ਕਿਤਾਬ: ਸੂਰਜ ਦੇ ਨਾਲ਼ ਨਾਲ਼ ( ਨਿਬੰਧ-ਸੰਗ੍ਰਹਿ)
ਪ੍ਰਕਾਸ਼ਨ ਵਰ੍ਹਾ: 2009
ਰੀਵਿਊਕਾਰ: ਰੋਜ਼ੀ ਸਿੰਘ
ਸਾਹਿਤ ਵਿੱਚ ਜਿਥੇ ਯਥਾਰਥਵਾਦ, ਅਧਿਆਤਮਕ ਪੱਖਾਂ ਨੂੰ ਢੁਕਵੀਂ ਜਗ੍ਹਾ ਦਿੱਤੀ ਗਈ ਹੈ, ਉਥੇ ਦਾਰਸ਼ਨਿਕਤਾ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਸਵਸਥ ਤੇ ਸਿਹਤਮੰਦ ਸਾਹਿਤ, ਗਿਆਨ ਦਾ ਸਭ ਤੋਂ ਵੱਡਾ ਸ੍ਰੋਤ ਵੀ ਸਾਬਤ ਹੁੰਦਾ ਹੈ। ਇਸ ਖੇਤਰ ਵਿੱਚ ਪਿਛਲੇ ਸਮੇਂ ਤੋਂ ਖਾਸੀ ਨਵੀਨਤਾ ਆਈ ਹੈ ਅਤੇ ਬਹੁਤ ਸਾਰੇ ਨਵੇਂ ਤਜ਼ਰਬਿਆਂ ਦੇ ਦਵਾਰ ਵੀ ਖੁੱਲ੍ਹੇ ਹਨ। ਸਿਹਤਮੰਦ ਸਾਹਿਤ ਰਚਿਆ ਗਿਆ ਹੈ ਅਤੇ ਪਾਠਕ ਵਰਗ ਦਾ ਘੇਰਾ ਵੀ ਵਿਸ਼ਾਲ ਹੋਇਆ ਹੈ। ਨਵੀਆਂ ਤਕਨੀਕਾਂ ਅਤੇ ਖੋਜਾਂ ਨੇ ਪਾਠਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਅਜਿਹੇ ਸਮੇਂ ਵਿੱਚ ਖਾਸੇ ਲੇਖਕ ਇੰਟਰਨੈਟ, ਅਖਬਾਰਾਂ, ਰਸਾਲਿਆਂ ਆਦਿ ਜਰੀਏ ਆਪਣੀਆਂ ਸਹਿਤਕ ਕਿਰਤਾਂ ਨਾਲ ਸਾਹਿਤ ਜਗਤ ਵਿੱਚ ਆਪਣੀ ਪਹਿਚਾਣ ਬਣਾਉਂਣ ਵਿੱਚ ਕਾਮਯਾਬ ਹੋਏ ਹਨ। ਜਿਨ੍ਹਾਂ ਵਿੱਚੋਂ ਇੱਕ ਚਰਚਿਤ ਨਾਮ ਗੁਰਪ੍ਰਤਾਪ ਸਿੰਘ ਕਾਹਲੋਂ ਦਾ ਹੈ।
----
ਗੁਰਪ੍ਰਤਾਪ ਜਿੰਦਗੀ ਦੀਆਂ ਤਲਖ਼ ਹਕੀਕਤਾਂ ਤੋਂ ਨਾ ਸਿਰਫ਼ ਚੰਗੀ ਤਰ੍ਹਾਂ ਵਾਕਿਫ਼ ਰਿਹਾ ਹੈ ਸਗੋਂ ਉਸਨੇ ਇਹਨਾਂ ਪ੍ਰਸਥਿਤੀਆਂ ਵਿਚੋਂ ਲੰਘ ਕੇ ਆਪਣੇ ਲਈ ਰਾਹ ਪੱਧਰਾ ਕੀਤਾ ਹੈ। ਉਸ ਵਿੱਚ ਸ਼ਾਉਰ, ਸਿੱਧਕ ਤੇ ਸਿਰੜ ਦਾ ਮਾਦਾ ਭਰਿਆ ਪਿਆ ਹੈ। ਉਸ ਦੀਆਂ ਰਚਨਾਵਾਂ ਹਯਾਤ ਦੇ ਗੁੰਝਲਦਾਰ ਜੰਗਲਾਂ ਵਿੱਚੋਂ ਲੰਘਦਿਆਂ ਹੰਢਾਏ ਸਹਿਮ ਅਤੇ ਡਰ ਦਾ ਇੰਨ–ਬਿੰਨ ਅਹਿਸਾਸ ਕਰਵਾਉਂਦੀਆਂ ਹਨ। ਕਾਲਜ ਅਤੇ ਯੂਨੀਵਰਸਿਟੀ ਦੀ ਚਹਿਲ ਪਹਿਲ ਵਾਲੀ ਜਿੰਦਗੀ ਤੋਂ ਲੈ ਕੇ ਹਨੇਰੀਆਂ ਅਤੇ ਡਰਾਉਂਣੀਆਂ ਰਾਹਾਂ ਤੱਕ ਦਾ ਸਫ਼ਰ ਉਸਦੀ ਹਯਾਤ ਵਿੱਚ ਭਰਿਆ ਪਿਆ ਹੈ ਜੋ ਉਸਦੀਆਂ ਰਚਨਾਵਾਂ ਵਿੱਚ ਵੀ ਸ਼ਾਮਿਲ ਹੈ।
----
ਗੁਰਪ੍ਰਤਾਪ ਦੀਆਂ ਰਚਨਾਵਾਂ ਦਰਸ਼ਨ ਸ਼ਾਸਤਰ ਵਾਂਗ ਜਿੰਦਗੀ ਦੀ ਸੱਚਾਈ ਨੂੰ ਹਕੀਕਤ ਵਿੱਚ ਪੇਸ਼ ਕਰਦੀਆਂ ਹਨ। ਬੌਧਿਕ ਪੱਖ ਤੋਂ ਉਸ ਦੀਆਂ ਕਈਂ ਰਚਨਾਵਾਂ ਵਿਦਿਆਰਥੀ ਵਰਗ ਲਈ ਡਾਢੀਆਂ ਫਾਇਦੇਮੰਦ ਵੀ ਹਨ। ਜਿੰਦਗੀ ਵਿੱਚ ਵਿਦਿਆਰਥੀ ਬਣ ਕੇ ਵਿਚਰਣਾ, ਸਿੱਖਣ ਦੀ ਖਾਹਿਸ਼ ਰੱਖਣਾ, ਤੇ ਹਮੇਸਾਂ ਮੌਸਸਮਾਂ ਦੀ ਬਹਾਰ ਨੂੰ ਮਾਨਣਾ ਬੋਧਿਕ ਤੇ ਵਿਕਸਿਤ ਦਿਮਾਗ ਦਾ ਕਾਰਜ ਹੈ ।
----
ਗੁਰਪ੍ਰਤਾਪ ਨੇ ਕੁਦਰਤ ਨੂੰ ਬਹੁਤ ਨੇੜੇ ਤੋਂ ਮਾਣਿਆ ਹੈ। ਉਹ ਬਨਾਉਟੀ ਤੇ ਨਕਲੀ ਜ਼ਿੰਦਗੀ ਨੂੰ ਪਛਾੜ ਕੇ ਕੁਦਰਦ ਦੇ ਸੁਹੱਪਣ ਸੰਗ ਬਿਤਾਈ ਹਯਾਤ ਦੀ ਹਾਮੀ ਭਰਦਾ ਹੈ। ਕੁਦਰਤ ਦੇ ਨਜ਼ਾਰਿਆਂ ਤੇ ਕੁਦਰਤ ਦੀ ਸਾਇੰਸ ਦਾ ਪ੍ਰਸੰਗਿਤ ਗਿਆਨ ਉਸਦੀਆਂ ਰਚਨਾਵਾਂ ਵਿੱਚ ਥਾਂ ਥਾਂ ਤੇ ਹਾਜਿਰ ਨਜ਼ਰ ਆਉਂਦਾ ਹੈ। ਜ਼ਿੰਦਗੀ ਦੇ ਬਦਲਦੇ ਸੰਮੀਕਰਣ, ਸਮਾਜਿਕ ਤੇ ਆਰਥਿਕ ਉਤਾਰ–ਚੜਾਅ, ਰਿਸ਼ਤਿਆਂ ਵਿੱਚ ਪੈ ਰਹੀਆਂ ਦਰਾੜਾਂ ਦਾ ਦੁਖਦਾਈ ਵਿਮੋਚਣ ਰਚਨਾਵਾਂ ਦੇ ਸਮਾਜਿਕ ਪਹਿਲੂਆਂ ਨੂੰ ਵੀ ਉਜਾਗਰ ਕਰਦੈ ਅਤੇ ਬਦਲਾਵ ਦੀ ਚੇਸ਼ਟਾ ਵੀ ਕਿਧਰੇ ਸਮੋਈ ਬੈਠੀ ਲਗਦੀ ਹੈ। ਰਚਨਾਵਾਂ ਪੜ੍ਹਦੇ ਸਮੇ ਕਈ ਵਾਰ ਇੰਝ ਲਗਦੈ ਕੇ ਬੰਦਾ ਸਮਾਧੀ ਵਿੱਚ ਚਲਾ ਜਾਵੇ। ਉਸਨੂੰ ਜੀਵਨ ਦੇ ਰਹੱਸਮਈ ਫਲਸਫੇ ਦਾ ਡੂੰਘਾ ਗਿਆਨ ਹੈ। ਰੁਹਾਨੀ ਅਨੁਭਵ ਤੋਂ ਇਲਾਵਾ ਉਸਨੂੰ ਜੀਵਨ ਦੇ ਦਾਰਸ਼ਨਿਕ ਪਹਿਲੂਆਂ ਬਾਰੇ ਵੀ ਖਾਸੀ ਜਾਣਕਾਰੀ ਹੈ। ਉਹ ਜੀਵਨ ਨੂੰ ਰਹੱਸਮਈ ਨਾ ਸਮਝ ਕੇ ਤਰਕ ਅਤੇ ਹਕੀਕਤ ਦੀ ਕਸੋਟੀ ਤੇ ਪਰਖ ਸਕਣ ਦੇ ਕਾਬਿਲ ਹੈ।
----
ਕਿਸੇ ਵੀ ਹੁਨਰ ਦਾ ਹੋਣਾ ਕਲਾ ਅਖਵਾਉਂਦਾ ਹੈ ਤੇ ਇਸ ਕਲਾ ਵਿੱਚ ਨਿਪੁੰਨ ਹੋਣਾ ਉਸਦੀ ਸਿਖ਼ਰ ਨੂੰ ਪ੍ਰਾਪਤ ਕਰਨਾ ਓਨਾਂ ਹੀ ਔਖਾ ਕਾਰਜ ਹੈ ਜਿੰਨਾ ਅਸਾਨ ਕਹਿ ਲੈਣਾ। ਮੰਜਿਲਾਂ ਅਸਾਨ ਤਾਂ ਹੀ ਬਣਦੀਆਂ ਹਨ ਜੇਕਰ ਕਾਹਲ ਨੂੰ ਮਨਫ਼ੀ ਕਰਕੇ ਸਲੀਕੇ ਅਤੇ ਵਿਉਂਤਬੰਦੀ ਨਾਲ ਵਿਚਰਿਆ ਜਾਵੇ। ਗੁਰਪ੍ਰਤਾਪ ਇੱਕ ਅਜਿਹੀ ਰੂਹ ਹੈ ਜਿਸਦੀ ਮੰਜ਼ਿਲ ਵੀ ਸੂਰਜ ਹੈ, ਪਰ ਉਹ ਉਸਦੇ ਨਾਲ਼ ਨਾਲ਼ ਵੀ ਚੱਲਣਾ ਲੋਚਦੈ, ਭਾਵੇਂ ਕਿ ਤਪਸ਼ ਦੀ ਹੋਂਦ ਤੀਬਰ ਹੋਣ ਕਾਰਨ ਉਸਦੇ ਪੈਰਾਂ ਵਿੱਚ ਛਾਲੇ ਅਦ੍ਰਿਸ਼ ਹਨ ਪਰ ਆਪਣੇ ਮਿਥੇ ਉਦੇਸ਼ਾਂ ਦੀ ਪ੍ਰਾਪਤੀ ਲਈ ਉਹ ਹਰ ਚੁਣੌਤੀ ਦਾ ਸਾਹਮਣਾ ਕਰਨ ਲਈ ਤਤਪਰ ਦਿਖਾਈ ਦਿੰਦਾ ਹੈ। ਉਸਦੀ ਇਛਾ ਨਾ ਸਿਰਫ਼ ਜ਼ਿੰਦਗੀ ਨੂੰ ਮੁਸਾਫ਼ਰ ਬਣ ਕੇ ਮਾਨਣ ਦੀ ਹੈ ਸਗੋਂ ਇਸ ਤੋਂ ਵੀ ਵੱਧ ਜ਼ਿੰਦਗੀ ਦੀ ਰਾਮ ਲੀਲਾ ਨੂੰ ਰਾਮ ਬਣ ਕੇ ਵੇਖਣ ਤੱਕ ਦੀ ਹੈ। ਉਸਦੀਆਂ ਕਈ ਰਚਨਾਵਾਂ ਵਿੱਚ ਸੁਹਜਨਾਤਮਿਕ, ਰਮਜ਼ਾਂ ਦੀ ਵੀ ਭਰਮਾਰ ਹੈ। ਸੁਹਜ ਤੇ ਸਲੀਕੇ ਦੀ ਧਾਰਨਾ ਜੀਵਨ ਦਾ ਅਧਾਰ ਬਣ ਕੇ ਖੁਸ਼ੀ ਤੇ ਸ਼ਾਂਤੀ ਦੀ ਪ੍ਰੀਤਕ ਬਣਦੀ ਹੈ।
----
ਗੁਰਪ੍ਰਤਾਪ ਇਸ ਧਾਰਨਾ ਦਾ ਵੀ ਹਾਮੀ ਹੈ ਕਿ ਪਿਆਰ ਵਿੱਚ ਸਫ਼ਲ ਰਹਿਣ ਨਾਲ ਕਦੀ ਕਵਿਤਾਵਾਂ ਨਹੀਂ ਰਚੀਆਂ ਜਾ ਸਕਦੀਆਂ ਸਗੋਂ ਨਾਕਾਮ ਪਿਆਰ ਹੀ ਕਹਾਣੀਆਂ ਦਾ ਰੂਪ ਧਾਰਦਾ ਹੈ ਅਤੇ ਇਤਿਹਾਸ ਦਾ ਹਿੱਸਾ ਬਣਦਾ ਹੈ। ਉਸਦੀਆਂ ਰਚਨਾਵਾਂ ਵਿੱਚ ਪਿਆਰ ਦੀ ਨਕਾਮੀ ਦਾ ਜ਼ਿਕਰ ਤੇ ਹੈ ਹੀ ਨਾਲ ਹੀ ਸੁਖਤ ਮਿਲਾਪ ਤੇ ਦੁਖਦਾਈ ਵਿਛੋੜਿਆਂ ਦਾ ਮਿਲਿਆ ਜੁਲਿਆ ਪ੍ਰਤੀਕਰਮ ਵੀ ਸ਼ਾਮਿਲ ਹੈ। ਇਸ਼ਕ ਨੂੰ ਰੱਜ ਕੇ ਨਾ ਹੰਢਾ ਸਕਣ ਦਾ ਪਛਤਾਵਾ, ਮਹਿਬੂਬ ਦਾ ਨਾ ਮੁੱਕਣ ਵਾਲਾ ਇੰਤਜਾਰ ਉਸਦੀਆਂ ਅੱਖਾਂ ਤੋਂ ਇਲਾਵਾ ਉਸਦੀਆਂ ਰਚਨਾਵਾਂ ਵਿੱਚ ਵੀ ਮੌਜੂਦ ਹੈ।
----
ਸੂਰਜ ਦੇ ਨਾਲ ਨਾਲ ਗੁਰਪ੍ਰਤਾਪ ਦਾ ਪਹਿਲਾ ਨਿਬੰਧ/ਲੇਖ ਸੰਗ੍ਰਹਿ ਹੈ, ਜਿਸ ਵਿੱਚ ਪਾਠਕਾਂ ਨੂੰ ਜੀਵਨ ਦੇ ਹਰ ਪਹਿਲੂ ਤੇ ਜਾਣਕਾਰੀ ਭਰਪੂਰ ਲਿਖਤਾਂ ਦੇ ਰੂ-ਬ-ਰੂ ਹੋਣ ਦਾ ਮੌਕਾ ਮਿਲੇਗਾ। ਮੈਂ ਇਸ ਹਥਲੀ ਕਿਤਾਬ ਦੇ ਸਹਿਤ ਜਗਤ ਵਿੱਚ ਸਮੂਲ ਹੋਣ ਤੇ ਨਿਹਾਇਤ ਖੁਸ਼ੀ ਮਹਿਸੂਸ ਕਰਦਾਂ, ਤੇ ਸਮੂਹ ਪਾਠਕਾਂ ਵੱਲੋਂ ਨਿੱਘਾ ਇਸਤਕਬਾਲ ਵੀ ਕਰਦਾਂ, ਤੇ ਨਾਲ ਹੀ ਇਹ ਦੁਵਾਵਾਂ ਵੀ ਕਰਦਾਂ ਕੇ ਸੂਰਜ ਦੇ ਨਾਲ ਨਾਲ ਤੁਰਨ ਦਾ ਜਿਹੜਾ ਉੱਦਮ ਗੁਰਪ੍ਰਤਾਪ ਸਿੰਘ ਕਾਹਲੋਂ ਨੇ ਕੀਤੈ, ਇਸ ਵਿੱਚ ਉਹ ਕਦੇ ਥੱਕੇ ਨਾ ਅਤੇ ਆਪਣੇ ਮਿਥੇ ਉਦੇਸ਼ਾਂ ਦੀ ਪ੍ਰਾਪਤੀ ਲਈ ਦਿਨ ਰਾਤ ਮਿਹਨਤ ਕਰਦਾ ਰਹੇ ਅਤੇ ਮਿਆਰੀ ਲਿਖਤਾਂ ਪਾਠਕਾਂ ਦੀ ਝੋਲ਼ੀ ਪਾਉਂਦਾ ਰਹੇ। ਆਮੀਨ……!!
No comments:
Post a Comment