ਲੇਖਕ: ਦਵਿੰਦਰ ਪੂਨੀਆ
ਪ੍ਰਕਾਸ਼ਨ ਵਰ੍ਹਾ: 2009
ਪ੍ਰਕਾਸ਼ਨ: ਗ੍ਰੇਸ਼ਿਅਸ ਬੁਕਸ, ਪਟਿਆਲਾ
ਮੁੱਲ: 60 ਰੁਪਏ
ਕੁੱਲ ਸਫ਼ੇ - 88
ਰਿਵੀਊਕਾਰ: ਸੁਖਿੰਦਰ
*********
ਇੱਕ ਪਲ ਦਾ ਵਰਤਾਰਾ – ਦਵਿੰਦਰ ਸਿੰਘ ਪੂਨੀਆ
ਕਿਤਾਬ ਪੜਚੋਲ
ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿੱਚ ਵੀ ਹਾਇਕੂ ਦਾ ਚਰਚਾ ਹੋਣਾ ਸ਼ੁਰੂ ਹੋ ਗਿਆ ਹੈ। ਹਾਇਕੂ, ਦਰਅਸਲ, ਜਪਾਨੀ ਕਵਿਤਾ ਦਾ ਇੱਕ ਰੂਪ ਹੈ। ਪੰਜਾਬੀ ਵਿੱਚ ਜਪਾਨੀ ਕਵਿਤਾ ਦੇ ਇਸ ਰੂਪ ਬਾਰੇ ਚਰਚਾ ਸ਼ੁਰੂ ਹੋਣ ਦਾ ਇੱਕ ਕਾਰਨ ਇਹ ਹੈ ਕਿ ਹੁਣ ਕੁਝ ਪੰਜਾਬੀ ਕਵੀਆਂ ਨੇ ਵੀ ਪੰਜਾਬੀ ਵਿੱਚ ਹਾਇਕੂ ਲਿਖਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬੀ ਕਵੀਆਂ ਦਾ ਇਸ ਪਾਸੇ ਵੱਲ ਵੱਧ ਰਿਹਾ ਰੁਝਾਨ ਇਸ ਕਾਰਨ ਵੀ ਹੋ ਸਕਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਕਵਿਤਾ ਵਿੱਚ ਨਿੱਕੀਆਂ ਕਵਿਤਾਵਾਂ ਲਿਖਣ ਦਾ ਰੁਝਾਨ ਵੱਧ ਗਿਆ ਹੈ। ਉਂਜ ਵੀ ਦੇਖਿਆ ਜਾਵੇ ਤਾਂ ਪਰਾ-ਆਧੁਨਿਕ ਸਮਿਆਂ ਵਿੱਚ ਤਕਨਾਲੋਜੀ ਦਾ ਸਾਰਾ ਜ਼ੋਰ ਵੱਧ ਤੋਂ ਵੱਧ ਸਹੂਲਤਾਂ ਦੇਣ ਵਾਲੀਆਂ ਛੋਟੇ ਤੋਂ ਛੋਟੇ ਅਕਾਰ ਵਾਲੀਆਂ ਵਸਤਾਂ ਈਜਾਦ ਕਰਨ ਉੱਤੇ ਲੱਗਾ ਹੋਇਆ ਹੈ।
-----
ਹਾਇਕੂ ਨੂੰ ਇਕ ਛਿਣ ਦੀ ਘਟਨਾ ਵੀ ਕਿਹਾ ਜਾਂਦਾ ਹੈ। ਕਵਿਤਾ ਦੇ ਇਸ ਰੂਪ ਦੀ ਰਚਨਾ ਕਰਨ ਅਤੇ ਕਵਿਤਾ ਦੇ ਇਸ ਰੂਪ ਦਾ ਆਨੰਦ ਲੈਣ ਵਿੱਚ ਮਨੁੱਖ ਦੇ ਤੀਜੇ ਨੇਤਰ ਦਾ ਸਭ ਤੋਂ ਵੱਧ ਯੋਗਦਾਨ ਹੁੰਦਾ ਹੈ। ਵਰਤਮਾਨ ਵਿੱਚ ਵਾਪਰ ਰਹੀ ਕਿਸੀ ਛਿਣ-ਪਲ ਦੀ ਘਟਨਾ ਉੱਤੇ ਮਨੁੱਖ ਦਾ ਧਿਆਨ ਇਸ ਤਰ੍ਹਾਂ ਕੇਂਦਰਤ ਹੋ ਜਾਂਦਾ ਹੈ ਜਿਵੇਂ ਉਸ ਪਲ ਉਸਦੇ ਆਸ ਪਾਸ ਹਰ ਚੀਜ਼ ਠਹਿਰ ਗਈ ਹੋਵੇ। ਮਨੁੱਖ ਦੀਆਂ ਦੋ ਅੱਖਾਂ ਰਾਹੀਂ ਵੇਖਿਆ ਗਿਆ ਕੋਈ ਦ੍ਰਿਸ਼ ਮਨੁੱਖ ਦੀ ਚੇਤਨਾ ਵਿੱਚ ਸਟਿਲ ਕੈਮਰੇ ਨਾਲ ਖਿੱਚੀ ਗਈ ਤਸਵੀਰ ਵਾਂਗ ਇਸ ਤਰ੍ਹਾਂ ਸਾਕਾਰ ਹੋ ਜਾਂਦਾ ਹੈ ਜਿਵੇਂ ਕਿਤੇ ਫਿਲਮੀ ਪਰਦੇ ਉੱਤੇ ਕਿਸੀ ਫਿਲਮ ਦਾ ਕੋਈ ਦ੍ਰਿਸ਼ ਆ ਰਿਹਾ ਹੋਵੇ। ਉਹ ਦ੍ਰਿਸ਼ ਮਨੁੱਖ ਅੰਦਰ ਉਸ ਪਲ ਇੱਕ ਅਜਿਹੇ ਅਹਿਸਾਸ ਦਾ ਅਨੁਭਵ ਪੈਦਾ ਕਰਦਾ ਹੈ ਜਿਵੇਂ ਅਸੀਂ ਅਸਮਾਨ ਵਿੱਚ ਕਿਸੀ ਟੁੱਟਦੇ ਤਾਰੇ ਦੀ ਰੌਸ਼ਨੀ ਦੀ ਲੀਕ ਵੇਖਦੇ ਹਾਂ।
-----
ਕੈਨੇਡੀਅਨ ਪੰਜਾਬੀ ਸ਼ਾਇਰ ਦਵਿੰਦਰ ਪੂਨੀਆ ਨੇ 2009 ਵਿੱਚ ‘ਕਣੀਆਂ’ ਨਾਮ ਹੇਠ ਆਪਣਾ ਹਾਇਕੂ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਸੀ। ਇਸ ਹਾਇਕੂ ਸੰਗ੍ਰਹਿ ਵਿੱਚ ਦਵਿੰਦਰ ਪੂਨੀਆ ਨੇ ਜ਼ਿੰਦਗੀ ਦੇ ਅਨੇਕਾਂ ਖ਼ੂਬਸੂਰਤ ਪਲਾਂ ਨੂੰ ਆਪਣੀ ਕਾਵਿਕਤਾ ਦਾ ਵਿਸ਼ਾ ਬਣਾਇਆ ਹੈ। ਇੱਕ ਚੇਤੰਨ ਸਾਹਿਤਕਾਰ ਹੋਣ ਦੇ ਨਾਤੇ ਉਹ, ਮਹਿਜ਼, ਸ਼ਬਦਾਂ ਨਾਲ ਹੀ ਨਹੀਂ ਖੇਡਦਾ; ਬਲਕਿ, ਉਹ ਇਨ੍ਹਾਂ ਸ਼ਬਦਾਂ ਨੂੰ ਆਪਣੇ ਚੌਗਿਰਦੇ ਵਿੱਚ ਪਸਰੀਆਂ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਕਰਨ ਲਈ ਵਰਤਦਾ ਹੈ। ਹਾਇਕੂ ਦੀ ਖ਼ੂਬਸੂਰਤੀ ਅਤੇ ਕਾਮਯਾਬੀ ਵੀ ਇਸ ਗੱਲ ਵਿੱਚ ਹੁੰਦੀ ਹੈ ਕਿ ਪਾਠਕ ਹਾਇਕੂ ਪੜ੍ਹਦਿਆਂ ਇਸ ਤਰ੍ਹਾਂ ਮੁਗਧ ਹੋ ਜਾਵੇ ਜਿਵੇਂ ਬਾਗ਼ ‘ਚੋਂ ਲੰਘਦਿਆਂ ਅਸੀਂ ਕਿਸੀ ਫੁੱਲ ਨੂੰ ਸੁੰਘਦਿਆਂ ਅਨੁਭਵ ਕਰਦੇ ਹਾਂ। ਉਹ ਵੇਲਾ ਸੋਚਣ ਦਾ ਨਹੀਂ ਹੁੰਦਾ। ਬਿਲਕੁਲ ਓਵੇਂ ਹੀ ਜਿਵੇਂ ਸਮਾਧੀ ਦੀ ਅਵੱਸਥਾ ਵਿੱਚ ਜਾਣ ਵੇਲੇ ਸਾਡੇ ਮਨ ਵਿੱਚ ਸੁੰਨ ਵਰਤ ਜਾਂਦੀ ਹੈ। ਉਸ ਛਿਣ ਵਿੱਚ ਜਾਗਿਆ ਅਹਿਸਾਸ ਹੀ ਬਾਅਦ ਵਿੱਚ ਸਾਡੇ ਮਨ ਵਿੱਚ ਵਿਚਾਰਾਂ ਦੀ ਲੜੀ ਜਗਾਉਂਦਾ ਹੈ। ਜਿਸ ਤਰ੍ਹਾਂ ਦੀ ਤੀਬਰਤਾ ਸਾਡੇ ਮਨ ਵਿੱਚ ਜਾਗੇ ਅਹਿਸਾਸ ਵਿੱਚ ਹੋਵੇਗੀ ਉਸ ਤਰ੍ਹਾਂ ਦੀ ਤੀਖਣਤਾ ਹੀ ਉਸ ਅਹਿਸਾਸ ਤੋਂ ਬਾਹਦ ਸਾਡੇ ਮਨ ਵਿੱਚ ਜਾਗੇ ਵਿਚਾਰਾਂ ਦੀ ਲੜੀ ਵਿੱਚ ਹੋਵੇਗੀ। ਹਾਇਕੂ ਰਾਹੀਂ ਸਾਡੇ ਮਨ ਵਿੱਚ ਜਾਗੇ ਅਹਿਸਾਸ ਦਾ ਸਬੰਧ ਕਿਉਂਕਿ ਸਾਡੇ ਅੰਦਰਲੀ ਸੰਵੇਦਨਸ਼ੀਲਤਾ ਨਾਲ ਹੈ, ਇਸ ਲਈ ਹਾਇਕੂ ਦਾ ਪਾਠਕ ਜਿੰਨਾ ਵਧੇਰੇ ਸੰਵੇਦਨਸ਼ੀਲ ਹੋਵੇਗਾ, ਉਸਦੇ ਮਨ ਉੱਤੇ ਕਿਸੇ ਹਾਇਕੂ ਨੂੰ ਪੜ੍ਹਨ ਤੋਂ ਬਾਅਦ ਪੈਦਾ ਹੋਏ ਅਹਿਸਾਸ ਦੀ ਛਾਪ ਵੀ ਓਨੀ ਹੀ ਗੂੜ੍ਹੀ ਹੋਵੇਗੀ। ਦਵਿੰਦਰ ਪੂਨੀਆ ਰਚਿਤ ਹਾਇਕੂ ਸੰਗ੍ਰਹਿ ‘ਕਣੀਆਂ’ ਬਾਰੇ ਚਰਚਾ ਇਸ ਹਾਇਕੂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:
ਕੰਧ ਤੇ ਪੇਂਟ ਕਰਦਾ ਮਜ਼ਦੂਰ
‘ਮੋਟੇ ਹੋਣ ਲਈ ਮਿਲੋ’
‘ਮੋਟਾਪਾ ਘਟਾਉਣ ਲਈ ਮਿਲੋ’
-----
ਇਹ ਹਾਇਕੂ ਜਿੱਥੇ ਕਿ ਇੱਕ ਪਾਸੇ ਸਾਡੇ ਸਮਿਆਂ ਦੀ ਇੱਕ ਵੱਡੀ ਸਮੱਸਿਆ ਵੱਲ ਸਾਡਾ ਧਿਆਨ ਖਿੱਚਦਾ ਹੈ, ਉੱਥੇ ਹੀ ਇਹ ਹਾਇਕੂ ਸਾਡਾ ਧਿਆਨ ਇੱਕ ਸਦੀਵੀ ਸਚਾਈ ਵੱਲ ਵੀ ਖਿੱਚਦਾ ਹੈ। ਇੱਕ ਸਾਧਾਰਨ ਮਨੁੱਖ ਦੀ ਸਦੀਵੀ ਸਮੱਸਿਆ ਇਹ ਹੈ ਕਿ ਦੋ ਵੇਲੇ ਦੀ ਰੋਟੀ ਦਾ ਪ੍ਰਬੰਧ ਕਿਵੇਂ ਕੀਤਾ ਜਾਵੇ। ਪਰ ਰੱਜੇ-ਪੁੱਜੇ ਮਨੁੱਖਾਂ ਦੀ ਸਮੱਸਿਆ ਇਹ ਹੈ ਕਿ ਨਿੱਤ ਲੋੜ ਨਾਲੋਂ ਵੱਧ ਖਾ ਕੇ ਸਰੀਰ ਉੱਤੇ ਜੋ ਵੱਧੂ ਚਰਬੀ ਚੜ੍ਹਾਈ ਹੋਈ ਹੈ ਉਸਨੂੰ ਕਿਵੇਂ ਘੱਟ ਕੀਤਾ ਜਾਵੇ। ਕਿਉਂਕਿ ਸਰੀਰ ਉੱਤੇ ਵਾਧੂ ਚਰਬੀ ਚੜ੍ਹ ਜਾਣ ਕਾਰਨ ਅਜਿਹੇ ਮਨੁੱਖਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਤੰਗ ਕਰਦੀਆਂ ਹਨ। ਇਸੇ ਤਰ੍ਹਾਂ ਹੀ ਅਜਿਹੇ ਅਨੇਕਾਂ ਰੱਜੇ ਪੁੱਜੇ ਘਰਾਂ ਦੇ ਬੱਚੇ ਹੁੰਦੇ ਹਨ ਜੋ ਕਦੀ ਵੀ ਭੋਜਨ ਨ ਤਾਂ ਸਮੇਂ ਸਿਰ ਹੀ ਖਾਂਦੇ ਹਨ ਅਤੇ ਨ ਹੀ ਖਾਣ ਵੇਲੇ ਹੀ ਇਸ ਗੱਲ ਵੱਲ ਕੋਈ ਧਿਆਨ ਦਿੰਦੇ ਹਨ ਕਿ ਇਸ ਭੋਜਨ ਨਾਲ ਸਰੀਰ ਨੂੰ ਕੋਈ ਲਾਭ ਹੋਵੇਗਾ ਜਾਂ ਨਹੀਂ। ਅਜਿਹੇ ਬੱਚਿਆਂ ਦੇ ਮਾਪੇ ਵੀ ਡਾਕਟਰਾਂ ਕੋਲ ਭੱਜੇ ਰਹਿੰਦੇ ਹਨ ਕਿ ਉਨ੍ਹਾਂ ਦਾ ਬੱਚਾ ਤਾਂ ਮੋਟਾ ਹੁੰਦਾ ਹੀ ਨਹੀਂ। ਉਹ ਜੋ ਮਰਜ਼ੀ ਖਾਹ ਲਵੇ, ਦਿਨ-ਬ-ਦਿਨ ਸੁੱਕ ਕੇ ਕਾਨੇ ਵਰਗਾ ਹੋਈ ਜਾਂਦਾ ਹੈ। ਮੋਟੇ ਜਾਂ ਪਤਲੇ ਹੋਣ ਦਾ ਅਹਿਸਾਸ ਪੈਦਾ ਕਰਨ ਵਿੱਚ ਸਾਡੇ ਮੀਡੀਏ ਅਤੇ ਫਿਲਮਾਂ ਦਾ ਵੀ ਕਾਫੀ ਵੱਡਾ ਯੋਗਦਾਨ ਹੈ। ਟੈਲੀਵੀਜ਼ਨ ਦੀ ਸ਼ਾਇਦ ਹੀ ਕੋਈ ਅਜਿਹੀ ਚੈਨਲ ਹੋਵੇਗੀ ਜਿਸ ਉੱਤੇ ਖ਼ੂਬਸੂਰਤ ਔਰਤਾਂ ਚਿਹਰੇ ਉੱਤੇ ਮੁਸਕਰਾਹਟ ਲਿਆ ਕੇ ਪਤਲੇ ਹੋਣ ਦੀਆਂ ਦਵਾਈਆਂ ਜਾਂ ਪਤਲੇ ਹੋਣ ਲਈ ਕਸਰਤ ਕਰਨ ਦਾ ਸਮਾਨ ਨ ਵੇਚ ਰਹੀਆਂ ਹੋਣ।
-----
ਪ੍ਰਦੂਸ਼ਨ ਸਾਡੇ ਸਮਿਆਂ ਦੀ ਸਭ ਤੋਂ ਵੱਧ ਚਿੰਤਾ ਪੈਦਾ ਕਰਨ ਵਾਲੀ ਸਮੱਸਿਆ ਹੈ। ਕਿਉਂਕਿ ਇਸਦਾ ਸਬੰਧ ਨ ਸਿਰਫ਼ ਸਮੁੱਚੀ ਮਨੁੱਖ ਜਾਤੀ ਨਾਲ ਹੀ ਹੈ; ਬਲਕਿ, ਇਸ ਦਾ ਸਬੰਧ ਧਰਤੀ ਦੀ ਹੋਂਦ ਨਾਲ ਵੀ ਜੁੜਿਆ ਹੋਇਆ ਹੈ। ਅਜੋਕੇ ਮਨੁੱਖ ਦੇ ਸੁਭਾਅ ਵਿੱਚ ਇੰਤਹਾ ਲਾਲਚੀਪਨ ਅਤੇ ਖ਼ੁਦਗਰਜ਼ੀ ਆ ਜਾਣ ਕਾਰਨ ਨਾ ਸਿਰਫ਼ ਮਨੁੱਖੀ ਮਾਨਸਿਕਤਾ ਹੀ ਪ੍ਰਦੂਸ਼ਿਤ ਹੋ ਚੁੱਕੀ ਹੈ; ਬਲਕਿ, ਮਨੁੱਖ ਨੇ ਹਵਾ, ਪਾਣੀ ਅਤੇ ਆਪਣੇ ਚੌਗਿਰਦੇ ਨੂੰ ਵੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਹੈ। ਪ੍ਰਦੂਸ਼ਨ ਦੀ ਸਮੱਸਿਆ ਬਹ-ਦਿਸ਼ਾਵੀ ਹੈ ਅਤੇ ਜ਼ਿੰਦਗੀ ਦੇ ਅਨੇਕਾਂ ਖੇਤਰਾਂ ਨਾਲ ਸਬੰਧਤ ਹੈ। ਦਵਿੰਦਰ ਪੂਨੀਆ ਉਦਯੋਗਿਕ ਖੇਤਰ ਨਾਲ ਜੁੜੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਆਪਣੇ ਹਾਇਕੂ ਦਾ ਵਿਸ਼ਾ ਕੁਝ ਇਸ ਤਰ੍ਹਾਂ ਬਣਾਉਂਦਾ ਹੈ:
ਪਰਦੂਸ਼ਣ
ਚਿਮਨੀ ਨੇ ਲਿਖਿਆ
ਧੂੰਏ ਨਾਲ਼
------
ਗ਼ੈਰ-ਜ਼ਿੰਮੇਵਾਰ ਉਦਯੋਗਪਤੀਆਂ ਨੇ ਆਪਣੀਆਂ ਫੈਕਟਰੀਆਂ ਦਾ ਕੂੜਾ ਦਰਿਆਵਾਂ ਵਿੱਚ ਸੁੱਟ ਕੇ ਪਾਣੀ ਦੇ ਸੋਮੇ ਜ਼ਹਿਰੀਲੇ ਕਰ ਦਿੱਤੇ ਹਨ। ਅਜਿਹੇ ਭੱਦਰ-ਪੁਰਸ਼ਾਂ ਨੇ ਆਪਣਿਆਂ ਮੁਨਾਫ਼ਿਆਂ ਖ਼ਾਤਰ ਆਪਣੀਆਂ ਫੈਕਟਰੀਆਂ ਦੀਆਂ ਚਿਮਨੀਆਂ ਵਿੱਚੋਂ ਨਿਕਲ ਰਹੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਣ ਵਿੱਚ ਮਿਲਣ ਤੋਂ ਰੋਕਣ ਲਈ ਲੋੜੀਂਦੇ ਪ੍ਰਬੰਧਾਂ ਉੱਤੇ ਪੈਸੇ ਖਰਚਣ ਦੀ ਥਾਂ ਉਹ ਵਾਧੂ ਪੈਸੇ ਆਪਣੀਆਂ ਜੇਬ੍ਹਾਂ ਵਿੱਚ ਹੀ ਪਾ ਲਏ ਅਤੇ ਆਪਣੀਆਂ ਫੈਕਟਰੀਆਂ ਦੀਆਂ ਚਿਮਨੀਆਂ ਨੂੰ ਵਾਤਾਵਰਨ ਵਿੱਚ ਜ਼ਹਿਰੀਲੀਆਂ ਗੈਸਾਂ ਛੱਡਣ ਦੀ ਪੂਰੀ ਆਜ਼ਾਦੀ ਦੇ ਦਿੱਤੀ। ਜ਼ਹਿਰੀਲੇ ਹੋ ਰਹੇ ਹਵਾ / ਪਾਣੀ ਦਾ ਵੀ ਸਭ ਤੋਂ ਵੱਧ ਨੁਕਸਾਨ ਦੱਬੇ-ਕੁਚਲੇ ਅਤੇ ਗਰੀਬ ਲੋਕਾਂ ਨੂੰ ਹੀ ਹੁੰਦਾ ਹੈ। ਕਿਉਂਕਿ ਉਹ ਅਜਿਹੇ ਵਾਤਾਵਰਨ ਵਿੱਚ ਰਹਿਕੇ ਅਨੇਕਾਂ ਤਰ੍ਹਾਂ ਦੀਆਂ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਮੁੜ ਉਨ੍ਹਾਂ ਕੋਲ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਮਹਿੰਗੀਆਂ ਦਵਾਈਆਂ ਖ਼ਰੀਦਣ ਲਈ ਪੈਸੇ ਨਹੀਂ ਹੁੰਦੇ। ਪ੍ਰਦੂਸ਼ਨ ਨਾਲ ਹੀ ਸਬੰਧਤ ਅਤੇ ਅਜੋਕੀ ਸਭਿਅਤਾ ਉੱਤੇ ਵਿਅੰਗ ਕਰਦਾ ਦਵਿੰਦਰ ਪੂਨੀਆ ਦਾ ਇੱਕ ਹੋਰ ਖ਼ੂਬਸੂਰਤ ਹਾਇਕੂ ਦੇਖੋ:
ਦਰਿਆ ਕਿਨਾਰੇ
ਬੋਤਲੀ ਜਲ ਪੀਂਦੀ
ਨਵੀਂ ਸਭਿਅਤਾ
-----
ਵਾਤਾਵਰਨ ਪ੍ਰਦੂਸ਼ਨ ਦੀ ਇੱਕ ਹੋਰ ਵੀ ਕਿਸਮ ਹੈ। ਇਹ ਪ੍ਰਦੂਸ਼ਨ ਵੱਖੋ, ਵੱਖ ਧਰਮਾਂ ਵੱਲੋਂ ਫੈਲਾਇਆ ਜਾ ਰਿਹਾ ਹੈ। ਇਸ ਕਿਸਮ ਦਾ ਵਧੇਰੇ ਪ੍ਰਦੂਸ਼ਨ ਸਾਊਥ ਏਸ਼ੀਅਨ ਦੇਸ਼ਾਂ ਜਿਵੇਂ ਕਿ ਇੰਡੀਆ / ਪਾਕਿਸਤਾਨ ਵਿੱਚ ਵਧੇਰੇ ਵੇਖਿਆ ਜਾ ਸਕਦਾ ਹੈ। ਪਿੰਡਾਂ / ਕਸਬਿਆਂ / ਸ਼ਹਿਰਾਂ ਵਿੱਚ ਵੱਖੋ ਵੱਖ ਧਰਮਾਂ ਨੂੰ ਮੰਨਣ ਵਾਲੇ ਅਦਾਰੇ - ਗੁਰਦੁਆਰੇ / ਮੰਦਿਰ / ਗਿਰਜੇ / ਮਸਜਿਦਾਂ ਆਮ ਮਨੁੱਖ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਅੰਮ੍ਰਿਤ ਵੇਲੇ ਹੀ ਲਾਊਡ ਸਪੀਕਰਾਂ ਰਾਹੀਂ ਆਪਣਾ ਸ਼ੋਰ ਪਾਉਣਾ ਸ਼ੁਰੂ ਕਰ ਦਿੰਦੇ ਹਨ। ਰਾਤ ਨੂੰ ਕੰਮਾਂ ਤੋਂ ਥੱਕੇ ਟੁੱਟੇ ਆਏ ਲੋਕ ਜਿਨ੍ਹਾਂ ਨੇ ਦੂਜੇ ਦਿਨ ਫਿਰ ਉਹੋ ਜਿਹੀ ਹੀ ਰੁਝੇਵਿਆਂ ਭਰੀ ਜ਼ਿੰਦਗੀ ਲਈ ਤਿਆਰ ਹੋ ਕੇ ਜਾਣ ਵਾਸਤੇ ਅਜੇ ਕੁਝ ਘੰਟੇ ਹੋਰ ਸੌਣਾ ਹੁੰਦਾ ਹੈ, ਬਿਸਤਰਿਆਂ ਵਿੱਚ ਪਲਸੇਟੇ ਮਾਰਦੇ ਇਨ੍ਹਾਂ ਧਾਰਮਿਕ ਅਦਾਰਿਆਂ ਨੂੰ ਸੌ-ਸੌ ਗਾਲ੍ਹਾਂ ਕੱਢਦੇ ਹਨ; ਪਰ ਉਹ ਇਨ੍ਹਾਂ ਲਾਊਡ ਸਪੀਕਰਾਂ ਨੂੰ ਬੰਦ ਕਰਵਾਉਣ ਲਈ ਕੁਝ ਵੀ ਕਰ ਸਕਣ ਤੋਂ ਅਸਮਰੱਥ ਹੋਣ ਕਰਕੇ ਦੁਖੀ ਹੋ ਕੇ ਰਹਿ ਜਾਂਦੇ ਹਨ। ਸਾਡੀ ਰੌਜ਼ਾਨਾ ਜ਼ਿੰਦਗੀ ਨਾਲ ਜੁੜੇ ਇਸ ਸੰਵੇਦਨਸ਼ੀਲ ਵਿਸ਼ੇ ਨੂੰ ਦਵਿੰਦਰ ਪੂਨੀਆ ਆਪਣੇ ਹਾਇਕੂ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:
ਕਿੰਨੇ ਹੀ ਲਾਊਡ ਸਪੀਕਰ
ਆਪੋ ਵਿਚ ਉਲਝਦੇ
ਅੰਮ੍ਰਿਤ ਵੇਲੇ
------
ਧਾਰਮਿਕ ਪ੍ਰਦੂਸ਼ਨ ਹੋਰ ਵੀ ਅਨੇਕਾਂ ਤਰ੍ਹਾਂ ਨਾਲ ਸਾਡੀ ਰੌਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈ। ਰਾਜਸੀ ਲਾਭ ਲੈਣ ਲਈ ਰਾਜਨੀਤਿਕ ਪਾਰਟੀਆਂ ਧਾਰਮਿਕ ਜਨੂੰਨ ਉਭਾਰਕੇ ਵੱਖ ਵੱਖ ਧਰਮਾਂ ਦੇ ਲੋਕਾਂ ਵਿੱਚ ਦੰਗੇ ਫਸਾਦ ਕਰਵਾਂਦੀਆਂ ਹਨ; ਕਈ ਹਾਲਤਾਂ ਵਿੱਚ ਇਹ ਦੰਗੇ-ਫਸਾਦ ਕਤਲੋਗਾਰਤ ਅਤੇ ਦਹਿਸ਼ਤਗਰਦੀ ਦੀਆਂ ਵਿਸਫੋਟਕ ਹਾਲਤਾਂ ਦਾ ਵੀ ਰੂਪ ਧਾਰ ਲੈਂਦੇ ਹਨ। ਵਿਸ਼ਵ ਦੇ ਅਨੇਕਾਂ ਹਿੱਸਿਆਂ ਵਿੱਚ ਫੈਲ ਰਹੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਕਾਰਵਾਈਆਂ ਬਾਰੇ ਖਬਰਾਂ ਅਸੀਂ ਹਰ ਰੋਜ਼ ਹੀ ਟੈਲੀਵੀਜ਼ਨ ਦੇ ਸਕਰੀਨਾਂ ਰਾਹੀਂ ਵੇਖਦੇ ਹਾਂ ਜਾਂ ਮੈਗਜ਼ੀਨਾਂ, ਅਖ਼ਬਾਰਾਂ ਵਿੱਚ ਪੜ੍ਹਦੇ ਹਾਂ। ਅਜਿਹੇ ਕਾਤਲਾਂ ਦੇ ਟੋਲੇ ਆਪਣੀਆਂ ਮਸ਼ੀਨਗੰਨਾਂ ਦੀਆਂ ਨਾਲੀਆਂ ‘ਚੋਂ ਆ ਰਹੀ ਗੋਲੀਆਂ ਦੀ ਅੰਧਾ-ਧੁੰਦ ਬਰਖਾ ਸੜਕਾਂ, ਚੌਰਸਤਿਆਂ, ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ, ਸ਼ਾਪਿੰਗ ਪਲਾਜ਼ਿਆਂ ਜਾਂ ਧਾਰਮਿਕ ਅਸਥਾਨਾਂ ਵਿੱਚ, ਬਿਨ੍ਹਾਂ ਕਿਸੀ ਡਰ ਦੇ, ਕਰ ਸਕਦੇ ਹਨ। ਇੰਨਾ ਹੀ ਨਹੀਂ ਉਹ ਤਾਂ ਅੱਲ੍ਹਾ-ਹੂ-ਅਕਬਰ, ਜੀਸਸ ਕਰਾਈਸਟ, ਰਾਮ, ਰਾਮ ਜਾਂ ਸਤਿਨਾਮ, ਸਤਿਨਾਮ ਕਰਦੇ ਹੋਏ ਆਪਣੇ ਲੱਕ ਨਾਲ ਬੰਬ ਬੰਨ੍ਹਕੇ ਕਿਸੇ ਹਵਾਈ ਅੱਡੇ, ਬੱਸ ਅੱਡੇ ਜਾਂ ਹਸਪਤਾਲ ਵਿੱਚ ਵੀ ਬੰਬ ਵਿਸਫੋਟ ਕਰਕੇ ਸੈਂਕੜੇ ਲੋਕਾਂ ਨੂੰ ਪਲਾਂ ਛਿਣਾਂ ਵਿੱਚ ਹੀ ਮਿੱਟੀ ਦਾ ਢੇਰ ਬਣਾ ਸਕਦੇ ਹਨ। ਅਜਿਹੇ ਖ਼ੌਫ਼ ਭਰੇ ਹਾਲਾਤ ਦਾ ਸਿੱਧਾ ਅਸਰ ਸਮਾਜ ਦੇ ਉਨ੍ਹਾਂ ਗ਼ਰੀਬ ਮਜ਼ਦੂਰਾਂ ਉੱਤੇ ਹੀ ਹੁੰਦਾ ਹੈ। ਕਿਉਂਕਿ ਸ਼ਹਿਰ ਵਿੱਚ ਗੜਬੜ ਵਾਲੇ ਹਾਲਾਤ ਪੈਦਾ ਹੋ ਜਾਣ ਕਾਰਨ ਉਦਯੋਗ ਬੰਦ ਹੋ ਜਾਂਦੇ ਹਨ ਅਤੇ ਮਜ਼ਦੂਰਾਂ ਨੂੰ ਚੁੱਪ ਚਾਪ ਘਰਾਂ ਦੀ ਚਾਰ ਦੀਵਾਰੀ ਵਿੱਚ ਹੀ ਕੈਦ ਹੋ ਕੇ ਬੈਠਣਾ ਪੈਂਦਾ ਹੈ - ਕੰਮ ਨਹੀਂ ਤਾਂ ਇਸ ਦਾ ਸਿੱਧਾ ਅਰਥ ਹੈ -ਪੈਸੇ ਵੀ ਨਹੀਂ। ਇਸ ਗੱਲ ਵੱਲ ਹੀ ਦਵਿੰਦਰ ਪੂਨੀਆ ਵੀ ਆਪਣੇ ਇਸ ਹਾਇਕੂ ਰਾਹੀਂ ਇਸ਼ਾਰਾ ਕਰ ਰਿਹਾ ਹੈ:
ਮਜ਼ਦੂਰ ਦੀ ਪਲੇਟ
ਦੰਗਿਆਂ ਦੀਆਂ ਫੋਟੋਆਂ ਨਾਲ਼
ਭਰੀ ਅਖ਼ਬਾਰ
-----
ਪ੍ਰਦੂਸ਼ਨ ਬਾਰੇ ਗੱਲ ਕਰਦਿਆਂ ਉਦੋਂ ਤੱਕ ਗੱਲ ਅਧੂਰੀ ਹੀ ਰਹੇਗੀ ਜਦੋਂ ਤੱਕ ਰਾਜਨੀਤਿਕ ਪ੍ਰਦੂਸ਼ਨ ਬਾਰੇ ਗੱਲ ਨਹੀਂ ਕੀਤੀ ਜਾਂਦੀ। ਭਾਵੇਂ ਕਿ ਪੱਛਮੀ ਮੁਲਕਾਂ ਵਿੱਚ ਵੀ ਰਾਜਨੀਤੀ ਭ੍ਰਿਸ਼ਟਾਚਾਰ ਤੋਂ ਮੁਕਤ ਨਹੀਂ ਕਹੀ ਜਾ ਸਕਦੀ। ਹਰ ਰੋਜ਼ ਕਿਸੀ ਨ ਕਿਸੀ ਦੇਸ਼ ਦਾ ਕੋਈ ਰਾਜਨੀਤਿਕ ਸਕੈਂਡਲ ਮੀਡੀਆ ਦੀਆਂ ਸੁਰਖੀਆਂ ਬਣਿਆ ਹੁੰਦਾ ਹੈ। ਕੈਨੇਡਾ ਦੀ ਰਾਜਨੀਤੀ ਵਿੱਚ ਵੀ ਅਨੇਕਾਂ ਤਰ੍ਹਾਂ ਦੇ ਸਕੈਂਡਲ ਪਿਛਲੇ ਕੁਝ ਸਾਲਾਂ ਵਿੱਚ ਚਰਚਾ ਦਾ ਵਿਸ਼ਾ ਬਣਦੇ ਰਹੇ ਹਨ। ਇੱਥੋਂ ਤੱਕ ਕਿ ਅਨੇਕਾਂ ਵਾਰ ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਵਿੱਚ ਮੰਤਰੀਆਂ ਜਾਂ ਗਵਰਨਰਾਂ ਨੂੰ ਅਸਤੀਫੇ ਦੇਣੇ ਪੈਂਦੇ ਰਹੇ ਹਨ। ਪਰ ਇੰਡੀਆ / ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਰਾਜਨੀਤਿਕ ਪ੍ਰਦੂਸ਼ਣ ਦਾ ਸੁਭਾਅ ਕੁਝ ਵੱਖਰੀ ਤਰ੍ਹਾਂ ਦਾ ਹੀ ਹੈ। ਉੱਥੇ ਸਾਧਾਰਨ ਵੋਟਰ ਤੋਂ ਵੋਟਾਂ ਲੈਣ ਲਈ ਰਾਜਨੀਤਿਕ ਉਮੀਦਵਾਰਾਂ ਵੱਲੋਂ ਪੈਸਾ ਵੰਡਿਆ ਜਾਂਦਾ ਹੈ ਜਾਂ ਸ਼ਰਾਬ, ਅਫੀਮ, ਕਰੈਕ, ਕੁਕੈਨ ਆਦਿ ਨਸ਼ੇ ਵੰਡੇ ਜਾਂਦੇ ਹਨ। ਇਹੀ ਕਾਰਨ ਹੈ ਕਿ ਇੱਕ ਅੰਦਾਜ਼ੇ ਮੁਤਾਬਿਕ ਇੰਡੀਆ / ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਜਾਂ ਪ੍ਰਾਂਤਕ ਅਸੈਂਬਲੀਆਂ ਵਿੱਚ 70% ਤੋਂ ਵੱਧ ਲੋਕ ਜਿਹੜੇ ਲੋਕਾਂ ਵੱਲੋਂ ਮੈਂਬਰ ਚੁਣ ਕੇ ਭੇਜੇ ਜਾਂਦੇ ਹਨ ਉਹ ਕਾਤਲ, ਡਰੱਗ ਸਮੱਗਲਰ, ਸੈਕਸ ਟਰੇਡਰ, ਬਲਾਤਕਾਰੀ ਜਾਂ ਦੱਲੇ ਹੁੰਦੇ ਹਨ। ਭਾਵੇਂ ਕਿ ਬੜੇ ਗਿਣਵੇਂ ਮਿਣਵੇਂ ਸ਼ਬਦਾਂ ਰਾਹੀਂ ਹੀ, ਪਰ ਫਿਰ ਵੀ ਦਵਿੰਦਰ ਪੂਨੀਆ ਇਨ੍ਹਾਂ ਮੁਲਕਾਂ ਵਿਚਲੇ ਰਾਜਨੀਤਿਕ ਪ੍ਰਦੂਸ਼ਨ ਵੱਲ ਹੀ ਇਸ ਹਾਇਕੂ ਰਾਹੀਂ ਸੰਕੇਤ ਦੇ ਰਿਹਾ ਹੈ:
ਨੋਟ ਵੋਟ
ਉਲਟ ਪੁਲਟ
ਰੰਗ ਭੰਗ
-----
ਅਜਿਹੇ ਹਰ ਰੰਗ ਦੇ ਪ੍ਰਦੂਸ਼ਨ ਦੀ ਰੋਕਥਾਮ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਅਸੀਂ ਰਾਜਨੀਤੀਵਾਨਾਂ ਦੇ ਨਿਤ ਭਾਸ਼ਣ ਸੁਣਦੇ ਹਾਂ; ਪਰ ਸਥਿਤੀ ਓਵੇਂ ਦੀ ਓਵੇਂ ਹੀ ਬਣੀ ਰਹਿੰਦੀ ਹੈ। ਕਿਉਂਕਿ ਬਹੁਤੇ ਰਾਜਨੀਤੀਵਾਨ, ਮਹਿਜ਼, ਲੋਕਾਂ ਨੂੰ ਖ਼ੁਸ਼ ਕਰਨ ਲਈ ਅਤੇ ਉਨ੍ਹਾਂ ਦਾ ਧਿਆਨ ਕੁਝ ਸਮੇਂ ਲਈ ਅਜਿਹੀਆਂ ਸਮੱਸਿਆਵਾਂ ਤੋਂ ਹਟਾਉਂਣ ਲਈ ਵੱਡੇ ਵੱਡੇ ਬਿਆਨ ਦੇ ਦਿੰਦੇ ਹਨ। ਪਰ ਉਨ੍ਹਾਂ ਬਿਆਨਾਂ ਉੱਤੇ ਅਮਲ ਕਰਨ ਲਈ ਨਾ ਤਾਂ ਉਹ ਆਪ ਹੀ ਗੰਭੀਰ ਹੁੰਦੇ ਹਨ ਅਤੇ ਨਾ ਹੀ ਉਹ ਕਿਸੇ ਸਬੰਧਤ ਵਿਭਾਗ ਨੂੰ ਹੀ ਇਸ ਬਾਰੇ ਕੋਈ ਹਦਾਇਤਾਂ ਹੀ ਭੇਜਦੇ ਹਨ। ਕਿਉਂਕਿ ਸਮਾਜ ਨੂੰ ਅਜਿਹੇ ਪ੍ਰਦੂਸ਼ਨ ਤੋਂ ਰਹਿਤ ਕਰਨ ਨਾਲ ਭ੍ਰਿਸ਼ਟ ਹੋ ਚੁੱਕੇ ਰਾਜਨੀਤੀਵਾਨਾਂ ਨੂੰ ਹੀ ਨੁਕਸਾਨ ਹੋਣਾ ਹੁੰਦਾ ਹੈ। ਕਿਉਂਕਿ ਉਨ੍ਹਾਂ ਨੂੰ ਇਸ ਹਕੀਕਤ ਦਾ ਚੰਗੀ ਤਰ੍ਹਾਂ ਅਹਿਸਾਸ ਹੁੰਦਾ ਹੈ ਕਿ ਜੇਕਰ ਉਨ੍ਹਾਂ ਨੇ ਵੋਟਾਂ ਪ੍ਰਾਪਤ ਕਰਨ ਦੇ ਨਜਾਇਜ਼ ਢੰਗਾਂ ਦੀ ਵਰਤੋਂ ਨਾ ਕੀਤੀ ਤਾਂ ਉਨ੍ਹਾਂ ਨੂੰ ਵੋਟਾਂ ਦਾ ਘਾਟਾ ਪਵੇਗਾ। ਕਿਉਂਕਿ ਉਨ੍ਹਾਂ ਨੇ ਨਜ਼ਾਇਜ਼ ਢੰਗ ਵਰਤਕੇ ਹੀ ਵੋਟਾਂ ਲੈਣ ਲਈ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਨਾ ਹੁੰਦਾ ਹੈ ਜਿਨ੍ਹਾਂ ਦੀ ਰਾਜਨੀਤਿਕ ਸੋਚ ਅਜੇ ਵਿਕਸਿਤ ਨਹੀਂ ਹੁੰਦੀ। ਕਿਉਂਕਿ ਵਿਕਸਤ ਹੋਈ ਰਾਜਨੀਤਿਕ ਸੋਚ ਵਾਲੇ ਲੋਕਾਂ ਨੇ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਵੋਟ ਪਾਉਣੀ ਨਹੀਂ ਹੁੰਦੀ। ਅਜਿਹੇ ਮੁਖੌਟਾਧਾਰੀ ਰਾਜਨੀਤੀਵਾਨਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੇ ਅਸਲੀ ਇਰਾਦਿਆਂ ਬਾਰੇ ਇਹ ਹਾਇਕੂ ਬਹੁਤ ਹੀ ਵਧੀਆ ਜਾਣਕਾਰੀ ਦਿੰਦਾ ਹੈ:
ਰੋਜ਼ ਸਿਰ ਵਾਹੁੰਦੇ
ਗੁਲਝਾਂ ਸੁਲਝਾਉਂਦੇ ਅਸੀਂ
ਸਿਰਫ਼ ਸਿਰ ਦੇ ਉਪਰੋਂ
-----
ਬਹੁ-ਦਿਸ਼ਾਵੀ ਪ੍ਰਦੂਸ਼ਨ ਸਮੱਸਿਆ ਨੂੰ ਆਪਣੇ ਹਾਇਕੂ ਸੰਗ੍ਰਹਿ ‘ਕਣੀਆਂ’ ਦਾ ਵਿਸ਼ਾ ਬਣਾਉਂਣ ਦੇ ਨਾਲ ਨਾਲ ਦਵਿੰਦਰ ਪੂਨੀਆ ਨੇ ਅਨੇਕਾਂ ਹੋਰ ਵਿਸ਼ਿਆਂ ਬਾਰੇ ਵੀ ਖ਼ੂਬਸੂਰਤ ਹਾਇਕੂ ਲਿਖੇ ਹਨ। ਜਿਵੇਂ ਉਹ ਇਸ ਹਾਇਕੂ ਵਿੱਚ ਸਮਾਜ ਵਿੱਚ ਨਿਤ ਅਮੀਰ-ਗਰੀਬ ਦੇ ਵੱਧ ਰਹੇ ਫਾਸਲੇ ਨੂੰ ਵੀ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ:
ਫਲ਼ਾਂ ਵਾਲੇ ਤੋਂ
ਸਿਰਫ ਕੀਮਤ ਪੁੱਛ ਕੇ ਲੰਘ ਗਿਆ
ਰੋਜ਼ ਵਾਂਗ ਮਜ਼ਦੂਰ
ਗਰੀਬ ਅਤੇ ਅਮੀਰ ਵਿੱਚ ਅਜਿਹਾ ਫਾਸਲਾ ਇੰਡੀਆ / ਪਾਕਿਸਤਾਨ ਵਰਗੇ ਮੁਲਕਾਂ ਵਿੱਚ ਵਧੇਰੇ ਹੈ।
-----
ਦਵਿੰਦਰ ਪੂਨੀਆ ਰਚਿਤ ਹਾਇਕੂ ਸੰਗ੍ਰਹਿ ‘ਕਣੀਆਂ’ ਬਾਰੇ ਆਪਣੀ ਗੱਲ ਖ਼ਤਮ ਕਰਨ ਤੋਂ ਪਹਿਲਾਂ, ਮੈਂ ‘ਕਣੀਆਂ ਹਾਇਕੂ ਸੰਗ੍ਰਹਿ ਵਿੱਚੋਂ ਕੁਝ ਹੋਰ ਖ਼ੂਬਸੂਰਤ ਉਦਾਹਰਣਾਂ ਪੇਸ਼ ਕਰਨੀਆਂ ਚਾਹਾਂਗਾ। ਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਬਿਲਕੁਲ ਅਜਿਹਾ ਹੀ ਅਹਿਸਾਸ ਹੁੰਦਾ ਹੈ ਜਿਵੇਂ ਗਰਮੀ ਦੀ ਰੁੱਤ ਵਿੱਚ ਅਚਾਨਕ ਜਿਸਮ ਨਾਲ ਠੰਢੀ ਹਵਾ ਦਾ ਬੁੱਲਾ ਛੂਹ ਜਾਣ ਤੋਂ ਬਾਅਦ ਅਸੀਂ ਮਹਿਸੂਸ ਕਰਦੇ ਹਾਂ:
1.ਲੂ ਵਗੇ
ਕੁਲਫ਼ੀ ਵਾਲ਼ੇ ਦੀ ਡੱਗ ਡੱਗ
ਠੰਢੀ ਠੰਢੀ
----
2.ਸੁਣਦਾ ਨਹੀਂ
ਦਿਖਦਾ ਰਾਤ ਨੂੰ
ਜੁਗਨੂੰ ਦਾ ਗੀਤ
----
3.ਨਾਲ਼ੋ ਨਾਲ਼ ਉੱਗੇ
ਖਰਬੂਜੇ ਅਤੇ ਕਰੇਲੇ
ਸਵਾਦ ਆਪੋ-ਆਪਣਾ
----
4.ਵਕਤ ਦੀ ਪਾਬੰਦ
ਬਹਾਰ ਵੀ
ਖ਼ਿਜ਼ਾਂ ਵੀ
-----
5.ਕੁਦਰਤ
ਹੱਸੇ ਜਾਂ ਰੋਵੇ
ਨਜ਼ਰ ਆਵੇ
-----
6.ਸੋਚਣਾ ਭੁੱਲ ਜਾਂਦਾ
ਕਿਸੇ ਫੁੱਲ ਦੇ
ਖ਼ੁਸ਼ਬੂ ਖੇਤਰ ‘ਚੋਂ ਲੰਘਦਿਆਂ
-----
‘ਕਣੀਆਂ’ ਹਾਇਕੂ ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ ਦਵਿੰਦਰ ਪੂਨੀਆ ਉਨ੍ਹਾਂ ਚੇਤੰਨ ਕਵੀਆਂ ਦੀ ਢਾਣੀ ਵਿੱਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਨੇ ਬੜੀ ਸਫ਼ਲਤਾ ਨਾਲ ਜਪਾਨੀ ਕਾਵਿ ਰੂਪ ਹਾਇਕੂ ਦਾ ਪੰਜਾਬੀ ਰੂਪਾਂਤਰਨ ਕਰਦਿਆਂ ਖ਼ੂਬਸੂਰਤ ਹਾਇਕੂ ਲਿਖ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਵਿੱਚ ਵੀ ਖ਼ੂਬਸੂਰਤ ਹਾਇਕੂ ਲਿਖੇ ਜਾ ਸਕਦੇ ਹਨ। ਇਹ ਹਾਇਕੂ ਸੰਗ੍ਰਹਿ ਪੜ੍ਹਦਿਆਂ, ਨਿਰਸੰਦੇਹ, ਮੈਂ ਵੀ ਕੁਝ ਇਸ ਤਰ੍ਹਾਂ ਹੀ ਅਨੁਭਵ ਕਰ ਰਿਹਾ ਸੀ।
********
No comments:
Post a Comment