ਲੇਖਕ: ਸੁਖਿੰਦਰ
ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਇੰਡੀਆ
ਪ੍ਰਕਾਸ਼ਨ ਵਰ੍ਹਾ: 2008
ਕੀਮਤ: 10 ਡਾਲਰ
ਰਿਵੀਊਕਾਰ: ਡਾ. ਦਵਿੰਦਰ ਸਿੰਘ ਬੋਹਾ
ਗੰਭੀਰ ਚਿੰਤਨ ਭਰਪੂਰ ਸ਼ਾਇਰੀ :ਗਲੋਬਲੀਕਰਨ
ਵਿਸ਼ਵੀਕਰਨ ਸਾਡੇ ਸਮਿਆਂ ਦਾ ਅਜਿਹਾ ਖੂੰਖਾਰ ਵਰਤਾਰਾ ਸਿੱਧ ਹੋਇਆ ਹੈ, ਜਿਸ ਨੇ ਮਨੁੱਖੀ ਜੀਵਨ ਦੇ ਹਰੇਕ ਖੇਤਰ ਨੂੰ ਬੜੀ ਤੇਜ਼ੀ ਨਾਲ ਆਪਣੇ ਕਲਾਵੇ ‘ਚ ਸਮੇਟਦਿਆਂ ਮਨੁੱਖੀ ਹੋਂਦ ਲਈ ਨਵੇਂ ਖਤਰੇ ਸਹੇੜੇ ਹਨ। ਖੇਤੀ, ਉਦਯੋਗ, ਸਿਖਿਆ, ਸਿਹਤ, ਰਾਜਨੀਤੀ, ਭਾਸ਼ਾ, ਸਮਾਜ, ਸਭਿਆਚਾਰ ਆਦਿ ਸਭ ਵਰਤਾਰੇ ਇਸ ਦੇ ਜਬਾੜ੍ਹਿਆਂ ਹੇਠ ਆਏ ਚੀਥੜੇ-ਚੀਥੜੇ ਦਿਖਾਈ ਦਿੰਦੇ ਹਨ।
ਚਿੰਤਨਸ਼ੀਲ ਅਤੇ ਸੰਵੇਦਨਸ਼ੀਲ ਧਿਰਾਂ ਵੱਲੋਂ ਅਜਿਹੇ ਮਾਹੌਲ ਅੰਦਰ ਹਾਸ਼ੀਆਕ੍ਰਿਤ ਹੋ ਰਹੇ ਮਨੁੱਖ, ਸੱਭਿਆਚਾਰ, ਭਾਸ਼ਾ, ਸਮਾਜਿਕ ਕਦਰਾਂ-ਕੀਮਤਾਂ ਪ੍ਰਤੀ ਆਪਣੀ ਫਿਕਰਮੰਦੀ ਪੱਖੋਂ ਵਧੇਰੇ ਗੰਭੀਰ ਚਿੰਤਨੀ ਸੁਰ ਅਪਣਾਈ ਗਈ ਹੈ। ਇਸ ਪਰਿਪੇਖ ਵਿੱਚ ਹੀ ਆਪਣੀ ਗੱਲ ਕਰਦਾ ਸੁਖਿੰਦਰ ਆਪਣੀ ਕਾਵਿ ਪੁਸਤਕ ‘ਗਲੋਬਲੀਕਰਨ’ ਅੰਦਰ ਆਪਣੇ ਸਮਕਾਲੀ ਵਰਤਾਰਿਆਂ ਬਾਰੇ ਵਧੇਰੇ ਸੰਜੀਦਾ ਅਤੇ ਗੰਭੀਰ ਵਿਚਾਰਾਂ ਕਰਦਾ ਤੇ ਅਰਥ ਭਰਪੂਰ ਟਿੱਪਣੀਆਂ ਕਰਦਾ ਹੈ।
----
ਆਵਾਸ-ਪਰਵਾਸ ਦੀ ਧਰਤੀ ‘ਤੇ ਰਹਿੰਦਿਆਂ ਵਧੇਰੇ ਪਦਾਰਥਕ ਸੁੱਖ-ਸਹੂਲਤਾਂ ਮਾਨਣ ਪੱਖੋਂ ਸੁਖਿੰਦਰ ਦੇ ਵਿਅਕਤੀਤਵ ਅਤੇ ਸ਼ਾਇਰੀ ਦੀ ਇਹ ਵਿਲੱਖਣਤਾ ਰਹੀ ਹੈ ਕਿ ਇਹ ਸਮਕਾਲ ਪ੍ਰਤੀ ਵਧੇਰੇ ਚੇਤੰਨ ਹੈ। ਉਸ ਨੇ ਆਪਣੀ ਸ਼ਾਇਰੀ ਅੰਦਰ ਆਪਣੇ ਸਮਾਜਿਕ ਆਲੇ-ਦੁਆਲੇ ਅਤੇ ਆਮ ਮਨੁੱਖ ਦੀ ਦਿਨੋ-ਦਿਨ ਨਿੱਘਰਦੀ ਹੋਂਦ ਬਾਰੇ ਵਧੇਰੇ ਫਿਕਰਮੰਦੀ ਦਾ ਇਜ਼ਹਾਰ ਕੀਤਾ ਹੈ। ਸੁਖਿੰਦਰ ਦੇ ਹਥਲੇ ਕਾਵਿ-ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਦੇ ਵਸਤੂ-ਵਿਧਾਨ ਰਾਹੀਂ ਵਿਸ਼ਵੀਕਰਨ ਦੇ ਦੌਰ ‘ਚ ਮਨੁੱਖ ਦੀ ਖੰਡਿਤ ਆਧੁਨਿਕਤਾ, ਉਪਰਾਮਤਾ, ਸਮਾਜਿਕ, ਆਰਥਿਕ ਨਾ-ਬਰਾਬਰੀ, ਸਭਿਆਚਾਰਕ ਪ੍ਰਦੂਸ਼ਨ, ਜੰਗਾਂ, ਯੁੱਧਾਂ, ਔਰਤ ਨੂੰ ਸਿਰਫ਼ ਭੋਗਣ ਦੀ ਵਸਤੂ ਸਮਝਣਾ, ਦੇਹਵਾਦੀ ਕਾਮੁਕ ਰੁਚੀਆਂ ਦਾ ਵਿਸਥਾਰ ਆਦਿ ਬਾਰੇ ਦਬੰਗ ਹੋ ਕੇ ਕਹਿਣਾ ਹੈ। ਉਸ ਦੀ ਕਲਮ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਸਮਕਾਲੀ ਵਰਤਾਰਿਆਂ ਨਾਲ ਖਹਿੰਦੀ, ਧੁਰ ਜੜ੍ਹ ਤੱਕ ਜਾਂਦੀ ਹੈ। ਵੱਡੀ ਗੱਲ ਇਹ ਹੈ ਕਿ ਉਹ ਵਿਸ਼ਵੀਕਰਨ ਦੇ ਨਿਕਲਣ ਵਾਲੇ ਗ਼ੈਰ-ਮਾਨਵੀ ਸਿੱਟਿਆਂ ਦਾ ਸੁਨੇਹਾ ਸਿਰਜਦੀ ਪਾਠਕ ਨੂੰ ਚੁਕੰਨਿਆਂ ਕਰਦੀ ਹੈ। ਗਲੋਬਲੀਕਰਨ ਕਾਰਨ ਪ੍ਰਭਾਵਿਤ ਹੋ ਰਿਹਾ ਅਰਥਚਾਰਾ, ਸਮਾਜਿਕ ਤਬਦੀਲੀਆਂ, ਸਭਿਆਚਾਰਕ ਵਿਗਾੜਾਂ ਬਾਰੇ ਉਸ ਦੀ ਸ਼ਾਇਰੀ ਭਾਰਤੀ ਪਿੰਡੇ ‘ਤੇ ਪੈ ਰਹੇ ਇਸ ਦੇ ਹਨੇਰਿਆਂ ਨੂੰ ਬਾਰੀਕੀ ਨਾਲ ਟੋਂਹਦੀ ਹੈ:
ਮੈਂ ਲੱਭ ਰਿਹਾ ਹਾਂ
ਗਲੋਬਲੀਕਰਨ ਦੇ ਮਖੌਟੇ ਪਿੱਛੇ
ਛੁਪੀ ਹੋਈ ਅਸਲੀਅਤ ਨੂੰ
ਜੋ ਮੈਨੂੰ ਦੱਸ ਸਕੇ-
ਆਰਥਿਕ ਤਰੱਕੀ ਦੇ ਨਾਂ ਉੱਤੇ
ਲੋਕਾਂ ਨੂੰ
ਕਿਉਂ ਉਜਾੜਿਆ ਜਾ ਰਿਹਾ....
ਡਾਲਰਾਂ ਦੀ ਅੰਨ੍ਹੀ ਦੌੜ
ਰਿਸ਼ਤਿਆਂ ਦਾ ਕਿਉਂ
ਕਤਲ ਕਰ ਰਹੀ ਹੈ
ਰਾਜਨੀਤੀ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ
ਨਿੱਤ ਕਿਉਂ ਡੂੰਘੀ ਧੱਸਦੀ ਜਾ ਰਹੀ
----
ਆਵਾਸ-ਪਰਵਾਸ ਦੇ ਮਨੁੱਖੀ ਜੀਵਨ ਦਾ ਹਰੇਕ ਵਰਤਾਰਾ ਉਸ ਦੀ ਕਵਿਤਾ ‘ਚ ਮਾਨਵੀ ਸਰੋਕਾਰਾਂ ਦੀ ਪੈਰਵਾਈ ਕਰਦਾ ਮਨੁੱਖ ਦੋਖੀ ਵਰਤਾਰਿਆਂ ਨੂੰ ਆੜੇ ਹੱਥੀਂ ਲੈਂਦਾ ਹੈ। ਪੰਜਾਬੀ ਖਾਲਸਾਈ ਸਭਿਆਚਾਰ ਤੇ ਪੱਛਮੀਕਰਨ ਦੇ ਮਿਕਸ ਕਲਚਰ ਅਤੇ ਪੰਜ ਦਰਿਆਵਾਂ ਤੋਂ ਘਟ ਕੇ ਹੋਏ ਅੱਧੇ ਅਤੇ ਅਪੰਗ ਪੰਜਾਬ ਬਾਰੇ ਆਪਣੀ ਕਲਮ ਦਾ ਸੁਨੇਹਾ ਲੋਕਾਈ ਦੇ ਨਾਂ ਕਰਦਾ ਹੈ। ਇਸ ਦਾ ਗੌਲਣਯੋਗ ਪੱਖ ਇਹ ਵੀ ਹੈ ਕਿ ਉਹ ਸਿੱਧੀ ਦਖ਼ਲ-ਅੰਦਾਜ਼ੀ ਦੀ ਥਾਂ ਆਪਣੇ ਕਾਵਿਕ ਮੁਹਾਵਰੇ ਰਾਹੀਂ ਚਿੰਤਨ-ਮੰਥਨ ਕਰਦਾ ਵਧੇਰੇ ਸੰਜੀਦਾ ਦਿਖਾਈ ਦਿੰਦਾ ਹੈ:
ਜਦੋਂ ਸੱਤ ਦਰਿਆਵਾਂ ਤੋਂ ਘੱਟ ਕੇ ਢਾਈ ਦਰਿਆਵਾਂ ਦੇ
ਰਹਿ ਗਏ ਪੰਜਾਬ ਵਿੱਚ, ਕੁਰੱਪਟ ਰਾਜਨੀਤਕ ਨੇਤਾ
ਲੋਕ ਮਸਲਿਆਂ ਨੂੰ ਆਧਾਰ ਬਣਾ ਕੇ ਵੋਟਾਂ ਮੰਗਣ ਦੀ ਥਾਂ
ਭੋਲੇ-ਭਾਲੇ ਲੋਕਾਂ ਨੂੰ ਅਫੀਮ, ਚਰਸ, ਭੰਗ, ਸ਼ਰਾਬ ਦੇ
ਗੱਫ਼ੇ ਵਰਤਾ ਕੇ ਤਾਕਤ ਵਿੱਚ ਆਉਣ ਦੇ ਯਤਨ ਕਰਦੇ ਹਨ
----
ਦੇਖਿਆ ਜਾਵੇ ਤਾਂ ਗਲੋਬਲੀਕਰਨ ਸੰਸਾਰ ਦੇ ਇੱਕ ਪਿੰਡ ਹੋਣ ਦਾ ਨਾਂ ਨਹੀਂ ਹੈ। ਅਸਲੀਅਤ ਦੀ ਪਛਾਣ ਦੇ ਪਰਦੇ ਚਾਕ ਕਰਦੀ ਸੁਖਿੰਦਰ ਦੀ ਸ਼ਾਇਰੀ ਇਸ ਨੂੰ ਤਕੜੇ ਮਾੜੇ ਦੀ ਲੁੱਟ ਵਿੱਚ ਵੰਡ ਕੇ ਦੇਖਦੀ ਹੈ। ਅੱਜ ਵਿਸ਼ਵੀਕਰਨ ਦੇ ਨਾਂਅ ਹੇਠ ਸਮੁੱਚਾ ਸੰਸਾਰ ਛੋਟੇ-ਵੱਡੇ ਯੁੱਧਾਂ ਦਾ ਅਖਾੜਾ ਹੈ। ਇਸ ਦੇ ਲੁਕਵੇਂ ਸੱਚ ਦਾ ਅਹਿਮ ਪਹਿਲੂ ਇਹ ਹੈ ਕਿ ਇਸ ਦੇ ਅਗਵਾਈ ਕਰਤਾ ਦੇਸ਼ ਖ਼ੁਦ ਆਪ ਅਨੇਕਾਂ ਅੰਦਰੂਨੀ-ਬਾਹਰੀ ਖ਼ਾਨਾ-ਜੰਗੀ ਵਿੱਚ ਘਿਰੇ ਦਿਖਾਈ ਦਿੰਦੇ ਹਨ। ਮਾਨਵ ਭਲਾਈ ਕਾਰਜ ਵਜੋਂ ਇਸ ਸ਼ਾਇਰੀ ਦਾ ਹੋਕਾ ਜਿੱਥੇ ਸੰਸਾਰ ਪੱਧਰ ‘ਤੇ ਅਮਨ ਤੇ ਖੁਸ਼ਹਾਲੀ ਲਈ ਹੈ, ਉੱਥੇ ਆਧੁਨਿਕਤਾ ਦੇ ਵਰਕਾਂ ਵਿੱਚ ਲਿਪਟੀ ਅਖੌਤੀ ਜ਼ਿੰਦਗੀ ਜੀਵਨ ਜਿਊਣ ਜਾਚ ਖ਼ਿਲਾਫ਼ ਇਹ ਸੱਚ ਦਾ ਸੁਨੇਹਾ ਇੰਝ ਸਿਰਜਦੀ ਹੈ :
ਨਵੇਂ ਯੁਗ ਦੇ ਵਰਕਾਂ ਵਿੱਚ ਲਿਪਟੀ
ਪਰਾ-ਆਧੁਨਿਕ ਸ਼ਬਦਾਵਲੀ ਦੇ ਖਚਰੇਪਣ ਨੇ
ਗੰਧਲੇ ਕਰ ਦਿੱਤੇ ਨੇ
ਸਾਡੀ ਚੇਤਨਾ ਵਿੱਚ ਵਗ ਰਹੇ
ਨਿਰਮਲ ਪਾਣੀਆਂ ਦੇ ਝਰਨੇ
----
ਗਲੈਮਰ ਦੀ ਇਸ ਦੁਨੀਆਂ ਅੰਦਰ ਆਮ ਵਿਅਕਤੀ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ. ਸਾਮਰਾਜੀ ਜੁੰਡਲੀ ਵੱਲੋਂ ਮਨੁੱਖੀ ਜਿਉਂਣ ਦੇ ਸਲੀਕੇ, ਪਹਿਰਾਵੇ, ਭਾਸ਼ਾ, ਸਭਿਆਚਾਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮਨੁੱਖ ਅੰਦਰਲੀ ਮਨਫ਼ੀ ਹੋਈ ਮਾਨਵਤਾ ਪਦਾਰਥਕ ਲਾਲਸਾਵਾਂ ਵਿੱਚ ਗੁੰਮ ਰਹੀ ਹੈ। ਮਨੁੱਖ ਨੂੰ ਝੂਠ, ਫਰੇਬ, ਧੋਖੇ, ਦੰਗੇ, ਠੱਗੀ ਦੇ ਨਵੇਂ ਸਬਕ ਸਿਖਾਏ ਜਾ ਰਹੇ ਹਨ। ਗਲੋਬਲੀਕਰਨ ਦੀਆਂ ਅਜਿਹੀਆਂ ਦੇਣਾਂ ਬਾਰੇ ਸੁਖਿੰਦਰ ਆਪਣੀ ਸ਼ਾਇਰੀ ਰਾਹੀਂ ਬੇਬਾਕ ਟਿੱਪਣੀਆਂ ਕਰਦਾ ਹੈ :
ਗਲੋਬਲੀਕਰਨ
ਦੁਨੀਆਂ ਦੇ ਕੋਨੇ-ਕੋਨੇ ਵਿੱਚ
ਟੈਲੀਵੀਜ਼ਨ ਦੀਆਂ ਸਕਰੀਨਾਂ ਰਾਹੀਂ
ਜ਼ਿੰਦਗੀ
ਜਿਉਂਣ ਦੇ ਢੰਗਾਂ ਦੇ
ਝੂਠੇ ਸੁਪਨੇ ਦਿਖਾਉਣ ਦਾ
ਪ੍ਰਪੰਚ ਰਚ, ਰਾਤੋ ਰਾਤ
ਅਮੀਰ ਬਣਨ ਦੇ ਨੁਸਖ਼ੇ ਵੇਚਣ ਦਾ
ਜੋ ਸਿਲਸਿਲਾ ਸ਼ੁਰੂ ਕੀਤਾ ਹੈ
ਉਸ ਦੀ ਚਕਾਚੋਂਧ ਦੇ ਪਿੱਛੇ
ਪਿੱਛੇ ਲੱਗੀ ਅੰਨ੍ਹੀ ਦੌੜ ਵਿੱਚ
ਅਰਬੀ ਘੋੜਿਆਂ ਵਾਂਗੂੰ ਸਰਪਟ
ਦੌੜ ਰਹੇ ਨੇ ਲੋਕੀਂ
----
ਜੀ-7 ਮੁਲਕਾਂ ਦੀ ਇਹ ਕੋਝੀ ਚਾਲ ਹੈ ਕਿ ਵਿਸ਼ਵ ਇੱਕ ਪਿੰਡ ਦੇ ਨਾਅਰੇ ਹੇਠ ਸਮੁੱਚੀ ਮਨੁੱਖਤਾ ਲਈ ਆਜ਼ਾਦੀ ਦਾ ਧੁਨ ਰਾਗ ਅਲਾਪਿਆ ਜਾਵੇ। ਦੁਨੀਆਂ ਦੇ ਸਮਾਜਿਕ ਧਰਾਤਲ ‘ਤੇ ਕਿਸੇ ਕਿਸਮ ਦੀ ਕੋਈ ਭਾਸ਼ਾ, ਧਰਮ, ਜਾਤੀ, ਸਭਿਆਚਾਰਕ ਬਿਖੇੜਾ ਨਾ ਰਹੇ। ਪਰ ਵਿਸ਼ਵ ਚਿੱਤਰਪਟ ‘ਤੇ ਇੱਕੋ ਭਾਸ਼ਾ, ਸਭਿਆਚਾਰ ਬੌਧਿਕਤਾ ਦੀ ਗੁਲਾਮੀ ਦੀਆਂ ਨਵੀਆਂ ਅਲਾਮਤਾਂ ਇੱਕੋ ਜਿਹਾ ਖਾਣ-ਪੀਣ, ਭਾਸ਼ਾ ਪੱਖੋਂ ਮਨੁੱਖ ਨੂੰ ਇੱਕ ਕਰਨਾ ਬਸਤੀਵਾਦੀ ਲੁੱਟ-ਖਸੁੱਟ ਨੂੰ ਸਾਮਰਾਜੀ ਸੁਭਾਅ ਅਨੁਸਾਰੀ ਨਵੀਆਂ ਜ਼ਰਬਾਂ ਦੇਣ ਪੱਖੋਂ ਵਿਸ਼ਵ ‘ਤੇ ਆਪਣਾ ਏਕਾਧਿਕਾਰ ਜਮਾਉਣਾ ਹੈ। ਇੰਟਰਨੈੱਟ ਰਾਹੀਂ ਮਨੁੱਖੀ ਰਿਸ਼ਤਿਆਂ ਦਾ ਨਵਾਂ ਜਾਲ, ਤਕਨੀਕ ਪੱਖੋਂ ਮਨੁੱਖ ਨੂੰ ਮਨੁੱਖ ਦੇ ਨੇੜੇ ਕਰਦਿਆਂ ਮਨੁੱਖੀ ਦਿਮਾਗ਼ਾਂ ਨੂੰ ਉਲਟਾ ਗੇੜ ਵੀ ਦੇਣਾ ਹੈ। ਮਨੁੱਖ ਨੂੰ ਸੁਹਜ-ਸੁਆਦ ਦੇ ਭਰਮ-ਜਾਲ ਵਿੱਚ ਫਸਾਉਂਦਿਆਂ ਮਨੁੱਖੀ ਸੋਚ ਤਰਕ ਦੇ ਬੂਹਿਆਂ ਨੂੰ ਭੇੜਨਾ ਹੈ। ਜੀ-7 ਮੁਲਕਾਂ ਵੱਲੋਂ ਤੀਸਰੀ ਦੁਨੀਆਂ ਦੇ ਮੁਲਕਾਂ ਉੱਪਰ ਨਵੀਂ ਸੰਸਕ੍ਰਿਤੀ, ਭਾਸ਼ਾ, ਸਭਿਆਚਾਰ, ਸਾਹਿਤ, ਸਮਾਜਿਕ ਨੈਤਿਕ-ਕਦਰਾਂ ਪੱਖੋਂ ਵਿਸ਼ਵੀਕਰਨ ਦੀ ਨਵੀਂ ਛਤਰੀ ਤਾਣ ਕੇ ਜਿਸ ਤਰ੍ਹਾਂ ਇਨ੍ਹਾਂ ਨੂੰ ਲੁੱਟਿਆ ਪੁੱਟਿਆ ਜਾ ਰਿਹਾ ਹੈ, ਇਹ ਸਾਡੇ ਸਮਿਆਂ ਦੀ ਸਭ ਤੋਂ ਤ੍ਰਾਸਦਿਕ ਹੋਣੀ ਦਾ ਵਰਤਾਰਾ ਹੈ। ਏਸੇ ਕਰਕੇ ਸੁਖਿੰਦਰ ਆਪਣੀ ਸ਼ਾਇਰੀ ਵਿੱਚ ਇਸ ਨੂੰ ਆਪਣੇ ਸਮਿਆਂ ਦਾ ਸਭ ਤੋਂ ਦਰਿੰਦਗੀ ਭਰਪੂਰ ਹਾਦਸਾ ਕਰਾਰ ਦਿੰਦਾ ਹੈ:
ਮਨੁੱਖੀ ਇਤਿਹਾਸ ਵਿੱਚ ਵਾਪਰੇ
ਦਰਿੰਦਗੀ ਦੇ,
ਇਹ ਸ਼ਰਮਨਾਕ ਹਾਦਸੇ
ਸਾਡੇ ਮੱਥਿਆਂ ਵਿੱਚ,
ਸਦਾ ਹੀ ਨਾਸੂਰ ਬਣ ਕੇ
ਰਿਸਦੇ ਰਹਿਣਗੇ
----
ਨਿਸ਼ਕਰਸ਼ ਪੱਖੋਂ ਆਖਿਆ ਜਾ ਸਕਦਾ ਹੈ ਕਿ ਸੁਖਿੰਦਰ ‘ਵਿਸ਼ਵੀਕਰਨ’ ਦੀਆਂ ਕਾਲੀਆਂ ਰਾਤਾਂ ਦੇ ਪਾਏ ਲੰਮੇਰੇ ਹਨੇਰਿਆਂ ਦਾ ਵਧੇਰੇ ਗਹਿਰਾਈ ਤੋਂ ਅਨੁਭਵ ਕਰਦਾ ਹੈ। ਥਾਂ-ਥਾਂ ਇਸ ਤੋਂ ਖ਼ਬਰਦਾਰ ਕਰਦਾ ਉਹ ਲੋਕਾਈ ਨੂੰ ਆਪਣੀ ਘੂਕੀ ਤਿਆਗਣ ਅਤੇ ਇਸ ਦੇ ਪਾਏ ਜਾ ਰਹੇ ਹਨੇਰਿਆਂ ਵਿਰੁੱਧ ਜੂਝਣ ਦੀ ਗੱਲ ਕਰਦਾ ਹੈ:
ਚਲੋ : ਆਪਣੀ ਘੂਕੀ ‘ਚੋਂ ਜਾਗੀਏ
ਚਲੋ : ਸਮੇਂ ਦੀਆਂ ਹਕੀਕਤਾਂ ਨੂੰ ਪਹਿਚਾਣੀਏ
ਚਲੋ : ਆਪਣੀ ਸੋਚ ਉੱਤੇ ਪਈ ਸਮਿਆਂ ਦੀ ਧੂੜ ਧੋ ਦੇਈਏ
ਚਲੋ : ਦੋ ਮੂੰਹੇਂ ਸੱਪਾਂ ਦੇ ਚਿਹਰਿਆਂ ਤੋਂ ਮਖੌਟੇ ਲਾਹ ਆਈਏ !
*************************************
No comments:
Post a Comment