ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Sunday, January 25, 2009

ਕੇ. ਐਲ. ਗਰਗ - ਦੂਜਾ ਪਾਸਾ

ਕਿਤਾਬ: ਦੂਜਾ ਪਾਸਾ

ਲੇਖਕ: ਕੇ. ਐਲ. ਗਰਗ

ਪ੍ਰਕਾਸ਼ਨ: ਨੈਸ਼ਨਲ ਬੁਕ ਸ਼ਾਪ

ਰੀਵਿਊਕਾਰ: ਸੁਰਿੰਦਰ ਸੋਹਲ

ਅਮਰੀਕੀ ਗਲੈਮਰ ਦਾ ਤਲਿਸਮ ਤੋੜਦੀ ਕੇ. ਐਲ. ਗਰਗ ਦੀ ਪੁਸਤਕ ਦੂਜਾ ਪਾਸਾ

ਦੂਜਾ ਪਾਸਾਪੰਜਾਬੀ ਦੇ ਸੁਪ੍ਰਸਿੱਧ ਲੇਖਕ ਕੇ. ਐਲ. ਗਰਗ ਦੇ ਨਿੱਜੀ ਅਨੁਭਵ ਵਿਚੋਂ ਪੈਦਾ ਹੋਈ ਪੁਸਤਕ ਹੈਇਸ ਵਿਚਲੇ ਪਾਤਰਾਂ ਨੂੰ ਲੇਖਕ ਨੇ ਬਹੁਤ ਨੇੜਿਓਂ ਤੱਕਿਆ ਹੈ, ਉਹਨਾਂ ਦਾ ਸਾਥ ਮਾਣਿਆ ਹੈਉਹਨਾਂ ਦੇ ਅੰਦਰ ਝਾਤੀ ਮਾਰ ਕੇ ਅੰਦਰਲੇ ਮਨ ਨੂੰ ਪੜ੍ਹਿਆ ਹੈਇਸੇ ਕਰਕੇ ਇਸ ਪੁਸਤਕ ਵਿਚ ਕਲਪਨਾ ਦਾ ਮੁਲੰਮਾ ਘੱਟ ਹੈ ਅਤੇ ਯਥਾਰਥ ਦੀ ਪਰਤ ਗਾੜ੍ਹੀ ਹੈ

ਪੰਜਾਬੀ ਸਾਹਿਤ ਵਿਚ ਪਰਵਾਸੀ ਜ਼ਿੰਦਗੀ ਬਾਰੇ ਭਰਪੂਰ ਲਿਖਿਆ ਮਿਲਦਾ ਹੈ, ਪਰ ਉਸਦਾ ਘੇਰਾ ਆਮ ਕਰਕੇ ਪੰਜਾਬ ਤੋਂ ਪਰਵਾਸ ਕਰਕੇ ਆਏ ਪੰਜਾਬੀਆਂ ਦੇ ਸੰਘਰਸ਼ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੀ ਬਿਆਨ ਕਰਨ ਤੱਕ ਸੀਮਤ ਹੈਪਰਵਾਸ ਬਾਰੇ ਲਿਖੇ ਗਏ ਸਫ਼ਰਨਾਮਿਆ ਵਿਚ ਤਾਂ ਇੰਗਲੈਂਡ, ਅਮਰੀਕਾ ਜਾਂ ਕੈਨੇਡਾ ਨੂੰ ਸੁਪਨਿਆਂ ਦੇ ਦੇਸ਼ ਵਾਂਗ ਹੀ ਪੇਸ਼ ਕੀਤਾ ਜਾਂਦਾ ਰਿਹਾ ਹੈ

ਕੇ ਐਲ ਗਰਗ ਦੀ ਪੁਸਤਕ ਦੂਜਾ ਪਾਸਾਉਪਰੋਕਤ ਧਾਰਣਾਵਾਂ ਤੋਂ ਹਟ ਕੇ ਹੈਇਸ ਪੁਸਤਕ ਦੇ ਸਾਰੇ ਦੇ ਸਾਰੇ ਪਾਤਰ ਅਮਰੀਕਨ ਹਨਉਹਨਾਂ ਦੇ ਸੁਭਾਅ, ਥੁੜਾਂ, ਟੁੱਟਾਂ, ਬੇਈਮਾਨੀਆਂ, ਇਮਾਨਦਾਰੀਆਂ, ਕਮੀਨਗੀਆਂ, ਇਖਲਾਕੀ ਕਦਰਾਂ ਕੀਮਤਾਂ, ਸਮਾਜ ਪ੍ਰਤੀ ਫਰਜ਼ ਆਦਿ ਨੂੰ ਲੇਖਕ ਨੇ ਬਹੁਤ ਬਰੀਕੀ ਨਾਲ ਚਿਤਰਿਆ ਹੈਆਮ ਅਮਰੀਕਨ ਲੋਕਾਂ ਦੀ ਜ਼ਿੰਦਗੀ ਦੀਆਂ ਅੰਦਰੂਨੀ ਤੈਹਾਂ ਫਰੋਲਦੇ ਇਹ ਰੇਖਾ-ਚਿੱਤਰ ਅਮਰੀਕਨ ਲੋਕਾਂ ਬਾਰੇ ਸਾਡੇ ਮਨ ਬਣੀਆਂ ਕਈ ਪ੍ਰਕਾਰ ਦੀਆਂ ਭ੍ਰਾਂਤੀਆਂ ਤੋੜਦੇ ਹਨ

ਇਸ ਪੁਸਤਕ ਵਿਚ ਕਹਾਣੀਨੁਮਾ 21 ਸ਼ਬਦ-ਚਿੱਤਰ ਹਨਇਕ ਸਟੋਰ ਵਾਲਾ ਇੰਡੀਅਨ ਬਜ਼ੁਰਗ ਹੈਉਹ ਇਸ ਪੁਸਤਕ ਦਾ ਕੇਂਦਰੀ ਧੁਰਾ ਹੈਸਾਰੇ ਦੇ ਸਾਰੇ ਪਾਤਰ ਉਸਨੂੰ ਮਿਲਦੇ ਹਨਉਸ ਨਾਲ ਆਪਣਾ ਦੁੱਖ-ਸੁੱਖ ਸਾਂਝਾ ਕਰਦੇ ਹਨਉਸ ਨਾਲ ਆਪਣਾ ਖੁੱਲ੍ਹ ਕੇ ਦਿਲ ਫੋਲਦੇ ਹਨਇਸ ਸਾਰੇ ਵਰਤਾਰੇ ਵਿਚੋਂ ਹੀ ਇਹ ਸ਼ਬਦ ਚਿੱਤਰ ਪੈਦਾ ਹੋਏ ਹਨਅਸਲ ਵਿਚ ਇਹ ਸਟੋਰ ਵਾਲਾ ਬਜ਼ੁਰਗ ਵਿਅਕਤੀ ਲੇਖਕ ਖ਼ੁਦ ਹੈ

ਲੇਖਕ ਨੇ ਇਥੇ ਫਸਟ ਪਰਸਨਦੀ ਥਾਂ ਥਰਲਡ ਪਸਰਨਦੀ ਜੁਗਤ ਵਰਤੀ ਹੈਇਸ ਤਰ੍ਹਾਂ ਲੇਖਕ ਮੈਂਦੀ ਸੀਮਤ ਰੇਖਾ ਤੋਂ ਪਾਰ ਚਲਾ ਗਿਆ ਹੈਥਰਲਡ ਪਰਸਨਦੀ ਜੁਗਤ ਨਾਲ ਉਹ ਆਪਣੀ ਗੱਲ ਨੂੰ ਵਧੇਰੇ ਵਿਸਥਾਰ ਅਤੇ ਆਜ਼ਾਦੀ ਨਾਲ ਕਹਿਣ ਸਦਕਾ ਆਪਣੇ ਮਕਸਦ ਵਿਚ ਵਧੇਰੇ ਕਾਮਯਾਬ ਹੋਇਆ ਹੈ

ਸਟੋਰ ਵਾਲਾ ਬਜ਼ੁਰਗ ਇਕ ਤਰ੍ਹਾਂ ਨਾਲ ਸੂਤਰ ਦਾ ਕਾਰਜ ਨਿਭਾਉਂਦਾ ਹੈ, ਜਿਸ ਨਾਲ ਪੁਸਤਕ ਦੇ ਸਾਰੇ ਪਾਤਰ ਉਸ ਵਿਚ ਪਰੋਤੇ ਨਜ਼ਰ ਆਉਂਦੇ ਹਨਇਹ ਵੱਖ ਵੱਖ ਲੇਖ ਹੋਣ ਦੇ ਬਾਵਜੂਦ ਇਕੋ ਕਹਾਣੀ ਦੇ ਵੱਖ ਵੱਖ ਪਹਿਲੂ, ਵੱਖ ਵੱਖ ਐਪੀਸੋਡ ਜਾਪਦੇ ਹਨਵੱਖ ਵੱਖ ਬੰਦਿਆਂ ਦੀਆਂ ਵੱਖ ਵੱਖ ਕਹਾਣੀਆਂ ਹੋਣ ਦੇ ਬਾਵਜੂਦ ਇਕ ਲੜੀ ਵਿਚ ਪਰੋਤੀਆਂ ਹੋਈਆਂ, ਇਕ ਦੂਜੀ ਨਾਲ ਸੰਬੰਧਿਤ ਜਾਪਦੀਆਂ ਹਨਇਹ ਇਕ ਅਜਿਹੀ ਪੁਸਤਕ ਹੈ, ਜਿਸ ਵਿਚੋਂ ਪਾਠਕ ਸ਼ਬਦ-ਚਿੱਤਰ, ਕਹਾਣੀ ਅਤੇ ਸਮੁੱਚੇ ਪਾਠ ਵਿਚੋਂ ਨਾਵਲ ਵਰਗਾ ਸਵਾਦ ਵੀ ਲੈ ਸਕਦਾ ਹੈ

ਕੇ ਐਲ ਗਰਗ ਪੰਜਾਬੀ ਦਾ ਸਮੱਰਥਾਵਨ ਵਿਅੰਗ ਲੇਖਕ ਹੈਵਿਅੰਗ ਦੀ ਜੁਗਤ ਨੂੰ ਉਸ ਨੇ ਇਸ ਪੁਸਤਕ ਵਿਚ ਖੁੱਲ੍ਹ ਕੇ ਵਰਤਿਆ ਹੈਹਰ ਸ਼ਬਦ=ਚਿੱਤਰ ਕਥਾ-ਰਸ ਨਾਲ ਏਨਾ ਓਤਪੋਤ ਹੈ ਕਿ ਪੜ੍ਹਦੇ ਪੜ੍ਹਦੇ ਪਾਠਕ ਖਤਮ ਕਰਕੇ ਹੀ ਦਮ ਲੈਂਦਾ ਹੈਨਿੱਕੀ ਕਹਾਣੀ ਵਾਂਗ ਹਰ ਸ਼ਬਦ ਚਿੱਤਰ ਦਾ ਅੰਤ ਏਨਾ ਨਾਟਕੀ ਹੁੰਦਾ ਹੈ ਕਿ ਪਾਠਕ ਪੜ੍ਹੇ ਗੇ ਸ਼ਬਦ-ਚਿੱਤਰ ਤੇ ਪਿਛਲ ਝਾਤ ਮਾਰਨ ਲਈ ਮਜਬੂਰ ਹੋ ਜਾਂਦਾ ਹੈ

ਇਹਨਾਂ ਪਾਤਰਾਂ ਵਿਚ ਲਾਟੋ ਖੇਡਣ ਦੇ ਸ਼ੌਕੀਨ, ਸ਼ਰਾਬੀ, ਫਿਊਨਰਲ ਹੋਮ ਵਿਚ ਕੰਮ ਕਰਨ ਵਾਲੇ, ਕੇਨ ਤੇ ਬੋਤਲਾਂ ਇਕੱਠੀਆਂ ਕਰਨ ਵਾਲੇ ਆਦਿ ਔਰਤਾਂ ਮਰਦਾਂ ਦੇ ਰੇਖਾ ਚਿੱਤਰਾਂ ਰਾਹੀਂ ਲੇਖਕ ਨੇ ਅਮਰੀਕਨ ਜ਼ਿੰਦਗੀ ਦਾ ਅਸਲੋਂ ਹੀ ਦੂਸਰਾ ਪਾਸਾ ਪਾਠਕ ਸਾਹਮਣੇ ਰੂਪਮਾਨ ਕੀਤਾ ਹੈ

ਟੀਚਰਇਕ ਅਜਿਹੀ ਔਰਤ ਦੇ ਜੀਵਨ ਨੂੰ ਪੇਸ਼ ਕਰਦਾ ਹੈ, ਜਿਹੜੀ ਆਪਣੇ ਪਤੀ ਨੂੰ ਏਨੀ ਸ਼ਿੱਦਤ ਨਾਲ ਪਿਆਰ ਕਰਦੀ ਸੀ ਕਿ ਪਤੀ ਦੀ ਮੌਤ ਤੋਂ ਬਾਅਦ ਦਿਮਾਗ਼ੀ ਤਵਾਜ਼ਨ ਖੋਹ ਬੈਠਦੀ ਹੈਲੇਖਕ ਇਹ ਗੱਲ ਦਰਸਾਉਣ ਵਿਚ ਸਫਲ ਰਿਹਾ ਹੈ ਕਿ ਅਮਰੀਕੀ ਲੋਕ ਵੀ ਪਰਿਵਾਰਕ ਕਦਰਾਂ-ਕੀਮਤਾਂ ਦਾ ਮਹੱਤਵ ਜਾਣਦੇ ਹਨ

ਟਾਈਗਰਨਾਮੀ ਸਕੈੱਚ, ਰੋਜ਼ ਸ਼ਰਾਬ ਪੀਣ ਵਾਲੇ ਪੀਟਰ ਨੂੰ ਪਾਠਕ ਸਾਹਮਣੇ ਹੂਬਹੂ ਖੜ੍ਹਾ ਕਰ ਦਿੰਦਾ ਹੈਪੀਟਰ ਆਪਣੀ ਬੇਟੀ ਨੂੰ ਬਹੁਤ ਪਿਆਰ ਕਰਦਾ ਹੈਉਸਦੀ ਸ਼ਰਾਬ ਪੀਣ ਦੀ ਆਦਤ ਤੋਂ ਉਸਦੀ ਪਤਨੀ ਤੇ ਬੇਟੀ ਦੁਖੀ ਹਨਉਹ ਖੁਦ ਵੀ ਸ਼ਰਾਬ ਛੱਡਣੀ ਚਾਹੁੰਦਾ ਹੈਪਰ ਛੱਡ ਨਹੀਂ ਸਕਦਾਮਨੋਵਿਗਿਆਨ ਦੀ ਦ੍ਰਿਸ਼ਟੀ ਤੋਂ ਇਹ ਕਾਮਯਾਬ ਸਕੈੱਚ ਹੈ, ਜਿਹੜਾ ਮਨੁੱਖੀ ਮਨ ਵਿਚ ਆਉਂਦੀਆਂ ਹਰ ਪਲ ਦੀਆਂ ਤਬਦੀਲੀਆਂ ਨੂੰ ਪੇਸ਼ ਕਰਦਾ ਹੈ

ਫਿਊਨਰਲ ਹੋਮ ਦੇ ਤਮਾਸ਼ੇਵਿਚ ਗਰਗ ਹੋਰਾਂ ਨੇ ਅਜਿਹੇ ਵਿਅਕਤੀ ਦਾ ਚਰਿੱਤਰ ਪੇਸ਼ ਕੀਤਾ, ਜਿਹੜਾ ਫਿਊਨਰਲ ਹੋਮ ਵਿਚ ਕੰਮ ਕਰਦਾ ਹੈਮੁਰਦਿਆਂ ਦੀ ਸਾਂਭ ਸੰਭਾਲ ਕਰਦਾ ਹੈਇਸ ਲੇਖ ਵਿਚ ਪ੍ਰਹਸਨ ਦੀ ਪੁੱਠ ਹੈਲੇਖਕ ਇਸ ਸਕੈੱਚ ਰਾਹੀਂ ਮਨੁੱਖ ਦੇ ਦੋਗਲੇ ਕਿਰਦਾਰ ਨੂੰ ਬਖੂਬੀ ਪੇਸ਼ ਕਰਦਾ ਹੈਫਿਊਨਰਲ ਹੋਮ ਵਿਚ ਮੁਰਦਿਆਂ ਦੇ ਪਰਿਵਾਰ ਰਿਸ਼ਤੇਦਾਰਾਂ ਵਲੋਂ ਵਹਾਏ ਹੰਝੂਆਂ ਪਿਛੇ ਇਕੋ ਲਾਲਸਾ ਛਿਪੀ ਹੁੰਦੀ ਹੈ ਕਿ ਮਰਨ ਵਾਲਾ ਉਹਨਾਂ ਲਈ ਕੀ ਛੱਡ ਕੇ ਗਿਆ ਹੈ

ਤੀਸਰੀ ਦੁਨੀਆ ਵਾਲਿਆਂ ਲਈ ਅਮਰੀਕਾ ਇਕ ਗਲੈਮਰ ਹੈ, ਜਿਥੇ ਸਭ ਅੱਛਾਹੀ ਹੈਦੂਜਾ ਪਾਸਾਪੁਸਤਕ ਵਿਚ ਲੇਖਕ ਨੇ ਉਹਨਾਂ ਘਿਨੌਣੀਆਂ ਤੇ ਕਰੂਰ ਸਥਿਤੀਆਂ ਨੂੰ ਪਾਠਕ ਸਾਹਮਣੇ ਪੇਸ਼ ਕਰਨ ਦਾ ਯਤਨ ਕੀਤਾ ਹੈ, ਜਿਸ ਨਾਲ ਗਲੈਮਰ ਦਾ ਤਲਿਸਮ ਟੁੱਟਦਾ ਹੈਬਿਲਕੁਲ ਅਲੱਗ ਦ੍ਰਿਸ਼ਟੀਕੋਣ ਤੋਂ ਲਿਖੀ ਗਈ ਇਸ ਪੁਸਤਕ ਲੇਖਕ ਸ਼ਾਬਾਸ਼ ਦਾ ਹੱਕਦਾਰ ਹੈ




Thursday, January 22, 2009

ਡਾ: ਸੁਖਪਾਲ - ਰਹਣੁ ਕਿਥਾਊ ਨਾਹਿ

ਕਿਤਾਬ: ਰਹਣੁ ਕਿਥਾਊ ਨਾਹਿ

ਲੇਖਕ: ਡਾ: ਸੁਖਪਾਲ

ਪ੍ਰਕਾਸ਼ਨ ਵਰ੍ਹਾ 2007

ਰੀਵਿਊਕਾਰ: ਸੁਖਿੰਦਰ

ਮਨੁੱਖ ਹੋਣ ਦੇ ਅਰਥਾਂ ਦੀ ਤਲਾਸ਼

ਸਾਡੇ ਸਮਿਆਂ ਵਿੱਚ ਮਨੁੱਖ ਹੋਣਾ ਹੀ ਸਭ ਤੋਂ ਵੱਡੀ ਚੁਣੌਤੀ ਬਣ ਚੁੱਕਿਆ ਹੈ। ਅਖਬਾਰਾਂ, ਮੈਗਜ਼ੀਨਾਂ, ਰੇਡੀਓ, ਟੈਲੀਵੀਜ਼ਨ, ਇੰਟਰਨੈੱਟ, ਫਿਲਮਾਂ - ਸੰਚਾਰ ਦਾ ਹਰ ਮਾਧਿਅਮ ਹੀ ਮਨੁੱਖੀ ਚੇਤਨਾ ਉੱਤੇ ਆਪਣਾ ਕਬਜ਼ਾ ਕਰਨ ਦੇ ਆਹਰ ਵਿੱਚ ਹੈ। ਮਨੁੱਖੀ ਚੇਤਨਾ ਉੱਤੇ ਕਬਜ਼ਾ ਜਮਾਉਣ ਲਈ ਇਹ ਹਮਲਾ ਉਸ ਉੱਤੇ ਸੁੱਤੇ/ਜਾਗਦਿਆਂ, ਹਰ ਪਲ, ਨਿਰੰਤਰ ਹੋ ਰਿਹਾ ਹੈ। ਮਨੁੱਖੀ ਜ਼ਿੰਦਗੀ ਨਾਲ ਸਬੰਧਤ ਹਰ ਸਰੋਕਾਰ ਦਾ ਮੰਤਵ ਮਨੁੱਖ ਦੀ ਹੋਂਦ ਉੱਤੇ ਆਪਣਾ ਕਬਜ਼ਾ ਜਮਾਉਣਾ ਹੈ; ਇਹ ਮੰਤਵ ਚਾਹੇ ਰਾਜਨੀਤਿਕ, ਸਮਾਜਿਕ, ਸਭਿਆਚਾਰਕ, ਆਰਥਿਕ, ਵਿਉਪਾਰਕ, ਧਾਰਮਿਕ ਜਾਂ ਦਾਰਸ਼ਨਿਕ ਹੋਵੇ।

ਕੈਨੇਡੀਅਨ ਪੰਜਾਬੀ ਸਾਹਿਤਕਾਰ ਡਾ. ਸੁਖਪਾਲ ਵੱਲੋਂ 2007 ਵਿੱਚ ਪ੍ਰਕਾਸਿ਼ਤ ਕੀਤੀ ਗਈ ਕੋਲਾਜ ਕਿਤਾਬ ਰਹਣੁ ਕਿਥਾਊ ਨਾਹਿਅਜੋਕੇ ਮਨੁੱਖ ਸਾਹਮਣੇ ਪੇਸ਼ ਇਸ ਚੁਣੋਤੀ ਬਾਰੇ ਹੀ ਅਨੇਕਾਂ ਢੰਗਾਂ ਨਾਲ ਗੱਲ ਕਰਦੀ ਹੈ। ਆਪਣੀ ਗੱਲ ਨੂੰ ਵਧੇਰੇ ਅਰਥ ਭਰਪੂਰ ਬਨਾਉਣ ਲਈ ਉਸਨੇ ਕਲਾ ਅਤੇ ਸਾਹਿਤ ਦੇ ਕਈ ਰੂਪਾਂ ਦਾ ਸਹਾਰਾ ਲਿਆ ਹੈ। ਜਿਨ੍ਹਾਂ ਵਿੱਚ ਤਸਵੀਰ, ਕਵਿਤਾ, ਵਾਰਤਕ ਅਤੇ ਸੰਵਾਦ ਮੁੱਖ ਰੂਪ ਵਿੱਚ ਪਹਿਚਾਣੇ ਜਾ ਸਕਦੇ ਹਨ। ਵਿਸ਼ੇਸ਼ ਕਰਕੇ ਵਾਰਤਕ ਲਿਖਣ ਵੇਲੇ ਆਪਣੇ ਵਿਚਾਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਲਈ ਅਤੇ ਵਧੇਰੇ ਰੌਚਿਕ ਬਨਾਉਣ ਲਈ ਉਹ ਸ਼ਬਦਾਂ/ਵਾਕਾਂ ਦੀ ਇਸ ਤਰ੍ਹਾਂ ਉਸਾਰੀ ਕਰਦਾ ਹੈ ਜਿਵੇਂ ਕਿਤੇ ਉਹ ਕਿਸੇ ਟੈਲੀਵੀਜ਼ਨ ਫਿਲਮ ਲਈ ਸਕ੍ਰਿਪਟ ਲਿਖ ਰਿਹਾ ਹੋਵੇ; ਪਰ ਇਸ ਤਰ੍ਹਾਂ ਕਰਦਿਆਂ ਹੋਇਆਂ ਵੀ ਉਹ ਧੀਮੀ ਸੁਰ ਵਿੱਚ ਹੀ ਗੱਲ ਕਰਦਾ ਹੈ। ਆਪਣੀ ਗੱਲ ਕਹਿਣ ਲਈ ਉਹ ਸਾਡੀ ਚੇਤਨਾ ਵਿੱਚ ਇੱਕ ਤੋਂ ਬਾਹਦ ਇੱਕ ਦ੍ਰਿਸ਼ ਉਜਾਗਰ ਕਰਦਾ ਜਾਂਦਾ ਹੈ:

ਕੁਝ ਚਿਰ ਬਾਅਦ ਦੋ ਲੜਕੇ ਆਏ। ਉਨ੍ਹਾਂ ਦੇ ਟੱਬਰ ਇਸ ਘਰ ਦੇ ਮਿੱਤਰ ਸਨ। ਸੁਮੀਤ ਦੇ ਪਿਤਾ ਜੀ ਨੂੰ ਬੋਲੇ: ਬੜਾ ਕਹਿਰ ਹੋਇਆ ! ਅਸੀਂ ਤਾਂ ਕੰਬ ਈ ਗਏ ! ਏਡਾ ਚੰਗਾ ਮੁੰਡਾ ਸੀ। ਹਰ ਕਿਸੇ ਨਾਲ ਹੱਸ ਖੇਡ ਕੇ ਬੋਲਦਾ। ਸੁਣਿਆ ਤਾਂ ਯਕੀਨ ਨਾ ਆਵੇ। ਇਹ ਤਾਂ ਅਨਰਥ ਹੋਇਆ ! ਏਦੂੰ ਬੁਰਾ ਕੀ ਹੋ ਸਕਦਾ ਸੀ ? ਹਾਲਾਤ ਅੱਗੇ ਕਿਸਦਾ ਜ਼ੋਰ ਏ? ਸਭ ਕੁਝ ਚੁੱਪ ਚਾਪ ਸਹਿਣਾ ਪੈਂਦਾ ਏ...!

ਉਹ ਆਰਾਮ ਤੇ ਸੁਖਿਆਈ ਨਾਲ ਬੋਲ ਰਹੇ ਸਨ ਜਿਵੇਂ ਏਨਾਂ ਗੱਲਾਂ ਦੀ ਮੁਹਾਰਤ ਹੋਵੇ। ਮੈਂ ਮੌਤਾਂ ਤੱਕੀਆਂ ਹਨ। ਅਰਥੀਆਂ ਨੂੰ ਮੋਢਾ ਦਿੱਤਾ ਹੈ। ਚਿਖਾ ਬਲਦੀ ਵੇਖੀ ਹੈ। ਵਿਰਲਾਪ ਸੁਣਿਆ ਹੈ। ਸੱਥਰ ਵਿੱਚ ਬੈਠਾ ਹਾਂ। ਫਿਰ ਵੀ ਮੈਨੂੰ ਇਹ ਗੱਲਾਂ ਕਰਨ ਦੀ ਮੁਹਾਰਤ ਨਹੀਂ ਹੋ ਸਕੀ। ਮੇਰਾ ਜੀਅ ਕੀਤਾ ਮੈਂ ਵੀ ਘਰ ਦਿਆਂ ਨੂੰ ਕੁਝ ਆਖਾਂ। ਮੈਥੋਂ ਕਿਹਾ ਨਾ ਗਿਆ। ਮੈਂ ਕਰਦਾ ਵੀ ਕੀ? ਮੈਂ ਅਫਸੋਸ ਕਰਨਨਹੀਂ ਸਾਂ ਆਇਆ. ਦੁੱਖ ਹੋਣ ਤੇ ਉੱਠ ਤੁਰਿਆ ਸਾਂ। ਰਸਮ ਪੂਰੀ ਕਰਨ ਨਹੀਂ ਸਾਂ ਆਇਆ। ਏਸੇ ਕਰਕੇ ਰਸਮੀ ਗੱਲਾਂ ਮੈਥੋਂ ਨਾ ਹੋਈਆਂ।

ਇਸ ਤਕਨੀਕ ਦੇ ਪ੍ਰਯੋਗ ਦੀ ਇੱਕ ਹੋਰ ਉਦਾਹਰਣ ਦੇਖੀ ਜਾ ਸਕਦੀ ਹੈ:

ਓਨਾਂ ਆ ਕੇ ਲਾਸ਼ਾਂ ਤੱਕੀਆਂ। ਮਿਸਤਰੀ ਤੋਂ ਮੌਕਾ ਪੁੱਛਿਆ। ਮੋਏ ਪਏ ਅੱਤਵਾਦੀ ਦੀ ਕਮੀਜ਼ ਲਾਹੀ ਤਾਂ ਵੇਖਿਆ: ਲੱਕ ਨਾਲ ਮਾਊਜ਼ਰ, ਸੱਤਰ ਅੱਸੀ ਗੋਲੀਆਂ ਪੇਟੀ ਵਿੱਚ ਤੇ ਦੋ ਸਟਿੱਕ ਬੰਬ ਓਦ੍ਹੇ ਪਿੰਡੇ ਨਾਲ ਬੱਧੇ ਹੋਏ ਸਨ। ਸ਼ਾਇਦ ਓਹਦੇ ਸਾਥੀ ਜਾਂਦਿਆਂ ਬੰਨ੍ਹ ਗਏ ਸਨ ਪਈ ਜਿਹੜਾ ਵੀ ਪਹਿਲੋਂ ਆ ਕੇ ਲਾਸ਼ ਨੂੰ ਚੁੱਕੇ ਜਾਂ ਹਲਾਵੇਗਾ ਉਹ ਵੀ ਉੱਡ ਜਾਵੇਗਾ।

ਮਨੁੱਖ ਹੋਣ ਦੇ ਅਰਥਾਂ ਦੀ ਤਲਾਸ਼ ਇਸ ਕੋਲਾਜ ਕਿਤਾਬ ਦੇ ਮੁੱਢਲੇ ਪੰਨਿਆਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ। ਕਿਤਾਬ ਦੇ ਮੁੱਢਲੇ ਪੰਨਿਆਂ ਵਿੱਚ ਪੰਜਾਬ, ਇੰਡੀਆ ਅੰਦਰ ਵਾਪਰੇ ਖਾਲਿਸਤਾਨੀ ਦਹਿਸ਼ਤਗਰਦੀ ਦੇ ਦਿਨਾਂ ਦੀਆਂ ਯਾਦਾਂ ਹਨ। ਇਹ ਉਹ ਦਿਨ ਸਨ ਜਦੋਂ ਇਕੱਲੇ ਪੰਜਾਬ ਵਿੱਚ ਹੀ ਨਹੀਂ ਇੰਡੀਆ ਦੇ ਹੋਰ ਵੀ ਅਨੇਕਾਂ ਪ੍ਰਾਂਤਾਂ ਵਿੱਚ ਲੋਕ ਇੱਕ ਦੂਜੇ ਨੂੰ ਸਿੱਖ, ਹਿੰਦੂ, ਮੁਸਲਿਮ ਦੇ ਰੂਪ ਵਿੱਚ ਦੇਖਣ ਲੱਗ ਪਏ ਸਨ - ਮਨੁੱਖਾਂ ਦੇ ਰੂਪ ਵਿੱਚ ਨਹੀਂ. ਉਨ੍ਹਾਂ ਲਈ ਪਗੜੀਆਂ, ਬੋਦੀਆਂ ਅਤੇ ਕੁੱਲੇ ਹੀ ਮਨੁੱਖ ਦੀ ਪਹਿਚਾਣ ਰਹਿ ਗਏ ਸਨ। ਜਦੋਂ ਕਿ ਕਿਸੇ ਵੀ ਵਿਅਕਤੀ ਦੇ ਮਨੁੱਖ ਹੋਣ ਨਾਲ ਉਸਦਾ ਬਾਹਰਲਾ ਭੇਖ ਕਿਸੇ ਤਰ੍ਹਾਂ ਵੀ ਕੋਈ ਅਰਥ ਨਹੀਂ ਰੱਖਦਾ। ਮਨੁੱਖ ਹੋਣਾ ਤਾਂ ਉਸ ਵਿਅਕਤੀ ਦੇ ਕਰਦਾਰ ਅਤੇ ਉਸਦੀਆਂ ਕਦਰਾਂ-ਕੀਮਤਾਂ ਨਾਲ ਸਬੰਧ ਰੱਖਦਾ ਹੈ। ਡਾ. ਸੁਖਪਾਲ ਵੀ ਇਸੇ ਵਿਚਾਰ ਦਾ ਹੀ ਧਾਰਨੀ ਜਾਪਦਾ ਹੈ। ਭਾਵੇਂ ਕਿ ਉਹ ਇਸ ਗੱਲ ਨੂੰ ਧੀਮੀ ਸੁਰ ਵਿੱਚ ਹੀ ਉਭਾਰਦਾ ਹੈ:

ਸਭ ਦਾ ਇੱਕੋ ਮਕਸਦ ਸੀ: ਉਸ ਪਾਣੀ ਨੂੰ ਬੰਨ੍ਹ ਮਾਰਣਾ ਜਿਸ ਨੇ ਹਿੰਦੂ ਤੇ ਸਿੱਖ ਦੋਹਾਂ ਦੀਆਂ ਪੈਲੀਆਂ ਅਤੇ ਘਰ ਰੋੜ੍ਹ ਘੱਤੇ ਸਨ। ਪਾੜ ਭਰਦੀ ਭੀੜ ਵਿੱਚ ਹਿੰਦੂ ਤੇ ਸਿੱਖ ਦੋਵੇਂ ਹੀ ਸਨ ਪਰ ਉਸ ਵੇਲੇ ਉਹ ਹਿੰਦੂ ਜਾਂ ਸਿੱਖ ਨਹੀਂ ਸਨ. ਉਹ ਉਸ ਪਿੰਡ ਦੇ ਵਾਸੀ ਸਨ, ਉਹਨਾਂ ਪੈਲੀਆਂ ਦੇ ਮਾਲਕ ਸਨ ਜਿਨ੍ਹਾਂ ਵਿੱਚ ਉੱਗੇ ਝੋਨੇ ਨੂੰ ਵੇਖ ਕੋਈ ਪਛਾਣ ਨਹੀਂ ਸਕਦਾ ਇਹ ਹਿੰਦੂ ਦੀ ਪੈਲੀ ਵਿੱਚ ਉੱਗਿਆ ਹੈ ਜਾਂ ਸਿੱਖ ਦੀ? ਉਨ੍ਹਾਂ ਸਾਰਿਆਂ ਤੇ ਇੱਕੋ ਜਿਹੀ ਭੀੜ ਬਣੀ ਸੀ। ਉਸ ਪਲ ਉਹ ਆਪੋ ਆਪਣੀ ਜਾਨ ਬਚਾਉਣ ਲਈ ਨਹੀਂ ਲੜ ਰਹੇ ਸਨ। ਉਹ ਇੱਕ ਜਾਨ ਬਚਾਉਣ ਲਈ ਲੜ ਰਹੇ ਸਨ...ਉਸ ਪਲ ਵਿੱਚ ਸਾਰਿਆਂ ਦੀ ਜਾਨ ਇੱਕ ਹੀ ਸੀ.

ਇਸੇ ਤਰ੍ਹਾਂ ਹੀ ਡਾ. ਸੁਖਪਾਲ ਆਪਣੀ ਗੱਲ ਨੂੰ ਹੋਰ ਵਜ਼ਨਦਾਰ ਬਨਾਉਣ ਲਈ ਪੰਜਾਬ ਅਤੇ ਪੰਜਾਬੀਆਂ ਦੇ ਇਤਿਹਾਸ ਦੀ ਗੱਲ ਕਰਦਾ ਹੋਇਆ ਸਾਡੇ ਪੁਰਖਿਆਂ ਦੇ ਉੱਚੇ-ਸੁੱਚੇ ਕਿਰਦਾਰ ਅਤੇ ਕਦਰਾਂ-ਕੀਮਤਾਂ ਵੱਲ ਵੀ ਧਿਆਨ ਦਵਾਉਂਦਾ ਹੈ। ਉਹ ਇਸ ਗੱਲ ਨੂੰ ਵੀ ਉਭਾਰਦਾ ਹੈ ਕਿ ਮਨੁੱਖ ਦਾ ਕਿਰਦਾਰ ਸਿਰਫ ਚੰਗੇ ਸਮਿਆਂ ਵਿੱਚ ਹੀ ਨਹੀਂ ਪਰਖਿਆ ਜਾਂਦਾ; ਬਲਕਿ ਉਸਦੀਆਂ ਮੁਸੀਬਤ ਦੀਆਂ ਘੜੀਆਂ ਵਿੱਚ ਵੀ ਪਰਖਿਆ ਜਾਂਦਾ ਹੈ:

“...ਬਾਬੇ ਨਾਨਕ ਨੇ ਬ੍ਰਾਹਮਣਾਂ ਨਾਲ ਮੱਥਾ ਲਾਇਆ ਪਰ ਉਨ੍ਹਾਂ ਨੂੰ ਪੰਜਾਬ ਵਿੱਚੋਂ ਤਾਂ ਨਹੀਂ ਕੱਢ ਦਿੱਤਾ। ਗੁਰ ਹਰਗੋਬਿੰਦ ਨੇ ਮੁਸਲਮਾਨਾਂ ਨਾਲ ਯੁੱਧ ਕੀਤਾ ਪਰ ਹਰਮੰਦਰ ਪੁੱਟ ਕੇ ਸਾਈਂ ਮੀਆਂ ਮੀਰ ਦੀ ਨੀਂਹ ਤਾਂ ਨਹੀਂ ਕੱਢ ਸੁੱਟੀ। ਗੁਰ ਗੁਬਿੰਦ ਸਿੰਘ ਨੇ ਇਹ ਤਾਂ ਨਹੀਂ ਕਿਹਾ ਪਈ ਸਾਰੇ ਹਿੰਦੂਆਂ ਨੂੰ ਧੱਕੇ ਨਾਲ ਅੰਮ੍ਰਿਤ ਛਕਾਓ। ਰਣਜੀਤ ਸਿੰਘ ਵੇਲੇ ਰਾਜ ਸਿੱਖਾਂ ਦਾ, ਪ੍ਰਧਾਨ ਮੁਸਲਮਾਨ ਤੇ ਖਜ਼ਾਨਚੀ ਹਿੰਦੂ ਸੀ।

ਡਾ. ਸੁਖਪਾਲ ਮਨੁੱਖ ਅੰਦਰਲੀਆਂ ਮਨੁੱਖੀ ਕਦਰਾਂ-ਕੀਮਤਾਂ ਨੂੰ ਲੱਗ ਰਹੇ ਖੋਰੇ ਲਈ ਪੂੰਜੀਵਾਦ ਦੇ ਵੱਧ ਰਹੇ ਪਾਸਾਰ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ। ਪੂੰਜੀਵਾਦ ਦੇ ਪਾਸਾਰ ਨਾਲ ਉਪਭੋਗਿਤਾਵਾਦ ਸ਼ਹਿਰਾਂ ਤੋਂ ਹੁੰਦਾ ਹੋਇਆ ਪਿੰਡਾਂ ਤੱਕ ਵੀ ਪਹੁੰਚ ਗਿਆ। ਸ਼ਹਿਰੀ ਜ਼ਿੰਦਗੀ ਨਾਲ ਸਬੰਧਤ ਚਮਕ-ਦਮਕ ਵਾਲੀਆਂ ਚੀਜ਼ਾਂ ਦੀ ਪ੍ਰਾਪਤੀ ਕਰਨ ਦੀ ਇੱਛਾ ਦੇ ਨਾਲ ਨਾਲ ਇਸ ਸ਼ਹਿਰੀ ਸਭਿਆਚਾਰ ਦੇ ਪਿੰਡਾਂ ਵਿੱਚ ਵੀ ਪਹੁੰਚ ਜਾਣ ਨਾਲ ਸਦੀਆਂ ਤੋਂ ਇੱਕ ਦੂਜੇ ਨਾਲ ਪਿਆਰ-ਮੁਹੱਬਤ ਨਾਲ ਰਹਿਣ ਵਾਲੇ ਪੇਂਡੂ ਲੋਕਾਂ ਵਿੱਚ ਵੀ ਵੱਖਰੇਵੇਂ ਪੈਦਾ ਹੋਣੇ ਸ਼ੁਰੂ ਹੋ ਗਏ। ਲੋਕ ਇੱਕ ਦੂਜੇ ਨਾਲ ਬੇਗਾਨਿਆਂ ਵਾਂਗ ਵਰਤਾਓ ਕਰਨ ਲੱਗ ਪਏ। ਪਿੰਡਾਂ ਦੇ ਲੋਕ ਜਿਨ੍ਹਾਂ ਵਿੱਚ ਸਿੱਖ, ਹਿੰਦੂ, ਮੁਸਲਮਾਨ, ਈਸਾਈ ਵਰਗੇ ਕੋਈ ਵੱਖਰੇਵੇਂ ਨਹੀਂ ਸਨ। ਜਿੱਥੇ ਹਰ ਕੋਈ ਆਪਣੇ ਆਪਨੂੰ ਪਿੰਡ ਵਾਸੀ ਸਮਝਦਾ ਸੀ ਅਤੇ ਇੱਕ ਦੂਜੇ ਦੀਆਂ ਖੁਸ਼ੀਆਂ/ਗ਼ਮੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ। ਉਹੀ ਹੁਣ ਧਰਮਾਂ/ਫਿਰਕਿਆਂ ਦੇ ਨਾਮ ਉੱਤੇ ਇੱਕ ਦੂਜੇ ਦੇ ਖ਼ੂਨ ਦੇ ਪਿਆਸੇ ਹੋ ਗਏ ਸਨ:

“...ਸ਼ਾਇਦ ਏਹੋ ਗਲਤੀ ਹੋਈ ਪਈ ਸਾਨੂੰ ਸ਼ਹਿਰ ਦਾ ਸਮਾਨ ਸੁੱਖ ਸਹੂਲਤ ਚਾਹੀਦੀ ਸੀ ਪਰ ਪਿੰਡ ਨੂੰ ਈ ਸ਼ਹਿਰ ਨਹੀਂ ਸੀ ਬਣਾਉਂਣਾ ਚਾਹੀਦਾ। ਸ਼ਹਿਰ ਦੀ ਉਹ ਤਹਿਜ਼ੀਬ ਨਹੀਂ ਸੀ ਚਾਹੀਦੀ ਜਿਸ ਵਿੱਚ ਬੰਦਾ ਬੰਦੇ ਨਾਲੋਂ ਅੱਡ ਹੋ ਜਾਂਦਾ ਏ। ਪਤਾ ਈ ਨਹੀਂ ਹੁੰਦਾ ਪਈ ਗੁਆਂਢ ਜੀਂਦਾ ਏ ਕੇ ਮਰ ਗਿਆ ਏ?...ਤਰੱਕੀ ਨਾਲ ਲੋਕ ਇੱਕ ਦੂਜੇ ਨੂੰ ਮਾਰਣ ਨਹੀਂ ਲੱਗ ਪੈਂਦੇ। ਇਹ ਪਿੰਡ ਇਹ ਧਰਤੀ ਜਿੱਥੇ ਚੰਗੇ ਲੋਕ ਰਹਿੰਦੇ ਸਨ ਜਿਹੜੇ ਪਰਾਇਆਂ ਨਾਲ ਵੀ ਆਪਣਿਆਂ ਜਿਹਾ ਵਿਹਾਰ ਕਰਦੇ ਸਨ ਓਥੇ ਕਿਵੇਂ ਕੁਝ ਲੋਕ ਅਸਾਲਟਾਂ ਫੜ ਆਪਣਿਆਂ ਨੂੰ ਹੀ ਪਰਾਇਆਂ ਵਾਂਗ ਮਾਰਣ ਲਗ ਪਏ? ਸੈਂਕੜੇ ਵਰ੍ਹਿਆਂ ਦਾ ਰਿਸ਼ਤਾ ਕਿਵੇਂ ਭੁੱਲ ਜਾਂਦਾ ਹੈ?”

ਪੰਜਾਬ ਵਿੱਚ ਜਦੋਂ ਖਾਲਿਸਤਾਨੀ ਦਹਿਸ਼ਤਗਰਦੀ ਦੀ ਲਹਿਰ ਚੱਲੀ ਤਾਂ ਉਨ੍ਹਾਂ ਦਾ ਮੁੱਖ ਨਿਸ਼ਾਨਾ ਪੰਜਾਬ ਦੇ ਹਿੰਦੂਆਂ ਅਤੇ ਸਿੱਖਾਂ ਵਿੱਚ ਤਰੇੜਾਂ ਪਾਉਣਾ ਸੀ; ਪਰ ਦਹਿਸ਼ਤਗਰਦ ਆਪਣੇ ਇਸ ਉਦੇਸ਼ ਵਿੱਚ ਕਾਮਿਯਾਬ ਨਾ ਹੋ ਸਕੇ ਅਤੇ ਉਹ ਪੰਜਾਬ ਵਿੱਚ ਇੱਕ ਵੇਰ ਫਿਰ 1947 ਦੀ ਵੰਡ ਵੇਲੇ ਵਾਪਰਿਆ ਮਹਾਂ-ਦੁਖਾਂਤ ਦੁਹਰਾਉਣ ਵਿੱਚ ਕਾਮਿਯਾਬ ਨ ਹੋ ਸਕੇ. ਜਿਸ ਵਿੱਚ ਪੰਜਾਬ ਦੇ ਲੱਖਾਂ ਸਿੱਖਾਂ, ਹਿੰਦੂਆਂ, ਮੁਸਲਮਾਨਾਂ ਨੂੰ ਆਪਣੀਆਂ ਜਾਨਾਂ ਗੁਆਣੀਆ ਪਈਆਂ ਸਨ। ਜਦੋਂ ਧਾਰਮਿਕ ਕੱਟੜਵਾਦੀ ਲੀਡਰਾਂ ਨੇ ਆਪਣੇ ਆਪਣੇ ਧਰਮ ਦੇ ਪੈਰੋਕਾਰਾਂ ਦੇ ਦਿਮਾਗ਼ਾਂ ਵਿੱਚ ਧਾਰਮਿਕ ਕੱਟੜਵਾਦ ਦੇ ਜਨੂੰਨ ਦੀ ਜ਼ਹਿਰ ਭਰਕੇ ਉਨ੍ਹਾਂ ਤੋਂ ਦੂਜੇ ਧਰਮਾਂ ਦੇ ਮਾਸੂਮ ਮਰਦਾਂ, ਔਰਤਾਂ, ਬੱਚਿਆਂ, ਨੌਜੁਆਨਾਂ ਅਤੇ ਬੁੱਢਿਆਂ ਦੇ ਕਤਲ ਕਰਵਾ ਦਿੱਤੇ ਸਨ। ਡਾ. ਸੁਖਪਾਲ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਮੁੜ ਕਦੀ ਵੀ ਅਜਿਹੀ ਹਨ੍ਹੇਰੀ ਝੁੱਲੇ, ਕਾਤਲਾਂ ਦੇ ਗਰੋਹ ਖੂੰਖਾਰ ਕੁੱਤਿਆਂ ਵਾਂਗ ਸੜਕਾਂ ਉੱਤੇ ਦਨਦਨਾਂਦੇ ਹੋਏ ਆਦਮ-ਬੋਅ, ਆਦਮ-ਬੋਅ ਕਰਦੇ ਹੋਣ ਤਾਂ ਪੰਜਾਬ ਦੇ ਲੋਕ ਇਨ੍ਹਾਂ ਕਾਤਲਾਂ ਤੋਂ ਡਰਨ ਨਾ; ਬਲਕਿ ਇਕੱਠੇ ਹੋ ਕੇ ਇਨ੍ਹਾਂ ਕਾਤਲਾਂ ਦਾ ਮੁਕਾਬਲਾ ਕਰਨ - ਹਿੰਦੂ, ਸਿੱਖ, ਮੁਸਲਮਾਨ, ਈਸਾਈ, ਜੈਨੀ, ਬੋਧੀ ਹੋ ਕੇ ਨਹੀਂ - ਬਲਕਿ ਮਨੁੱਖ ਬਣਕੇ। ਮਨੁੱਖ, ਜਿਨ੍ਹਾਂ ਦੀਆਂ ਰਗਾਂ ਵਿੱਚ ਇੱਕੋ ਜਿਹਾ ਖ਼ੂਨ ਬਹਿੰਦਾ ਹੈ। ਜੋ ਪੰਜਾਬ ਦੀ ਸਾਂਝੀ ਹਵਾ ਵਿੱਚ ਸਾਹ ਲੈਂਦੇ ਹਨ। ਜੋ ਪੰਜਾਬ ਦੇ ਸਾਂਝੇ ਦਰਿਆਵਾਂ ਦਾ ਪਾਣੀ ਪੀਂਦੇ ਹਨ। ਜੋ ਪੰਜਾਬ ਦੇ ਸਾਂਝੇ ਖੇਤਾਂ ਵਿੱਚ ਹਲ ਚਲਾਉਂਦੇ ਹਨ। ਜੋ ਪੰਜਾਬ ਦੇ ਸਾਂਝੇ ਗੀਤ ਗਾਂਦੇ ਹਨ। ਜੋ ਪੰਜਾਬੀਆਂ ਦੀ ਸਾਂਝੀ ਬੋਲੀ ਪੰਜਾਬੀ ਬੋਲਦੇ ਹਨ:

ਰਲ਼ ਕੇ ਇੱਕ ਦੂਜੇ ਦੀ ਰਾਖੀ ਕਰੀਏ। ਕਿਸੇ ਵੀ ਘਰ ਗੋਲੀ ਚੱਲੇ ਤਾਂ ਸਾਰਾ ਪਿੰਡ ਗਲੀ ਬਜ਼ਾਰ ਅੰਦਰ ਵੜ੍ਹਣ ਦੀ ਥਾਵੇਂ ਬਾਹਰ ਨਿਕਲ ਆਵੇ। ਬੰਦੂਕਾਂ ਨਹੀਂ ਤਾਂ ਕਿਰਪਾਨਾਂ, ਨੲਹੀਂ ਤਾਂ ਡਾਂਗਾਂ, ਨਹੀਂ ਤਾਂ ਨਿਹੱਥੇ ਈ ਮਾਰਨ ਵਾਲਿਆਂ ਨੂੰ ਪੈ ਜਾਈਏ। ਮਾਰਣ ਵਾਲਿਆਂ ਨੂੰ ਪਤਾ ਲੱਗ ਜਾਵੇ ਪਈ ਉਹ ਜਿਊਂਦੇ ਨਹੀਂ ਮੁੜਣ ਲੱਗੇ। ਚਵ੍ਹਾਂ ਦਿਨਾਂ ਵਿੱਚ ਖ਼ੂਨ ਖਰਾਬਾ ਬੰਦ ਹੋ ਜਾਵੇਗਾ। ਫ਼ਿਕਰ ਨਾ ਕਰੀਏ ਪਈ ਲੜਦਿਆਂ ਮਾਰੇ ਜਾਵਾਂਗੇ।

ਪੂੰਜੀਵਾਦੀ ਸਭਿਆਚਾਰ ਨੇ ਜ਼ਿੰਦਗੀ ਨਾਲ ਸਬੰਧਤ ਹਰ ਵਰਤਾਰੇ ਨੂੰ ਹੀ ਸਬਜ਼ੀ ਮੰਡੀ ਦੇ ਸੁਭਾਅ ਵਿੱਚ ਢਾਲ ਦਿੱਤਾ ਹੈ। ਮਨੁੱਖੀ ਰਿਸ਼ਤਿਆਂ ਦੇ ਫੈਸਲਿਆਂ ਬਾਰੇ ਵੀ ਨਿਰਣਾ ਉਸੀ ਤਰ੍ਹਾਂ ਹੀ ਲਿਆ ਜਾਂਦਾ ਹੈ ਜਿਵੇਂ ਕਿਸੇ ਦਫਤਰ ਵਿੱਚ ਕੰਮ ਕਰਨ ਲਈ ਭਰਤੀ ਕੀਤੇ ਜਾਣ ਵਾਲੇ ਕਾਮਿਆਂ ਬਾਰੇ ਫੈਸਲਾ ਲਿਆ ਜਾਂਦਾ ਹੈ ਜਾਂ ਸਬਜ਼ੀ ਮੰਡੀ ਵਿੱਚ ਸਬਜ਼ੀਆਂ ਖ੍ਰੀਦਣ ਵੇਲੇ ਫੈਸਲਾ ਲਿਆ ਜਾਂਦਾ ਹੈ। ਡਾ. ਸੁਖਪਾਲ ਦੀ ਕਵਿਤਾ ਸਬਜ਼ੀ ਮੰਡੀਸਾਡੇ ਸਮਿਆਂ ਦੇ ਸਭਿਆਚਾਰ ਦੀਆਂ ਹਕੀਕਤਾਂ ਨੂੰ ਆਪਣੇ ਹੀ ਅੰਦਾਜ਼ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦੀ ਹੈ:

1.

ਅਸੀਂ ਚਾਲ੍ਹੀ ਜਣਿਆਂ ਦਾ ਇੰਟਰਵਿਊ ਕਰਾਂਗੇ

ਫਿਰ ਦੱਸਾਂਗੇ

ਸਾਡੇ ਮੁੰਡੇ ਲਈ ਬੜੇ ਰਿਸ਼ਤੇ ਆਏ

ਸੋਚਿਆ ਤੁਹਾਡੀ ਕੁੜੀ ਵੀ ਵੇਖ ਲਈਏ

ਸਾਰਾ ਬਾਜ਼ਾਰ ਫੋਲ ਮਾਰਿਆ

ਚੱਜ ਦਾ ਕੇਲਾ ਨਹੀਂ ਮਿਲਿਆ

2.

ਤੁਸੀਂ ਸਾਡੀ ਕੰਪਨੀ ਲਈ

ਕਿੰਨੇ ਗਾਹਕ ਬਣਾ ਸਕਦੇ ਹੋ

ਵਿਆਹ ਵਿੱਚ ਲੈਣ ਦੇਣ ਦੀ ਗੱਲ

ਹੁਣੇ ਕਰ ਲਈਏ ਤਾਂ ਚੰਗਾ ਹੈ

ਵੇ ਭਾਈ ਕੇਲਿਆਂ ਦਾ

ਠੀਕ ਠੀਕ ਮੁੱਲ ਲਾ

ਪਰਾ-ਆਧੁਨਿਕ ਸਮਿਆਂ ਵਿੱਚ ਵਿਗਿਆਨ ਅਤੇ ਤਕਨਾਲੋਜੀ ਵਿੱਚ ਹੋਈ ਤਰੱਕੀ ਸਦਕਾ ਸਾਡੇ ਘਰ ਵੀ ਮੰਡੀਆਂ ਵਿੱਚ ਹੀ ਤਬਦੀਲ ਹੋ ਚੁੱਕੇ ਹਨ। ਸਾਡੀ ਸੋਚ, ਸਾਡੀ ਬੋਲੀ, ਸਾਡੇ ਵਰਤਾਓ ਵਿੱਚ ਡਾਲਰਹੀ ਗੂੰਜਦਾ ਹੈ. ਰੇਡੀਓ, ਟੀਵੀ, ਇੰਟਰਨੈੱਟ, ਅਖਬਾਰਾਂ - ਸਾਡੇ ਸੁਚੇਤ/ਅਚੇਤ ਮਨ ਨੂੰ ਅਜਿਹੀ ਮਾਨਸਿਕਤਾ ਵਿੱਚ ਢਾਲਣ ਲਈ ਯਥਾਸ਼ਕਤੀ ਆਪਣਾ ਯੋਗਦਾਨ ਪਾ ਰਹੇ ਹਨ। ਕਿਸੇ ਵੀ ਗੱਲ ਬਾਰੇ ਕੋਈ ਨਿਰਣਾ ਲੈਣ ਲਈ ਤੱਕੜੀ ਦੇ ਦੂਜੇ ਪਲੜੇ ਵਿੱਚ ਡਾਲਰਾਂ ਦਾ ਭਾਰ ਰੱਖਕੇ ਵੇਖਿਆ ਜਾਂਦਾ ਹੈ ਕਿ ਅਜਿਹਾ ਫੈਸਲਾ ਲੈਣ ਨਾਲ ਡਾਲਰਾਂ ਦੇ ਹਿਸਾਬ ਨਾਲ ਕਿੰਨ੍ਹਾਂ ਮੁਨਾਫ਼ਾ ਜਾਂ ਘਾਟਾ ਹੋਵੇਗਾ। ਜ਼ਿੰਦਗੀ ਦਾ ਮਨੋਰਥ, ਮਹਿਜ਼, ਡਾਲਰ ਕਮਾਉਣ ਤੱਕ ਸੀਮਿਤ ਹੋ ਕੇ ਹੀ ਰਹਿ ਗਿਆ ਹੈ। ਡਾ. ਸੁਖਪਾਲ ਆਪਣੀ ਕਵਿਤਾ ਘਰ-ਮੰਡੀਵਿੱਚ ਵੀ ਇਸੀ ਚਿੰਤਾ ਦਾ ਹੀ ਇਜ਼ਹਾਰ ਕਰ ਰਿਹਾ ਹੈ:

ਆਪਣੀ ਥਾਵੇਂ ਖੜੇ ਖੜੋਤੇ

ਮੇਰੇ ਘਰ ਨੂੰ ਪਤਾ ਨਾ ਲੱਗਾ

ਕਿਸ ਵੇਲੇ ਉਹ ਮੰਡੀ ਅੰਦਰ ਪਹੁੰਚ ਗਿਆ

.......................................

ਡਾਕਟਰ ਬਣਨ ਨੂੰ ਪੁੱਤਰ ਮੇਰਾ

ਦਿਨ ਤੇ ਰਾਤਾਂ ਇੱਕ ਹੈ ਕਰਦਾ

ਪੁਸਤਕ ਦੇ ਅੱਖਰਾਂ ਵਿੱਚੋਂ ਉਹ

ਪੀੜ ਦੀ ਥਾਵੇਂ ਪੈਸਾ ਪੜ੍ਹਦਾ

ਹੱਥ ਵਿੱਚ ਗੁਟਕਾ ਗਲ ਵਿੱਚ ਬਾਹਾਂ

ਪਾ ਕੇ ਪੁੱਛੇ ਮੇਰੀ ਧੀ

ਡੈਡੀ ਜੇ ਮੈਂ ਪਾਠ ਕਰਾਂ ਤਾਂ

ਕਿੰਨੇ ਪੈਸੇ ਮਿਲਣਗੇ ਮੈਨੂੰ?’

ਸਾਡੇ ਸਮਿਆਂ ਦੀ ਇੱਕ ਵੀ ਤ੍ਰਾਸਦੀ ਹੈ ਕਿ ਹਰ ਸਭਿਆਚਾਰ ਨੂੰ ਮੰਨਣ ਵਾਲੇ ਲੋਕ ਆਪਣੇ ਸਭਿਆਚਾਰ ਨੂੰ ਹੀ ਉੱਤਮ ਸਮਝਦੇ ਹਨ। ਹੋਰਨਾਂ ਸਭਿਆਚਾਰਾਂ ਦੇ ਲੋਕਾਂ ਤੋਂ ਉਹ ਉਮੀਦ ਕਰਦੇ ਹਨ ਕਿ ਉਹ ਉਨ੍ਹਾਂ ਦੀਆਂ ਰਹੁ-ਰੀਤਾਂ ਨੂੰ ਤਾਂ ਮੰਨਣ ਪਰ ਆਪ ਉਹ ਦੂਜੇ ਸਭਿਆਚਾਰਾਂ ਦੀਆਂ ਰਹੁ-ਰੀਤਾਂ ਮੰਨਣ ਲਈ ਤਿਆਰ ਨਹੀਂ ਹੁੰਦੇ। ਕਈ ਵੇਰੀ ਅਜਿਹੀਆਂ ਗੱਲਾਂ ਵੱਖੋ ਵੱਖਰੇ ਸਭਿਆਚਾਰਾਂ ਦੇ ਲੋਕਾਂ ਦਰਮਿਆਨ ਗਹਿਰੇ ਮੱਤ-ਭੇਦ ਪੈਦਾ ਕਰਨ ਲਈ ਵੀ ਜਿੰਮੇਵਾਰ ਬਣਦੀਆਂ ਹਨ। ਡਾ. ਸੁਖਪਾਲ ਆਪਣੀ ਕਵਿਤਾ ਦਸਤਾਰਵਿੱਚ ਇਸ ਵਿਸ਼ੇ ਨੂੰ ਬੜੇ ਹੀ ਸਲੀਕੇ ਨਾਲ ਪੇਸ਼ ਕਰਦਾ ਹੈ:

ਚਰਚ ਵਿੱਚ ਜਾਣ ਵੇਲੇ

ਮੈਂ ਦਸਤਾਰ ਨਹੀਂ ਲਾਹੁੰਦਾ

ਆਖਦਾ ਹਾਂ-

ਤੁਹਾਡੇ ਅਸਥਾਨ ਦਾ ਆਦਰ

ਆਪਣੀ ਰਹੁ ਰੀਤ ਨਾਲ ਕਰਾਂਗਾ

ਗੁਰਦੁਆਰੇ ਆਉਂਦੇ ਗੋਰੇ ਨੂੰ

ਸਿਰ ਢੱਕਣ ਲਈ ਮਜਬੂਰ ਕਰਦਾ ਹਾਂ

ਭੁੱਲ ਜਾਂਦਾ ਹਾਂ- ਉਸਦੀ ਰਹੁ ਰੀਤ

ਸਿਰ ਨੰਗਾ ਕਰਕੇ ਆਦਰ ਦੇਣ ਦੀ ਹੈ

ਭੁੱਲ ਜਾਂਦੀ ਹੈ - ਉਹ ਕੀਮਤ

ਜਿਸਦਾ ਚਿੰਨ੍ਹ ਇਹ ਦਸਤਾਰ ਹੈ

ਮੈਂ ਸਿਰਫ ਚਿੰਨ੍ਹ ਯਾਦ ਰਖਦਾ ਹਾਂ

ਕਵਿਤਾ ਲਿਖਣ ਦੇ ਆਪਣੇ ਵੱਖਰੇ ਹੀ ਅੰਦਾਜ਼ ਵਿੱਚ ਡਾ. ਸੁਖਪਾਲ ਭਾਰਤੀ ਮਿਥਿਹਾਸ ਦਾ ਸਹਾਰਾ ਲੈਂਦੇ ਹੋਏ ਇੱਕ ਹੋਰ ਵਿਸ਼ੇ ਬਾਰੇ ਵੀ ਬੜੇ ਹੀ ਵਧੀਆ ਢੰਗ ਨਾਲ ਗੱਲ ਕਰਦਾ ਹੈ। ਉਹ ਵਿਸ਼ਾ ਹੈ ਮਰਦ-ਪ੍ਰਧਾਨ ਸਮਾਜ ਵਿੱਚ ਔਰਤ ਦੀ ਸਵੀਕ੍ਰਿਤੀ ਦਾ ਮਸਲਾ। ਭਾਵੇਂ ਕਿ ਮਨੁੱਖੀ ਸਭਿਅਤਾ ਨੇ ਗਿਆਨ/ਵਿਗਿਆਨ ਦੇ ਖੇਤਰ ਵਿੱਚ ਇੰਤਹਾ ਤਰੱਕੀ ਕਰ ਲਈ ਹੈ; ਪਰ ਇਹ ਵੀ ਇੱਕ ਹਕੀਕਤ ਹੈ ਕਿ ਅੱਜ ਵੀ ਆਪਣੇ ਹੱਕਾਂ ਦੀ ਮੰਗ ਕਰਨ ਵਾਲੀ ਅਤੇ ਆਪਣੇ ਉੱਤੇ ਹੁੰਦੇ ਅਤਿਆਚਾਰਾਂ ਵਿਰੁੱਧ ਬੋਲਣ ਦੀ ਜ਼ੁਰਅੱਤ ਕਰਨ ਵਾਲੀ ਔਰਤ ਨੂੰ ਸਾਡੇ ਸਮਾਜ ਵੱਲੋਂ ਸਵੀਕਾਰਿਆ ਨਹੀਂ ਜਾਂਦਾ। ਔਰਤ ਤੋਂ ਸਦਾ ਇਹੀ ਉਮੀਦ ਕੀਤੀ ਜਾਂਦੀ ਹੈ ਕਿ ਉਹ ਹਰ ਗੱਲ ਨੂੰ ਰੱਬ ਦਾ ਭਾਣਾਸਮਝ ਕੇ ਮੰਨ ਲਵੇ ਅਤੇ ਆਪਣੇ ਨਾਲ ਹੁੰਦੇ ਅਨਿਆਂ ਵਿਰੁੱਧ ਕਦੀ ਵੀ ਆਪਣੀ ਜ਼ੁਬਾਨ ਖੋਲ੍ਹਣ ਦੀ ਹਿੰਮਤ ਨ ਕਰੇ। ਰਹੁਣ ਕਿਥਾਊ ਨਾਹਿਪੁਸਤਕ ਵਿੱਚ ਸ਼ਾਮਿਲ ਕੀਤੀਆਂ ਗਈਆਂ ਕਵਿਤਾਵਾਂ ਚੋਂ, ਸ਼ਾਇਦ, ਸਭ ਤੋਂ ਪ੍ਰਭਾਵਾਸ਼ਾਲੀ ਕਵਿਤਾ ਸੀਤਾ ਅਤੇ ਦਰੋਪਦੀਹੈ। ਇਸ ਗੱਲ ਦਾ ਅੰਦਾਜ਼ਾ ਇਸ ਕਵਿਤਾ ਵਿਚਲੀਆਂ ਇਨ੍ਹਾਂ ਸਤਰਾਂ ਨੂੰ ਪੜ੍ਹਕੇ ਹੀ ਲਗਾਇਆ ਜਾ ਸਕਦਾ ਹੈ:

ਸੀਤਾ ਸ਼ਾਂਤ ਹੈ

ਦਰੋਪਦੀ ਤੇਜੱਸਵੀ ਹੈ

ਦਰੋਪਦੀ ਕੋਲ ਪੰਜ ਮਰਦ ਹਨ

ਸੀਤਾ ਇਕੋ ਦੀ ਪਤਨੀ ਬਣ ਉਮਰ ਭਰ ਵਸਦੀ ਹੈ

ਸੀਤਾ ਨੂੰ ਵਰਣ ਖਾਤਰ ਧਨੁਸ਼ ਸਿਰਫ ਚੁੱਕਣਾ ਹੀ ਪੈਂਦਾ ਹੈ

ਦਰੋਪਦੀ ਖਾਤਰ ਧਨੁਸ਼ ਨਾਲ ਘੁੰਮਦੀ ਅੱਖ ਨੂੰ ਵਿੰਨ੍ਹਣਾ ਵੀ ਪੈਂਦਾ ਹੈ

ਸੀਤਾ ਧੋਬੀ ਦਾ ਮਿਹਣਾ ਸੁਣ ਚੁੱਪ ਰਹਿੰਦੀ ਹੈ

ਦਰੋਪਦੀ ਸੱਚਬੋਲੀ ਹੈ ਅੰਨ੍ਹੇ ਨੂੰ ਅੰਨ੍ਹਾ ਕਹਿੰਦੀ ਹੈ

ਸੀਤਾ ਨੂੰ ਸਿਰਫ਼ ਹੁਕਮ ਦੇਣਾ ਪੈਂਦਾ ਹੈ

ਦਰੋਪਦੀ ਦਾ ਹੁਕਮ ਪੰਜ ਮਹਾਂਮਰਦ ਸੂਰਬੀਰਾਂ ਨੂੰ ਮੰਨਣਾ ਪੈਂਦਾ ਹੈ

ਸੀਤਾ ਰਾਵਣ ਦੀ ਕੈਦ ਵਿੱਚ ਚੁੱਪਚਾਪ ਰਹਿੰਦੀ ਹੈ

ਦਰੋਪਦੀ ਚੀਰਹਰਣ ਬਦਲੇ ਦੁਸ਼ਾਸਨ ਦਾ ਲਹੂ ਮੰਗਦੀ ਹੈ

ਸੀਤਾ ਨੂੰ ਘਰੋਂ ਕੱਢ ਦੇਵੋ ਚੁੱਪਚਾਪ ਜੰਗਲ ਚਲੀ ਜਾਂਦੀ ਹੈ

ਦਰੋਪਦੀ ਦੇ ਵਾਲ ਖੁੱਲ੍ਹ ਜਾਣ ਤਾਂ ਕੁਰਕਸ਼ੇਤਰ ਰਚ ਦੇਂਦੀ ਹੈ

ਸੀਤਾ ਦੀ ਪਤ ਤੇ ਸ਼ੱਕ ਕਰੋ ਤਾਂ ਅਗਨੀਪ੍ਰੀਖਿਆ ਦੇਂਦੀ ਹੈ

ਦਰੋਪਦੀ ਨੂੰ ਬੇਪਤ ਕਰੋ ਤਾਂ ਹਜ਼ਾਰਾਂ ਦੀ ਜਾਨ ਜਾਂਦੀ ਹੈ

ਮਰਦਾਂ ਦੀ ਸੌਖਿਆਈ ਲਈ ਏਹੋ ਕਰਨਾ ਪਏਗਾ

ਦਰੋਪਦੀ ਦੀ ਥਾਂ ਸੀਤਾ ਨੂੰ ਚੁਣਨਾ ਪਏਗਾ

ਮਨੁੱਖ ਚੋਂ ਮਨੁੱਖਤਾ ਖਤਮ ਕਰਨ ਲਈ ਸ਼ਬਦਾਂ ਨਾਲ ਬਲਾਤਕਾਰ ਕੀਤਾ ਜਾ ਰਿਹਾ ਹੈ। ਮਨੁੱਖ ਨੂੰ ਮਸ਼ੀਨ ਦਾ ਇੱਕ ਪੁਰਜ਼ਾ, ਇੱਕ ਰੋਬਾਟ ਬਣਾ ਦਿੱਤਾ ਗਿਆ ਹੈ। ਜਿਸ ਅੰਦਰ ਭਾਵਨਾਵਾਂ, ਅਹਿਸਾਸ ਮਰ ਚੁੱਕੇ ਹਨ। ਉਸਦੀ ਹੋਂਦ ਅੱਜ ਇੱਕ ਨੰਬਰ ਬਣਕੇ ਰਹਿ ਗਈ ਹੈ। ਸਮੁੱਚੀ ਜ਼ਿੰਦਗੀ ਸਾਡੇ ਲਈ ਇੱਕ ਮਨੋਰੰਜਨ ਭਰਿਆ ਨਾਟਕ ਬਣਾ ਦਿੱਤੀ ਗਈ ਹੈ। ਜਿਸ ਵਿੱਚ ਦੁੱਖ, ਦਰਦ, ਮੌਤ ਵਰਗੇ ਸ਼ਬਦਾਂ ਦੇ ਕੋਈ ਅਰਥ ਬਾਕੀ ਨਹੀਂ ਰਹਿ ਗਏ. ਸ਼ਾਇਦ ਇਸੇ ਕਾਰਨ ਹੀ ਅਮਰੀਕਾ ਵਰਗੇ ਦੇਸ਼ ਦੇ ਰਾਸ਼ਟਰਪਤੀ ਜੋਰਜ ਬੁੱਸ਼ ਵੱਲੋਂ ਇਰਾਕ ਵਰਗੇ ਦੇਸ਼ ਉੱਤੇ ਲੱਖਾਂ ਫੌਜਾਂ, ਹਵਾਈ ਜਹਾਜ਼ਾਂ, ਟੈਂਕਾਂ, ਰਾਕਟਾਂ ਨਾਲ ਹਮਲਾ ਕਰਕੇ ਲੱਖਾਂ ਦੀ ਗਿਣਤੀ ਵਿੱਚ ਬੇਗੁਨਾਹ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦੇਣ ਤੋਂ ਬਾਹਦ ਵੀ ਯੂ.ਐਨ.ਓ. ਵਰਗੀਆਂ ਸੰਸਥਾਵਾਂ ਸਿਰਫ ਮਤੇ ਪਾਸ ਕਰਕੇ ਹੀ ਆਪਣੀ ਜਿੰਮੇਵਾਰੀ ਤੋਂ ਸੁਰਖਰੂ ਹੋ ਜਾਂਦੀਆਂ ਹਨ। ਸਾਡੇ ਸਮਿਆਂ ਦੇ ਰਾਜਨੀਤੀਵਾਨਾਂ ਵੱਲੋਂ ਕੀਤੇ ਜਾ ਰਹੇ ਅਜਿਹੇ ਘਿਨਾਉਣੇ ਕੰਮਾਂ ਨੂੰ ਡਾ. ਸੁਖਪਾਲ ਆਪਣੀ ਕਵਿਤਾ ਸ਼ਬਦ ਜਾਲਵਿੱਚ ਕੁਝ ਇਸ ਤਰ੍ਹਾਂ ਬਿਆਨ ਕਰਦਾ ਹੈ:

ਸ਼ਬਦ ਜਾਲ ਵਿੱਚ ਉਲਝ ਕੇ

ਜੰਗ ਸਾਨੂੰ ਜੰਗ ਨਹੀਂ ਲਗਦੀ

ਲਾਸ਼ਾਂ ਵਿੱਚੋਂ ਬੋਅ ਨਹੀਂ ਆਉਂਦੀ

ਚੀਕ ਵਿੱਚੋਂ ਪੀੜ ਨਹੀਂ ਸੁਣਦੀ

ਲਹੂ ਡੁਲ੍ਹਦਾ ਨਹੀਂ ਦਿਸਦਾ

ਕਿਸੇ ਵੀ ਮਨੁੱਖ ਵਿੱਚੋਂ ਮਨੁੱਖ ਹੋਣ ਦੀਆਂ ਨਿਸ਼ਾਨੀਆਂ ਹੋਰ ਵੀ ਕਈ ਢੰਗਾਂ ਨਾਲ ਪਹਿਚਾਣੀਆਂ ਜਾ ਸਕਦੀਆਂ ਹਨ। ਕੈਨੇਡਾ ਵਿੱਚ ਅਸੀਂ ਟੈਰੀ ਫਾਕਸ ਨਾਮ ਦੇ ਇੱਕ ਨੌਜੁਆਨ ਬਾਰੇ ਜਾਣਦੇ ਹਾਂ। ਜੋ ਆਪਣੇ ਕੰਮਾਂ ਸਦਕਾ ਕੈਨੇਡਾ ਦੇ ਲੋਕ-ਨਾਇਕਾਂ ਵਿੱਚ ਗਿਣਿਆਂ ਜਾਂਦਾ ਹੈ। ਉਸਦੀ ਆਪਣੀ ਇੱਕ ਲੱਤ ਕੈਂਸਰ ਦੀ ਬੀਮਾਰੀ ਨਾਲ ਖਰਾਬ ਹੋ ਜਾਣ ਦੇ ਬਾਵਜੂਦ ਉਸਨੇ ਕੈਨੇਡਾ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਆਪਣੀ ਇੱਕ ਲੱਤ ਦੇ ਸਹਾਰੇ ਪੈਦਲ ਯਾਤਰਾ ਕੀਤੀ ਤਾਂ ਕਿ ਲੋਕਾਂ ਵਿੱਚ ਕੈਂਸਰ ਵਰਗੀ ਭਿਆਨਕ ਬੀਮਾਰੀ ਬਾਰੇ ਚੇਤਨਾ ਪੈਦਾ ਕੀਤੀ ਜਾ ਸਕੇ। ਇਸ ਵਿੱਚ ਉਸਦਾ ਆਪਣਾ ਕੋਈ ਹਿਤ ਨਹੀਂ ਸੀ। ਪਰ ਇੱਕ ਸੰਵੇਦਨਸ਼ੀਲ ਮਨੁੱਖ ਹੋਣ ਵਜੋਂ ਉਹ ਚਾਹੁੰਦਾ ਸੀ ਕਿ ਜਿਸ ਤਰ੍ਹਾਂ ਦਾ ਦੁੱਖ ਉਸਨੇ ਭੋਗਿਆ ਹੈ ਉਸ ਤਰ੍ਹਾਂ ਦਾ ਦੁੱਖ ਹੋਰਨਾਂ ਲੋਕਾਂ ਨੂੰ ਨ ਭੋਗਣਾ ਪਵੇ। ਕੁਝ ਇਸ ਤਰ੍ਹਾਂ ਦੀ ਹੀ ਲੋਕ-ਚੇਤਨਾ ਜਗਾਉਣ ਦੀ ਗੱਲ ਡਾ. ਸੁਖਪਾਲ ਆਪਣੀ ਲਿਖਤ ਚੱਪਾ ਕੁ ਥਾਂਵਿੱਚ ਕਰਦਾ ਹੈ। ਭਾਵੇਂ ਕਿ ਇਹ ਉਦਾਹਰਣ ਕੈਨੇਡਾ ਦੇ ਲੋਕ-ਨਾਇਕ ਟੈਰੀ ਫਾਕਸ ਦੇ ਕੰਮ ਦਾ ਮੁਕਾਬਲਾ ਤਾਂ ਨਹੀਂ ਕਰ ਸਕਦੀ ਪਰ ਇਹ ਕੰਮ ਵੀ ਟੈਰੀ ਫਾਕਸ ਵੱਲੋਂ ਕੀਤੇ ਗਏ ਕੰਮਾਂ ਵਰਗਾ ਹੀ ਇੱਕ ਕੰਮ ਕਿਹਾ ਜਾ ਸਕਦਾ ਹੈ। ਕਿਉਂਕਿ ਇਹ ਕੰਮ ਵੀ ਲੋਕ-ਚੇਤਨਾ ਜਗਾਉਣ ਦਾ ਹੀ ਇੱਕ ਉਪਰਾਲਾ ਹੈ:

ਮੈਨੂੰ ਕਲ੍ਹ ਹੀ ਇੰਡੀਆ ਟੁਡੇਵਿਚ ਪੜ੍ਹੀ ਖਬਰ ਚੇਤੇ ਆਈ:...ਕਿਸੇ ਬੰਦੇ ਨੇ ਮਦਰਾਸ ਸ਼ਹਿਰ ਵਿੱਚ ਆਪਣੇ ਮਹੱਲੇ ਦੇ ਲੋਕਾਂ ਨੂੰ ਆਖਿਆ - ਆਪੋ ਆਪਣੇ ਘਰ ਦਾ ਕੂੜਾ ਦਰਵਾਜ਼ੇ ਤੇ ਰੱਖ ਦਿਉ, ਮੈਂ ਏਸਨੂੰ ਸੁੱਟ ਆਵਾਂਗਾ। ਲੋਕੀਂ ਹੱਸੇ, ਪਰ ਉਹ ਬੰਦਾ ਰੋਜ਼ ਸ਼ਾਮ ਨੂੰ ਓਨ੍ਹਾਂ ਦਾ ਦਰ ਜਾ ਖੜਕਾਉਂਦਾ, ਘਰ ਦੇ ਬਾਹਰ ਝਾੜੂ ਦੇਂਦਾ, ਕੂੜਾ ਚੁੱਕ ਕੇ ਕੁਝ ਮੀਲਾਂ ਤੇ ਪਏ ਢੋਲ ਵਿੱਚ ਸੁੱਟਣ ਜਾਂਦਾ। ਲੋਕੀ ਉਸਨੂੰ ਭੰਗੀ ਕਹਿੰਦੇ, ਪਰ ਉਹ ਮੱਥੇ ਵੱਟ ਨਾ ਪਾਉਂਦਾ। ਬਿਨ ਨਾਗਾ ਇਹ ਗੰਦਾਕੰਮ ਕਰਦਾ ਰਹਿੰਦਾ। ਤਿੰਨ ਮਹੀਨੇ ਬੀਤੇ - ਲੋਕੀਂ ਪੰਘਰ ਗਏ। ਆਪਣੇ ਘਰ ਦੇ ਵਿਹੜੇ, ਬੂਹੇ ਗਲੀ ਸਾਫ਼ ਰੱਖਣ ਲੱਗ ਗਏ। ਉਨ੍ਹਾਂ ਰਲਕੇ ਪੈਸੇ ਪਾਏ, ਢੋਲ ਖਰੀਦਿਆ, ਹਫਤੇ ਮਗਰੋਂ ਢੋਲ ਨੂੰ ਸ਼ਹਿਰੋਂ ਬਾਹਰ ਲਿਜਾ ਕੇ ਖਾਲੀ ਕਰਦੇ। ਉਨ੍ਹਾਂ ਨੂੰ ਆਪਣਾ ਆਲਾ ਦੁਆਲਾ ਚੰਗਾ ਚੰਗਾ ਲੱਗਣ ਲੱਗਾ।

ਮਨੁੱਖ ਹੋਣ ਲਈ ਕੋਈ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਮਹਿੰਗੀ ਤੋਂ ਮਹਿੰਗੀ ਕਾਰ ਹੋਵੇ, ਸ਼ਾਨਦਾਰ ਮਕਾਨ ਹੋਵੇ, ਟੀਵੀ, ਕੰਮਪੀਊਟਰ, ਫਰਿੱਜ, ਸਟੋਵ ਹੋਵੇ। ਤੁਹਾਡਾ ਘਰ ਚਮਕ-ਦਮਕ ਮਾਰਦੇ ਗਹਿਣਿਆਂ ਨਾਲ ਭਰਿਆ ਹੋਵੇ ਅਤੇ ਤੁਹਾਡੇ ਘਰ ਵਿੱਚ ਰੰਗ-ਬਰੰਗੀਆਂ ਰੌਸ਼ਨੀਆਂ ਦੇ ਝਲਕਾਰੇ ਪੈਂਦੇ ਹੋਣ। ਹਕੀਕਤ ਬਿਲਕੁਲ ਇਸ ਤੋਂ ਉਲਟ ਹੋ ਰਹੀ ਹੈ। ਹਰ ਰੋਜ਼ ਅਖ਼ਬਾਰਾਂ ਅਜਿਹੀਆਂ ਖ਼ਬਰਾਂ ਨਾਲ ਭਰੀਆਂ ਹੁੰਦੀਆਂ ਹਨ ਕਿ ਹਰ ਤਰ੍ਹਾਂ ਦੀ ਅਮੀਰੀ ਅਤੇ ਐਸ਼-ਪ੍ਰਸਤੀ ਦਾ ਆਨੰਦ ਲੈ ਰਹੇ ਮਹੱਲਾਂ ਵਰਗੇ ਘਰਾਂ ਵਿੱਚ ਰਹਿਣ ਵਾਲੇ ਲੋਕ ਆਪਣੇ ਅੰਦਰੋਂ ਮਨੁੱਖਤਾ ਮਰ ਜਾਣ ਕਾਰਨ ਆਪਣੀਆਂ ਹੀ ਪਤਨੀਆਂ ਅਤੇ ਬੱਚਿਆਂ ਦੇ ਕਤਲ ਕਰ ਰਹੇ ਹਨ ਅਤੇ ਆਪ ਖੁਦਕਸ਼ੀਆਂ ਕਰ ਰਹੇ ਹਨ. ਪਰ ਇਸ ਦੇ ਮੁਕਾਬਲੇ ਵਿੱਚ ਅਸੀਂ ਉਨ੍ਹਾਂ ਲੋਕਾਂ ਵੱਲੋਂ ਬਿਤਾਈ ਜਾ ਰਹੀ ਜ਼ਿੰਦਗੀ ਬਾਰੇ ਵੀ ਪੜ੍ਹਦੇ/ਸੁਣਦੇ ਹਾਂ ਜਿਨ੍ਹਾਂ ਕੋਲ ਸਿਰ ਛੁਪਾਉਣ ਲਈ ਸਿਰਫ ਝੌਂਪੜੀਆਂ ਦੀ ਨਿੱਕੀ ਜਿਹੀ ਛੱਤ ਹੈ। ਜਿਨ੍ਹਾਂ ਕੋਲ ਅਜੋਕੇ ਸਮਿਆਂ ਦੀ ਐਸ਼-ਪ੍ਰਸਤੀ ਦਾ ਸਾਮਾਨ ਟੀਵੀ, ਫਰਿਜ, ਸਟੋਵ, ਕਾਰਾਂ, ਵਰਗੀਆਂ ਕੋਈ ਚੀਜ਼ਾਂ ਨਹੀਂ; ਪਰ ਉਹ ਫਿਰ ਵੀ ਇੱਕ ਦੂਜੇ ਨਾਲ ਹੱਸ-ਖੇਡ ਰਹੇ ਅਤੇ ਜ਼ਿੰਦਗੀ ਦਾ ਆਨੰਦ ਲੈ ਰਹੇ ਹਨ। ਡਾ. ਸੁਖਪਾਲ ਦੀ ਲਿਖਤ ਚੱਪਾ ਕੁ ਥਾਂਵਿੱਚੋਂ ਹੀ ਅਜਿਹੇ ਲੋਕਾਂ ਵੱਲੋਂ ਬਿਤਾਈ ਜਾ ਰਹੀ ਜ਼ਿੰਦਗੀ ਦਾ ਇੱਕ ਦ੍ਰਿਸ਼ ਪੇਸ਼ ਹੈ:

ਬੰਦੇ ਰਲ ਕੇ ਤਾਸ਼ ਦੀ ਬਾਜ਼ੀ ਲਾਈ ਬੈਠੇ ਸਨ। ਬੀੜੀ ਪੀਂਦਿਆਂ ਗੱਲਾਂ ਕਰ ਰਹੇ ਸਨ। ਲੁਕਣ ਮੀਟੀ ਪਿੱਠੂ ਗਰਮ ਖੇਡਦੇ ਬੱਚੇ ਕਾਵਾਂ ਰੌਲੀ ਪਾ ਰਹੇ ਸਨ....ਕਿੰਨੀ ਥਾਵੀਂ ਸੁਆਣੀਆਂ ਬਾਹਰ ਚਟਾਈ ਵਿਛਾ ਕੇ, ਤਿੰਨ ਤਿੰਨ ਦੀ ਜਾਂ ਚਾਰ ਚਾਰ ਦੀ ਟੋਲੀ ਬਣਾ ਕੇ ਬੈਠੀਆਂ ਸਨ। ਕਿਸੇ ਦੀ ਗੋਦੀ ਵਿੱਚ ਬੱਚਾ ਸੀ। ਕੋਈ ਸਬਜ਼ੀ ਛਿੱਲ ਰਹੀ ਸੀ। ਕੋਈ ਕੰਘੀ ਕਰਦੀ, ਕੋਈ ਦਾਣੇ ਸਾਫ਼ ਕਰਦੀ, ਕੋਈ ਦਾਲ ਚੁਗਦੀ ਪਈ ਸੀ। ਝੌਂਪੜੀਆਂ ਚੋਂ ਧੂੰਆਂ ਉੱਠ ਰਿਹਾ ਸੀ। ਢਲੀ ਸ਼ਾਮ ਇਹ ਔਰਤਾਂ ਸਾਰੇ ਦਿਨ ਦਾ ਦੁੱਖ ਸੁੱਖ ਕਰ ਰਹੀਆਂ ਸਨ...ਇਨ੍ਹਾਂ ਦੀ ਜ਼ਿੰਦਗੀ ਬੜੀ ਸਖਤ ਸੀ. ਇਨ੍ਹਾਂ ਦੇ ਚਿਹਰੇ ਧੁਆਂਖੇ ਹੋਏ ਸਨ। ਇਨ੍ਹਾਂ ਦੇ ਕਪੜੇ ਮੈਲੇ ਸਨ। ਸ਼ਾਇਦ ਬਹੁਤੇ ਜਣੇ ਅਨਪੜ੍ਹ ਸਨ। ਬੜੇ ਲੋਕਾਂ ਲਈ - ਇਨ੍ਹਾਂ ਦੀ ਸਨਮਾਨਯੋਗਹੈਸੀਅਤ ਨਹੀਂ ਸੀ। ਏਨ੍ਹਾਂ ਵਿੱਚੋਂ ਕਿਸੇ ਦਾ ਪੁੱਤਰ ਨੈੱਸਲੇ ਵਰਗੀ ਕੰਪਨੀ ਵਿੱਚ ਅਫਸਰ ਨਹੀਂ ਸੀ ਲੱਗਾ ਹੋਇਆ। ਕਿਸੇ ਦੀ ਧੀ ਪਬਲਿਕ ਸਕੂਲ ਵਿੱਚ ਅੰਗਰੇਜ਼ੀ ਦੀ ਟੀਚਰ ਨਹੀਂ ਸੀ. ਏਨ੍ਹਾਂ ਵਿੱਚੋਂ ਕਿਸੇ ਕੋਲ ਵੀ ਪੰਝੀ ਲੱਖ ਦੀ ਕੀਮਤ ਵਾਲਾ ਫ਼ਲੈਟ ਨਹੀਂ ਸੀ। ਪਰ ਉਨ੍ਹਾਂ ਕੋਲ ਇੱਕ ਚੀਜ਼ ਸੀ: ਏਨ੍ਹਾਂ ਵਿਚੋਂ ਕੋਈ ਵੀ ਬੰਦਾ ਕੱਲ੍ਹਾ ਨਹੀਂ ਸੀ। ਓਨਾਂ ਝੁੱਗੀ ਜਿੰਨੀ ਥਾਂ ਵੀ ਇੱਕ ਦੂਜੇ ਨਾਲ ਵੰਡ ਲਈ ਸੀ। ਦੁੱਖ ਦਾ ਦਰਿਆ ਪਾਰ ਕਰਦਿਆਂ ਸਭ ਨੇ ਇੱਕ ਦੂਜੇ ਦਾ ਹੱਥ ਘੁੱਟ ਕੇ ਫੜਿਆ ਹੋਇਆ ਸੀ....ਅਤੇ...ਦੋ ਮੀਲਾਂ ਦੀ ਵਿੱਥ ਤੇ ਬਣੇ ਪੱਕੇ ਘਰ ਵਿੱਚ - ਦੋ ਇਕੱਲੇ ਬੁੱਢੇ ਬੰਦੇ, ਅਗਲੀ ਰਾਤ ਬਿਤਾਣ ਲਈ ਅੱਖਾਂ ਮੀਟ ਰਹੇ ਸਨ।

ਰਹਣੁ ਕਿਥਾਊ ਨਾਹਿਕੋਲਾਜ ਕਿਤਾਬ ਵਿੱਚ ਡਾ. ਸੁਖਪਾਲ ਨੇ ਹੋਰ ਵੀ ਅਨੇਕਾਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ, ਦਾਰਸ਼ਨਿਕ ਪਹਿਲੂਆਂ ਬਾਰੇ ਚਰਚਾ ਛੇੜਿਆ ਹੈ। ਮੇਰੀ ਨਜ਼ਰੇ ਇਸ ਪੁਸਤਕ ਵਿੱਚ ਛੇੜੇ ਗਏ ਹਰ ਚਰਚੇ ਦਾ ਸਬੰਧ ਕਿਸੀ ਨ ਕਿਸੀ ਤਰ੍ਹਾਂ ਨਾਲ, ਸਿੱਧੇ ਜਾਂ ਅਸਿੱਧੇ ਢੰਗ ਨਾਲ, ਮਨੁੱਖ ਅੰਦਰਲੀ ਮਨੁੱਖਤਾ ਨਾਲ ਹੀ ਜੁੜਿਆ ਹੋਇਆ ਹੈ। ਮਨੁੱਖ ਨੂੰ ਜਦੋਂ ਵੀ ਕਿਸੀ ਸੰਕਟ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਜਾਂ ਤਾਂ ਇਸਦਾ ਸਬੰਧ ਉਸਦੇ ਆਪਣੇ ਅੰਦਰ ਦੀਆਂ ਉਨ੍ਹਾਂ ਸ਼ਕਤੀਆਂ ਨਾਲ ਹੁੰਦਾ ਹੈ ਜੋ ਉਸਨੂੰ ਮਨੁੱਖ ਬਣਾਉਂਦੀਆਂ ਹਨ ਜਾਂ ਜਿਨ੍ਹਾਂ ਸ਼ਕਤੀਆਂ ਵਿੱਚ ਕੋਈ ਵਿਗਾੜ ਪੈ ਜਾਣ ਕਾਰਨ ਉਹ ਬਾਹਰੋਂ ਮਨੁੱਖ ਦਿਖਣ ਦੇ ਬਾਵਜ਼ੂਦ ਵੀ ਮਨੁੱਖ ਨਹੀਂ ਹੁੰਦਾ; ਅਤੇ ਜਾਂ ਇਸ ਸੰਕਟ ਦਾ ਕਾਰਨ ਉਸਦੇ ਚੌਗਿਰਦੇ ਵਿੱਚੋਂ ਮਾਨਵਵਾਦੀ ਸ਼ਕਤੀਆਂ ਦਾ ਖ਼ਤਮ ਹੋ ਜਾਣਾ ਹੁੰਦਾ ਹੈ।

ਡਾ. ਸੁਖਪਾਲ ਨੇ ਰਹਣੁ ਕਿਥਾਊ ਨਾਹਿਕੋਲਾਜ ਕਿਤਾਬ ਨੂੰ ਇੱਕ ਵੱਖਰੇ ਅੰਦਾਜ਼ ਵਿੱਚ ਪੇਸ਼ ਕਰਦਿਆਂ ਵੱਖੋ ਵੱਖ ਵਿਸਿ਼ਆਂ ਬਾਰੇ ਪਰ ਬੜੀ ਧੀਮੀ ਸੁਰ ਵਿੱਚ ਸੰਵਾਦ ਰਚਾਇਆ ਹੈ। ਵਿਸ਼ੇ ਜਿਨ੍ਹਾਂ ਦਾ ਸਬੰਧ ਮਨੁੱਖ ਦੀ ਹੋਂਦ ਨਾਲ ਸਬੰਧਤ ਹੈ। ਮਨੁੱਖ ਚਾਹੇ ਧਰਤੀ ਦੇ ਕਿਸੇ ਵੀ ਹਿੱਸੇ ਵਿੱਚ ਕਿਉਂ ਨ ਰਹਿ ਰਿਹਾ ਹੋਵੇ ਉਸਦਾ ਇਨ੍ਹਾਂ ਵਿਸ਼ਿਆਂ ਨਾਲ ਸਬੰਧ ਬਣਿਆ ਰਹਿੰਦਾ ਹੈ। ਅਜਿਹੀ ਖ਼ੂਬਸੂਰਤ ਪੁਸਤਕ ਪ੍ਰਕਾਸ਼ਿਤ ਕਰਕੇ ਡਾ. ਸੁਖਪਾਲ ਨੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਇਹ ਪੁਸਤਕ ਮੈਨੂੰ ਕਾਫੀ ਦਿਲਚਸਪ ਲੱਗੀ ਹੈ। ਉਮੀਦ ਹੈ ਕਿ ਹੋਰਨਾਂ ਪਾਠਕਾਂ ਨੂੰ ਵੀ ਇਹ ਪੁਸਤਕ ਪਸੰਦ ਆਵੇਗੀ।




Friday, January 2, 2009

ਸ਼ਿਵਚਰਨ ਜੱਗੀ ਕੁੱਸਾ - ਹਾਜੀ ਲੋਕ ਮੱਕੇ ਵੱਲ ਜਾਂਦੇ

ਨਾਵਲ: ਹਾਜੀ ਲੋਕ ਮੱਕੇ ਵੱਲ ਜਾਂਦੇ

ਲੇਖਕ: ਸ਼ਿਵਚਰਨ ਜੱਗੀ ਕੁੱਸਾ

ਮੁੱਖ-ਬੰਦ: ਤਨਦੀਪ ਤਮੰਨਾ

ਪ੍ਰਕਾਸ਼ਨ ਵਰ੍ਹਾ: 2008

ਪ੍ਰਕਾਸ਼ਕ: ਲਾਹੌਰ ਬੁੱਕ ਸ਼ਾਪ

ਸੀਮੋਨ ਵੇਅਲ ਨੇ ਲਿਖਿਆ ਹੈ ਕਿ ਕਲਪਨਾ ਤੇ ਫਿਕਸ਼ਨ ਸਾਡੀ ਜ਼ਿੰਦਗੀ ਦਾ ਹੀ ਤਿੰਨ ਚੌਥਾਈ ਹਿੱਸਾ ਹਨ। ਇੱਕ ਸਫ਼ਲ ਲੇਖਕ ਦੀ ਪ੍ਰਾਪਤੀ ਏਸੇ ਗੱਲ ਵਿੱਚ ਹੈ ਕਿ ਉਹ ਆਮ ਜ਼ਿੰਦਗੀ ਚ ਵਾਪਰਦੀਆਂ ਘਟਨਾਵਾਂ ਅਤੇ ਕਲਪਨਾ ਦਾ ਆਪਣੀ ਮੁਹਾਰਤ ਨਾਲ਼ ਕਿਵੇਂ ਸੁਮੇਲ ਕਰਦਾ ਹੈ। ਦ ਐਲਕੇਮਿਸਟ ਦੇ ਲੇਖਕ ਪਾਓਲੋ ਦੇ ਲਿਖਣ ਅਨੁਸਾਰ ਹਰ ਆਮ ਇਨਸਾਨ ਦੀ ਜ਼ਿੰਦਗੀ ਦੀ ਕਹਾਣੀ ਵੀ ਆਮ ਤੋਂ ਵੱਖਰੀ ਤੇ ਸ਼ਾਨਦਾਰ ਬਣ ਸਕਦੀ ਹੈ ਜੇਕਰ ਉਸਦੇ ਮਨ ਵਿੱਚ ਕੁੱਝ ਵੱਖਰਾ ਕਰਨ ਦੀ ਚਾਹ ਹੈ। ਇਹ ਰਾਹ ਚਾਹੇ ਸੌਖਾ ਨਹੀਂ ਪਰ ਸ਼ਿਵਚਰਨ ਜੱਗੀ ਕੁੱਸਾ ਰਾਤ ਨੇ ਆਪਣੇ-ਆਪ ਨੂੰ ਏਸੇ ਵੱਖਰੀ ਰਾਹ ਤੇ ਤੋਰਦਿਆਂ ਨੀਂਦ ਚ ਆਉਂਦੇ ਸੁਪਨਿਆਂ ਨੂੰ ਆਪਣੀ ਕਲਮ ਦੀ ਜ਼ੁਬਾਨ ਬਖਸ਼ੀ ਹੈ ਏਸੇ ਕਰਕੇ ਓਹਦਾ ਨਾਵਲ ਪੁਰਜਾ ਪੁਰਜਾ ਕਟਿ ਮਰੈ ਵੀ ਕਹਾਣੀ ਤੋਂ ਨਾਵਲ ਬਣ ਗਿਆ ਸੀ। ਸ਼ਾਇਦ ਏਸੇ ਸਫ਼ਰ ਕਰਕੇ ਉਸਦੀ ਕਲਮ ਪਾਰਸ ਬਣ ਗਈ ਹੈ ਤੇ ਉਸ ਕਲਮ ਦੀ ਕੁੱਖੋਂ ਜੰਮੇ ਸ਼ਬਦ ਸੁਨਹਿਰੇ ਨੇ।

ਜ਼ਿਲ੍ਹਾ ਮੋਗਾ ਦੇ ਪਿੰਡ ਕੁੱਸੇ ਵਿੱਚ ਪੈਦਾ ਹੋਇਆ ਸ਼ਿਵਚਰਨ ਪੱਚੀ ਸਾਲ ਖ਼ੂਬਸੂਰਤ ਦੇਸ਼ ਆਸਟਰੀਆ ਚ ਬਿਤਾ ਕੇ ਅੱਜਕੱਲ੍ਹ ਇੰਗਲੈਂਡ ਰਹਿੰਦਾ ਹੈ। ਉਸ ਨਾ਼ਲ ਗੱਲ ਕਰਦਿਆਂ ਇੰਝ ਲੱਗਦਾ ਜਿਵੇਂ ਸਾਉਣ ਦੇ ਪਹਿਲੇ ਛਰਾਟੇ ਨਾ਼ਲ ਭਿੱਜ ਗਏ ਹੋਵੋ, ਜਿਵੇਂ ਕਾਗਜ਼ ਦੀਆਂ ਕਿਸ਼ਤੀਆਂ ਮੀਂਹ ਦਾ ਪਾਣੀ ਛੱਡ ਸਮੁੰਦਰ ਵੱਲ ਤੁਰ ਪਈਆਂ ਹੋਣ, ਜਿਵੇਂ ਹਵਾ ਨੇ ਫੁੱਲਾਂ ਤੋਂ ਖ਼ੁਸ਼ਬੂ ਚੁਰਾ ਕੇ ਚਾਰੇ ਪਾਸੇ ਬਿਖੇਰ ਦਿੱਤੀ ਹੋਵੇ, ਜਿਵੇਂ ਰਾਧਾ ਸ਼ਿਆਮ ਦੀ ਬੰਸਰੀ ਦੀ ਤਾਨ ਤੇ ਮੰਤਰ-ਮੁਗਧ ਹੋ ਨੱਚ ਉੱਠੀ ਹੋਵੇ। ਸੀਤ ਰੁੱਤੇ ਕੋਸੀ-ਕੋਸੀ ਧੁੱਪ ਵਰਗਾ ਦੋਸਤ ਸ਼ਿਵਚਰਨ, ਦੋਸਤੀ ਦੇ ਬਾ਼ਲੇ ਇੱਕ ਦੀਵੇ ਨੂੰ ਸੂਰਜ ਬਣ ਦਿੰਦਾ ਹੈ, ਤੁਹਾਡੀ ਇੱਕ ਸਤਰ ਤੋਂ ਸ਼ੁਰੂ ਕੀਤੀ ਦੋਸਤੀ ਦੇ ਹਰਫ਼ਾਂ ਨੂੰ ਅਰਥ ਦੇ ਕੇ ਪੂਰਾ ਨਾਵਲ ਬਣਾ ਤੁਹਾਨੂੰ ਮੋੜਦਾ ਹੈ, ਤੁਹਾਡੇ ਬਿਨ੍ਹਾ ਜਾਣੇ, ਤੁਹਾਡਾ ਨਾਮ ਨਾਵਲ ਦੀ ਭੂਮਿਕਾ ਜਾਂ ਅੰਤਿਕਾ ਚ ਕਿਤੇ ਜ਼ਰੂਰ ਦਰਜ ਕਰ ਜਾਦਾ ਹੈ। ਪੁੰਨਿਆ ਦੇ ਚੰਦ ਨੂੰ ਲੁਕੋਈ ਬੈਠੀ ਹਨ੍ਹੇਰੀ ਕੰਦਰਾ ਦੇ ਬਾਹਰ ਤੁਹਾਡੇ ਨਾਮ ਦੇ ਨੀਲੇ, ਗੁਲਾਬੀ ਫੁੱਲ ਲਾ ਤੁਹਾਨੂੰ ਖ਼ੁਸ਼ਆਮਦੀਦ ਕਹਿ ਕੇ ਮਾਣ ਮਹਿਸੂਸ ਕਰਦਾ ਹੈ। ਯਾਰ-ਦੋਸਤ ਉਸਨੂੰ ਬੜੇ ਅਜ਼ੀਜ਼ ਨੇ, ਕਵੀ ਆਸੀ ਦੇ ਲਿਖਣ ਮੁਤਾਬਿਕ:

ਡੀਕ ਸਕਦਾ ਹਾਂ

ਕਈ ਸਮੁੰਦਰ

ਪੰਜਿਆਂ ਚ ਲੈ ਕੇ ਉੱਡ ਜਾਵਾਂ

ਧਰਤੀ ਵਰਗੇ ਕਈ ਗ੍ਰਹਿ

ਮੈਂ ਚੀਰ ਜਾਵਾਂਗਾ ਹਰ ਕਾਲਖ਼

ਆਖਰੀ ਸੂਰਜ ਦੀ ਖਾਤਿਰ

ਪਰ ਤੂੰ ਇੱਕ ਵਾਰ ਤਾਂ ਕਹਿ

..ਤੂੰ ਮੁਹੱਬਤ ਖਾਤਿਰ

ਐਨਾ ਕੁ ਵੀ ਉੱਡ ਸਕਦੈਂ..

ਬਹੁਤੀ ਵਾਰ ਓਹ ਤੁਹਾਨੂੰ ਫਿਲਮ ਕਾਸਟ ਅਵੇਅ ਦੇ ਨਾਇਕ ਟੌਮ ਹੈਂਕਸ ਦੀ ਤਰ੍ਹਾਂ ਸਮੁੰਦਰ ਚ ਘਿਰੇ ਟਾਪੂ ਤੇ ਬੈਠਾ ਇਕੱਲਾ ਬਨਵਾਸ ਕੱਟਦਾ ਮਹਿਸੂਸ ਹੋਵੇਗਾ, ਕਦੇ ਤੁਰ-ਤੁਰ ਕੇ ਥੱਕਿਆ ਲੱਗੇਗਾ, ਕਦੇ ਬ੍ਰਹਿਮੰਡ ਦੇ ਇੱਕ ਟੁਕੜੇ ਨੂੰ ਆਪਣੇ ਅਨੁਸਾਰ ਸਿਰਜਦਾ ਦੁਮੇ਼ਲ ਵੱਲ ਜਾਂਦਾ ਅਣਥੱਕ ਪ੍ਰਤੀਤ ਹੋਵੇਗਾ, ਕਦੇ ਦੁਨਿਆਵੀ ਬੰਧਨ ਤੋੜ ਆਲ੍ਹਣਾ ਛੱਡ ਜਾਣ ਦੀ ਗੱਲ ਕਰੇਗਾ, ਪਰ ਅਗਲੇ ਹੀ ਪਲ ਬੋਟਾਂ ਦਾ ਫ਼ਿਕਰ ਕਰ ਆਦਰਸ਼ਾਂ ਤੇ ਮਰਿਆਦਾਵਾਂ ਨਿਭਾਉਂਣ ਦੀ ਹਾਮੀ ਭਰੇਗਾ , ਕਦੇ ਕਿਸੇ ਦਰੱਖਤ ਥੱਲੇ ਸਮਾਧੀ ਲਾ ਕੇ ਬਹਿਣ ਦਾ ਤੇ ਕਦੇ ਸ਼ਾਂਤਮਈ ਝੀਲ ਦੇ ਪਾਣੀ ਚ ਗੀਟੀ ਮਾਰ ਹਲਚਲ ਪੈਦਾ ਕਰ, ਸ਼ੂਕਦੇ ਸਮੁੰਦਰ ਚ ਲਹਿ ਜਾਣ ਦਾ ਸੁਝਾਅ ਦੇਵੇਗਾ । ਨਾਵਲਾਂ, ਕਹਾਣੀਆਂ , ਲੇਖਾਂ ਚ ਸਮਾਜ ਤੇ ਪਾਤਰਾਂ ਦੀ ਸ਼ਖ਼ਸੀਅਤ ਦਾ ਹਰ ਪੱਖ ਉਭਾਰਨ ਵਾਲ਼ਾ ਕਈ-ਕਈ ਦਿਨ ਕਿਸੇ ਵਿਸ਼ੇ ਨੂੰ ਛੂਹੇਗਾ ਨਹੀਂ, ਪਰ ਜੇ ਤੁਸੀਂ ਕਹੋਂ ਤਾਂ ਨਾਵਲ ਦੇ ਚਾਰ-ਪੰਜ ਕਾਂਡ ਇਕੱਠੇ ਲਿਖ ਧਰੇਗਾ । ਪੇਂਡੂ ਭਾਸ਼ਾ ਤੇ ਹਾਸ-ਵਿਅੰਗ ਦੇ ਟੋਟਕਿਆਂ ਜਿਵੇਂ ...ਛੱਡ ਗਾਉਂਣ ਦਾ ਖਹਿੜਾ ਕੀ ਚਮਕੀਲਾ ਬਣਜੇਂਗਾ.. ਨਾ਼ਲ ਗੱਲਬਾਤ ਤੇ ਲਿਖਤਾਂ ਚ ਰੰਗ ਭਰਨ ਵਾਲ਼ਾ ਸ਼ਿਵਚਰਨ, ਅਸਲ ਵਿੱਚ ਦਾਰਸ਼ਨਿਕ ਸੋਚ ਦਾ ਧਾਰਨੀ ਹੈ। ਗ਼ਜ਼ਲ ਉਸਦੇ ਸਿਰ ਉੱਤੋਂ ਜਹਾਜ਼ ਵਾਂਗ ਲੰਘ ਜਾਂਦੀ ਹੈ, ਕਵਿਤਾ ਉਹ ਭਾਵਨਾ ਦੇ ਵਹਿਣ ਚ ਆ ਕੇ ਲਿਖਦਾ ਹੈ, ਵਾਰਤਕ ਨੂੰ ਹੱਡਾ-ਰੋੜੀ ਦਾ ਰਸਤਾ ਦੱਸਦਾ ਹੈ।

ਸ਼ਿਵਚਰਨ ਆਪਣੇ ਨਾਵਲਾਂ ਵਿੱਚ ਬੇਜੋੜ ਰਿਸ਼ਤਿਆਂ ਤੇ ਕਰਾਰੀਆਂ ਚੋਟਾਂ ਕਰਦਾ ਹੈ ਏਸੇ ਕਰਕੇ ਉਸਦੇ ਨਾਵਲਾਂ ਵਿਚਲੇ ਰਿਸ਼ਤੇ ਬਹੁਤੀ ਵਾਰ ਕੋਬਰੇ ਤੋਂ ਵੀ ਵੱਧ ਜ਼ਹਿਰੀਲੇ ਜਾਪਦੇ ਹਨ ਤੇ ਆਮ ਪਾਠਕਾਂ ਦੀ ਰੂਹ ਨੂੰ ਝਿੰਜੋੜਨ ਲਈ ਡੰਗ ਵੀ ਮਾਰਦੇ ਹਨ। ਰਿਸ਼ਤਿਆਂ ਵਿਚਲੀ ਦੁਰਗੰਧ ਤੋਂ ਦੂਰ ਜਾਣ ਲਈ ਅਤੀਤ ਦੀ ਕਸਤੂਰੀ ਮਗਰ ਭੱਜਦੇ ਹਨ। ਉਸਦੇ ਪਾਤਰ ਅਤੀਤ ਵਿੱਚ ਸਾਹ ਲੈ ਕੇ ਜ਼ਿਆਦਾ ਖ਼ੁਸ਼ੀ ਮਹਿਸੂਸ ਕਰਦੇ ਹਨ। ਉਸਦੇ ਪਾਤਰ ਪੇਂਡੂ ਜ਼ਿੰਦਗੀ ਦੇ ਆਮ ਪਾਤਰ ਹਨ। ਪਾਤਰਾਂ ਦੀਆਂ ਸ਼ਖ਼ਸੀਅਤਾਂ, ਆਲ਼ੇ-ਦੁਆਲ਼ੇ, ਦਾ ਬਾਰੀਕੀ ਨਾ਼ਲ ਸ਼ੁੱਧ ਮਲਵਈ ਭਾਸ਼ਾ ਚ ਸਰਲ ਵਰਨਣ ਕਾਬਿਲੇ-ਤਾਰੀਫ਼ ਹੈ। ਸ਼ਿਵਚਰਨ ਉਹਨਾਂ ਸਫ਼ਲ ਨਾਵਲਕਾਰਾਂ ਦਾ ਮੋਹਰੀ ਹੈ ਜੋ ਆਪਣੇ ਪਾਠਕਾਂ ਦੀ ਇੱਕੋ ਸਮੇਂ ਬਹੁਤੇ ਕਿਰਦਾਰਾਂ ਨਾਲ਼ ਸਾਂਝ ਪੁਆ ਕੇ ਭੰਬਲ਼ਭੂਸੇ ਚ ਕਦਾਚਿੱਤ ਨਹੀਂ ਪਾਉਂਦੇ।

ਜੱਟ ਵੱਢਿਆ ਬੋਹੜ ਦੀ ਛਾਵੇਂ ਤੋਂ ਨਾਵਲਾਂ ਦਾ ਸਫ਼ਰ ਸ਼ੁਰੂ ਕਰਕੇ ਨਾਵਲ ਹਾਜੀ ਲੋਕ ਮੱਕੇ ਵੱਲ ਜਾਂਦੇ ਉਸਦਾ ਸੋਲ਼ਵਾ ਨਾਵਲ ਹੈ। ਮੁੱਖ ਪਾਤਰ ਹਰਦੇਵ ਦਾ ਗ਼ੈਰ-ਕਾਨੂੰਨੀ ਢੰਗ ਨਾਲ਼ ਬਾਹਰ ਚਲੇ ਜਾਣਾ, ਪ੍ਰੀਤੋ ਦਾ ਬਾਬਰ ਨਾਲ਼ ਵਿਆਹ ਤੋਂ ਬਾਅਦ ਵਿਧਵਾ ਹੋ ਜਾਣਾ, ਹਰਦੇਵ ਦਾ ਇੰਗਲੈਂਡ ਚ ਸੈੱਟ ਹੋ ਕੇ ਵੀ ਖਾਲੀ ਹੱਥ ਪਰਤ ਆਉਂਣਾ...ਤੇ ਅੰਤ ਬਾਬਾ ਬੁੱਲ੍ਹੇ ਸ਼ਾਹ ਦੀ ਕਾਫੀ ਅਨੁਸਾਰ ਮੇਰਾ ਰਾਂਝਣ ਮਾਹੀ ਮੱਕਾ ਦੇ ਅਨੁਸਾਰ ਨਾਵਲ ਦੀ ਸਮਾਪਤੀ ਬੇਹੱਦ ਪ੍ਰਭਾਵਸ਼ਾਲੀ ਤੇ ਖ਼ੂਬਸੂਰਤ ਹੈ।

ਨਾਵਲ ਹਾਜੀ ਲੋਕ ਮੱਕੇ ਵੱਲ ਜਾਂਦੇ ਦੀ ਸ਼ੁਰੂਆਤ ਬਹੁਤ ਹੀ ਭਾਵਪੂਰਣ ਹੈ। ਜਦੋਂ ਮੁੱਖ ਪਾਤਰ, ਹਰਦੇਵ, ਜੋ ਕਿ ਨੌਜਵਾਨ ਵਰਗ ਦੀ ਸੋਚ ਦੀ ਤਰਜ਼ਮਾਨੀ ਕਰਦੈ, ਵਰ੍ਹਿਆਂ ਬਾਅਦ ਪਿੰਡ ਪਰਤ ਕੇ ਆਉਂਦਾ ਹੈ, ਤਾਂ ਸ਼ਿਵਚਰਨ ਦੇ ਅਤਿ ਖ਼ੂਬਸੂਰਤ ਸ਼ਬਦ ਮੱਲੋ-ਮੱਲੀ ਪਰਦੇਸੀਂ ਬੈਠੇ ਪਾਠਕਾਂ ਦੀਆਂ ਅੱਖੀਆਂ ਨਮ ਕਰ ਜਾਂਦੇ ਨੇ । ਮੈਂ ਖ਼ੁਦ ਦੂਜੀ ਵਾਰ ਨਾਵਲ ਪੜ੍ਹਦੀ ਵੀ ਆਪਣੀਆਂ ਅੱਖੀਆਂ ਦੀਆਂ ਨਦੀਆਂ ਨੂੰ ਵਹਿਣੋਂ ਰੋਕ ਨਾ ਸਕੀ। ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਮਾਂ ਨੂੰ ਚੇਤੇ ਕਰਦਿਆਂ ਹਰਦੇਵ ਦੇ ਪਾਤਰ ਚੋਂ ਸ਼ਿਵਚਰਨ ਦਾ ਆਪਾ ਝਲਕਦਾ ਹੈ।

ਲੇਖਕ ਦੇ ਨਾਵਲਾਂ ਵਿਚਲੇ ਸਰੀਰਕ ਰਿਸ਼ਤਿਆਂ ਦਾ ਚਿਤ੍ਰਣ, ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਤੇ ਹੁੰਦੇ ਜ਼ੁਲਮਾਂ, ਧੀ ਨੂੰ ਪੁੱਤ ਦੇ ਬਰਾਬਰ ਦਰਜਾ ਨਾ ਮਿਲ਼ਣਾ, ਮਾਂ ਦੇ ਮਰਨ ਤੋਂ ਬਾਅਦ ਪ੍ਰੀਤੋ ਦਾ ਪੇਕੇ ਪਿੰਡੋਂ ਸਾਂਝ ਖ਼ਤਮ ਹੋ ਜਾਣੀ, ਧੀਆਂ ਪ੍ਰਤੀ ਸਮਾਜ ਦੀ ਅਣਗਹਿਲੀ ਤੇ ਬੇਰੁਖ਼ੀ ਦਾ ਕੋਝਾ ਰੂਪ ਪਾਠਕਾਂ ਸਾਹਮਣੇ ਲਿਆਉਂਦਾ ਹੈ। ਸ਼ਿਵਚਰਨ ਖੁੱਲ੍ਹ ਕੇ ਲਿਖਣ ਵਾਲ਼ਾ ਨਿਡਰ ਲੇਖਕ ਹੈ ।ਸਰੀਰਕ ਰਿਸ਼ਤਿਆਂ ਦੀ ਸੱਚਾਈ ਬਿਆਨ ਕਰਦਿਆਂ ਝਿਜਕਦਾ ਨਹੀਂ ਤੇ ਆਮ ਬੋਲ-ਚਾਲ ਦੀ ਭਾਸ਼ਾ ਚ ਗਾਲ਼੍ਹਾਂ ਦਾ ਬੇਬਾਕੀ ਨਾਲ਼ ਜ਼ਿਕਰ ਕਰਦਾ ਹੈ।

ਗ਼ੈਰ-ਕਾਨੂੰਨੀ ਢੰਗ ਨਾਲ਼ ਹਰਦੇਵ ਦਾ ਪਹਿਲਾਂ ਗਰੀਸ ਫੇਰ ਆਸਟਰੀਆ ਚਲੇ ਜਾਣਾ, ਠੰਢੇ ਮੌਸਮ ਦਾ ਵਰਣਨ ਆਤਮਾ ਨੂੰ ਵਿਲਕਣ ਤੇ ਮਜਬੂਰ ਕਰ ਦਿੰਦਾ ਹੈ।ਬੇਗਾਨਾ ਮੁਲਕ, ਬੇਗਾਨੀ ਭਾਸ਼ਾ, ਕਹਿਰ ਦੀ ਠੰਢ.. ਇਹ ਕਾਂਡ ਪੜ੍ਹਦਿਆਂ ਇੰਝ ਲੱਗਾ ਜਿਵੇਂ ਮੈਂ ਖ਼ੁਦ ਕਿਸੇ ਗਲੇਸ਼ੀਅਰ ਹੇਠ ਦੱਬੀ ਗਈ ਹੋਵਾਂ, ਜਿੱਥੇ ਪਰਦੇਸੀਂ ਕਮਾਈਆਂ ਕਰਨ ਆਏ ਸਰਵਣ ਪੁੱਤਾਂ ਦੀਆਂ ਭੇਦ-ਭਰੀਆਂ ਸ਼ੱਕੀ ਹਾਲਤਾਂ ਚ ਗੁੰਮ ਹੋਣ ਦਾ ਰਾਜ਼ ਕਦੇ ਵੀ ਨਹੀਂ ਲੱਭ ਸਕਿਆ ਤੇ ਉਹਨਾਂ ਦੀ ਯਾਦ ਚ ਜ਼ਿਹਨ ਚ ਧੀਮੇ-ਧੀਮੇ ਜਲ਼ਦੇ ਚਰਾਗਾਂ ਚ ਤੇਲ ਪਾਉਂਣ ਵਾਲ਼ੇ ਵੀ ਪਤਾ ਨਹੀਂ ਕਦੋਂ ਜਹਾਨੋਂ ਕੂਚ ਕਰ ਗਏ । ਯੌਰਪ ਵਿੱਚ ਪੱਕੇ ਹੋਣ ਖਾਤਿਰ ਬਿਨ੍ਹਾਂ ਕਾਗਜ਼-ਪੱਤਰਾਂ ਦੇ ਰੈਸਟੋਰੈਂਟਾਂ ਤੇ ਪੀਜ਼ਾ ਸਟੋਰਾਂ ਤੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਮੁੰਡਿਆਂ ਦਾ ਜ਼ਿਕਰ ਬੜੇ ਸਵਾਲ ਖੜ੍ਹੇ ਕਰਦਾ ਹੈ। ਹਰਦੇਵ ਦੀ ਅਪੀਲ ਫੇਲ੍ਹ ਹੋ ਜਾਣੀ ਤੇ ਇੰਡੀਆ ਡਿਪੋਰਟ ਹੋ ਕੇ ਆਉਂਣਾ, ਫੇਰ ਆਪਣੇ ਤੋਂ ਕਿਤੇ ਵੱਡੀ ਉਮਰ ਦੀ ਮੀਤੀ ਨਾਲ਼ ਵਿਆਹ ਤੇ ਪੱਕੇ ਹੋਣ ਤੋਂ ਬਾਅਦ ਮੀਤੀ ਨਾ਼ਲ ਤਲਾਕ ਤੇ ਫੇਰ ਆਪਣੇ ਤੋਂ ਵੱਧ ਪੜ੍ਹੀ-ਲਿਖੀ, ਧਨਾਢ ਪਿਓ ਦੀ ਲਾਡਲੀ ਦੀਪ ਨਾਲ਼ ਵਿਆਹ...ਸਭ ਸਮਾਜ ਦੇ ਮੱਥੇ ਤੇ ਦਗ਼ਦੇ ਹੋਏ ਸਵਾਲ ਤੇ ਉੱਚੜ-ਉੱਚੜ ਪੈਂਦੇ ਨਾਸੂਰ ਹਨ।

ਅਖੌਤੀ ਬਾਬਿਆਂ ਦੀ ਸ਼ਿਵਚਰਨ ਰੱਜ ਕੇ ਮੁਖ਼ਾਲਫ਼ਤ ਕਰਦਾ ਹੈ। ਔਲਾਦ ਦੀ ਝਾਕ ਚ ਭਟਕਦੀ ਮੀਤੀ ਦਾ ਇੱਕ ਬਾਬੇ ਵੱਲੋਂ ਕੀਤਾ ਜਾਂਦਾ ਸਰੀਰਕ ਸ਼ੋਸ਼ਣ, ਤਿੰਨ ਬੱਚਿਆਂ ਦੇ ਬਾਪ 53 ਸਾਲਾ ਬਰਾੜ ਨਾਲ਼ ਕੈਨੇਡਾ ਸੈੱਟ ਹੋਣ ਦੇ ਲਾਲਚ ਇੱਕ ਹੋਰ ਜੁਆਨ ਕੁੜੀ ਸੀਤਲ ਦਾ ਮਾਂ ਬਣਨ ਦੇ ਹੱਕ ਦਾ ਬੱਚੇਦਾਨੀ ਕਢਵਾ ਕੇ ਨਿਰਾਦਰ ਕਰਨਾ.....ਨਿੱਤ ਨਵੇਂ ਆਕਾਸ਼ ਖੋਜਣ ਵਾਲ਼ਿਆਂ ਦੀ ਸੋਚ ਤੇ ਕਰਾਰੀ ਚੋਟ ਨਹੀਂ ਤਾਂ ਹੋਰ ਕੀ ਹੈ? ਮੈਂ ਸੋਚਦੀ ਹਾਂ ਕਿ ਇੱਕ ਕੁੱਖ ਸੁੰਞੀ ਹੋਣ ਕਰਕੇ ਵੱਸ ਨਹੀਂ ਸਕੀ ਤੇ ਦੂਸਰੀ ਕੈਨੇਡਾ ਵੱਸਣ ਖਾਤਿਰ ਕੁੱਖ ਦੀ ਕੁਰਬਾਨੀ ਦੇ ਦਿੰਦੀ ਹੈ।

ਹਰਦੇਵ ਦਾ ਦੀਪ ਨਾਲ਼ ਵਿਆਹ ਕਰਕੇ ਧੋਖਾ ਖਾਣਾ, ਸੀਤਲ ਦਾ ਕੈਨੇਡਾ ਜਾ ਕੇ ਬਰਾੜ ਦੇ ਟੱਬਰ ਦੀ ਨੌਕਰਾਣੀ ਬਣਕੇ ਰਹਿ ਜਾਣਾ, ਤੇ ਕੀੜੇਮਾਰ ਦਵਾਈ ਨਾਲ਼ ਸੀਤਲ ਤੇ ਉਸਦੀ ਮਾਂ ਦਾ ਸ਼ਰਮੋ-ਸ਼ਰਮੀਂ ਮਰ ਜਾਣਾ, ਹਰਦੇਵ ਦਾ ਪ੍ਰੀਤੋ ਨਾ਼ਲ ਵਿਆਹ ਨਾਵਲ ਦੀ ਕਹਾਣੀ ਹਰੇਕ ਪਾਤਰ ਤੇ ਉਹਨਾਂ ਨਾ਼ਲ ਜੁੜੀਆਂ ਘਟਨਾਵਾਂ ਤੇ ਪਾਠਕਾਂ ਦੀਆਂ ਭਾਵਨਾਵਾਂ ਨਾ਼ਲ ਪੂਰਾ-ਪੂਰਾ ਨਿਆਂ ਕਰਦੀ ਹੈ। ਕਹਾਣੀ ਨੂੰ ਸਮਾਜਿਕ ਰੰਗਾਂ ਚ ਰੰਗਦਾ ਹੋਇਆ ਲੇਖਕ, ਅਧਿਆਤਮਕ ਛੋਹਾਂ ਵੀ ਦੇ ਜਾਂਦੈ, ਜਦੋਂ ਹਰਦੇਵ ਪ੍ਰੀਤੋ ਨੂੰ ਅੰਮਿ੍ਤ ਛਕ ਕੇ ਗੁਰੂ ਦੇ ਲੜ ਲੱਗਣ ਨੂੰ ਆਖਦਾ ਹੈ। ਨਾਵਲ ਦਾ ਨਾਂ ਵੀ ਕਹਾਣੀ ਤੇ ਉਸ ਨਾਲ਼ ਸਬੰਧਿਤ ਆਖਰੀ ਕਾਂਡ ਨਾਲ਼ ਪੂਰਾ-ਪੂਰਾ ਨਿਆਂ ਕਰਦਾ ਹੈ1 ਪੰਜਾਹਾਂ ਤੋਂ ਟੱਪੇ ਹਰਦੇਵ ਨੂੰ ਅੰਤ ਪ੍ਰੀਤੋ ਦੇ ਨਾ਼ਲ ਬਾਕੀ ਉਮਰ ਕੱਟਣ ਦਾ ਖ਼ਿਆਲ ਹੀ ਸੌ ਮੱਕਿਆਂ ਦਾ ਹੱਜ ਹੈ। ਸ਼ਿਵਚਰਨ ਦੇ ਕਹਿਣ ਮੁਤਾਬਿਕ ਲੇਖਕ ਤਾਂ ਸਿਰਫ਼ ਸ਼ੁਰੂਆਤ ਕਰਦਾ ਹੈ, ਬਾਅਦ ਚ ਪਾਤਰ ਆਪ ਕਹਾਣੀ ਨੂੰ ਅੱਗੇ ਤੋਰਦੇ ਹਨ।

ਕਿਤੇ ਪੜ੍ਹਿਆ ਸੀ ਕਿ ਜਿਵੇਂ ਕਿਸੇ ਅਜਾਇਬ ਘਰ੍ਹ ਚ ਰੱਖਿਆ ਜਹਾਜ਼, ਜਹਾਜ਼ ਨਹੀਂ ਅਖਵਾ ਸਕਦਾ, ਓਸੇ ਤਰ੍ਹਾਂ ਓਹ ਲੇਖਕ ਨਹੀਂ ਜੋ ਕਿਸੇ ਦੇਸ਼ ਦਾ ਵਾਸੀ ਨਹੀਂ ਤੇ ਓਸ ਦੇਸ਼ ਨੂੰ ਤੇ ਓਥੋਂ ਦੀ ਭਾਸ਼ਾ ਨੂੰ ਪਿਆਰ ਨਹੀਂ ਕਰਦਾ ਤੇ ਜਿਸ ਲੇਖਕ ਦੀ ਭਾਸ਼ਾ ਤੇ ਮੁਹਾਰਤ ਨਹੀਂ, ਓਹ ਓਸ ਪਾਗਲ ਇਨਸਾਨ ਦੀ ਤਰ੍ਹਾਂ ਹੈ, ਜੋ ਤੇਜ਼ ਵਹਿੰਦੀ ਨਦੀ ਚ ਕੁੱਦ ਤਾਂ ਪੈਂਦਾ ਹੈ, ਪਰ ਉਸਨੂੰ ਤੈਰਨਾ ਨਹੀਂ ਆਉਂਦਾ।

ਸ਼ਿਵਚਰਨ ਦੀ ਠੇਠ ਪੰਜਾਬੀ ਪੇਂਡੂ ਮਲਵਈ ਭਾਸ਼ਾ ਤੇ ਬੇਮਿਸਾਲ ਮੁਹਾਰਤ ਦਾ ਸਬੂਤ ਉਸਦੀਆਂ ਲਿਖਤਾਂ ਹਨ। ਆਪਣੇ ਨਾਵਲਾਂ ਵਿੱਚ ਜਿੱਥੇ ਓਹ ਪਾਠਕਾਂ ਦੇ ਸੁਆਦ ਲਈ ਗਰਮਾ-ਗਰਮ ਕੌਫੀ ਤਿਆਰ ਕਰਦੈ, ਓਥੇ ਉਸ ਵਿੱਚ ਜ਼ਾਇਕੇ ਲਈ ਦਾਲ਼ਚੀਨੀ ਪਾਊਡਰ ਵੀ ਪਾਉਂਣਾ ਨਹੀਂ ਭੁੱਲਦਾ। ਨਾਵਲ ਵਿਚਲੀ ਖੁੰਢ ਚਰਚਾ ਪੀੜ੍ਹੀਆਂ ਦਰਮਿਆਨ ਪੁ਼ਲ ਦਾ ਕੰਮ ਕਰਦੀ ਹੈ ਅਤੇ ਜਿੱਥੇ ਸਮਾਜਿਕ ਕੁਰੀਤੀਆਂ ਦਾ ਭਾਂਡਾ ਭੰਨਦੀ, ਓਥੇ ਹੀ ਚਲੰਤ ਰਾਜਨੀਤੀ ਤੇ ਵੀ ਚੋਟ ਕਰਦੀ, ਮਹਿਕ ਭਰੀ ਪੌਣ ਦੀ ਤਰ੍ਹਾਂ ਪੇਂਡੂ ਮਲਵਈ ਭਾਸ਼ਾ ਦਾ ਸੁਆਦ ਤੇ ਸੰਦੇਸ਼ ਲੈ ਕੇ ਆਉਂਦੀ ਹੈ। ਗੁਰਬਾਣੀ ਚੋਂ ਢੁੱਕਵੀਆਂ ਉਦਾਹਰਣਾਂ ਵੀ ਨਾਵਲ ਚ ਖ਼ੂਬ ਮਿਲ਼ਦੀਆਂ ਹਨ।

ਨਾਵਲ ਦਾ ਖ਼ੂਬਸੂਰਤ ਸਰਵਰਕ ਸੁਖਵੰਤ ਨੇ ਤਿਆਰ ਕੀਤਾ ਹੈ ਤੇ ਲਾਹੌਰ ਬੁੱਕ ਸ਼ਾਪ ਵਾਲ਼ੇ ਇਸਨੂੰ ਛਾਪਣ ਜਾ ਰਹੇ ਹਨ। ਸ਼ਿਵਚਰਨ ਤੇ ਉਸਦੇ ਸਮੁੱਚੇ ਪਾਠਕ ਵਰਗ ਨੂੰ ਇਸ ਨਵੇਂ ਨਾਵਲ ਦੇ ਪ੍ਰਕਾਸ਼ਨ ਦੀਆਂ ਬਹੁਤ-ਬਹੁਤ ਮੁਬਾਰਕਾਂ । ਸਾਹਿਤ ਦਾ ਰੌਸ਼ਨ ਗਗਨ ਉਸਦੇ ਖ਼ਿਆਲਾਂ ਦੀ ਉਡਾਨ ਨੂੰ ਹੌਂਸਲਿਆਂ ਦੇ ਮਜ਼ਬੂਤ ਪਰ ਬਖਸ਼ੇ ਤੇ ਨਵੀਆਂ ਮੰਜ਼ਿਲਾਂ ਵੱਲ ਉਸਦੀ ਕਲਮ ਦਾ ਕਾਫ਼ਿਲਾ ਏਦਾਂ ਹੀ ਨਿਰੰਤਰ ਤੁਰਦਾ ਰਹੇ...ਆਮੀਨ!!