ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Wednesday, February 10, 2010

ਜਸਬੀਰ ਕਾਲਰਵੀ - ਕਾਵਿ-ਸੰਗ੍ਰਹਿ - ਗੁੰਬਦ

ਕਿਤਾਬ: ਗੁੰਬਦ (ਕਵਿਤਾਵਾਂ)

ਲੇਖਕ: ਜਸਬੀਰ ਕਾਲਰਵੀ

ਪ੍ਰਕਾਸ਼ਕ: ਹਰਕਾਰਾ ਪ੍ਰਕਾਸ਼ਨ, ਜਲੰਧਰ

ਕੀਮਤ: 100 ਰੁਪਏ (ਲਾਇਬਰੇਰੀਆਂ ਲਈ), 50 ਰੁਪਏ (ਪੇਪਰ ਬੈਕ)

ਪ੍ਰਕਾਸ਼ਨ ਵਰ੍ਹਾ: 2009

ਰਿਵੀਊਕਾਰ: ਸੁਖਿੰਦਰ

*********

ਮਨੁੱਖੀ ਮਨ ਦੀ ਸੰਵੇਦਨਸ਼ੀਲਤਾ ਅਤੇ ਕਾਵਿ ਸਿਰਜਣਾ - ਗੁੰਬਦ

ਕੈਨੇਡੀਅਨ ਪੰਜਾਬੀ ਸ਼ਾਇਰ ਜਸਬੀਰ ਕਾਲਰਵੀ ਆਪਣੇ ਕਾਵਿ ਸੰਗ੍ਰਹਿ ਗੁੰਬਦਵਿਚਲੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਰਾਹੀਂ ਮਨੁੱਖੀ ਮਨ ਦੀ ਸੰਵੇਦਨਸ਼ੀਲਤਾ ਦੀ ਗੱਲ ਕਰਦਾ ਹੈਇਸ ਕਾਰਜ ਅਧੀਨ ਜਸਬੀਰ ਕਾਲਰਵੀ ਨਾ ਸਿਰਫ਼ ਆਪਣੇ ਮਨ ਦੀਆਂ ਹੀ ਤਹਿਆਂ ਫਰੋਲਦਾ ਹੈ ਬਲਕਿ ਉਹ ਆਪਣੇ ਚੌਗਿਰਦੇ ਅਤੇ ਸਮਾਜ ਦੀਆਂ ਤਹਿਆਂ ਵੀ ਫਰੋਲਦਾ ਹੈ ਗੁੰਬਦਕਾਵਿ ਸੰਗ੍ਰਹਿ ਵਿਚਲੀਆਂ ਰਚਨਾਵਾਂ ਦੀ ਗੱਲ ਮੈਂਤੋਂ ਸ਼ੁਰੂ ਹੋ ਕੇ ਤੂੰਉੱਤੇ ਆ ਕੇ ਮੁੱਕਦੀ ਹੈਮੈਂਜਦੋਂ ਕਿ ਮਨੁੱਖੀ ਮਨ ਦੀਆਂ ਸੀਮਾਵਾਂ ਤੱਕ ਸੀਮਿਤ ਹੈ; ਪਰ ਤੂੰਬ੍ਰਹਿਮੰਡ ਦੀ ਵਿਸ਼ਾਲਤਾ ਵਾਂਗ ਅਸੀਮ ਹੈ

-----

ਇਸ ਕਾਵਿ ਸੰਗ੍ਰਹਿ ਵਿਚਲੀਆਂ ਕਵਿਤਾਵਾਂ ਜਾਂ ਗ਼ਜ਼ਲਾਂ ਨੂੰ ਸਮਝਣ ਲਈ ਜਾਂ ਉਨ੍ਹਾਂ ਦਾ ਆਨੰਦ ਮਾਨਣ ਲਈ ਇਸ ਪੁਸਤਕ ਦੀ ਪਹਿਲੀ ਹੀ ਕਵਿਤਾ ਖੇਲਵਿੱਚ ਜਸਬੀਰ ਕਾਲਰਵੀ ਵੱਲੋਂ ਦਿੱਤਾ ਗਿਆ ਹਲਫ਼ੀਆ ਬਿਆਨ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ:

ਮੈਂ ਨਾ ਕੋਈ ਕਵੀ ਹਾਂ

ਨਾ ਗ਼ਜ਼ਲਗੋ

ਮੈਂ ਤਾਂ ਸ਼ਬਦਾਂ ਨੂੰ

ਉਨ੍ਹਾਂ ਦੀ ਸੀਮਤ ਕੈਦ ਚੋਂ

ਮੁਕਤ ਕਰਦਾ ਹਾਂ

ਵਕਤ ਦੇ ਪੰਨੇ ਤੇ

ਪਲਾਂ ਛਿਣਾਂ ਦੇ

ਰੰਗ ਭਰਦਾ ਹਾਂ

ਮੈਂ ਤਾਂ ਬਸ

ਕਾਫ਼ੀਏ ਨਾਲ ਕਾਫ਼ੀਆ ਮੇਲਦਾ ਹਾਂ

ਮੈਂ ਤਾਂ ਬਸ ਸ਼ਬਦਾਂ ਨਾਲ ਖੇਲਦਾ ਹਾਂ

-----

ਇਹ ਗੱਲ ਪੁਸਤਕ ਦੇ ਮੁੱਢ ਵਿੱਚ ਹੀ ਕਹਿ ਕੇ ਜਸਬੀਰ ਕਾਲਰਵੀ ਆਪਣੀ ਕਵਿਤਾ ਦੇ ਪਾਠਕਾਂ/ਆਲੋਚਕਾਂ/ਸਮੀਖਿਆਕਾਰਾਂ ਤੋਂ ਇਸ ਗੱਲ ਦੀ ਖੁੱਲ੍ਹ ਲੈਣੀ ਚਾਹੁੰਦਾ ਹੈ ਕਿ ਉਸਦੀ ਕਵਿਤਾ ਦਾ ਅਧਿਐਨ ਕਰਨ ਵੇਲੇ ਕਾਵਿ ਸਿਰਜਣਾ ਨਾਲ ਜੁੜੇ ਕਿਸੀ ਤਰ੍ਹਾਂ ਦੇ ਵੀ ਨਿਯਮਾਂ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਨਹੀਂਕਿਉਂਕਿ ਉਸਦਾ ਸਰੋਕਾਰ ਤਾਂ ਨਿੱਜੀ ਇੱਛਾ ਅਨੁਸਾਰ ਸ਼ਬਦਾਂ ਦੇ ਅਰਥ ਸਿਰਜ ਕੇ ਉਨ੍ਹਾਂ ਨੂੰ ਸੰਗੀਤਕ ਲੈਅ ਵਿੱਚ ਬੰਨ੍ਹਕੇ ਇੱਕ ਦੂਜੇ ਦੇ ਨਾਲ ਜੋੜਨਾ ਹੈਇਹ ਉਸਦੇ ਮਨਪ੍ਰਚਾਵੇ ਲਈ ਇੱਕ ਖੇਡ ਹੈ

-----

ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੀ ਮੈਂ ਵੀ ਕਾਵਿ ਸਿਰਜਣਾ ਨਾਲ ਜੁੜੇ ਅਨੇਕਾਂ ਹੋਰ ਵਿਸ਼ਿਆਂ ਦੀ ਗੱਲ ਨਾ ਕਰਦਾ ਹੋਇਆ ਇਸ ਕਾਵਿ ਸੰਗ੍ਰਹਿ ਦੀਆਂ ਰਚਨਾਵਾਂ ਵਿੱਚ ਛੇੜੇ ਗਏ ਮਨੁੱਖੀ ਜ਼ਿੰਦਗੀ ਨਾਲ ਸਬੰਧਤ ਕੁਝ ਮਹੱਤਵ-ਪੂਰਨ ਵਿਸ਼ਿਆਂ ਦੀ ਹੀ ਗੱਲ ਕਰਾਂਗਾਵਿਸ਼ੇ, ਜੋ ਕਿ ਮਨੁੱਖੀ ਮਨ ਦੀ ਸੰਵੇਦਨਸ਼ੀਲਤਾ ਨਾਲ ਜੁੜੇ ਹੋਏ ਹਨਇਸ ਕਾਵਿ ਸੰਗ੍ਰਹਿ ਵਿਚਲੀਆਂ ਰਚਨਾਵਾਂ ਬਾਰੇ ਚਰਚਾ ਉਸ ਦੀ ਗ਼ਜ਼ਲ ਸਮਝੇ ਹਾਂਦੇ ਇਸ ਖ਼ੂਬਸੂਰਤ ਸ਼ਿਅਰ ਨਾਲ ਹੀ ਸ਼ੁਰੂ ਕੀਤੀ ਜਾ ਸਕਦੀ ਹੈ:

ਸਮਝੇ ਹਾਂ ਜੀਵਨ ਦਾ ਹਾਲੇ ਊੜਾ ਐੜਾ ਈੜੀ

ਹਉਮੈਂ ਐਵੇਂ ਮੱਥੇ ਉੱਪਰ ਪਾਈ ਫਿਰਦੀ ਤੀੜੀ

-----

ਹਉਮੈਅਜੋਕੇ ਸਮਿਆਂ ਦਾ ਇੱਕ ਮਹੱਤਵ-ਪੂਰਨ ਸਰੋਕਾਰ ਹੈ, ਇੱਕ ਮਹੱਤਵ-ਪੂਰਨ ਸਮੱਸਿਆ ਹੈ, ਇੱਕ ਮਹੱਤਵ-ਪੂਰਨ ਲੱਛਣ ਹੈਕੰਨਜ਼ੀਊਮਰ ਕਲਚਰ ਵਿੱਚ ਜੰਮੇ-ਪਲੇ ਮਨੁੱਖ, ਮਨੁੱਖੀ ਕਦਰਾਂ-ਕੀਮਤਾਂ ਤੋਂ ਅਭਿੱਜ, ਮਹਿਜ਼, ਜੇਬ੍ਹ ਵਿੱਚ ਚੰਦ ਕੁ ਡਾਲਰ ਆ ਜਾਣ ਉੱਤੇ ਨੱਕਾਂ ਚੋਂ ਠੂੰਹੇਂ ਸੁੱਟਦੇ ਫਿਰਨਗੇਉਨ੍ਹਾਂ ਲਈ ਮਾਂ, ਭੈਣ, ਧੀ, ਮਹਿਬੂਬਾ, ਪਿਓ, ਭਰਾ, ਦੋਸਤ-ਕੋਈ ਵੀ ਰਿਸ਼ਤਾ ਕੋਈ ਅਰਥ ਨਹੀਂ ਰੱਖਦਾਉਨ੍ਹਾਂ ਲਈ ਤਾਂ ਗ਼ਲਤ ਜਾਂ ਠੀਕ ਢੰਗ ਨਾਲ ਡਾਲਰ ਇਕੱਠੇ ਕਰਕੇ ਖ੍ਰੀਦੀ ਹੋਈ ਸਪੋਰਟਸ ਕਾਰ ਹੀ ਉਨ੍ਹਾਂ ਦੇ ਘੁਮੰਡ ਦਾ ਪ੍ਰਗਟਾਵਾ ਕਰ ਸਕਦੀ ਹੈ, ਉਨ੍ਹਾਂ ਦੀ ਹਉਮੈ ਦਾ ਦਿਖਾਵਾ ਕਰ ਸਕਦੀ ਹੈਹਉਮੈ ਦੀ ਸਮੱਸਿਆ ਸਾਡੇ ਸਮਿਆਂ ਵਿੱਚ ਕਿਸ ਹੱਦ ਤੱਕ ਗੰਭੀਰ ਹੁੰਦੀ ਜਾ ਰਹੀ ਹੈ ਇਹ ਗੱਲ ਸਾਡੇ ਲਈ ਚਿੰਤਾ ਦਾ ਕਾਰਨ ਬਣ ਚੁੱਕੀ ਹੈਇਹੀ ਕਾਰਨ ਹੈ ਕਿ ਸਾਡੀ ਰੋਜ਼ਾਨਾ ਜ਼ਿੰਦਗੀ ਉੱਤੇ ਇਸ ਸਮੱਸਿਆ ਕਾਰਨ ਪੈ ਰਹੇ ਮਾਰੂ ਪ੍ਰਭਾਵਾਂ ਬਾਰੇ ਆਪਣੀ ਗ਼ਜ਼ਲ ਸਮਝੇ ਹਾਂਦੇ ਕੁਝ ਹੋਰ ਸ਼ੇਅਰਾਂ ਵਿੱਚ ਵੀ ਜਸਬੀਰ ਕਾਲਰਵੀ ਇਸ ਚਿੰਤਾ ਦਾ ਵਿਸਥਾਰ ਦਿੰਦਾ ਹੈ:

1.ਮਾਰਨ ਫਿਰਦਾ ਰਾਹਾਂ ਦੇ ਵਿੱਚ ਹਰ ਬੰਦੇ ਨੂੰ ਬੰਦਾ

ਕਿੰਨੇ ਮੋਹ ਵਿੱਚ ਮਿਲ ਕੇ ਜਾਂਦੀ ਹਰ ਕੀੜੀ ਨੂੰ ਕੀੜੀ

...........

2.ਆਹਮ ਦਾ ਝੰਡਾ ਗੱਡ ਦੇਊ ਹਰ ਤਾਰੇ ਤੇ ਮਾਨਵ

ਬੌਣਾ ਹੋਈ ਜਾਊ ਅੰਦਰ ਪਰ ਪੀੜ੍ਹੀ-ਦਰ-ਪੀੜ੍ਹੀ

ਮੈਂਨਾਲ ਜੁੜੀ ਹਉਮੈਮਨੁੱਖੀ ਰਿਸ਼ਤਿਆਂ ਨਾਲ ਸਬੰਧਤ ਜਿਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰਦੀ ਹੈ, ਉਸਦਾ ਵਿਸਥਾਰ ਜਸਬੀਰ ਕਾਲਰਵੀ ਆਪਣੀ ਗ਼ਜ਼ਲ ਜੋ ਆਪਣੀ ਜੰਗ ਵਿੱਚਵਿੱਚ ਵੀ ਪੇਸ਼ ਕਰਦਾ ਹੈ:

ਹਮੇਸ਼ਾ ਮੈਂ ਹੀ ਮੈਂ ਕਰਦਾ ਉਹ ਕਹਿੰਦਾ

ਕੋਈ ਉਸ ਕੋਲ ਵੀ ਕਿੱਥੇ ਖੜ੍ਹੇ ਹੁਣ

-----

ਮਨੁੱਖ ਜਦ ਆਪਣੀ ਹੀ ਮੈਂਦੀ ਕੈਦ ਦਾ ਕੈਦੀ ਹੋ ਕੇ ਰਹਿ ਜਾਂਦਾ ਹੈ ਤਾਂ ਕੋਈ ਵੀ ਉਸਦੇ ਨੇੜੇ ਜਾਣਾ ਨਹੀਂ ਚਾਹੁੰਦਾਕਿਉਂਕਿ ਉਸਨੂੰ ਆਪਣੇ ਸਿਵਾਏ ਬਾਕੀ ਹਰ ਕੋਈ ਅਧੂਰਾ ਮਨੁੱਖ ਜਾਪਦਾ ਹੈਹੋਰ ਕਿਸੀ ਮਨੁੱਖ ਵਿੱਚ ਉਸਨੂੰ ਕੋਈ ਚੰਗੀ ਗੱਲ ਲੱਭਦੀ ਹੀ ਨਹੀਂਉਹ ਆਪਣੇ ਆਪਨੂੰ ਨਾ ਸਿਰਫ਼ ਸੰਪੂਰਨ ਮਨੁੱਖ ਹੀ ਸਮਝਦਾ ਹੈ; ਬਲਕਿ ਉਸ ਲਈ ਬਾਕੀ ਹਰ ਮਨੁੱਖ ਅਸਭਿੱਅਕ ਹੈ ਅਤੇ ਸੱਭਿਅਕ ਮਨੁੱਖ ਬਨਣ ਲਈ (ਹਉਮੈਵਾਦੀ ਮਨੁੱਖ ਤੋਂ) ਉਸ ਨੂੰ ਸਿੱਖਿਆ ਲੈਣੀ ਚਾਹੀਦੀ ਹੈਆਪਣੀ ਹੀ ਹਉਮੈ ਦੀਆਂ ਸੀਮਾਵਾਂ ਵਿੱਚ ਬੱਝੀ ਮੈਂਮਨੁੱਖੀ ਰਿਸ਼ਤਿਆਂ ਦਾ ਕਿਸ ਤਰ੍ਹਾਂ ਘਾਣ ਕਰਦੀ ਹੈ, ਉਸਦਾ ਜ਼ਿਕਰ ਜਸਬੀਰ ਕਾਲਰਵੀ ਆਪਣੀ ਗ਼ਜ਼ਲ ਗ਼ਮ ਤੇ ਦਰਿਆਵਿੱਚ ਵੀ ਕਰਦਾ ਹੈ:

ਆਪਣੀ ਮੈਂ ਮੈਂ ਦੇ ਵਿੱਚ ਵਹਿ ਕੇ

ਕਿੰਨੇ ਰਿਸ਼ਤੇ ਜੋ ਹੜ੍ਹ ਗਏ ਯਾਰੋ

-----

ਮਨੁੱਖੀ ਮਨ ਵੀ ਇੱਕ ਅਜੀਬ ਕਿਸਮ ਦੀ ਸ਼ੈਅ ਹੈਜਿਸ ਮਨ ਵਿੱਚ ਝੂਠ ਅਤੇ ਫਰੇਬ ਭਰਿਆ ਹੁੰਦਾ ਹੈ, ਉਸ ਵੱਲੋਂ ਬੋਲੇ ਗਏ ਮਿੱਠੇ ਬੋਲ ਵੀ ਸੁਣਨ ਵਾਲੇ ਵਿਅਕਤੀ ਦੇ ਕੰਨਾਂ ਵਿੱਚ ਕੌੜੇ ਬੋਲਾਂ ਦਾ ਹੀ ਪ੍ਰਭਾਵ ਪੈਦਾ ਕਰਦੇ ਹਨਅਜਿਹੇ ਸੱਜਣ ਠੱਗਾਂ ਨਾਲ ਸਾਡਾ ਜ਼ਿੰਦਗੀ ਵਿੱਚ ਵਾਹ ਪੈਂਦਾ ਹੀ ਰਹਿੰਦਾ ਹੈਅਜਿਹੇ ਸੱਜਣ ਠੱਗ ਤੁਹਾਨੂੰ ਜ਼ਿੰਦਗੀ ਦੇ ਹਰ ਖੇਤਰ ਵਿੱਚ ਹੀ ਮਿਲ ਜਾਣਗੇਜਦ ਹਵਾ ਦਾਗ਼ਜ਼ਲ ਦਾ ਇਹ ਖ਼ੂਬਸੂਰਤ ਸ਼ਿਅਰ ਸੱਜਣ ਠੱਗਾਂ ਦੀ ਮਾਨਸਿਕਤਾ ਦਾ ਕਾਵਿਕ ਰੂਪਾਂਤਰਨ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਬੋਲਿਆ ਮਿੱਠੇ ਜਿਹੇ ਕੁਝ ਬੋਲ ਉਹ

ਮੂੰਹ ਮੇਰਾ ਐਵੇਂ ਹੀ ਲੂਣਾ ਹੋ ਗਿਆ

-----

ਸੱਜਣ ਠੱਗ ਸਿਰਫ ਸਾਨੂੰ ਸਾਡੀ ਨਿੱਜੀ ਜ਼ਿੰਦਗੀ ਵਿੱਚ ਕੁਝ ਖ਼ਾਸ ਮੌਕਿਆਂ ਉੱਤੇ ਹੀ ਨਹੀਂ ਮਿਲਦੇ; ਅਜਿਹੇ ਲੋਕ ਤਾਂ ਕਿਸੇ ਮਹਾਨ ਸੰਤ ਹੋਣ ਦਾ ਮੁਖੌਟਾ ਪਾ ਕੇ ਹਰ ਸ਼ਹਿਰ, ਹਰ ਪਿੰਡ, ਹਰ ਕਸਬੇ ਵਿੱਚ ਮਾਸੂਮ ਅਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਦੇ ਆਮ ਵੇਖੇ ਜਾ ਸਕਦੇ ਹਨਸਾਧਾਰਨ ਮਨੁੱਖਾਂ ਦੀ ਸਮੱਸਿਆ ਇਹ ਹੁੰਦੀ ਹੈ ਕਿ ਉਹ ਇਨ੍ਹਾਂ ਠੱਗ-ਬਾਬਿਆਂ-ਸੰਤ-ਮਹੰਤਾਂ ਦੇ ਦਰਸ਼ਨੀ ਚਿਹਰਿਆਂ ਪਿਛੇ ਲੁਕੇ ਹੋਏ ਉਨ੍ਹਾਂ ਦੇ ਖੂੰਖਾਰ ਬਘਿਆੜਾਂ ਵਰਗੇ ਅਸਲੀ ਚਿਹਰੇ ਨਹੀਂ ਦੇਖ ਸਕਦੇਸਾਧਾਰਨ ਮਨੁੱਖ ਸਮਝ ਨਹੀਂ ਸਕਦੇ ਕਿ ਖੰਡ ਦੀ ਚਾਸ਼ਨੀ ਵਿੱਚ ਲਿਬੜੇ ਉਨ੍ਹਾਂ ਠੱਗ-ਬਾਬਿਆਂ-ਸੰਤਾਂ-ਮਹੰਤਾਂ ਦੇ ਬੋਲਾਂ ਪਿਛੇ ਕਿਸ ਤਰ੍ਹਾਂ ਦੇ ਭਿਆਨਕ ਇਰਾਦੇ ਲੁਕੇ ਹੋਏ ਹਨਸ਼ਾਇਦ, ਇਹੀ ਗੱਲ ਜਸਬੀਰ ਕਲਾਰਵੀ ਵੀ ਆਪਣੀਆਂ ਗ਼ਜ਼ਲਾਂ ਉਹ ਜੋ ਮੈਨੂੰਅਤੇ ਹਰ ਬੰਦੇ ਦੇ ਅੰਦਰਦੇ ਇਨ੍ਹਾਂ ਸ਼ਿਅਰਾਂ ਵਿੱਚ ਕਹਿ ਰਿਹਾ ਜਾਪਦਾ ਹੈ:

1.ਅਸਲੀ ਪਹਿਰਾਵੇ ਵਿੱਚ ਛੁਪਿਆ

ਨਕਲੀ ਚਿਹਰਾ ਵੀ ਦੇਖੋ

ਕ਼ਾਤਿਲ ਜ਼ਹਿਰ ਪਿਲਾ ਸਕਦਾ ਹੈ

ਜਾਮ-ਏ-ਇਨਸਾਂ ਫੜਕੇ ਵੀ

.........

2.ਚਿੱਟੇ ਬਸਤਰ ਪਾ ਕੇ ਆਉਂਦੇ

ਹਰ ਮਹਿਫ਼ਲ ਦੇ ਅੰਦਰ

ਕੁਝ ਲੋਕਾਂ ਦੇ ਅੰਦਰ ਵਸਦੇ

ਜਿਹੜੇ ਕਾਲੇ ਬੰਦੇ

------

ਤਕਰੀਬਨ ਤਿੰਨ ਕੁ ਦਹਾਕੇ ਪਹਿਲਾਂ ਗਿਆਨਾ ਵਿੱਚ ਗਿਰਜੇ ਦੇ ਇੱਕ ਪਾਦਰੀ ਨੇ ਆਪਣੇ ਸੈਂਕੜੇ ਚੇਲਿਆਂ ਨੂੰ ਜ਼ਹਿਰ ਪੀਣ ਲਈ ਮਜ਼ਬੂਰ ਕਰ ਦਿੱਤਾ ਸੀਉਸਨੇ ਸਿਰਫ਼ ਆਪਣੀ ਹਉਮੈ ਕਾਰਨ ਆਪਣੇ ਹੀ ਸੈਂਕੜੇ ਚੇਲਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀਚੇਲੇ ਜੋ ਕਿ ਰੱਬ ਦੇ ਨਾਮ ਉੱਤੇ - ਜਿੰਮ ਜੋਨਜ਼ ਨਾਮ ਦੇ ਕਰਿਸਚੀਅਨ ਚਰਚ ਦੇ ਇਸ ਪਾਦਰੀ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਲਈ ਤਿਆਰ ਸਨਧੰਨ, ਦੌਲਤ, ਜਾਇਦਾਦ - ਇੱਥੋਂ ਤੱਕ ਕਿ ਆਪਣੀ ਅਤੇ ਸਮੂਹ ਪਰਿਵਾਰ ਦੀ ਜਾਨ ਵੀਅੱਜ ਕੱਲ੍ਹ ਪੰਜਾਬੀ ਸਭਿਆਚਾਰ ਵਿੱਚ ਵੀ ਅਜਿਹੇ ਠੱਗ-ਬਾਬਿਆਂ-ਸੰਤਾਂ ਦੀ ਭਰਮਾਰ ਹੋ ਰਹੀ ਹੈਕੌਣ ਨਹੀਂ ਜਾਣਦਾ ਕਿ ਪੰਜਾਬ ਪਿਛਲੇ ਤਕਰੀਬਨ ਚਾਰ ਦਹਾਕਿਆਂ ਤੋਂ ਜਿਸ ਅੱਗ ਵਿੱਚ ਸੜ ਰਿਹਾ ਹੈ - ਉਹ ਅੱਗ ਵੀ ਜਿੰਮ ਜੋਨਜ਼ ਵਰਗੇ ਪੰਜਾਬ ਦੇ ਠੱਗ-ਬਾਬਿਆਂ-ਸੰਤਾਂ ਦੇ ਟੋਲਿਆਂ ਵਿੱਚ ਘੁਸੇ ਕਾਤਲਾਂ ਦੀ ਹੀ ਲਗਾਈ ਹੋਈ ਹੈਜਿਨ੍ਹਾਂ ਕਾਤਲਾਂ ਦੇ ਖ਼ੂਨੀ ਚਿਹਰੇ ਅਤੇ ਸਾਜ਼ਿਸ਼ੀ ਇਰਾਦੇ ਲੋਕ ਪਹਿਚਾਣ ਨ ਸਕੇਪੰਜਾਬ ਦਾ ਸਾਧਾਰਨ ਬੰਦਾ ਇਸ ਕਾਰਨ ਵੀ ਇਨ੍ਹਾਂ ਖੂੰਖਾਰ ਬਘਿਆੜਾਂ ਦੇ ਅਸਲੀ ਚਿਹਰੇ ਪਹਿਚਾਣ ਨਹੀਂ ਸਕਦਾ ਕਿਉਂਕਿ ਪੰਜਾਬ ਦੇ ਭ੍ਰਿਸ਼ਟ ਰਾਜਨੀਤੀਵਾਨਾਂ ਦਾ ਇੱਜੜ ਆਪਣੀਆਂ ਵੋਟਾਂ ਖਾਤਰ ਇਨ੍ਹਾਂ ਠੱਗ-ਬਾਬਿਆਂ-ਸੰਤਾਂ-ਮਹੰਤਾਂ ਦੇ ਡੇਰਿਆਂ ਉੱਤੇ ਜਾ ਕੇ ਆਪਣਿਆਂ ਨੱਕਾਂ ਨਾਲ ਲਕੀਰਾਂ ਕੱਢਦਾ ਰਹਿੰਦਾ ਹੈਪੰਜਾਬ ਦੇ ਭ੍ਰਿਸ਼ਟ ਰਾਜਨੀਤੀਵਾਨਾਂ ਨੇ ਆਪਣੀਆਂ ਨਿੱਜੀ ਇਛਾਵਾਂ ਦੀ ਪੂਰਤੀ ਖਾਤਰ ਇਨ੍ਹਾਂ ਠੱਗ-ਬਾਬਿਆਂ-ਸੰਤਾਂ-ਮਹੰਤਾਂ ਤੋਂ ਧਾਰਮਿਕ ਕੱਟੜਵਾਦ ਦਾ ਧੂੰਆਂਧਾਰ ਪ੍ਰਚਾਰ ਕਰਵਾ ਕੇ ਲੋਕਾਂ ਦੇ ਮਨਾਂ ਵਿੱਚ ਇੱਕ ਦੂਜੇ ਦੇ ਖ਼ਿਲਾਫ਼ ਨਫ਼ਰਤ ਪੈਦਾ ਕਰਨ ਵਾਲੇ ਅਜਿਹੇ ਬੀਜ ਬੀਜੇ ਕਿ ਸਦੀਆਂ ਤੋਂ ਸਾਂਝੀਵਾਲਤਾ ਦੇ ਪੈਗ਼ਾਮ ਨੂੰ ਆਪਣੇ ਮਨਾਂ ਵਿੱਚ ਵਸਾ ਕੇ ਇੱਕ ਦੂਜੇ ਨਾਲ ਪਿਆਰ ਅਤੇ ਸਦਭਾਵਨਾ ਨਾਲ ਰਹਿਣ ਵਾਲੇ ਪੰਜਾਬ ਦੇ ਲੋਕ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏਪੰਜਾਬ ਸਾਰਾ ਜਿਉਂਦਾ ਗੁਰਾਂ ਦੇ ਨਾਮ ਤੇਦੀ ਭਾਵਨਾ ਮਨ ਵਿੱਚ ਵਸਾ ਕੇ ਇੱਕ ਦੂਜੇ ਨਾਲ ਮਿਲਕੇ ਭੰਗੜੇ, ਗਿੱਧੇ ਪਾਉਣ ਵਾਲੇ ਪੰਜਾਬੀ ਆਪਣੇ ਹੱਥਾਂ ਵਿੱਚ ਏ.ਕੇ.-47 ਮਸ਼ੀਨ ਗੰਨਾਂ ਫੜ ਆਪਣੇ ਹੀ ਆਂਢੀਆਂ-ਗੁਆਂਢੀਆਂ ਉੱਤੇ ਗੋਲੀਆਂ ਦੀ ਬੁਛਾੜ ਕਰਨ ਲੱਗੇਪੰਜਾਬ ਵਿੱਚ ਵਾਪਰੇ ਇਸ ਦੁਖਾਂਤ ਨੂੰ ਜ਼ੁਬਾਨ ਦਿੰਦਿਆਂ ਹੋਇਆਂ ਆਪਣੀ ਗ਼ਜ਼ਲ ਗ਼ਮ ਤੇ ਦਰਿਆਵਿੱਚ ਜਸਬੀਰ ਕਾਲਰਵੀ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:

ਸ਼ਬਦ ਉਹ ਸੋਚਦੇ ਰਹੇ ਤੱਤੇ

ਅਰਥ ਮੱਥੇ ਦੇ ਸੜ੍ਹ ਗਏ ਯਾਰੋ

-----

ਜਸਬੀਰ ਕਾਲਰਵੀ ਸਾਡਾ ਧਿਆਨ ਇਸ ਗੱਲ ਵੱਲ ਵੀ ਦੁਆਉਂਦਾ ਹੈ ਕਿ ਆਖਿਰ ਅਜਿਹੇ ਦੁਖਾਂਤ ਕਿਉਂ ਵਾਪਰਦੇ ਹਨ? ਸਾਡੇ ਸਮਾਜ ਵਿੱਚ ਅਜਿਹੇ ਅਣਪੜ੍ਹ ਕਿਸਮ ਦੇ ਠੱਗ-ਬਾਬਿਆਂ-ਸੰਤਾਂ-ਮਹੰਤਾਂ ਦਾ ਬੋਲਬਾਲਾ ਆਖਿਰ ਕਿਉਂ ਏਨਾ ਜ਼ਿਆਦਾ ਵੱਧਦਾ ਜਾਂਦਾ ਹੈ? ਇਨ੍ਹਾਂ ਸਾਰਿਆਂ ਪ੍ਰਸ਼ਨਾਂ ਦਾ ਜੁਆਬ ਉਸ ਦੀ ਗ਼ਜ਼ਲ ਗ਼ਮ ਤੇ ਦਰਿਆਦਾ ਇਹ ਖ਼ੂਬਸੂਰਤ ਸ਼ਿਅਰ ਦੇ ਰਿਹਾ ਹੈ:

ਲੋਗ ਹੁਣ ਐਨੇ ਪੜ੍ਹ ਗਏ ਯਾਰੋ

ਬੱਸ ਘਰਾਂ ਵਿੱਚ ਹੀ ਵੜ ਗਏ ਯਾਰੋ

-----

ਪੜ੍ਹੇ-ਲਿਖੇ, ਚੇਤੰਨ, ਸੂਝਵਾਨ, ਗਿਆਨਵਾਨ, ਜਾਗਰੂਕ ਲੋਕ ਜਦੋਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ ਸਰਗਰਮੀਆਂ ਵੱਲੋਂ ਮੁੱਖ ਮੋੜ, ਆਪਣੀ ਨਿੱਜੀ ਜ਼ਿੰਦਗੀ ਵਿੱਚ ਗਲਤਾਨ ਹੋ, ਆਪਣੇ ਘਰਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ; ਤਾਂ ਠੱਗ-ਸੰਤ-ਬਾਬਿਆਂ ਅਤੇ ਕਰਿਮਨਲ ਕਿਸਮ ਦੇ ਲੋਕਾਂ ਲਈ ਜ਼ਿੰਦਗੀ ਦੇ ਹਰ ਖੇਤਰ ਵਿੱਚ ਹੀ ਕੁਰਸੀਆਂ ਉੱਤੇ ਸੁਸ਼ੋਭਿਤ ਹੋਣ ਲਈ ਰਾਹ ਖੁੱਲ੍ਹ ਗਿਆਸਾਧਾਰਨ ਬੰਦਾ ਉਨ੍ਹਾਂ ਠੱਗ-ਸੰਤ-ਬਾਬਿਆਂ ਅਤੇ ਕਰਿਮਨਲ ਕਿਸਮ ਦੇ ਲੋਕਾਂ ਨੂੰ ਹੀ ਆਪਣੇ ਪੱਥ-ਪ੍ਰਦਰਸ਼ਕ ਮੰਨਣ ਲੱਗ ਪਿਆਠੱਗ-ਸੰਤ-ਬਾਬਿਆਂ ਨੂੰ ਲੋਕਾਂ ਦੇ ਰਾਹਨੁਮਾਵਾਂ ਦੇ ਰੂਪ ਵਿੱਚ ਪੇਸ਼ ਕਰਨ ਵਿੱਚ ਨਾ ਸਿਰਫ ਭ੍ਰਿਸ਼ਟ ਰਾਜਨੀਤੀਵਾਨ ਹੀ ਘਿਨਾਉਣਾ ਕਿਰਦਾਰ ਨਿਭਾਂਦੇ ਰਹੇ; ਬਲਕਿ ਆਪਣੇ ਨਿੱਜੀ ਮੁਫਾਦਾਂ ਖ਼ਾਤਰ, ਸਾਡੇ ਪੰਜਾਬੀ ਅਖ਼ਬਾਰ, ਮੈਗਜ਼ੀਨ, ਰੇਡੀਓ ਅਤੇ ਟੈਲੀਵੀਜ਼ਨ ਮਾਧਿਅਮ ਵੀ ਠੱਗ-ਸੰਤ-ਬਾਬਿਆਂ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਣ ਵਿੱਚ ਕਿਸੇ ਤੋਂ ਪਿੱਛੇ ਨਹੀਂ ਰਹੇ

-----

ਗੁੰਬਦਕਾਵਿ ਸੰਗ੍ਰਹਿ ਵਿੱਚ ਜਸਬੀਰ ਕਾਲਰਵੀ ਕੁਝ ਹੋਰ ਵਿਸਿ਼ਆਂ ਬਾਰੇ ਵੀ ਚਰਚਾ ਛੇੜਦਾ ਹੈਇਨ੍ਹਾਂ ਵਿੱਚੋਂ ਕੁਝ ਵਿਸ਼ੇ ਹਨ: ਜ਼ਿੰਦਗੀ, ਮੁਹੱਬਤ, ਜਜ਼ਬਾਤ, ਮਨ, ਘਰ, ਗਰੀਬੀ ਅਤੇ ਅਮੀਰੀਮਨੁੱਖੀ ਜ਼ਿੰਦਗੀ ਵਿੱਚ ਇਹ ਸਾਰੇ ਵਿਸ਼ੇ ਇੱਕ ਦੂਜੇ ਨਾਲ ਜੁੜੇ ਹੁੰਦੇ ਹਨਇਸੇ ਕਾਰਨ ਜ਼ਿੰਦਗੀ ਨਾਲ ਸਬੰਧਤ ਹੋਰਨਾਂ ਖੇਤਰਾਂ ਦੇ ਸੰਤੁਲਨ ਨੂੰ ਵੀ ਪ੍ਰਭਾਵਤ ਕਰਦਾ ਹੈਜ਼ਿੰਦਗੀ ਜਿਉਣਾ ਵੀ ਇੱਕ ਕਲਾ ਹੈਜ਼ਿੰਦਗੀ ਦੀ ਯੁੱਧ-ਭੂਮੀ ਵਿੱਚ ਵੀ ਤੁਹਾਨੂੰ ਕਦਮ ਕਦਮ ਉੱਤੇ ਵਿਰੋਧਤਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈਇਸ ਯੁੱਧ ਵਿੱਚ ਉਹੀ ਲੋਕ ਸ਼ਾਨਦਾਰ ਜਿੱਤਾਂ ਪ੍ਰਾਪਤ ਕਰਦੇ ਹਨ ਜੋ ਆਪਣੇ ਪੈਰਾਂ ਉੱਤੇ ਖੜ੍ਹਕੇ ਆਪਣੀਆਂ ਬਾਹਾਂ ਦੀ ਤਾਕਤ ਨਾਲ ਲੜਦੇ ਹਨਇਸ ਗੱਲ ਦੀ ਗਵਾਹੀ ਜਸਬੀਰ ਕਾਲਰਵੀ ਦੀ ਗ਼ਜ਼ਲ ਜੋ ਆਪਣੀ ਜੰਗਦਾ ਇਹ ਸ਼ਿਅਰ ਵੀ ਦੇ ਰਿਹਾ ਲੱਗਦਾ ਹੈ:

ਜੋ ਆਪਣੀ ਜੰਗ ਵਿੱਚ ਕੱਲਾ ਖੜ੍ਹੇ ਹੁਣ

ਕਿਤਾਬ-ਏ-ਜ਼ਿੰਦਗੀ ਉਹ ਹੀ ਪੜ੍ਹੇ ਹੁਣ

-----

ਅਜੋਕੇ ਸਮਿਆਂ ਵਿੱਚ ਜ਼ਿੰਦਗੀ ਬਹੁਤ ਤੇਜ਼ ਰਫਤਾਰ ਨਾਲ ਚੱਲ ਰਹੀ ਹੈਹਰ ਮਨੁੱਖ ਦਾ ਜ਼ਿੰਦਗੀ ਵਿੱਚ ਕੁਝ ਬਣਨ, ਕੁਝ ਪ੍ਰਾਪਤ ਕਰਨ, ਦਾ ਸੁਪਨਾ ਹੁੰਦਾ ਹੈਭਾਵੇਂ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਆਪਣਿਆਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਹਿੰਮਤ ਅਤੇ ਦਲੇਰੀ ਨਾਲ ਜੱਦੋਜਹਿਦ ਕਰਦੇ ਹਾਂ; ਪਰ ਫਿਰ ਵੀ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਆਪਣਿਆਂ ਸੁਪਨਿਆਂ ਨੂੰ ਪੂਰੀ ਤਰ੍ਹਾਂ ਹਕੀਕਤ ਵਿੱਚ ਬਦਲ ਸਕੀਏਕਿਸੀ ਨੂੰ ਜ਼ਿੰਦਗੀ ਦੀ ਇਸ ਜੱਦੋ-ਜਹਿਦ ਵਿੱਚ ਪੂਰੀ, ਕਿਸੀ ਨੂੰ ਅਧੂਰੀ ਅਤੇ ਕਿਸੀ ਨੂੰ ਕੇਵਲ ਨਾਮ ਮਾਤਰ ਹੀ ਕਾਮਯਾਬੀ ਮਿਲਦੀ ਹੈਇਸ ਗੱਲ ਦਾ ਅਹਿਸਾਸ ਜਸਬੀਰ ਕਾਲਰਵੀ ਨੂੰ ਵੀ ਹੈਤਾਂ ਹੀ ਤਾਂ ਉਹ ਆਪਣੀ ਗ਼ਜ਼ਲ ਉਹ ਜੋ ਮੈਨੂੰਦੇ ਇਸ ਸ਼ਿਅਰ ਵਿੱਚ ਇਹ ਗੱਲ ਕਹਿ ਰਿਹਾ ਹੈ:

ਅੱਧੀ ਰਾਤੀਂ ਕਰਵਟ ਬਦਲੇ

ਜਦ ਅਧਮੋਇਆ ਸੁਪਨਾ ਤਾਂ

ਇੱਕ ਮੰਜ਼ਿਲ ਦਾ ਮਲਬਾ ਹੇਠਾਂ

ਸਲਵਟ ਬਣ ਕੇ ਰੜਕੇ ਵੀ

-----

ਸਾਡੇ ਸੁਪਨਿਆਂ ਦਾ ਮਰ ਜਾਣਾ ਹਰ ਮਨੁੱਖ ਲਈ ਸਹਿਣ ਕਰਨਾ ਸੌਖਾ ਨਹੀਂ ਹੁੰਦਾਮਨ ਵਿੱਚ ਅਜਿਹਾ ਅਹਿਸਾਸ ਭਰ ਜਾਣ ਤੋਂ ਬਾਅਦ ਜ਼ਿੰਦਗੀ ਉਦੇਸ਼ਹੀਨ ਜਾਪਣ ਲੱਗ ਜਾਂਦੀ ਹੈਮਨੁੱਖ ਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਜਾਂਦਾ ਹੈ ਜਿਵੇਂ ਉਹ ਤੁਰਦੀ ਫਿਰਦੀ ਇੱਕ ਲਾਸ਼ ਹੋਵੇਹੋ ਸਕਦੈ ਤੁਸੀਂ ਵੀ ਅਨੇਕਾਂ ਵਾਰ ਜ਼ਿੰਦਗੀ ਵਿੱਚ ਇੰਜ ਹੀ ਮਹਿਸੂਸ ਕੀਤਾ ਹੋਵੇ ਜਿਵੇਂ ਕਿ ਜਸਬੀਰ ਕਾਲਰਵੀ ਆਪਣੀਆਂ ਗ਼ਜ਼ਲਾਂ ਰੌਸ਼ਨੀ’ ‘ਚੋਂ ਅਤੇ ਖ਼ਾਮੋਸ਼ੀਦੇ ਇਨ੍ਹਾਂ ਦੋ ਖ਼ੂਬਸੂਰਤ ਸ਼ਿਅਰਾਂ ਵਿੱਚ ਮਹਿਸੂਸ ਕਰ ਰਿਹਾ ਹੈ:

1.ਮੈਂ ਕਦੋਂ ਦਾ ਮਰ ਗਿਆ ਹਾਂ

ਦੌੜਦੀ ਹੁਣ ਲਾਸ਼ ਹਾਂ

ਇਸ ਤਰ੍ਹਾਂ ਦੇ ਵੀ ਕਈ

ਸੁਪਨੇ ਸਵੇਰੇ ਆਏ ਨੇ

.........

2.ਪਹਿਲਾਂ ਤਾਂ ਦਿਲ ਹੀ ਭਰਦਾ ਹੈ

ਫਿਰ ਕੁਝ ਫਿਸਦਾ ਅੱਖਾਂ ਵਿੱਚ

ਮਨ ਚੋਂ ਜਦ ਵੀ ਸੁਪਨੇ ਕਿਰਕੇ

ਗੁੰਮ ਜਾਂਦੇ ਨੇ ਰਾਹਾਂ ਵਿੱਚ

------

ਪੂੰਜੀਵਾਦ ਨੇ ਸਾਡੇ ਸਮਿਆਂ ਵਿੱਚ ਮਨੁੱਖ ਨੂੰ ਅੱਖਾਂ ਚੁੰਧਿਆ ਦੇਣ ਵਾਲੇ ਕੰਨਜ਼ੀਊਮਰ ਕਲਚਰ ਦੇ ਜੋ ਸੁਪਨੇ ਦਿਖਾਏ ਨੇ, ਉਸ ਨੇ ਸਾਡੇ ਘਰਾਂ ਨੂੰ ਅੱਖਾਂ ਚੁੰਧਿਆ ਦੇਣ ਵਾਲੀਆਂ ਵਸਤਾਂ ਨਾਲ ਤਾਂ ਭਰ ਦਿੱਤਾ ਹੈ; ਪਰ ਮਨੁੱਖ ਦਾ ਇਨ੍ਹਾਂ ਵਸਤਾਂ ਨਾਲ ਅੰਤਾਂ ਦਾ ਪਿਆਰ ਹੋ ਜਾਣ ਸਦਕਾ ਉਹ ਮਨੁੱਖੀ ਪੱਧਰ ਉੱਤੇ ਇੱਕ ਦੂਜੇ ਨਾਲੋਂ ਟੁੱਟ ਰਿਹਾ ਹੈਹਰ ਕਿਸੇ ਦੇ ਚਿਹਰੇ ਉੱਤੇ ਦਿਖਦੀ ਖ਼ੁਸ਼ੀ ਨਕਲੀ ਜਾਪਦੀ ਹੈ; ਕਿਉਂਕਿ ਉਸਦਾ ਇੱਕ ਦੂਜੇ ਨਾਲ ਤਾਂ ਰਿਸ਼ਤਾ ਤਲਖੀਆਂ ਭਰਿਆ ਬਣ ਚੁੱਕਾ ਹੈਪ੍ਰਵਾਰਕ ਰਿਸ਼ਤੇ ਵੀ ਇੱਕ ਦੂਜੇ ਤੋਂ ਪ੍ਰਾਪਤ ਹੋਣ ਵਾਲੇ ਆਰਥਿਕ ਲਾਭਾਂ / ਹਾਨੀਆਂ ਉੱਤੇ ਹੀ ਨਿਰਭਰ ਹੋ ਜਾਣ ਸਦਕਾ ਲੋਕ ਇੱਕ ਦੂਜੇ ਨਾਲ ਮਿਲਕੇ ਪ੍ਰਵਾਰ ਵਾਂਗੂੰ ਰਹਿਣ ਦਾ, ਮਹਿਜ਼, ਢੋਂਗ ਹੀ ਰਚ ਰਹੇ ਹਨਜਸਬੀਰ ਕਾਲਰਵੀ ਦੀਆਂ ਗ਼ਜ਼ਲਾਂ ਹਰ ਖ਼ੂਬਸੂਰਤ ਘਰ ’, ‘ਮੈਂ ਹੀ ਇਕੱਲਾ ਹਾਂਅਤੇ ਉਹ ਬੜਾ ਮਕਬੂਲ ਹੈਦੇ ਸ਼ਿਅਰ ਇਹ ਤੱਥ ਬੜੀ ਖ਼ੂਬਸੂਰਤੀ ਨਾਲ ਪੇਸ਼ ਕਰਦੇ ਹਨ:

1.ਹਰ ਖ਼ੂਬਸੂਰਤ ਘਰ ਚ ਵੀ

ਖੰਡਰ ਹਮੇਸ਼ਾ ਨਾਲ ਹੈ

ਦਿਖਦਾ ਨਹੀਂ ਪਰ ਉਹ ਕਿਤੇ

ਅੰਦਰ ਹਮੇਸ਼ਾ ਨਾਲ ਹੈ

............

2.ਮੈਂ ਹੀ ਇਕੱਲਾ ਹਾਂ ਨਹੀਂ

ਸਾਰੇ ਇਕੱਲੇ ਲੋਗ ਨੇ

ਮਿਲਦੇ ਜਦੋਂ ਬਣਦੇ ਖ਼ੁਸ਼ੀ ਅੰਦਰ

ਕਿਤੇ ਜੋ ਸੋਗ ਨੇ

............

3.ਮੈਂ ਤਾਂ ਉਸਦੇ ਨਾਲ ਜੀਵਾਂ

ਨਾਲ ਮਰਨਾ ਦੋਸਤੋ

ਹੁਣ ਇਰਾਦੇ ਇਸ ਤਰ੍ਹਾਂ ਦੇ

ਠਾਣਦਾ ਕੋਈ ਨਹੀਂ

-----

ਪੂੰਜੀਵਾਦੀ ਸਭਿਆਚਾਰ ਵਿੱਚ ਮਨੁੱਖ ਡਾਲਰਾਂ ਪਿੱਛੇ ਅੰਨ੍ਹੇ ਘੋੜੇ ਵਾਂਗ ਦੌੜ ਰਿਹਾ ਖ਼ੁਦ ਵੀ ਇੱਕ ਵਸਤ ਬਣ ਚੁੱਕਾ ਹੈਉਸਦੇ ਰਿਸ਼ਤੇ-ਨਾਤੇ, ਪਿਆਰ-ਮੁਹੱਬਤ, ਦੁੱਖ-ਸੁੱਖ, ਭਾਵਨਾਵਾਂ-ਅਹਿਸਾਸ, ਸਭ ਕੁਝ ਹੀ ਪਦਾਰਥਕ ਰੂਪ ਧਾਰ ਚੁੱਕੇ ਹਨਹਰ ਰਿਸ਼ਤਾ ਬਰਫ਼ ਵਾਂਗ ਠੰਡਾ ਹੋ ਚੁੱਕਾ ਹੈ; ਭਾਵੇਂ ਕਿ ਉਨ੍ਹਾਂ ਦੇ ਚਿਹਰੇ ਇਸ ਤੋਂ ਉਲਟ ਪ੍ਰਭਾਵ ਦਿੰਦੇ ਪ੍ਰਤੀਤ ਹੁੰਦੇ ਹਨਜਸਬੀਰ ਕਾਲਰਵੀ ਨੂੰ ਆਪਣੇ ਆਸ ਪਾਸ ਵੀ ਕੁਝ ਅਜਿਹਾ ਹੀ ਵਾਪਰ ਰਿਹਾ ਜਾਪਦਾ ਹੈਪੇਸ਼ ਹਨ ਉਸਦੀ ਕਵਿਤਾ ਚਮਤਕਾਰੀ ਬਰਫ਼ਦੀਆਂ ਕੁਝ ਅਜਿਹਾ ਹੀ ਪ੍ਰਭਾਵ ਪੈਦਾ ਕਰ ਰਹੀਆਂ ਹੇਠ ਲਿਖੀਆਂ ਸਤਰਾਂ:

ਕੁਝ ਲੋਗ

ਬਰਫ਼ ਹੇਠਾਂ

ਦੱਬੇ ਹੋਏ ਡਾਲਰ

ਕੱਢ ਰਹੇ ਹਨ

ਕੁਝ ਡਾਲਰ

ਲੋਕਾਂ ਨੂੰ ਦੱਬ ਹੁੰਦਿਆਂ

ਦੇਖ ਰਹੇ ਹਨ

ਫਿਰ ਵੀ ਸਭ ਖ਼ੁਸ਼ ਹਨ

-----

ਗੁੰਬਦਕਾਵਿ ਸੰਗ੍ਰਹਿ ਵਿੱਚ ਜਸਬੀਰ ਕਾਲਰਵੀ ਔਰਤ ਦੀਆਂ ਸਮੱਸਿਆਵਾਂ ਬਾਰੇ ਵੀ ਚਰਚਾ ਛੇੜਦਾ ਹੈਉਹ ਔਰਤ ਨੂੰ ਆਪਣੇ ਹੱਕਾਂ ਲਈ ਜੱਦੋ-ਜਹਿਦ ਕਰਨ ਵਾਸਤੇ ਉਤਸ਼ਾਹ ਦਿੰਦਾ ਹੈਉਹ ਔਰਤ ਅੰਦਰ ਇਸ ਗੱਲ ਦਾ ਵੀ ਅਹਿਸਾਸ ਜਗਾਉਂਦਾ ਹੈ ਕਿ ਸਦੀਆਂ ਤੋਂ ਤੂੰ ਜੋ ਜ਼ੁਲਮ ਸਹਿੰਦੀ ਆ ਰਹੀ ਹੈਂ ਉਨ੍ਹਾਂ ਗੱਲਾਂ ਨੂੰ ਆਪਣੇ ਆਪ ਤੱਕ ਸੀਮਿਤ ਕਰਕੇ ਰੱਖਣ ਦੀ ਲੋੜ ਨਹੀਂਬਲਕਿ ਇਨ੍ਹਾਂ ਜ਼ਖ਼ਮਾਂ ਦਾ ਦਿਖਾਵਾ ਕਰ; ਤਾਂ ਕਿ ਸਾਡੇ ਸਮਾਜ ਦੇ ਰਾਹਨੁਮਾਵਾਂ ਨੂੰ ਕੁਝ ਸ਼ਰਮਿੰਦਗੀ ਆਵੇਹੁਣ ਤੈਨੂੰ ਇਹ ਜ਼ੁਲਮ ਇਕੱਲਿਆਂ ਸਹਿਣ ਦੀ ਲੋੜ ਨਹੀਂਇਸ ਸਥਿਤੀ ਵਿੱਚ ਤੂੰ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਕਰਕੇ ਦੁਖੀ ਨਾ ਹੋਹਜ਼ਾਰਾਂ, ਲੱਖਾਂ ਲੋਕ ਤੇਰੀ ਆਵਾਜ਼ ਵਿੱਚ ਆਪਣੀ ਆਵਾਜ਼ ਮਿਲਾ ਕੇ ਤੇਰੇ ਨਾਲ ਤੁਰਨ ਲਈ ਤਿਆਰ ਹਨਜਸਬੀਰ ਕਾਲਰਵੀ ਆਪਣੀ ਗ਼ਜ਼ਲ ਚੁੱਕ ਦੇ ਤੂੰ ਜ਼ਖ਼ਮਾਂ ਤੋਂ ਪਰਤਾਂਦੇ ਇਨ੍ਹਾਂ ਸ਼ਿਅਰਾਂ ਵਿੱਚ ਅਜਿਹੀ ਜ਼ਿੰਮੇਵਾਰੀ ਦਾ ਅਹਿਸਾਸ ਬੜੇ ਜੁਰੱਅਤ ਭਰੇ ਅੰਦਾਜ਼ ਨਾਲ ਪ੍ਰਗਟ ਕਰਦਾ ਹੈ:

1.ਚੱਕ ਦੇ ਤੂੰ ਜ਼ਖ਼ਮਾਂ ਤੋਂ ਪਰਤਾਂ

ਸਹਿ ਨਾ ਏਨਾ ਭਾਰ ਕੁੜੇ

ਮਨ ਦੇ ਤਨਹਾ ਪੰਛੀ ਨੂੰ ਤੂੰ

ਇਸ ਮੌਤੇ ਨਾ ਮਾਰ ਕੁੜੇ

..............

2.ਕਾਹਨੂੰ ਕੱਢਦੀ ਫੁੱਲ ਗੁਲਾਬੀ

ਆਖਿਰ ਕੰਡੇ ਚੁੱਭਣੇ ਨੇ

ਦੁੱਖਾਂ ਦੀ ਇਸ ਚਾਦਰ ਉੱਤੇ

ਹੋਰ ਨਾ ਤੋਪੇ ਮਾਰ ਕੁੜੇ

-----

ਜਸਬੀਰ ਕਾਲਰਵੀ ਕੈਨੇਡਾ ਦਾ ਇੱਕ ਚੇਤੰਨ, ਜਾਗਰੂਕ ਅਤੇ ਚਿੰਤਕ ਲੇਖਕ ਹੈਉਸਦਾ ਕਾਵਿ ਸੰਗ੍ਰਹਿ ਗੁੰਬਦਮੈਨੂੰ ਕਾਫੀ ਦਿਲਚਸਪ ਲੱਗਾ ਹੈਇਸ ਪੁਸਤਕ ਬਾਰੇ ਆਪਣਾ ਚਰਚਾ ਖ਼ਤਮ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਹੋਰ ਜ਼ਰੂਰ ਕਹਿਣੀ ਚਾਹੁੰਦਾ ਹਾਂਜਸਬੀਰ ਕਾਲਰਵੀ ਵੱਲੋਂ ਇਸ ਕਾਵਿ ਸੰਗ੍ਰਹਿ ਵਿੱਚ ਥਾਂ ਥਾਂ ਕੀਤੀ ਗਈ ਉਰਦੂ ਸ਼ਬਦਾਂ ਦੀ ਵਰਤੋਂ ਨਾ ਸਿਰਫ ਓਪਰੀ ਓਪਰੀ ਹੀ ਜਾਪਦੀ ਹੈ; ਬਲਕਿ, ਉਹ ਬੇਲੋੜੀ ਵੀ ਜਾਪਦੀ ਹੈਉਹ ਸ਼ਬਦ ਉਸ ਦੀ ਸ਼ਾਇਰੀ ਨੂੰ ਹੋਰ ਵਧੇਰੇ ਰੌਚਿਕ ਬਣਾਉਣ ਦੀ ਥਾਂ, ਰੌਚਿਕਤਾ ਦੇ ਰਾਹ ਵਿੱਚ ਰੋੜਾ ਹੀ ਬਣਦੇ ਹਨਜਸਬੀਰ ਕਾਲਰਵੀ ਉਰਦੂ ਸ਼ਬਦਾਂ ਲਈ ਅਜਿਹਾ ਬੇਲੋੜਾ ਮੋਹ ਤਿਆਗ ਦੇਵੇ ਤਾਂ ਉਸਦੀ ਸ਼ਾਇਰੀ ਹੋਰ ਵਧੇਰੇ ਅਰਥਭਰਪੂਰ ਅਤੇ ਰੌਚਿਕ ਬਣ ਸਕਦੀ ਹੈਜਸਬੀਰ ਕਾਲਰਵੀ ਦੀ ਗ਼ਜ਼ਲ ਪੱਥਰ ਹਾਂ ਸਦੀਆਂ ਤੋਂਦੇ ਇਸ ਖ਼ੂਬਸੂਰਤ ਸ਼ਿਅਰ ਨਾਲ ਹੀ ਇਸ ਕਾਵਿ ਸੰਗ੍ਰਹਿ ਬਾਰੇ ਮੈਂ ਆਪਣੀ ਚਰਚਾ ਖ਼ਤਮ ਕਰਨਾ ਚਾਹਾਂਗਾ:

ਪੱਥਰ ਹਾਂ ਸਦੀਆਂ ਤੋਂ ਮਗਰ ਹੁਣ ਬੋਲਣਾ ਚਾਹੁੰਦਾ ਹਾਂ ਮੈਂ।

ਆਪਣੇ ਦਰੋ-ਦੀਵਾਰ ਸਾਰੇ ਖੋਲ੍ਹਣਾ ਚਾਹੁੰਦਾ ਹਾਂ ਮੈਂ।

**********