ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Saturday, April 21, 2012

ਡਾ: ਨਿਰਮਲ ਜੌੜਾ - ਨਾਟਕ - ਮੈਂ ਪੰਜਾਬ ਬੋਲਦਾ ਹਾਂ - ਰਿਵੀਊ

ਲੇਖਕ ਡਾ: ਨਿਰਮਲ ਜੌੜਾ
ਕਿਤਾਬ - "ਮੈਂ ਪੰਜਾਬ ਬੋਲਦਾ ਹਾਂ" ( ਨਾਟਕ )
ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ
ਮੁੱਲ
150 ਰੁਪਏ
ਵਿਸ਼ਲੇਸ਼ਣਕਾਰ: ਜਲੌਰ ਸਿੰਘ ਖੀਵਾ(ਡਾ.)

 ******
ਪੰਜਾਬੀਅਤ ਦੀ ਨਿਸ਼ਾਨਦੇਹੀ
ਬਹੁ-ਪੱਖੀ ਕਲਾਕਾਰ ਤੇ ਪ੍ਰਤਿਭਾਸ਼ਾਲੀ ਕਲਮਕਾਰ ਡਾ. ਨਿਰਮਲ ਸਿੰਘ ਜੌੜਾ ਉਰਫ਼ ਨਿਰਮਲ ਜੌੜਾ ' ਸੁਰਤ, ਮੱਤ, ਬੁੱਧ' ਦੀ ਤ੍ਰਿਵੈਣੀ ਹੈਸੁਰਤ ਦੀ ਧਾਰਾ ਵਿਚ ਚੇਤਨਾ ਤੇ ਚਿੰਤਨ ਦਾ ਪ੍ਰਵਾਹ ਹੈ' ਮੱਤ ਉੱਚੀ ਤੇ ਸੁੱਚੀ ਹੋਣ ਦੇ ਨਾਲ ਨਾਲ ਮਾਨਵਵਾਦੀ ਦ੍ਰਿਸ਼ਟੀ ਨਾਲ ਪ੍ਰਨਾਈ ਹੋਈ ਹੈ ਅਤੇ ਬੁੱਧ ਵਿਵੇਕ ਤੇ ਗਿਆਨ ਨਾਲ ਲਿਸ਼ਕਦੀ ਹੈ  ਅਜਿਹੀ ਤ੍ਰਿਵੈਣੀ ਦਾ ਸੰਗਮ ਜਦੋਂ ਕਿਸੇ ਕਲਮਕਾਰ ਲਈ ਸਾਹਿਤ ਸਿਰਜਣਾ ਦਾ ਆਧਾਰ ਤੇ ਉਸਾਰ ਬਣਦਾ ਹੈ ਤਾਂ ਨਿਸ਼ਚੇ ਹੀ ਕਿਸੇ ਸਾਰਥਿਕ ਰਚਨਾ ਦਾ ਜਨਮ ਹੁੰਦਾ ਹੈ  'ਮੈਂ ਪੰਜਾਬ ਬੋਲਦਾ ਹਾਂ' ਇਕ ਅਜਿਹੀ ਹੀ ਵਿਲੱਖਣ ਰਚਨਾ ਹੈ

ਨਿਰਮਲ ਜੌੜਾ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਨਾਟ-ਅਦਾਕਾਰੀ ਨਾਲ ਜੁੜਿਆ ਹੋਇਆ ਹੈ  ਨਾਟ-ਖੇਤਰ ਵਿਚ ਉਸਦੀ ਅਦਾਕਾਰੀ ਤੇ ਨਿਰਦੇਸ਼ਨਾਂ ਨੇ ਅੱਜ ਉਸਨੂੰ ਪਰੌੜ੍ਹ ਨਾਟਕਕਾਰ ਦੇ ਮੁਕਾਮ ਤੱਕ ਪਹੁੰਚਾ ਦਿੱਤਾ ਹੈ  ਹੱਥਲਾ ਨਾਟਕ ਉਸਦੀ ਪੰਜਵੀਂ ਨਾਟ-ਕ੍ਰਿਤ ਹੈ  ਇਸ ਤੋਂ ਪਹਿਲਾਂ 'ਵਾਪਸੀ' ਵਿਚ ਪੰਜਾਬ ਦੀ ਜਵਾਨੀ ਦੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਬੱਜਰ ਯਥਾਰਥ ਦੇ ਪੈਰਾਂ ਹੇਠ ਚਕਣਾਚੂਰ ਹੁੰਦੇ ਦਰਸਾਇਆ ਹੈ ਅਤੇ 'ਸਵਾਮੀ' ਰਾਹੀਂ ਪੰਜਾਬ ਵਿਚ ਵਧ ਰਹੇ ਡੇਰਾਵਾਦ ਦੇ ਭ੍ਰਿਸ਼ਟ ਤੇ ਦੰਭੀ ਕਿਰਦਾਰ ਤੋਂ ਨਕਾਬ ਲਾਹਿਆ ਹੈ  ਇਹਨਾਂ ਦੋਹਾਂ ਨਾਟਕਾਂ ਨੇ ਨਿਰਮਲ ਜੌੜਾ ਨੂੰ ਬਹੁ-ਚਰਚਿਤ ਪੰਜਾਬੀ ਨਾਟਕਕਕਾਰਾਂ ਦੇ ਬਰਾਬਰ ਲਿਆ ਖੜਾ ਕੀਤਾ ਹੈ  ਤ੍ਰਿਵੈਣੀ ਦੇ ਸੰਗਮ ਵਿਚੋਂ ਨਿਕਲਿਆ ਹੱਥਲਾ ਨਾਟਕ ਨਾਟ-ਸਿਰਜਣਾ ਦੇ ਖੇਤਰ ਵਿਚ ਨਵੀਂ ਚਰਚਾ ਛੇੜਦਾ ਹੈ  ਨਾਟਕਕਾਰ ਦੇ ਆਪਣੇ ਸ਼ਬਦਾਂ ਵਿਚ "ਗੀਤ-ਨਾਟਕ ਦੇ ਰੂਪ ਵਿਚ ਮੈਂ ਪੰਜਾਬ ਬੋਲਦਾ ਹਾਂ" ਪੰਜਾਬ ਦਾ ਇਤਿਹਾਸ ਨਹੀਂ, ਨਾਟਕੀ ਝਲਕਾਂ ਰਾਹੀਂ ਸਿਰਫ਼ ਪੰਜਾਬ ਦਰਸ਼ਨ ਦਾ ਰੂਪ ਹੈ"ਨਾਟਕਕਾਰ ਦੇ ਸਵੈ-ਕਥਨ ਦੀ ਸੱਚਾਈ ਨੁੰ ਅਸੀਂ ਇਸ ਨਾਟਕ ਦੀ ਟੈਕਸਟ ਵਿਚੋਂ ਲੱਭਦੇ ਹਾਂ

ਸੰਬੰਧਤ ਨਾਟਕ ਛੋਟੀਆਂ ਛੋਟੀਆਂ ਇੱਕੀ ਝਾਕੀਆਂ (ਦ੍ਰਿਸ਼ਾਂ) ਵਿਚ ਕਲਾ ਦੇ ਇਤਿਹਾਸਕ ਦ੍ਰਿਸ਼ਾਂ ਨਾਲ ਭਰਪੂਰ ਹੈ ਇਹਨਾਂ ਦ੍ਰਿਸ਼ਾਂ ਵਿਚ ਵਿਦੇਸ਼ੀ ਜਰਵਾਣਿਆਂ ਤੇ ਦੇਸੀ ਲੁਟੇਰਿਆਂ ਹੱਥੋਂ ਹੋਈ ਪੰਜਾਬ ਦੀ ਲੀਰੋ ਲੀਰ ਕਿਸਮਤ ਦੇ ਬਾਵਜੂਦ ਪੰਜਾਬੀਆਂ ਦੀ ਤੋਰ ਵਿਚ ਮੜ੍ਹਕ, ਬੋਲ ਵਿਚ ਬੜ੍ਹਕ, ਸੋਚ ਵਿਚ ਤਰਕ, ਅਣਖ ਵਿਚ ਰੜ੍ਹਕ ਤੇ ਜ਼ਿੰਦਗੀ ਤੋਂ ਇਸ ਰਚਨਾ ਦੀ ਟੈਕਸਟ ਦਾ ਅਧਿਐਨ ਕਰਦਿਆਂ ਪਹਿਲਾਂ ਪ੍ਰਸ਼ਨ ਹੀ ਇਹੋ ਉਤਪੰਨ ਹੁੰਦਾ ਹੈ ਕਿ ਕੀ ਇਹ ਰਚਨਾ ਸ਼ੁੱਧ ਨਾਟਕ ਹੈ  ਸ਼ੁੱਧ ਨਾਟਕ ਦੇ ਦੋ ਲਾਜ਼ਮੀ ਤੇ ਮਹੱਤਵਪੂਰਨ ਤੱਕ ਪਾਤਰ ਤੇ ਸੰਵਾਦ ਪਹਿਲੀ ਨਜ਼ਰੇ ਇਸ ਵਿਚ ਨਜ਼ਰ ਨਹੀਂ ਆਉਂਦੇ  ਜੋ ਪਾਤਰ ਨਜ਼ਰ ਆਉਂਦੇ ਹਨ ਉਹ ਨਾਟਕੀ ਪਾਤਰ ਨਹੀਂ ਇਤਿਹਾਸਕ ਪਾਤਰ ਹਨ  ਇਤਿਹਾਸਕ ਪਾਤਰਾਂ ਨੂੰ ਨਾਟਕ ਵਿਚ ਪ੍ਰਵੇਸ਼ ਹੋਣ ਲਈ ਨਾਟਕੀ ਕਿਰਦਾਰ ਧਾਰਨਾ ਪੈਂਦਾ ਹੈ, ਉਹਨਾਂ ਨੂੰ  ਰੰਗਮੰਚ ਉਤੇ ਸਾਕਾਰ ਹੋਣਾ ਪੈਂਦਾ ਹੈ  ਆਪਸੀ ਟਕਰਾਅ ਅਤੇ ਖਿਚਾਅ ਰਾਹੀਂ ਰੰਗਮੰਚ ਉਤੇ ਜਿਉਣਾ-ਮਰਨਾ ਪੈਂਦਾ ਹੈ  ਪਰ ਇਸ ਰਚਨਾ ਵਿਚ ਅਜਿਹਾ ਨਹੀਂ ਹੁੰਦਾ   ਮੁੱਖ ਪਾਤਰ (ਨਾਇਕ) ਪੰਜਾਬ, ਫ਼ਕੀਰ, ਦੇਸ਼ ਭਗਤ, ਰਾਜੇ, ਨੇਤਾ, ਸਿਪਾਹੀ ਤੇ ਲੋਕ ਵਾਰੀ ਵਾਰੀ ਰੰਗ ਮੰਚ ਉਤੇ ਪ੍ਰਵੇਸ਼ ਕਰਦੇ ਹਨ ਅਤੇ ਆਪਣੀ ਆਪਣੀ ਬਿਆਨਬਾਜ਼ੀ ਕਰ ਕੇ ਵਿਦਾਅ ਹੋ ਜਾਂਦੇ ਹਨ  ਨਾਟਕ ਦੇ ਤੀਸਰੇ ਦ੍ਰਿਸ਼ ਵਿਚ ਸਿਕੰਦਰ ਤੇ ਪੋਰਸ ਜਦੋਂ ਸਨਮੁੱਖ ਹੁੰਦੇ ਹਨ ਤਾਂ ਟਕਰਾਅ ਦੇ ਆਸਾਰ ਬਣਦੇ ਹਨ ਪਰ ਨਾਟਕਕਾਰ ਉਹਨਾਂ ਨੂੰ ਉਲਝਣ ਹੀ ਨਹੀਂ ਦਿੰਦਾ ਸਗੋਂ ਤਰਕਵਾਦੀ ਢੰਗ ਨਾਲ ਸਿਕੰਦਰ ਦੇ ਹੰਕਾਰ ਉਤੇ ਪੋਰਸ ਦੇ ਸਵੈਮਾਨ ਦੀ ਜਿੱਤ ਕਰਵਾ ਦਿੰਦਾ ਹੈ  ਇਸੇ ਤਰ੍ਹਾਂ ਨਾਟਕ ਦੇ ਚੌਧਵੇਂ ਤੇ ਪੰਦਰ੍ਹਵੇਂ ਦ੍ਰਿਸ਼ਾਂ ਵਿਚ ਪੰਜਾਬ ਦੀ ਉਨੀ ਸੌ ਸੰਤਾਲੀ ਵੇਲੇ ਹੋਈ ਵੰਡ ਸਮੇਂ ਹਿੰਦੂ, ਸਿੱਖ ਤੇ ਮੁਸਲਮਾਨਾਂ ਵਿਚ ਫਿਰਕੂ ਜੀਵਨ ਅਧੀਨ ਟਕਰਾਅ ਉਭਰਦਾ ਹੈ ਪਰ ਨਾਟਕ ਇਸ ਜਨੂਨ ਤੇ ਟਕਰਾ ਦੇ ਫਲਸਰੂਪ ਪੈਦਾ ਹੋਈ ਕਤਲੇਆਮ ਨੂੰ ਵੱਖ-ਵੱਖ ਖ਼ਬਰਾਂ ਰਾਹੀਂ ਦਰਸਾਅ ਦਿੰਦਾ ਹੈ

ਪਰ ਜਦੋਂ ਅਸੀਂ ਦੀਰਘ-ਦ੍ਰਿਸ਼ਟੀ ਨਾਲ ਸੰਬੰਧਤ ਨਾਟਕ ਦੀ ਟੈਕਸਟ ਅਤੇ ਨਾਟਕਕਾਰ ਦੇ ਉਦੇਸ਼ ਨੂੰ ਵਾਚਦੇ ਹਾਂ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਇਸ ਵਿਚ ਨਾਟਕਕਾਰ ਦੀ ਮਾਨਵਵਾਦੀ ਦ੍ਰਿਸ਼ਟੀ ਉਸਨੂੰ ਅਜਿਹੇ ਦ੍ਰਿਸ਼ ਸਿੱਧੇ ਪੇਸ਼ ਕਰਨ ਦੀ ਇਜਾਜ਼ਤ ਹੀ ਨਹੀਂ ਦਿੰਦੀ, ਜਿਹਨਾਂ ਨਾਲ ਪੰਜਾਬੀਅਤ ਨੂੰ ਆਂਚ ਆਉਂਦੀ ਹੋਵੇ  ਪੰਜਾਬੀਅਤ ਸੂਰਬੀਰਤਾ, ਸਹਿਣਸ਼ੀਲਤਾ, ਸਾਂਝੀਵਾਲਤਾ ਅਤੇ ਚੜ੍ਹਦੀ ਕਲਾ ਦਾ ਨਾਮ ਹੈ  ਇਥੇ ਇਹ ਵੀ ਸਪੱਸ਼ਟ ਕਰਨਾ ਜ਼ਰੂਰੀ ਹੈ ਕਿ ਸੂਰਬੀਰਤਾ ਸਿਰਫ਼ ਜੰਗ ਦੀ ਵਸਤੂ ਨਹੀਂ ਅਮਨ ਦਾ ਪੈਗਾਮ ਹੈ  ਜੰਗੀ ਤੇ ਮਾਰੂ ਪ੍ਰਸਥਿਤੀਆਂ ਵਿਚ ਜੀਓ ਤੇ ਜਿਉਣ ਦਿਉ ਉੱਤੇ ਪਹਿਰਾ ਦੇਣਾ ਹੀ ਸਭ ਤੋਂ ਵੱਡੀ ਸੂਰਬੀਰਤਾ ਹੈ  ਨਿਸ਼ਚੇ ਹੀ ਇਹ ਸੂਰਬੀਰਤਾ ਪੰਜਾਬੀਆਂ ਦੇ ਹਿੱਸੇ ਆਈ ਹੈ  ਪੰਜਾਬੀ ਕਿਸੇ ਦੇ ਕਤਲੇਆਮ ਲਈ ਹਥਿਆਰ ਨਹੀਂ ਚੁੱਕਦੇ ਸਗੋਂ ਸਵੈ ਸੁਰੱਖਿਆ ਲਈ ਸਸ਼ਤਰਦਾਰੀ ਬਣਦੇ ਹਨ ਦੂਸਰੀ ਗੱਲ, ਇਸ ਨਾਟਕ ਦਾ ਘੇਰਾ (ਕੈਨਵਸ) ਆਰੀਅਨ ਕੌਮ ਦੇ ਆਗਮਨ ਤੋਂ ਲੈ ਕੇ ਅਜੋਕੇ ਸਮੇਂ ਤੱਕ; ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਫੈਲਿਆ ਹੋਇਆ ਹੈ  ਇਤਨੇ ਲੰਮੇ ਇਤਿਹਾਸ ਨੂੰ ਸਾਰੇ ਸੰਬੰਧਤ ਪਾਤਰਾਂ ਰਾਹੀਂ ਪੇਸ਼ ਹੀ ਨਹੀਂ ਕੀਤਾ ਜਾ ਸਕਦਾ  ਨਾਟਕਕਾਰ ਇਸ ਪੱਖੋਂ ਸੁਚੇਤ ਹੋਣ ਕਰਕੇ ਹੀ ਤਾਂ ਕਹਿੰਦਾ ਹੈ ਕਿ ਇਹ ਨਾਟਕ ਪੰਜਾਬ ਦਾ ਇਤਿਹਾਸ ਨਹੀਂ ਇਤਿਹਾਸ ਦੀਆਂ ਕੁਝ ਝਲਕਾਂ ਹਨ  ਨਾਟਕਕਾਰ ਨੇ ਸਾਰੇ ਪਾਤਰਾਂ ਨੂੰ ਪੇਸ਼ ਕਰਨ ਦੀ ਬਜਾਏ ਨਾਇਕ (ਪੰਜਾਬ) ਦੀ ਜ਼ੁਬਾਨੀ ਪੰਜਾਬ ਦੀ ਕਹਾਣੀ ਦਰਸਾ ਦਿੱਤੀ ਹੈ  'ਪੰਜਾਬ' ਦੇ ਚਿਹਰੇ ਉਤੇ ਕਿਤੇ ਗੌਰਵ ਵਿਚ ਖ਼ੁਸ਼ੀਆਂ ਦੇ ਖੇੜੇ ਤੇ ਕਿਤੇ ਜਰਵਾਣਿਆਂ ਤੇ ਲੁਟੇਰਿਆਂ ਦੇ ਹੱਥੋਂ ਹੋਈ ਤਬਾਹੀ ਦੇ ਫਲਸਰੂਪ ਉਭਰੇ ਹੋਏ ਚਿੰਤਾ ਤੇ ਸੋਗ ਦੇ ਚਿੰਨ੍ਹ ਪੰਜਾਬ-ਇਤਿਹਾਸ ਦੇ ਉਤਰਾਵਾਂ - ਚੜ੍ਹਾਵਾਂ ਦੀ ਹੀ ਦਾਸਤਾਨ ਪੇਸ਼ ਕਰਦੇ ਹਨ  ਨਾਟਕਕਾਰ ਨੇ ਬੜੀ ਨਿਪੁੰਨਤਾ ਨਾਲ ਨਾਟਕ ਨੂੰ ਪਾਤਰਾਂ ਦੀ ਘੜਮੱਸ ਤੋਂ ਵੀ ਬਚਾ ਲਿਆ ਹੈ ਅਤੇ ਵਿਪਰੀਤ ਪਾਤਰਾਂ ਦੇ ਆਪਸੀ ਟਕਰਾਅ ਨੂੰ ਵੀ ਟਾਲ਼ ਦਿੱਤਾ ਹੈ

ਨਾਟਕ ਦੀ ਅਗਲੀ ਪਛਾਣ ਉਸ ਵਿਚ ਵਰਤੀ ਗਈ ਸੰਵਾਦਿਕ ਸ਼ੈਲੀ ਹੁੰਦੀ ਹੈਸੰਵਾਦ ਪਾਤਰਾਂ ਦੀ ਆਪਸੀ ਵਾਰਤਾਲਾਪ ਜਾਂ ਗੱਲਬਾਤ ਨਹੀਂ ਹੁੰਦੇ ਸਗੋਂ ਅਜਿਹਾ ਟਕਰਾ ਉਭਾਰਦੇ ਹਨ ਜਿਸ ਵਿਚੋਂ ਪਾਤਰਾਂ ਦੇ ਕਿਰਦਾਰ ਰੂਪਮਾਨ ਹੋਣ ਦੇ ਨਾਲ ਨਾਟਕ ਦੀ ਸਮੱਸਿਆ ਜਾਂ ਵਿਸ਼ਾ ਵੀ ਉੱਘੜਦਾ ਚਲਾ ਜਾਂਦਾ ਹੈ  ਇਹ ਪਾਤਰਾਂ ਦੇ ਸੰਵਾਦ ਹੀ ਹੁੰਦੇ ਹਨ ਜਿਹੜੇ ਰੰਗ ਮੰਚ ਉੱਤੇ ਹੁਂਦੇ ਕਾਰਜ ਨੂੰ ਮਘਾਉਂਦੇ ਹਨ ਅਤੇ ਦਰਸ਼ਕਾਂ ਦੀ ਚੇਤਨਾ ਨੂੰ ਝੰਜੋੜਨ ਦੇ ਨਾਲ ਨਾਲ ਉਹਨਾਂ ਨੁੰ ਰੰਗਮੰਚ (ਨਾਟਕ) ਨਾਲ ਵੀ ਜੋੜੀ ਰੱਖਦੇ ਹਨ  ਪਰ ਹੱਥਲਾ ਨਾਟਕ ਸੰਵਾਦਿਕ ਸ਼ੈਲੀ ਵਿਚ ਨਹੀਂ, ਬਿਆਨੀਆਂ ਸ਼ੈਲੀ ਵਿਚ ਹੈ  ਬਿਆਨੀਆਂ ਸ਼ੈਲੀ ਪਾਤਰਾਂ ਦੇ ਮੂਹੋਂ ਨਿੱਕਲੇ ਬਿਆਨਾਂ, ਵੇਰਵਿਆਂ, ਸੂਚਨਾਵਾਂ ਤੇ ਆਧਾਰਤ ਹੁੰਦੀ ਹੈ  ਨਿਸ਼ਚੇ ਹੀ ਅਜਿਹੀ ਸ਼ੈਲੀ ਨਾਟਕੀ ਨਹੀਂ ਕਹੀ ਜਾ ਸਕਦੀ  ਨਾਟਕੀ ਸ਼ੈਲੀ ਤਾਂ ਸੰਵਾਦਿਕ ਸ਼ੈਲੀ ਹੁੰਦੀ ਹੈ ਜੋ ਸੰਵਾਦਾਂ ਵਿਚੋਂ ਨਿਕਲੀ ਤਲਖ਼ੀ ਦੇ ਫਲਸਰੂਪ ਪਾਤਰਾਂ ਨੂੰ ਹੱਥੋਪਾਈ ਵੀ ਕਰਵਾ ਦਿੰਦੀ ਹੈ  ਪਰ ਇਸ ਨਾਟਕ ਵਿਚ ਅਜਿਹਾ ਕੁੱਝ ਨਹੀਂ ਹੁੰਦਾ  ਪਾਤਰਾਂ ਦੀ ਪੇਸ਼ਕਾਰੀ ਵਾਂਗ ਇਥੇ ਵੀ ਨਾਟਕਕਾਰ ਨੇ ਬਿਆਨੀਆ ਸ਼ੈਲੀ ਨੁੰ ਇਸ ਲਈ ਚੁਣਿਆ ਹੈ ਕਿ ਉਸਨੇ ਜੋ ਝਾਕੀਆਂ ਪੇਸ਼ ਕਰਨੀਆਂ ਸਨ ਉਹਨਾਂ ਵਿਚ ਕਿਸੇ ਤਰ੍ਹਾਂ ਦੇ ਟਕਰਾਉ ਜਾਂ ਤਨਾਉ ਦੀ ਬਜਾਏ ਸੁਲਝਾਉ ਨੂੰ ਪੇਸ਼ ਕਰਨਾ ਸੀ  ਪਰ ਨਾਟਕਕਾਰ ਇਸ ਪੱਖੋਂ ਸੁਚੇਤ ਹੈ ਕਿ ਬਿਆਨੀਆਂ ਸ਼ੈਲੀ ਨੂੰ ਨਾਟਕੀ ਸ਼ੈਲੀ ਬਣਨ ਲਈ ਜ਼ੋਰਦਾਰ ਤੇ ਪ੍ਰਭਾਵਸ਼ਾਲੀ ਬਣਨਾ ਪਵੇਗਾ  ਇਸ ਲਈ ਉਹ ਬਾਆਨੀਆਂ ਸ਼ੈਲੀ ਨੂੰ ਕਾਵਿਕ ਰੂਪ ਪ੍ਰਦਾਨ ਕਰਦਾ ਹੈ  ਕਾਵਿਕ ਸ਼ੈਲੀ ਨੂੰ ਵਧੇਰੇ ਸਾਹਿਤਕ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਉਹ ਗੁਰਬਾਣੀ ਤੇ ਲੋਕ-ਪ੍ਰਸੰਗਾਂ ਦੀਆਂ ਟੁਕਾਂ ਦੇ ਹਵਾਲੇ ਦੇਣ ਦੇ ਨਾਲ ਨਾਲ ਇਸ ਵਿਚ ਗੀਤਾਂ ਤੇ ਬੋਲੀਆਂ ਦੇ ਰੰਗ ਵੀ ਭਰਦਾ ਹੈ  ਸ਼ਾਇਦ ਇਸੇ ਕਰਕੇ ਨਾਟਕਕਾਰ ਨੇ ਸੰਬੰਧਤ ਰਚਨਾ ਨੂੰ ਗੀਤ-ਨਾਟਕ ਕਿਹਾ ਹੈ  ਸਭ ਤੋਂ ਪ੍ਰਭਾਵਸ਼ਾਲੀ ਗੱਲ, ਨਾਟਕਕਾਰ ਬਿਆਨੀਆਂ ਸ਼ੈਲੀ ਵਿਚ ਪੰਜਾਬ ਦੇ ਦੁਖਾਂਤ ਤੇ ਤਬਾਹੀ ਦਾ ਦਰਦ ਵੀ ਭਰਦਾ ਹੈ  ਇਉਂ ਬਿਆਨੀਆਂ ਸ਼ੈਲੀ ਵਿਚ ਭਰੇ ਹੋਏ ਵੱਖ-ਵੱਖ ਰੰਗ ਦਰਸ਼ਕਾਂ ਨੂੰ ਕੀਲਦੇ ਵੀ ਹਨ ਅਤੇ ਉਹਨਾਂ ਨੂੰ ਜਾਗਰਿਤ ਵੀ ਕਰਦੇ ਹਨ

ਉਪਰੋਕਤ ਚਰਚਾ ਵਿਚੋਂ ਇਹ ਸਪੱਸ਼ਟ ਹੁੰਦਾ ਹੈ ਕਿ ਨਾਟਕਕਾਰ ਨੇ ਨਾਟਕੀ-ਵਿਧਾ ਦੀਆਂ ਸਨਾਤਨੀ ਧਾਰਨਾਵਾਂ ਨੂੰ ਤੋੜ ਕੇ, ਨਾਟ-ਸਿਰਜਣਾ ਦੇ ਨਵੇਂ ਆਧਾਰ ਪੇਸ਼ ਕੀਤੇ ਹਨ  ਦੂਸਰੇ ਸ਼ਬਦਾਂ ਵਿਚ ਇਹ ਨਾਟਕ ਨਾਟ- ਖੇਤਰ ਵਿਚ ਇਕ ਨਵਾਂ ਤੇ ਸਫ਼ਲ ਪ੍ਰਯੋਗ ਹੈ

ਨਾਟਲ ਬਾਰੇ ਆਖਰੀ ਤੇ ਅਹਿਮ ਧਾਰਨਾ ਨਾਟਕ ਦਾ ਰੰਗਮੰਚ ਨਾਲ ਅਟੁੱਟ ਸੰਬੰਧ ਹੈ  ਕਿਸੇ ਨਾਟਕ ਨੇ ਸਾਕਾਰ ਤੇ ਪ੍ਰਵਾਨ ਹੀ ਰੰਗਮੰਚ ਉਤੇ ਹੋਣਾ ਹੁੰਦਾ ਹੈ  ਇਸ ਅਵਸਥਾ ਵਿਚ ਜੇ ਨਾਟਕਕਾਰ ਖ਼ੁਦ ਨਿਰਦੇਸ਼ਕ ਨਹੀਂ ਤਾਂ ਉਹ ਨਾਟਕ ਵਿਚੋਂ ਸਹਿਜੇ ਹੀ ਖਾਰਜ ਹੋ ਜਾਂਦਾ ਹੈ ਅਤੇ ਨਾਟਕ ਨਿਰਦੇਸ਼ਕ, ਅਦਾਕਾਰਾਂ ਤੇ ਦਰਸ਼ਕਾਂ ਦੀ ਤ੍ਰਿਵੈਣੀ ਵਿਚ ਬੱਝ ਜਾਂਦਾ ਹੈ ਨਾਟਕ ਦੀ ਸਫ਼ਲਤਾ ਲਈ ਨਿਰਦੇਸ਼ਕ, ਅਦਾਕਾਰਾਂ ਤੇ ਦਰਸ਼ਕਾਂ ਦੀ ਅਪਸੀ ਸਾਂਝ ਤੇ ਸੰਤੁਲਨ ਅਤਿ ਜ਼ਰੂਰੀ ਹੈ  ਇਹਨਾਂ ਤਿੰਨਾਂ ਨੁੰ ਆਪਸ ਵਿਚ ਜੋੜਨ ਲਈ ਨਾਟਕ ਇਕ ਮਾਧਿਅਮ ਅਤੇ ਰੰਗਮੰਚ ਸਤਾਨ ਹੁੰਦਾ ਹੈ  ਇਉਂ ਮਾਧਿਅਮ ਤੇ ਸਥਨ ਪ੍ਰਮੁੱਖ ਭੂਮਿਕਾ ਨਿਭਾਉਂਦੇ ਹਨ  ਦੋਹਾਂ ਦਾ ਸਮਰੂਪ ਤੇ ਹਾਣੀ ਬਣਨਾ ਜ਼ਰੂਰੀ ਹੈ  ਨਿਰਦੇਸ਼ਕ ਦੀ ਸੁਚੱਜੀ ਨਿਰਦੇਸ਼ਨਾ ਤੇ ਅਦਾਕਾਰਾਂ ਦੀ ਅਦਾਕਾਰੀ ਨੇ ਇਸ ਸਮਰੂਪਤਾ ਤੇ ਹਾਣ ਨੂੰ ਪ੍ਰਵਾਨ ਚੜਾਉਣਾ ਹੁੰਦਾ ਹੈ  ਮੈਂ ਪੰਜਾਬ ਬੋਲਦਾ ਹਾਂਇਕ ਮਹਾਂ ਨਾਟ ਹੈ  ਇਸ ਮਹਾਂ ਨਾਟ ਦਾ ਨਾਇਕ ਪੰਜਾਬ ਹੈ  ਪੰਜਾਬ ਕੋਈ ਨਿਸ਼ਚਿਤ ਭੂਗੋਲਿਕ ਖਿੱਤਾ ਨਹੀਂ, ਭੂਗੋਲਿਕ  ਹੱਦਬੰਦੀਆਂ ਤੋਂ ਪਾਰ ਵਿਸ਼ਵ ਪੱਧਰ ਤੱਕ ਫੈਲਿਆ ਹੋਇਆ ਹੈ  ਪੰਜਾਬ ਦੇ ਚਰਿਤਰ ਦੀ ਪਛਾਣ ਪੰਜਾਬੀਅਤ ਹੈਪੰਜਾਬੀਅਤ ਸ਼ੁੱਧ ਸਰੂਪ ਹੈ ਜੋ ਰੰਗ-ਰੂਪ, ਜਾਤ-ਪਾਤ, ਊਚ-ਨੀਚ ਦੇ ਵਿਤਕਰਿਆਂ ਤੋਂ ਨਿਰਲੇਪ ਸਾਂਝੀਵਾਲਤਾ, ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦਾ ਮੁਜਸਮਾ ਹੈ  ਇਉਂ ਪੰਜਾਬ ਤੇ ਉਸਦਾ ਚਰਿਤਰ ਪੰਜਾਬੀਅਤ ਵਿਸ਼ਵਵਿਆਪੀ ਹੈ, ਆਪਣੇ ਆਪ ਵਿਚ ਵਿਸ਼ਵ-ਇਤਿਹਾਸ ਹੈ  ਇਸ ਵਿਸ਼ਵ-ਇਤਿਹਾਸ ਦੀ ਪੇਸ਼ਕਾਰੀ ਲਈ ਇਸਦੇ ਪੱਧਰ ਤੇ ਹਾਣ ਦਾ ਰੰਗ-ਮੰਚ ਚਾਹੀਦਾ ਹੈ  ਸਪੱਸ਼ਟ ਹੈ ਕਿ ਅਜਿਹਾ ਰੰਗ-ਮੰਚ ਕੋਈ ਐਪਿਕ-ਥੀਏਟਰ ਹੀ ਹੋ ਸਕਦਾ ਹੈ  ਇਹ ਐਪਿਕ ਥੀਏਟਰ ਹੀ ਹੈ ਜੋ ਪੰਜਾਬ ਦੇ ਇਤਿਹਾਸ ਦੀਆਂ ਝਲਕਾਂ ਨੂੰ ਆਪਣੀ ਛਾਤੀ ਉਤੇ ਧੜਕਾਅ ਤੇ ਦਰਸਾਅ ਸਕਦਾ ਹੈ  ਪਰ ਐਪਿਕ-ਥੀਏਟਰ ਦੀ ਅਣਹੋਂਦ ਦੇ ਫਲਸਰੂਪ, ਇਕ ਵਿਸ਼ਾਲ ਰੰਗ ਮੰਚ ਉਤੇ ਬਿਜਲਈ ਸਾਧਨਾ ਤੇ ਆਧੁਨਿਕ ਰੰਗ-ਮੰਚੀ ਤਕਨੀਕਾਂ ਨਾਲ ਵੀ ਇਸ ਮਹਾਂ-ਨਾਟ ਨੂੰ ਸਾਕਾਰ ਕੀਤਾ ਜਾ ਸਕਦਾ ਹੈ

ਮੈਂ ਪੰਜਾਬ ਬੋਲਦਾ ਹਾਂਮ੍ਹਹਾ-ਨਾਟ ਦੀ ਸਿਰਜਣਾ ਦੇ ਉਦੇਸ਼ ਨੂੰ ਵਿਚਾਰਨਾ ਵੀ ਅਤਿ ਜ਼ਰੂਰੀ ਹੈਨਾਟਕਕਾਰ ਦੇ ਸਵੈ-ਕਥਨ ਅਨੁਸਾਰ ਵਿਦੇਸ਼ੀ ਵਸਦੀ ਪੰਜਾਬੀਆਂ ਦੀ ਨਵੀ ਪੀੜੀ (ਜੋ ਪੰਜਾਬ ਦੇ ਗੌਰਵਮਈ ਵਿਰਸੇ ਤੇ ਇਤਿਹਾਸ ਤੋਂ ਨਾਵਾਕਿਫ਼ ਹੈ) ਨੂੰ ਪੰਜਾਬ ਦੇ ਗੌਰਵਮਈ ਵਿਰਸੇ ਅਤੇੋ ਇਤਿਹਾਸ ਤੋਂ ਜਾਣੂੰ ਕਰਵਾਉਣਾ ਹੈ  ਨਾਟਕਕਾਰ ਦੀ ਉਦੇਸ਼-ਪ੍ਰਾਪਤੀ ਇਸ ਵਿਚ ਹੈ ਕਿ ਉਸਨੇ ਇਸ ਨਾਕਕ ਦੀ ਸਿਰਜਣਾ ਸਮੇਂ ਆਪਣੀ ਵਿਸ਼ਵ-ਦ੍ਰਿਸ਼ਟੀ ਨੂੰ ਬਰਕਰਾਰ ਰੱਖਦਿਆਂ, ਇਸ ਨਾਕਟ ਵਿਚ ਉਹੀ ਕੁੱਝ ਪੇਸ਼ ਕੀਤਾ ਹੈ ਜੋ ਪੰਜਾਬੀਅਤ ਦੇ ਸਹੀ ਸਰੂਪ ਤੇ ਸੰਕਲਪ ਨੂੰ ਉਭਾਰ ਸਕੇ  ਇਹ ਪੰਜਾਬੀਅਤ ਹੀ ਪੰਜਾਬ ਦਾ ਗੌਰਵਮਈ ਵਿਰਸਾ ਤੇ ਇਤਿਹਾਸ ਹੈ

ਸੁਰਤ, ਮੱਤ, ਬੁੱਧਦੇ ਸੰਗਮ ਵਿਚ ਬੱਝਿਆ ਨਾਟਕਕਾਰ ਕਿਤੇ ਵੀ ਉਪਭਾਵਕ ਜਾਂ ਉਲਾਰ ਨਹੀਂ ਹੁੰਦਾ ਸਗੋਂ ਬੜੇ ਸਹਿਜ ਤੇ ੳਰਕ ਨਾਲ ਪੰਜਾਬ ਦੇ ਵਿਰਸੇ ਤੇ ਇਤਿਹਾਸ ਨੂੰ ਫਰੋਲਦਾ ਹੋਇਆ ਉਹ ਸਭ ਕੁਝ ਅੱਖੋਂ ਪਰੋਖੇ ਕਰ ਦਿੰਦਾ ਹੈ ਜਿਸ ਦੇ ਪੇਸ਼ ਕਰਨ ਨਾਲ ਪੰਜਾਬੀਅਤ ਨੂੰ ਆਂਚ ਆਉਂਦੀ ਹੋਵੇ  ਉਹ ਉਸ ਸਭ ਕੁਝ ਨੂੰ ਨਕਾਰ ਦਿੰਦਾ ਹੈ ਹੋ ਕੁਝ ਵੀ ਅਮਾਨਵੀ ਹੈ ਅਤੇ ਉਸ ਸਭ ਕੁਝ ਨੂੰ ਉਭਾਰ ਦਿੰਦਾ ਹੈ ਹੋ ਮਾਨਵੀ ਹੈਇਹੀ ਕਾਰਨ ਹੈ ਕਿ ਨਾਟਕਕਾਰ ਨੇ ਉਨ੍ਹੀ ਸੌ ਸੰਤਾਲੀ ਦੀ ਵੰਡ ਸਮੇਂ ਹੋਈ ਫਿਰਕੂ ਕਤਲੇਆਮ ਅਤੇ ਨੱਬਵਿਆਂ ਵਿਚ ਫੈਲੇ ਅਤਿਵਾਦ ਦੇ ਘਿਨਾਉਣੇ ਤੇ ਡਰਾਉਣੇ ਦ੍ਰਿਸ਼ਾਂ ਦੀ ਪੇਸ਼ਕਾਰੀ ਤੋਂ ਪ੍ਰਹੇਜ ਕੀਤਾ ਹੈ  ਪਰ ਇੱਕੀਵੇਂ ਦ੍ਰਿਸ਼ ਵਿਚ ਅੱਤਵਾਦ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਭਰੂਣ ਹੱਤਿਆ, ਨਸ਼ਾਖੋਰੀ, ਪ੍ਰਦੂਸ਼ਣ, ਮਿਲਾਵਟ ਖੋਰੀ ਆਦਿ ਅਮਾਨਵੀ ਅਲਾਮਤਾਂ ਨੂੰ ਕਾਲੇ ਤੇ ਡਰਾਉਣੇ ਕਿਰਦਾਰਾਂ ਰਾਹੀਂ ਸਾਕਾਰ ਕਰ ਕੇ, ਉਹਨਾਂ ਉਤੇ ਵੱਖ-ਵੱਖ ਦਿਸ਼ਾਵਾਂ ਤੋਂ ਆਉਂਦੇ ਹਿੰਦੂ, ਸਿੱਖ ਅਤੇ ਮੁਸਲਮਾਨ ਪੰਜਾਬੀ ਸਪੂਤਾਂ ਦੀ ਸਾਂਝੇ ਰੂਪ ਵਿਚ ਜਿੱਤ ਦਰਸਾ ਕੇ ਆਪਣੇ ਮਾਨਵਵਾਦੀ ਉਦੇਸ਼ ਦੀ ਪੂਰਤੀ ਕੀਤੀ ਹੈ  ਨਾਟਕਕਾਰ ਅਥਵਾਪੰਜਾਬਨੂੰ ਇਸ ਹੱਲ ਦਾ ਦੁੱਖ ਤਾਂ ਹੈ ਕਿ ਜਰਵਾਣਿਆਂ ਤੇ ਲੁਟੇਰਿਆਂ ਦੀ ਖ਼ੁਦਗਰਜ਼ੀ ਤੇ ਲੁੱਟ ਨੇ ਸੱਤਾਂ ਦਰਿਆਵਾਂ ਦੇ ਸਪਤਸਿੱਧੂ ਨੂੰ ਛਾਂਗ ਕੇ ਪਹਿਲਾਂ ਪੰਜ ਦਰਿਆਵਾਂ ਦਾ ਪੰਜਾਬ ਬਣਾ ਦਿੱਤਾ ਤੇ ਫਿਰ ਟੋਟੇ ਕਰ ਕੇ ਢਾਬ (ਢਾਈਆਬ) ਬਣਾ ਦਿੱਤਾ ਹੈ  ਪਰ ਪੰਜਾਬੀ ਇਸ ਭੂਗੋਲਿਕ ਖਿੱਤੇ ਤੋਂ ਉਪਰ ਉਠ ਕੇ ਵਿਸ਼ਵ ਪੱਧਰ ਉਤੇ ਫੈਲ ਗਏ ਹਨ ਅਤੇ ਉਹਨਾਂ ਨੇ ਪੰਜਾਬੀਅਤ ਦੇ ਝੰਡੇ ਬੁਲੰਦ ਰੱਖੇ ਹਨ  ਪੰਜਾਬੀ ਦੇ ਅਲਬੇਲੇ ਸ਼ਾਇਰ ਪ੍ਰੋ. ਮੋਹਨ ਸਿੰਘ ਨੇ ਜੋ ਗੱਲ ਸਿਖੀ ਦੇ ਬੂਟੇ ਬਾਰੇ ਕਹੀ ਸੀ ਕਿ, “ਇਹ ਜਿਤਨਾ ਵੀ ਛਾਂਗ ਦੇਈਏ ਉਤਨਾ ਹੀ ਫਲਦਾ ਹੈ”, ਉਹ ਸਿਖੀ ਦਾ ਬੂਟਾ ਕੋਈ ਨਿਸਚਿਤ ਜਾਂ ਸੀਮਿਤ ਧਾਰਮਿਕ ਚਿੰਨ੍ਹ ਨਹੀਂ ਸਗੋਂ ਪੰਜਾਬੀਅਤ ਦਾ ਵਿਸ਼ਾਲ ਬੋਹੜ ਹੈ ਜਿਸਦੇ ਟਾਹਣੇ ਵਿਸ਼ਵ ਤੱਕ ਫੈਲਣ ਦੇ ਬਾਵਜੂਦ ਉਸ ਦੀਆਂ ਜੜ੍ਹਾਂ ਪੰਜਾਬ ਦੀ ਮਿੱਟੀ ਵਿਚ ਲੱਗੀਆਂ ਹੋਈਆਂ ਹਨਨਿਰਮਲ ਜੌੜਾ ਦਾ ਇਹ ਨਾਟਕ ਇਹਨਾਂ ਜੜ੍ਹਾਂ ਦੀ ਨਿਸ਼ਾਨਦੇਹੀ ਕਰਦਾ ਹੋਇਆ ਵਿਸ਼ਵ ਪੱਧਰ ਤੱਕ ਫੈਲੀ ਹੋਈ ਪੰਜਾਬੀਅਤ ਨੂੰ ਵੀ ਸਾਕਾਰ ਕਰਦਾ ਹੈ ਅਤੇ ਵਿਸ਼ਵ ਪੱਧਰ ਉਤੇ ਫੈਲੇ ਹੋਏ ਪੰਜਾਬੀਆਂ ਦੀ ਖ਼ੈਰੀਅਤ ਤੇ ਚੜ੍ਹਦੀ ਕਲਾ ਲਈ ਦੁਆਵਾਂ ਕਰਦਾ ਹੈ  ਨਿਰਮਲ ਜੌੜਾ ਦੀ ਇਸ ਘਾਲਣਾ ਨੂੰ ਲੱਖ-ਲੱਖ ਦੁਆਵਾਂ ਤੇ ਉਸਦੀ ਦੀ ਕਲਮ ਲਈ ਸ਼ੁੱਭ ਕਾਮਨਾਵਾਂ....ਆਮੀਨ !