ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Saturday, December 27, 2008

ਸ਼ਿਵਚਰਨ ਜੱਗੀ ਕੁੱਸਾ - ਬਾਰ੍ਹੀਂ ਕੋਹੀਂ ਬਲ਼ਦਾ ਦੀਵਾ

ਪੁਸਤਕ ਰੀਵਿਊ : ਬਾਰ੍ਹੀਂ ਕੋਹੀਂ ਬਲਦਾ ਦੀਵਾ (ਨਾਵਲ)
ਲੇਖਕ: ਸਿ਼ਵਚਰਨ ਜੱਗੀ ਕੁੱਸਾ
ਪ੍ਰਕਾਸ਼ਨ: ਲਾਹੌਰ ਬੁੱਕ ਸ਼ਾਪ, ਲੁਧਿਆਣਾ
ਰੀਵਿਊਕਾਰ: ਬਲਵਿੰਦਰ ਕੌਰ



ਸ਼ਿਵਚਰਨ ਜੱਗੀ ਕੁੱਸਾ ਦਾ ਨਾਵਲ 'ਬਾਰ੍ਹੀਂ ਕੋਹੀਂ ਬਲਦਾ ਦੀਵਾ' ਅਜਿਹਾ ਨਾਵਲ ਹੈ, ਜਿਸ ਵਿਚ ਤਿੰਨ ਘੱਲੂਘਾਰਿਆਂ ਦੇ ਜ਼ੁਲਮਾਂ ਨੂੰ ਬਿਆਨਿਆਂ ਗਿਆ ਹੈ। ਨਾਵਲ ਪੜ੍ਹ ਕੇ ਹਰ ਕਿਸੇ ਦਾ ਦਿਲ ਪਸੀਜ ਜਾਂਦਾ ਹੈ ਅਤੇ ਵਿਸ਼ੇਸ਼ ਕਰਕੇ 1947 ਦਾ ਦਰਦ ਹੰਢਾਉਂਣ ਵਾਲਿਆਂ, 1978 ਦੇ ਖ਼ੂਨੀ ਸਾਕੇ ਅਤੇ 1984 ਦਾ ਘੱਲੂਘਾਰਾ ਜਿਨ੍ਹਾਂ ਨੇ ਵੇਖਿਆ ਹੋਵੇ, ਉਨ੍ਹਾਂ ਦੀਆਂ ਅੱਖਾਂ ਅੱਗੇ ਤਾਂ ਇਹ ਇਕ ਫ਼ਿਲਮ ਦੀ ਤਰ੍ਹਾਂ ਲੰਘ ਜਾਂਦਾ ਹੈ! ਇਸ ਨਾਵਲ ਨੂੰ ਨੇਕੀ ਅਤੇ ਬਦੀ ਦੀ ਜੰਝ ਦੀ ਕਹਾਣੀ ਵੀ ਕਿਹਾ ਜਾ ਸਕਦਾ ਹੈ। ਨਾਵਲ ਵਿਚ 1947 ਦੇ ਹੌਲਨਾਕ ਅਤੇ ਦਿਲ-ਕੰਬਾਊ ਦੰਗਿਆਂ ਨੂੰ ਪੜ੍ਹ ਕੇ ਦਿਲ ਸਹਿਮ ਜਾਂਦਾ ਹੈ। ਨਾਵਲ ਦਾ ਆਰੰਭ 'ਤ੍ਰਿਵੈਣੀ ਦੇ ਬਚਨ ਬਿਲਾਸ' ਤੋਂ ਸੁਰੂ ਕਰਕੇ, ਉਸ ਵਿਚ ਦੋ ਹੋਰ ਘੱਲੂਘਾਰਿਆਂ ਦਾ ਬਾਖ਼ੂਬੀ ਜ਼ਿਕਰ ਕਰਨਾ ਵਾਕਈ ਬਹੁਤ ਚਮਤਕਾਰੀ ਕਲਮ ਦੀ ਹੀ ਕਰਾਮਾਤ ਕਹੀ ਜਾ ਸਕਦੀ ਹੈ! ਨਾਵਲ ਦੀ ਗੋਂਦ ਬੜੀ ਪੀਢੀ ਹੈ, ਜੋ 1947 ਤੋਂ ਪਹਿਲਾਂ ਦੇ ਹਾਲਾਤਾਂ ਤੋਂ ਸੁਰੂ ਹੋ ਕੇ ਪੰਜਾਬ ਦੇ ਮੌਜੂਦਾ ਸੰਤਾਪ ਤੱਕ ਵਰਨਣ ਕੀਤੀ ਗਈ ਹੈ। ਪੰਜਾਬ ਦੇ ਦੁਖਾਂਤ ਨੂੰ ਬੜੀ ਨਿੱਡਰਤਾ ਦੇ ਨਾਲ ਦਰਪੇਸ਼ ਕੀਤਾ ਗਿਆ ਹੈ। 1947 ਦੇ ਦੁਖਾਂਤ ਨੂੰ ਲੇਖਕ ਦੀ ਸੂਖ਼ਮ ਅੱਖ ਨੇ ਮੋਹ, ਪਿਆਰ ਅਤੇ ਸਾਂਝੇ ਜਜ਼ਬਾਤਾਂ ਦੀ ਤਬਾਹੀ ਗਰਦਾਨਿਆ ਹੈ। ਅੰਗਰੇਜ਼ਾਂ ਵੱਲੋਂ ਨਫ਼ਰਤ ਦੇ ਬੀਜ ਬੀਜਣ ਲਈ ਕਰਵਾਏ ਗਏ ਹਿੰਦੂ-ਮੁਸਲਮਾਨ ਦੰਗਿਆਂ ਨੂੰ ਲੇਖਕ ਨੇ ਇਸ ਢੰਗ ਨਾਲ ਵਰਨਣ ਕੀਤਾ ਹੈ ਕਿ ਨਾਵਲ ਪੜ੍ਹਦਿਆਂ ਪਾਠਕਾਂ ਦੇ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ।

ਹਿੰਦ-ਪਾਕਿ ਵੰਡ ਵਿਚ ਕਿਸੇ ਦਾ ਪੁੱਤ ਮਾਰਿਆ ਗਿਆ, ਕਿਸੇ ਦਾ ਬਾਪ ਇਸ ਵੰਡ ਦੀ ਬਲੀ ਚੜ੍ਹ ਗਿਆ, ਕਿਸੇ ਦੀ ਧੀ ਨੂੰ ਕਤਲ ਕੀਤਾ ਗਿਆ ਅਤੇ ਚਾਵਾਂ, ਲਾਡਾਂ ਨਾਲ ਪਾਲੀਆਂ ਗਈਆਂ ਧੀਆਂ ਨੂੰ ਮਾਪਿਆਂ ਨੇ, ਉਸ ਸਮੇਂ ਦੀ ਕੋਝੀ ਚਾਲ ਨੂੰ ਦੇਖਦਿਆਂ ਖ਼ੁਦ ਹੀ, ਖੂਹਾਂ ਵਿਚ ਧੱਕੇ ਦਿੱਤੇ! ਹਿੰਦੋਸਤਾਨ ਅਤੇ ਪਾਕਿਸਤਾਨ ਦੋਹਾਂ ਦੇ ਲੋਕ ਉੱਜੜ ਗਏ ਸਨ। ਨਾਵਲ ਵਿਚ ਇਸੇ ਕਤਲੋਗਾਰਤ ਦਾ ਇਕ ਸੀਨ ਅਜਿਹਾ ਹੈ, ਜਿਸ ਵਿਚ ਜੁਆਨ ਕੁੜੀ ਦੀ ਤਰਾਸਦੀ ਦਿਖਾਈ ਗਈ ਹੈ। ਜ਼ਬਰਦਸਤੀ ਦਾ ਸ਼ਿਕਾਰ ਹੋਈਆਂ ਇੱਕ ਨਹੀਂ, ਅਨੇਕਾਂ ਕੁੜੀਆਂ ਉਦੋਂ ਸਿਲ-ਵੱਟੇ ਬਣ ਕੇ ਰਹਿ ਗਈਆਂ। ਇਸੇ ਸੰਦਰਭ ਵਿਚ ਪ੍ਰਸਿੱਧ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਦੀਆਂ ਇਹ ਸਤਰਾਂ ਖ਼ੁਦ-ਬ-ਖ਼ੁਦ ਜ਼ਿਹਨ ਵਿਚੋਂ ਗੁਜ਼ਰ ਜਾਂਦੀਆਂ ਹਨ, "ਇਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ। ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।"

"ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ" ਅਖਾਣ ਸ਼ਾਇਦ ਇਸੇ ਕਰਕੇ ਹੀ ਪ੍ਰਸਿੱਧ ਹੈ ਕਿ ਇਥੋਂ ਦੇ ਲੋਕਾਂ ਨੂੰ ਹਰ ਸਮੇਂ ਕਿਸੇ ਨਾ ਕਿਸੇ ਚੁਣੌਤੀ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। 1978 ਦੇ ਵਿਸਾਖੀ ਖੂਨੀਂ ਸਾਕੇ ਬਾਰੇ ਪੜ੍ਹ ਕੇ ਪੰਜਾਬ ਵਿਚਲੇ ਉਸ ਦੁਖਾਂਤਕ ਮਾਹੌਲ ਦੀ ਯਾਦ ਮੁੜ ਤਾਜ਼ਾ ਹੋ ਜਾਂਦੀ ਹੈ। ਇਸ ਵਿਚ ਇਕ ਵਾਰ ਮੁੜ 1947 ਦੇ ਜ਼ਖ਼ਮਾਂ ਨੂੰ ਰਿਸਣ ਲਈ ਮਜ਼ਬੂਰ ਕੀਤਾ ਗਿਆ ਹੈ। ਇਸ ਦੇ ਨਾਲ ਹੀ 13 ਅਪ੍ਰੈਲ 1919 ਨੂੰ ਜਲ੍ਹਿਆਂ ਵਾਲੇ ਬਾਗ ਦਾ ਸਾਕਾ ਵੀ ਅੱਖਾਂ ਅੱਗੋਂ ਗੁਜ਼ਰ ਜਾਂਦਾ ਹੈ। ਸਮੁੱਚਾ ਪੰਜਾਬ ਇਸ ਘਟਨਾ ਨਾਲ ਝੰਜੋੜਿਆ ਗਿਆ ਸੀ। ਨਾਵਲਕਾਰ ਨੇ ਇਸ ਦੀ ਬਿਆਨਬਾਜ਼ੀ ਬੜੀ ਨਿਰਪੱਖਤਾ, ਨਿੱਡਰਤਾ ਅਤੇ ਸੱਚਾਈ 'ਤੇ ਅਧਾਰਿਤ ਕੀਤੀ ਹੈ। 1984 ਦੇ ਦੰਗਿਆਂ ਦੀ ਵਿਆਖਿਆ ਪੜ੍ਹ ਦੇ ਮਨ ਕੀਰਨੇ ਪਾਉਣ ਲੱਗਦਾ ਹੈ। ਰਾਜਧਾਨੀ ਦਿੱਲੀ ਤੋਂ ਸ਼ੁਰੂ ਹੋਏ ਕਤਲ ਕਿਵੇਂ ਦਰਬਾਰ ਸਾਹਿਬ ਆ ਕੇ, ਸੁਖਾਵੇਂ ਹਾਲਾਤਾਂ ਨੂੰ ਘੋਰ ਦੁੱਖ ਵਿਚ ਬਦਲ ਦਿੰਦੇ ਹਨ। ਸਾਰੀ ਪ੍ਰਕਰਮਾ ਖ਼ੂਨ ਨਾਲ ਗੜੁੱਚ ਅਤੇ ਕੀਤੇ ਗਏ ਹਮਲਿਆਂ ਨੇ ਹਰਿਮੰਦਰ ਸਾਹਿਬ ਅੰਦਰ ਮੌਜੂਦ ਸੰਗਤ ਦੇ ਸਾਹ ਹੀ ਨਹੀਂ ਸੂਤੇ, ਬਲਕਿ ਉਥੇ ਤਾਂ ਬੇਗੁਨਾਹਾਂ ਦੀਆਂ ਦੀਆਂ ਲਾਸ਼ਾਂ ਦੇ ਢੇਰ ਵੀ ਲੱਗ ਗਏ ਸਨ। ਉਸ ਸਮੇਂ ਅੰਮ੍ਰਿਤਸਰ ਦੀ ਪਵਿੱਤਰ ਨਗਰੀ ਵਿਚ ਜੋ ਉਜਾੜਾ ਹੋਇਆ, ਉਸ ਦੇ ਹਾਲਾਤ ਲੇਖਕ ਵੱਲੋਂ ਇੰਜ ਬਿਆਨ ਕੀਤੇ ਗਏ ਹਨ, ਜਿਵੇਂ ਸਾਰੀ ਤਬਾਹੀ ਦਾ ਇਕ-ਇਕ ਦ੍ਰਿਸ਼ ਲੇਖਕ ਵੱਲੋਂ ਖ਼ੁਦ ਵੇਖਿਆ ਗਿਆ ਹੋਵੇ! ਲੇਖਕ ਨੇ ਨਾਵਲ ਦੀ ਵਿਧਾ ਇਸ ਢੰਗ ਨਾਲ ਉਲੀਕੀ ਹੈ ਕਿ ਜਿਵੇਂ ਇਸ ਸਮੁੱਚੇ ਨਾਵਲ ਵਿਚ ਦਰਦ ਹੀ ਦਰਦ ਸਮਾਇਆ ਹੋਇਆ ਹੈ। ਪ੍ਰੰਤੂ ਅੰਤ ਵਿਚ ਉਹ ਆਪਣੇ ਮਹਾਂਪੁਰਸ਼ਾਂ, ਗੁਰੂਆਂ ਦੇ ਜੀਵਨ ਕਾਲ ਦਾ ਵਰਨਣ ਕਰਕੇ, ਉਨ੍ਹਾਂ ਦੀਆਂ ਅਦੁੱਤੀ ਕੁਰਬਾਨੀਆਂ ਬਿਆਨ ਕਰ ਕੇ, ਸਭ ਦੇ ਜ਼ਖਮਾਂ 'ਤੇ ਮੱਲ੍ਹਮ ਲਾਉਂਦਾ ਹੈ।

ਨਾਵਲ ਵਿਚ ਪੇਂਡੂ ਸਮਾਜਜ, ਪਿੰਡ ਵਾਸੀਆਂ ਦੀਆਂ ਸਾਂਝਾਂ, ਆਪਸੀ ਪਿਆਰ ਅਤੇ ਇਕ ਦੂਜੇ ਤੋਂ ਕੁਰਬਾਨ ਹੋਣ ਦੀ ਭਾਵਨਾ ਨੂੰ ਬਹੁਤ ਤੀਖਣ ਰੂਪ ਵਿਚ ਰੂਪਮਾਨ ਕੀਤਾ ਗਿਆ ਹੈ। ਨਾਵਲ ਦੀ ਬੋਲੀ ਸਾਧਾਰਨ ਹੈ, ਪ੍ਰੰਤੂ ਸ਼ੈਲੀ ਬਹੁਤ ਹੀ ਪ੍ਰਭਾਵਸ਼ਾਲੀ ਹੈ। ਲੇਖਕ ਨੇ ਬੜੀ ਨਿੱਡਰਤਾ ਨਾਲ ਨਾਵਲ ਦੀ ਰਚਨਾ ਕੀਤੀ ਹੈ। ਅੰਮ੍ਰਿਤ ਦੀ ਅਦੁੱਤੀ ਸ਼ਕਤੀ ਦਾ ਬਿਆਨ ਬਾਖ਼ੂਬੀ ਕੀਤਾ ਗਿਆ ਹੈ। ਨਾਵਲ ਵਿਚ ਦਿਲਚਸਪੀ ਅਤੇ ਰੌਚਕਤਾ ਭਰਨ ਲਈ ਥਾਂ-ਥਾਂ 'ਤੇ ਮੁਹਾਵਰੇ ਇਸਤੇਮਾਲ ਕੀਤੇ ਗਏ ਹਨ। ਮੁਹਾਵਰੇ ਪੰਜਾਬੀ ਬੋਲੀ ਦੀ ਜਿੰਦ ਜਾਨ ਹੀ ਤਾਂ ਹੁੰਦੇ ਹਨ! 'ਬਾਰ੍ਹੀਂ ਕੋਹੀਂ ਬਲਦਾ ਦੀਵਾ' ਸਾਨੂੰ ਇਕ ਉਪਦੇਸ਼ ਇਹ ਵੀ ਦਿੰਦਾ ਹੈ ਕਿ ਗ਼ੁਲਾਮ ਕੌਮਾਂ ਦਾ ਕੋਈ ਰੌਸ਼ਨ ਭਵਿੱਖ ਨਹੀਂ ਹੁੰਦਾ। ਹਰ ਮਾਨੁੱਖ ਨੂੰ ਜ਼ੁਲਮ ਦਾ ਡਟ ਕੇ ਟਾਕਰਾ ਕਰਨਾ ਚਾਹੀਦਾ ਹੈ। ਬਹਾਦਰ ਯੋਧੇ ਦੀ ਤਰ੍ਹਾਂ 'ਕੱਟੀ' ਗਈ ਜ਼ਿੰਦਗੀ ਜਿੱਥੇ ਅਮਰ ਬਣਾਉਂਦੀ ਹੈ, ਉਥੇ ਆਉਣ ਵਾਲੀ ਪੀੜ੍ਹੀ ਲਈ ਰਾਹ ਦਸੇਰਾ ਵੀ ਬਣਦੀ ਹੈ। ਅੰਤ ਵਿਚ ਇਹ ਕਹਿਣਾ ਬਣਦਾ ਹੈ ਕਿ ਅਜੋਕੇ ਸਮੇਂ ਅਜਿਹਾ ਨਾਵਲ ਰਚਣਾ ਕੋਈ ਸੌਖਾ ਕੰਮ ਨਹੀ। ਬਹੁਪੱਖੀ, ਪ੍ਰਤਿਭਾਸ਼ਾਲੀ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਨੇ ਆਪਣੇ ਇਸ ਨਾਵਲ ਵਿਚਲੇ ਸਭ ਪਾਤਰਾਂ ਦੀ ਕਾਰਗੁਜ਼ਾਰੀ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈ ਹੈ। ਲੇਖਕ ਨੇ ਇਸ ਨਾਵਲ ਦੀ ਸਿਰਜਣਾ ਕਰਕੇ, ਇਕ ਵਾਰ ਮੁੜ ਆਪਣੀ ਕਲਮ ਦੀ ਪੁਖ਼ਤਗੀ ਦਾ ਠੋਸ ਪ੍ਰਮਾਣ ਪੇਸ਼ ਕੀਤਾ ਹੈ।

No comments: