ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Wednesday, May 11, 2011

ਰਵਿੰਦਰ ਰਵੀ - ਕਾਵਿ-ਨਾਟਕ - ਚੱਕ੍ਰਵਯੂਹ ਤੇ ਪਿਰਾਮਿਡ

ਕਿਤਾਬ: ਚੱਕ੍ਰਵਯੂਹ ਤੇ ਪਿਰਾਮਿਡ (ਕਾਵਿ-ਨਾਟਕ)

ਲੇਖਕ: ਰਵਿੰਦਰ ਰਵੀ


ਪ੍ਰਕਾਸ਼ਕ ਨੈਸ਼ਨਲ ਬੁਕਸ਼ਾਪ, ਦਿੱਲੀ


ਮੁੱਲ: 240 ਰੁਪਏ


ਰਿਵੀਊਕਾਰ ਡਾ. ਨਿਰਮਲ ਜੌੜਾ


ਪੰਨੇ: 192


******


ਚੱਕ੍ਰਵਯੂਹ ਤੇ ਪਿਰਾਮਿਡ’: ਇਕ ਨਵਾਂ ਪ੍ਰਯੋਗ


ਚੱਕ੍ਰਵਯੂਹ ਤੇ ਪਿਰਾਮਿਡਰਵਿੰਦਰ ਰਵੀ ਦਾ ਬਾਰ੍ਹਵਾਂ ਕਾਵਿ-ਨਾਟਕ ਹੈ, ਜਿਸ ਨੂੰ ਰੰਗਮੰਚੀ ਰੰਗ ਤਮਾਸ਼ੇਦੇ ਰੂਪ ਵਿਚ ਸਿਰਜਿਆ ਗਿਆ ਹੈ। ਇਸ ਨਾਟਕ ਦੇ ਦਸ ਦ੍ਰਿਸ਼, ਦਸ ਲਘੂ ਨਾਟਕਾਂ ਦੇ ਰੂਪ ਵਿਚ ਵੀ ਉੱਭਰਦੇ ਹਨ। ਇਕ ਸਾਂਝੇ ਥੀਮ ਗੀਤ ਦੇ ਨਾਲ ਸਾਰੇ ਦੇ ਸਾਰੇ ਦ੍ਰਿਸ਼ ਆਪਣੀ-ਆਪਣੀ ਵਿਅਕਤੀਗਤ ਹੋਂਦ ਵੀ ਰੱਖਦੇ ਹਨ ਅਤੇ ਥੀਮ ਗੀਤ ਦੇ ਨਾਲ ਸਾਂਝਾ ਪ੍ਰਭਾਵ ਵੀ ਸਿਰਜਦੇ ਹਨ। ਉਂਝ ਸਮੁੱਚੇ ਨਾਟਕ ਦੇ ਚੱਕ੍ਰਵਯੂਹਅਤੇ ਪਿਰਾਮਿਡ”, ਦੋ ਪ੍ਰਤੀਕ ਉਸਾਰੇ ਗਏ ਹਨ।




ਵੱਖ ਵੱਖ ਦ੍ਰਿਸ਼ਾਂ ਵਿਚ ਪਾਤਰ ਇੱਕ’, ‘ਦੋ’, ‘ਤਿੰਨ’….’ਮੁੰਡਾ’, ‘ਕੁੜੀ’, ‘ਮਰਦ’, ਔਰਤ’, ‘ਕਲਾਕਾਰ’, ‘ਕਲਾਕਾਰ-2ਆਦਿ…..ਨਾਟਕ ਦੀ ਕਹਾਣੀ ਨੂੰ ਅੱਗੇ ਤੋਰਦੇ ਹਨ ਕਾਵਿਕ ਵਾਰਤਾਲਾਪ ਸਿਰਜਦੇ ਹਨ, ਥੀਮ ਗੀਤ ਦੇ ਦੁਆਲੇ ਘੁੰਮਦੇ, ਨਾਟਕਕਾਰ ਵਲੋਂ ਸਿਰਜੇ ਦਾਇਰੇ ਵਿਚ ਰਹਿੰਦੇ ਹਨ। ਥੀਮ ਗੀਤ ਨਾਟ-ਵਿਸ਼ੇ ਦੀ ਵਿਸ਼ਾਲਤਾ ਉਜਾਗਰ ਕਰਦਾ ਹੈ:




ਐ ਸੂਰਜ ਦੀ ਚੇਤੰਨ ਸ਼ੁਆਓ,


ਐ ਵਿਸ਼ਵ ਵਿਚ ਵਗਦੀ ਹਵਾਓ!


ਗੂੜ੍ਹੀ ਨੀਂਦਰ ਚ ਸੁੱਤਾ ਹੈ ਮਾਨਵ, ਇਸ ਨੂੰ ਆਪਣੀ ਤਬਾਹੀ ਦਿਖਾਓ!




ਇਹ ਰੰਗਮੰਚੀ ਰੰਗ ਤਮਾਸ਼ਾਪਾਠਕ ਨੂੰ ਮਨੁੱਖ ਦੀ ਹੋਂਦ, ਹੋਣ ਅਤੇ ਨਿਹੋਂਦ ਪ੍ਰਤੀ ਸੁਚੇਤ ਕਰਦਾ, ਬਹੁਤ ਸਾਰੇ ਪ੍ਰਸ਼ਨਾਂ ਵਿਚ ਬੰਨ੍ਹ ਦਿੰਦਾ ਹੈ, ਜਿਨ੍ਹਾਂ ਵਿਚ ਸੱਭਿਅਤਾਵਾਂ ਦਾ ਰਲ਼ੇਵਾਂ, ਆਲਮੀ ਤਪਸ਼, ਵਿਸ਼ਵੀ ਪਿੰਡ ਦੀ ਹੋਂਦ ਵਿਚ ਆਮ ਆਦਮੀ ਦੇ ਹੱਕ਼ ਅਤੇ ਫ਼ਰਜ਼ ……ਅਤੇ ਵਿਸ਼ਵੀਕਰਨ ਵਿਚ ਮਨੁੱਖ ਦੀ ਸਿਰਜਨਾਤਮਕ ਸ਼ਕਤੀ ਦੀ ਹੋਂਦ ਆਦਿ ਸ਼ਾਮਿਲ ਹਨ।



ਤਕਨੀਕ ਅਤੇ ਸਟੇਜ ਕਰਾਫਟ ਦੇ ਪੱਖੋਂ ਚੱਕ੍ਰਵਯੂਹ ਤੇ ਪਿਰਾਮਿਡਰਵਿੰਦਰ ਰਵੀ ਦਾ ਇਕ ਨਵਾਂ ਪ੍ਰਯੋਗ ਹੈ। ਕਵਿਤਾ, ਸੰਗੀਤ ਤੇ ਨ੍ਰਿਤ ਇਸ ਨਾਟਕ ਦੀ ਸੰਰਚਨਾ ਦੇ ਮੁੱਖ ਭਾਗ ਹਨ, ਪ੍ਰੰਤੂ ਕੰਪਿਊਟਰੀ ਯੁਗਤਾਂ ਅਤੇ ਹੋਰ ਇਲੈਕਟਰੌਨਿਕ ਸਹੂਲਤਾਂ ਥੀਮ ਦੇ ਪ੍ਰਭਾਵ ਨੂੰ ਵਿਸ਼ਾਲਤਾ ਪ੍ਰਦਾਨ ਕਰਦੀਆਂ ਹਨ। ਨਾਟਕਕਾਰ ਨੇ ਨਾਟ-ਨਿਰਦੇਸ਼ਕ ਲਈ ਪੇਸ਼ਕਾਰੀ ਢੰਗਾਂ ਦਾ ਵਰਨਣ ਵੀ ਕੀਤਾ ਹੈ। ਪੰਜਾਬੀ ਨਾਟ-ਜਗਤ ਵਿਚ ਵਿਸ਼ੇ ਪੱਖੋਂ ਇਹ ਕਾਵਿ-ਨਾਟਕ ਨਵੀਂ ਚਰਚਾ ਲੈ ਕੇ ਆਏਗਾ।