ਲੇਖਕ: ਦਵਿੰਦਰ ਪੂਨੀਆ
ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ, ਇੰਡੀਆ
ਪ੍ਰਕਾਸ਼ਨ ਵਰ੍ਹਾ: 2009
ਕੀਮਤ: 100 ਰੁਪਏ
ਰਿਵੀਊਕਾਰ : ਦੀਪ ਨਿਰਮੋਹੀ
ਬਦਲਦੀਆਂ ਪ੍ਰਸਥਿਤੀਆਂ ਦਾ ਕਾਵਿ-ਰੁਪਾਂਤਰਣ: ਕੀ ਗ਼ਲਤ ਹੈ, ਕੀ ਸਹੀ
ਰੱਬ ਵਾਗੂੰ ਹੀ ਪਰਦੂਸ਼ਣ ਵੀ
ਬਣ ਚੁੱਕਿਆ ਹੈ ਸਰਵ-ਵਿਆਪਕ
ਆਡੀਓ ਵੀਡੀਓ ਹੀ ਵੱਜਦੇ ਨੇ
ਕੌਣ ਸੁਣਦਾ ਹੈ ਗੀਤ ਕੋਇਲ ਦਾ
ਉਪਰੋਕਤ ਸ਼ਿਅਰਾਂ ਦੀ ਗਹਿਨ ਸੰਰਚਨਾ ‘ਚ ਵਿਦਮਾਨ ਵਿਚਾਰ ਹੀ ਦਵਿੰਦਰ ਪੂਨੀਆਂ ਦੀ ਕਾਵਿ-ਸਿਰਜਣਾ ਦੀ ਨੀਂਹ ਹੈ।ਵਾਪਰ ਰਹੇ ਪ੍ਰੀਵਰਤਨ ਤੋ ਕੋਈ ਵੀ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕਦਾ, ਫਿਰ ਕਾਵਿ-ਹਿਰਦਾ ਤਾਂ ਹੁੰਦਾ ਹੀ ਸੰਵੇਦਨ ਸ਼ੀਲ ਹੈ। ਇਹੋ ਜਿਹੇ ਹਿਰਦੇ ਦਾ ਹੀ ਮਾਲਿਕ ਹੈ ਦਵਿੰਦਰ ਪੂਨੀਆ।
ਦਵਿੰਦਰ ਪੂਨੀਆ ਦਾ ਪਿਛੋਕੜ ਪਿੰਡ ਸਿਹਾਲਾ ਜ਼ਿਲ੍ਹਾ ਲੁਧਿਆਣਾ ਤੋਂ ਸ਼ੁਰੂ ਹੁੰਦਾ ਹੈ ਅਤੇ ਅੱਜ-ਕੱਲ੍ਹ ਉਹ ਕੈਨੇਡਾ ਦੀ ਹਵਾ ਵਿੱਚ ਸਾਹ ਲੈ ਰਿਹਾ ਹੈ।ਇੰਝ ਦੋ ਸਭਿਆਚਾਰਾਂ ਤੇ ਸਮਾਜਿਕ ਪ੍ਰਸਥਿਤੀਆਂ ਵਿੱਚ ਵਿਚਰਦਿਆਂ ਦਵਿੰਦਰ ਪੂਨੀਆਂ ਦੀ ਜੋ ਕਾਵਿ-ਪ੍ਰਤਿਭਾ ਉਭਰਦੀ ਹੈ ਉਹ ਸਾਡੇ ਸਾਹਮਣੇ ਹੈ ‘ਕੀ ਗ਼ਲਤ ਹੈ, ਕੀ ਸਹੀ’ ਦੇ ਰੂਪ ‘ਚ।ਇਹ ਉਸਦਾ ਪਹਿਲਾਂ ਗ਼ਜ਼ਲ-ਸੰਗ੍ਰਹਿ ਹੈ।
----
ਪੂਨੀਆ ਅਜੋਕੀ ਬਦਲ ਰਹੀ ਆਬੋ ਹਵਾ ਨੂੰ ਕਲਮ ਦੀ ਨੋਕ ਹੇਠ ਲਿਆਉਣ ਵਿੱਚ ਸਮਰੱਥ ਸ਼ਾਇਰ ਜਾਪਦਾ ਹੈ ਜਦੋਂ ਉਹ ਕਹਿੰਦਾ ਹੈ:-
ਹੁਣ ਖ਼ਤਾਂ ਦਾ ਦੌਰ ਇਕ ਇਤਿਹਾਸ ਹੈ
ਭੇਜ ਦੇਣਾ ਇਕ ਤੁਸੀ ਈ-ਮੇਲ ਹੀ
ਦੁਕਾਨਾਂ ਹੀ ਦੁਕਾਨਾਂ ਹੀ ਨੇ
ਕਿਤੇ ਮਸਜਿਦ ਕਿਤੇ ਮੰਦਰ
ਸ਼ਬਦਾਂ ਦੇ ਹੇਰ ਫੇਰ ਵਿੱਚੋਂ ਕਾਵਿ-ਬਿੰਬ ਉਘਾੜਨਾ ਉਸ ਦੀ ਗ਼ਜ਼ਲ ਦਾ ਵਿਸ਼ੇਸ਼ ਕਾਵਿ ਗੁਣ ਹੈ ਜਿਹੜਾ ਪੂਰੀ ਕਿਤਾਬ ‘ਚ ਪਸਰਿਆ ਹੋਇਆ ਲੱਭਿਆ ਜਾ ਸਕਦਾ ਹੈ।ਗੰਭੀਰ ਤੇ ਸੂਝਵਾਨ ਪਾਠਕ ਦੇ ਨਾਲ ਨਾਲ ਆਮ ਪਾਠਕ ਵੀ ਸ਼ਿਅਰ ਦੀ ਤਹਿ ਤੱਕ ਝਾਕ ਸਕਦਾ ਹੈ।ਇਸੇ ਸੰਦਰਭ ਵਿੱਚ ਉਸਦਾ ਸ਼ਿਅਰ ਵੇਖਿਆ ਜਾ ਸਕਦਾ ਹੈ:-
ਇਸ਼ਕ ਬਹੁਤ ਹੀ ਸੌਖਾ ਹੈ
ਉਂਝ ਸੁਖਾਲਾ ਹੈ ਵੀ ਕੀ
ਖੁਦ ਨੂੰ ਜਾਨਣ ਦੀ ਲੋੜ ਪੈਂਦੀ ਹੈ
ਜਦ ਕੋਈ ਜਾਣਦਾ ਨਹੀਂ ਹੁੰਦਾ
----
ਦਵਿੰਦਰ ਦਾ ਸੰਵੇਦਨਸ਼ੀਲ ਹਿਰਦਾ ਸੂਖਮ ਅਨੁਭਵਾਂ ਨੂੰ ਕਾਵਿ ਰੰਗ ਦੇਣ ‘ਚ ਪ੍ਰਬੀਨ ਹੈ।ਸੌਖੀ ਤੇ ਸਰਲ ਸ਼ਬਦਾਵਲੀ ‘ਚ ਰਮੇਂ ਹੋਏ ਸ਼ਿਅਰ ਪੜ੍ਹਦਿਆਂ ਉਸਦੀ ਪ੍ਰਸ਼ੰਸ਼ਾ ਹੋ ਜਾਣੀ ਸੁਭਾਵਿਕ ਹੈ।ਉਸਦੇ ਸ਼ਿਅਰ ਪਾਠਕ ਮਨ ਵਿੱਚ ਕੋਈ ਸੰਦੇਹ ਨਹੀਂ ਛੱਡਦੇ। ਪਾਠਕ ਨਿਰਸੰਕੋਚ ਉਸਦੀ ਹਾਂ ਵਿੱਚ ਹਾਮੀ ਭਰਦਾ ਨਜ਼ਰ ਆਉਂਦਾ ਹੈ। ਜਦ ਉਹ ਲਿਖਦਾ ਹੈ:-
ਇਕ ਅਰਸਾ ਲੱਗਿਆ ਪਰਤਣ ਲਈ
ਧਿਆਨ ਮੇਰਾ ਉਸ ‘ਤੇ ਜੋ ਪਲ ਭਰ ਗਿਆ
ਕਿੰਨੇ ਘਾਤਕ ਰਸੈਣ ਵੱਗਦੇ ਨੇ
ਜ਼ਿੰਦਗੀ ਹੁਣ ਨਹੀਂ ਨਦੀ ਅੰਦਰ
----
ਕੁਦਰਤੀ ਤੇ ਸਮਾਜਿਕ ਚੇਤਨਤਾ ਘੱਟ ਰਹੀ ਹੈ ਜਾਂ ਵੱਧ ਰਹੀ ਹੈ ਇਹ ਫੈਸਲਾ ਕਰ ਪਾਉਣਾ ਕਵੀ ਲਈ ਵੀ ਕਠਿਨ ਜਾਪਦਾ ਹੈ , ਕਿਉਂਕਿ ਬਦਲਦੀਆਂ ਪ੍ਰਸਥਿਤੀਆਂ ਕਾਰਣ ਮਨੁੱਖੀ ਜੀਵਨ ਨਿਘਾਰ ਵੱਲ ਜਾ ਰਿਹਾ ਹੈ। ਕਵੀ ਨਵੇਂ ਤੇ ਪੁਰਾਣੇ ਦੋਵੇਂ ਸੰਦਰਭ ਪਾਠਕਾਂ ਅੱਗੇ ਪੇਸ਼ ਕਰ ਦਿੰਦਾ ਹੈ ਪਰ ਆਪ ਕੋਈ ਫ਼ੈਸਲਾ ਨਹੀਂ ਦਿੰਦਾ ‘ਕੀ ਗ਼ਲਤ ਹੈ, ਕੀ ਸਹੀ’ ਇਹ ਫ਼ੈਸਲਾ ਪਾਠਕਾਂ ਲਈ ਰਾਖਵਾਂ ਰੱਖਣਾ ਵੀ ਉਸਦੀ ਕਾਵਿ-ਪ੍ਰਤਿਭਾ ਦਾ ਅਗਲਾ ਵਿਸ਼ੇਸ਼ ਗੁਣ ਹੈ:-
ਮਨ ਤਾਂ ਇੱਧਰ ਉੱਧਰ ਹੈ
ਹੱਥ ਵਿੱਚ ਮਾਲ਼ਾ ਹੈ ਵੀ ਕੀ
----
ਪਦਾਰਥਵਾਦੀ ਸੋਚ ਦੇ ਘਰਾਂ ਤੱਕ ਅੱਪੜ ਜਾਣ ਕਾਰਣ ਹੁਣ ਘਰ ਦੀ ਪਰਿਭਾਸ਼ਾ ਵੀ ਬਦਲੀ ਜਾ ਰਹੀ ਹੈ, ਜਿਸ ਦੀ ਉਦਾਹਰਣ ਵੇਖੀ ਜਾ ਸਕਦੀ ਹੈ:-
ਵਾਸੀਆਂ ਨਾਲ ਉਹ ਨਾ ਘਰ ਬਣਦਾ
ਕਰਦਾ ਨਿਰਭਰ ਮਕਾਨ ਚੀਜ਼ਾਂ ‘ਤੇ
ਇਵੇਂ ਹੀ ਪਿਆਰ ਦੇ ਅਰਥਾਂ ਵਿੱਚ ਆਈ ਨਿਘਾਰ ਦੀ ਅਵਸਥਾਂ ਨੂੰ ਕਵੀ ਦੀ ਕਲਮ ਇੰਝ ਬਿਆਨ ਕਰਦੀ ਹੈ:-
ਢਾਈ ਅੱਖਰਾ ‘ਪ੍ਰੇਮ’ ਸੀ ਪਹਿਲਾਂ
ਘੱਟ ਕੇ ਹੋਇਆ ਦੋ ਅੱਖਰਾ ‘ਲਵ’
----
ਉਪਰੋਕਤ ਚਰਚਾ ਨੂੰ ਸਮੇਟਦਿਆਂ ਸਿੱਟੇ ਦੇ ਰੂਪ ‘ਚ ਇਹ ਕਿਹਾ ਜਾ ਸਕਦਾ ਹੈ ਕਿ ‘ਕੀ ਗ਼ਲਤ ਹੈ, ਕੀ ਸਹੀ’ ਦਵਿੰਦਰ ਪੂਨੀਆਂ ਦਾ ਅਨੁਭਵ ਸੰਗ੍ਰਹਿ ਹੈ। ਬਦਲਦੀਆਂ ਪ੍ਰਸਥਿਤੀਆਂ ਦੇ ਕਾਵਿ-ਰੂਪਾਂਤਰਣ ਦੇ ਸਿਰਜਕ ਦੇ ਰੂਪ ਵਿੱਚ ‘ਕੀ ਗ਼ਲਤ ਹੈ, ਕੀ ਸਹੀ’ ਰਾਹੀਂ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਕਰਨ ‘ਤੇ ਪੰਜਾਬੀ ਪਾਠਕਾਂ ਵੱਲੋਂ ਅਸੀਂ ਉਸਨੂੰ ਅਤੇ ਉਸਦੇ ਗ਼ਜ਼ਲ ਸੰਗ੍ਰਹਿ ਨੂੰ ਖ਼ੁਸ਼ਾਮਦੀਦ ਆਖਦੇ ਹਾਂ।
No comments:
Post a Comment