ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Friday, December 12, 2008

ਗਿਆਨੀ ਸੰਤੋਖ ਸਿੰਘ - ਊਜਲ ਕੈਹਾ ਚਿਲਕਣਾ










ਪੁਸਤਕ ਰੀਵਿਊ
ਊਜਲ ਕੈਹਾ ਚਿਲਕਣਾ
ਲੇਖਕ: ਗਿਆਨੀ ਸੰਤੋਖ ਸਿੰਘ
ਰੀਵਿਊਕਾਰ: ਲਖਵਿੰਦਰ ਸਿੰਘ ( ਰਈਆ ਹਵੇਲੀਆਣਾ)
ਆਸਟ੍ਰੇਲੀਆ ਨਿਵਾਸੀ ਗਿਆਨੀ ਸੰਤੋਖ ਸਿੰਘ ਦੀ ਇਹ ਦੂਜੀ ਪੁਸਤਕ ਹੈ। ਇਸ ਤੋਂ ਪਹਿਲਾਂ ਉਹ ‘ਸਚੇ ਦਾ ਸਚਾ ਢੋਆ’ ਨਾਮੀ ਇਕ ਪੁਸਤਕ ਪੰਜਾਬੀ ਸਾਹਿਤ ਦੀ ਝੋਲ਼ੀ ਵਿਚ ਪਾ ਕੇ, ਪੰਜਾਬੀ ਸਾਹਿਤਕ ਸੰਸਾਰ ਵਿਚ ਨਾਮਣਾ ਘੱਟ ਚੁੱਕੇ ਹਨ। ਇਹ ਹੱਥਲੀ ਪੁਸਤਕ ‘ਉਜਲ ਕੈਹਾਂ ਚਿਲਕਣਾ’ ਬੇਸ਼ੱਕ ਗਿਆਨੀ ਜੀ ਦੀ ਸਵੈ ਜੀਵਨੀ ਹੈ ਪਰ ਇਹ ਪੁਸਤਕ ਪੜ੍ਹਨ/ਵਿਚਾਰਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਕੇਵਲ ਸਵੈ ਜੀਵਨੀ ਹੀ ਨਹੀ ਸਗੋਂ ਇਕ ਇਤਿਹਾਸਕ ਦਸਤਾਵੇਜ਼ ਵੀ ਪਰਤੀਤ ਹੁੰਦੀ ਹੈ। ਆਪਣੇ ਘੁਮੱਕੜ ਸੁਭਾ ਦੇ ਮਾਲਕ ਹੋਣ ਕਰਕੇ, ਗਿਆਨੀ ਜੀ ਨੇ ਦੁਨੀਆ ਦਾ ਬਹੁਤਾ ਹਿੱਸਾ ਗਾਹ ਮਾਰਿਆ ਹੈ। ਸੋ ਇਸ ਪੁਸਤਕ ਵਿਚ ਜਿਥੇ ਘੁਮੱਕੜ ਜੀਵਨ ਦੇ ਖੱਟੇ ਮਿੱਠੇ ਅਨੁਭਵ ਹਨ ਓਥੇ ਭਾਰਤ ਖਾਸ ਕਰਕੇ ਪੰਜਾਬ ਦੀ ਸਿਆਸਤ ਦੇ ਦਾ-ਪੇਚ, ਚਾਲਬਾਜ਼ੀਆਂ ਤੇ ਸਾਰਥਕ ਗੂੜ੍ਹ ਗਿਆਨ ਵੀ ਇਸ ਪੁਸਤਕ ਦਾ ਇਕ ਵੱਡਾ ਹਿੱਸਾ ਹੈ।
ਇਮਾਨਦਾਰੀ ਦੀ ਸੀਮਾ ਮਨੁੱਖ ਦੀ ਬੇਵਸੀ ਤੱਕ ਹੀ ਸੀਮਤ ਹੁੰਦੀ ਹੈ। ਵੱਸ ਚੱਲ ਜਾਣ ਤੇ ਵਧੇਰੇ ਕਰਕੇ ਬੇਈਮਾਨੀ ਦਾ ਬੋਲ ਬਾਲਾ ਮਨੁਖੀ ਬਿਰਤੀ ਤੇ ਹਾਵੀ ਹੋ ਹੀ ਜਾਂਦਾ ਹੈ। ਬੇਈਮਾਨੀ ਸਿਰਫ਼ ਭਾਰਤੀਆਂ ਦੇ ਹੱਡਾਂ ਵਿਚ ਹੀ ਨਹੀ ਰਚੀ ਹੋਈ ਸਗੋਂ ਦੁਨੀਆ ਦੇ ਹੋਰਨਾਂ ਮਨੁਖਾਂ ਵਿਚ ਵੀ ਪ੍ਰਬਲ ਹੈ। ਇਸ ਬਾਰੇ ਲੇਖਕ ਨੇ ‘ਜਦੋਂ ਮੈਨੂੰ ਵੀ ਰਿਸ਼ਵਤ ਦੇਣੀ ਪਈ’ ਤੇ ‘ਬਚਣਾ ਮੇਰੇ ਲੁੱਟੇ ਜਾਣ ਤੋਂ ਤਨਜ਼ਾਨੀਅਨ ਇਮੀਗ੍ਰੇਸ਼ਨ ਅਫ਼ਸਰਾਂ ਦੇ ਹੱਥੋਂ’ ਲੇਖਾਂ ਵਿਚ ਬਾਖ਼ੂਬੀ ਨਾਲ਼ ਵਰਨਣ ਕੀਤਾ ਹੈ।
ਜਿਵੇਂ ‘ਹਾਥੀ ਦੇ ਦੰਦ ਖਾਣ ਵਾਲ਼ੇ ਹੋਰ ਤੇ ਵਿਖਾਣ ਵਾਲ਼ੇ ਹੋਰ’ ਹੁੰਦੇ ਹਨ ਓਸੇ ਤਰ੍ਹਾਂ ਕਈ ਅਖੌਤੀ ਧਰਮੀ ਲੋਕਾਂ ਦਾ ਕਿਰਦਾਰ ਵੀ ਦੋਹਰਾ ਹੁੰਦਾ ਹੈ; ਭਾਵ ਬਾਹਰੋਂ ਨਿਰਮਲ ਤੇ ਅੰਦਰੋਂ ਕੂੜਾ ਕਰਕਟ। ਇਸ ਵਿਚਾਰ ਨੂੰ ਗਿਆਨੀ ਜੀ ਨੇ ‘ਟਰੰਕ ਕਾਲ ਕਿ ਪੈਗ ਕਾਲ?’ ਲੇਖ ਵਿਚ ਬੇਬਾਕੀ ਨਾਲ਼ ਪੇਸ਼ ਕੀਤਾ ਹੈ।
ਮਨੁੱਖੀ ਜੀਵਨ ਵਿਚ ਜ਼ਬਾਨ ਰਸ (ਬੋਲ ਬਾਣੀ) ਦਾ ਆਪਣਾ ਹੀ ਪ੍ਰਭਾਵ ਹੁੰਦਾ ਹੈ, ਜਿਸ ਨਾਲ਼ ਕਈ ਵਾਰ ਬਣਿਆਂ ਬਣਾਇਆ ਕੰਮ ਵੀ ਵਿਗੜ ਜਾਂਦਾ ਹੈ ਤੇ ਕਈ ਵਾਰ ਹਲੀਮੀ ਵਾਲ਼ੀ ਗੱਲ ਬਾਤ ਵਿਗੜੇ ਕੰਮ ਨੂੰ ਵੀ ਸਵਾਰ ਜਾਂਦੀ ਹੈ।
ਰੌਚਕ ਸ਼ੈਲੀ ਵਾਲ਼ੀ ਇਹ ਪੁਸਤਕ ਪਾਠਕ ਨੂੰ ਆਪਣੇ ਨਾਲ਼ ਜੋੜਨ ਵਿਚ ਕਾਫ਼ੀ ਹੱਦ ਤੱਕ ਸਫ਼ਲ ਤਾਂ ਜ਼ਰੂਰ ਹੈ ਪਰ ਲੇਖਕ ਨੇ ਆਪਣੀ ਆਦਤ ਅਨੁਸਾਰ ਉਚ ਸਿਆਸੀ ਨੇਤਾਵਾਂ ਦੇ ਮਾੜੇ ਕਿਰਦਾਰ ਨੂੰ ਕੌੜੇ ਵਿਸ਼ੇਸ਼ਣ ਵੀ ਲਾਏ ਹਨ ਜੋ ਗਿਆਨੀ ਜੀ ਦੀ ਵਿਦਵਤਾ ਨਾਲ ਨਾ ਤਾਂ ਮੇਲ਼ ਖਾਂਦੇ ਹਨ ਤੇ ਨਾ ਹੀ ਸ਼ੋਭਦੇ ਹਨ। ਆਸ ਹੈ ਕਿ ਅੱਗੇ ਤੋ ਗਿਆਨੀ ਜੀ ਅਜਿਹੇ ਕੌੜੇ ਵਿਸ਼ੇਸ਼ਣਾਂ ਤੋਂ ਗੁਰੇਜ਼ ਕਰਕੇ ਆਪਣੀ ਮਿੱਠੀ ਤੇ ਨਿਘੀ ਸਹਿਣਸ਼ੀਲਤਾ ਦਾ ਸਬੂਤ ਦੇਣਗੇ।
ਬਾਕੀ ਇਹ ਪੁਸਤਕ ਪੜ੍ਹਨ, ਵਿਚਾਰਨ ਤੇ ਸਾਂਭਣ ਯੋਗ ਹੈ। ਇਸ ਲਈ ਲੇਖਕ ਵਧਾਈ ਦਾ ਪਾਤਰ ਹੈ।

No comments: