ਲੇਖਕ: ਸ਼ਿਵਚਰਨ ਜੱਗੀ ਕੁੱਸਾ
ਮੁੱਖ-ਬੰਦ: ਤਨਦੀਪ ‘ਤਮੰਨਾ’
ਪ੍ਰਕਾਸ਼ਨ ਵਰ੍ਹਾ: 2008
ਪ੍ਰਕਾਸ਼ਕ: ਲਾਹੌਰ ਬੁੱਕ ਸ਼ਾਪ
ਸੀਮੋਨ ਵੇਅਲ ਨੇ ਲਿਖਿਆ ਹੈ ਕਿ ਕਲਪਨਾ ਤੇ ਫਿਕਸ਼ਨ ਸਾਡੀ ਜ਼ਿੰਦਗੀ ਦਾ ਹੀ ਤਿੰਨ ਚੌਥਾਈ ਹਿੱਸਾ ਹਨ। ਇੱਕ ਸਫ਼ਲ ਲੇਖਕ ਦੀ ਪ੍ਰਾਪਤੀ ਏਸੇ ਗੱਲ ਵਿੱਚ ਹੈ ਕਿ ਉਹ ਆਮ ਜ਼ਿੰਦਗੀ ‘ਚ ਵਾਪਰਦੀਆਂ ਘਟਨਾਵਾਂ ਅਤੇ ਕਲਪਨਾ ਦਾ ਆਪਣੀ ਮੁਹਾਰਤ ਨਾਲ਼ ਕਿਵੇਂ ਸੁਮੇਲ ਕਰਦਾ ਹੈ। ‘ਦ ਐਲਕੇਮਿਸਟ’ ਦੇ ਲੇਖਕ ਪਾਓਲੋ ਦੇ ਲਿਖਣ ਅਨੁਸਾਰ ਹਰ ਆਮ ਇਨਸਾਨ ਦੀ ਜ਼ਿੰਦਗੀ ਦੀ ਕਹਾਣੀ ਵੀ ਆਮ ਤੋਂ ਵੱਖਰੀ ਤੇ ਸ਼ਾਨਦਾਰ ਬਣ ਸਕਦੀ ਹੈ ਜੇਕਰ ਉਸਦੇ ਮਨ ਵਿੱਚ ਕੁੱਝ ਵੱਖਰਾ ਕਰਨ ਦੀ ਚਾਹ ਹੈ। ਇਹ ਰਾਹ ਚਾਹੇ ਸੌਖਾ ਨਹੀਂ ਪਰ ਸ਼ਿਵਚਰਨ ਜੱਗੀ ਕੁੱਸਾ ਰਾਤ ਨੇ ਆਪਣੇ-ਆਪ ਨੂੰ ਏਸੇ ਵੱਖਰੀ ਰਾਹ ਤੇ ਤੋਰਦਿਆਂ ਨੀਂਦ ‘ਚ ਆਉਂਦੇ ਸੁਪਨਿਆਂ ਨੂੰ ਆਪਣੀ ਕਲਮ ਦੀ ਜ਼ੁਬਾਨ ਬਖਸ਼ੀ ਹੈ ਏਸੇ ਕਰਕੇ ਓਹਦਾ ਨਾਵਲ ‘ਪੁਰਜਾ ਪੁਰਜਾ ਕਟਿ ਮਰੈ’ ਵੀ ਕਹਾਣੀ ਤੋਂ ਨਾਵਲ ਬਣ ਗਿਆ ਸੀ। ਸ਼ਾਇਦ ਏਸੇ ਸਫ਼ਰ ਕਰਕੇ ਉਸਦੀ ਕਲਮ ਪਾਰਸ ਬਣ ਗਈ ਹੈ ਤੇ ਉਸ ਕਲਮ ਦੀ ਕੁੱਖੋਂ ਜੰਮੇ ਸ਼ਬਦ ਸੁਨਹਿਰੇ ਨੇ।
ਜ਼ਿਲ੍ਹਾ ਮੋਗਾ ਦੇ ਪਿੰਡ ਕੁੱਸੇ ਵਿੱਚ ਪੈਦਾ ਹੋਇਆ ਸ਼ਿਵਚਰਨ ਪੱਚੀ ਸਾਲ ਖ਼ੂਬਸੂਰਤ ਦੇਸ਼ ਆਸਟਰੀਆ ‘ਚ ਬਿਤਾ ਕੇ ਅੱਜਕੱਲ੍ਹ ਇੰਗਲੈਂਡ ਰਹਿੰਦਾ ਹੈ। ਉਸ ਨਾ਼ਲ ਗੱਲ ਕਰਦਿਆਂ ਇੰਝ ਲੱਗਦਾ ਜਿਵੇਂ ਸਾਉਣ ਦੇ ਪਹਿਲੇ ਛਰਾਟੇ ਨਾ਼ਲ ਭਿੱਜ ਗਏ ਹੋਵੋ, ਜਿਵੇਂ ਕਾਗਜ਼ ਦੀਆਂ ਕਿਸ਼ਤੀਆਂ ਮੀਂਹ ਦਾ ਪਾਣੀ ਛੱਡ ਸਮੁੰਦਰ ਵੱਲ ਤੁਰ ਪਈਆਂ ਹੋਣ, ਜਿਵੇਂ ਹਵਾ ਨੇ ਫੁੱਲਾਂ ਤੋਂ ਖ਼ੁਸ਼ਬੂ ਚੁਰਾ ਕੇ ਚਾਰੇ ਪਾਸੇ ਬਿਖੇਰ ਦਿੱਤੀ ਹੋਵੇ, ਜਿਵੇਂ ਰਾਧਾ ਸ਼ਿਆਮ ਦੀ ਬੰਸਰੀ ਦੀ ਤਾਨ ਤੇ ਮੰਤਰ-ਮੁਗਧ ਹੋ ਨੱਚ ਉੱਠੀ ਹੋਵੇ। ਸੀਤ ਰੁੱਤੇ ਕੋਸੀ-ਕੋਸੀ ਧੁੱਪ ਵਰਗਾ ਦੋਸਤ ਸ਼ਿਵਚਰਨ, ਦੋਸਤੀ ਦੇ ਬਾ਼ਲੇ ਇੱਕ ਦੀਵੇ ਨੂੰ ਸੂਰਜ ਬਣ ਦਿੰਦਾ ਹੈ, ਤੁਹਾਡੀ ਇੱਕ ਸਤਰ ਤੋਂ ਸ਼ੁਰੂ ਕੀਤੀ ਦੋਸਤੀ ਦੇ ਹਰਫ਼ਾਂ ਨੂੰ ਅਰਥ ਦੇ ਕੇ ਪੂਰਾ ਨਾਵਲ ਬਣਾ ਤੁਹਾਨੂੰ ਮੋੜਦਾ ਹੈ, ਤੁਹਾਡੇ ਬਿਨ੍ਹਾ ਜਾਣੇ, ਤੁਹਾਡਾ ਨਾਮ ਨਾਵਲ ਦੀ ਭੂਮਿਕਾ ਜਾਂ ਅੰਤਿਕਾ ‘ਚ ਕਿਤੇ ਜ਼ਰੂਰ ਦਰਜ ਕਰ ਜਾਦਾ ਹੈ। ਪੁੰਨਿਆ ਦੇ ਚੰਦ ਨੂੰ ਲੁਕੋਈ ਬੈਠੀ ਹਨ੍ਹੇਰੀ ਕੰਦਰਾ ਦੇ ਬਾਹਰ ਤੁਹਾਡੇ ਨਾਮ ਦੇ ਨੀਲੇ, ਗੁਲਾਬੀ ਫੁੱਲ ਲਾ ਤੁਹਾਨੂੰ ਖ਼ੁਸ਼ਆਮਦੀਦ ਕਹਿ ਕੇ ਮਾਣ ਮਹਿਸੂਸ ਕਰਦਾ ਹੈ। ਯਾਰ-ਦੋਸਤ ਉਸਨੂੰ ਬੜੇ ਅਜ਼ੀਜ਼ ਨੇ, ਕਵੀ ਆਸੀ ਦੇ ਲਿਖਣ ਮੁਤਾਬਿਕ:
ਡੀਕ ਸਕਦਾ ਹਾਂ
ਕਈ ਸਮੁੰਦਰ
ਪੰਜਿਆਂ ‘ਚ ਲੈ ਕੇ ਉੱਡ ਜਾਵਾਂ
ਧਰਤੀ ਵਰਗੇ ਕਈ ਗ੍ਰਹਿ
ਮੈਂ ਚੀਰ ਜਾਵਾਂਗਾ ਹਰ ਕਾਲਖ਼
ਆਖਰੀ ਸੂਰਜ ਦੀ ਖਾਤਿਰ
ਪਰ ਤੂੰ ਇੱਕ ਵਾਰ ਤਾਂ ਕਹਿ
“..ਤੂੰ ਮੁਹੱਬਤ ਖਾਤਿਰ
ਐਨਾ ਕੁ ਵੀ ਉੱਡ ਸਕਦੈਂ..”
ਬਹੁਤੀ ਵਾਰ ਓਹ ਤੁਹਾਨੂੰ ਫਿਲਮ ‘ਕਾਸਟ ਅਵੇਅ’ ਦੇ ਨਾਇਕ ਟੌਮ ਹੈਂਕਸ ਦੀ ਤਰ੍ਹਾਂ ਸਮੁੰਦਰ ‘ਚ ਘਿਰੇ ਟਾਪੂ ਤੇ ਬੈਠਾ ਇਕੱਲਾ ਬਨਵਾਸ ਕੱਟਦਾ ਮਹਿਸੂਸ ਹੋਵੇਗਾ, ਕਦੇ ਤੁਰ-ਤੁਰ ਕੇ ਥੱਕਿਆ ਲੱਗੇਗਾ, ਕਦੇ ਬ੍ਰਹਿਮੰਡ ਦੇ ਇੱਕ ਟੁਕੜੇ ਨੂੰ ਆਪਣੇ ਅਨੁਸਾਰ ਸਿਰਜਦਾ ਦੁਮੇ਼ਲ ਵੱਲ ਜਾਂਦਾ ਅਣਥੱਕ ਪ੍ਰਤੀਤ ਹੋਵੇਗਾ, ਕਦੇ ਦੁਨਿਆਵੀ ਬੰਧਨ ਤੋੜ ਆਲ੍ਹਣਾ ਛੱਡ ਜਾਣ ਦੀ ਗੱਲ ਕਰੇਗਾ, ਪਰ ਅਗਲੇ ਹੀ ਪਲ ਬੋਟਾਂ ਦਾ ਫ਼ਿਕਰ ਕਰ ਆਦਰਸ਼ਾਂ ਤੇ ਮਰਿਆਦਾਵਾਂ ਨਿਭਾਉਂਣ ਦੀ ਹਾਮੀ ਭਰੇਗਾ , ਕਦੇ ਕਿਸੇ ਦਰੱਖਤ ਥੱਲੇ ਸਮਾਧੀ ਲਾ ਕੇ ਬਹਿਣ ਦਾ ਤੇ ਕਦੇ ਸ਼ਾਂਤਮਈ ਝੀਲ ਦੇ ਪਾਣੀ ‘ਚ ਗੀਟੀ ਮਾਰ ਹਲਚਲ ਪੈਦਾ ਕਰ, ਸ਼ੂਕਦੇ ਸਮੁੰਦਰ ‘ਚ ਲਹਿ ਜਾਣ ਦਾ ਸੁਝਾਅ ਦੇਵੇਗਾ । ਨਾਵਲਾਂ, ਕਹਾਣੀਆਂ , ਲੇਖਾਂ ‘ਚ ਸਮਾਜ ਤੇ ਪਾਤਰਾਂ ਦੀ ਸ਼ਖ਼ਸੀਅਤ ਦਾ ਹਰ ਪੱਖ ਉਭਾਰਨ ਵਾਲ਼ਾ ਕਈ-ਕਈ ਦਿਨ ਕਿਸੇ ਵਿਸ਼ੇ ਨੂੰ ਛੂਹੇਗਾ ਨਹੀਂ, ਪਰ ਜੇ ਤੁਸੀਂ ਕਹੋਂ ਤਾਂ ਨਾਵਲ ਦੇ ਚਾਰ-ਪੰਜ ਕਾਂਡ ਇਕੱਠੇ ਲਿਖ ਧਰੇਗਾ । ਪੇਂਡੂ ਭਾਸ਼ਾ ਤੇ ਹਾਸ-ਵਿਅੰਗ ਦੇ ਟੋਟਕਿਆਂ ਜਿਵੇਂ “...ਛੱਡ ਗਾਉਂਣ ਦਾ ਖਹਿੜਾ ਕੀ ਚਮਕੀਲਾ ਬਣਜੇਂਗਾ..” ਨਾ਼ਲ ਗੱਲਬਾਤ ਤੇ ਲਿਖਤਾਂ ‘ਚ ਰੰਗ ਭਰਨ ਵਾਲ਼ਾ ਸ਼ਿਵਚਰਨ, ਅਸਲ ਵਿੱਚ ਦਾਰਸ਼ਨਿਕ ਸੋਚ ਦਾ ਧਾਰਨੀ ਹੈ। ਗ਼ਜ਼ਲ ਉਸਦੇ ਸਿਰ ਉੱਤੋਂ ਜਹਾਜ਼ ਵਾਂਗ ਲੰਘ ਜਾਂਦੀ ਹੈ, ਕਵਿਤਾ ਉਹ ਭਾਵਨਾ ਦੇ ਵਹਿਣ ‘ਚ ਆ ਕੇ ਲਿਖਦਾ ਹੈ, ਵਾਰਤਕ ਨੂੰ ਹੱਡਾ-ਰੋੜੀ ਦਾ ਰਸਤਾ ਦੱਸਦਾ ਹੈ।
‘ਜੱਟ ਵੱਢਿਆ ਬੋਹੜ ਦੀ ਛਾਵੇਂ’ ਤੋਂ ਨਾਵਲਾਂ ਦਾ ਸਫ਼ਰ ਸ਼ੁਰੂ ਕਰਕੇ ਨਾਵਲ ‘ਹਾਜੀ ਲੋਕ ਮੱਕੇ ਵੱਲ ਜਾਂਦੇ’ ਉਸਦਾ ਸੋਲ਼ਵਾ ਨਾਵਲ ਹੈ। ਮੁੱਖ ਪਾਤਰ ਹਰਦੇਵ ਦਾ ਗ਼ੈਰ-ਕਾਨੂੰਨੀ ਢੰਗ ਨਾਲ਼ ਬਾਹਰ ਚਲੇ ਜਾਣਾ, ਪ੍ਰੀਤੋ ਦਾ ਬਾਬਰ ਨਾਲ਼ ਵਿਆਹ ਤੋਂ ਬਾਅਦ ਵਿਧਵਾ ਹੋ ਜਾਣਾ, ਹਰਦੇਵ ਦਾ ਇੰਗਲੈਂਡ ‘ਚ ਸੈੱਟ ਹੋ ਕੇ ਵੀ ਖਾਲੀ ਹੱਥ ਪਰਤ ਆਉਂਣਾ...ਤੇ ਅੰਤ ਬਾਬਾ ਬੁੱਲ੍ਹੇ ਸ਼ਾਹ ਦੀ ਕਾਫੀ ਅਨੁਸਾਰ ‘ਮੇਰਾ ਰਾਂਝਣ ਮਾਹੀ ਮੱਕਾ’ ਦੇ ਅਨੁਸਾਰ ਨਾਵਲ ਦੀ ਸਮਾਪਤੀ ਬੇਹੱਦ ਪ੍ਰਭਾਵਸ਼ਾਲੀ ਤੇ ਖ਼ੂਬਸੂਰਤ ਹੈ।
ਨਾਵਲ ‘ਹਾਜੀ ਲੋਕ ਮੱਕੇ ਵੱਲ ਜਾਂਦੇ’ ਦੀ ਸ਼ੁਰੂਆਤ ਬਹੁਤ ਹੀ ਭਾਵਪੂਰਣ ਹੈ। ਜਦੋਂ ਮੁੱਖ ਪਾਤਰ, ਹਰਦੇਵ, ਜੋ ਕਿ ਨੌਜਵਾਨ ਵਰਗ ਦੀ ਸੋਚ ਦੀ ਤਰਜ਼ਮਾਨੀ ਕਰਦੈ, ਵਰ੍ਹਿਆਂ ਬਾਅਦ ਪਿੰਡ ਪਰਤ ਕੇ ਆਉਂਦਾ ਹੈ, ਤਾਂ ਸ਼ਿਵਚਰਨ ਦੇ ਅਤਿ ਖ਼ੂਬਸੂਰਤ ਸ਼ਬਦ ਮੱਲੋ-ਮੱਲੀ ਪਰਦੇਸੀਂ ਬੈਠੇ ਪਾਠਕਾਂ ਦੀਆਂ ਅੱਖੀਆਂ ਨਮ ਕਰ ਜਾਂਦੇ ਨੇ । ਮੈਂ ਖ਼ੁਦ ਦੂਜੀ ਵਾਰ ਨਾਵਲ ਪੜ੍ਹਦੀ ਵੀ ਆਪਣੀਆਂ ਅੱਖੀਆਂ ਦੀਆਂ ਨਦੀਆਂ ਨੂੰ ਵਹਿਣੋਂ ਰੋਕ ਨਾ ਸਕੀ। ਦੁਨੀਆਂ ਨੂੰ ਅਲਵਿਦਾ ਕਹਿ ਚੁੱਕੀ ਮਾਂ ਨੂੰ ਚੇਤੇ ਕਰਦਿਆਂ ਹਰਦੇਵ ਦੇ ਪਾਤਰ ‘ਚੋਂ ਸ਼ਿਵਚਰਨ ਦਾ ਆਪਾ ਝਲਕਦਾ ਹੈ।
ਲੇਖਕ ਦੇ ਨਾਵਲਾਂ ਵਿਚਲੇ ਸਰੀਰਕ ਰਿਸ਼ਤਿਆਂ ਦਾ ਚਿਤ੍ਰਣ, ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਤੇ ਹੁੰਦੇ ਜ਼ੁਲਮਾਂ, ਧੀ ਨੂੰ ਪੁੱਤ ਦੇ ਬਰਾਬਰ ਦਰਜਾ ਨਾ ਮਿਲ਼ਣਾ, ਮਾਂ ਦੇ ਮਰਨ ਤੋਂ ਬਾਅਦ ਪ੍ਰੀਤੋ ਦਾ ਪੇਕੇ ਪਿੰਡੋਂ ਸਾਂਝ ਖ਼ਤਮ ਹੋ ਜਾਣੀ, ਧੀਆਂ ਪ੍ਰਤੀ ਸਮਾਜ ਦੀ ਅਣਗਹਿਲੀ ਤੇ ਬੇਰੁਖ਼ੀ ਦਾ ਕੋਝਾ ਰੂਪ ਪਾਠਕਾਂ ਸਾਹਮਣੇ ਲਿਆਉਂਦਾ ਹੈ। ਸ਼ਿਵਚਰਨ ਖੁੱਲ੍ਹ ਕੇ ਲਿਖਣ ਵਾਲ਼ਾ ਨਿਡਰ ਲੇਖਕ ਹੈ ।ਸਰੀਰਕ ਰਿਸ਼ਤਿਆਂ ਦੀ ਸੱਚਾਈ ਬਿਆਨ ਕਰਦਿਆਂ ਝਿਜਕਦਾ ਨਹੀਂ ਤੇ ਆਮ ਬੋਲ-ਚਾਲ ਦੀ ਭਾਸ਼ਾ ‘ਚ ਗਾਲ਼੍ਹਾਂ ਦਾ ਬੇਬਾਕੀ ਨਾਲ਼ ਜ਼ਿਕਰ ਕਰਦਾ ਹੈ।
ਗ਼ੈਰ-ਕਾਨੂੰਨੀ ਢੰਗ ਨਾਲ਼ ਹਰਦੇਵ ਦਾ ਪਹਿਲਾਂ ਗਰੀਸ ਫੇਰ ਆਸਟਰੀਆ ਚਲੇ ਜਾਣਾ, ਠੰਢੇ ਮੌਸਮ ਦਾ ਵਰਣਨ ਆਤਮਾ ਨੂੰ ਵਿਲਕਣ ਤੇ ਮਜਬੂਰ ਕਰ ਦਿੰਦਾ ਹੈ।ਬੇਗਾਨਾ ਮੁਲਕ, ਬੇਗਾਨੀ ਭਾਸ਼ਾ, ਕਹਿਰ ਦੀ ਠੰਢ.. ਇਹ ਕਾਂਡ ਪੜ੍ਹਦਿਆਂ ਇੰਝ ਲੱਗਾ ਜਿਵੇਂ ਮੈਂ ਖ਼ੁਦ ਕਿਸੇ ਗਲੇਸ਼ੀਅਰ ਹੇਠ ਦੱਬੀ ਗਈ ਹੋਵਾਂ, ਜਿੱਥੇ ਪਰਦੇਸੀਂ ਕਮਾਈਆਂ ਕਰਨ ਆਏ ਸਰਵਣ ਪੁੱਤਾਂ ਦੀਆਂ ਭੇਦ-ਭਰੀਆਂ ਸ਼ੱਕੀ ਹਾਲਤਾਂ ‘ਚ ਗੁੰਮ ਹੋਣ ਦਾ ਰਾਜ਼ ਕਦੇ ਵੀ ਨਹੀਂ ਲੱਭ ਸਕਿਆ ਤੇ ਉਹਨਾਂ ਦੀ ਯਾਦ ‘ਚ ਜ਼ਿਹਨ ‘ਚ ਧੀਮੇ-ਧੀਮੇ ਜਲ਼ਦੇ ਚਰਾਗਾਂ ‘ਚ ਤੇਲ ਪਾਉਂਣ ਵਾਲ਼ੇ ਵੀ ਪਤਾ ਨਹੀਂ ਕਦੋਂ ਜਹਾਨੋਂ ਕੂਚ ਕਰ ਗਏ । ਯੌਰਪ ਵਿੱਚ ਪੱਕੇ ਹੋਣ ਖਾਤਿਰ ਬਿਨ੍ਹਾਂ ਕਾਗਜ਼-ਪੱਤਰਾਂ ਦੇ ਰੈਸਟੋਰੈਂਟਾਂ ਤੇ ਪੀਜ਼ਾ ਸਟੋਰਾਂ ਤੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਮੁੰਡਿਆਂ ਦਾ ਜ਼ਿਕਰ ਬੜੇ ਸਵਾਲ ਖੜ੍ਹੇ ਕਰਦਾ ਹੈ। ਹਰਦੇਵ ਦੀ ਅਪੀਲ ਫੇਲ੍ਹ ਹੋ ਜਾਣੀ ਤੇ ਇੰਡੀਆ ਡਿਪੋਰਟ ਹੋ ਕੇ ਆਉਂਣਾ, ਫੇਰ ਆਪਣੇ ਤੋਂ ਕਿਤੇ ਵੱਡੀ ਉਮਰ ਦੀ ਮੀਤੀ ਨਾਲ਼ ਵਿਆਹ ਤੇ ਪੱਕੇ ਹੋਣ ਤੋਂ ਬਾਅਦ ਮੀਤੀ ਨਾ਼ਲ ਤਲਾਕ ਤੇ ਫੇਰ ਆਪਣੇ ਤੋਂ ਵੱਧ ਪੜ੍ਹੀ-ਲਿਖੀ, ਧਨਾਢ ਪਿਓ ਦੀ ਲਾਡਲੀ ਦੀਪ ਨਾਲ਼ ਵਿਆਹ...ਸਭ ਸਮਾਜ ਦੇ ਮੱਥੇ ਤੇ ਦਗ਼ਦੇ ਹੋਏ ਸਵਾਲ ਤੇ ਉੱਚੜ-ਉੱਚੜ ਪੈਂਦੇ ਨਾਸੂਰ ਹਨ।
ਅਖੌਤੀ ਬਾਬਿਆਂ ਦੀ ਸ਼ਿਵਚਰਨ ਰੱਜ ਕੇ ਮੁਖ਼ਾਲਫ਼ਤ ਕਰਦਾ ਹੈ। ਔਲਾਦ ਦੀ ਝਾਕ ‘ਚ ਭਟਕਦੀ ਮੀਤੀ ਦਾ ਇੱਕ ਬਾਬੇ ਵੱਲੋਂ ਕੀਤਾ ਜਾਂਦਾ ਸਰੀਰਕ ਸ਼ੋਸ਼ਣ, ਤਿੰਨ ਬੱਚਿਆਂ ਦੇ ਬਾਪ 53 ਸਾਲਾ ਬਰਾੜ ਨਾਲ਼ ਕੈਨੇਡਾ ਸੈੱਟ ਹੋਣ ਦੇ ਲਾਲਚ ਇੱਕ ਹੋਰ ਜੁਆਨ ਕੁੜੀ ਸੀਤਲ ਦਾ ਮਾਂ ਬਣਨ ਦੇ ਹੱਕ ਦਾ ਬੱਚੇਦਾਨੀ ਕਢਵਾ ਕੇ ਨਿਰਾਦਰ ਕਰਨਾ.....ਨਿੱਤ ਨਵੇਂ ਆਕਾਸ਼ ਖੋਜਣ ਵਾਲ਼ਿਆਂ ਦੀ ਸੋਚ ਤੇ ਕਰਾਰੀ ਚੋਟ ਨਹੀਂ ਤਾਂ ਹੋਰ ਕੀ ਹੈ? ਮੈਂ ਸੋਚਦੀ ਹਾਂ ਕਿ ਇੱਕ ਕੁੱਖ ਸੁੰਞੀ ਹੋਣ ਕਰਕੇ ਵੱਸ ਨਹੀਂ ਸਕੀ ਤੇ ਦੂਸਰੀ ਕੈਨੇਡਾ ਵੱਸਣ ਖਾਤਿਰ ਕੁੱਖ ਦੀ ਕੁਰਬਾਨੀ ਦੇ ਦਿੰਦੀ ਹੈ।
ਹਰਦੇਵ ਦਾ ਦੀਪ ਨਾਲ਼ ਵਿਆਹ ਕਰਕੇ ਧੋਖਾ ਖਾਣਾ, ਸੀਤਲ ਦਾ ਕੈਨੇਡਾ ਜਾ ਕੇ ਬਰਾੜ ਦੇ ਟੱਬਰ ਦੀ ਨੌਕਰਾਣੀ ਬਣਕੇ ਰਹਿ ਜਾਣਾ, ਤੇ ਕੀੜੇਮਾਰ ਦਵਾਈ ਨਾਲ਼ ਸੀਤਲ ਤੇ ਉਸਦੀ ਮਾਂ ਦਾ ਸ਼ਰਮੋ-ਸ਼ਰਮੀਂ ਮਰ ਜਾਣਾ, ਹਰਦੇਵ ਦਾ ਪ੍ਰੀਤੋ ਨਾ਼ਲ ਵਿਆਹ ਨਾਵਲ ਦੀ ਕਹਾਣੀ ਹਰੇਕ ਪਾਤਰ ਤੇ ਉਹਨਾਂ ਨਾ਼ਲ ਜੁੜੀਆਂ ਘਟਨਾਵਾਂ ਤੇ ਪਾਠਕਾਂ ਦੀਆਂ ਭਾਵਨਾਵਾਂ ਨਾ਼ਲ ਪੂਰਾ-ਪੂਰਾ ਨਿਆਂ ਕਰਦੀ ਹੈ। ਕਹਾਣੀ ਨੂੰ ਸਮਾਜਿਕ ਰੰਗਾਂ ‘ਚ ਰੰਗਦਾ ਹੋਇਆ ਲੇਖਕ, ਅਧਿਆਤਮਕ ਛੋਹਾਂ ਵੀ ਦੇ ਜਾਂਦੈ, ਜਦੋਂ ਹਰਦੇਵ ਪ੍ਰੀਤੋ ਨੂੰ ਅੰਮਿ੍ਤ ਛਕ ਕੇ ਗੁਰੂ ਦੇ ਲੜ ਲੱਗਣ ਨੂੰ ਆਖਦਾ ਹੈ। ਨਾਵਲ ਦਾ ਨਾਂ ਵੀ ਕਹਾਣੀ ਤੇ ਉਸ ਨਾਲ਼ ਸਬੰਧਿਤ ਆਖਰੀ ਕਾਂਡ ਨਾਲ਼ ਪੂਰਾ-ਪੂਰਾ ਨਿਆਂ ਕਰਦਾ ਹੈ1 ਪੰਜਾਹਾਂ ਤੋਂ ਟੱਪੇ ਹਰਦੇਵ ਨੂੰ ਅੰਤ ਪ੍ਰੀਤੋ ਦੇ ਨਾ਼ਲ ਬਾਕੀ ਉਮਰ ਕੱਟਣ ਦਾ ਖ਼ਿਆਲ ਹੀ ਸੌ ਮੱਕਿਆਂ ਦਾ ਹੱਜ ਹੈ। ਸ਼ਿਵਚਰਨ ਦੇ ਕਹਿਣ ਮੁਤਾਬਿਕ ਲੇਖਕ ਤਾਂ ਸਿਰਫ਼ ਸ਼ੁਰੂਆਤ ਕਰਦਾ ਹੈ, ਬਾਅਦ ‘ਚ ਪਾਤਰ ਆਪ ਕਹਾਣੀ ਨੂੰ ਅੱਗੇ ਤੋਰਦੇ ਹਨ।
ਕਿਤੇ ਪੜ੍ਹਿਆ ਸੀ ਕਿ ਜਿਵੇਂ ਕਿਸੇ ਅਜਾਇਬ ਘਰ੍ਹ ‘ਚ ਰੱਖਿਆ ਜਹਾਜ਼, ਜਹਾਜ਼ ਨਹੀਂ ਅਖਵਾ ਸਕਦਾ, ਓਸੇ ਤਰ੍ਹਾਂ ਓਹ ਲੇਖਕ ਨਹੀਂ ਜੋ ਕਿਸੇ ਦੇਸ਼ ਦਾ ਵਾਸੀ ਨਹੀਂ ਤੇ ਓਸ ਦੇਸ਼ ਨੂੰ ਤੇ ਓਥੋਂ ਦੀ ਭਾਸ਼ਾ ਨੂੰ ਪਿਆਰ ਨਹੀਂ ਕਰਦਾ ਤੇ ਜਿਸ ਲੇਖਕ ਦੀ ਭਾਸ਼ਾ ਤੇ ਮੁਹਾਰਤ ਨਹੀਂ, ਓਹ ਓਸ ਪਾਗਲ ਇਨਸਾਨ ਦੀ ਤਰ੍ਹਾਂ ਹੈ, ਜੋ ਤੇਜ਼ ਵਹਿੰਦੀ ਨਦੀ ‘ਚ ਕੁੱਦ ਤਾਂ ਪੈਂਦਾ ਹੈ, ਪਰ ਉਸਨੂੰ ਤੈਰਨਾ ਨਹੀਂ ਆਉਂਦਾ।
ਸ਼ਿਵਚਰਨ ਦੀ ਠੇਠ ਪੰਜਾਬੀ ਪੇਂਡੂ ਮਲਵਈ ਭਾਸ਼ਾ ਤੇ ਬੇਮਿਸਾਲ ਮੁਹਾਰਤ ਦਾ ਸਬੂਤ ਉਸਦੀਆਂ ਲਿਖਤਾਂ ਹਨ। ਆਪਣੇ ਨਾਵਲਾਂ ਵਿੱਚ ਜਿੱਥੇ ਓਹ ਪਾਠਕਾਂ ਦੇ ਸੁਆਦ ਲਈ ਗਰਮਾ-ਗਰਮ ਕੌਫੀ ਤਿਆਰ ਕਰਦੈ, ਓਥੇ ਉਸ ਵਿੱਚ ਜ਼ਾਇਕੇ ਲਈ ਦਾਲ਼ਚੀਨੀ ਪਾਊਡਰ ਵੀ ਪਾਉਂਣਾ ਨਹੀਂ ਭੁੱਲਦਾ। ਨਾਵਲ ਵਿਚਲੀ ਖੁੰਢ ਚਰਚਾ ਪੀੜ੍ਹੀਆਂ ਦਰਮਿਆਨ ਪੁ਼ਲ ਦਾ ਕੰਮ ਕਰਦੀ ਹੈ ਅਤੇ ਜਿੱਥੇ ਸਮਾਜਿਕ ਕੁਰੀਤੀਆਂ ਦਾ ਭਾਂਡਾ ਭੰਨਦੀ, ਓਥੇ ਹੀ ਚਲੰਤ ਰਾਜਨੀਤੀ ਤੇ ਵੀ ਚੋਟ ਕਰਦੀ, ਮਹਿਕ ਭਰੀ ਪੌਣ ਦੀ ਤਰ੍ਹਾਂ ਪੇਂਡੂ ਮਲਵਈ ਭਾਸ਼ਾ ਦਾ ਸੁਆਦ ਤੇ ਸੰਦੇਸ਼ ਲੈ ਕੇ ਆਉਂਦੀ ਹੈ। ਗੁਰਬਾਣੀ ‘ਚੋਂ ਢੁੱਕਵੀਆਂ ਉਦਾਹਰਣਾਂ ਵੀ ਨਾਵਲ ‘ਚ ਖ਼ੂਬ ਮਿਲ਼ਦੀਆਂ ਹਨ।
No comments:
Post a Comment