਂ:-

‘‘ਖ਼ਾਲੀ ਪਿਆ ਵਰ੍ਹਿਆਂ ਤੋਂ ਸਮਾ ਜੋ

ਉਸਨੂੰ ਭਰਨਾ ਚਾਹੁੰਦਾ ਹਾਂ

ਫੇਫੜਿਆਂ ਦੇ ਪੂਰੇ ਜ਼ੋਰ ਨਾਲ

ਅੱਖਾਂ ਬੰਦ ਕਰੀ

ਪੂਰੇ ਜਿਸਮ ਦੀਆਂ

ਮਾਸ-ਪੇਸ਼ੀਆਂ 'ਚ ਭਰ ਕੇ ਹਰਕਤ

ਨਾੜਾਂ 'ਚ ਸਾਹ

ਖੋਭ ਕੇ ਪੱਬ ਧਰਤੀ ਅੰਦਰ

ਤੇ ਜੋੜ ਕੇ ਅਤਿ-ਸੂਖਮ ਤਾਰ ਕੋਈ

ਉੱਪਰ ਕਿਤੇ

ਤੈਨੂੰ ਆਪਣੀ ਯਾਦ ਸ਼ਕਤੀ 'ਚ

ਵਾਪਸ ਉਤਾਰਨਾ ਚਾਹੁੰਦਾ ਹਾਂ

ਇਸੇ ਅਵਸਥਾ ਅੰਦਰ

ਜੜ੍ਹ ਹੋ ਜਾਣਾ

ਚੇਤੰਨ ਹੋਣ ਲਈ‘‘

( ਉਹੀ, ਪੰਨਾ, 64 )

-----

ਦੀਦ ਦੀ ਕਵਿਤਾ ਵਿਚ ਕਈ ਸਵਾਲ ਹਨ ਜਿਨ੍ਹਾ ਨੂੰ ਉਸਨੇ ਪੋਟਲੀ ਚਿਹਨ ਰਾਹੀਂ ਸਿਰਜਿਆ ਹੈਂ। ਇਸਦਾ ਕਾਰਨ ਹੈਂ, ਸਵਾਲ ਸਿੱਧੇ ਸਪਾਟ ਨਹੀਂ, ਉਨ੍ਹਾਂ ਵਿਚ ਦੁਚਿੱਤੀਆਂ ਹਨ, ਅਹਿਸਾਸ ਹਨ, ਦੋਸਤੀਆਂ ਦੇ ਫ਼ਰਜ਼ ਹਨ। ਦੁਚਿੱਤੀ ਵਾਲੇ ਸਵਾਲਾਂ ਦੀ ਸਿਰਜਣਾ ਨਾਲ ਵੀ ਦੀਦ ਦੀ ਕਵਿਤਾ ਦਾ ਪਿੰਡਾ ਜਟਿਲ ਹੁੰਦਾ ਹੈਂ।ਦੁਚਿੱਤੀ ਹਮੇਸ਼ਾ ਸਥਿਤੀ ਦੇ ਦਵੰਧ 'ਚੋਂ ਪੈਦਾ ਹੁੰਦੀ ਹੈ। ਦੀਦ ਦੀ ਕਵਿਤਾ ਵਿਚਲੀ ਕਾਵਿ-ਮੈਂ ਰਿਸਤਿਆਂ ਦੀ ਤਲਾਸ਼ ਦੇ ਦਵੰਧ ਵਿਚ ਕਾਰਜਸ਼ੀਲ ਹੈ। ਉਸਦਾ ਕਾਰਨ ਹੈ ਕਿ ਦੀਦ ਦੀ ਕਵਿਤਾ ਵਿਚਲੀ ਕਾਵਿ-ਮੈਂ ਇੱਕਲੀ ਹੈ, ਅਧੂਰੀ ਹੈ ਪਰੰਤੂ ਵਿਯੋਜਤ ( Isolated ) ਨਹੀਂ। ਇਸੇ ਕਰਕੇ ਉਸ ਵਿਚ ਮਿਲਣ ਦੀ ਚਾਹਤ ਹੈ। ਇੱਕੱਲੇ ਹੋਣ ਦੀਆਂ ਆਪਣੀਆਂ ਕਈ ਵੰਗਾਰਾਂ ਹੁੰਦੀਆਂ ਹਨ, ਕਿਉਂਕਿ ਮਨੁੱਖੀ ਹੋਂਦ ਖ਼ਤਰੇ ਵਿਚ ਹੁੰਦੀ ਹੈ, ਜ਼ਿੰਦਗੀ ਦੇ ਸਵਾਲਾਂ ਸਾਹਵੇਂ ਹੁੰਦੀ ਹੈ। ਇਸ ਲਈ ਇੱਕ ਦਵੰਧ ਹਮੇਸ਼ਾ ਬਣਿਆ ਰਹਿੰਦਾ ਹੈ ਕਿ ਉਹ, ਜਾਂ ਤੂੰ ਨਾਲ ਕਿਥੇ ?, ਕੀ ?, ਕਿਵੇਂ ?, ਕਿਉਂ ? ਆਦਿ ਪ੍ਰਸ਼ਨ ਹਮੇਸ਼ਾ ਜੁੜੇ ਰਹਿੰਦੇ ਹਨ। ਕਵਿਤਾ ਜਾਂ ਕਾਵਿ-ਮੈ ਕਿਸੇ ਇਕ ਨੁਕਤੇ ਤੇ ਨਿਰਭਰ ਨਹੀਂ ਹੁੰਦੀ। ਇਹੀ ਕਵਿਤਾ ਦੀ ਗਤੀਸ਼ੀਲਤਾ ਹੁੰਦੀ ਹੈ ਅਤੇ ਇਸੇ ਨਾਲ ਹੀ ਕਾਵਿ-ਪ੍ਰਕਿਰਿਆ ਵਧੇਰੇ ਜਟਿਲ, ਦਵੰਧਮੂਲਕ ਅਤੇ ਪ੍ਰਸ਼ਨਮੂਲਕ ਹੋ ਜਾਂਦੀ ਹੈ।ਕੁਝ ਮਿਸਾਲਾਂ ਪੇਸ਼ ਹਨ:-

‘‘ਏਸ ਮੁਲਕ ਦੀ ਮਿੱਟੀ ਵਿਚੋਂ

ਕੀ ਸੋਨਾ ਕਿ ਲੋਹਾ ਲੱਭਣ ਆਇਆਂ ?‘‘

( ਉਹੀ, ਪੰਨਾ, 65 )

........

‘‘ਕੀ ਮੈਂ ਨਿਰਾ ਯਾਤਰੀ

ਜਾਂ ਮੈਂ ਤੇਰੇ ਪਿਆਰ ਦੀ ਤੋਟ 'ਚ ਭੱਜਾ ਫਿਰਦਾਂ ?‘‘

( ਉਹੀ )

.............

‘‘ਕੀ ਮੈਂ ਆਪਣੇ ਯਾਰਾਂ ਮਿੱਤਰਾਂ ਦੇ ਸੁੱਖ ਦੇਖਣ ਆਇਆਂ

ਤੇ ਲੈ ਕੇ ਚੱਲਿਆਂ ਇੱਕ ਪੋਟਲੀ

ਜਿਸ ਵਿਚ ਅਸਤ ਦੁੱਖਾਂ ਦੇ ਬੰਨ੍ਹੇ‘‘

( ਉਹੀ )

-----

ਪ੍ਰਸ਼ਨਾਂ ਦੀ ਪੱਧਰ ਤੇ ਸੋਚਦਿਆਂ ਕਮੰਡਲ ਵਿਚ ਸਿਰਜਤ ਕਾਵਿ-ਮੈਂ ਦੀ ਪ੍ਰਕਿਰਤੀ ਅਮੂਰਤ ਹੋ ਜਾਂਦੀ ਹੈ। ਅਮੂਰਤ ਇਸ ਲਈ ਕਿ ਉਸ ਵਕਤ ਕਵਿਤਾ ਦ੍ਰਿਸ਼ ਦੀ ਪੱਧਰ ਤੇ ਨਹੀਂ ਚੇਤਨਾ ਦੀ ਪੱਧਰ ਤੇ ਵਿਚਰਦੀ ਹੈ ਅਤੇ ਚੇਤਨਾ ਵਿਚੋਂ ਉਪਜੇ ਪ੍ਰਸ਼ਨ ਅਮੂਰਤ ਪ੍ਰਕਿਰਤੀ ਵਾਲੇ ਹੁੰਦੇ ਹਨ। ਪਰ ਇੱਕ ਗੱਲ ਸਪੱਸ਼ਟ ਹੈ ਕਿ ਇਹ ਪ੍ਰਸ਼ਨ ਹਰ ਪ੍ਰਕਾਰ ਦੀ ਪੂਰਵ ਨਿਸ਼ਚਿਤ ਵਿਚਾਰਧਾਰਾ ਤੋਂ ਆਜ਼ਾਦ ਹਨ। ਇਹ ਪ੍ਰਸ਼ਨ ਵਿਸ਼ੇਸ਼ ਸਥਿਤੀ ਵਿੱਚੋਂ ਉਪਜਦੇ ਹਨ। ਇਹੀ ਨਵੀਂ ਕਵਿਤਾ ਦੀ ਨਿਸ਼ਾਨੀ ਹੈ। ਕਵਿਤਾ ਅਮੂਰਤ ਵੀ ਹੈ ਅਤੇ ਆਜ਼ਾਦ ਵੀ।ਇਨ੍ਹਾਂ ਪ੍ਰਸ਼ਨਾ ਦੀ ਹੋਰ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਆਪਣੇ ਹੱਕ ਵਿਚ ਕੋਈ ਦਲੀਲ ਨਹੀਂ ਘੜਦੇ। ਇਨ੍ਹਾਂ ਵਿਚਲਾ ਵਿਚਾਰ ਅਤੇ ਭਾਵਨਾ ਕਵਿਤਾ ਦਾ ਰੂਪ ਨਾਲ ਲੈ ਕੇ ਆਉਂਦੇ ਹਨ। ਕਵਿਤਾ ਕਿਸੇ ਪਹਿਲੋਂ ਮਿੱਥੇ ਰੂਪ ਵਿਚ ਫ਼ਿੱਟ ਨਹੀਂ ਹੁੰਦੀ, ਸਗੋਂ ਆਪਣਾ ਰੂਪ ਆਪ ਸਿਰਜਦੀ ਹੈ। ਇਨ੍ਹਾਂ ਕਵਿਤਾਵਾਂ ਵਿਚਲੀ ਕਾਵਿ-ਮੈਂ ਪ੍ਰਤੱਖਣ ਦੀ ਪੱਧਰ ਤੇ ਵਿਚਰਦੀ ਹੈ, ਉਹ ਪ੍ਰਤੱਖਣ ਭਾਵੇਂ ਮੁਲਕਾਂ ਦੀ ਸੈਰ ਦਾ ਹੋਵੇ, ਭਾਵੇਂ ਕਿਸੇ ਵਿਅਕਤੀ ਵਿਸ਼ੇਸ਼ ਨਾਲ ਮੁਲਾਕਾਤ ਵਾਲਾ ਹੋਵੇ ਅਤੇ ਭਾਵੇਂ ਕਿਸੇ ਵਿਅਕਤੀ ਵਿਸ਼ੇਸ਼ ਦੀ ਉਡੀਕ ਨਾਲ ਜਾਂ ਯਾਦ ਨਾਲ ਸੰਬੰਧਿਤ ਹੋਵੇ, ਮਹੱਤਵਪੂਰਨ ਗੱਲ ਇਹ ਹੈ ਕਿ ਇਹ ਕਵਿਤਾ ਪ੍ਰਤੱਖਣ ਨੂੰ ਅੱਖਾਂ ਰਾਹੀਂ ਨਹੀਂ, ਚੇਤਨਾ ਰਾਹੀਂ ਪ੍ਰਤੱਖਦੀ ਹੈ। ਇਸ ਤਰ੍ਹਾਂ ਦੀਦ ਦੀ ਇਹ ਕਵਿਤਾ ਚਿਹਨਾਂ ਪਿੱਛੇ ਕਾਰਜਸ਼ੀਲ ਵਿਚਾਰਧਾਰਾ ‘ਚੋਂ ਨਹੀਂ, ਚੇਤਨਾ ‘ਚੋਂ ਸਿਰਜੀ ਗਈ ਹੈ। ਇਸ ਲਈ ਇਹ ਕਵਿਤਾ ਕਿਸੇ ਵੀ ਨਿਸ਼ਚਿਤ ਵਿਚਾਰਧਾਰਾ ਦੀ ਗ਼ੁਲਾਮ ਨਹੀਂ, ਸਗੋਂ ਸਥਿਤੀ ਦੀ ਆਜ਼ਾਦ ਚੇਤਨਾ ਦੀ ਕਵਿਤਾ ਹੈ।ਏਸੇ ਕਰਕੇ ਉਹ ਕਈ ਵਾਰ ਆਪਣੇ ਆਪ ਦੇ ਖ਼ਿਲਾਫ਼ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਵੀ ਇਹ ਆਪਣੀ ਪਰੰਪਰਾ ਜਾਂ ਪੁਰਖਿਆਂ ਦੇ ਬਣਾਏ ਹੋਏ ਅਸੂਲਾ ਜਾਂ ਰੂੜ੍ਹੀਵਾਦੀ ਪ੍ਰਤੀਮਾਨਾਂ ਸਾਹਵੇਂ ਵੀ ਪ੍ਰਸ਼ਨ ਚਿੰਨ੍ਹ ਲਾ ਦੇਂਦੀ ਹੈ।ਇਕ ਮਿਸਾਲ ਪੇਸ਼ ਹੈ:-

‘‘ਕੀ ਗ਼ਲਤੀ ?

ਜਿਥੇ ਫੁੱਲ ਬੀਜੇ ਸਨ

ਭੱਖੜਾ ਉੱਗਿਆ

ਜਿਥੇ ਜਾ ਕੇ ਪਾਣੀ ਪੀਤਾ

ਬੀਆਬਾਨ

ਕਿਸ ਪੁਰਖੇ ਦੀ ਕਬਰ ਤੇ

ਦੀਵਾ ਬਾਲ ਨਾ ਹੋਇਆ ?

ਵਹਿੰਗੀ ਅੰਦਰ ਬੋਟ ਲਕੋ ਕੇ

ਕਿਹੜੇ ਰਾਹੋਂ ਲੰਘਣਾ ?‘‘

( ਉਹੀ, ਪੰਨਾ, 52 )

-----

ਨਵੀਂ ਕਵਿਤਾ ਦਾ ਪਛਾਣ ਚਿੰਨ੍ਹ ਇਹ ਵੀ ਹੈ ਕਿ ਇਹ ਆਪਣੇ ਲਿਖਣਯੋਗ ਵਿਵੇਕ ਨੂੰ ਆਪਣੇ ਨਜ਼ਦੀਕੀ ਪਾਠਕ ਨਾਲ ਸਾਂਝਾ ਕਰਦੀ ਹੈ। ਇਹ ਉਸ ਪਾਠਕ ਅੱਗੇ ਆਪਣਾ ਰਾਜ਼ ਖੋਲ੍ਹਦੀ ਹੈ ਜੋ ਇਸਨੂੰ ਨਕਾਰਦਾ ਜਾਂ ਸਵੀਕਾਰਦਾ ਨਹੀਂ, ਗਹੁ ਨਾਲ ਪੜ੍ਹਦਾ, ਇਸਦੇ ਅਰਥਾਂ ਦੀਆਂ ਤੈਹਾਂ ਵਿਚ ਉਤਰਦਾ ਹੈ। ਦੀਦ ਦੀ ਕਵਿਤਾ ਵਿਚਲੀ ਸਿਰਜਿਤ ਕਾਵਿ-ਮੈਂ ਦੀਆਂ ਸਾਰੀਆਂ ਹਰਕਤਾਂ ਪਾਠਕ ਨਾਲ ਆਪਣੀ ਸਾਂਝ ਕੁਝ ਇਸ ਤਰ੍ਹਾਂ ਬਣਾਉਂਦੀਆਂ ਹਨ:-

‘ਇਹ ਕੌਣ ਹੈ ਇਨ੍ਹਾਂ ਕਵਿਤਾਵਾਂ ਅੰਦਰ

ਜੋ ਆਪਣੇ ਸਾਹਾਂ ਦੀਆਂ ਰੱਸੀਆਂ 'ਚ ਫਸਿਆ

ਹਨੇਰੀਆਂ ਖੁੱਡਾਂ ਪੱਟਦਾ

ਕੱਸੀਆਂ ਅੱਖਾਂ ਨਾਲ ਮੇਰੇ ਵੱਲ ਆ ਰਿਹਾ ਹੈ

ਖੜ੍ਹਾ ਹੋਣਾ ਚਾਹੁੰਦਾ ਹੈ

ਪੈਰ ਨਹੀਂ ਟਿਕਦਾ ਧੌਣ ਨਹੀਂ ਘੁੰਮਦੀ

ਕਹਿੰਦਾ ਹੈ ਨਹੂਆ ਅੰਦਰ ਲਹੂ ਪੁੱਠਾ ਗਿੜਦਾ ਹੈ

ਲਹੂ ਅੰਦਰ ਧਰਤੀ ਉਲਟ ਬਾਜੀਆਂ ਲਾ ਰਹੀ ਹੈ

ਤੇ ਉਹ ਧਰਤੀ ਹੇਠੋਂ ਇਕ ਖੁਰ ਲੱਭ ਲਿਆਇਆ ਹੈ

ਘੋੜਾ ਇੱਕ ਦੁੱਧ ਚਿੱਟਾ ਉਸਦੇ ਅੰਦਰ ਨੱਚ ਰਿਹਾ ਹੈ

ਸੁਪਨੇ ਅੰਦਰ ਕਵਿਤਾਵਾਂ ਵਿਚਲਾ ਬੰਦਾ

ਅੱਗ 'ਚ ਲਿਟਣ ਲੱਗਦਾ ਹੈ

ਕੋਈ ਰਿਸ਼ੀ ਮੁਨੀ ਉਸਦਾ ਹੱਥ ਫੜਦਾ

ਤੇ ਜੰਗਲ 'ਚ ਉਸਨੂੰ ਇੱਕਲਿਆ ਛੱਡ ਦੇਂਦਾ ਹੈ

ਉੱਥੇ ਇੱਕ ਪਰੀ

ਉਸਨੂੰ ਚੜ੍ਹੇਲ ਵਾਂਗ ਚਿੰਮੜ ਜਾਂਦੀ ਹੈ

ਤੇ ਉਹ ਚੀਕ ਮਾਰਕੇ ਸੁਪਨੇ 'ਚੋਂ ਉਠਦਾ ਹੈ‘‘

( ਉਹੀ, ਪੰਨਾ, 53 )

-----

ਅਸਲ ਵਿਚ ਦੀਦ ਦੀ ਕਵਿਤਾ ਪਾਠਕ ਨੂੰ ਨਾ ਤਾਂ ਕੁਝ ਸਮਝਾਉਂਦੀ ਹੈ ਨਾ ਕੋਈ ਨਸੀਹਤ ਦੇਂਦੀ ਹੈ, ਉਹ ਤਾਂ ਪਾਠਕ ਨੂੰ ਆਪਣੇ ਚਿਹਨ ਸੰਸਾਰ ਵਿਚ ਨਾਲ ਲੈ ਕੇ ਉੱਤਰਦੀ ਹੈ। ਕਵਿਤਾ ਵਿਚਲੀ ਕਾਵਿ-ਮੈਂ ਦਾ ਡਰ ਪਾਠਕ ਦਾ ਡਰ ਵੀ ਬਣਦਾ ਹੈ ਕਿਉਂਕਿ ਉਹ ਕਾਵਿ-ਮੈਂ ਦੇ ਅੰਗ ਸੰਗ ਤੁਰਦਾ ਹੈ। ਜਿਵੇਂ ਉਪਰੋਕਤ ਉਦਾਹਰਣ ਵਿਚਲਾ ਚਿਹਨ ਸੰਸਾਰ ਆਪਣੀ ਧੜਕਣ, ਆਪਣੀ ਆਵਾਜ਼ ਅਤੇ ਆਪਣਾ ਸਾਰਾ ਡਰ ਇਸ ਤਰ੍ਹਾਂ ਪੇਸ਼ ਕਰਦਾ ਹੈ ਕਿ ਕਵਿਤਾ ਵਹਿਚਲੇ ਚਿਹਨਾਂ ਨੂੰ ਏਂਦਰਿਆਵੀ ਪੱਧਰ ਤੇ ਮਹਿਸੂਸ ਵੀ ਕੀਤਾ ਜਾ ਸਕਦਾ ਹੈ। ਇਓਂ ਕਵਿਤਾ ਅਤੇ ਪਾਠਕ ਇਕ ਦੂਜੇ ਨਾਲ ਸਾਂਝ ਦੇ ਰਿਸ਼ਤੇ ਵਿਚ ਬੱਝ ਜਾਂਦੇ ਹਨ। ਇਸਦਾ ਇਕ ਕਾਰਨ ਇਹ ਵੀ ਹੈ ਕਿ ਸ਼ਾਇਰ ਪਾਠਕ ਨੂੰ ਆਪਣਾ ਦੋਸਤ ਸਮਝਦਾ ਹੈ, ਉਸ ਨਾਲ ਸਾਂਝ ਪਾਉਂਦਾ ਹੈ, ਉਸਨੂੰ ਆਪਣੇ ਅਹਿਸਾਸ ਨੂੰ ਪਾਠਕ ਨਾਲ ਸਾਂਝਾ ਕਰਨ ਵਿਚ ਕੋਈ ਹਿਚਕਿਚਾਹਟ ਨਹੀਂ, ਉਸ ਦੇ ਮਨ ਅੰਦਰ ਕੋਈ ਟੈਬੂ ਨਹੀਂ, ਸੰਕੋਚ ਨਹੀਂ। ਉਹ ਆਪਣੇ ਆਪ ਨੂੰ ਪਾਠਕ ਨਾਲੋਂ ਉੱਤਮ ਵੀ ਨਹੀਂ ਸਮਝਦਾ ਇਸੇ ਕਰਕੇ ਦੀਦ ਦੀ ਕਵਿਤਾ ਦਾ ਪਾਠਕ ਲੱਭਣਾ ਨਹੀਂ ਪੈਂਦਾ, ਉਹ ਕਵਿਤਾ ਵਿਚ ਖ਼ੁਦ ਹੀ ਸ਼ਾਮਿਲ ਹੈ। ਉਹ ਜਦੋਂ ਕਵਿਤਾ ਵਿਚ ਆਪਣੇ ਆਪ ਨਾਲ ਸੰਵਾਦ ਰਚਾਉਂਦਾ ਹੈ ਤਾਂ ਸ਼ਾਇਰ ਵੀ ਆਪ ਅਤੇ ਪਾਠਕ ਵੀ ਆਪ ਹੀ ਹੁੰਦਾ ਹੈ। ਇਕ ਮਿਸਾਲ ਪੇਸ਼ ਹੈ:-

‘‘ਕੁਝ ਨਹੀਂ ਹਾਂ

ਮੈਂ

ਯੁਗਾਂ ਦੀਆਂ ਝਾੜੀਆਂ ਅੰਦਰ

ਬੈਠਾ ਟਟਹਿਣਾ ਹਾਂ

ਹਨ੍ਹੇਰਿਆਂ 'ਚ ਤੇਰੇ ਨਾਲ ਵੱਜਦਾ ਹਾਂ

ਸ਼ਬਦ ਉਪਜਦਾ ਹੈ‘‘

( ਉਹੀ, ਪੰਨਾ, 29 )

----

ਦੀਦ ਦੀ ਕਵਿਤਾ ਦਾ ਇੱਕ ਹੋਰ ਮਹੱਤਵਪੂਰਣ ਪੱਖ ਹੈ ਜੋ ਉਸਦੀ ਕਵਿਤਾ ਨੂੰ ਨਵੀਂ ਕਵਿਤਾ ਦੀ ਸੰਗਿਆ ਪ੍ਰਦਾਨ ਕਰਦਾ ਹੈ, ਉਹ ਹੈ ਸ਼ਾਇਰ ਦਾ ਸ਼ਬਦ ਦੇ ਮਹੱਤਵ ਪ੍ਰਤੀ ਸੁਚੇਤ ਹੋਣਾ। ਨਵੀਂ ਕਵਿਤਾ ਸ਼ਬਦ ਸਿਰਜਦੀ ਹੈ, ਸ਼ਬਦ ਦੀ ਵਰਤੋਂ ਨਹੀਂ ਕਰਦੀ। ਇਹੀ ਕਾਰਨ ਹੈ ਕਿ ਕਵਿਤਾ ਵਿਚਲੇ ਸਿਰਜਤ ਚਿਹਨਾਂ ਨੂੰ ਵਾਸਤਵਿਕ ਅਰਥਾਂ ਤੇ ਘਟਾਇਆ ਨਹੀਂ ਜਾ ਸਕਦਾ। ਕਵਿਤਾ ਵਿਚਲਾ ਚਿਹਨ ਆਪਣੇ ਅੰਦਰੋਂ ਅਰਥ ਦਾ ਵਿਸਫੋਟ ਕਰਦਾ ਹੈ। ਉਹ ਅਰਥ ਉਸੇ ਕਵਿਤਾ ਵਿਚ ਹੀ ਨਿਹਿਤ ਹੁੰਦਾ ਹੈ, ਕਿਸੇ ਡਿਕਸ਼ਨਰੀ ਵਿਚੋਂ ਉਸਨੂੰ ਲੱਭਿਆ ਨਹੀਂ ਜਾ ਸਕਦਾ। ਉਸਦਾ ਕਾਰਨ ਕਵਿਤਾ ਵਿਚ ਸਿਰਜੇ ਗਏ ਚਿਹਨ ਇਕਹਿਰੇ ਅਰਥਾਂ ਦੇ ਧਾਰਨੀ ਨਹੀਂ, ਬਹੁ ਅਰਥਾਂ ਦੀਆਂ ਸੰਭਾਵਨਾਵਾਂ ਵੱਲ ਸੰਕੇਤ ਕਰਨ ਵਾਲੇ ਹਨ। ਬਸ ਇਕ ਮਿਸਾਲ ਦੇ ਕੇ ਮੈਂ ਆਪਣਾ ਲੇਖ ਖ਼ਤਮ ਕਰਨਾ ਚਾਹਵਾਂਗੀ:-

‘‘ਸਾਹਮਣੀ ਖੂਹੀ ਵੱਲੋਂ

ਜਿਗਰੀ ਯਾਰ ਆ ਗਿਆ ਹੈ

ਇਕੋ ਜੱਫੀ ਨਾਲ

ਉਹ ਮੇਰੇ ਅੰਦਰ ਡੁੱਬ ਰਹੇ ਸਾਰੇ ਸਵਾਲ

ਪਤਾ ਨਹੀਂ ਕਿਸ ਲੱਜ ਨਾਲ ਖਿੱਚ ਲਿਆਇਆ ਹੈ

ਜਿਗਰੀ ਯਾਰ ਤੇ ਮੈ ਇੱਕ ਦੂਜੇ ਦੇ ਜਿਗਰ 'ਚੋਂ ਨਿਕਲ

ਇੱਕ ਦੂਜੇ ਦੇ ਫ਼ਿਕਰਾਂ 'ਚ ਫਸ ਗਏ ਹਾਂ

ਬੋਹੜ ਥੱਲੇ ਚੁੱਪ 'ਚੋਂ ਦੁੱਖ ਫੋਲਦੇ ਹਾਂ

ਮੇਰੇ ਮੋਢੇ ਤੇ ਹੱਥ ਰੱਖ ਨੀਝ ਲਾਈ ਯਾਰ ਆਖਦਾ ਹੈ-

ਇਹ ਜੋ ਬੋਹੜ ਹੈ

ਹੌਲੀ ਹੌਲੀ ਜੜ੍ਹ ਫੜਦਾ ਫੈਲਦਾ ਹੈ

ਤੇ ਅੰਤ ਆਪਣੇ ਹੀ ਭਾਰ ਨਾਲ ਝੁਕਿਆ

ਮੁੜ ਆਉਂਦਾ ਹੈ ਤਣਿਆਂ ਸਮੇਤ

ਆਪਣੀਆਂ ਹੀ ਜੜ੍ਹਾਂ ਵੱਲ”

( ਉਹੀ, ਪੰਨਾ, 39 )

********************