ਲੇਖਕ: ਸੰਤ ਸੰਧੂ
ਪ੍ਰਕਾਸ਼ਕ: ਪੰਜ ਨਦ ਪਬਲੀਕੇਸ਼ਨ, ਜਲੰਧਰ, ਇੰਡੀਆ
ਪ੍ਰਕਾਸ਼ਨ ਵਰ੍ਹਾ: 2008
ਕੀਮਤ: 100 ਰੁਪਏ
ਰਿਵੀਊਕਾਰ : ਸੁਲੱਖਣ ਸਰਹੱਦੀ
‘ਨੌਂ ਮਣ ਰੇਤ’ ਦੀ ਸਾਹਿਤਕ ਚਮਕ
ਸੰਤ ਸੰਧੂ ਪੰਜਾਬੀ ਕਵਿਤਾ ਵਿਚ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂ। ਸ਼ਹੀਦ ਪਾਸ਼ ਵਰਗਾ ਇਹ ਪ੍ਰਗਤੀਵਾਦੀ ਅਤੇ ਜੁਝਾਰਵਾਦੀ ਕਵੀ ਬਿਨਾਂ ਕਿਸੇ ਖੜ੍ਹੋਤ ਦੇ ਪਿਛਲੇ ਕਈ ਦਹਾਕਿਆਂ ਤੋਂ ਲੋਕ ਸਰੋਕਾਰਾਂ ਨਾਲ ਜੁੜਿਆ ਹੋਇਆ ਹੈ। ਸੰਤ ਸੰਧੂ ਨਕਸਲੀ ਲਹਿਰ ਦਾ ਐਸਾ ਇਕਲੌਤਾ ਸੁਲੱਖਣ ਸ਼ਾਇਰ ਹੈ ਜਿਸ ਦੀ ਕਵਿਤਾ ਪੰਜਾਬ ਦੇ ਲੋਕ ਸੱਭਿਆਚਾਰਕ ਮੁਹਾਂਦਰੇ ਦੀ ਲਖਾਇਕ ਹੈ। ਲਹਿਰਾਂ ਤੋਂ ਉਪਜੇ ਕਵੀ ਲਹਿਰਾਂ ਨਾਲ ਹੀ ਅਲੋਪ ਹੋ ਜਾਂਦੇ ਹਨ। ਬਹੁਤ ਸਾਰੇ ਨਕਸਲੀ ਕਵੀਆਂ ਨੂੰ ਸਿਸਟਮ ਨੇ ਸ਼ਹੀਦ ਕਰ ਦਿੱਤਾ। ਪਾਸ਼ ਨੂੰ ਪੰਜਾਬ ਦੇ ਅੱਤਵਾਦ ਨੇ ਖਾ ਲਿਆ। ਪਰ ਬਹੁਤ ਸਾਰੇ ਕਵੀ ਵਲਾਇਤਾਂ ਵਿਚ ਦੌੜ ਗਏ ਅਤੇ ਆਪਣੀ ਕਵਿਤਾ ਨੂੰ ਹੀ ਜਿਬਹ ਕਰਨ ਲੱਗ ਪਏ। ਪਰ ਸੰਤ ਸੰਧੂ ਇਕ ਐਸਾ ਕਵੀ ਹੈ ਜਿਸ ਵਿਚ ਕਦੇ ਨਾ ਤਾਂ ਥਿੜਕਣ ਆਈ ਅਤੇ ਨਾ ਹੀ ਉਸ ਨੇ ਆਪਣੀ ਕਵਿਤਾ ਦੇ ਵਹਿਣ ਨੂੰ ਲਾਲ ਕਿਲ੍ਹੇ ਦੇ ਮਾਰੂਥਲਾਂ ਵਲ ਮੋੜਿਆ ਹੈ। ਸੰਤ ਸੰਧੂ ਨੇ ਤਲਵੰਡੀ ਸਲੇਮ ਨੂੰ ਦਾਰਸ਼ਨਿਕਤਾ ਮੁਖੀ ਅਗਰਗਾਮਤਾ ਦਾ ਮਾਣ-ਸਨਮਾਨ ਦੁਆਇਆ ਹੈ। ਕਿਹਾ ਜਾਂਦਾ ਹੈ ਕਿ ਪਾਸ਼ ਨੇ ਸੰਤ ਸੰਧੂ ਤੋਂ ਪ੍ਰਭਾਵਿਤ ਹੋ ਕੇ ਕਵਿਤਾ ਲਿਖਣੀ ਆਰੰਭੀ ਸੀ ਪਰ ਸੰਤ ਇਕ ਮਿੱਠੇ ਅਤੇ ਮੱਠੇ ਮੈਦਾਨ ਦਰਿਆ ਜਿਹਾ ਧਰਤੀ ਬਰੋਬਰ ਵਗਦਾ ਗਿਆ ਜਿਸ ਵਿਚੋਂ ਖੇਤ ਅਤੇ ਚਿੜੀਆਂ ਦੀ ਤ੍ਰਿਪਤੀ ਦਾ ਜਲੌਅ ਵਗਦਾ ਰਿਹਾ। ਉਸ ਵਿਚਲਾ ਪਾਣੀ ਅੱਜ ਵੀ ਮਿੱਠੇ ਦਾ ਮਿੱਠਾ ਹੈ।
----
ਮੈਂ ਸੰਤ ਸੰਧੂ ਨੂੰ ਇਕ ਬੜਾ ਸੂਟਿਡ ਬੂਟਿਡ ਕੋਟ ਪੈਂਟ ਤੇ ਨਕਟਾਈ ਵਾਲਾ ਕੋਈ ਦਿੱਲੀ ਦਾ ਨੂਰ ਸਮਝਦਾ ਹੁੰਦਾ ਸੀ। ਮੇਰੇ ਜਿਹੇ ਅਨੇਕਾਂ ਕਵੀ ਸੰਤ ਦੇ ਕੱਦ ਬੁੱਤ ਬਾਰੇ ਇਵੇਂ ਹੀ ਸੋਚਦੇ ਹੋਣਗੇ। ਪਰ ਮੈਨੂੰ ਜਦ ਸੰਤ ਸੰਧੂ ਇਕ ਸਾਹਿਤਕ ਪ੍ਰੋਗਰਾਮ ਵਿਚ ਮਿਲਿਆ ਤਾਂ ਮੈਨੂੰ ਕਿਸੇ ਤੋਂ ਪੁੱਛਣਾ ਪਿਆ ਕਿ ਇਹ ‘ਓਹੀ’ ਸੰਤ ਹੈ ਜਿਹੜਾ ਤਲਵੰਡੀ ਸਲੇਮ ਦਾ ਹੈ? ਬਿਲਕੁਲ ਹੀ ਸਾਧਾਰਨ ਤੇ ਪੇਂਡੂ ਜਨ ਸਾਧਾਰਨ ਦੀ ਮੂਰਤ, ਨਿਮਰਤਾ ਦਾ ਪੁੰਜ ਅਤੇ ਆਪਣੇ ਗੌਰਵ ਤੋਂ ਅਭਿੱਜ। ਅੱਜ ਮੈਂ ‘ਓਸੇ’ ਸੰਤ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ ਦਾ ਰਿਵੀਊ ਕਰਦਾ ਖ਼ੁਦ ਨੂੰ ਕਿੰਨਾ ਨਿੱਕਾ ਮਹਿਸੂਸ ਕਰਦਾ ਹਾਂ। ਇਹ ਮੈਂ ਹੀ ਜਾਣਦਾ ਹਾਂ।
ਜੇਕਰ ਕਿਤੇ ਸੰਤ ਨੂੰ ਵੀ ਅਜੋਕੇ ਦਿਲੀ ਦਰਬਾਰੀਆਂ ਵਾਂਗ ਜੁਗਾੜਾਂ ਦੇ ਢੰਗ ਆ ਜਾਂਦੇ ਤਾਂ ਉਹ ਵੀ ‘ਲਾਲ ਕਿਲ੍ਹੇ’ ਦਾ ਮਹਾਨ ਸ਼ਾਇਰ ਹੁੰਦਾ...!
----
ਹਥਲੀ ਪੁਸਤਕ ‘ਨੌਂ ਮਣ ਰੇਤ’ ਉਸ ਦੀ ਤੀਸਰੀ ਕਾਵਿ ਪੁਸਤਕ ਹੈ। ‘ਸੀਸ ਤਲੀ ‘ਤੇ’ (1970) ਅਤੇ ‘ਬਾਂਸ ਦੀ ਅੱਗ’ (1988) ਤੋਂ ਬਾਅਦ ਉਹ ਲੋਕਾਂ ਵਿਚ ਲੋਕਾਂ ਦੀ ਕਵਿਤਾ ਲੈ ਕੇ ਹਾਜ਼ਰ ਹੈ। ਉਸ ਨੇ ਆਪਣੇ ਕਾਵਿ ਸਫਰ ਦੇ 40 ਸਾਲ ਦੇ ਲੰਮੇ ਅਰਸੇ ਵਿਚ ਕੇਵਲ ਤਿੰਨ ਕਾਵਿ ਪੁਸਤਕਾਂ ਹੀ ਛਪਵਾਈਆਂ ਹਨ।
‘ਨੌਂ ਮਣ ਰੇਤ’ ਇਕ ਐਸਾ ਲੋਕ ਹੂਕ ਦਾ ਪ੍ਰਤੀਕ ਹੈ ਜੋ ਪੰਜਾਬੀ ਮਾਨਸਿਕਤਾ ਆਪਣੇ ਲੋਕ ਨਾਇਕਾਂ ਲਈ ਰਾਖਵਾਂ ਰੱਖਦੀ ਰਹੀ ਹੈ। ‘ਜੱਗਾ ਵੱਢਿਆ ਬੋੜ ਦੀ ਛਾਵੇਂ, ਨੌਂ ਮਣ ਰੇਤ ਭਿੱਜ ਗਈ’ ਦੁੱਲਾ ਭੱਟੀ ਵੱਢਿਆ ਜਾਂਦਾ ਹੈ ਜਾਂ ਮਿਰਜਾ, ਇਨ੍ਹਾਂ ਦੀ ਰੱਤ ਨਾਲ ਨੌਂ ਮਣ ਰੇਤ ਭਿੱਜਦੀ ਹੈ। ਪਾਸ਼ ਨੂੰ ਵੀ ਜਦ ਗੋਲੀਆਂ ਲੱਗੀਆਂ ਹਨ ਤਾਂ ਪੰਜਾਬੀਆਂ ਦੇ ਮਨ-ਮਸਤਕ ਵਿਚਲੀ ਹੂਕ ਰੂਪੀ ਨੌਂ ਮਣ ਰੇਤ ਭਿੱਜਦੀ ਹੈ ਪਰ ਸੰਤ ਸੰਧੂ ਆਧੁਨਿਕ ਪੰਜਾਬ ਦੇ ਸਾਮਰਾਜੀਆਂ ਹੱਥੋਂ ਕਤਲ ਨੂੰ ਨੌਂ ਮਣ ਰੇਤ ਨਾਲ ਵੀ ਜੋੜਨ ਵਿਚ ਸਫ਼ਲ ਰਿਹਾ ਹੈ।
----
ਸੰਤ ਨੂੰ ਪਤਾ ਹੈ ਕਿ ਜੁਝਾਰ ਕਵਿਤਾ ਦੀ ਅਉਧ ਲੋਕ ਚੇਤਨਾ ਵਿਚ ਹੁੰਦੀ ਹੈ ਅਤੇ ਲੋਕ ਚੇਤਨਾ ਦੀ ਮਿੱਟੀ ਨੂੰ ਵਿਚਾਰਾਂ ਨਾਲ ਹੀ ਜ਼ਰਖੇਜ਼ ਕੀਤਾ ਜਾਂਦਾ ਹੁੰਦਾ ਹੈ। ਇਸੇ ਲਈ ਉਹ ਪੰਜਾਬੀਆਂ ਦੇ ਅਜੋਕੇ ਸਰੋਕਾਰਾਂ ਅਤੇ ਮਸਲਿਆਂ ਨੂੰ ਆਪਣੀ ਕਵਿਤਾਵਾਂ ਦੇ ਵਿਸ਼ੇ ਬਣਾਉਂਦਾ ਹੈ। ਬੁੱਲ੍ਹੇ ਸ਼ਾਹ ਵਾਂਗ ਇਸ ਦੀ ਕਵਿਤਾ ਲੋਕ ਇਸ਼ਕ ਦੀ ਨਵੀਓਂ ਨਵੀਂ ਬਹਾਰ ਵਾਂਗ ਹੈ। ਅੱਜ ਦਾ ਪੰਜਾਬ ਬੇਰੁਜ਼ਗਾਰੀ ਦੀ ਅੱਗ ਅੰਦਰ ਸੜ ਰਿਹਾ ਹੈ। ਨਸ਼ਿਆਂ ਦੇ ਹੜ੍ਹ ਵਹਿ ਰਹੇ ਹਨ। ਰਾਜਨੀਤੀ ਤੇ ਧਰਮੰਧਤਾ ਭਟਕ ਕੇ ਇਕੱਠੇ ਹੋ ਗਏ ਹਨ ਅਤੇ ਇਨ੍ਹਾਂ ਵਿਚ ਅਨੈਤਿਕ ਗਠਜੋੜ ਹੋ ਗਿਆ ਹੈ। ਕਿਸਾਨਾਂ ਤੋਂ ਜਬਰੀ ਜ਼ਮੀਨ ਅਤੇ ਲੋਕਾਂ ਤੋਂ ਪੁੱਤ ਖੋਹੇ ਜਾ ਰਹੇ ਹਨ। ਕੁੜੀਆਂ ਨੂੰ ਪੇਟ ਵਿਚ ਮਾਰਿਆ ਜਾ ਰਿਹਾ ਹੈ। ਜੱਟ ਸਲਫਾਸੀ ਹੋ ਗਏ ਹਨ। ਪਰ ਵਿਹੜੇ ਵਿਚ ਅਨਿਸ਼ਚਿਤਤਾ ਅਤੇ ਹਨੇਰੇ ਦੀ ਸੂਲੀ ਗੱਡੀ ਹੋਈ ਹੈ, ਵਾੜ ਖੇਤ ਨੂੰ ਖਾ ਰਹੀ ਹੈ... ਇਹ ਅਤੇ ਐਸੇ ਹੀ ਲੋਕ ਵਿਸ਼ੇ ਸੰਤ ਸੰਧੂ ਦੀ ਕਵਿਤਾ ਦੇ ਅਜੋਕੇ ਵਿਸ਼ੇ ਹਨ। ਉਹ ਲੋਕ ਜਥੇਬੰਦੀਆਂ ਨੂੰ ਸਤਿਕਾਰਦਾ ਅਤੇ ਡਾਇਰੀ ਪਲਟਣਾਂ ਨੂੰ ਧਿਰਕਾਰਦਾ ਹੈ। ਉਸ ਦੀ ਕਲਮ ਲੋਕ ਨਬਜ਼ ਦੀ ਟੋਹ ਲਾ ਰਹੀ ਹੈ।
----
ਪੁਸਤਕ ਦੀ ਹਰ ਕਵਿਤਾ ਨਵਾਂ ਸੰਦੇਸ਼ ਦਿੰਦੀ ਹੈ ਅਤੇ ਇਹ ਦ੍ਰਿੜ੍ਹਾਉਂਦੀ ਹੈ ਕਿ ਕਲਾ ਉਹੀ ਸਾਰਥਕ ਹੋ ਸਕਦੀ ਹੈ ਜੋ ਲੋਕਾਂ ਦੇ ਦਰਦਾਂ ਦੀ ਗਾਥਾ ਹੋਵੇ।
ਸੰਤ ਨੇ ਹਥਲੀ ਪੁਸਤਕ ਵਿਚ ਆਪਣੀ ਸਿਫ਼ਤ ਕਰਦੇ ਦਰਜਨਾਂ ਲੋਕਾਂ ਦੇ ਪ੍ਰਵਚਨ ਵੀ ਲਿਖ ਦਿੱਤੇ ਹਨ। ਲੱਗਦਾ ਹੈ ਕਿ ਸੰਤ ਅਕਾਦਮਿਕ ਹਲਕਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਆਹਰ ਵਿਚ ਹੈ। ਪਰ ਮੈਂ ਸਮਝਦਾ ਹਾਂ ਕਿ ਐਸੀ ਸਵੈ-ਸਿਫ਼ਤ ਦੀ ਨੁਮਾਇਸ਼ ਦੀ ਹੁਣ ਸੰਤ ਨੂੰ ਕੋਈ ਲੋੜ ਨਹੀਂ ਸੀ। ਨੌਂ ਮਣ ਰੇਤ ਦੀ ਕਵਿਤਾ ਹਰ ਪੰਜਾਬੀ ਨੂੰ ਪੜ੍ਹਨੀ ਚਾਹੀਦੀ ਹੈ।
No comments:
Post a Comment