ਲੇਖਕ: ਕੇਹਰ ਸ਼ਰੀਫ਼ (ਜਰਮਨੀ)
ਸਰਵਰਕ: ਦੇਵ
ਪ੍ਰਕਾਸ਼ਨ ਵਰ੍ਹਾ: 2008
ਕੁੱਲ ਸਫ਼ੇ - 239
ਪ੍ਰਕਾਸ਼ਨ: ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ: ਸਜਿਲਦ – 300 ਰੁਪਏ
ਮੁੱਖ-ਬੰਦ: ਕੇਹਰ ਸ਼ਰੀਫ਼ (ਜਰਮਨੀ)
********
ਮੇਰੀ ਸਿਰਜਣਾ ਦੇ ਪਲਾਂ ਦਾ ਪਿਛੋਕੜ - ਕੇਹਰ ਸ਼ਰੀਫ਼
( ਮੁੱਖ-ਬੰਦ)
ਕਿਸੇ ਵੀ ਖ਼ਿਆਲ ਦੀ ਸਿਰਜਣਾ/ਉਤਪਤੀ ਆਮ ਕਰਕੇ ਅਚੇਤ ਮਨ ਦੀ ਬੁਨਿਆਦ ਉੱਤੇ ਹੀ ਉਸਰਦੀ ਹੈ ਅਤੇ ਸਮੇਂ ਦੇ ਨਾਲ਼ ਨਾਲ਼ ਤੁਰਦਿਆਂ ਸੁਚੇਤ ਹੋਣ ਤੱਕ ਦਾ ਸਫ਼ਰ ਤੈਅ ਕਰਦੀ ਹੈ। ਕੋਈ ਸੁਪਨਾ/ਸੋਚ ਯਥਾਰਥਕ ਰੂਪ ਵਟਾਉਂਣ ਲਈ ਰਵਾਨਗੀ ਦੇ ਰਾਹੇ ਪੈ ਅੱਗੇ ਵਧਦਿਆਂ ਕਦਮਾਂ ਨੂੰ ਮੰਜ਼ਿਲ ਵੱਲ ਤੁਰਨ ਵਾਸਤੇ ਪ੍ਰੇਰਤ ਕਰਦਾ ਹੈ। ਇੱਥੋਂ ਹੀ ਇਨ੍ਹਾਂ ਰਾਹਾਂ ‘ਤੇ ਗੁਜ਼ਰਦਿਆਂ ਜ਼ਿੰਦਗੀ ਨਾਲ਼ ਜੁੜਦੀਆਂ ਤੰਦਾਂ ਉਲ਼ਝਣਾਂ ਦੇ ਬਾਵਜੂਦ ਸੁਲ਼ਝਣਾਂ ਸਿੱਖਦੀਆਂ ਹਨ। ਸੋਚ, ਸੂਝ ਤੇ ਵਿਚਾਰ ਆਪਣੀ ਧਰਾਤਲ ਤੇ ਵਿਚਰਦਿਆਂ ਜੜ੍ਹਾਂ ਫੜਨ ਲੱਗਦੇ ਹਨ, ਫੇਰ ਇਹੋ ਜੜ੍ਹਾਂ ਨਵੀਆਂ ਤੰਦਾਂ ਬਣਕੇ ਮੌਲਣ ਤੋ ਬਾਅਦ ਵਧਣ-ਫੁਲਣ ਲੱਗਦੀਆਂ ਹਨ। ਸੋਚ ਨੂੰ ਤਰਕ ਟੁੰਬਣ ਲੱਗਦਾ ਹੈ। ਦੁਨਿਆਵੀ ਗਿਆਨ ਦੀ ਸੋਝੀ ਹੋਣ ਤੇ ਪਸਰਨ ਲੱਗਦੀ ਹੈ। ਅੰਦਰਲੀ ਸੋਚ ਦਲੀਲ ਦਾ ਪੱਲਾ ਫੜਦੀ ਹੈ ਤਾਂ ਬੌਧਿਕਤਾ ਦੇ ਵਿਹੜੇ ਪੈਰ ਧਰਨ ਵਰਗਾ ਅਹਿਸਾਸ ਜਨਮ ਲੈਂਦਾ ਹੈ। ਹੋਂਦ ਦਾ ਹੋਣਾ ਤੇ ਸੁਚੇਤ ਹੋ ਕੇ ਮਹਿਸੂਸਿਆ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ। ਹੋਂਦ ਮਨੁੱਖੀ ਹੋਵੇ ਜਾਂ ਪਦਾਰਥਕ ਇਹਨੂੰ ਸਵੀਕਾਰਨ ਤੇ ਸਾਕਾਰਨ ਦੀ ਕਾਰਜ ਵਿਧੀ ਜ਼ਿੰਦਗੀ ਪ੍ਰਤੀ ਮੋਹ ਪੈਦਾ ਕਰਨ ਅਤੇ ਉਸਦੇ ਪਸਾਰ ਵਿਚ ਸਹਾਈ ਹੋਣ ਵਾਲ਼ੀ ਹੋਣੀ ਚਾਹੀਦੀ ਹੈ। ਇਸ ਨਾਲ਼ ਆਪਣੇ ਪ੍ਰਤੀ ਭਰੋਸੇ ਯੋਗਤਾ ਵਧਦੀ ਹੈ। ਨਿਰੇ ਖ਼ਿਆਲੀ ਪਲਾਉ ਤਾਂ ਮਨੁੱਖ ਦੀ ਸੋਚ ਦੁਆਲੇ ਭਰਮ ਦਾ ਧੁੰਦ ਜਾਲ਼ ਬਣਕੇ ਖੁਦ ਮਨੁੱਖ ਨੂੰ ਹੀ ਭੰਬਲ਼ਭੂਸਾ ਬਣਾ ਛਡਦੇ ਹਨ। ਜਿਸ ਕਰਕੇ ਮਨੁੱਖ ਕਈ ਵਾਰ ਆਪਣੀ ਸੂਝ ਸਿਆਣਪ ਨੂੰ ਵੀ ਊਣਾ ਕਰਕੇ ਆਂਕਦਾ ਹੈ। ਸਿੱਟੇ ਵਜੋ ਉਹ ਛੰਨੇ ਦੇ ਪਾਣੀ ਵਾਂਗ ਡੋਲ੍ਹਦਾ ਹੈ। ਇਸ ਤਰ੍ਹਾਂ ਸੋਚਣ/ਕਰਨ ਨਾਲ਼ ਉਸਦੇ ਅੰਦਰਲੇ ਸਵੈ-ਵਿਸ਼ਵਾਸੀ ਤੱਤ ਖੁਰਨ-ਭੁਰਨ ਦੇ ਰਾਹੇ ਪੈ ਸਕਦੇ ਹਨ। ਜਦੋਂ ਕਿ ਸੁਚੇਤ ਹੋ ਕੇ ਭਵਿੱਖ ਮੁਖੀ, ਭਰਪੂਰ ਜ਼ਿੰਦਗੀ ਜੀਊਣ ਵਾਸਤੇ ਮਨੁੱਖ ਅੰਦਰ ਸਵੈ-ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ, ਸਗੋ ਇਸਨੂੰ ਚੰਗੀ ਜ਼ਿੰਦਗੀ ਜੀਉਣ ਦੇ ਢੰਗ ਦਾ ਬੁਨਿਆਦੀ ਤੱਤ ਗਿਣਿਆ ਜਾਣਾ ਚਾਹੀਦਾ ਹੈ।
-----
ਸੂਝ ਸਮਝ ਕਿਵੇਂ ਪਣਪਦੀ ਹੈ। ਇਸਦੇ ਸ੍ਰੋਤ ਕੋਈ ਪੈਦਾ ਨਹੀਂ ਕਰਦਾ ਇਹ ਤਾਂ ਸਮਾਜਕ, ਆਰਥਕ ਸਥਿਤੀਆਂ ਅਤੇ ਕੁਦਰਤੀ ਵਰਤਾਰੇ ਹੀ ਹਨ ਜੋ ਮਨੁੱਖ ਨੂੰ ਪ੍ਰਭਾਵਿਤ ਕਰਦੇ ਹਨ। ਬਸ! ਮਨੁੱਖ ਕੋਲ ਹੋਣੀਆਂ ਚਾਹੀਦੀਆਂ ਹਨ ਖੁੱਲ੍ਹੀਆਂ ਤੇ ਪਾਰਖੂ ਅੱਖਾਂ, ਤਰਕ ਪੂਰਨ, ਦਲੀਲ ਭਰਪੂਰ ਤੇ ਵਿਗਿਆਨਕ ਸੋਚ ਜੋ ਇਨ੍ਹਾਂ ਵਰਤਾਰਿਆਂ ਨੂੰ ਨੀਝ ਨਾਲ਼ ਤੱਕਣ ਤੇ ਪਰਖਣ ਦੀ ਆਸ ਭਰਪੂਰ ਰੀਝ ਅਤੇ ਸੂਝ ਰੱਖਦੀਆਂ ਹੋਣ।
ਬਾਲ-ਵਰੇਸ ਤੋਂ ਦੂਰ ਹੁੰਦਿਆਂ ਵੀ ਚੇਤਿਆਂ ਦੀ ਸਲੇਟ ਤੇ ਉੱਕਰੀਆਂ ਘਟਨਾਵਾਂ ਨਹੀਂ ਮਿਟਦੀਆਂ, ਸਗੋਂ ਇਹ ਹੀ ਘਟਨਾਵਾਂ ਕਿਸੇ ਹੋਰ ਰੰਗ, ਕਿਸੇ ਹੋਰ ਰੂਪ ਵਿਚ ਪ੍ਰਗਟ ਹੋ ਜਾਂਦੀਆਂ ਹਨ। ਇਥੇ ਇਹ ਫੇਰ ਮਨੁੱਖ ਤੇ ਹੀ ਨਿਰਭਰ ਕਰਦਾ ਹੈ ਕਿ ਉਸਦੀ ਰੁਚੀ ਕਿੱਧਰ ਹੈ। ਜਿਸ ਕਿਸੇ ਪਾਸੇ ਵੀ ਝੁਕਾਅ ਵਧ ਜਾਵੇ ਤਾਂ ਫੇਰ ਮਨੁੱਖ ਉਥੋਂ ਹੀ ਲੀਹ ਫੜਨ ਦੀ ਸੋਚਦਾ ਹੈ। ਕੋਈ ਮੌਕੇ ਸਿਰ ਲੀਹ ਫੜ ਲੈਂਦਾ ਹੈ ਬਹੁਤ ਸਾਰੇ ਖੁੰਝ ਵੀ ਜਾਂਦੇ ਹਨ। ਖੁੰਝ ਗਈ ਤਾਂ ਗੱਡੀ ਫੜਨੀ ਔਖੀ ਹੋ ਜਾਂਦੀ ਹੈ-ਵਕਤ ਤਾਂ ਕਿੱਥੋਂ ਹੱਥ ਆਉਣਾ ਹੋਇਆ।
-----
ਵਰਤਮਾਨ ਦੇ ਵਿਹੜੇ ਬੈਠ ਜਦੋਂ ਬੀਤੇ ਕੱਲ੍ਹ ਵਲ ਨਿਗਾਹ ਜਾਂਦੀ ਹੈ ਤਾਂ ਬਾਲ-ਵਰੇਸ ਦੇ ਪੰਜ ਦਹਾਕੇ ਤੋਂ ਵੀ ਵੱਧ ਪੁਰਾਣੇ ਚੇਤਿਆਂ ਵਿਚ ਅਟਕੇ ਬਚਪਨ ਦੇ ਉਹ ਪਲ ਚੇਤੇ ਆਉਂਦੇ ਹਨ ਜਦੋਂ ਛੋਟੇ ਹੁੰਦਿਆਂ ਮਾਂ ਨਾਲ਼ ਕਿਸੇ ਰਿਸ਼ਤੇਦਾਰ ਦੇ ਵਿਆਹ ਤੇ ਜਾਣਾ ਸੀ। ਜਿੱਥੇ ਜਾਣਾ ਸੀ ਉਹ ਪਿੰਡ ਭਾਵੇਂ ਬਹੁਤ ਦੂਰ ਨਹੀਂ ਸੀ, ਪਰ ਅੱਜ ਵਾਂਗ ਨੇੜੇ ਵੀ ਨਹੀਂ ਸੀ ਕਿਉਂਕਿ ਪੈਰੀਂ ਤੁਰਕੇ ਹੀ ਜਾਣਾ ਪੈਣਾ ਸੀ। ਮੌਸਮ ਬਰਸਾਤ ਦੇ ਸ਼ੁਰੂ ਦੇ ਦਿਨ ਸਨ। ਘਰੋਂ ਤੁਰ ਕੇ ਅਜੇ ਥੋੜ੍ਹੀ ਹੀ ਦੂਰ ਗਏ ਸੀ ਕਿ ਮੱਠੀ-ਮੱਠੀ ਬਾਰਸ਼ ਸ਼ੁਰੂ ਹੋ ਗਈ ਅਤੇ ਫੇਰ ਪਲੋ-ਪਲ ਤੇਜ਼ ਹੁੰਦੀ ਗਈ। ਘਰੋਂ ਫਾਟਾਂ ਵਾਲ਼ਾ ਪਜਾਮਾ ਤੇ ਡੱਬੀਆਂ ਵਾਲ਼ਾ ਕਮੀਜ਼ ਪਾ ਕੇ ਤੁਰਿਆ ਸਾਂ। ਗ਼ਰੀਬ ਘਰਾਂ ਦੇ ਬੱਚਿਆਂ ਵਾਸਤੇ ਉਦੋਂ ਨਵੇਂ ਕੱਪੜੇ ਵੀ ਕਿਸੇ ਵਿਆਹ-ਸ਼ਾਦੀ ਦੇ ਮੌਕੇ ਜਾਂ ਵਾਂਢੇ ਜਾਣ ਦੇ ਸਬੱਬ ਨਾਲ਼ ਹੀ ਮਿਲ਼ਦੇ/ਬਣਦੇ ਸਨ। ਬਰਸਾਤ ਦੀਆਂ ਪਹਿਲੀਆਂ ਬਾਰਸ਼ਾਂ ਵੀ ਬੱਚਿਆਂ ਵਾਸਤੇ ਵੱਡੇ ਅਨੰਦ ਦਾ ਸਾਧਨ ਹੁੰਦੀਆਂ ਸਨ। ਗਰਮੀ ਕਾਰਨ ਪਿੰਡੇ ਉੱਗ ਆਈ ਪਿੱਤ ਮਾਰਨ ਦਾ ਸਭ ਤੋਂ ਵਧੀਆ ਤਰੀਕਾ। ਕੱਛੇ ਤੋਂ ਬਿਨ੍ਹਾਂ ਸਾਰੇ ਕੱਪੜੇ ਖੋਲ੍ਹ ਕੇ ਬਾਰਸ਼ ਵਿਚ ਘੁੰਮਣਾ ਹੀ ਹੁੰਦਾ ਸੀ। ਮਾਪੇ ਵੀ ਬਹੁਤਾ ਨਹੀਂ ਸਨ ਟੋਕਦੇ ਕਿ ਬਾਰਸ਼ ਵਿਚ ਕੀ ਕਰਦੈਂ? ਸਭ ਨੂੰ ਪਤਾ ਹੀ ਹੁੰਦਾ ਸੀ ਕਿ ਪਿੱਤ ਦਾ ਇਲਾਜ ਹੋ ਰਿਹਾ ਹੈ। ਬਾਹਰ ਬਾਰਸ਼ ਹੁੰਦੀ ਹੋਵੇ ਤਾਂ ਹੁਣ ਵੀ ਅੱਖਾਂ ਬੰਦ ਕਰਕੇ ਚੇਤਿਆਂ ਦੇ ਵਿਹੜੇ ਰਾਹੀਂ ਬੀਤੇ ਸਮੇਂ ਨੂੰ ਯਾਦ ਕਰਦਾ ਹਾਂ ਤਾਂ ਆਪਣਾ ਆਪ ਨਸ਼ਿਆਇਆ ਜਾਂਦਾ ਹੈ। ਲੰਘ ਚੁੱਕੇ ਉਹ ਨਸ਼ਿਆਏ ਪਲ ਮੇਰੀ ਜ਼ਿੰਦਗੀ ਦਾ ਸਰਮਾਇਆ ਹਨ ਜੋ ਉਮਰ ਭਰ ਕਿਸੇ ਨਾ ਕਿਸੇ ਰੂਪ ਵਿਚ ਮੇਰੇ ਨਾਲ਼ ਹੀ ਰਹਿਣਗੇ।
-----
ਉਦੋਂ ਸਾਡਿਆਂ ਪਿੰਡਾਂ ਦੇ ਸਾਰੇ ਰਾਹ ਅਤੇ ਸੜਕਾਂ ਕੱਚੀਆਂ ਹੁੰਦੀਆਂ ਸਨ। ਚੀਕਣੀ ਮਿੱਟੀ ਹੋਣ ਕਰਕੇ ਬਾਰਸ਼ ਸਮੇਂ ਸਾਡਿਆਂ ਪਿੰਡਾਂ ਦਾ ਚਿੱਕੜ ਬੜਾ ਮਸ਼ਹੂਰ ਸੀ, ਸੜਕਾਂ ਪੱਕੀਆਂ ਹੋ ਜਾਣ ਦੇ ਬਾਵਜੂਦ ਅਜੇ ਵੀ ਹੈ। (ਸਾਡੀ ਮਿੱਟੀ ਦਾ ਸੱਚ ਅਜੇ ਵੀ ਇੱਕ ਕਹਾਵਤ ਦੇ ਰੂਪ ਵਿਚ ਮਸ਼ਹੂਰ ਹੈ ਕਿ ‘ਸੁੱਕੀ ਲੋਹਾ ਤੇ ਗਿੱਲੀ ਗੋਹਾ’) ਮਾਂ ਆਪਣੀਆਂ ਸੋਚਾਂ ਵਿਚ ਅੱਗੇ ਅੱਗੇ ਤੁਰੀ ਗਈ ਅਤੇ ਮੈਂ ਆਪਣੀ ਨਿਆਣਬੁੱਧ ਵਾਲ਼ੀ ਬਿਰਤੀ ਨਾਲ਼ ਪਿੱਛੇ ਪਿੱਛੇ। ਥੋੜ੍ਹੀ ਦੂਰ ਜਾਣ ਤੋ ਬਾਅਦ ਜਦੋਂ ਮਾਂ ਨੇ ਪਿੱਛੇ ਮੁੜਕੇ ਦੇਖਿਆ ਤਾਂ ਮੇਰੇ ਕੱਪੜੇ ਚਿੱਕੜ ਨਾਲ਼ ਲਿੱਬੜੇ ਹੋਏ ਸਨ। ਤੁਰਦਿਆਂ ਹੋਇਆਂ ਪਜਾਮਾ ਖਿੱਚ ਧੂਹ ਕੇ ਮੈ ਆਪ ਹੀ ਗੋਡਿਆਂ ਤੱਕ ਟੰਗ ਲਿਆ ਸੀ। ਮੌਜੇ ਚਿੱਕੜ ਨਾਲ਼ ਭਰੇ ਪਏ ਸਨ, ਤੁਰਨ ਵੇਲ਼ੇ ਔਖਿਆਂ ਕਰ ਰਹੇ ਸਨ। ਮਾਂ ਨੂੰ ਇਹ ਕੁਝ ਦੇਖਕੇ ਗੁੱਸਾ ਆਇਆ, ਉਨ੍ਹੇ ਇਹ ਕੁਝ ਦੇਖਕੇ ਮਾਵਾਂ ਵਾਲੀ ਝਿੜਕ ਨਾਲ਼ ਹੀ ਆਖਿਆ ਸੀ ਪੁੱਤ ਇਉਂ ਨਹੀਂ-‘ਅੱਖਾਂ ਖੋਲ੍ਹ ਕੇ ਤੁਰੀਦਾ ਹੁੰਦਾ।’ ਉਹਦੇ ਵਾਸਤੇ ਕੱਪੜਿਆਂ ਦਾ ਲਿੱਬੜਨਾ ਦੁਖਦਾਈ ਸੀ, ਇਸ ਕਰਕੇ ਉਹ ਗੁੱਸੇ ਸੀ। ਪਰ ਇਹ ਅੱਖਾਂ ਖੋਲ੍ਹ ਕੇ ਤੁਰਨ ਵਾਲ਼ੇ ਸ਼ਬਦ ਉਨ੍ਹੇ ਸਹਿਜ ਨਾਲ਼ ਹੀ ਕਹੇ ਸਨ।
-----
ਬਹੁਤ ਦੇਰ ਬਾਅਦ ਜਦੋਂ ਅਚੇਤ ਹੀ ਮਾਂ ਵਲੋਂ ਕਿਹਾ ‘ਅੱਖਾਂ ਖੋਲ੍ਹ ਕੇ ਤੁਰਨ’ ਦਾ ਇਹ ਸਬਕ ਚੇਤੇ ਆਇਆ ਤਾਂ ਇਹ ਸੁਚੇਤ ਰੂਪ ਧਾਰ ਕੇ ਆਇਆ ਅਤੇ ਜ਼ਿੰਦਗੀ ਦੇ ਫਲਸਫੇ ਦਾ ਮੂਲ਼ ਬਣ ਗਿਆ। ਇਹ ਚੇਤਨਾ ਦਾ ਸਰੂਪ ਧਾਰ ਗਿਆ। ਹਰ ਵੇਲੇ ਮਨ ਮਸਤਕ ਵਿਚ ਵਿਚਰਦਾ ਖ਼ਿਆਲਾਂ, ਵਿਚਾਰਾਂ ਤੇ ਵਿਚਾਰਧਾਰਾਵਾਂ ਦੀ ਪਰਖ ਕਰਨ ਵਾਲ਼ੀ ਚੂਲ਼ ਬਣ ਗਿਆ। ਹੁਣ ਜਦੋਂ ਵੀ ਕਦੇ ਕਿਸੇ ਗੱਲ/ਵਿਚਾਰ ਨੂੰ ਪਕੜਣ ਜਾਂ ਪਰਖਣ ਲਗਦਾ ਹਾਂ ਤਾਂ ਕਈ ਦਹਾਕੇ ਪਹਿਲਾਂ ਇਹ ਜਹਾਨ ਛੱਡ ਚੁੱਕੀ ਮਾਂ ਕੰਨ ਕੋਲ਼ ਹੋ ਕੇ ਕਹਿੰਦੀ ਹੈ ‘ਪੁੱਤ ਅੱਖਾਂ ਖੋਲ੍ਹ ਕੇ ਤੁਰੀਦਾ ਹੁੰਦਾ’। ਅਜਿਹਾ ਫਲਸਫਾ ਪੱਲੇ ਬੰਨ ਲੈਣ ਤੋਂ ਬਾਅਦ ਭਲਾਂ ਕੌਣ ਹੈ ਜੋ ਅੱਖਾਂ ਬੰਦ ਕਰ ਸਕਦਾ ਹੋਵੇ? ਕਈ ਕਹਿੰਦੇ ਹਨ ਕਿ ਜੇ ਅੱਖਾਂ ਲੱਗੀਆਂ ਹੋਣ ਤਾਂ ਅੱਖਾਂ ਬੰਦ ਨਹੀਂ ਹੁੰਦੀਆਂ ਪਰ ਇਹ ਤਾਂ ਬਹੁਤ ਹੀ ਛੋਟੇ ਪੱਧਰ ਦਾ ਵਿਚਾਰ ਹੈ। ਸੱਚ ਤਾਂ ਇਹ ਹੈ ਕਿ ਜਿਨ੍ਹਾਂ ਦੀਆਂ ਮਾਵਾਂ ਜਾਂ ਵਡੇਰੇ ਕੰਨ ਕੋਲ਼ ਵਸਦੇ ਹੋਣ ਉਹ ਅੱਖਾਂ ਬੰਦ ਕਰ ਹੀ ਨਹੀਂ ਸਕਦੇ। ਕੌਣ ਹੈ ਜੋ ਵਡੇਰਿਆਂ ਵਲੋਂ ਮਿਲ਼ੇ ਅਜਿਹੇ ਅਮੁੱਲ ਵਿਚਾਰਾਂ ਨੂੰ ਭੁੱਲਣ ਜਾਂ ਟਾਲਣ ਦਾ ਹੀਆ ਜਾਂ ਅਵੱਗਿਆ ਕਰ ਸਕੇ?
-----
ਉਮਰ ਦੇ ਵਧਣ ਨਾਲ਼ ਸੋਚ ਢੰਗ ਬਦਲਦਾ ਵੀ ਹੈ ਅਤੇ ਵਿਸ਼ਾਲ ਵੀ ਹੁੰਦਾ ਹੈ। ਜਦੋਂ ਸ਼ਬਦਾਂ ਨਾਲ਼ ਵਾਹ ਪਿਆ ਤਾਂ ਸ਼ਬਦ ਬਹੁਤ ਕੁਝ ਲੱਗਣ ਲੱਗੇ। ਇਹ ਸੰਸਾਰ ਦੇ ਭਰੱਮਣ ਵੱਲ ਖੁੱਲ੍ਹਦੀ ਉਹ ਬਾਰੀ ਹੈ ਜੀਹਦੇ ਰਾਹੀਂ ਬਹੁਤ ਕੁਝ ਦੇਖਿਆ ਜਾ ਸਕਦਾ ਹੈ। ਸ਼ਬਦ ਸੋਚ ਨੂੰ ਟੁੰਬਣ/ਪ੍ਰਭਾਵਿਤ ਕਰਨ ਦਾ ਸਭ ਤੋ ਵੱਧ ਕਾਰਗਰ ਤਰੀਕਾ ਹਨ।
ਘਰ ਜਾਂ ਕਮਰਾ ਉਹ ਸ਼ਬਦ ਹਨ ਜੋ ਸਾਨੂੰ ਪਨਾਹ ਵੀ ਅਤੇ ਸਕੂਨ ਵੀ ਦਿੰਦੇ ਹਨ। ਜਿਹਨਾਂ ਘਰਾਂ ਵਿਚ ਪੁਸਤਕਾਂ ਦਾ ਵਾਸ ਹੁੰਦਾ ਹੈ ਉਥੇ ਚੁੱਪ ਵਿਚੋਂ ਬੋਲਦੀ ਹਲਚਲ ਹੁੰਦੀ ਹੈ। ਇਹੋ ਹਰਕਤ ਤੁਰਦੇ ਪਲਾਂ ਛਿਣਾਂ ਨੂੰ ਫੜਨ ਅਤੇ ਉਹਨਾਂ ਵਿਚ ਜਾਨ ਪਾੳਣ ਦਾ ਸਬੱਬ ਬਣਦੀ ਹੈ। ਫੇਰ ਜ਼ਿੰਦਗੀ ਕਿਸੇ ਚੰਗੇ ਮਕਸਦ ਖਾਤਰ ਜੀਊਣ ਵੱਲ ਕਦਮਾਂ ਦਾ ਰੁਖ ਕਰਦੀ ਹੈ। ਦਸ਼ਾ ਨੂੰ ਦੇਖ, ਪਰਖ ਕੇ ਦਿਸ਼ਾ ਨੂੰ ਫੜਨ ਦਾ ਯਤਨ ਕੀਤਾ ਜਾਂਦਾ ਹੈ।
-----
ਦੁਨੀਆਂਦਾਰੀ ਦੀ ਖਬਰਸਾਰ ਕਿਤਾਬਾਂ ਰਾਹੀਂ/ਸ਼ਬਦਾਂ ਰਾਹੀਂ ਕਮਰੇ ਵਿਚ ਇਕੱਠੀ ਹੁੰਦੀ ਰਹਿੰਦੀ ਹੈ, ਕਮਰਾ ਸਮਾਧੀ ਦਾ ਰੂਪ ਧਾਰਦਾ ਹੈ। ਇਸ ਸਮਾਧੀ ਦੇ ਆਸਰੇ ਇਹ ਸੁੰਨ ਅਤੇ ਚੁੱਪ ਚਾਪ ਪਈਆਂ ਪੁਸਤਕਾਂ ਖੁੱਲ੍ਹਦੀਆਂ ਅਤੇ ਬੋਲਣ ਲੱਗਦੀਆਂ ਹਨ ਤਾਂ ਮਨ ਮਸਤਕ ਅੰਦਰਲਾ ਜਵਾਰਭਾਟਾ ਖੌਲ਼ਦਾ ਹੈ। ਸੰਵੇਦਨਸ਼ੀਲ ਮਨੁੱਖ ਦੇ ਅੰਦਰਲਾ ਸ਼ਾਬਦਿਕ ਰੂਪ ਬਾਹਰ ਆਉਂਦਾ ਹੈ। ਸਿਆਣੇ ਮਨੁੱਖ ਵਾਸਤੇ ਸ਼ਬਦ ਤੋਂ ਵੱਡੀ ਹੋਰ ਕੋਈ ਦਾਤ ਨਹੀਂ ਹੁੰਦੀ। ਦੁਨੀਆਂ ਦੇ ਹਰ ਮਹਾਂਪੁਰਸ਼ ਨੇ ਆਪਣੇ ਚੇਲਿਆਂ/ਅਨੁਯਾਈਆਂ ਨੂੰ ਸ਼ਬਦ ਦੀ ਦਾਤ ਦੇ ਹੀ ਲੜ ਲਾਇਆ ਹੈ। ਇਹ ਖੇਤਰ ਧਾਰਮਿਕ ਹੋਵੇ ਸਮਾਜਿਕ ਜਾਂ ਸਿਆਸੀ। ਹਰ ਫਲਸਫਾ ਸ਼ਬਦਾਂ ਨਾਲ ਹੀ ਦੁਨੀਆਂ ਵਿਚ ਫੈਲਿਆ।
ਇਨ੍ਹਾਂ ਪੁਸਤਕਾਂ ਦਾ ਹੀ ਕਰਮ ਹੈ ਕਿ ਮਨੁੱਖ ਨੂੰ ਅਸਹਿਣਸ਼ੀਲ ਤੋਂ ਸਹਿਣਸ਼ੀਲ ਬਨਾਉਣ ਵਿਚ ਆਪਣਾ ਉਸਾਰੂ ਹਿੱਸਾ ਪਾਉਂਦੀਆਂ ਹਨ। ਜਿਨ੍ਹਾਂ ਨੂੰ ਸ਼ਬਦ ਦੀ ਸਾਰ ਹੋ ਜਾਵੇ ਫੇਰ ਉਹ ਸੰਸਾਰ ਵਿਚ ਵਿਚਰਨ ਵਾਸਤੇ ਸ਼ਬਦ ਦਾ ਹੀ ਸਹਾਰਾ ਲੈਂਦੇ ਹਨ। ਮਨੁੱਖੀ ਜ਼ਿੰਦਗੀ ਵਿਚ ਸ਼ਬਦ ਤੋਂ ਵੱਡੀ ਮਹੱਤਤਾ ਹੋਰ ਕਿਸੇ ਵੀ ਚੀਜ਼ ਦੀ ਨਹੀਂ ਹੁੰਦੀ।
------
ਸਿਰਜਣਾਤਮਕ ਪਲ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਸਮਾਧੀ ਵਰਗੀ ਚੁੱਪ ਲੋੜੀਦੀ ਹੈ ਪਰ ਇਹ ਪਲ ਉਜਾੜ ਨਹੀਂ, ਇਕਾਂਤ ਭਾਲ਼ਦੇ ਹਨ। ਇਕਾਂਤ ਨਾ ਤਾਂ ਜੰਗਲਾਂ ਵਿਚ ਹੁੰਦੀ ਹੈ ਨਾ ਭੋਰਿਆਂ ਵਿਚ, ਸਗੋਂ ਮਨੁੱਖ ਦੇ ਅੰਦਰਲੀ ਇਕਾਂਤ (ਚੁੱਪ) ਸੋਚ ਦੀਆਂ ਡੂੰਘਾਈ ਵਾਲੀਆਂ ਸਿੱਪੀਆਂ ਵਿਚੋਂ ਅਰਥ ਪੂਰਨ ਸ਼ਬਦਾਂ ਦੀ ਸਿਰਜਣਾ ਕਰਦੀ ਹੈ। ਇਨ੍ਹਾਂ ਅਰਥਪੂਰਨ ਸ਼ਬਦਾਂ ਦੀ ਸਿਰਜਣਾ ਪਿੱਛੇ ਗਿਆਨ ਦੀ ਲੋਅ, ਮਿਹਨਤ ਨਾਲ਼, ਸੂਝ ਰਾਹੀਂ ਕੱਢੀ ਦੁਨੀਆਂ ਦੇ ਵਰਤਾਰਿਆਂ ਦੀ ਝਲਕ ਬਣਦੀ ਹੈ। ਇਹ ਕਿਧਰਿਉਂ ਉਪਰੋਂ ਥੱਲਿਉਂ ਮਿਲੀ ਦਾਤ ਨਹੀਂ ਹੁੰਦੀ ਸਗੋਂ ਇੱਥੋਂ ਤੱਕ ਪਹੰਚਣ ਵਾਸਤੇ ਮਨੁੱਖ ਨੂੰ ਜੱਗ-ਜਹਾਨ ਦਾ ਵਿਸ਼ਾਲ ਅਧਿਐਨ ਲੋੜੀਂਦਾ ਹੈ। ਨਿੱਠ ਕੇ ਆਲ਼ੇ ਦੁਆਲ਼ੇ ਦਾ ਸਮਾਜੀ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਾਂ/ਸੱਭਿਆਚਾਰਕ ਲਹਿਰਾਂ ਦੇ ਵਿਕਾਸ ਨਾਲ਼ ਸਬੰਧਤ ਤੱਥਾਂ/ਤੱਤਾਂ ਦੀ ਘੋਖ ਪਰਖ ਕਰਨੀ ਪੈਂਦੀ ਹੈ। ਇਤਿਹਾਸਕ, ਮਿਥਿਹਾਸਕ ਘਟਨਾਵਾਂ ਵੇਰਵਿਆਂ ਨੂੰ ਸਹੀ ਦ੍ਰਿਸ਼ਟੀਕੋਣ ਤੋਂ ਵਾਚਣਾ ਪੈਂਦਾ ਹੈ। ਇਹਨਾਂ ਪੜਾਵਾਂ ਵਿਚੋਂ ਲੰਘਦਿਆਂ ਮਨੁੱਖ ਤਪਦਾ ਹੈ ਭੱਠੀ ਵਿਚ ਪਏ ਸੋਨੇ ਵਾਂਗ ਕੁੰਦਨ ਬਣਨ ਵਾਸਤੇ। ਫੇਰ ਆਪਣੇ ਵਿਚਾਰਾਂ ਦੀ ਪ੍ਰਪੱਕਤਾ ਵਾਸਤੇ ਸੋਚਵਾਨਾਂ, ਬੁੱਧੀਮਾਨਾਂ, ਸਿਧਾਂਤਕਾਰਾਂ ਭਾਵ ਕਿ ਮਨੁੱਖ ਹਰ ਉਸ ਵਿਅਕਤੀ/ਰਚਨਾ ਤੱਕ ਪਹੁੰਚਣ ਦਾ ਯਤਨ ਕਰਦਾ ਹੈ ਜਿੱਥੇ ਕਿਸੇ ਤਰ੍ਹਾਂ ਦਾ ਸੰਵਾਦ ਰਚਾਇਆ ਜਾ ਸਕੇ, ਜਿੱਥੋਂ ਉਸ ਨੂੰ ਕੁੱਝ ਪੱਲੇ ਪੈਣ ਦੀ ਆਸ ਹੋਵੇ। ਉਹ ਵੱਧ ਤੋਂ ਵੱਧ ਅਧਿਅਨ ਦੇ ਰਾਹੇ ਪੈ ਜਾਂਦਾ ਹੈ। ਹੱਥ ਲੱਗੀਆਂ ਰਚਨਾਵਾਂ, ਸਿਧਾਂਤਾਂ ਆਦਿ ਨੂੰ ਪੜ੍ਹ, ਪਰਖ ਕੇ ਜਿਸਦੀ ਗੱਲ/ਪਹੁੰਚ ਬਹੁਤੀ ਤਰਕਪੂਰਨ, ਵਿਗਿਆਨਕ ਲੱਗੇ ਕੁਦਰਤੀ ਹੀ ਉਸਦਾ ਪ੍ਰਭਾਵ ਵੀ ਕਬੂਲਦਾ ਹੈ।
------
ਸਾਡੇ ਸਮਿਆਂ ਦਾ ਸੱਚ ਹੋਰ ਬਹੁਤ ਸਾਰਿਆਂ ਦੇ ਨਾਲ਼ ਮਾਰਕਸਵਾਦ-ਲੈਨਿਨਵਾਦ ਨੇ ਉਜਾਗਰ ਕੀਤਾ (ਭਾਵੇਂ ਕਿ ਇਹ ਵੀ ਸੱਚ ਹੈ ਕਿ ਆਖਰੀ ਸੱਚ ਕੋਈ ਨਹੀਂ ਹੁੰਦਾ) ਇਸਨੇ ਦੁਨੀਆ ਦੇ ਦੀਨ-ਦੁਖੀ ਨੂੰ ਉਹਦੇ ਕਸ਼ਟ-ਕਲੇਸ਼, ਦੁੱਖਾਂ ਤਕਲੀਫਾਂ ਦੇ ਅਸਲੀ ਕਾਰਨਾਂ ਤੋਂ ਜਾਣੂ ਕਰਵਾਇਆ ਅਤੇ ਆਪਣੀ ਮਾੜੀ ਹਾਲਤ ਤੋਂ ਛੁਟਕਾਰੇ ਦਾ ਰਾਹ ਦੱਸਿਆ। ਜਿਸਨੇ ਸੰਪੂਰਨ ਮਨੁੱਖ ਦੀ ਸਿਰਜਣਾ ਦੇ ਸੰਕਲਪ ਨੂੰ ਅਸਲੀ ਜਾਮਾ ਪਹਿਨਾਉਣ ਵਾਲੀ ਜੱਦੋ-ਜਹਿਦ ਨੂੰ ਅਮਲੀ ਰੂਪ ਵਿਚ ਛੇੜਿਆ। ਦੁਨੀਆ ਅੰਦਰ ਚੰਗੀ ਜ਼ਿੰਦਗੀ ਜੀਊਣ ਦੀ ਤਾਂਘ ਰੱਖਦੇ ਲੋਕਾਂ ਦੇ ਮਨਾਂ ਦਾ ਹੁਲਾਰਾ ਬਣ ਗਿਆ ਇਹ ਨਵਾਂ ਸਿਧਾਂਤ। ਗੁਲਾਮੀ ਦੀ ਉਮਰ ਭੋਗ ਰਹੇ ਮੁਲਕਾਂ ਦੇ ਲੋਕਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਦੇਣ ਦਾ ਵਿਚਾਰ ਤੇ ਹੌਸਲਾ ਦਿੱਤਾ। ਉਨ੍ਹਾਂ ਮੁਲਕਾਂ ਨੇ ਆਜ਼ਾਦੀ ਪ੍ਰਾਪਤ ਕੀਤੀ। ਦੁਨੀਆਂ ਨੂੰ ਮਾਰਕਸਵਾਦ-ਲੈਨਿਨਵਾਦ ਦੀ ਦੇਣ ਬਹੁਤ ਵੱਡੀ ਹੈ ਕਿਉਂਕਿ ਇਹ ਸਕਾਰਆਤਮਕ ਹੈ। ਹਾਂ, ਜਿਹਨਾਂ ਨੂੰ ਇਹ ਭੁੱਲ ਗਈ ਹੋਵੇ ਉਨ੍ਹਾਂ ਦੀ ਗੱਲ ਕਰਨੀ ਹੀ ਫਜ਼ੂਲ ਹੈ। ਸੁੱਤੇ ਪਏ ਨੂੰ ਤਾਂ ਉਠਾਇਆ ਜਾ ਸਕਦਾ ਹੈ ਪਰ ਮਚਲੇ ਦਾ ਕੀ ਇਲਾਜ? ਮਚਲੇ ਲੋਕ ਆਪਣੇ ਆਪ ਹੀ ਆਪਣੇ ਆਪ ਉੱਤੇ ਸਿਆਣਪ ਦਾ ਝੁੱਲ ਪਾ ਕੇ, ਆਪਣੀ ਹਕੀਕਤ ਭੁੱਲ ਕੇ ਨਕਲੀ ਜੀਊਣ ਵਿਚ ਹੀ ਆਪਣਾ ਭਲਾ ਸਮਝਣ ਲਗ ਪੈਂਦੇ ਹਨ।
-----
ਮਾਰਕਸਵਾਦ ਤੋਂ ਪ੍ਰਭਾਵਿਤ ਹੋਣ ਦਾ ਮੇਰਾ ਵੀ ਇਹ ਹੀ ਕਾਰਨ ਸੀ ਕਿ ਇਸਦੇ ਬਾਨੀਆਂ ਨੇ ਲੁਕੋ ਕੇ ਕਿਸੇ ਕਿਸਮ ਦੀਆਂ ਭਰਮ ਪਾਊ ਗੱਲਾਂ ਨਹੀ ਕੀਤੀਆਂ ਸਗੋਂ ਜ਼ਿੰਦਗੀ ਦਾ ਹਕੀਕਤ ਨਾਲ਼ ਮੇਲ਼ ਕਰਕੇ ਹੀ ਸਮੁੱਚੀ ਗੱਲ ਤੋਰੀ। ਜਦੋਂ ਇਹ ਗੱਲ ਪੜ੍ਹਦੇ/ਸੁਣਦੇ ਹਾਂ ਕਿ ਮਾਰਕਸ ਹਰ ਗੱਲ/ਵਸਤ ਤੇ ਸ਼ੱਕ ਕਰਨ ਨੂੰ ਕਹਿੰਦਾ ਹੈ ਤਾਂ ਇਹ ਵੀ ਯਾਦ ਆਉਂਦਾ ਹੈ ਜੋ ਮਾਰਕਸ ਨੇ ਆਪ ਹੀ ਕਿਹਾ ਸੀ ਕਿ ‘ਮੈਂ ਮਾਰਕਸਵਾਦੀ ਨਹੀਂ ਹਾਂ’ ਭਾਵ ਇਸਦਾ ਇਹ ਹੈ ਕਿ ਅੱਖਾਂ ਮੀਚ ਕੇ ਕਿਸੇ ਦਾ ਪਿਛਲੱਗ ਬਣਕੇ ਤੁਰਨ ਦਾ ਉਹ ਵਿਰੋਧੀ ਸੀ। ਮਾਰਕਸ ਨੇ ਹਰ ਵਿਚਾਰ ਨੂੰ ਪਾਰਖੂ ਨਜ਼ਰ ਨਾਲ਼ ਦੇਖਣ ਵਾਸਤੇ ਕਿਹਾ ਅਤੇ ਹਰ ਸਮੇਂ ਪਰਖ ਨੂੰ ਦਲੀਲ ਦਾ ਸੰਦ ਬਣਾਇਆ। ਕੋਈ ਮਾਰਕਸਵਾਦ-ਲੈਨਿਨਵਾਦ ਨੂੰ ਮੰਨੇ ਜਾਂ ਨਾ ਮੰਨੇ, ਪਰ ਹਰ ਕੋਈ ਅੱਖਾਂ ਖੁੱਲ੍ਹੀਆਂ ਰੱਖ ਕੇ ਤਾਂ ਤੁਰੇ। ਅੱਖਾਂ ਬਿਨਾਂ ਕਾਹਦਾ ਜਹਾਨ? ਮਾਰਕਸਵਾਦ ਦਾ ਅਧਿਐਨ ਕਰਦਿਆਂ ਵੀ ਅੱਖਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ ਹਨ। ਜਿੱਥੇ ਵੀ ਕੁਝ ਅਪ੍ਰਸੰਗਕ ਲੱਗੇ ਉਹਨੂੰ ਮੱਲੋਜ਼ੋਰੀ ਪ੍ਰਸੰਗਕ ਬਨਾਉਣ ਦਾ ਧੱਕੇਸ਼ਾਹੀ ਵਾਲ਼ਾ ਜਤਨ ਨਹੀਂ ਕਰਨਾ ਚਾਹੀਦਾ। ਜੇ ਕੋਈ ਇੰਜ ਕਰੇ ਤਾਂ ਉਹ ਮਾਰਕਸਵਾਦ ਨਾਲ਼ ਤਾਂ ਬੇਇਨਸਾਫੀ ਕਰੇਗਾ ਹੀ ਅਤੇ ਆਪਣੇ ਆਪ ਨਾਲ ਵੀ।
-----
ਸ਼ਬਦ ਦੇ ਲੜ ਲੱਗ ਕੇ ਵਿਚਾਰ ਚਰਚਾ ਦਾ ਆਰੰਭ ਹੁੰਦਾ ਹੈ। ਦੁੱਧ ਦੇ ਜੰਮੇ ਦਹੀਂ ਨੂੰ ਰਿੜਕਿਆ ਜਾਵੇ ਤਦ ਹੀ ਮੱਖਣ ਨਿਕਲ਼ਦਾ ਹੈ। ਇਸ ਤਰਾਂ ਹੀ ਕਿਸੇ ਵਿਚਾਰ ਨੂੰ ਵਿਚਾਰਿਆਂ ਹੀ ਕੋਈ ਸਿੱਟਾ ਨਿਕਲਦਾ ਹੈ, ਸਾਰਥਿਕਤਾ ਪੱਲੇ ਪੈਂਦੀ ਹੈ। ਜਿਹੜੇ ਸ਼ਬਦ ਦੀ ਸਾਰਥਿਕਤਾ ਨੂੰ ਨਜ਼ਰ ਅੰਦਾਜ਼ ਕਰਦੇ ਹਨ, ਉਨ੍ਹਾਂ ਔਝੜ ਹੀ ਜਾਣਾ ਹੁੰਦਾ ਹੈ। ਉਨ੍ਹਾ ਨਾਲ਼ ਤਾਂ ਬਹਿਸਣਾ ਵੀ ਵਕਤ ਗੁਆਉਣਾ ਹੀ ਹੈ, ਉਨ੍ਹਾਂ ਬਾਰੇ ਤਾਂ ਬਾਣੀ ਵਿਚੋਂ ਕੀਮਤੀ ਮੱਤ ਲੈ ਲੈਣੀ ਚਾਹੀਦੀ ਹੈ:
ਪੜ ਅੱਖਰ ਏਹੋ ਬੂਝੀਐ
ਮੂਰਖੈ ਸੰਗ ਨਾ ਲੂਝੀਐ
ਕੁਝ ਲੋਕ ਅਜਿਹੀ ਸਥਿਤੀ ਵਿਚ ਕਿਸੇ ਦੂਜੇ ਨੂੰ ਹੀਣਾ ਕਰਨ ਦੇ ਮਕਸਦ ਨਾਲ਼ ਬੇ-ਸਿਰ ਪੈਰ ਘਟੀਆ ਜਹੇ ਮਿਹਣਿਆਂ ਤੱਕ ਉਤਰ ਜਾਂਦੇ ਹਨ। ਆਪ ਹੀ ਆਪਣੇ ਮੋਢਿਆਂ ਉੱਤੇ ਵਿਦਵਾਨ ਹੋਣ ਦੀਆਂ ਨਕਲੀ ਫੀਤੀਆਂ ਲਾ ਕੇ ਦੂਜਿਆਂ ਨੂੰ ਪਿਛਲੱਗ ਆਖਦੇ ਫਿਰਨਗੇ। ਜਿਹੜੇ ਕੱਲ੍ਹ ਤੱਕ ਮਾਰਕਸਵਾਦੀਆਂ ਵਾਸਤੇ ਝਾੜੂ ਫੇਰਨ ਤੱਕ ਜਾਂਦੇ ਸਨ ਅੱਜ ਉਹ ਉਸ ਤੋਂ ਨਾਬਰ ਹੀ ਨਹੀਂ ਹੋਏ ਸਗੋ ਦੁਸ਼ਮਣਾਂ ਵੱਲ ਖੜ੍ਹੇ ਨਜ਼ਰ ਆਉਂਦੇ ਹਨ। ਠੀਕ ਹੀ ਹੋਇਆ, ਉਹ ਆਪਣੇ ਆਪ ਨੂੰ ਭੁੱਲ ਗਏ, ਨਹੀਂ ਤਾਂ ਉਨ੍ਹਾਂ ਨੂੰ ਚੰਗਾ ਸੋਚਣ ਤੇ ਕੁਝ ਚੰਗਾ ਕਰਨ ਅਤੇ ਆਪਣੇ ਆਪ ਨਾਲ਼ ਵਫ਼ਾ ਪਾਲਣ ਦਾ ਫਿਕਰ ਰਹਿਣਾ ਸੀ। ਲੋਕ ਦਰਦੀਆਂ ਨੂੰ ਕਈ ਤਰਾਂ ਦੇ ਮਿਹਣੇ ਵੀ ਝੱਲਣੇ ਪੈਦੇ ਹਨ ਪਰ ਜਿਹੜਾ ਲੋਕ ਦਰਦੀ ਆਪਣੀ ਧੁਨ ਦਾ ਪੱਕਾ ਹੁੰਦਾ ਹੈ ਉਹਦੇ ਉੱਤੇ ਮਿਹਣੇ ਦਾ ਕਾਹਦਾ ਅਸਰ? ਬਾਬਾ ਬੁੱਲੇ ਸ਼ਾਹ ਫਰਮਾਂਉਦੇ ਹਨ:
ਬੁੱਲਿਆ ਲੋਕੀ ਤੈਨੂੰ ਕਾਫ਼ਿਰ ਕਹਿੰਦੇ
ਤੂੰ ਆਹੋ ਆਹੋ ਆਖ
ਪੜ੍ਹਨ-ਲਿਖਣ ਦਾ ਸਹੀ ਸਥਾਨ ਵਧੀਆ ਕਮਰੇ ਹੀ ਤਾਂ ਨਹੀ ਹੁੰਦੇ। ਗੁਰੂਆਂ, ਪੀਰਾਂ, ਭਗਤਾਂ ਅਤੇ ਹੋਰ ਮਹਾਂਪੁਰਸ਼ਾਂ ਨੇ ਬੋਲਾਂ, ਸ਼ਬਦਾਂ ਦੇ ਉਚਾਰਨ ਵਾਸਤੇ ਕਿਹੜੇ ਸਥਾਨ ਵਰਤੇ? ਉਹ ਜਿੱਥੇ ਵੀ ਬੈਠੇ ਉੱਥੇ ਹੀ ਕੁਝ ਉਚਾਰਿਆ। ਸਫਰ ਉੱਤੇ ਨਿਕਲੇ ਤਾਂ ਵੀ, ਕਿਸੇ ਭੀੜ ਵਿਚ ਵਿਚਰੇ ਤਦ ਵੀ, ਆਪਣੇ ਆਪ ਨੂੰ ਪਹੁੰਚੇ ਹੋਏ ਅਖਵਾਉਣ ਵਾਲਿਆਂ ਸੰਗ ਬੈਠੇ ਤਾਂ ਵੀ ਉਨ੍ਹਾਂ ਨੇ ਸੰਵਾਦ ਰਚਾਇਆ/ਗੋਸ਼ਟਿ ਕੀਤੇ ਅਤੇ ਸਮੇਂ ਨੂੰ ਸਕਾਰਥ ਕਰਨ ਦਾ ਯਤਨ ਕੀਤਾ। ਖੁੱਲ੍ਹੇ ਅਸਮਾਨ ਹੇਠ ਵੀ ਬੈਠੇ ਉੱਥੇ ਵੀ ਰਚਨਾ ਕੀਤੀ। ਰਿਸ਼ੀਆਂ ਮੁਨੀਆਂ ਵਲੋ ਜੰਗਲਾਂ ਅੰਦਰ ਘਾਹ-ਫੂਸ ਦੀਆਂ ਕੁੱਲੀਆਂ ਵਿਚ ਬੈਠ ਕੇ ਵੇਦ-ਗ੍ਰੰਥ ਲਿਖੇ ਜਾਣ ਦੇ ਹਵਾਲੇ ਮਿਲਦੇ ਹਨ।
-----
ਹਰ ਰਚਨਾਕਾਰ ਨੇ ਆਪਣੇ ਰਚਨਾਤਮਕ ਪਲਾਂ ਨੂੰ ਫੜਨ ਵਾਸਤੇ ਆਪਣਾ ਮਹੌਲ ਆਪ ਲੱਭਣਾ/ਸਿਰਜਣਾ ਹੁੰਦਾ ਹੈ। ਮਨੁੱਖ ਆਪਣੇ ਆਪ ਨੂੰ ਸਮੇਂ ਸਥਾਨ ਅਨੁਸਾਰ ਢਾਲਣ ਵਾਲ਼ਾ ਹੋਵੇ ਤਾਂ ਔਖਿਆਈ ਵੀ ਕੋਈ ਨਹੀਂ ਹੁੰਦੀ। ਮੈਂ ਖੁਦ, ਪੜ੍ਹਨ ਲਿਖਣ ਦਾ ਕਾਰਜ ਕਿਸੇ ਨਿਸਚਤ ਥਾਂ ਨਹੀਂ ਕਰ ਸਕਦਾ। ਘਰ ਹੋਵਾਂ ਤਾਂ ਬੈਠਣ ਵਾਲ਼ਾ ਕਮਰਾ, ਰਸੋਈ ਅੰਦਰ ਰੋਟੀ ਖਾਣ ਵਾਲ਼ਾ ਮੇਜ਼, ਬੱਚਿਆਂ ਦੇ ਕਮਰੇ ਵਿਚ ਉਨ੍ਹਾਂ ਦੇ ਪੜ੍ਹਨ ਲਿਖਣ ਵਾਲ਼ਾ ਸਥਾਨ ਆਦਿ ਕਿਧਰੇ ਵੀ ਸਮਾਧੀ ਲਾਈ ਜਾ ਸਕਦੀ ਹੈ। ਕੰਮ ਉੱਤੇ ਹੋਵਾਂ ਤਾਂ ਉੱਥੇ ਵੀ ਵਿਹਲ ਦੇ ਸਮੇਂ ਨੂੰ ਕਈ ਵਾਰ ਪੜ੍ਹਨ ਲਿਖਣ ਵਾਸਤੇ ਵਰਤ ਲੈਂਦਾ ਹਾਂ। ਸੈਰ ਕਰਨ ਵੇਲੇ ਬੈਠਣ ਲਈ ਚੰਗਾ ਥਾਂ ਮਿਲ਼ ਜਾਵੇ, ਸਮਾਂ ਹੋਵੇ ਤਾਂ ਵੀ ਇਨ੍ਹਾਂ ਪਲਾਂ ਨੂੰ ਹੱਥੋਂ ਨਹੀਂ ਜਾਣ ਦਿੰਦਾ । ਸਫ਼ਰ ਕਰਦਿਆਂ ਮੌਕਾ ਮਿਲੇ ਤਾਂ ਪੜਨ ਨੂੰ ਤਰਜੀਹ ਦਿੰਦਾ ਹਾਂ। ਇਸ ਕਰਕੇ ਹੀ ਕਈ ਵਾਰ ਕਾਰ ਦੀ ਬਜਾਇ ਰੇਲ ਗੱਡੀ ਵਿਚ ਸਫ਼ਰ ਕਰਨ ਦਾ ਮਨ ਬਣਾ ਲੈਂਦਾ ਹਾਂ। ਇੰਝ ਕੁਝ ਪਲਾਂ ਦੀ ਸਾਰਥਿਕਤਾ ਫੜੀ ਜਾ ਸਕਦੀ ਹੈ। ਗੱਲ ਇੱਕ ਵਾਰ ਧੁਨ ਛਿੜਨ ਦੀ ਹੈ ਫੇਰ ਕੋਈ ਰੁਕਾਵਟ ਨਹੀਂ ਆਉਂਦੀ। ਰੇਲ ਗੱਡੀ ਰਾਹੀਂ ਸਫਰ ਕਰਦਿਆਂ ਕਈ ਵਾਰ ਚੰਗੇ ਲੋਕਾਂ ਨਾਲ਼ ਸੰਵਾਦ ਰਚਾਉਣ ਦਾ ਸਬੱਬ ਵੀ ਬਣ ਜਾਂਦਾ ਹੈ, ਇਹ ਵੀ ਲਾਹੇਵੰਦ ਹੀ ਹੁੰਦਾ ਹੈ।
-----
ਵੱਖੋ-ਵੱਖ ਲੋਕਾਂ ਦੀਆਂ ਨਵੀਆਂ ਗੱਲਾਂ/ਵਿਚਾਰ ਪੜ੍ਹੀਦੇ ਸੁਣੀਂਦੇ ਹਨ। ਅੱਜ-ਕਲ੍ਹ ਕਈ ਇਤਿਹਾਸ ਦੀ ਮੌਤ ਦੀਆਂ ਗੱਲਾਂ ਕਰਦੇ ਹਨ। ਇਹ ਕੋਈ ਨਵੇਂ ਜੀਊੜੇ ਨਹੀ, ਸਿਰਫ ਰੰਗ ਹੀ ਨਵਾਂ ਹੈ। ਇਨ੍ਹਾਂ ਸਿਰਫ ਫੈਸ਼ਨ ਹੀ ਬਦਲਿਆ ਹੈ। ਕਿਸੇ ਵਲੋਂ ਫੈਸ਼ਨ ਬਦਲਣ ਉੱਤੇ ਭਲਾ ਕੌਣ ਪਾਬੰਦੀ ਲਾ ਸਕਦਾ ਹੈ? ਭਾਰਤੀ ਸਮਾਜ ਦੀ ਸਥਿਤੀ ਅਜੇ ਪੂਰੇ ਤੌਰ ‘ਤੇ ਆਧੁਨਿਕ ਨਹੀਂ ਹੋਈ ਪਰ ਸਾਹਿਤ ਅੰਦਰ ਉੱਤਰ-ਆਧੁਨਿਕਤਾ ਦੀ ਲਹਿਰ ਚੱਲ ਰਹੀ ਹੈ। ਕਮਾਲ ਤਾਂ ਇਸ ਗੱਲ ਦਾ ਹੈ ਕਿ ਜਿਹੜੇ ਮੱਧਯੁਗੀ ਰਚਨਾ ਕਰ ਰਹੇ ਹਨ, ਇਹ ਮਹਾਂ ਵਿਦਵਾਨ ਉਨ੍ਹਾਂ ਨੂੰ ਵੀ ਆਪਣੇ ਧੜੇ ਵਿਚ ਰਲਾਉਣ ਦੀ ਗਰਜ਼ ਨਾਲ਼ ਉਨ੍ਹਾਂ ਉੱਤੇ ਵੀ ਮੱਲੋਜ਼ੋਰੀ, ਬਿਨਾ ਸੋਚੇ ਸਮਝੇ ਉੱਤਰ-ਆਧੁਨਿਕ ਹੋਣ ਦਾ ਲੇਬਲ ਚਿਪਕਾਈ ਜਾ ਰਹੇ ਹਨ। ਹੈ ਨਾ ਆਪਣੇ ਆਪ ਨੂੰ ਠੱਠਾ ਕਰਨ ਵਾਲੀ ਗੱਲ? ਇੱਥੋਂ ਬੜਾ ਹੀ ਮਹੱਤਵ ਪੂਰਨ ਸਵਾਲ ਪੈਦਾ ਹੁੰਦਾ ਹੈ ਕਿ ਸਾਹਿਤ ਤੇ ਸਮਾਜ ਦਾ ਵੀ ਕੋਈ ਰਿਸ਼ਤਾ ਹੁੰਦਾ ਹੈ? ਜਿਹੜਾ ਸਮਾਜ ਪਛੜੇਵੇਂ, ਗਰੀਬੀ, ਭੁੱਖ, ਅਨਪੜ੍ਹਤਾ ਆਦਿ ਕਰਕੇ ਮੱਧਯੁਗੀ ਕਦਰਾਂ ਕੀਮਤਾਂ ਦਾ ਧਾਰਨੀ ਹੋਵੇ ਉੱਥੇ ਕਿਹੜੀ ਲਹਿਰ ਉੱਠੇਗੀ ਜਾਂ ਉੱਠਣੀ ਚਾਹੀਦੀ ਹੈ? ਜਿੱਥੋਂ ਦੇ ਰਾਜਨੀਤਿਕ ਲੀਡਰ, ਬੁੱਧੀਜੀਵੀ ਤਾਂਤਰਿਕਾਂ ਜਾਂ ਜੋਤਸ਼ੀਆਂ ਦੇ ਮੁਰੀਦ ਹੋਣ, ਝੂਠ ਤੇ ਪਾਖੰਡ ਦੇ ਆਪੇ ਬਣੇ ਗਵਾਹ ਹੋਣ, ਉਹ ਆਪਣੇ ਮਖੌਟੇ ਨੂੰ ਕਦੋਂ ਤੱਕ ਛੁਪਾ ਸਕਣਗੇ? ਇਹ ਬਹੁਤ ਹੀ ਸੋਚਣ ਸਮਝਣ ਵਾਲ਼ਾ ਮਸਲਾ ਹੈ। ਫੋਕੀ ਉੱਤਰ-ਆਧੁਨਿਕਤਾ ਵਾਲ਼ੇ ਭਾੜੇ ਦੇ ਰਥਵਾਨਾਂ ਨੂੰ ਇਸਦਾ ਜਵਾਬ ਦੇਣਾ ਹੀ ਪਵੇਗਾ, ਪਰ ਇੱਥੇ ਉਹ ਡੂੰਘੀ ਚੁੱਪ ਧਾਰ ਲੈਂਦੇ ਹਨ, ‘ਇਕ ਚੁੱਪ ਸੌ ਸੁੱਖ’ ਹੁਣ ਉਨ੍ਹਾਂ ਦਾ ਇਹ ਹੀ ਨੁਸਖ਼ਾ ਹੈ। ਵਿਚਾਰੇ।
-----
ਲਿਖਣ ਦੇ ਰਾਹੇ ਪੈਣ ਲੱਗਿਆਂ ਬਹੁਤ ਹੀ ਸੋਚਣਾ ਪੈਂਦਾ ਹੈ। ਇਸ ਵਾਸਤੇ ਕੋਈ ਕਿਸੇ ਨੂੰ ਮਜਬੂਰ ਨਹੀਂ ਕਰਦਾ। ਇਸਨੂੰ ਘਾਟੇ ਵਾਲ਼ਾ ਸੌਦਾ (ਪੰਜਾਬੀ ਵਿਚ ਤਾਂ ਇਵੇਂ ਹੀ ਹੈ) ਕਿਹਾ ਜਾਂਦਾ ਹੈ। ਉਂਜ ਜੇ ਸੋਚਿਆ ਜਾਵੇ ਤਾਂ ਅਸਲੀ ਸੌਦਾ ਹੁੰਦਾ ਹੀ ਘਾਟੇ ਵਾਲ਼ਾ ਹੈ। ਇਹ ਰਾਹ ਤਾਂ ਬਾਬਾ ਨਾਨਕ ਸਾਨੂੰ ਸਦੀਆਂ ਪਹਿਲਾਂ ਦੱਸ ਗਏ ਹਨ। ਫੇਰ ਇਸ ਤੋਂ ਮੂੰਹ ਮੋੜਨ ਵਾਲ਼ੇ ਆਪਣੇ ਹੱਕ ਵਿਚ ਕਿਹੜੀ ਦਲੀਲ ਘੜਨਗੇ? ਬਾਬੇ ਦੇ ਵਚਨਾਂ ਵਲੋ ਮੂੰਹ ਮੋੜਦਿਆਂ ਉਹਨਾਂ ਨੂੰ ਸ਼ਰਮ ਤਾਂ ਨਹੀ ਆਵੇਗੀ? ਜਾਂ ਫੇਰ ਅੱਜਕੱਲ੍ਹ ਬੁਧੀਜੀਵੀ (ਆਪੇ ਬਣੇ) ਤੇ ਬੇਸ਼ਰਮੀ ਇੱਕੋ ਸਿੱਕੇ ਦੇ ਦੋ ਪਾਸੇ ਬਣਦੇ ਜਾ ਰਹੇ ਹਨ? ਇਹ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ, ਇਹ ਬਹੁਤ ਹੀ ਮਾੜਾ ਰਾਹ ਹੈ।
-----
ਸਾਡਾ ਸਮਾਜ ਅੱਜ ਵੀ ਲੁੱਟ ਤੇ ਅਧਾਰਤ ਹੈ। ਲੋਕ ਰਾਜ ਅੰਦਰ ਲੋਕ ਸ਼ਬਦ ਨਿਤਾਣਾ ਹੀ ਨਹੀਂ ਸਗੋ ਗਿਆਂ-ਗੁਜ਼ਰਿਆਂ ਵਰਗਾ ਹੋ ਗਿਆ ਹੈ। ਭਾਈ ਲਾਲੋ ਅਜੇ ਵੀ ਰੁਲ਼ਦਾ ਫਿਰਦਾ ਹੈ। ਮਲਕ ਭਾਗੋ ਦੇ ਮਾਹਲ ਪੂੜਿਆਂ ਵਿਚੋਂ ਅਜੇ ਵੀ ਲਾਲੋ ਦੀ ਕਿਰਤ ਦਾ ਖ਼ੂਨ ਨੁੱਚੜਦਾ ਹੈ। ਸੰਸਾਰ ਪ੍ਰਬੰਧ ਜੋ ਸਰਾਸਰ ਅਨਿਆਂ ਉੱਤੇ ਅਧਾਰਤ ਹੈ, ਆਪਣੇ ਆਪ ਨੂੰ ਬੁਧੀਜੀਵੀ ਕਹਾਉਣ ਵਾਲ਼ੇ ਲੋਭ ਦੇ ਮਾਰੇ ਜੀਊੜੇ ਉਸਦਾ ਅੰਗ ਬਣਦੇ ਜਾ ਰਹੇ ਹਨ। ਕੋਝੇ ਵਿਦਵਾਨ ਬਸਤੀਵਾਦ ਦੇ ਸ਼ਬਦ ਨੂੰ ਨਵਾਂ ਰੂਪ ਦੇ ਕੇ ਨਵ-ਬਸਤੀਵਾਦ ਨਹੀਂ ਸਗੋਂ ਇਸਨੂੰ ਵਿਸ਼ਵੀਕਰਨ (ਗਲੋਬਲਾਈਜ਼ੇਸ਼ਨ) ਦਾ ਨਾਂ ਦਿੰਦੇ ਹਨ। ਇਹ ਲੁੱਟ ਦੇ ਨਵੇਂ ਢੰਗ ਦਾ ਨਾਂ ਹੈ। ਏਸ਼ੀਆ, ਅਫਰੀਕਾ, ਲਾਤੀਨੀ ਅਮਰੀਕਾ ਆਦਿ ਦੇ ਵਿਕਾਸ ਕਰ ਰਹੇ ਅਤੇ ਪਛੜੇ ਮੁਲਕਾਂ ਦੇ ਗਲ਼ ਪਾਏ ਜਾ ਰਹੇ ਨਵੇਂ ਫਾਹੇ ਦਾ ਨਾਂ ਹੈ। ਲੁੱਟਣ ਵਾਸਤੇ ਲੁਭਾਉਣੇ ਸ਼ਬਦਾਂ ਦੇ ਭਰਮ ਜਾਲ਼ ਹੇਠ ਨਵੀਆਂ ਮੰਡੀਆਂ ਦੀ ਭਾਲ਼ ਕੀਤੀ ਜਾ ਰਹੀ ਹੈ। ਲੋਕਾਂ ਨੂੰ ਇਹਦੇ ਬਾਰੇ ਕੌਣ ਦੱਸੇਗਾ? ਇਸ ਖਤਰੇ ਤੋਂ ਕੌਣ ਬਚਾਵੇਗਾ? ਲੋਕਾਂ ਨੂੰ ਸਮਾਨਤਾ, ਨਿਆਂ ਭਰਪੂਰ, ਮਨੁੱਖੀ ਹੱਕਾਂ ਵਾਲੇ ਸਮਾਜ ਅਤੇ ਧੱਕੇ-ਧੌਂਸ ਤੇ ਲੁੱਟ ਰਹਿਤ ਨਵੇਂ ਸੰਸਾਰ ਪ੍ਰਬੰਧ ਦੀ ਬਹੁਤ ਲੋੜ ਹੈ।
-----
ਸੰਸਾਰ ਪ੍ਰਬੰਧ ਨੇ ਅਜੇ ‘ਸਭੈ ਸਾਂਝੀਵਾਲ..........’ ਦਾ ਰੂਪ ਧਾਰਦਿਆਂ ਨਵਾਂ ਬੇਗਮਪੁਰਾ ਸਿਰਜਣਾ ਹੈ। ਇਸਦੀ ਸਿਰਜਣਾ ਫੇਰ ਕੌਣ ਕਰੂ? ਸਿਆਣੇ, ਬੁਧੀਮਾਨ ਇਨ੍ਹਾਂ ਸਵਾਲਾਂ ਦੇ ਰੂ-ਬ-ਰੂ ਹੋਏ ਬਿਨਾਂ ਸੁਰਖਰੂ ਨਹੀਂ ਹੋ ਸਕਦੇ। ਜਾਗਦੀ ਜ਼ਮੀਰ ਵਾਲਾ ਕੋਈ ਵੀ ਇਨਸਾਨ (ਲੇਖਕ ਅਤੇ ਵਿਦਵਾਨ ਤਾਂ ਬਿਲਕੁਲ ਨਹੀਂ) ਉਪਰੋਕਤ ਸਵਾਲਾਂ ਵਲ ਪਿੱਠ ਕਰਕੇ ਅੱਗੇ ਨਹੀਂ ਲੰਘ ਸਕਦਾ। ਇਹ ਉਸਦਾ ਆਪਣੇ ਵਲੋਂ ਲੋਕਾਂ ਪ੍ਰਤੀ ਮਿੱਥਿਆ ਫ਼ਰਜ਼ ਹੈ। ਕਲਮ ਹੱਥ ਵਿਚ ਫੜਨ ਵਾਲ਼ਾ ਕਲਮ ਦਾ ਅਪਮਾਨ ਨਹੀਂ ਕਰ ਸਕਦਾ। ਕਲਮ ਨੂੰ ਤਾਂ ਨੀਵੇਂ-ਨਿਤਾਣਿਆਂ ਦੇ ਸੰਗ ਖੜ੍ਹੇ ਹੋ ਕੇ ਉਨ੍ਹਾਂ ਦੀ ਤਾਕਤ ਬਣਨਾ ਪੈਣਾ ਹੈ। ਸਾਰੇ ਜਹਾਨ ਦਾ ਦਰਦ ਆਪਣੇ ਸੀਨੇ ਤੇ ਝੱਲਣਾ ਪੈਣਾ ਹੈ। ਇਸ ਨਾਲ਼ ਹੀ ਤਾਂ ਫ਼ਰਜ਼ ਦੀ ਪੂਰਤੀ ਹੋਵੇਗੀ। ਇਸ ਰਾਹੇ ਤੁਰ ਕੇ ਹੀ ਤਾਂ ਸੰਸਾਰ ਬਦਲਿਆ ਜਾ ਸਕਦਾ ਹੈ।
------
ਕਿਸੇ ਦੇ ਮੱਥੇ ਦੀ ਲੋਅ ਬਣ ਜਾਂਦੇ ਹਨ-ਮਹਾਂਪੁਰਸ਼ਾਂ ਦੇ ਪ੍ਰਵਚਨ। ਇਨ੍ਹਾਂ ਦੇ ਆਸਰੇ ਹਨੇਰੇ ਵਿਚ ਆਸ ਦੇ ਦੀਵੇ ਬਲ਼ਦੇ ਹਨ, ਫੇਰ ਜੱਗ ਚਾਨਣ ਹੁੰਦਾ ਹੈ। ਕਬੀਰ ਜੀ ਸਾਡੇ ਸਾਡੇ ਉੱਘੇ ਸੰਤ ਹੀ ਨਹੀਂ ਉੱਚਕੋਟੀ ਦੇ ਚਿੰਤਕ ਵੀ ਹੋਏ ਹਨ। ਉਨ੍ਹਾਂ ਦੀ ਬਾਣੀ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ। ਉਨ੍ਹਾਂ ਨੇ ਆਪਣੀ ਬਾਣੀ ਵਿਚ ਇਸ ਪਾਸੇ ਤੁਰੇ ਜਾਗਰੂਕ ਲੋਕਾਂ ਬਾਰੇ ਉਚਾਰਿਆ ਹੈ :
ਸੁਖੀਆ ਸਭ ਸੰਸਾਰ ਹੈ ਖਾਵੇ ਔਰ ਸੋਵੇ
ਦੁਖੀਆ ਦਾਸ ਕਬੀਰ ਹੈ ਜਾਗੇ ਔਰ ਰੋਵੇ
ਮੇਰਾ ਆਪਣਾ ਆਪਾ ਇਹੋ ਜਿਹੇ ਕਥਨਾਂ/ਪ੍ਰਵਚਨਾਂ ਨੂੰ ਆਪਣੇ ਮੱਥੇ ਦੀ ਲੋਅ ਸਮਝਦਾ ਹੈ। ਇਹਦੇ ਆਸਰੇ ਸਾਨੂੰ ਆਪਣਾ ਰਸਤਾ ਦਿਸਦਾ ਹੈ, ਆਪਣੇ ਫ਼ਰਜ਼ ਦੀ ਸੋਝੀ ਹੁੰਦੀ ਹੈ। ਮੇਰਾ ਆਪਣਾ ਆਪ ਲੋਕਾਂ, ਲੋਕ-ਪੱਖੀ ਸ਼ਕਤੀਆਂ, ਵੱਖੋ-ਵੱਖ ਵਿਚਾਰਧਾਰਾਵਾਂ ਤੋਂ ਸਿੱਖ-ਮੱਤ ਲੈ ਕੇ ਆਪਣੇ ਵਿਤ ਮੁਤਾਬਿਕ ਤੁਰ ਕੇ ਆਪਣੀ ਕਲਮ ਨਾਲ਼ ਵਫ਼ਾ ਪਾਲਣ ਲਈ ਵਚਨਵੱਧ ਹੈ। ਮੇਰਾ ਕਮਰਾ, ਕਮਰੇ ਵਿਚਲੀਆਂ ਕਿਤਾਬਾਂ ਮੇਰੀ ਸੋਚ ਨੂੰ ਪ੍ਰਭਾਵਿਤ ਕਰਦੀਆਂ ਹਨ। ਦੁਨੀਆ ਵਿਚ ਹੁੰਦੀ ਉਥਲ-ਪੁਥਲ ਅਤੇ ਬਦਲਦੀਆਂ ਸਥਿਤੀਆਂ, ਨਿੱਤ ਨਵੇਂ ਸਵਾਲ ਪੈਦਾ ਕਰਦੀਆਂ ਹਨ ਕਿ ਕਿਉਂ ਹੋ ਰਿਹਾ ਹੈ ਇਹ ਸਾਰਾ ਕੁਝ? ਕੌਣ ਕਰ ਰਿਹਾ ਹੈ? ਕੌਣ ਕਰਵਾ ਰਿਹਾ ਹੈ? ਮਨੁੱਖ ਕਿਉਂ ਨਿੱਘਰਦਾ ਜਾ ਰਿਹਾ ਹੈ ਦਿਨ ਪ੍ਰਤੀ ਦਿਨ? ਅਤੇ ਹੋਰ ਕਿੰਨਾ ਕੁ ਨਿੱਘਰੇਗਾ? ਉਪਰੋਕਤ ਸਾਰੇ ਹੀ ਸਵਾਲ ਕਮਰੇ ਵਿਚ ਬੈਠਕੇ ਵਿਚਾਰਦਾ ਹਾਂ ਤਾਂ ਮੇਰੀ ਕਲਮ, ਸ਼ਬਦਾਂ ਦਾ ਵਹਿਣ ਲੈ ਕੇ ਇਹਨਾਂ ਸਵਾਲਾਂ ਸੰਗ ਸੰਵਾਦ ਰਚਾਉਣ ਦਾ ਕਾਰਜ ਕਰਦੀ ਹੈ।
********