ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Friday, September 25, 2009

ਮਨਮੋਹਨ ਆਲਮ - ਧੂਪ ਛਾਓਂ

ਉਰਦੂ ਗ਼ਜ਼ਲ-ਸੰਗ੍ਰਹਿ: ਧੂਪ ਛਾਓਂ

ਲੇਖਕ: ਮਨਮੋਹਨ ਆਲਮ (ਯੂ.ਐੱਸ.ਏ.)

ਪੰਜਾਬੀ ਲਿਪੀਅੰਤਰ: ਸੁਰਿੰਦਰ ਸੋਹਲ (ਯੂ.ਐੱਸ.ਏ.)

ਪ੍ਰਕਾਸ਼ਨ ਵਰ੍ਹਾ: 2009

ਕੁੱਲ ਸਫ਼ੇ - 144

ਪ੍ਰਕਾਸ਼ਨ: ਸੁੰਦਰ ਬੁੱਕ ਡਿਪੋ, ਜਲੰਧਰ

ਮੁੱਲ: ਪੇਪਰਬੈਕ 60 ਰੁਪਏ, ਸਜਿਲਦ 150 ਰੁਪਏ

ਮੁੱਖ-ਬੰਦ: ਹਰਪਾਲ ਸਿੰਘ ਭਿੰਡਰ (ਯੂ.ਐੱਸ.ਏ.)

************

ਲਫ਼ਜ਼ਾਂ ਦਾ ਰਹਿਬਰ ਮਨਮੋਹਨ ਆਲਮ

ਹਰ ਲਫ਼ਜ਼ ਤੋਲ ਕਰ ਕਹਿਤਾ ਹੂੰ,

ਮੈਂ ਹੂੰ ਇਕ ਰਹਿਬਰ ਲਫ਼ਜ਼ੋਂ ਕਾ

ਹਰ ਲਫ਼ਜ਼ ਮੁਕੱਦਸ ਹੋਤਾ ਹੈ,

ਫੈਂਕੋ ਨਾ ਯੇ ਜੌਹਰ ਲਫ਼ਜ਼ੋਂ ਕਾ

(ਜੌਹਰ-ਕੀਮਤੀ ਪੱਥਰ)

ਇਹ ਲਫ਼ਜ਼ਾਂ ਦਾ ਰਹਿਬਰ, ਨਿਊਯਾਰਕ ਵਿਚ ਵਸਦਾ ਸ਼ਾਇਰ ਮਨਮੋਹਨ ਆਲਮ ਹੈਉਹ ਕੇਵਲ ਨਾਂ ਦਾ ਹੀ ਆਲਮ ਨਹੀਂ, ਲਫ਼ਜ਼ਾਂ ਦਾ ਵੀ ਆਲਮ ਹੈਇਹ ਗੱਲ ਉਹ ਆਪਣੇ ਖ਼ਿਆਲ ਦੀ ਡੂੰਘਾਈ, ਕਲਪਨਾ ਦੀ ਉਡਾਣ, ਜ਼ਬਾਨ ਦੀ ਸਾਦਗੀ ਅਤੇ ਵਿਲੱਖਣ ਅੰਦਾਜ਼ੇ-ਬਿਆਂ ਦੀ ਖ਼ੂਬਸੂਰਤੀ ਨਾਲ ਸਹਿਜੇ ਹੀ ਮੰਨਵਾ ਜਾਂਦਾ ਹੈ

-----

ਉਸਦੀ ਸ਼ਾਇਰੀ ਇਸ਼ਕ ਮਜਾਜ਼ੀ ਤੋਂ ਸ਼ੁਰੂ ਹੋ ਕੇ ਇਸ਼ਕ ਹਕੀਕੀ ਵੱਲ ਪੜਾਅ ਤੈਅ ਨਹੀਂ ਕਰਦੀ, ਸਗੋਂ ਉਹ ਸਫ਼ਰ ਆਰੰਭ ਹੀ ਇਸ਼ਕ ਹਕੀਕੀ ਤੋਂ ਕਰਦੀ ਹੈ-

ਮੁਹੱਬਤ ਮੇਂ ਨਾਮੇ ਖ਼ੁਦਾ ਢੂੰਡਤਾ ਹੂੰ,

ਕਭੀ ਆ ਕੇ ਮੇਰੀ ਸਦਾ ਦੇਖੀਏਗਾ

ਇਸ ਲਈ ਉਸਦੀ ਸ਼ਾਇਰੀ ਵਿਚ ਜ਼ੁਲਫ਼, ਰਿੰਦ, ਸਾਕੀ, ਮੈਖ਼ਾਨਾ ਵਰਗੇ ਸ਼ਬਦ ਸੁਚੇਤ ਪੱਧਰ ਤੇ ਗ਼ਾਇਬ ਹਨਉਸਦੀ ਸ਼ਾਇਰੀ ਜ਼ਿੰਦਗੀ ਦੇ ਅੰਗ-ਸੰਗ ਰਹਿੰਦੀ, ਜ਼ਿੰਦਗੀ ਦੀਆਂ ਗੁੰਝਲਾਂ ਖੋਲ੍ਹਦੀ ਹੋਈ, ਜ਼ਿੰਦਗੀ ਨੂੰ ਪਹਾੜੀ ਚਸ਼ਮੇ ਵਰਗੀ ਰਵਾਨਗੀ ਬਖ਼ਸ਼ਦੀ ਹੈ

------

ਰਾਈਕਰਜ਼ ਆਈਲੈਂਡ ਵਿਚ ਬਣੀ ਕੁਰੈਕਸ਼ਨ ਡਿਪਾਰਟਮੈਂਟ ਦੀ ਜੇਲ੍ਹ ਵਿਚ ਮਨਮੋਹਨ ਆਲਮ ਸਾਈਕੋ-ਥੈਰੇਪਿਸਟ ਹੈ, ਜੋ ਕੈਦੀਆਂ ਦੀਆਂ ਮਨੋ-ਬਿਰਤੀਆਂ ਦਾ ਅਧਿਐਨ ਕਰਕੇ ਉਹਨਾਂ ਦਾ ਇਲਾਜ ਕਰਦਾ ਹੈਇਹੋ ਕੁਝ ਉਹ ਆਪਣੀਆਂ ਗ਼ਜ਼ਲਾਂ ਰਾਹੀਂ ਆਪਣੇ ਪਾਠਕਾਂ ਨਾਲ ਕਰਦਾ ਹੈ, ਜਦੋਂ ਉਹ ਪਾਠਕਾਂ ਦੀ ਸੁਰਤ ਨੂੰ ਹਲਕੇ ਸ਼ੌਕ, ਸਸਤੀ ਸ਼ੁਹਰਤ ਅਤੇ ਦਕੀਆਨੂਸੀ ਜੀਵਨ-ਜਾਚ ਤੋਂ ਉਪਰ ਉਠਾ ਕੇ ਵੱਡੀਆਂ ਤੇ ਅਣਕਥੀਆਂ ਗੱਲਾਂ ਨਾਲ ਸਫ਼ਰ ਕਰਾਉਂਦਾ ਹੈ ਤਾਂ ਪਾਠਕ ਨੂੰ ਇਕ ਸੁਖਦ ਜਿਹਾ ਸਕੂਨ ਮਹਿਸੂਸ ਹੁੰਦਾ ਹੈ

ਗੱਲ ਕਹਿਣ ਦਾ ਉਸਦਾ ਇਕ ਪੱਧਰ ਹੈ, ਜਿਸ ਤੋਂ ਉਹ ਕਦੇ ਵੀ ਹੇਠਾਂ ਨਹੀਂ ਡਿੱਗਦਾਇਸ ਲਈ ਕਈ ਵਾਰ ਉਹ ਦੁਹਰਾਓ ਤਾਂ ਕਰ ਜਾਂਦਾ ਹੈ, ਪਰ ਹਲਕਾ ਸ਼ਿਅਰ ਕਹਿਣਾ ਉਸਨੂੰ ਕਦਾਚਿਤ ਗਵਾਰਾ ਨਹੀਂ

-----

ਮਨਮੋਹਨ ਆਲਮ ਦ੍ਰਿਸ਼ਟ ਨਾਲੋਂ ਅਦ੍ਰਿਸ਼ਟ ਦੇ ਜ਼ਿਆਦਾ ਨੇੜੇ ਹੈਇਸ ਲਈ ਪਸੇ-ਮੰਜ਼ਰ, ਪਸੇ-ਪਰਦਾ ਆਦਿ ਸ਼ਬਦ ਵਾਰ ਵਾਰ ਉਸਦੀਆਂ ਗ਼ਜ਼ਲਾਂ ਵਿਚ ਆਉਂਦੇ ਹਨਇਤਿਹਾਸ ਉਸ ਲਈ ਬਹੁਤ ਨਿਗੂਣਾ ਹੈ ਕਿਉਂਕਿ ਉਹ ਇਤਿਹਾਸ ਨੂੰ ਨਹੀਂ, ਸਗੋਂ ਇਤਿਹਾਸ ਨੂੰ ਕਿਰਿਆਸ਼ੀਲ ਕਰਨ ਵਾਲੀਆਂ ਮਨੋਬਿਰਤੀਆਂ ਜਾਂ ਸ਼ਕਤੀਆਂ ਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੈਉਸਨੂੰ ਹਰ ਕਹਾਣੀ ਦੇ ਪਿੱਛੇ ਇਕ ਹੋਰ ਕਹਾਣੀ ਦਿਸਦੀ ਹੈਇਤਿਹਾਸਕਾਰ ਕੁਲ ਵਾਪਰੇ ਦਾ ਇਕ ਛੋਟਾ ਜਿਹਾ ਹਿੱਸਾ ਹੀ ਕਲਮ-ਬੱਧ ਕਰਨ ਦੇ ਸਮਰੱਥ ਹੁੰਦੇ ਹਨਇਸ ਵਿਚ ਵੀ ਉਹਨਾਂ ਦੀ ਮਾਨਸਿਕਤਾ ਦੇ ਅੰਸ਼ ਬਦੋ-ਬਦੀ ਰਲ਼ ਜਾਂਦੇ ਹਨਇਸੇ ਲਈ ਆਮ ਕਰਕੇ ਇਤਿਹਾਸ ਸੰਪੂਰਨ ਤੇ ਸ਼ੁਧ ਰੂਪ ਵਿਚ ਬਿਆਨ ਨਹੀਂ ਹੁੰਦਾਖ਼ਾਸ ਤੌਰ ਤੇ ਹਕੂਮਤਾਂ ਦੇ ਜ਼ੋਰ ਥੱਲੇ ਲਿਖਿਆ ਗਿਆ ਇਤਿਹਾਸਜਿਹੜੇ ਇਤਿਹਾਸਕਾਰ ਇਤਿਹਾਸ ਦੇ ਸਿਰਫ਼ ਬੁੱਤ ਹੀ ਸਿਰਜਦੇ ਹਨ, ਆਲਮ ਉਹਨਾਂ ਇਤਿਹਾਸਕਾਰਾਂ ਦੀ ਇਮਾਨਦਾਰੀ ਤੇ ਸ਼ੱਕ ਕਰਦਾ ਹੈ-

ਜ਼ਮਾਨਤ ਕੌਨ ਦੇ ਇਸ ਕੀ ਹੈ ਇਸ ਮੇਂ ਝੂਠ-ਸੱਚ ਕਿਤਨਾ,

ਮੁਅੱਰਖ਼ ਨੇ ਜੋ ਲਿਖਾ ਥਾ ਵੋ ਲੇ ਦੇ ਕਰ ਕਹਾਨੀ ਹੈ

(ਮੁਅੱਰਖ਼-ਇਤਿਹਾਸਕਾਰ)

-----

ਦਰਸ਼ਨ-ਸ਼ਾਸ਼ਤਰ ਤੇ ਮਨੋਵਿਗਿਆਨ ਦਾ ਆਪੋ ਵਿਚ ਤੇ ਕਵਿਤਾ ਨਾਲ ਡੂੰਘਾ ਸੰਬੰਧ ਹੈਇਹਨਾਂ ਵਿਸ਼ਿਆਂ ਤੇ ਜਿੰਨੀ ਜ਼ਿਆਦਾ ਸ਼ਾਇਰ ਦੀ ਪਕੜ ਹੋਵੇਗੀ, ਓਨੀ ਹੀ ਵੱਡੀ ਕਵਿਤਾ ਪੈਦਾ ਹੋਵੇਗੀਮਨਮੋਹਨ ਆਲਮ ਇਹਨਾਂ ਦੋਹਾਂ ਵਿਸ਼ਿਆਂ ਤੋਂ ਖ਼ੁਰਾਕ ਲੈਂਦਾ ਹੈਉਹ ਜ਼ਿੰਦਗੀ ਕੀ ਹੈ? ਵਰਗੇ ਔਖੇ ਤੇ ਵੱਡੇ ਫਲਸਫਾਨਾ ਸਵਾਲਾਂ ਦੇ ਰੂਬਰੂ ਹੁੰਦਾ ਹੈਉਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜ਼ਿੰਦਗੀ ਦੀ ਨਾ ਤਾਂ ਕੋਈ ਪ੍ਰਮਾਣਿਤ ਪਰਿਭਾਸ਼ਾ ਬਣੀ ਹੈ ਤੇ ਨਾ ਹੀ ਕੋਈ ਬਣ ਸਕਦੀ ਹੈਜ਼ਿੰਦਗੀ ਪ੍ਰਤੀ ਹਰ ਇਕ ਦਾ ਆਪਣਾ ਆਪਣਾ ਨਜ਼ਰੀਆ ਹੈ-

ਨਾ ਪੂਛੋ ਕਿ ਮਤਲਬ ਹੈ ਕਿਆ ਜ਼ਿੰਦਗੀ ਕਾ,

ਸਵਾਲ ਏਕ ਹੀ ਹੈ ਜਵਾਬ ਅਪਨਾ ਅਪਨਾ

ਆਲਮ ਇਸ ਸਵਾਲ ਕਿ ਜ਼ਿੰਦਗੀ ਕੀ ਹੈ? ਨਾਲੋਂ ਜ਼ਿੰਦਗੀ ਵਧੀਆ ਕਿਵੇਂ ਜੀਵੀ ਜਾ ਸਕਦੀ ਹੈ? ਨੂੰ ਜ਼ਿਆਦਾ ਮਹੱਤਵ ਦਿੰਦਾ ਹੈਇਸ ਪਿੱਛੇ ਉਸਦੀ ਉਮਰ ਦਾ ਲੰਮਾ ਤਜਰਬਾ ਵੀ ਕੰਮ ਕਰਦਾ ਹੈਉਸਦਾ ਵਿਚਾਰ ਹੈ ਕਿ ਹਰ ਇਕ ਪਲ ਨੂੰ ਭਰਪੂਰਤਾ ਨਾਲ ਮਾਣੋਂ, ਜਿਵੇਂ ਇਹ ਜ਼ਿੰਦਗੀ ਦਾ ਆਖ਼ਰੀ ਦਿਨ ਹੋਵੇਉਹ ਤਾਂ ਮੌਤ ਨੂੰ ਵੀ ਕਹਿੰਦਾ ਹੈ ਕਿ ਜ਼ਰਾ ਰੁਕ, ਮੈਨੂੰ ਇਹ ਲਮਹਾ ਚੰਗੀ ਤਰ੍ਹਾਂ ਜੀ ਲੈਣ ਦੇਪਰ ਮਨੁੱਖ ਇਹ ਕਰੇ ਕਿੱਦਾਂ? ਜਦੋਂ ਉਸਨੂੰ ਮੁਸੀਬਤਾਂ, ਫ਼ਿਕਰਾਂ, ਚਿੰਤਾਵਾਂ ਆਦਿ ਨੇ ਚੁਫ਼ੇਰਿਓਂ ਘੇਰਿਆ ਹੋਇਆ ਹੈਸ਼ਾਇਰ ਮੁਤਾਬਕ ਜ਼ਿੰਦਗੀ ਕੋਈ ਉਲਝੀ ਹੋਈ ਪਹੇਲੀ ਨਹੀਂ, ਜਿਸਨੂੰ ਸੋਚ ਸੋਚ ਕੇ ਹੱਲ ਕੀਤਾ ਜਾ ਸਕਦਾ ਹੈਦੁਨੀਆ ਨੂੰ ਇਕ ਤਮਾਸ਼ਾ ਸਮਝੋ ਅਤੇ ਆਪਣੇ ਆਪ ਨੂੰ ਇਸ ਮੇਲੇ ਵਿਚ ਗੁੰਮ ਕਰ ਦਿਓਜ਼ਿੰਦਗੀ ਨੂੰ ਮਸਤ-ਮੌਲੇ ਹੋ ਕੇ ਬੇਪਰਵਾਹੀ ਨਾਲ ਟੱਕਰੋਫਿਰ ਦੇਖਣਾ, ਜ਼ਿੰਦਗੀ ਕਿੰਨੀ ਖ਼ੂਬਸੂਰਤ ਲੱਗੇਗੀ-

ਜ਼ਿੰਦਗੀ ਹਰ ਹਾਲ ਮੇਂ ਹੈ ਖ਼ੂਬਸੂਰਤ ਇਸ ਕਦਰ,

ਤੁਮ ਕਭੀ ਇਸ ਕੀ ਸਦਾਕਤ ਬੇਖ਼ੁਦੀ ਸੇ ਪੂਛਨਾ

(ਸਦਾਕਤ-ਸੱਚਾਈ)

------

ਸਾਡੇ ਹਿੱਸੇ ਦੇ ਗ਼ਮ ਸਾਨੂੰ ਮਿਲਣੇ ਹੀ ਨੇ, ਚਾਹੇ ਉਹਨਾਂ ਨੂੰ ਹੱਸ ਕੇ ਕਬੂਲ ਕਰੀਏ ਚਾਹੇ ਰੋ ਕੇਮੁਝੇ ਯੇ ਗ਼ਮ ਨਾ ਹੋਤਾ ਗਰ, ਤੋ ਕੋਈ ਦੂਸਰਾ ਹੋਤਾਫਿਰ ਕਿਉਂ ਨਾ ਹੱਸ ਕੇ ਹੀ ਕਬੂਲ ਕੀਤੇ ਜਾਣਗ਼ਮ ਤਾਂ ਜ਼ਿੱਦੀ ਬੱਚਿਆਂ ਵਰਗੇ ਸਾਡੇ ਆਪਣੇ ਹਨ, ਸਾਡੀ ਸਿਰਜਣਾ ਦਾ ਇਕ ਅਹਿਮ ਹਿੱਸਾਇਸ ਲਈ ਸ਼ਾਇਰ ਆਪਣੇ ਗ਼ਮਾਂ ਨੂੰ ਏਨਾ ਪਿਆਰ ਕਰਦਾ ਹੈ ਕਿ ਉਹਨਾਂ ਦਾ ਇਲਾਜ ਵੀ ਨਹੀਂ ਕਰਨਾ ਚਾਹੁੰਦਾ-

ਆਪ ਕਹਿਤੇ ਹੈਂ ਕਿ ਗ਼ਮ ਹੈ ਤੋ ਇਲਾਜੇ-ਗ਼ਮ ਭੀ ਹੈ,

ਪਰ ਯੇ ਮੇਰਾ ਦਰਦ ਹੈ ਮੈਂ ਇਸਕਾ ਦਰਮਾਂ ਕਿਉਂ ਕਰੂੰ

(ਦਰਮਾਂ-ਇਲਾਜ)

-----

ਉਹ ਆਪਣੇ ਗ਼ਮਾਂ ਨੂੰ ਤਾਂ ਖ਼ੁਸ਼ੀ ਖ਼ੁਸ਼ੀ ਕਬੂਲ ਕਰਦਾ ਹੀ ਹੈ, ਸਗੋਂ ਹਮਦਰਦੀ ਜਿਤਾਉਣ ਵਾਲਿਆਂ ਦੇ ਅੰਦਰ ਵੀ ਸੂਖਮ ਝਾਤ ਪਾਉਂਦਾ ਹੈ-

ਮੇਰਾ ਗ਼ਮ ਪੂਛਨੇ ਵਾਲੇ,

ਤੁਝੇ ਕਿਸ ਬਾਤ ਕਾ ਗ਼ਮ ਹੈ

ਇਸ ਤਰ੍ਹਾਂ ਕਰਦਿਆਂ ਉਹ ਰੱਬ ਨੂੰ ਕਦੇ ਨਹੀਂ ਭੁੱਲਦਾ ਕਿਉਂਕਿ ਉਸਨੂੰ ਮਨੁੱਖੀ ਮਨ ਅੰਦਰ, ਰੱਬੀ ਧਰਵਾਸ ਦੀ ਵੱਡੀ ਤਾਕਤ ਦਾ ਇਹਸਾਸ ਹੈਉਹ ਰੱਬ ਦੀ ਗੱਲ ਕਰਦਿਆਂ ਸਿਰਫ਼ ਰਿਵਾਇਤੀ ਜਿਹਾ ਵਿਸ਼ਵਾਸ ਹੀ ਨਹੀਂ ਪ੍ਰਗਟਾਉਂਦਾ, ਸਗੋਂ ਫਲਸਫਾਨਾ ਦਲੀਲਾਂ ਖੜ੍ਹੀਆਂ ਕਰਦਾ ਹੈ-

ਹੈ ਪਸੇ-ਨਜ਼ਮੇ-ਅਨਾਸਰ ਕੋਈ ਪੋਸ਼ੀਦਾ ਜ਼ਰੂਰ,

ਬਾਗ਼ ਹੈ ਦੁਨੀਆ ਅਗਰ ਤੋ ਬਾਗ਼ਬਾਂ ਹੋਨਾ ਹੀ ਥਾ

(ਪਸੇ-ਨਜ਼ਮੇ-ਅਨਾਸਰ-ਪੰਜ ਤੱਤਾਂ ਦੀ ਜ਼ਿੰਦਗੀ ਦੇ ਪ੍ਰਬੰਧ ਨੂੰ ਬੰਨ੍ਹਣ ਪਿੱਛੇ)

(ਪੋਸ਼ੀਦਾ-ਛੁਪਿਆ ਹੋਇਆ)

-----

ਇਹੋ ਜਿਹੇ ਰੱਬੀ ਧਰਵਾਸ ਦੇ ਇਹਸਾਸ ਦਾ ਹੱਥ ਜਦੋਂ ਬੰਦੇ ਦੀ ਪਿੱਠ ਤੇ ਹੋਵੇ ਤਾਂ ਫਿਰ ਉਹ ਆਪਣੀ ਜ਼ਿੰਦਗੀ ਕਿਸੇ ਬੇਖ਼ੁਦੀ ਦੇ ਆਲਮ ਵਿਚ ਜਿਊਂਦਾ ਹੈ, ਜਿਸ ਦਾ ਆਪਣਾ ਹੀ ਸੁਆਦ ਹੁੰਦਾ ਹੈਫਿਰ ਉਹ ਜਣੇ-ਖਣੇ ਨੂੰ ਜੀ ਜੀਨਹੀਂ ਕਰਦਾਜੁਅਰੱਤੇ ਇਨਕਾਰਉਸ ਦੀ ਸ਼ਖ਼ਸੀਅਤ ਦਾ ਵੱਡਾ ਲੱਛਣ ਬਣ ਜਾਂਦਾ ਹੈ-

ਮੁਝੇ ਦੀਵਾਰ ਪੇ ਲਟਕੀ ਹੁਈ ਤਸਵੀਰ ਮਤ ਸਮਝੋ

ਹਰ ਇਨਸਾਂ ਕੋ ਰਿਝਾਨਾ ਤੋ ਮੇਰੀ ਤਕਦੀਰ ਮਤ ਸਮਝੋ

ਖ਼ੁੱਦਦਾਰੀ ਏਨੀ ਕਿ ਧੱਕੇ ਨਾਲ ਇਹੋ ਜਿਹੇ ਬੰਦੇ ਨੂੰ ਹੱਕ ਗੱਲਵੀ ਨਹੀਂ ਮੰਨਵਾਈ ਜਾ ਸਕਦੀਪਿਆਰ ਨਾਲ ਭਾਵੇਂ ਕੋਈ ਗ਼ੁਲਾਮੀ ਕਰਵਾ ਲਵੇਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਸਦੇ ਅੰਦਰੋਂ ਬਹੁਤ ਕੁਝ ਟੁੱਟਦਾ-ਭੱਜਦਾ ਹੈ, ਜਿਸਨੂੰ ਉਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦਾ-

ਮੁਝ ਸੇ ਜਬਰਨ ਫਿਰ ਸੇ ਵੋ ਹੱਕ ਬਾਤ ਮਨਵਾਨੇ ਲਗੇ

ਇਸ ਤਰ੍ਹਾ ਸੇ ਭੀ ਵੋ ਬਰਬਾਦੀ ਮੇਰੀ ਲਾਨੇ ਲਗੇ

ਦੂਜੇ ਪਾਸੇ ਨਿਰਮਾਣਤਾ ਏਨੀ ਕਿ ਆਪਣੀ ਗ਼ਲਤੀ ਲਈ ਖ਼ੁਦ ਨੂੰ ਵੱਡੀ ਤੋਂ ਵੱਡੀ ਸਜ਼ਾ ਦੇਣ ਲਈ ਵੀ ਤਿਆਰ-

ਅਗਰ ਤੁਮ ਗ਼ੌਰ ਫਰਮਾਓ ਤੋਂ ਮੈਂ ਇਕ ਇਲਤਜਾ ਲਿੱਖੂੰ

ਕਿ ਤੁਮ ਮੇਰੀ ਖ਼ਤਾ ਲਿੱਖੋ ਤੋਂ ਮੈਂ ਉਸ ਕੀ ਸਜ਼ਾ ਲਿੱਖੂੰ

(ਇਲਤਿਜਾ-ਬੇਨਤੀ)

-----

ਧਰਮ ਦਰਸ਼ਨ ਦਾ ਇਕ ਹੋਰ ਬਹੁਤ ਵੱਡਾ ਸਵਾਲ ਹੈ ਕਿ ਕੀ ਮਨੁੱਖ ਦੇ ਵਸ ਕੁਝ ਹੈ ਜਾਂ ਨਹੀਂਮਨੁੱਖ ਕੋਲ ਕੋਈ ਇੱਛਾ ਸ਼ਕਤੀ ਹੈ ਜਾਂ ਸਭ ਕੁਝ ਰੱਬੀ ਹੁਕਮ ਅੰਦਰ ਹੀ ਹੋ ਰਿਹਾ ਹੈ? ਆਦਮੀ ਨੂੰ ਜੋ ਕੁਝ ਮਿਲਦਾ ਹੈ ਜਾਂ ਵਾਪਰਦਾ ਹੈ, ਕੀ ਉਹ ਮਹਿਜ਼ ਇਕ ਹਾਦਸਾ ਹੁੰਦਾ ਹੈ ਜਾਂ ਉਸਦਾ ਮੁਕੱਦਰ? ਕਰਮ ਫਿਲਾਸਫੀ ਵੀ ਏਸੇ ਸਵਾਲ ਦੇ ਕਲਾਵੇ ਵਿਚ ਆਉਂਦੀ ਹੈਇਹੋ ਜਿਹੇ ਵੱਡੇ ਸਵਾਲ ਸ਼ਾਇਰ ਬੜੇ ਸਪੱਸ਼ਟ ਰੂਪ ਵਿਚ ਪਾਠਕਾਂ ਅੱਗੇ ਖੜ੍ਹੇ ਕਰਦਾ ਹੈ-

ਕਿਆ ਬਤੌਰੇ-ਹਾਦਸਾ ਮਿਲਤਾ ਰਹਾ ਜੋ ਭੀ ਮਿਲਾ,

ਯਾ ਮੁਝੇ ਅਪਨੇ ਮੁਕੱਦਰ ਕਾ ਲਿਖਾ ਮਿਲਤਾ ਰਹਾ?

ਉਹ ਫਿਲਾਸਫੀ ਦੇ ਇਕ ਹੋਰ ਨੁਕਤੇ ਨੂੰ ਵੀ ਉਭਾਰਦਾ ਹੈ ਕਿ ਕੀ ਹਰ ਚੰਗੀ ਚੀਜ਼ ਦੀ ਮਹੱਤਤਾ ਬੁਰੀ ਚੀਜ਼ ਦੀ ਹੋਂਦ ਤੇ ਨਿਰਭਰ ਕਰਦੀ ਹੈ? ਕੀ ਨੇਕੀ, ਸੱਚ, ਪੁੰਨ ਆਦਿ ਬਦੀ, ਝੂਠ, ਪਾਪ ਕਰਕੇ ਹੀ ਆਪਣੀ ਅਹਿਮੀਅਤ ਰੱਖਦੇ ਹਨ? ਰੱਬ ਦੀ ਵੱਡੀ ਖੇਡ ਅੰਦਰ ਇਹਨਾਂ ਦਾ ਕੀ ਸਥਾਨ ਹੈ?-

ਜ਼ਰੂਰੀ ਥਾ ਕਿ ਦੁਨੀਆ ਮੇਂ ਕੋਈ ਸ਼ੈਤਾਨ ਭੀ ਹੋਤਾ,

ਵਗਰਨਾ ਧੀਰੇ ਧੀਰੇ ਹਰ ਫ਼ਰਿਸ਼ਤਾ ਮਰ ਗਿਆ ਹੋਤਾ

-----

ਸ਼ਾਇਰ ਮੁਤਾਬਕ ਰੱਬ ਜਾਂ ਰੱਬ ਨਾਲ ਸੰਬੰਧਤ ਰਹੱਸਾਂ, ਗੁਹਜਾਂ, ਇਹਸਾਸਾਂ ਦਾ ਤਰਜਮਾ ਕਰਨਾ ਮੁਸ਼ਕਿਲ ਹੀ ਨਹੀਂ ਲਗਪਗ ਨਾਮੁਮਕਿਨ ਹੈਰੂਹਾਨੀ ਇਹਸਾਸ ਤਾਂ ਬਹੁਤ ਦੂਰ ਦੀ ਗੱਲ, ਮਨੁੱਖੀ ਇਹਸਾਸਾਂ ਨੂੰ ਵੀ ਲਫ਼ਜ਼ਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾਇਹਸਾਸਾਂ ਦੇ ਪ੍ਰਗਟਾਅ ਲਈ ਸ਼ਬਦ-ਕੋਸ਼ ਅਧੂਰੇ ਪੈ ਜਾਂਦੇ ਹਨਇਹਸਾਸ ਤਾਂ ਸਿਰਫ਼ ਮਹਿਸੂਸ ਕੀਤੇ ਜਾ ਸਕਦੇ ਹਨਮਾਣੇ ਜਾ ਸਕਦੇ ਹਨਇਹਨਾਂ ਨੂੰ ਸ਼ਬਦਾਂ ਦੀਆਂ ਜ਼ੰਜੀਰਾਂ ਵਿਚ ਬੰਨ੍ਹਿਆਂ ਨਹੀਂ ਜਾ ਸਕਦਾਅਕਲ ਦੇ ਘੇਰੇ ਬਹੁਤ ਛੋਟੇ ਹੁੰਦੇ ਹਨਹਰ ਇਕ ਚੀਜ਼ ਨੂੰ ਅਕਲ ਥਾਣੀਂ ਲੰਘਾ ਲੰਘਾ ਕੇ ਵੇਖੀ ਜਾਣਾ ਵੀ ਇਕ ਰੋਗ ਬਣ ਜਾਂਦਾ ਹੈ-

ਵੋ ਫ਼ਕਤ ਇਹਸਾਸ ਹੈ, ਮਹਿਸੂਸ ਕਰਤਾ ਹੂੰ ਉਸੇ,

ਸੋਚ ਕਰ ਕੁਛ ਔਰ ਅਬ ਦਿਲ ਕੋ ਪਸ਼ੇਮਾਂ ਕਿਊਂ ਕਰੂੰ!

(ਫ਼ਕਤ-ਸਿਰਫ਼)

ਕਹਾਂ ਇਹਸਾਸ ਹੋਤਾ ਹੈ ਖ਼ਿਰਦ ਯੇ ਮੁਝ ਕੋ ਬਤਲਾਏ,

ਮੁਝੇ ਅਲਫ਼ਾਜ਼ ਕੀ ਜ਼ੰਜੀਰ ਜਬ ਪਹਿਨਾਈ ਜਾਤੀ ਹੈ

(ਖ਼ਿਰਦ-ਅਕਲ)

-----

ਧਰਮ ਦਾ ਅਜੋਕਾ ਖ਼ੁਸ਼ਕ ਜਿਹਾ ਰੂਪ ਜੋ ਧਰਤੀ ਤੇ ਫੈਲ ਰਿਹਾ ਹੈ, ਉਸਦਾ ਪ੍ਰਮੁੱਖ ਕਾਰਨ ਇਹ ਹੈ ਕਿ ਰੂਹਾਨੀ ਇਹਸਾਸ ਤੋਂ ਸੱਖਣੇ ਲੋਕ ਜਦੋਂ ਧਰਮ ਦੀ ਵਿਆਖਿਆ ਕਰਦੇ ਹਨ ਤਾਂ ਆਪਣੀ ਰੋਗੀ ਮਾਨਸਿਕਤਾ ਦੇ ਅੰਸ਼ ਇਸ ਵਿਚ ਰਲਾ ਦਿੰਦੇ ਹਨਇਸ ਕਰਕੇ ਰੂਹਾਨੀ ਤਜਰਬੇ ਵਿਚੋਂ ਜਿਹੜਾ ਸਭਿਆਚਾਰ ਧਰਤੀ ਤੇ ਪੈਦਾ ਹੋਣਾ ਸੀ, ਉਸ ਦੀ ਥਾਂ ਬਹੁਤ ਹੀ ਘਟੀਆ ਸਭਿਆਚਾਰ ਧਰਤੀ ਤੇ ਪੈਦਾ ਹੋ ਗਿਆ ਹੈ, ਜਿਹੜਾ ਜਿਸਮਾਨੀ ਸੁਖ-ਸੁਵਿਧਾਵਾਂ ਦੀ ਤਾਂ ਹਰ ਫ਼ਰਮਾਇਸ਼ ਪੂਰੀ ਕਰ ਰਿਹਾ ਹੈ, ਪਰ ਰੂਹ ਦੀ ਖ਼ੁਰਾਕ ਦਾ ਕੋਈ ਪਰਬੰਧ ਨਹੀਂ ਕਰਦਾਕਮਾਲ ਦੀ ਗੱਲ ਤਾਂ ਇਹ ਹੈ ਕਿ ਮਨੁੱਖ ਜਿਸ ਨੂੰ ਰੂਹ ਦੀ ਖ਼ੁਰਾਕ ਸਮਝਦਾ ਹੈ, ਪਦਾਰਥਵਾਦ ਉਸ ਵਿਚ ਬੇਹੱਦ ਸੂਖਮਤਾ ਨਾਲ ਹਾਜ਼ਿਰ ਹੈਇੰਝ ਮਨੁੱਖ ਆਪਣੇ ਆਪ ਨਾਲ ਅਨੋਖੀ ਖੇਡ ਖੇਡੀ ਜਾ ਰਿਹਾ ਹੈ-

ਜਿਸਮ ਕੀ ਪੂਰੀ ਹੁਈ ਹਰ ਏਕ ਫ਼ਰਮਾਇਸ਼ ਮਗਰ,

ਰੂਹ ਕੇ ਹਰ ਦਰਦ ਕਾ ਦਰਮਾਂ ਅਧੂਰਾ ਰਹਿ ਗਿਆ

(ਦਰਮਾਂ-ਇਲਾਜ)

ਮਨੁੱਖੀ ਮਨ ਦੀ ਬਣਤਰ ਉਸਦੇ ਆਲੇ-ਦੁਆਲੇ ਅਤੇ ਵਾਤਾਵਰਣ ਤੋਂ ਕਿਸ ਕਦਰ ਪ੍ਰਭਾਵਿਤ ਹੈ ਮਨਮੋਹਨ ਆਲਮ ਇਕ ਸ਼ਿਅਰ ਰਾਹੀਂ ਪੇਸ਼ ਕਰ ਦਿੰਦਾ ਹੈ-

ਮੇਰੇ ਬਸ ਮੇਂ ਕਹਾਂ ਥਾ ਕਿ ਮੁਝੇ ਕੈਸਾ ਖ਼ਿਆਲ ਆਏ,

ਮੇਰਾ ਮਾਹੌਲ ਜੈਸਾ ਥਾ ਮੁਝੇ ਵੈਸਾ ਖ਼ਿਆਲ ਆਇਆ

------

ਮਨਮੋਹਨ ਆਲਮ ਜਿੱਥੇ ਰੂਹਾਨੀ, ਮਾਨਸਿਕ, ਧਰਮ, ਸਮਾਜ ਨਾਲ ਸੰਬੰਧਿਤ ਕੀ, ਕਿਵੇਂ, ਕਿਉਂ ਜਿਹੇ ਸਵਾਲ ਪੈਦਾ ਕਰਦਾ ਹੈ, ਉੱਥੇ ਉਹਨਾਂ ਲੋਕਾਂ ਦੀ ਬਾਤ ਵੀ ਪਾਉਂਦਾ ਹੈ, ਜਿਹਨਾਂ ਨੂੰ ਚੰਦ ਰੋਟੀ ਵਰਗਾ ਲਗਦਾ ਹੈਉਸ ਮਾਂ ਦੇ ਅੰਦਰ ਉਠਦੇ ਤੂਫ਼ਾਨਾਂ ਦੀ ਨਿਸ਼ਾਨਦੇਹੀ ਕਰਦਾ ਹੈ ਜਿਸ ਨੇ ਆਪਣੇ ਬੱਚਿਆਂ ਨੂੰ ਹੰਝੂਆਂ ਨਾਲ ਪਾਲਿਆ ਹੈਸ਼ਾਇਰ ਪੱਤਰਕਾਰਾਂ, ਕਲਮਕਾਰਾਂ, ਦਾਨਿਸ਼ਵਰਾਂ ਨੂੰ ਬਾਹੋਂ ਫੜ੍ਹ ਕੇ ਉਹਨਾਂ ਦੇ ਫ਼ਰਜ਼ ਯਾਦ ਕਰਵਾ ਕੇ ਆਪਣੀ ਕਲਮ ਦਾ ਮਾਣ ਰੱਖ ਲੈਂਦਾ ਹੈ

ਮਨਮੋਹਨ ਆਲਮ ਦੀ ਸ਼ਾਇਰੀ ਮਨੁੱਖੀ ਮਨ ਦੁਆਲੇ ਲਿਪਟੀ ਫ਼ਾਲਤੂ ਬੋਝਾਂ ਦੀ ਗ਼ਰਦ ਝਾੜ ਕੇ, ਆਤਮਕ ਤੌਰ ਤੇ ਸਡੌਲ, ਇਕ ਵਧੀਆ ਇਨਸਾਨ ਦਾ ਮਾਡਲ ਪੇਸ਼ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਦੀ ਹੈ ਮਨਮੋਹਨ ਆਲਮ ਮਨੋਵਿਗਿਆਨਿਕ ਕਿੱਤੇ ਨਾਲ ਸੰਬੰਧਿਤ ਹੋਣ ਕਰਕੇ ਚੀਜ਼ਾਂ ਨੂੰ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਘੋਖਦਾ ਹੈਉਹ ਸੂਖਮ ਦ੍ਰਿਸ਼ਟੀ ਦਾ ਮਾਲਕ ਹੈ ਚਿਹਰੇ ਦੇ ਨਕਸ਼ ਉਹ ਕੇਵਲ ਪੜ੍ਹਦਾ ਹੀ ਨਹੀਂ ਸਗੋਂ ਇਹਨਾਂ ਦੀ ਤਹਿ ਚ ਪਏ ਜਜ਼ਬਿਆਂ, ਘਟਨਾਵਾਂ, ਕਾਰਨਾਂ, ਸੰਭਾਵਨਾਵਾਂ ਦੇ ਦਰਿਆਵਾਂ ਵਿਚ ਚੁੱਭੀ ਮਾਰਨ ਦੀ ਹਿੰਮਤ ਵੀ ਰੱਖਦਾ ਹੈਮਨੋਵਿਗਿਆਨਕ ਦ੍ਰਿਸ਼ਟੀ ਤੋਂ ਉਸਦੀ ਸ਼ਾਇਰੀ ਲਾਜਵਾਬ ਹੈ-

ਬਿਨਾ ਸੋਚੇ ਭੀ ਤੋ ਜੀਨਾ ਕੋਈ ਮੁਸ਼ਕਿਲ ਨਹੀਂ ਲੇਕਿਨ,

ਮੁਝੇ ਫਿਰ ਸੋਚ ਲੇਨੇ ਦੋ ਕਿ ਯੇ ਕੈਸਾ ਖ਼ਿਆਲ ਆਇਆ

-----

ਕੋਈ ਮੁਸ਼ਕਿਲ ਨਹੀਂ ਮੁਝ ਕੋ, ਤੁਝੇ ਯੇ ਬਾਤ ਸਮਝਾਨੀ,

ਮਗਰ ਇਸ ਵਕਤ ਮੁਝ ਕੋ ਬਸ ਤੇਰੀ ਔਕਾਤ ਕਾ ਡਰ ਹੈ

-----

ਮੁਝੇ ਅੱਛਾ ਲਗੇ ਯਾ ਨਾ ਲਗੇ ਅਬ ਇਸ ਕੇ ਕਿਆ ਮਾਈਨੇ,

ਕਿ ਜੋ ਅੱਛਾ ਲਗਾ ਵੋ ਭੀ ਸਦਾ ਅੱਛਾ ਨਹੀਂ ਲਗਤਾ

-----

ਸ਼ਿਕਵਾ ਤੋ ਕੋਈ ਭੀ ਨਹੀਂ ਮੁਝ ਸੇ ਉਸੇ ਮਗਰ,

ਉਲਝਨ ਉਸੇ ਹੈ ਕਿ ਮੁਝੇ ਉਲਝਨ ਕੋਈ ਨਹੀਂ

-----

ਗ਼ਜ਼ਲ-ਸੰਗ੍ਰਹਿ ਦਾ ਨਾਮ ਧੂਪ-ਛਾਓਂਇਕ ਸੂਤਰ ਵਾਂਗ ਗ਼ਜ਼ਲਾਂ ਦੇ ਅੰਦਰ-ਬਾਹਰ ਪਰੋਇਆ ਹੋਇਆ ਹੈ, ਜੋ ਜ਼ਿੰਦਗੀ ਵਿਚ ਆਉਂਦੇ ਦੁੱਖਾਂ-ਸੁੱਖਾਂ, ਖ਼ੁਸ਼ੀਆਂ-ਗ਼ਮੀਆਂ ਦਾ ਵੱਡਾ ਪ੍ਰਤੀਕ ਬਣ ਕੇ ਉਭਰਦਾ ਹੈ

ਸੁਰਿੰਦਰ ਸੋਹਲ ਨੇ ਸ਼ਾਹਮੁਖੀ ਲਿੱਪੀ ਵਿਚ ਛਪੀ, ਉਰਦੂ ਜ਼ਬਾਨ ਦੀ ਪੁਸਤਕ ਧੂਪ ਛਾਂਓਂ ਦਾ ਗੁਰਮੁਖੀ ਲਿੱਪੀ ਵਿਚ ਲਿੱਪੀਅੰਤਰ ਕਰਨ ਵੇਲੇ ਪਾਠਕ ਦੀ ਸਹੂਲਤ ਵਾਸਤੇ ਔਖੇ ਸ਼ਬਦਾਂ ਦੇ ਅਰਥ ਵੀ ਫੁੱਟਨੋਟ ਵਿਚ ਦੇ ਦਿੱਤੇ ਹਨਇੰਝ ਪਾਠਕ ਦੇ ਸ਼ਬਦਕੋਸ਼ ਵਿਚ ਵਾਧਾ ਵੀ ਹੋਵੇਗਾ ਅਤੇ ਪੁਸਤਕ ਪੜ੍ਹ ਕੇ ਮਾਣਨ ਦੇ ਅਨੰਦ ਵਿਚ ਵੀ ਖਲਲ ਨਹੀਂ ਪਵੇਗਾ

-----

ਮਨਮੋਹਨ ਆਲਮ ਨੂੰ ਮੈਂ ਨਿੱਜੀ ਤੌਰ ਤੇ ਅਜੇ ਤੱਕ ਨਹੀਂ ਮਿਲਿਆ ਹਾਂਸੁਰਿੰਦਰ ਸੋਹਲ ਮੁਤਾਬਕ-ਉਹ ਬੇਹੱਦ ਮਿਲਾਪੜਾ, ਗੰਭੀਰ, ਚਿੰਤਨਸ਼ੀਲ ਅਤੇ ਸਾਦਾ ਤਬੀਅਤ ਇਨਸਾਨ ਹੈਆਪਣੀ ਸ਼ਾਇਰੀ ਦੀ ਕਾਮਯਾਬੀ ਪਿੱਛੇ ਉਹ ਆਪਣੀ ਪਤਨੀ ਪਰਮਜੀਤ ਕੌਰ ਦੇ ਯੋਗਦਾਨ ਨੂੰ ਅੱਖੋਂ ਓਹਲੇ ਨਹੀਂ ਕਰਦਾਕਈ ਵਾਰ ਮਸਤੀ ਵਿਚ ਆਇਆ ਹੋਇਆ ਮਨਮੋਹਨ ਆਲਮ ਆਪਣੀ ਪਤਨੀ ਬਾਰੇ ਲਿਖੀ ਰੁਬਾਈ ਸੁਣਾ ਕੇ ਆਪਣੇ ਗੰਭੀਰ ਸੁਭਾਅ ਪਿੱਛੇ ਲੁਕੇ ਹੋਏ ਚੰਚਲ, ਸ਼ੋਖ਼ ਤੇ ਹੱਸਮੁਖ ਮਨਮੋਹਨ ਆਲਮ ਦੇ ਦਰਸ਼ਨ ਵੀ ਕਰਵਾ ਦਿੰਦਾ ਹੈ-

ਰੋਜ਼ ਚਾਵਲ ਉਬਾਲ ਰੱਖਤੀ ਹੋ

ਸਾਥ ਮੂੰਗੀ ਕੀ ਦਾਲ ਰੱਖਤੀ ਹੋ

ਬਾਜ਼ੌ-ਕਾਤ ਸੋਚਤਾ ਹੂੰ ਕਿ ਤੁਮ,

ਮੇਰਾ ਕਿਤਨਾ ਖ਼ਿਆਲ ਰੱਖਤੀ ਹੋ

******

No comments: