ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Friday, December 12, 2008

ਖੁਸ਼ਵੰਤ ਸਿੰਘ - ਮੌਜ ਮੇਲਾ










ਮੇਰੀ ਨਜ਼ਰ 'ਚ ਖੁਸ਼ਵੰਤ ਸਿੰਘ ਦੀ ਸਵੈ-ਜੀਵਨੀ - ‘ਮੌਜ ਮੇਲਾ’

ਜਯੋਤੀ ਬਾਵਾ

ਜਦੋਂ ਦਾ ਪਤਾ ਲੱਗਾ ਕਿ ਖੁਸ਼ਵੰਤ ਸਿੰਘ ਹੁਰਾਂ ਦੀ ਨਵੀਂ ਕਿਤਾਬ ‘ਮੌਜ ਮੇਲਾ' ਆ ਰਹੀ ਹੈ, ਮੈਂ ਉਡੀਕ 'ਚ ਸਾਂ। ਮਿਲ਼ਣ ਤੋਂ ਬਾਅਦ ਜਦ ਤੱਕ ਮੈਂ ਇਸਨੂੰ ਮੁਕਾ ਨਹੀਂ ਲਿਆ ਮੈਨੂੰ ਚੈਨ ਨਹੀਂ ਪਿਆ। ਮੇਰੀ ਹੈਸੀਅਤ ਤਾਂ ਨਹੀਂ ਕਿ ਮੈਂ ਖੁਸ਼ਵੰਤ ਸਿੰਘ ਵਰਗੀ ਹਸਤੀ ਦੀ ਲਿਖਤ ਤੇ ਆਪਣੇ ਵਿਚਾਰ ਰੱਖਾਂ। ਪਰ ਕਿਤਾਬ ਨੇ ਮੈਨੂੰ ਮਜਬੂਰ ਕਰ ਦਿੱਤਾ ਕਿ ਮੈਂ ਕੁੱਝ ਜ਼ਰੂਰ ਕਹਾਂ। ਸਭ ਤੋਂ ਪਹਿਲਾਂ ਤਾਂ ਅਨੁਵਾਦਕ ਅਮਰਜੀਤ ਸਿੰਘ ਦੀਪਕ ਦਾ ਸ਼ੁਕਰੀਆ ਜਿਸਨੇ ਮੇਰੇ ਵਰਗੇ ਪਾਠਕਾਂ ਨੂੰ ਧਿਅਨ 'ਚ ਰੱਖਦਿਆਂ-----ਘੁਮਾਵਦਾਰ ਭਾਸ਼ਾ ਦਾ ਇਸਤੇਮਾਲ ਨਾ ਕਰਦੇ ਹੋਏ ਸਰਲ ਅਨੁਵਾਦ ਕੀਤਾ ।ਜਿਹੜੀ ਸ਼ੈਲੀ ਤੇ ਸ਼ਬਦਾਂ ਦੀ ਚੋਣ ਕੀਤੀ ਹੈ ਉਹ ਨਿਰਸੰਦੇਹ ਕਾਬਿਲੇ-ਤਾਰੀਫ਼ ਹੈ।

ਖੁਸ਼ਵੰਤ ਸਿੰਘ ਹੁਰਾਂ ਦੀ ਸਾਰੀ ਜੀਵਨੀ ਹਾਂ-ਮੁਖੀ ਰਵੱਈਏ ਨਾਲ ਲਬਾ-ਲਬ ਭਰੀ ਹੋਈ ਹੈ। ਮੈਂ ਅਕਸਰ ਸੋਚਦੀ ਹਾਂ ਕਿ ਮੇਰੇ ਵੱਡੇ-ਵਡੇਰੇ ਹਮੇਸ਼ਾ ਆਖਦੇ ਹਨ ਕਿ ਸਾਨੂੰ ਇਕ ਤਰ੍ਹਾਂ ਦੀ ਜੀਵਨ ਸ਼ੈਲੀ ਨੂੰ ਤਰਜੀਹ ਦੇਣੀ ਚਾਹੀਦੀ ਹੈ---ਜੇ ਕੋਈ ਕੰਮ ਚੁਣ ਲਿਆ ਹੈ ਤਾਂ ਉਸ ਨੂੰ ਹੀ ਆਪਣਾ ਅਧਾਰ ਬਣਾ ਲੈਣਾ ਚਾਹੀਦਾ ਹੈ। ਪਰ ‘ਮੌਜ ਮੇਲਾ’ ਪੜ੍ਹ ਕੇ ਇਸ ਸੋਚ ਦੇ ਖਿਲਾਫ਼ ਜਾਣ ਨੂੰ ਜੀਅ ਕੀਤਾ । ਜਵਾਨੀ 'ਚ ਖੁਸ਼ਵੰਤ ਸਿੰਘ ਨੇ ‘ਵਕੀਲ’ ਬਨਣ ਨੂੰ ਤਰਜੀਹ ਦੀਤੀ, ਡਿਗਰੀ ਲਈ ਕੰਮ ਕੀਤਾ-----ਪਰ ਬੇ-ਬੁਨਿਆਦੀ ਅਸੂਲਾਂ ਨਾਲ ਨਹੀਂ ਚੱਲ ਸਕੇ ਤੇ ਅਖੀਰ ਊਸਨੂੰ ਛੱਡਣ ਦਾ ਫੈਸਲਾ ਕਰ ਲਿਆ-----ਸ਼ਇਦ ਉਹ ਖ਼ੁਦ ਹੀ ਅਹਿਸਾਸ ਕਮਤਰੀ ਦਾ ਸ਼ਿਕਾਰ ਹੋ ਜਾਂਦੇ ਸੀ ਜਦ ਵੀ ਕੋਈ ਗਲਤ ਨਿਆ ਹੋ ਜਾਂਦਾ।ਪਦਮ ਭੂਸ਼ਨ ਨੂੰ ਵਾਪਸ ਕਰਨ ਦਾ ਫੈਸਲਾ ਕਰਨਾ-----ਸਥਿਤੀਆਂ ਦੇ ਹਿਸਾਬ ਨਾਲ ਜੀਵਨ ਦੇ ਮਹੱਤਵਪੂਰਨ ਫੈਸਲੇ ਕਰਨੇ----ਇਹ ਸਭ ਆਮ ਆਦਮੀ ਦੇ ਵੱਸ ਦਾ ਨਹੀਂ ਹੋ ਸਕਦਾ।


ਖੁਸ਼ਵੰਤ ਸਿੰਘ ਹੁਰਾਂ ਬਾਰੇ ਬਹੁਤ ਸਾਰੇ ਲੋਂਕਾਂ ਦਾ ਇਹ ਵਿਚਾਰ ਆਮ ਸੁਨਣ ਨੂੰ ਮਿਲਦਾ ਸੀ ਕਿ ਉਹ ਠਰਕੀ ਬੁੱਢਾ ਹੈ ਜਾਂ ਕਹਿ ਲਵੋ ਖ਼ੂਬਸੂਰਤ ਔਰਤਾਂ ਦਾ ਰਸੀਆ ਹੈ। ਮੇਰੇ ਵਿਚਾਰ ਨਾਲ ਜੇ ਉਹ ਸਭ ਇਸ ਜੀਵਨੀ ਨੂੰ ਪੜ੍ਹ ਲੈਣ ਤਾਂ ਉਹਨਾਂ ਦੇ ਵਿਚਾਰ ਬਦਲਣ ਦੀ ਸੰਭਾਵਨਾ ਹੈ। ਅਸਲ ਚ’ ਇਹ ਉਸਦੀ ਖ਼ਾਸੀਅਤ ਹੀ ਸੀ ਨਾ ਕਿ ਸਰਰੀਕ ਦਿੱਖ, ਜਿਸ ਕਾਰਨ ਖ਼ੂਬਸੂਰਤ ਔਰਤਾਂ ਉਸ ਵੱਲ ਆਕਰਸ਼ਿਤ ਹੋ ਜਾਂਦੀਆਂ ਸਨ। ਅਸ਼ਲੀਲਤਾ ਅਸਲ 'ਚ ਹੈ ਕੀ ? ਤੇ ਸਾਡੇ ਸਮਾਜ ਵਿਚ ਉਸ ਬਾਰੇ ਕਿੰਝ ਸੋਚਿਆ ਜਾਂਦਾ ਹੈ? ਇਸ ਫ਼ਰਕ ਕਾਰਨ ਹੀ ਉਸ ਬਾਰੇ ਸੁਣ ਕੇ ਪੜ ਕੇ ਜ਼ਿਆਦਾਤਰ ਲੋਕ ਇਹੋ ਜਿਹੀ ਰਾਏ ਬਣਾ ਲੈਂਦੇ ਹਨ ।ਜੇ ਉਹ ‘ਹਵਾਈ’ ਦੇ ਉਸ ਰੈਸਟੋਰੈਂਟ ਵਿਚ ਗਿਆ ਜਿਥੇ ਔਰਤਾਂ ਸਰੀਰ ਦਾ ਉਪਰ ਵਾਲਾ ਹਿੱਸਾ ਨੰਗਾ ਰੱਖ ਕੇ ਖਾਣਾ ਸਰਵ ਕਰਦੀਆਂ ਸਨ ਤਾਂ ਉਸ ਦੇ ਨਾਲ ਉਸਦੀ ਪਤਨੀ ਤੇ ਬੇਟੀ ਵੀ ਮੌਜੂਦ ਸਨ। ਸਾਡੇ ਵਿਚੋਂ ਕਿੰਨੇ ਲੋਕ ਇਸ ਤਰਾਂ ਦੀ ਅਵਸਥਾ ਹੰਢਾ ਸਕਦੇ ਹਨ? ਜੇ ਉਸਦਾ ਪਰਿਵਾਰ ਉਸ ਦੇ ਇਸ ਵਰਤਾਉ ਨੂੰ ਸਹਿਜ ਲੈਂਦਾ ਸੀ ਤੇ ਅਸੀਂ ਕਿਉਂ ਨਹੀਂ ਲੈ ਸਕਦੇ? ਖੁਸ਼ਵੰਤ ਸਿੰਘ ਨੇ ਅਸ਼ਲੀਲਤਾ ਦੇ ਅਸਲੀ ਮਾਇਨੇ ਸ਼ਾਇਦ ਬਹੁਤ ਪਹਿਲਾਂ ਹੀ ਜਾਣ ਲਏ ਸਨ-------ਇਸ ਕਰਕੇ ਔਰਤ ਦੀ ਹਰ ਅਵਸਥਾ ਨੂੰ ਉਹ ਸਹਿਜੇ ਹੀ ਹੰਢਾ ਲੈਂਦਾ ਸੀ-----ਉਸਦੀ ਨਗਨਤਾ------ਉਸਦੀ ਅਦਾ, ਉਸਦੀ ਮੁਹੱਬਤ -----ਉਸਦਾ ਵਿਰੋਧ ---ਸਵੈ-ਜੀਵਨੀ ਭਾਵੇਂ ਬਹੁਤ ਰੌਚਕ ਹੈ ਪਰ ਲੱਗਦਾ ਹੈ ਜਿਵੇਂ ਇਹ ਸਿਰਫ਼ ਪ੍ਰਾਪਤੀਆਂ ਦੀ ਹੀ ਗਾਥਾ ਹੋਵੇ----ਫੇਰ ਤਾਂ ਖੁਸ਼ਵੰਤ ਸਿੰਘ ਵੀ ਉਹ ਹੀਰੋ ਹੋਇਆ ਜੋ ਕਦੇ ਨਾਕਾਮ ਹੀ ਨਹੀਂ ਹੁੰਦਾ----ਕੀ ਉਸਨੇ ਜੀਵਨ 'ਚ ਨਾਕਾਮੀਆਂ ਨਹੀਂ ਹੰਢਾਈਆਂ-----ਜਾਂ ਨਿਰਾਸ਼ਾ ਦੀਆਂ ਡੂੰਘੀਆਂ ਅਵੱਸਥਾਵਾਂ ਚੋਂ’ ਉਹ ਨਹੀਂ ਗੁਜ਼ਰਿਆ-----ਹਾਸੇ ਤੇ ਅੱਥਰੂ ਹਰ ਜੀਵਨ ਦਾ ਹਿੱਸਾ ਹਨ । ਸਵੈ-ਜੀਵਨੀ ਮੰਗ ਕਰਦੀ ਹੈ ਕਿ ਕੁਝ ਵੀ ਲੁਕਾਇਆ ਨਾ ਜਾਵੇ ਤੇ ਨਾ ਹੀ ਸਿਰਫ ਉਨ੍ਹਾਂ ਪੱਖਾਂ ਨੂੰ ਉਭਾਰਿਆ ਜਾਵੇ ਜੋ ਪਾਠਕ ਮਨ ਨੂੰ ਟੁੰਬਣ ਤੇ ਹੀਰੋ ਨੂੰ ਤਾੜੀਆਂ ਹੀ ਤਾੜੀਆਂ ਮਿਲ਼ਣ। ਹਰ ਇਨਸਾਨ ਕੋਲੋਂ ਗਲਤੀਆਂ ਵੀ ਹੁੰਦੀਆਂ ਨੇ ਤੇ ਉਸ ਦੀਆਂ ਕਮਜ਼ੋਰੀਆਂ ਵੀ ਹੁੰਦੀਆਂ ਨੇ-------ਇਹਨਾਂ ਦਾ ਕਿਤੇ ਵੀ ਜ਼ਿਕਰ ਨਹੀਂ ।

ਸਵੈ-ਜੀਵਨੀ ਨੇ ਘੁੰਮਣਾ ਤਾਂ ਸਵੈ ਤੇ ਹੀ ਹੁੰਦਾ ਹੈ ਪਰ ਜੀਵਨ 'ਚ ਆਏ ਮਹੱਤਵਪੂਰਨ ਚਰਿੱਤਰਾਂ 'ਚੋਂ ਗੁਜ਼ਰਦਿਆਂ । ਪਰਿਵਾਰਕ ਜਾਣਕਾਰੀ ਤੇ ਉਸਦੇ ਬਾਰੇ ਉਸਦੇ ਵਿਵਹਾਰ ਦੀ ਗੱਲ ਬਹੁਤ ਸੰਖੇਪ 'ਚ ਹੈ। ਸਭ ਤੋਂ ਮਹੱਤਵਪੂਰਨ ਚਰਿੱਤਰ ਕਿਸੇ ਵੀ ਮਰਦ ਦੇ ਜੀਵਨ 'ਚ ਉਸਦੀ ਪਤਨੀ ਦਾ ਹੁੰਦਾ ਹੈ--------ਖੁਸ਼ਵੰਤ ਇਸਦਾ ਸੰਖੇਪ 'ਚ ਹੀ ਜ਼ਿਕਰ ਕਰਦੇ ਹਨ ,ਉਸ ਤੇ ਵੀ ਪਰਦਾ ਪਾ ਦਿੰਦੇ ਹਨ ।ਤਲਾਕ ਦੀ ਨੌਬਤ ਦਾ ਤਾਂ ਜ਼ਿਕਰ ਕਰਦੇ ਹਨ ਪਰ ਇਸ ਮਹੱਤਵਪੂਰਨ ਮੋੜ ਤੇ ਪਹੁੰਚਣ ਦੇ ਰਾਹ ਦਾ ਬਿਲਕੁਲ ਵੀ ਜ਼ਿਕਰ ਨਹੀਂ ਕਰਦੇ।ਖੁਸ਼ੰਵਤ ਸਿੰਘ ਦੀ ਪਤਨੀ ਉਨ੍ਹਾਂ ਦੀ ਖੁੱਲ੍ਹੀ ਮਾਨਸਿਕਤਾ ਨੂੰ ਕਿੰਝ ਲੈਂਦੀ ਸੀ? ਉਹਨਾਂ ਦੀ ਬਹੁਤ ਖ਼ੂਬਸੂਰਤ ਔਰਤਾਂ ਨਾਲ ਜਿਹੜੀ ਨੇੜਤਾ ਸੀ ਉਸ ਨੂੰ ਉਹ ਕਿੰਝ ਮਹਿਸੂਸ ਕਰਦੀ ਸੀ -----ਜਾਂ ਉਸ ਬਾਰੇ ਉਸਦਾ ਪ੍ਰਤੀਕਰਮ ਕੀ ਹੁੰਦਾ ਸੀ? ਕੀ ਉਸਨੂੰ ਕਦੇ ਆਪਣੀ ਹੋਂਦ ਬਣਾਉਂਣ ਦਾ ਖ਼ਿਆਲ ਨਹੀਂ ਆਇਆ ? ਕੀ ਕਦੇ ਉਸਨੇ ਵਿਦਰੋਹ ਨਹੀਂ ਕੀਤਾ ? ਇਹ ਸਭ ਕੁਝ ਜਾਨਣ ਦੀ ਇੱਛਾ ਪਾਠਕ ਦੇ ਮਨ 'ਚ ਹੀ ਰਹਿ ਜਾਂਦੀ ਹੈ ਤੇ ਉਸਨੂੰ ਲੱਗਦਾ ਹੈ ਕਿ ਇਹ ਸਵੈ-ਜੀਵਨੀ ਘਟਨਾਵਾਂ ਦਾ ਖ਼ੂਬਸੂਰਤ ਵਰਨਣ ਤਾਂ ਹੈ ਪਰ ਸਵੈ-ਜੀਵਨੀ ਨਹੀਂ।

ਪੰਡਿਤ ਜਵਾਹਰ ਲਾਲ ਨਹਿਰੂ ਤੇ ਇੰਦਰਾ ਗਾਂਧੀ ਦੇ ਕਮ-ਵਿਹਾਰ ਬਾਰੇ ਜੋ ਲਿਖਿਆ ਹੈ ਉਸਨੂੰ ਸੰਕੇਤਿਕ ਭਾਸ਼ਾ 'ਚ ਲਿਖਣ ਦਾ ਕੀ ਅਰਥ ਹੈ। ਖਾਹਮਖਾਹ ਲੋਕਾਂ ਦੀ ਭਾਵਨਾ ਨੂੰ ਉਤੇਜਿਤ ਕਰਨਾ ਹੀ ਹੈ। ਜੇ ਇਸ ਤਰ੍ਹਾਂ ਦਾ ਸੱਚ ਉਹਨਾਂ ਦੇ ਆਰਚਰਣ ਵਿਚ ਸੀ ਤਾਂ ਇਸ ਗੱਲ ਦਾ ਖੁਸ਼ਵੰਤ ਸਿੰਘ ਕੋਲ ਕੀ ਅਧਾਰ ਸੀ------ਜੇ ਸੀ ਤਾਂ ਉਸਦਾ ਹਵਾਲਾ ਇਸ ਟਿੱਪਣੀ ਨਾਲ ਬੇਹੱਦ ਮਹੱਤਵਪੂਰਨ ਬਣਦਾ ਸੀ।

ਇਸ ਕਿਤਾਬ ਦਾ 16ਵਾਂ ਭਾਗ ਹੈ ‘ਸਰਬ ਸ਼ਕਤੀਮਾਨ ਨਾਲ ਭੇੜ' ਮੇਰੀ ਨਜ਼ਰ ਵਿਚ ਖੁਸ਼ਵੰਤ ਸਿੰਘ ਦੀ ਸਵੈ-ਜੀਵਨੀ ਦਾ ਸਭ ਤੋਂ ਮਹੱਤਵਪੂਰਨ ਭਾਗ ਇਹ ਹੀ ਹੈ। ਇਸ ਵਿਚ ਖੁਸ਼ਵੰਤ ਸੋਚ ਦੀਆਂ ਨਵੀਆਂ ਸਿਖਰਾਂ ਛੂੰਹਦਾ ਹੈ -----ਆਮ ਆਦਮੀ ਨੂੰ ਮੋਢਿਓਂ ਫੜ ਕੇ ਹਲੂਣਦਾ ਹੈ ਤੇ ਨਵੀਂ ਸੋਚ ਵੱਲ ਵਧਣ ਤੇ ਮਜਬੂਰ ਕਰਦਾ ਹੈ।

ਧਰਮ, ਅਰਦਾਸ,ਰੱਬ ,ਜਯੋਤਿਸ਼,ਪੁਨਰ-ਜਨਮ, ਧਰਮ ਪੁਸਤਕਾਂ ,ਪੂਜ ਸਥਾਨਾਂ, ਮੈਡੀਟੇਸ਼ਨ ,ਨਵੇਂ ਧਰਮ,ਰਾਜਨੀਤੀਵਾਨਾਂ ਦੇ ਅੰਧਵਿਸ਼ਵਾਸ਼ ,ਰੁੱਖ ਉਗਾਉਂਣ ਬਾਰੇ ਤੇ ਮੌਤ ਤੋਂ ਬਾਅਦ ਸਰੀਰ ਨੂੰ ਖ਼ਤਮ ਕਰਨ ਲਈ ਬਰਬਾਦ ਹੋ ਰਹੀ ਲੱਕੜ (ਰੁੱਖਾਂ) ਬਾਰੇ ---ਉਸਦੀ ਸੋਚ ਉੱਚੀ ਤੇ ਸੁੱਚੀ ਹੈ---ਮੇਰੀ ਸੋਚ ਇਥੇ ਉਹਦੇ ਨਾਲ ਇਕਸੁਰ ਹੋਇਆ ਮਹਿਸੂਸ ਕਰਦੀ ਹੈ।

ਪਤਾ ਨਹੀਂ ਖੁਸ਼ਵੰਤ ਸਿੰਘ ਹੁਣ ਕਦੇ ਉਹਨਾਂ ਪਰਦਿਆਂ ਨੂੰ ਚੁੱਕ ਸਕੇਗਾ ਜਾਂ ਨਹੀਂ ਜਿਹੜੇ ਉਸਨੇ ਆਪਣੀ ਸਵੈ-ਜੀਵਨੀ 'ਚ ਪਏ ਰਹਿਣ ਦਿੱਤੇ ਹਨ।

1 comment:

Unknown said...
This comment has been removed by a blog administrator.