ਨਵੇਂ ਰਿਵੀਊ
ਤੁਹਾਡੇ ਧਿਆਨ ਹਿੱਤ
ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!
Thursday, December 25, 2008
ਮਨਮੋਹਨ - ਨੀਲਕੰਠ
ਕਿਤਾਬ: ਨੀਲ ਕੰਠ
ਲੇਖਕ: ਮਨਮੋਹਨ
ਰੀਵਿਊਕਾਰ: ਡਾ: ਦੇਵਿੰਦਰ ਕੌਰ
ਨੀਲ ਕੰਠ' ਕਾਵਿ-ਰਹੱਸ ਦੀ ਤਲਾਸ਼ 'ਚ
'ਨੀਲ ਕੰਠ' ਮਨਮੋਹਨ ਦਾ ਸੱਤਵਾਂ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਹ ਪੰਜਾਬੀ ਸਾਹਿਤ ਨੂੰ 'ਅਗਲੇ ਚੌਰਾਹੇ ਤੱਕ' (1982), 'ਮਨ ਮਹੀਅਲ' (1989), 'ਮੇਰੇ ਮੇਂ ਚਾਂਦਨੀ' (1993), 'ਸੁਰ ਸੰਕੇਤ' (1998), 'ਨਮਿੱਤ' (2001), ਅਤੇ 'ਅਥ' (2004) ਆਦਿ ਕਾਵਿ-ਸੰਗ੍ਰਹਿ ਦੇ ਚੁੱਕਾ ਹੈ। ਇਸ ਤੋਂ ਇੱਕ ਗੱਲ ਸਪੱਸ਼ਟ ਹੁੰਦੀ ਹੈ ਕਿ ਮਨਮੋਹਨ ਦਾ ਕਾਵਿ-ਸਫ਼ਰ ਪਿਛਲੇ 25 ਸਾਲਾਂ ਤੋਂ ਨਿਰੰਤਰ ਤੋਰ ਤੁਰਦਾ ਆ ਰਿਹਾ ਹੈ। ਹਾਲਾਂ ਕਿ ਉਸਨੇ ਅਲੋਚਨਾ ਦੀਆਂ ਚਾਰ ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਆਂ ਹਨ ਪਰੰਤੂ ਉਸਦੇ ਸਾਹਿਤਿਕ ਸਫ਼ਰ ਦੀ ਸ਼ੁਰੂਆਤ ਕਵਿਤਾ ਤੋਂ ਹੀ ਹੋਈ ਹੈ, ਇਸ ਲਈ ਮੂਲ ਰੂਪ ਵਿਚ ਮਨਮੋਹਨ ਇੱਕ ਸ਼ਾਇਰ ਦੇ ਰੂਪ ਵਿਚ ਵਧੇਰੇ ਉਜਾਗਰ ਹੁੰਦਾ ਹੈ।
'ਨੀਲ ਕੰਠ' ਵਿਚਲੇ ਕਾਵਿ-ਰਹੱਸ ਦੀ ਪਛਾਣ ਦਾ ਆਧਾਰ ਸਮੁੱਚੀ ਕਾਵਿ-ਪੁਸਤਕ ਵਿਚ ਸਿਰਜਤ ਸ਼ਬਦ ਅਤੇ ਅਰਥ ਯਾਨਿ ਚਿਹਨਕ ਅਤੇ ਚਿਹਨਿਤ ਦੇ ਅਦਵੈਤੀ ਰਿਸ਼ਤੇ ਵਿਚ ਨਿਹਿਤ ਹੈ। ਕਵਿਤਾ ਆਪਣੇ ਸਾਲਮ ਰੂਪ ਵਿਚ ਇੱਕ ਚਿਹਨ ਹੈ, ਰੂਪ ਹੈ, ਦ੍ਰਿਸ਼ ਹੈ, ਭਾਸ਼ਾ ਦੀ ਅਭਿਵਿਅੰਜਨਾ ਹੈ। ਸਮੁੱਚੀ ਕਾਵਿ-ਪੁਸਤਕ ਵਿਚ ਕਾਵਿ ਨੂੰ ਉਸ ਆਦਿ-ਭਾਸ਼ਾ ਦੀ ਤਲਾਸ਼ ਹੈ ਜਦੋਂ ਸ਼ਬਦ ਅਤੇ ਅਰਥ ਅਨਿੱਖੜ ਰੂਪ ਵਿਚ ਵਿਚਰਦੇ ਸਨ। ਸਮੇਂ ਦੇ ਗੁਜ਼ਰਨ ਨਾਲ ਮਨੁੱਖ ਦੀ ਵਿਸ਼ਲੇਸ਼ਣੀ ਬਿਰਤੀ ਨੇ ਸ਼ਬਦ ਨਾਲੋਂ ਅਰਥ ਨੂੰ ਨਿਖੇੜ ਲਿਆ ਹੈ, ਭਾਸ਼ਾ ਨੂੰ ਵਰਤਣ ਯੋਗ ਸੰਦ ਬਣਾ ਲਿਆ ਹੈ। ਮਨਮੋਹਨ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਕਾਵਿ-ਭਾਸ਼ਾ ਵਰਤੀ ਨਹੀਂ, ਆਪਣੇ ਸਮੁੱਚ ਵਿਚ ਸਿਰਜੀ ਜਾਂਦੀ ਹੈ ਜਿਥੇ ਸ਼ਬਦ ਅਤੇ ਅਰਥ ਇਕ ਕਾਵਿ-ਸ਼ਬਦ ਦੇ ਰੂਪ ਵਿਚ ਰੂਪਾਂਤਰਿਤ ਹੁੰਦੇ ਹਨ। ਇੱਕ ਮਿਸਾਲ ਪੇਸ਼ ਹੈ:-
‘‘ਸ਼ਬਦ ਅਤੇ ਅਰਥ ਦਾ ਨਾ ਰਹੇ ਕੋਈ ਰੌਲਾ
ਆਪਣੇ ਮੂਲ ਰੂਪ, ਆਦਿ-ਭਾਸ਼ਾ 'ਚ
ਕਵੀ ਕੋਲ ਮੁੜ ਆਏ ਕਵਿਤਾ"
( ਨੀਲ ਕੰਠ, ਪੰਨਾ, 14 )
ਮਨਮੋਹਨ ਦੀ ਇਸ ਕਾਵਿ-ਪੁਸਤਕ ਦੀ ਵਿਸ਼ੇਸ਼ਤਾ ਕਾਵਿ-ਸ਼ਬਦ ਨੂੰ ਪ੍ਰਭਾਸ਼ਿਤ ਕਰਨ ਵਿਚ ਨਿਹਿਤ ਹੈ। ਕਾਵਿ-ਸ਼ਬਦ ਕਵੀ ਅਨੁਸਾਰ ਉਹ ਹੈ ਜੋ ਅਹਿਸਾਸ ਨੂੰ ਅਹਿਸਾਸ ਕੋਲ ਲਿਆ ਬਿਠਾਂਦਾ ਹੈ। 'ਚਿੜੀਆ ਘਰ' ਏਸ ਦ੍ਰਿਸ਼ਟੀ ਤੋਂ ਮਹੱਤਵਪੂਰਣ ਕਵਿਤਾ ਹੈ। ਕਵੀ ਨੇ ਇਸ ਕਵਿਤਾ ਵਿਚ ਮਨੁੱਖੀ ਭਾਸ਼ਾ ਦੀ ਦੁਰਵਰਤੋਂ ਤੇ ਵਿਅੰਗ ਕੀਤਾ ਹੈ। ਉਸ ਅਨੁਸਾਰ ਭਾਸ਼ਾ ਤੋਂ ਬਗ਼ੈਰ ਭਾਵੇਂ ਕੁਝ ਨਹੀਂ ਪਰ ਅੱਜ ਮਨੁੱਖ ਭਾਸ਼ਾ ਦੀ ਦਾਅ-ਪੇਚੀ ਵਰਤੋਂ ਕਰਨ ਅਹਿਸਾਸ ਦੀ ਪੱਧਰ ਤੇ ਇਕ ਦੂਜੇ ਤੋਂ ਦੂਰ ਹੋ ਗਿਆ ਹੈ। ਕਾਰਨ, ਸ਼ਬਦ ਆਪਣਾ ਪ੍ਰਕ੍ਰਿਤਿਕ ਅਰਥ ਗਵਾ ਬੈਠਾ ਹੈ।ਮਨੁੱਖ ਦੇ ਅੰਦਰਲੇ ਜ਼ਹਿਰ ਨੇ ਸ਼ਬਦਾਂ ਦੀ ਪਾਰਦਰਸ਼ਤਾ ਨੂੰ ਵੀ ਜ਼ਹਿਰੀਲਾ ਬਣਾ ਦਿਤਾ ਹੈ। ਕਵੀ ਇਸ ਕਵਿਤਾ ਵਿਚ ਮਨੁੱਖ ਦੀ ਪ੍ਰਕ੍ਰਿਤਿਕ ਭਾਸ਼ਾ ਦੇ ਅਹਿਸਾਸ ਦੀ ਪੇਸ਼ਕਾਰੀ ਕਰ ਕੇ ਕਵਿਤਾ ਦੇ ਅਖੀਰ ਵਿਚ ਮਨੁੱਖ ਰਾਹੀਂ ਸਿਰਜੀ ਦਾਅ-ਪੇਚੀ ਭਾਸ਼ਾ ਤੇ ਵਿਅੰਗ ਕਰ ਜਾਂਦਾ ਹੈ। ਇਸ ਕਵਿਤਾ ਵਿਚ ਅਖੀਰ ਤੇ ਪੰਛੀਆਂ ਦੀਆਂ ਨਿਰਛਲ ਹਰਕਤਾਂ ਨਾਲ ਜ਼ਿੰਦਗੀ ਦੇ ਪਲ ਜੋੜ ਕੇ ਕਾਵਿ-ਸ਼ਬਦ ਨੂੰ ਪਰਿਭਾਸ਼ਿਤ ਕਰ ਜਾਂਦਾ ਹੈ। ਲੇਕਿਨ ਇਹ ਸਾਰਾ ਕੁਝ ਸਿਰਜਣਾ ਦੀ ਪੱਧਰ ਤੇ ਵਾਪਰਦਾ ਹੈ। ਇਹੀ ਕਾਵਿ-ਸ਼ਬਦ ਦਾ ਰਹੱਸ ਹੈ ਅਤੇ ਇਹੀ ਅਸਲ ਵਿਚ ਕਵਿਤਾ ਦਾ ਰਹੱਸ ਹੈ। ਮਿਸਾਲ ਪੇਸ਼ ਹੈ:-
‘‘ਨਾਮ ਰੱਟ ਦਿਆਂ ਤੋਤੇ ਵਾਂਗ ਤੇਰਾ
ਜਦੋਂ ਕਦੇ ਕਲੋਲਾਂ ਕਰਦੇ ਕਬੂਤਰ-ਕਬੂਤਰੀ ਪੈਣ ਦਿਸ
ਯਾਦ ਆ ਜਾਣ 'ਕੱਠੇ ਬਿਤਾਏ ਛਿਣ
ਮਨ ਮੇਰਾ ਕਰਨ ਲੱਗ ਪਵੇ ਗੁਟਰਗੂੰ ਗੁਟਰਗੂੰ
ਦੇਖ ਲੈ
ਆਪੂੰ ਸਿਰਜੇ ਚਿੜੀਆ ਘਰ 'ਚ
ਭੁੱਲਦਿਆਂ ਬੰਦਿਆਂ ਦੀ ਭਾਸ਼ਾ
ਕਿੰਨਾ ਆ ਗਿਆ ਮੈਂ, ਤੇਰੇ ਕੋਲ...ਆਪਣੇ ਵੀ"
( ਉਹੀ, ਪੰਨਾ,17 )
ਕਾਵਿ-ਸ਼ਬਦ ਦੀ ਤਲਾਸ਼ ਵਿਚ ਕਵੀ ਸ਼ਬਦ ਦੇ ਕਾਵਿਕ ਪਹਿਲੂ ਬਾਰੇ ਬਾਰ ਬਾਰ ਚੇਤਨ ਹੁੰਦਾ ਹੈ। ਉਸ ਅਨੁਸਾਰ ਕਵਿਤਾ ਮਹਿਜ਼ ਸ਼ਬਦ ਨਹੀਂ। ਜੇ ਕਵਿਤਾ ਮਹਿਜ਼ ਸ਼ਬਦਕਾਰੀ ਹੋਵੇਗੀ ਤਾਂ ਕਾਵਿ-ਸੰਚਾਰ ਗਵਾਚ ਜਾਏਗਾ ਅਤੇ ਸ਼ਬਦ ਅਸਪਸ਼ਟ ਨਕਸ਼ਾਂ ਅਤੇ ਧੱਬਿਆਂ ਵਿਚ ਬਦਲ ਜਾਣਗੇ।ਕਾਵਿ ਅਨੁਸਾਰ ਕਵਿਤਾ ਉਹ ਹੈ ਜਿਸ ਵਿਚ ਮਨੁੱਖੀ ਅਹਿਸਾਸ ਦੀ ਧੜਕਣ ਕਾਇਮ ਹੈ। ਧੜਕਣ ਕਾਇਮ ਰੱਖ਼ਣ ਲਈ ਕਾਵਿ-ਸ਼ਬਦ ਪ੍ਰਤੀ ਚੇਤਨਾ ਦੀ ਲੋੜ ਹੈ।
ਇਸ ਕਾਵਿ-ਪੁਸਤਕ ਵਿਚ ਕਵੀ ਸ਼ਬਦ ਦੇ ਭਾਵੁਕ ਮਹੱਤਵ ਪ੍ਰਤੀ ਸੁਚੇਤ ਹੈ। ਉਸਨੂੰ ਇਸ ਗੱਲ ਦਾ ਅਹਿਸਾਸ ਵੀ ਹੈ ਕਿ ਹੁਣ ਤੱਕ ਜੋ ਉਸਨੇ ਲਿਖਿਆ ਹੈ ਉਹ ਸੁਪਨਿਆਂ ਬਾਰੇ ਹੈ, ਦੂਜਿਆਂ ਬਾਰੇ ਹੈ, ਬੇਗਾਨੇ ਰਿਸ਼ਤਿਆਂ ਬਾਰੇ ਹੈ, ਬਿਨਾਂ ਸੋਚੇ ਸਮਝੇ ਕੀਤੇ ਹੋਏ ਅਮਲਾਂ ਬਾਰੇ ਹੈ ਅਤੇ ਉਹ ਕਵਿਤਾ ਉਸਨੇ ਅਜੇ ਲਿਖਣੀ ਹੈ ਜੋ ਉਸਦੇ ਭਾਵਾਂ ਦਾ ਹਿੱਸਾ ਬਣ ਸੱਕੇ। ਅਸਲ ਵਿਚ ਏਸ ਉਚਾਰ ਵਿਚ ਵੀ ਕਾਵਿ-ਰਹੱਸ ਛੁਪਿਆ ਹੋਇਆ ਹੈ। ਕਵੀ ਨੂੰ ਆਪਣੇ ਆਪ ਦੀ, ਆਪਣੀ ਕਾਵਿ ਸਥਿਤੀ ਦੀ, ਆਪਣੀ ਸੋਚ ਦੀ, ਚੇਤਨਾ ਹੈ ਅਤੇ ਇਸ ਗੱਲ ਦਾ ਅਹਿਦ ਕਰਦਾ ਹੈ ਕਿ ਜਿਸ ਕਵਿਤਾ ਨੂੰ ਉਹ ਕਵਿਤਾ ਕਹਿੰਦਾ ਹੈ, ਉਹ ਕਵਿਤਾ ਜਿਹੜੀ ਸ਼ਬਦ ਦੀ ਸਿਰਜਣਾ ਤਾਂ ਹੋਏ ਪਰ ਮਨੁੱਖ ਦੇ ਭਾਵਾਂ ਦਾ ਹਿੱਸਾ ਵੀ ਬਣੇ, ਉਹ ਉਸਨੇ ਲਿਖਣੀ ਹੈ:-
‘‘ਲਿਖਾਂਗਾ ਮੈਂ ਕਵਿਤਾ
ਜੋ ਲਿਖਣੀ ਈ ਅਜੇ ਮੈਂ
ਬਣਨਾ ਜਿਸ ਮੇਰੇ ਭਾਵਾਂ ਦਾ ਹਿੱਸਾ
ਤਾਂ ਕਿ ਲਿਖਦਾ ਰਹਿ ਸੱਕਾਂ ਮੈਂ ਕਵਿਤਾ"
( ਉਹੀ, ਪੰਨਾ, 19 )
ਮਨੁੱਖ ਨੂੰ ਆਪਣੇ ਡਰਾਂ ਤੋਂ ਮੁਕਤ ਹੋਣ ਲਈ ਕੁਦਰਤ ਦੀ ਨਿਰਮਲਤਾ ਅਤੇ ਲਗਾਤਾਰਤਾ ਦੇ ਦੀਦਾਰ ਦੀ ਲੋੜ ਹੈ। ਜਿਸ ਸ਼ਾਇਰ ਨੂੰ ਕੁਦਰਤ ਦੀ ਏਸ ਸ੍ਵਛਤਾ ਅਤੇ ਲਗਾਤਾਰਤਾ ਦਾ ਦੀਦਾਰ ਹੋ ਜਾਂਦਾ ਹੈ ਉਹ ਸਵੈ ਸਿਰਜੇ ਡਰਾਂ ਤੋਂ ਮੁਕਤ ਹੋ ਜਾਂਦਾ ਹੈ। ਕੁਦਰਤ ਨਿਡਰ ਹੈ, ਝਰਨਾ ਕਿੰਨੀ ਉੱਚਾਈ ਤੋਂ ਹੇਠਾਂ ਕਿੰਨੀ ਗਹਿਰਾਈ ਤੱਕ ਵਹਿੰਦਾ ਰਹਿੰਦਾ ਹੈ। ਸ਼ਾਇਰ ਨੂੰ ਜਦੋਂ ਇਸ ਸੱਚ ਦੀ ਸਮਝ ਆਉਂਦੀ ਹੈ ਉਹ ਵੀ ਡਰ ਤੋਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਡਰ ਤੋਂ ਮੁਕਤੀ ਅਸਲ ਵਿਚ ਸ਼ਬਦ ਦੀ ਬਨਾਵਟੀ ਕੈਦ ਤੋਂ ਮੁਕਤੀ ਹੈ, ਇਸੇ ਵਿਚ ਕਾਵਿ-ਰਹੱਸ ਨਿਹਿਤ ਹੈ ਅਤੇ ਇਸੇ ਰਹੱਸ ਦੀ ਤਲਾਸ਼ ਵਿਚ ਮਨਮੋਹਨ ਦੀ ਕਵਿਤਾ ਦਾ ਸਫ਼ਰ ਤੁਰ ਰਿਹਾ ਹੈ।
'ਨੀਲ ਕੰਠ' ਇਸ ਕਾਵਿ-ਪੁਸਤਕ ਦੀ ਮਾਡਲ ਕਵਿਤਾ ਹੈ ਅਤੇ ਇਹ ਕਵਿਤਾ ਮਨੁੱਖੀ ਜੀਵਨ ਵਿਚਲੇ ਰਹੱਸਮਈ ਅਰਥ ਉਜਾਗਰ ਕਰਦੀ ਹੈ। ਮਨੁੱਖ ਨੂੰ ਸ਼ਿਵ ਦੀ ਕਲਿਆਣ ਕਾਰੀ ਅਵਸਥਾ ਤੱਕ ਪਹੁੰਚਣ ਲਈ ਕਿਸੇ ਸਾਥ ਜਾਂ ਸਹਾਰੇ ਦੀ ਲੋੜ ਨਹੀਂ, ਆਪਣੀ ਜ਼ਿੰਦਗੀ ਰੂਪੀ ਸਮੁੰਦਰ ਵਿਚਲੇ ਜ਼ਹਿਰ ਨੂੰ ਅੰਮ੍ਰਿਤ ਵਾਂਗ ਪੀ ਕੇ ਆਪਣੇ ਅੰਦਰੋਂ ਨੀਲ ਕੰਠ ਉਜਾਗਰ ਕਰਨ ਦੀ ਲੋੜ ਹੈ। ਇਸ ਕਵਿਤਾ ਦਾ ਨਵਾਂ ਮਹੱਤਵ ਇਸ ਗੱਲ ਵਿਚ ਹੈ ਕਿ ਇਹ ਮਿਥਿਕਲ ਮੈਟਾਫਰ (ਨੀਲ ਕੰਠ) ਨੂੰ ਮਨੁੱਖੀ ਜ਼ਿੰਦਗੀ ਦੀ ਸੰਘਰਸ਼ਮਈ ਪ੍ਰਕਿਰਿਆ ਵਿਚੋਂ ਲੰਘਾਉਂਦੀ ਹੋਈ ਜ਼ਿੰਦਗੀ ਅਤੇ ਮਿਥਿਕਲ ਮੈਟਾਫਰ ਵਿਚ ਇੱਕ ਅਨਿਖੜ ਰਿਸ਼ਤਾ ਕਾਇਮ ਕਰ ਲੈਂਦੀ ਹੈ। ਇਸ ਅਨਿੱਖੜ ਰਿਸ਼ਤੇ ਵਿਚ ਹੀ ਮਹੇਸ਼ ਜਾਂ ਸ਼ਿਵ ਨਾਲ ਜੁੜੀ ਹੋਈ ਨੀਲ ਕੰਠ ਦੀ ਮਿੱਥ ਦਾ ਅਰਥ ਰੂਪਾਂਤਰਣ ਹੁੰਦਾ ਹੈ। ਸਮੁੰਦਰ ਜ਼ਿੰਦਗੀ ਦਾ ਪਰਿਆਇ ਵਾਚੀ ਹੋ ਜਾਂਦਾ ਹੈ, ਸ਼ਿਵ ਅਤੇ ਪਾਰਵਤੀ ਮਨੁੱਖੀ ਕਾਇਆ ਦੇ ਪਰਿਆਇ ਵਾਚੀ ਹੋ ਜਾਂਦੇ ਹਨ।ਸਾਗਰ ਮੰਥਨ ਕਿਸੇ ਸਮੁੰਦਰ ਦਾ ਨਹੀਂ, ਆਪਣੀ ਹੋਂਦ ਦਾ ਹੁੰਦਾ ਹੈ ਅਤੇ ਹੋਂਦ ਵਿਚ ਕਾਰਜਸ਼ੀਲ ਜ਼ਹਿਰੀ ਪ੍ਰਵਿਰਤੀਆਂ ਨੂੰ ਆਪਣੇ ਅੰਦਰੋਂ ਖ਼ਾਰਜ ਕਰਨ ਦਾ ਸੁਨੇਹਾ ਹੈ। ਇਹ ਇੱਕ ਕਿਸਮ ਦਾ ਐਸਾ ਕਾਵਿ-ਰਹੱਸ ਹੈ ਜਿਸ ਵਿਚ ਮਨੁੱਖ ਦੀ ਹੋਂਦ ਬਿਰਾਜਮਾਨ ਹੈ। ਜਿਵੇਂ ਕਿਸੇ ਅਧਿਆਤਮਕ ਕਵਿਤਾ ਦੇ ਪਾਠ ਲਈ ਏਕਾਂਤ ਦੀ ਲੋੜ ਹੁੰਦੀ ਹੈ, ਮਨਮੋਹਨ ਦੀ ਇਸ ਕਵਿਤਾ ਨੂੰ ਪੜ੍ਹਨ ਲਈ ਵੀ, ਇਕਾਂਤ ਕਮਰੇ ਅਤੇ ਅੰਮ੍ਰਿਤ ਵੇਲੇ ਦੀ ਲੋੜ ਹੈ। ਖ਼ਾਮੋਸ਼ੀ ਅਤੇ ਇਕਾਂਤ ਵਿਚ ਪੜ੍ਹਿਆਂ ਇਹ ਕਵਿਤਾ ਤੁਹਾਡੇ ਨਾਲ ਗੁਫ਼ਤਗੂ ਕਰਦੀ ਹੈ, ਜ਼ਿੰਦਗੀ ਦੇ ਰਹੱਸ ਖੋਲ੍ਹਦੀ ਹੈ।ਇਹੀ ਨਵੀਂ ਕਵਿਤਾ ਦੀ ਪਛਾਣ ਹੈ, ਹਰ ਛਿਣ ਜ਼ਿੰਦਗੀ ਦੇ ਅਰਥਾਂ ਦੀਆਂ ਤੈਹਾਂ ਉਜਾਗਰ ਕਰਦੀ ਇਹ ਕਵਿਤਾ ਹਰ ਵਾਰ ਨਵੇਂ ਰੂਪ ਵਿਚ ਪਾਠਕ ਨੂੰ ਮਿਲਦੀ ਹੈ। ਕਵਿਤਾ ਅਤੇ ਪਾਠਕ ਦੇ ਇਸ ਮੇਲ ਵਿਚ ਚੇਤਨਾ ਦੀ ਲੋੜ ਹੈ:-
‘‘ਸੁੱਤਿਆਂ ਤੈਨੂੰ ਜੇ ਨਾਗ ਡੰਗਦੈ
ਤਾਂ ਚੱਲ ਓਥੇ ਚੱਲੀਏ
ਜਿਥੇ ਨਾ ਕੋਈ ਸ਼ਿਵ ਹੈ ਨਾ ਪਾਰਵਤੀ
ਓਥੇ ਸਿਰਫ਼ ਜ਼ਹਿਰ ਹੁੰਦੈ
ਜੋ ਤੈਨੂੰ ਪੀਣਾ ਪਵੇਗਾ ਅੰਮ੍ਰਿਤ ਵਾਂਗ
ਫਿਰ ਉਦੈ ਹੋਵੇਗਾ ਤੇਰੇ 'ਚੋਂ ਨੀਲਕੰਠ"
(ਉਹੀ, ਪੰਨਾ, 27 )
ਮਨਮੋਹਨ ਦੀ ਕਵਿਤਾ ਵਿਚ ਅੰਤਰ ਮਨ ਦੀ ਪ੍ਰਕਿਰਤੀ ਵੀ ਮਿਲਦੀ ਹੈ। ਏਸ ਅੰਤਰ ਮਨ ਵਿਚ ਹੀ ਮਨੁੱਖੀ ਸੰਸਾਰ ਵਿਚਰਦਾ ਹੈ।ਬਾਹਰਲਾ ਦਿਸਦਾ ਵੀ ਇਸ ਅੰਤਰ ਮਨ ਵਿਚ ਹੀ ਸਮਾਇਆ ਹੋਇਆ ਹੈ।ਮਨ ਵਿਚ ਹੀ ਡਰ ਦਾ, ਭੈ ਦਾ, ਸੰਦੇਹ ਦਾ,ਸੁਪਨੇ ਦਾ ਬੂਹਾ ਖੁੱਲ੍ਹਦਾ ਜਾਂ ਬੰਦ ਹੁੰਦਾ ਹੈ। ਮੁਹੱਬਤ, ਨਫ਼ਰਤ ਸਭ ਕੁਝ ਮਨੁੱਖ ਦੇ ਮਨ ਅੰਦਰ ਹੀ ਪੈਦਾ ਹੁੰਦੇ ਹਨ। ਬੰਦ ਬੂਹਾ ਅਤੇ ਖੁੱਲ੍ਹਾ ਬੂਹਾ ਅਸਲ ਵਿਚ ਵਾਸਤਵਿਕਤਾ ਅਤੇ ਮਾਨਸਿਕਤਾ ਵਿਚਲੇ ਤਣਾਓ ਵੱਲ ਸੰਕੇਤ ਹੈ। ਇੱਕ ਅਜੀਬ ਵਿਰੋਧਾਭਾਸ ਹੈ ਦੋ ਸਥਿਤੀਆਂ ਦੇ ਤਣਾਓ ਵਿਚਕਾਰ। ਇਹ ਵਿਰੋਧਾਭਾਸੀ ਕਸ਼ਮਕਸ਼ ਮਨੁੱਖ ਦੇ ਅੰਦਰ ਲਗਾਤਾਰ ਚਲਦੀ ਰਹਿੰਦੀ ਹੈ ਅਤੇ ਵਾਸਤਵਿਕ ਪੱਧਰ ਤੇ ਮਨੁੱਖ ਮਹਿਫ਼ੂਜ਼ ਨਜ਼ਰ ਆਉਣ ਦੇ ਬਾਵਜੂਦ ਕਈ ਵਾਰੀ ਮਾਨਸਿਕ ਪੱਧਰ ਤੇ ਮਹਿਫ਼ੂਜ਼ ਨਹੀਂ ਹੁੰਦਾ। ਇਹ ਅੰਤਰ ਮਨ ਦੀ ਸਥਿਤੀ ਲਗਾਤਾਰ ਚਲਦੀ ਰਹਿੰਦੀ ਹੈ ਅਤੇ ਅੰਤਰ ਮਨ ਦੀ ਸਥਿਤੀ ਦੀ ਪੇਸ਼ਕਾਰੀ ਨਵੀਂ ਕਵਿਤਾ ਦਾ ਪਛਾਣ ਚਿੰਨ੍ਹ ਹੈ। ਮਿਸਾਲ ਪੇਸ਼ ਹੈ:-
‘‘ਸੱਤਾ ਆਦਮੀ ਬੇਫ਼ਿਕਰ
ਮੁਸਤੈਦ ਬਾਹਰ ਬੂਹਾ
ਡਰ ਦਾ ਸੰਗੀ ਰਾਤ ਭਰ ਬੂਹਾ
ਬੰਦ ਹੁੰਦਿਆਂ ਵੀ
ਖੁੱਲ੍ਹਾ ਰਹਿੰਦੈ
ਬੰਦੇ ਦੇ ਅੰਦਰ"
( ਉਹੀ, ਪੰਨਾ, 32 )
ਮਨਮੋਹਨ ਦੀ ਕਵਿਤਾ ਦੀ ਇੱਕ ਵਿਸ਼ੇਸ਼ਤਾ ਇਹ ਹੈ ਕਿ ਉਹ ਬੜੇ ਸਹਿਜ ਨਾਲ ਸਿਰਜਣਾ ਦੀ ਪੱਧਰ ਤੇ ਜਾਂ ਕਾਵਿਕ ਪੱਧਰ ਤੇ ਕਵਿਤਾ ਅਤੇ ਵਿਗਿਆਨ ਵਿਚਲਾ ਅੰਤਰ ਪੇਸ਼ ਕਰ ਜਾਂਦਾ ਹੈ। ਤਿਤਲੀ ਦਾ ਹੁਸਨ ਕਿਵੇਂ ਵਿਗਿਆਨ ਦੀ ਅੱਖ ਤੋਂ ਜ਼ਹਿਰੀਲਾ ਅਤੇ ਕਵੀ ਦੀ ਅੱਖ ਤੋਂ ਅੰਮ੍ਰਿਤ ਹੁੰਦਾ ਹੈ। ਏਥੇ ਸਾਫ਼ ਜ਼ਾਹਿਰ ਹੈ ਕਿ ਕਵੀ ਦੀ ਅੱਖ ਪ੍ਰਕਿਰਤੀ ਨਾਲ ਅਹਿਸਾਸ ਦਾ ਰਿਸ਼ਤਾ ਜੋੜਦੀ ਹੈ ਅਤੇ ਅਹਿਸਾਸ ਵਿਚ ਹੀ ਕਵਿਤਾ ਦਾ ਰਹੱਸ ਛੁਪਿਆ ਹੁੰਦਾ ਹੈ। ਵਿਗਿਆਨ ਜਿਥੇ ਤਿਤਲੀ ਨੂੰ ਆਪਣੀ ਖੋਜ ਦੇ ਵਸਤੂ ਦੇ ਰੂਪ ਵਿਚ ਵੇਖਦਾ ਹੈ ਓਥੇ ਸ਼ਾਇਰ ਕੁਦਰਤ ਦੇ ਹੁਸਨ ਨੂੰ ਅਹਿਸਾਸ ਦੀ ਪੱਧਰ ਤੇ ਜੀਣ ਦੀ ਸਥਿਤੀ ਸਿਰਜਦਾ ਹੈ। ਮਿਸਾਲ ਪੇਸ਼ ਹੈ:-
‘‘ਪਰ ਉੱਡਣ ਜੋ ਮੇਰੇ ਗਿਰਦ
ਰੰਗ ਬਰੰਗੀਆਂ
ਨੀਲੀਆਂ ਭੂਰੀਆਂ ਚਿੱਟੀਆਂ ਪੀਲੀਆਂ 'ਤਿਤਲੀਆਂ'
ਮੇਰੀਆਂ ਸਰਘੀਆਂ ਹਵਾਵਾਂ ਮਹਿਕਾਂ ਸੰਗ ਝੂਮਦੀਆਂ
ਫੁੱਲਾਂ ਪੱਤੀਆਂ ਡੋਡੀਆਂ ਨਾਲ ਕਰਨ ਅਠਖੇਲੀਆਂ
ਖ਼ਤਰਨਾਕ ਨਾ ਜ਼ਹਿਰੀਲੀਆਂ
ਨੱਕੋ ਨੱਕ ਅੰਮ੍ਰਿਤ ਨਾਲ ਭਰੀਆਂ
ਨਵ ਜੀਵਨ ਬਖ਼ਸ਼ਦੀਆਂ"
( ਉਹੀ, ਪੰਨਾ, 50 )
ਮਨਮੋਹਨ ਦੀ ਕਵਿਤਾ ਦੇ ਕਾਵਿ-ਸਫ਼ਰ ਵਿਚ ਸ਼ਬਦ ਦੇ ਨਾਲ ਨਾਲ ਵਿਚਾਰਧਾਰਾ ਦਾ ਵੀ ਰੋਲ ਉਜਾਗਰ ਹੁੰਦਾ ਹੈ। ਆਪਣੀ ਕਵਿਤਾ 'ਕਿਰਦਾਰ' ਅਤੇ 'ਅਨਿਆਂ ਵਿਰੁੱਧ' ਵਿਚ ਕਾਵਿ ਵਾਸਤਵਿਕ ਚਿਹਨਾਂ ਨੂੰ ਕਾਵਿ-ਪ੍ਰਕਾਰਜ ਦੀ ਪ੍ਰਕਿਰਿਆ ਥਾਣੀ ਗੁਜ਼ਾਰ ਕੇ ਚਿਹਨ ਦੀ ਵਿਚਾਰਧਾਰਾ ਸਿਰਜ ਜਾਂਦਾ ਹੈ। ਸਿਰਜਤ ਵਿਚਾਰਧਾਰਾ ਵਿਚ ਮਨੁੱਖ ਲਈ ਸੁਨੇਹਾ ਲੁਕਿਆ ਹੁੰਦਾ ਹੈ ਲੇਕਿਨ ਉਹ ਸੁਨੇਹਾ ਦ੍ਰਿਸ਼ ਵਿਚ ਰੂਪਾਂਤਰਿਤ ਹੋ ਕੇ ਪੇਸ਼ ਹੁੰਦਾ ਹੈ। ਸਿੱਟਾ ਚਿਹਨ ਅਤੇ ਵਿਚਾਰਧਾਰਾ ਇੱਕ ਦੂਜੇ ਵਿਚ ਲੀਨ ਹੋ ਜਾਂਦੇ ਹਨ। ਇੱਕ ਮਿਸਾਲ ਪੇਸ਼ ਹੈ:-
‘‘ਕੋਲੇ ਨੇ ਸੋਚ ਲਿਆ ਹੁੰਦੈ ਉਦੋਂ ਹੀ
ਪਿਆ ਹੁੰਦੈ ਜਦੋਂ ਉਹ ਡੂੰਘੀਆਂ ਖਾਣਾ 'ਚ
ਐਵੇਂ ਨਹੀਂ ਉੱਡ ਪੁੱਡ ਜਾਣਾ ਧੂਆਂ ਬਣ
ਭਖਣਾ ਉਸ ਦਗ਼ ਦਗ਼
'ਨੇਰੀਆਂ ਵਿਰੁੱਧ"
( ਉਹੀ, ਪੰਨਾ, 67 )
ਇਸ ਵਿਚ ਕੋਈ ਸ਼ੱਕ ਨਹੀਂ ਕਿ ਨਵੀਂ ਕਵਿਤਾ ਵਿਚ ਸਮਕਾਲੀਨਤਾ ਦਾ ਬੜਾ ਵੱਡਾ ਰੋਲ ਹੁੰਦਾ ਹੈ। ਜ਼ਰੂਰਤ ਇਸ ਗੱਲ ਦੀ ਹੁੰਦੀ ਹੈ ਕਿ ਕੋਈ ਸ਼ਾਇਰ ਸਮਕਾਲੀਨਤਾ ਨੂ ਕਾਵਿ ਨਜ਼ਰੀਏ ਤੋਂ ਸਿਰਜਦਾ ਹੈ ਜਾਂ ਵਿਚਾਰ ਨਜ਼ਰੀਂਏ ਤੋਂ। ਮਨਮੋਹਨ ਦੀ ਕਵਿਤਾ 'ਅਨਿਆਂ ਵਿਰੁੱਧ' ਏਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਉਹ ਸੱਦਾਮ ਦੀ ਫਾਂਸੀ ਦੀ ਇਤਿਹਾਸਿਕ ਘਟਨਾ ਨੂੰ ਕਾਵਿ-ਨਜ਼ਰੀਂਏ ਤੋਂ ਸਿਰਜ ਕੇ ਕਵਿਤਾ ਦਾ ਕਾਵਿਕ ਨਿਆਂ ਸਿਰਜ ਜਾਂਦਾ ਹੈ।ਥੀਮ ਦੀ ਸਮਕਾਲੀਨਤਾ ਅਤੇ ਕਾਵਿਕ ਨਿਆਂ ਦੀ ਸਦੀਵਤਾ ਰਲ ਕੇ ਕਵਿਤਾ ਨੂੰ ਸਦਾ ਰਹਿਣ ਵਾਲੀ ਬਣਾ ਦੇਂਦੇ ਹਨ। ਅਸਲ ਵਿਚ ਇਹੀ ਕਵਿਤਾ ਦਾ ਰਹੱਸ ਹੈ ਜਿਸਦੀ ਤਲਾਸ਼ ਵਿੱਚ 'ਨੀਲ ਕੰਠ' ਹੋਂਦ ਵਿਚ ਆਈ ਹੈ।
Subscribe to:
Post Comments (Atom)
No comments:
Post a Comment