ਮਰਸੀਆ-ਏ-ਬਾਦਲ ( ਮਰਸੀਏ ਅਤੇ ਉਦਾਸ ਸੁਰ ਦੀਆਂ ਗ਼ਜ਼ਲਾਂ )
ਲੇਖਕ – ਗੁਰਦਰਸ਼ਨ ਬਾਦਲ, ਸਰੀ ਕੈਨੇਡਾ
ਪ੍ਰਕਾਸ਼ਕ – ਪੰਜਾਬੀ ਆਰਸੀ – ਕੈਨੇਡਾ ਇੰਡੀਆ
ਪ੍ਰਕਾਸ਼ਨ ਵਰ੍ਹਾ - 2010
======
ਸਮਰਪਣ:
ਆਪਣੇ ਸਵਰਗੀ ਦਾਦਾ ਜੀ ਸ: ਸਾਵਣ ਸਿੰਘ ਬਮਰ੍ਹਾ ਜੀ ਨੂੰ, ਜਿਨ੍ਹਾਂ ਦੇ ਹਥੌੜੇ ਦੀ ਜ਼ੋਰਦਾਰ ਸੱਟ ਮਚਾਕ ਜਾਂ ਅਹਿਰਨ ਉੱਤੇ ਇਕ ਅਲੌਕਿਕ ਤਾਲ ਸਿਰਜਦੀ ਰਹਿੰਦੀ ਸੀ ਤੇ ਇਹੀ ਤਾਲ ਮੇਰੇ ਪਿਤਾ ਜੀ ਸਵਰਗੀ ਸ: ਸਰਦਾਰਾ ਸਿੰਘ ਬਮਰ੍ਹਾ ਜੀ ਦੀ ਸੁਰੀਲੀ ਆਵਾਜ਼ ਰਾਹੀਂ ਹੁੰਦੀ ਹੋਈ ਮੇਰੀ ਗ਼ਜ਼ਲ ਦੇ ਸ਼ਬਦਾਂ ਤੀਕ ਪਹੁੰਚੀ।
ਗੁਰਦਰਸ਼ਨ ਬਾਦਲ
====
ਕੁਦਰਤ ਦੀ ਸਿਤਮ ਜ਼ਰੀਫ਼ੀ
ਉਰਦੂ ਅਦਬ ਵਿਚ ਕਿਸੇ ਸਮੇਂ ਕਵਿਤਾ ਦੇ ਦੋ ਰੂਪ ਬਹੁਤ ਪ੍ਰਚੱਲਿਤ ਅਤੇ ਮਕਬੂਲ ਰਹੇ ਹਨ। ਉਹ ਸਨ ਕਸੀਦਾ ਅਤੇ ਮਰਸੀਆ।ਕਸੀਦਾ ਆਮ ਤੌਰ 'ਤੇ ਰਾਜਿਆਂ, ਮਹਾਰਾਜਿਆਂ, ਨਵਾਬਾਂ ਜਾਂ ਵਜ਼ੀਰਾਂ ਦੀ ਉਸਤਤ ਵਿਚ ਪੜ੍ਹਿਆ ਜਾਣ ਵਾਲ਼ਾ ਇਕ ਕਾਵਿ-ਰੂਪ ਸੀ। ਜਿਸਨੂੰ ਪੜ੍ਹ ਕੇ ਸ਼ਾਇਰ ਲੋਕ ਇਹਨਾਂ ਵੱਡੇ ਅਤੇ ਨਾਮਵਰ ਲੋਕਾਂ ਕੋਲ਼ੋਂ ਇਨਾਮ/ਇਕਰਾਮ ਦੀ ਉਮੀਦ ਕਰਿਆ ਕਰਦੇ ਸਨ, ਅਤੇ ਅਕਸਰ ਇਹ ਉਮੀਦ ਪੂਰੀ ਹੁੰਦੀ ਵੀ ਸੀ। ਇਸਦੇ ਉਲਟ ਮਰਸੀਆ ਵੀ ਇਹਨਾਂ ਵੱਡੇ ਲੋਕਾਂ ਲਈ ਹੀ ਪੜ੍ਹਿਆ ਜਾਂਦਾ ਸੀ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ, ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ।ਹੁਣ ਫ਼ਰਕ ਇਹਨਾਂ ਦੋਹਾਂ ਕਾਵਿ-ਰੂਪਾਂ ਦਾ ਇਹ ਹੈ ਕਿ ਜਿੱਥੇ ਕਸੀਦਾ ਜ਼ਿਆਦਾਤਰ ਝੂਠ ਦਾ ਪੁਲੰਦਾ ਹੀ ਹੁੰਦਾ ਸੀ, ਕਿਉਂਕਿ ਉਹ ਸ਼ਖ਼ਸ ਜਿਸ ਲਈ ਇਹ ਕਸੀਦਾ ਪੜ੍ਹਿਆ ਜਾ ਰਿਹਾ ਹੁੰਦਾ ਸੀ, ਉਹ ਸਾਹਮਣੇ ਬੈਠਾ ਹੁੰਦਾ ਸੀ ਅਤੇ ਉਸਦੇ ਨਾਰਾਜ਼ ਹੋ ਜਾਣ ਦੀ ਸੂਰਤ ਵਿਚ ਇਨਾਮ ਦੀ ਜਗ੍ਹਾ ਸਣ-ਬੱਚੇ ਘਾਣੀ ਵਿਚ ਪੀੜੇ ਜਾਣ ਦਾ ਵੀ ਡਰ ਰਹਿੰਦਾ ਸੀ।
ਇਹ ਕਸੀਦੇ ਪੜ੍ਹਨ ਵਾਲ਼ੇ ਇਨ੍ਹਾਂ ਵੱਡੇ ਲੋਕਾਂ ਦੇ ਦਰਬਾਰੀ-ਸ਼ਾਇਰ ਜਾਂ ਭੰਡ-ਮਰਾਸੀ ਆਦਿ ਹੁੰਦੇ ਸਨ, ਸੋ ਕੌਣ ਚਾਹੁੰਦਾ ਹੈ ਇਨ੍ਹਾਂ ਵੱਡੇ ਲੋਕਾਂ ਨੂੰ ਨਾਰਾਜ਼ ਕਰਕੇ ਆਪਣੇ-ਆਪ ਅਤੇ ਆਪਣੇ ਪਰਿਵਾਰ ਲਈ ਮੁਸੀਬਤ ਸਹੇੜਨਾ? ਸੋ ਇਹ ਕਸੀਦੇ ਜਿਸਨੂੰ ਮਾਣ-ਪੱਤਰ ਵੀ ਕਿਹਾ ਜਾ ਸਕਦਾ ਹੈ, ਜ਼ਿਆਦਾਤਰ ਸੱਚ ਨੂੰ ਅੱਖੋਂ ਉਹਲੇ ਕਰਕੇ ( ਜਾਂ ਉਹਨਾਂ ਦੇ ਜ਼ੁਲਮਾਂ ਜਾਂ ਬੇ-ਇਨਸਾਫ਼ੀਆਂ ਨੂੰ ਅੱਖੋਂ ਉਹਲੇ ਕਰਕੇ) ਸਿਰਫ਼ ਆਪਣੇ ਪੇਟ ਦੀ ਖ਼ਾਤਿਰ ਲਿਖੇ ਜਾਂ ਪੜ੍ਹੇ ਜਾਂਦੇ ਸਨ, ਕਿਉਂਕਿ ਇਨਾਮ ਦਾ ਐਲਾਨ ਜਾਂ ਤਕਸੀਮ ਹੋਣ ਤੱਕ ਲਿਖਣ ਜਾਂ ਪੜ੍ਹਨ ਵਾਲ਼ੇ ਦੇ ਮਨ ਵਿਚ ਇਕ ਡਰ ਵੀ ਲੁਕਿਆ ਰਹਿੰਦਾ ਸੀ। ਕਈ ਵਾਰੀ ਤਾਂ ਦਰਬਾਰੀ ਚੁਗਲਖ਼ੋਰਾਂ ਵੱਲੋਂ ਇਨ੍ਹਾਂ ਵੱਡੇ ਲੋਕਾਂ ਦੇ ਕੰਨ ਭਰੇ ਜਾਣ ਕਰਕੇ, ਇਹ ਇਨਾਮ/ਇਕਰਾਮ ਵਾਪਸ ਲੈ ਕੇ ਸਜ਼ਾ ਵੀ ਸੁਣਾ ਦਿੱਤੀ ਜਾਂਦੀ ਸੀ। ਅਜਿਹੀ ਹਾਲਤ ਵਿਚ ਇਹੀ ਕਸੀਦੇ ਪੜ੍ਹਨ ਵਾਲ਼ੇ ਲਈ ਮਰਸੀਏ ਬਣ ਜਾਂਦੇ ਸਨ।
ਇਸਤੋਂ ਉਲਟ ਮਰਸੀਆ ਭਾਵੇਂ ਇਨ੍ਹਾਂ ਵੱਡੇ ਲੋਕਾਂ ਲਈ ਹੀ ਪੜ੍ਹਿਆ ਜਾਂਦਾ ਸੀ, ਪਰ ਉਨ੍ਹਾਂ ਦੀ ਮੌਤ ਤੋਂ ਬਾਅਦ। ਬੇਸ਼ੱਕ ਇਹ ਰਾਜੇ-ਮਹਾਰਾਜੇ ਜਾਂ ਵੱਡੇ ਲੋਕ ਉਸ ਵੇਲ਼ੇ, ਖ਼ੁਦ ਹਾਜ਼ਿਰ ਨਹੀਂ ਸਨ ਹੁੰਦੇ, ਪਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਜਾਂ ਸਰਕਾਰੀ-ਦਰਬਾਰੀ ਜ਼ਰੂਰ ਹਾਜ਼ਿਰ ਹੁੰਦੇ ਸਨ ਤੇ ਉਨ੍ਹਾਂ ਵੱਲੋਂ ਵੀ ਨਾਰਾਜ਼ ਹੋ ਜਾਣ ਦੀ ਸੂਰਤ ਵਿਚ ਉਹੀ ਸਜ਼ਾ ਵਾਲ਼ਾ ਵਰਤਾਰਾ ਹੋਂਦ ਵਿਚ ਆ ਸਕਦਾ ਹੁੰਦਾ ਸੀ। ਕਸੀਦੇ ਵਾਂਗ ਮਰਸੀਏ ਵਿਚ ਵੀ ਸਿਫ਼ਤਾਂ ਜਾਂ ਉਸਤਤ ਹੀ ਹੁੰਦੀ ਸੀ, ਪਰ ਜ਼ਿਆਦਾਤਰ ਇਹ ਸਿਫ਼ਤ ਜਾਂ ਉਸਤਤ ਸੱਚ 'ਤੇ ਅਧਾਰਿਤ ਹੁੰਦੀ ਸੀ ਭਾਵ ਉਸ ਵੱਡੇ ਸ਼ਖ਼ਸ ਦੇ ਕੀਤੇ ਹੋਏ ਚੰਗੇ ਕੰਮਾਂ ( ਲੋਕ ਭਲਾਈ ਦੇ ਕੰਮਾਂ ) ਨੂੰ ਯਾਦ ਕੀਤਾ ਜਾਂਦਾ ਸੀ ਅਤੇ ਅਜਿਹੇ ਵੱਡੇ ਸ਼ਖ਼ਸ ਦੇ ਦੁਨੀਆਂ 'ਤੇ ਦੁਬਾਰਾ ਆਉਣ ਦੀ ਰੱਬ ਨੂੰ ਪ੍ਰਾਰਥਨਾ ਕੀਤੀ ਜਾਂਦੀ ਸੀ। ਸਮੇਂ ਦੇ ਨਾਲ਼ ਮਰਸੀਏ ਵਾਲ਼ਾ ਵਤੀਰਾ ਤਾਂ ਲੱਗਭਗ ਬੰਦ ਵਰਗਾ ਹੀ ਹੈ, ਪਰ ਕਸੀਦਾ ਮਾਣ-ਪੱਤਰ ਦੇ ਰੂਪ ਵਿਚ ਹੁਣ ਵੀ ਪ੍ਰਚੱਲਿਤ ਹੈ ਅਤੇ ਇਹ ਰਹਿੰਦੀ ਦੁਨੀਆਂ ਤੱਕ ਰਹੇਗਾ ਵੀ।
ਮਰਸੀਆ ਜਾਂ ਸ਼ਰਧਾਂਜਲੀ ਵਾਲ਼ਾ ਰੂਪ ਵੀ ਮਿਟ ਤਾਂ ਨਹੀਂ ਸਕਦਾ, ਪਰ ਹੁਣ ਇਹ ਖ਼ਾਸ ਤੋਂ ਆਮ ਤੱਕ ਦਾ ਸਫ਼ਰ ਤੈਅ ਕਰ ਗਿਆ ਹੈ। ਹਰ ਇਨਸਾਨ ਦੀ ਮੋਤ ਤੋਂ ਬਾਅਦ ਉਸਦੇ ਭੋਗ ਉਪਰ ਹੋਣ ਵਾਲ਼ਾ ਥੋੜ੍ਹਾ ਜਾਂ ਬਹੁਤਾ ਇਕੱਠ ਮਰਸੀਆ ਜਾਂ ਸ਼ਰਧਾਂਜਲੀ ਹੀ ਤਾਂ ਹੈ ਅਤੇ ਇਹ ਥੋੜ੍ਹਾ ਜਾਂ ਬਹੁਤਾ ਇਕੱਠ ਹੀ ਉਸ ਇਨਸਾਨ ਦੀ ਹਰਮਨ-ਪਿਆਰਤਾ ਜਾਂ ਲੋਕ-ਪ੍ਰਿਯਤਾ ਨੂੰ ਦਰਸਾਉਂਦਾ ਜਾਂ ਉਜਾਗਰ ਵੀ ਕਰਦਾ ਹੈ। ਦੁਨੀਆਂ ਵਿੱਚੋਂ ਕੋਈ ਵੀ ਚੀਜ਼ ਪੂਰੀ ਤਰ੍ਹਾਂ ਮਿਟ ਤਾਂ ਨਹੀਂ ਸਕਦੀ, ਹਾਂ ਸਮੇਂ ਦੇ ਨਾਲ਼ ਉਸਦਾ ਰੂਪ ਜ਼ਰੂਰ ਬਦਲ ਜਾਂਦਾ ਹੈ ਜਿਵੇਂ ਕਸੀਦੇ ਨੇ ਮਾਣ-ਪੱਤਰ ਅਤੇ ਮਰਸੀਏ ਨੇ ਸ਼ਰਧਾਂਜਲੀ ਦਾ ਰੂਪ ਲੈ ਲਿਆ ਹੈ,
ਮਰਸੀਏ ਦੀ ਪਹਿਲ ਅਰਬੀ ਵਿਚ ਹੋਈ, ਦਰਅਸਲ ਅਰਬੀ ਵਿਚ ਸ਼ਾਇਰੀ ਦੀ ਸ਼ੁਰੂਆਤ ਹੀ ਮਰਸੀਏ ਨਾਲ਼ ਹੋਈ। ਅਰਬੀ ਤੋਂ ਮਰਸੀਆ ਫ਼ਾਰਸੀ ਵਿਚ ਆਇਆ ਤੇ ਫ਼ਾਰਸੀ ਤੋਂ ਉਰਦੂ ਵਿਚ, ਉਸ ਤੋਂ ਬਾਅਦ ਹਿੰਦੀ, ਪੰਜਾਬੀ ਜਾਂ ਹੋਰ ਭਾਸ਼ਾਵਾਂ ਵਿਚ ਆਇਆ। ਅਰਬੀ ਵਿਚ ਪਹਿਲਾ ਮਰਸੀਆ ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਰੇ ਅਤੇ ਹਜ਼ਰਤ ਅਲੀ ਸਾਹਿਬ ਦੇ ਛੋਟੇ ਬੇਟੇ ਇਮਾਮ ਹੁਸੈਨ ਦੀ ਕਰਬਲਾ ਦੇ ਮੈਦਾਨ ਵਿਚ ਓਸ ਵੇਲ਼ੇ ਦੇ ਬਾਦਸ਼ਾਹ ਯਦੀਦ ਹੱਥੋਂ ਅਣ-ਮਨੁੱਖੀ ਤਸੀਹਿਆਂ ਕਾਰਣ ਹੋਈ ਸ਼ਹਾਦਤ ਤੋਂ ਬਾਅਦ ਲਿਖਿਆ ਗਿਆ ਜੋ ਦਿਲੀ ਸ਼ੋਕ ਪ੍ਰਗਟਾਉਣ ਦਾ ਸਹੀ ਤਰੀਕਾ ਮਿਥਿਆ ਗਿਆ। ਅਰਬੀ, ਫ਼ਾਰਸੀ ਅਤੇ ਉਰਦੂ ਵਿਚ ਲਿਖੇ ਗਏ ਅਤੇ ਲਿਖੇ ਜਾ ਰਹੇ ਸਾਰੇ ਦੀ ਮਰਸੀਏ ਉਪਰੋਕਤ ਘਟਨਾ ਅਤੇ ਇਸ ਘਟਨਾ ਦੇ ਨਾਇਕ ਇਮਾਮ ਹੁਸੈਨ ਦੇ ਦੁਆਲ਼ੇ ਹੀ ਘੁੰਮਦੇ ਹਨ। ਇਸ ਤਰ੍ਹਾਂ ਪਹਿਲਾ ਮਰਸੀਆ ੬੮੦ ਈਸਵੀ ਸੰਨ ਵਿਚ ਲਿਖਿਆ ਗਿਆ ਜੋ ਕਿ ਇਮਾਮ ਹੁਸੈਨ ਦੀ ਅਣ-ਮਨੁੱਖੀ ਮੌਤ ਦਾ ਸਾਲ ਹੈ। ਉਰਦੂ ਦਾ ਪਹਿਲਾ ਦੀਵਾਨ ਸ਼ਾਇਰ ਮੁਹੰਮਦ ਮੀਰ ਅਨੀਸ ਦਾ ਹੈ ਜੋ ਅੱਜ ਤੋਂ ਤਕਰੀਬਨ ਚਾਰ ਸੌ ਇੱਕੀ ਸਾਲ ਪਹਿਲਾਂ ਹੋਂਦ ਵਿਚ ਆਇਆ, ਜਿਸ ਵਿਚ ਉਪਰੋਕਤ ਘਟਨਾ ਬਾਰੇ ਮਰਸੀਏ ਹਨ। ਪਹਿਲਾਂ-ਪਹਿਲ ਮਰਸੀਏ ਮਸਨਵੀ ਸਿਨਫ਼ ਵਿਚ ਹੀ ਲਿਖੇ ਗਏ। ਇਕ ਅਰਬੀ ਸ਼ਾਇਰ ਖ਼ੁਲਫ਼ਾ ਨੇ ਆਪਣੇ ਛੋਟੇ ਭਰਾ ਦੀ ਮੌਤ ਉੱਪਰ ਮਰਸੀਆ ਲਿਖਿਆ, ਜਿਸ ਨਾਲ਼ ਹੋਰ ਦੁਨਿਆਵੀ ਰਿਸ਼ਤਿਆਂ ਨੂੰ ਵੀ ਇਸ ਘੇਰੇ ਅੰਦਰ ਆਉਣ ਦਾ ਮੌਕਾ ਮਿਲ਼ਿਆ। ਸ਼ਾਇਰ ਵਲੀ ਦੱਕਨੀ ਨੇ ਵੀ ਕੋਈ ਤਿੰਨ ਕੁ ਸੌ ਸਾਲ ਪਹਿਲਾਂ ਮਰਸੀਏ ਕਹੇ ਹਨ। ਉਹਨਾਂ ਦੇ ਸਮਕਾਲੀ ਨਸਰਤੀ, ਹਾਸ਼ਮੀ, ਮੁਹੰਮਦ ਕੁਲੀ ਆਦਿ ਸਨ। ਹੌਲ਼ੀ-ਹੌਲ਼ੀ ਅਰੂਜ਼ ਦੀਆਂ ਬਹਿਰਾਂ ਨੂੰ ਵੀ ਮਰਸੀਏ ਲਈ ਵਰਤਿਆ ਜਾਣ ਲੱਗਾ। ਜਦੀਦ ਮਰਸੀਆ ਜੋਸ਼ ਮਲੀਹਾਬਾਦੀ ਤੋਂ ਸ਼ੁਰੂ ਹੋਇਆ ਸਮਝਿਆ ਜਾਂਦਾ ਹੈ। ਗ਼ੈਰ-ਮੁਸਲਿਮ ਸ਼ਾਇਰਾਂ ਵਿਚ ਕ੍ਰਿਸ਼ਨ ਲਾਲ ਸ਼ਾਦ, ਦਿਲਬਰ ਰਾਮ ਕੌਸਰੀ, ਜੁਗਿੰਦਰ ਪਾਲ ਸਾਬਿਰ, ਰੌਸ਼ਨ ਪਾਨੀਪਤੀ, ਬਨਾਰਸੀ ਦਾਸ ਗੁਪਤਾ, ਰੂਪ ਕੁਮਾਰੀ, ਕੰਵਰ ਮਹਿੰਦਰ ਸਿੰਘ ਬੇਦੀ ਆਦਿ ਪ੍ਰਸਿੱਧ ਸ਼ਾਇਰ ਆਉਂਦੇ ਹਨ। ਇਨ੍ਹਾਂ ਵਿੱਚੋਂ ਸ਼ਾਇਰਾ ਰੂਪ ਕੁਮਾਰੀ ਪੇਸ਼-ਪੇਸ਼ ਹੈ। ਪੰਜਾਬੀ ਵਿਚ ਮਰਸੀਏ ਦਾ ਇਤਿਹਾਸ ਖਿੱਚ-ਧੂਹ ਕੇ ਸੌ ਕੁ ਸਾਲ ਪਿੱਛੇ ਤੀਕ ਲਿਜਾਇਆ ਜਾ ਸਕਦਾ ਹੈ।ਸੋ ਇਹ ਸੀ ਕਸੀਦੇ ਅਤੇ ਮਰਸੀਏ ਦਾ ਸੰਖੇਪ ਇਤਿਹਾਸ।
ਹੁਣ ਮੈਂ ਅਸਲੀ ਗੱਲ ਵੱਲ ਆਉਂਦਾ ਹਾਂ ਕਿ ਇਹ 'ਮਰਸੀਆ-ਏ-ਬਾਦਲ' ਨਾਮ ਦੀ ਪੁਸਤਕ ਕਿਵੇਂ ਹੋਂਦ ਵਿਚ ਆਈ। ਥੋੜ੍ਹੇ ਜਿਹੇ ਸਮੇਂ ਅੰਦਰ ਹੀ ਮੇਰੇ ਤਿੰਨ ਜਿਗਰੀ ਦੋਸਤ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਸ਼ਾਇਰ-ਮਿੱਤਰ ਸ: ਬਖ਼ਤਾਵਰ ਸਿੰਘ ਦਿਓਲ ਮੇਰੇ ਪਿੰਡ ਸ਼ੇਖ਼ ਦੌਲਤ ਤੋਂ, ਸ: ਜਗਜੀਤ ਸਿੰਘ ਮਠਾੜੂ ਅਤੇ ਡਾ: ਅਜੀਤ ਸਿੰਘ ਜੱਸਲ ਦੋਨੋਂ ਲੁਧਿਆਣੇ ਤੋਂ। ਇਹਨਾਂ ਤਿੰਨਾਂ ਨਾਲ਼ ਹੀ ਮੇਰੀ ਬੜੀ ਨੇੜਤਾ ਸੀ, ਅਤੇ ਤਿੰਨਾਂ ਦੀ ਹੀ ਮੌਤ ਦਾ ਸਦਮਾ ਮੈਂ ਅਜੇ ਤੀਕ ਨਹੀਂ ਭੁਲਾ ਸਕਿਆ।ਮੇਰੇ ਸਣੇ ਪਰਿਵਾਰ ੧੯੯੮ ਵਿਚ ਕੈਨੇਡਾ ਆਉਣ ਤੋਂ ਕੁਝ ਦਿਨ ਪਹਿਲਾਂ ਲੁਧਿਆਣੇ ਦੇ ਕੁਝ ਕੁ ਲੇਖਕ ਮਿੱਤਰਾਂ ਜਿਨ੍ਹਾਂ ਵਿਚ ਸਵਰਗੀ ਸ: ਸੰਤਾ ਸਿੰਘ ਆਜਿਜ਼, ਸ: ਕਰਤਾਰ ਸਿੰਘ ਕਾਲੜਾ, ਸਵਰਗੀ ਸ਼੍ਰੀ ਚਮਨ ਲਾਲ ਜੀ ਸੁਖੀ, ਕਵਲ ਇੰਦਰ ਕਵਲ ਅਤੇ ਕੁਝ ਹੋਰਾਂ ਨੇ ਵੀ ਮੈਨੂੰ ਆਪਣੇ ਘਰ ਖਾਣੇ 'ਤੇ ਬੁਲਾਇਆ ਅਤੇ ਮਾਣ ਬਖ਼ਸ਼ਿਆ। ਹੁਣ ਯਾਦ ਨਹੀਂ ਕਿ ਕਿਸ ਮਿੱਤਰ ਦੇ ਘਰ ਹੋਈ ਮਹਿਫ਼ਿਲ ਵਿਚ ਕਿਸ ਲੇਖਕ ਮਿੱਤਰ ਨੇ ਇਹ ਸ਼ਬਦ ਕਹੇ ਕਿ ਯਾਰ ਬਾਦਲ! ਤੂੰ ਤਾਂ ਸਾਰੀ ਰੌਣਕ ਹੀ ਆਪਣੇ ਨਾਲ਼ ਲੈ ਚੱਲਿਆ ਹੈਂ ( ਸ਼ਾਇਦ ਲੇਖਕ-ਮਿੱਤਰ ਕਰਤਾਰ ਸਿੰਘ ਕਾਲੜਾ ਨੇ ਇਹ ਸ਼ਬਦ ਕਹੇ ਸਨ) ਤਾਂ ਮੇਰੇ ਮੂੰਹੋਂ ਫਿਲ-ਬਦੀਹ ਇਹ ਮਿਸਰੇ ਨਿੱਕਲ਼ੇ ਕਿ:
"ਬੈਠੋਗੇ ਕਲ੍ਹ ਨੂੰ ਮਿਤਰੋ! ਮਹਿਫ਼ਿਲ ਦੇ ਵਿਚ ਇਕੱਲੇ
ਆਗੀ ਟਿਕਟ ਅਸਾਡੀ, ਚੱਲੇ, ਅਸੀਂ ਵੀ ਚੱਲੇ"
ਸਾਰੀ ਮਹਿਫ਼ਿਲ ਵਿਚ ਉਦਾਸੀ ਛਾ ਗਈ ਤੇ ਗੱਲ ਆਈ, ਗਈ ਹੋ ਗਈ, ਪਰ ਇਹ ਦੋਵੇਂ ਮਿਸਰੇ ਦਿਲ ਦੇ ਕਿਤੇ ਧੁਰ ਅੰਦਰ, ਡੂੰਘੀ ਤਹਿ ਵਿਚ ਦੱਬੇ ਅਤੇ ਰੜਕਦੇ ਰਹੇ। ਜਦ ਕੈਨੇਡਾ ਆ ਕੇ ਹਾਲਾਤ ਏਨੇ ਨਾਸਾਜ਼ਗਾਰ ਹੋ ਗਏ ਤਾਂ ਉਹੀ ਮਿਸਰੇ ਇਕ ਅੱਕੇ ਹੋਏ ਅਤੇ ਦੁਖੀ ਇਨਸਾਨ ਦੇ ਮੂੰਹੋਂ ਕੁਝ ਇਉਂ ਬਦਲ ਕੇ ਨਿੱਕਲ਼ੇ ਕਿ:
"ਬੈਠੋਗੇ ਕਲ੍ਹ ਨੂੰ ਮਿਤਰੋ! ਮਹਿਫ਼ਿਲ ਦੇ ਵਿਚ ਇਕੱਲੇ
ਆਗੀ, ਅਸਾਡੀ ਆਗੀ, ਚੱਲੇ, ਅਸੀਂ ਵੀ ਚੱਲੇ"
ਪਹਿਲੇ ਸ਼ਿਅਰ ਵਿਚ ਟਿਕਟ ਆਉਣ ਦਾ ਜ਼ਿਕਰ ਸੀ ਤਾਂ ਦੂਸਰੇ ਸ਼ਿਅਰ ਵਿਚ 'ਆਗੀ' ਸ਼ਬਦ ਨੇ ਮੌਤ ਵੱਲ ਇਸ਼ਾਰਾ ਕਰ ਦਿੱਤਾ। ਇਸਤੋਂ ਬਾਅਦ ਵਾਲ਼ੇ ਸ਼ਿਅਰ ਵੀ ਉਦਾਸ ਰੰਗ ਦੇ ਹੋ ਗਏ, ਦੁਬਾਰਾ ਪੜ੍ਹਨ 'ਤੇ ਮਹਿਸੂਸ ਕੀਤਾ ਕਿ ਇਹ ਤਾਂ ਅਚਾਨਕ ਹੀ ਖ਼ੁਦ ਆਪਣਾ ਹੀ ਮਰਸੀਆ ਲਿਖ ਹੋ ਗਿਆ ਹੈ ਤਾਂ ਸ਼ਿਅਰਾਂ ਦੇ ਉੱਪਰ ਗ਼ਜ਼ਲ ਸ਼ਬਦ ਦੀ ਥਾਂ 'ਮਰਸੀਆ-ਏ-ਬਾਦਲ' ਲਿਖ ਦਿੱਤਾ। ਸ਼ਿਅਰਾਂ ਦੀ ਬੰਦਿਸ਼ ਭਾਵੇਂ ਗ਼ਜ਼ਲ ਦੀ ਬਹਿਰ ਮੁਜਾਰਿਆ ਦੀ ਹੀ ਸੀ ਪਰ ਸ਼ਿਅਰ ਬਹੁਤ ਉਦਾਸ ਰੰਗ ਦੇ ਸਨ।
ਹੁਣੇ ਥੋੜ੍ਹੇ ਦਿਨ ਪਹਿਲਾਂ ਲੇਖਕ-ਮਿੱਤਰ ਇੰਦਰਜੀਤ ਹਸਨਪੁਰੀ ਜੀ ਟਰਾਂਟੋ ਆਏ ਤਾਂ ਉਨ੍ਹਾਂ ਦੀ ਵਾਪਸੀ ਤੋਂ ਚਾਰ-ਪੰਜ ਕੁ ਦਿਨ ਪਹਿਲਾਂ ਉਨ੍ਹਾਂ ਨਾਲ਼ ਆਖਰੀ ਵਾਰ ਫ਼ੋਨ ਉੱਪਰ ਗੱਲ ਹੋਈ ਤਾਂ ਉਹਨਾਂ ਨੇ ਵੀ ਉਦਾਸੀ ਦੀ ਸੁਰ ਵਿਚ ਇੰਨ-ਬਿੰਨ ਉਹੀ ਸ਼ਬਦ ਮੈਨੂੰ ਕਹੇ ਜੋ ੧੯੯੮ ਵਿਚ ਮੈਂ ਆਪਣੇ ਕੈਨੇਡਾ ਆਉਣ ਸਮੇਂ ਆਪਣੇ ਲੇਖਕ-ਮਿੱਤਰਾਂ ਨੂੰ ਕਹੇ ਸਨ। ਕੁਦਰਤ ਦਾ ਸਿਤਮ ਵੇਖੋ ਕਿ ਇੰਡੀਆ ਪਰਤਣ ਤੋਂ ਕੁਝ ਦਿਨਾਂ ਦੇ ਅੰਦਰ-ਅੰਦਰ ਹੀ ਇੰਦਰਜੀਤ ਹਸਨਪੁਰੀ ਜੀ ਦੀ ਮੌਤ ਹੋ ਗਈ ਤੇ ਮੈਂ ਉਨ੍ਹਾਂ ਦੀ ਮੌਤ ਦੀ ਸੋਗੀ ਖ਼ਬਰ ਸੁਣ ਕੇ ਹੋਰ ਮਰਸੀਆ ਤਾਂ ਨਾ ਲਿਖ ਸਕਿਆ, ਉਹੀ 'ਮਰਸੀਆ-ਏ-ਬਾਦਲ' ਵੱਲ਼ੇ ਸ਼ਿਅਰ 'ਮਰਸੀਆ-ਏ-ਇੰਦਰਜੀਤ ਹਸਨਪੁਰੀ' ਨੇ ਨਾਮ ਥੱਲੇ ਅਖ਼ਬਾਰਾਂ ਨੂੰ ਭੇਜ ਦਿੱਤੇ ਤੇ ਉਹ ਛਪੇ ਵੀ। ਇਸ ਤਰ੍ਹਾਂ ਮਰਸੀਆ-ਏ-ਹਸਨਪੁਰੀ' ਅਸਲ ਵਿਚ ਦਸ ਕੁ ਸਾਲ ਪਹਿਲਾਂ 'ਮਰਸੀਆ-ਏ-ਬਾਦਲ' ਦੇ ਨਾਮ ਥੱਲੇ ਲਿਖਿਆ ਗਿਆ ਸੀ। ਆਪਣਾ ਮਰਸੀਆ ਲਿਖ ਕੇ ਮੈਂ ਤਾਂ ਹਾਲੇ ਤੱਕ ਜ਼ਿੰਦਾ ਹਾਂ, ਪਰ ਜਿਸਦਾ ਚਿੱਤ-ਚੇਤਾ ਵੀ ਨਹੀਂ ਸੀ, ਉਹ ਮੇਰਾ ਮਰਸੀਆ ਲੈ ਕੇ ਤੁਰ ਗਿਐ! ਵੇਖੋ! ਮੇਰਾ ਮਰਸੀਆ ਹੁਣ ਕੌਣ ਤੇ ਕਦੋਂ ਲਿਖਦਾ ਹੈ?? ਰੱਬ ਕਰੇ ਮੈਂ ਵੀ ਕਿਸੇ ਦਾ ਆਪਣੇ ਲਈ ਲਿਖਿਆ ਮਰਸੀਆ ਲੈ ਕੇ ਤੁਰ ਜਾਵਾਂ ਅਤੇ ਲਿਖਣ ਵਾਲ਼ਾ ਸਲਾਮਤ ਰਹੇ….. ਆਮੀਨ!
ਕੈਨੇਡਾ ਆਉਣ ਤੋਂ ਬਹੁਤ ਪਹਿਲਾਂ ਮੈਂ ਸਵਰਗੀ ਸ੍ਰੀ: ਸੁਰਜੀਤ ਰਾਮਪੁਰੀ ਜੀ ਅਤੇ ਸਵਰਗੀ ਡਾ: ਰਣਧੀਰ ਸਿੰਘ ਚੰਦ ਜੀ ਅਤੇ ਹੋਰ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਮਰਸੀਏ ਲਿਖ ਚੁੱਕਾ ਸਾਂ, ਫੇਰ ਅਚਾਨਕ 'ਮਰਸੀਆ-ਏ-ਬਾਦਲ' ਲਿਖ ਹੋ ਗਿਆ, ਜਿਹੜਾ ਇੰਦਰਜੀਤ ਹਸਨਪੁਰੀ ਲੈ ਕੇ ਤੁਰ ਗਿਆ। ਅਚਾਨਕ ਖ਼ਿਆਲ ਆਇਆ ਕਿ ਕਿਉਂ ਨਾ ਇਨ੍ਹਾਂ ਮਰਸੀਆਂ ਨੂੰ ਪੁਸਤਕ ਰੂਪ ਦਿੱਤਾ ਜਾਵੇ, ਜਦ ਆਪਣੀਆਂ ਲਿਖਣ-ਕਾਪੀਆਂ ਫਰੋਲ਼ੀਆਂ ਤਾਂ ਮਰਸੀਆਂ ਦੀ ਗਿਣਤੀ ਏਨੀ ਥੋੜ੍ਹੀ ਸੀ ਕਿ ਉਨ੍ਹਾਂ ਨੂੰ ਪੁਸਤਕ ਰੂਪ ਦੇਣਾ ਸੰਭਵ ਨਹੀਂ ਸੀ ( ਰੱਬ ਖ਼ੈਰ ਕਰੇ ਕਿ ਇਹ ਮਰਸੀਏ ਗਿਣਤੀ ਵਿਚ ਥੋੜ੍ਹੇ ਹੀ ਰਹਿਣ ਤਾਂ ਕਿ ਮੈਨੂੰ ਜਿਉਂਦੇ-ਜੀਅ ਕਿਸੇ ਹੋਰ ਲੇਖਕ ਦੋਸਤ ਜਾਂ ਵਾਕਿਫ਼, ਰਿਸ਼ਤੇਦਾਰ ਆਦਿ ਦਾ ਮਰਸੀਆ ਨਾ ਲਿਖਣਾ ਪਵੇ) ਬਚਪਨ ਤੋਂ ਲੈ ਕੇ ਅੱਜ ਤੀਕ ਮੇਰਾ ਦੁੱਖਾਂ, ਮੁਸੀਬਤਾਂ ਨਾਲ਼ ਹੀ ਵਾਹ ਰਿਹਾ ਹੈ। ਬਹੁਤ ਥੋੜ੍ਹੇ ਪਲ ਹੋਣਗੇ ਜਦੋਂ ਖ਼ੁਸ਼ੀ ਹੰਢਾਈ ਹੋਵੇਗੀ। ਜਦੋਂ ਦੁੱਖ ਜ਼ਿਆਦਾ ਭਾਰੂ ਹੋ ਜਾਂਦੇ ਸਨ ਤਾਂ ਉਦਾਸੀ ਦੇ ਆਲਮ ਵਿਚ ਉਦਾਸ ਸੁਰ ਵਾਲ਼ੀ ਗ਼ਜ਼ਲ ਲਿਖ ਹੋ ਜਾਂਦੀ ਸੀ। ਇਸ ਤਰ੍ਹਾਂ ਦੇ ਆਲਮ ਦੀਆਂ ਬਹੁਤ ਗ਼ਜ਼ਲਾਂ ਸਨ। ਇਹੋ ਸੋਚ ਆਈ ਕਿ ਕਿਉਂ ਨਾ ਇਨ੍ਹਾਂ ਉਦਾਸ ਸੁਰ ਵਾਲ਼ੀਆਂ ਗ਼ਜ਼ਲਾਂ ਨੂੰ ਵੀ ਇਸ ਪੁਸਤਕ ਵਿਚ ਸ਼ਾਮਿਲ ਕਰ ਲਿਆ ਜਾਵੇ। ਆਖ਼ਿਰ ਜ਼ਿੰਦਗੀ ਹੈ ਤਾਂ ਦੁੱਖਾਂ ਦਾ ਘਰ ਹੀ ਅਤੇ ਇਨਸਾਨ ਲਈ ਇਹ ਦੁੱਖ ਅਤੇ ਮੁਸੀਬਤਾਂ ਮਰਸੀਏ ਹੀ ਤਾਂ ਹਨ।
ਮਰਸੀਏ ਲਈ ਕੋਈ ਖ਼ਾਸ ਕਾਵਿ-ਰੂਪ ਨਿਸ਼ਚਿਤ ਨਹੀਂ ਹੈ। ਬੈਂਤ ਤੋਂ ਲੈ ਕੇ ਗੀਤ ਜਾਂ ਗ਼ਜ਼ਲ ਕੋਈ ਵੀ ਕਵਿਤਾ ਦਾ ਰੂਪ ਜਿਸ ਵਿਚ ਲੈਅ ਹੋਵੇ ਵਰਤਿਆ ਜਾ ਸਕਦਾ ਹੈ, ਪਰ ਕਵਿਤਾ ਦੇ ਨੌਂ ਰਸਾਂ ਵਿੱਚੋਂ ਕਰੁਣਾ ਰਸ ਦਾ ਹੋਣਾ ਜ਼ਰੂਰੀ ਹੁੰਦਾ ਹੈ। ਹੋ ਸਕਦਾ ਹੈ ਕੁਝ ਦੋਸਤਾਂ ਨੇ ਛੰਦ-ਮੁਕਤ ਕਵਿਤਾ ਵਿਚ ਵੀ ਮਰਸੀਏ ਜਾਂ ਕਸੀਦੇ ਲਿਖੇ ਹੋਣ ਪਰ ਮੇਰੀ ਨਜ਼ਰ ਵਿੱਚੋਂ ਕੋਈ ਨਹੀਂ ਲੰਘਿਆ। ਕਵਿਤਾ ਵਿਚ ਲੈਅ-ਤਾਲ ਵਾਲ਼ਾ ਰੂਪ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਕੀਰਨੇ, ਵੈਣ, ਸਿਆਪਾ ਜਾਂ ਅਲਾਹੁਣੀਆਂ ਕਾਵਿ ਦਾ ਇਹੀ ਰੂਪ ਹੀ ਤਾਂ ਹਨ ਅਤੇ ਪੱਥਰਾਂ ਤੱਕ ਨੂੰ ਵੀ ਰੁਆ ਦੇਣ ਦੀ ਸਮਰੱਥਾ ਰੱਖਦੇ ਹਨ। ਮਰਸੀਏ ਵਿਚ ਵੀ ਤਾਂ ਇਨਸਾਨ ਦਾ ਦਿਲ ਰੋਂਦਾ ਹੀ ਹੈ।
ਆਖਿਰ ਵਿਚ ਮੈਂ ਦੋ ਦਿਲ ਚੀਰਵੇਂ ਮਰਸੀਆਂ ਦਾ ਜ਼ਿਕਰ ਕਰਨਾ ਚਾਹਾਂਗਾ। ਪਹਿਲਾ ਹੈ ਮੇਰੀ ਪਤਨੀ ਮਨਜੀਤ ਕੌਰ ਦੀ ਸਭ ਤੋਂ ਛੋਟੀ ਭੂਆ ਜੀ ਦੇ ਇਕਲੌਤੇ ਪੁੱਤਰ ਹਰਮਨਜੀਤ ਸਿੰਘ ਦਾ। ਕੁਦਰਤ ਦੀ ਸਿਤਮ-ਜ਼ਰੀਫ਼ੀ ਇਹ ਕਿ ਜਿਸ ਦਿਨ ਮੇਰੇ ਬੇਟੇ ਕੰਵਲਜੀਤ ਸਿੰਘ ਦੀ ਕੈਨੇਡਾ ਆਉਣ ਲਈ ਦਿੱਲੀ ਇੰਟਰਵਿਊ ਹੋ ਰਹੀ ਸੀ, ਓਦਣ ਹਰਮਨਜੀਤ ਸਿੰਘ ਦਾ ਸਿਵਾ ਬਲ਼ ਰਿਹਾ ਸੀ। ਦਸਾਂ ਕੁ ਦਿਨਾਂ ਬਾਅਦ ( ਅੰਬੈਸੀ ਨੇ ਬਹੁਤ ਥੋੜ੍ਹਾ ਸਮਾਂ ਦਿੱਤਾ ਸੀ) ਜਦੋਂ ਮੇਰੇ ਪੁੱਤਰ ਦੀ ਫਲਾਈਟ ਸੀ ਤਾਂ ਓਸ ਦਿਨ ਹਰਮਨਜੀਤ ਸਿੰਘ ਦਾ ਭੋਗ ਪੈ ਰਿਹਾ ਸੀ। ਪੁੱਤਰ ਨੂੰ ਦਿੱਲੀ ਛੱਡਣ ਜਾਣ ਦੀ ਮਜਬੂਰੀ ਕਾਰਣ ਮੈਂ ਹਰਮਨਜੀਤ ਦੇ ਭੋਗ ਤੇ ਵੀ ਹਾਜ਼ਿਰ ਨਾ ਹੋ ਸਕਿਆ। ਦਿੱਲੀਓਂ ਵਾਪਸ ਆ ਕੇ ਉਸਦਾ ਮਰਸੀਆ ਲਿਖਿਆ।
ਦੂਸਰਾ ਹੈ ਸ਼ਾਇਰ-ਮਿੱਤਰ ਗੁਰਭਜਨ ਗਿੱਲ ਦੀ ਪਹਿਲੀ ਪਤਨੀ ਸ਼੍ਰੀਮਤੀ ਨਿਰਪਜੀਤ ਕੌਰ ਗਿੱਲ ਦਾ। ਕੈਂਸਰ ਨਾਲ਼ ਜੂਝ ਰਹੀ ਅਤੇ ਅੰਤਿਮ ਸਾਹਾਂ 'ਤੇ ਪਈ ਉਨ੍ਹਾਂ ਦੀ ਪਤਨੀ ਦਾ ਮੌਤ ਤੋਂ ਚਾਰ-ਪੰਜ ਦਿਨ ਪਹਿਲਾਂ ਜਦੋਂ ਮੈਂ ਪਤਾ ਲੈਣ ਗਿਆ ਤਾਂ ਗਾਡਰ ਵਰਗੇ ਸਰੀਰ ਅਤੇ ਹਸਮੁਖ ਚਿਹਰੇ ਵਾਲ਼ਾ ਗੁਰਭਜਨ ਗਿੱਲ ਇਉਂ ਸੂਤਿਆ ਪਿਆ ਸੀ ਜਿਵੇਂ ਰਸ ਕੱਢਣ ਤੋਂ ਬਾਅਦ ਗੰਨੇ ਦਾ ਫ਼ੋਕ। ਬੇਸ਼ੱਕ ਗੁਰਭਜਨ ਨੇ ਮਰਦ ਵਾਲ਼ੀ ਹੋਂਦ ਕਰਕੇ ਜ਼ਬਰਦਸਤੀ ਆਪਣੇ ਹੰਝੂ ਡੱਕੇ ਹੋਏ ਸਨ, ਪਰ ਚਿਹਰਾ ਤਾਂ ਜ਼ਬਰਦਰਸਤੀ ਰੋਕੇ ਹੋਏ ਹੰਝੂਆਂ ਦੀ ਗਾਥਾ ਕਹਿ ਹੀ ਰਿਹਾ ਸੀ। ਮੈਥੋਂ ਵੀ ਜ਼ਿਆਦਾ ਦੇਰ ਉਹਨਾਂ ਦੀ ਪਤਨੀ ਕੋਲ਼ ਖੜ੍ਹ ਨਹੀਂ ਹੋਇਆ ਅਤੇ ਦਸਾਂ ਕੁ ਮਿੰਟਾਂ ਬਾਅਦ ਹੀ ਮੈਂ ਗੁਰਭਜਨ ਗਿੱਲ ਕੋਲ਼ੋਂ ਇਜਾਜ਼ਤ ਲੈ ਕੇ ਵਾਪਸ ਆ ਗਿਆ। ਗਿੱਲ ਦੇ ਅਤੇ ਮੇਰੇ ਘਰ ਦਾ ਫ਼ਾਸਲਾ ਅੱਧਾ ਕੁ ਕਿਲੋਮੀਟਰ ਹੀ ਸੀ, ਰਸਤੇ ਵਿਚ ਹੀ ਇਹ ਮਿਸਰੇ ਨਾਜ਼ਿਲ ਹੋਏ ਕਿ:
"ਹੋਵਾਂਗਾ ਇਕੱਲਾ ਮੈਂ, ਕੁਝ ਹੋਰ ਦਿਨਾਂ ਤਾਈਂ।
ਤੇ ਯਾਦ ਕਰਾਂਗਾ ਫਿਰ, ਚਿਤ-ਚੋਰ ਦਿਨਾਂ ਤਾਈਂ।"
ਘਰ ਪਹੁੰਚ ਕੇ ਕੁਝ ਹੋਰ ਸ਼ਿਅਰ ਸੋਚ ਵਿਚ ਆਏ ਤੇ ਓਸੇ ਪਿਆਰੀ ਸ਼ਖ਼ਸੀਅਤ ਵਾਲ਼ੀ ਬੀਬੀ ਦੇ ਨਾਮ ਵਾਲ਼ੇ ਮਰਸੀਏ ਨਾਲ਼ ਜੁੜ ਗਏ। ਗੁਰਭਜਨ ਗਿੱਲ ਨੂੰ ਤਾਂ ਸ਼ਾਇਦ ਪਤਾ ਵੀ ਨਹੀਂ ਹੋਵੇਗਾ ਕਿ ਮੈਂ ਉਸਦੀ ਪਿਆਰੀ ਪਤਨੀ ਦਾ ਮਰਸੀਆ ਲਿਖਿਆ ਹੈ। ਉਨ੍ਹਾਂ ਦੀ ਦੂਸਰੀ ਪਤਨੀ ਨੂੰ ਮਿਲ਼ਣ ਦਾ ਸੁਭਾਗ ਤਾਂ ਮੈਨੂੰ ਪ੍ਰਾਪਤ ਨਹੀਂ ਹੋਇਆ, ਪਰ ਇਹੀ ਪਤਾ ਚੱਲਿਆ ਹੈ ਕਿ ਉਨ੍ਹਾਂ ਦੀ ਦੂਸਰੀ ਪਤਨੀ ਵੀ ਬੜੇ ਬੀਬੇ ਅਤੇ ਨਿੱਘੇ ਸੁਭਾਅ ਵਾਲ਼ੀ ਹੈ। ਜੇ ਇਸ ਤਰ੍ਹਾਂ ਦੇ ਚੰਗੇ ਸੁਭਾਅ ਵਾਲ਼ੀ ਜੀਵਨ-ਸਾਥਣ ਗੁਰਭਜਨ ਗਿੱਲ ਨੂੰ ਨਾ ਮਿਲ਼ਦੀ ਤਾਂ ਸ਼ਾਇਦ ਉਹ ਜੀਵਨ ਵਿਚ ਦੁਬਾਰਾ ਚੰਗੀ ਤਰ੍ਹਾਂ ਨਾ ਖੜ੍ਹ ਸਕਦਾ ਅਤੇ 'ਲੋਰੀ' ਵਰਗੀਆਂ ਰਚਨਾਵਾਂ ਹੋਂਦ ਵਿਚ ਨਾ ਆਉਂਦੀਆਂ। ਉਨ੍ਹਾਂ ਦੀ ਦੂਜੀ ਪਤਨੀ ਦੇ ਨਾਮ ਇਹ ਸ਼ਿਅਰ ਕਰਨਾ ਚੰਗਾ-ਚੰਗਾ ਲੱਗ ਰਿਹਾ ਹੈ:
"ਤੁਹਾਡੇ ਭਾਗ ਨੇ ਚੰਗੇ, ਜੋ ਮਿੱਤਰ ਮਿਲ਼ ਗਿਆ ਚੰਗਾ,
ਸੁਭਾਅ ਚੰਗੇ ਦੀ ਪਤਨੀ ਵੀ ਤਾਂ, ਕਿਸਮਤ ਨਾਲ਼ ਮਿਲ਼ਦੀ ਹੈ"
ਕੁਝ ਸਮਾਂ ਪਹਿਲਾਂ ਮੇਰੀ ਬੇਟੀ ਤਨਦੀਪ ਤਮੰਨਾ ਵੱਲੋਂ ਇੰਟਰਨੈਟ 'ਤੇ ਚਲਾਏ ਜਾ ਰਹੇ ਸਾਹਿਤਕ ਬਲੋਗ 'ਪੰਜਾਬੀ ਆਰਸੀ' ਨੂੰ ਪੜ੍ਹਕੇ ਅਮਰੀਕਾ ਤੋਂ ਇਕ ਬੀਬੀ ਸ਼੍ਰੀਮਤੀ ਰਾਜਵਿੰਦਰ ਕੌਰ ਨੇ ਆਪਣੇ ਸਵਰਗੀ ਪਿਤਾ ਸ: ਅਵਤਾਰ ਸਿੰਘ 'ਪ੍ਰੇਮ' ਦੀ 'ਮਰਸੀਏ' ਨਾਮ ਦੀ ਕਾਵਿ-ਪੁਸਤਕ ਸਾਨੂੰ ਭੇਜੀ। ਇਸ ਪੁਸਤਕ ਵਿਚ ਰਾਜਸੀ ਸ਼ਖ਼ਸੀਅਤਾਂ ਦੇ ਮਰਸੀਏ ਜ਼ਿਆਦਾ ਹਨ ਤੇ ਉਸ ਤੋਂ ਜ਼ਿਆਦਾ ਰਾਜਸੀ ਟਿੱਪਣੀਆਂ ਵਾਰਤਕ ਦੇ ਰੂਪ ਵਿਚ ਹਨ। ਹੋ ਸਕਦਾ ਹੈ ਕਿ ਉਨ੍ਹਾਂ ਦੇ ਕਿਸੇ ਨਾਲ਼ ਰਾਜਸੀ ਮਤ-ਭੇਦ ਰਹੇ ਹੋਣ। ਮੇਰੀ ਸਿਆਸਤ ਵਿਚ ਕੋਈ ਦਿਲਚਸਪੀ ਨਹੀਂ ਹੈ, ਇਸ ਲਈ ਸਵਰਗੀ ਪ੍ਰੇਮ ਜੀ ਦੀਆਂ ਰਾਜਸੀ ਟਿੱਪਣੀਆਂ ਮੈਨੂੰ ਚੰਗੀਆਂ ਨਹੀਂ ਲੱਗੀਆਂ। ਮਰਸੀਆ ਤਾਂ ਮਰਸੀਆ ਹੀ ਹੈ, ਉਸਨੂੰ ਰਾਜਸੀ ਜਾਂ ਗ਼ੈਰ-ਰਾਜਸੀ ਇਨਸਾਨ ਨਾਲ਼ ਕੀ? ਮੇਰੀ ਜਾਚੇ ਏਥੇ 'ਪ੍ਰੇਮ' ਜੀ ਆਪਣੇ ਮਰਸੀਏ ਦੇ ਨਿਸ਼ਾਨੇ ਤੋਂ ਥਿੜਕ ਗਏ, ਪਰ ਫੇਰ ਵੀ ਮਰਸੀਏ ਦੇ ਵਿਸ਼ੇ ਉੱਪਰ 'ਪ੍ਰੇਮ' ਜੀ ਦੀ ਪੰਜਾਬੀ ਵਿਚ ਇਹ ਪਹਿਲੀ ਪੁਸਤਕ ਹੈ। ਚਲੋ ਕਿਸੇ ਨੇ ਪੰਜਾਬੀ ਵਿਚ ਇਸ ਵਿਸ਼ੇ ਉੱਪਰ ਕਲਮ ਤਾਂ ਚੁੱਕੀ, ਇਸ ਲਈ ਸਵਰਗੀ ਸ: ਅਵਤਾਰ ਸਿੰਘ 'ਪ੍ਰੇਮ' ਜੀ ਨੂੰ ਆਦਰ ਦੇਣਾ ਤਾਂ ਬਣਦਾ ਹੀ ਹੈ। ਇਸਦੇ ਨਾਲ਼ ਹੀ ਪਾਠਕਾਂ ਤੋਂ ਰੁਖ਼ਸਤ ਚਾਹੁੰਦਾ ਹਾਂ।
'ਮਰਸੀਆ-ਏ-ਬਾਦਲ' ਪੁਸਤਕ ਕਿਹੋ ਜਿਹੀ ਲੱਗੀ, ਰਾਇ ਦਾ ਮੁੰਤਜ਼ਿਰ ਰਹਾਂਗਾ।
ਪਾਠਕਾਂ ਦਾ ਆਪਣਾ
ਗੁਰਦਰਸ਼ਨ ਬਾਦਲ