ਕੁਦਰਤ ਦੀਆਂ ਪੈੜਾਂ ‘ਚ ਦੀਵੇ ਜਗਾਉਂਦਾ ਸ਼ਾਇਰ - ਰਾਜਿੰਦਰਜੀਤ
“ਉਹ ਉੱਡਿਆ ਜੁਗਨੂੰਆਂ ਦੀ ਡਾਰ ਬਣਕੇ
ਮਿਰੇ ਹੱਥੋਂ ਜੋ ਲੱਪ ਚਾਨਣ ਦਾ ਸੀ ਡੁੱਲ੍ਹਿਆ।”
ਉਸਦੀਆਂ ਗ਼ਜ਼ਲਾਂ ਵਿੱਚ ਸਹਾਰਾ ਦੇ ਮਾਰੂਥਲ ਤੋਂ ਲੈ ਕੇ ਜ਼ਿਊਰਖ਼ ਦੀਆਂ ਸੁੰਦਰ ਘਾਟੀਆਂ ਦਾ ਸਫ਼ਰ ਹੈ, ਮਿਸਰ ਦੇ ਬਜ਼ਾਰਾਂ 'ਚੋਂ ਉੱਠਦੇ ਮਸਾਲਿਆਂ ਦੀ ਮਹਿਕ ਹੈ ਤੇ ਕਸ਼ਮੀਰ ਘਾਟੀ ਦੇ ਕੇਸਰ ਦੇ ਫੁੱਲਾਂ ਦੀ ਖ਼ੁਸ਼ਬੂ ਹੈ.....ਉਸਦੀ ਸ਼ਾਇਰੀ ਅੰਬਰ 'ਚ ਸਾਰੇ ਸਿਤਾਰਿਆਂ ਨੂੰ ਵੀਨਸ ਦੇ ਰੂਪ ਨਾਲ਼ ਸ਼ਿੰਗਾਰ ਦਿੰਦੀ ਹੈ…ਨਿਰਮਲ ਪਾਣੀ 'ਚ ਗੁਲਾਬੀ ਜਾਮਨੀ ਕੰਵਲ ਬਣ ਖਿੜਦੀ ਹੈ.....ਪਹਾੜੀ ਵਾਦੀਆਂ 'ਚ ਰੰਗ-ਬਿਰੰਗੇ ਸੁਮਨ ਬਣ ਟਹਿਕਦੀ ਹੈ…ਉਸਦੀਆਂ ਗ਼ਜ਼ਲਾਂ 'ਚ ਅੰਤਾਂ ਦਾ ਦਰਦ ਹੈ...ਬੋਧੀ ਮੱਠ ਵਾਲ਼ੀ ਚੁੱਪ ਤੇ ਸ਼ਾਂਤੀ ਹੈ....ਜ਼ੈੱਨ ਨਜ਼ਮਾਂ ਵਰਗਾ ਸਕੂਨ ਹੈ।
-----
ਉਸਦੀਆਂ ਗ਼ਜ਼ਲਾਂ ਕੇਸਰ ਦੀ ਮਹਿਕ ਨਾਲ਼ ਲੱਦੀਆਂ ਹੀ ਨਹੀਂ...ਸਗੋਂ ਉਹਨਾਂ ਉੱਪਰ ਚਾਂਦੀ ਦਾ ਵਰਕ ਵੀ ਲੱਗਿਆ ਹੋਇਆ ਹੈ....ਓਹ ਰੰਗ-ਬਿਰੰਗੇ ਸੂਤ ਨੂੰ ਕੱਤ ਧੁੱਪੇ ਪਾਈ ਜਾਂਦੈ...ਤੇ ਸੂਰਜ ਉਹਨਾਂ ਦੇ ਰੰਗ ਨੂੰ ਹੋਰ ਪੱਕਾ ਕਰੀ ਜਾਂਦਾ ਹੈ...ਜੀ ਹਾਂ!! ਮੈਂ ਗੱਲ ਕਰ ਰਹੀ ਹਾਂ…ਯੂ.ਕੇ. ਵਸਦੇ ਗ਼ਜ਼ਲਗੋ ਰਾਜਿੰਦਰਜੀਤ ਦੀ ਤੇ ਉਸਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਸਾਵੇ ਅਕਸ’ ਦੀ…। ‘ਸਾਵੇ ਅਕਸ’ ਜਿਸਦੇ ਪ੍ਰਕਾਸ਼ਿਤ ਹੋਣ ਨਾਲ਼ ਓਹ ਗੁਰਤੇਜ ਕੋਹਾਰਵਾਲ਼ਾ ਅਤੇ ਜਸਵਿੰਦਰ ਦੇ ਬਰਾਬਰ ਆ ਕੇ ਖੜ੍ਹਾ ਹੋ ਗਿਆ ਹੈ।ਇਹ ਗ਼ਜ਼ਲ-ਸੰਗ੍ਰਹਿ ਚੇਤਨਾ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ ਹੈ ਤੇ ਇਸਦੀ ਕੀਮਤ 90 ਰੁਪਏ ਹੈ।
-----
ਗ਼ਜ਼ਲਗੋ ਮੀਟਰ, ਬਹਿਰ ਆਦਿ ਦੇ ਸਖ਼ਤ ਵਿਧਾਨ ‘ਚ ਰਹਿ ਕੇ ਗ਼ਜ਼ਲ ਦੀ ਸਿਰਜਣਾ ਕਰਦਾ ਹੈ, ਜਾਂ ਇੰਝ ਕਹਿ ਲਓ ਕਿ ਉਸਦੇ ਛੰਦ-ਬੱਧ ਭਾਵਨਾਤਕ ਤਜ਼ਰਬਿਆਂ ( ਇਹ ਤਜ਼ਰਬੇ ਸਮਾਜਕ ਅਤੇ ਵਿਅਕੀਗਤ- ਦੋਵੇਂ ਹੋ ਸਕਦੇ ਹਨ ) ਨੂੰ ਪ੍ਰੰਪਰਾਗਤ ਅਤੇ ਤਕਨੀਕੀ ਬਾਰੀਕੀਆਂ ‘ਚੋਂ ਕਸ਼ੀਦਣਾ ਹੀ ਗ਼ਜ਼ਲ ਹੈ। ਗ਼ਜ਼ਲ ‘ਚ ਦਿਲ ‘ਚੋਂ ਨਿੱਕਲ਼ੀ ਸ਼ਾਇਰੀ ਦਾ ਸਿੱਧਾ ਅਸਰ ਪੜ੍ਹਨ-ਸੁਣਨ ਵਾਲ਼ੇ ਦੇ ਦਿਲ ‘ਤੇ ਹੁੰਦਾ ਹੈ।ਸਦੀਆਂ ਪਹਿਲਾਂ ਲਿਖੀ ਜਾਂਦੀ ਗ਼ਜ਼ਲ ਨਾਲ਼ੋਂ ਅਜੋਕੀ ਗ਼ਜ਼ਲ ਦਾ ਮੁਹਾਂਦਰਾ ਬਹੁਤ ਭਿੰਨ ਹੈ। ਰਾਜਿੰਦਰਜੀਤ ਦੀ ਕਿਤਾਬ ‘ਸਾਵੇ ਅਕਸ’ ਵਿਚਲੀਆਂ ਗ਼ਜ਼ਲਾਂ ਮੀਟਰ, ਵਜ਼ਨ, ਬਹਿਰ ਤੇ ਖ਼ਰੀਆ ਉੱਤਰਦੀਆਂ ਨੇ, ਸੋ ਮੈਂ ਇਸਦੇ ਵਿਸਤਾਰ ‘ਚ ਨਹੀਂ ਜਾਵਾਂਗੀ।
----
ਉਹਦੀ ਸ਼ਾਇਰੀ ਪੱਤਝੜ ਰੁੱਤੇ ਝੜੇ ਪੱਤਿਆਂ 'ਚ ਖ਼ੂਬਸੂਰਤ ਸ਼ਬਦਾਂ ਨਾਲ਼ ਇੱਕ ਵਾਰ ਫੇਰ ਹਰਿਆਵਲ ਭਰ ਦਿੰਦੀ ਹੈ...ਸੁੱਕੇ ਫੁੱਲਾਂ 'ਚ ਜ਼ਿੰਦਗੀ ਟਹਿਕ ਉੱਠਦੀ ਹੈ...ਮੋਈਆਂ ਤਿਤਲੀਆਂ ਦੇ ਖੰਭਾਂ 'ਚ ਜਾਨ ਆ ਜਾਂਦੀ ਹੈ....ਓਹਦੇ ਖ਼ਿਆਲਾਂ 'ਚ ਲੋਹੜੇ ਦੀ ਸੰਵੇਦਨਾ ਹੈ....ਸੰਤੋਖ ਹੈ...ਆਸ ਦੇ ਦੀਵਿਆਂ ਨੂੰ ਉਹ ਬੁਝਣ ਨਹੀਂ ਦਿੰਦਾ...ਉਦਾਸੀ ਜ਼ਰੂਰ ਹੈ...ਨਿਰਾਸ਼ਾ ਨਹੀਂ।
ਉਸਦੀ ਸ਼ਾਇਰੀ ਇੱਕ ਖ਼ੂਬਸੂਰਤ ਕੋਲਾਜ ਹੈ...ਕੁਦਰਤ, ਫੁੱਲਾਂ, ਪੱਤਿਆਂ, ਰੁੱਖਾਂ. ਪੰਛੀਆਂ, ਪੌਣਾਂ, ਸ਼ੀਸ਼ਾ, ਪੱਥਰ, ਕਾਗਜ਼, ਧਰਤੀ, ਆਕਾਸ਼, ਸਮੁੰਦਰ, ਸੁਪਨਿਆਂ ਨਾਲ਼ ਓਹਨੂੰ ਬੜਾ ਮੋਹ ਹੈ...ਓਹ ਪੈੜਾਂ ਦੇ ਰੇਤਿਆਂ ਦੀ ਇਬਾਦਤ ਕਰਦਾ ਹੈ...ਲਫ਼ਜ਼ਾਂ ਦੇ ਪੰਛੀਆਂ ਦੇ ਖੰਭ ਬੜੇ ਸਲੀਕੇ ਨਾਲ਼ ਸ਼ਿੰਗਾਰਦਾ ਹੈ...ਜ਼ਿੰਦਗੀ ਉਸ ਲਈ ਤਪ ਹੈ।
----
ਗ਼ਜ਼ਲਾਂ ‘ਚ ਮਨੁੱਖ ਅੰਦਰ ਚੱਲਦੇ ਦਵੰਦ ਤੇ ਗ਼ਜ਼ਲਗੋ ਕਰਾਰੀ ਚੋਟ ਕਰਦਾ ਹੈ....
ਅਸੀਂ ਵੀ ਖ਼ੂਬ ਹਾਂ, ਕਿਧਰੇ ਤਾਂ ਨ੍ਹੇਰੇ ਨੂੰ ਵੀ ਜਰ ਲਈਏ
ਤੇ ਕਿਧਰੇ ਬਿਰਖ ਦੀ ਇਕ ਛਾਂ 'ਤੇ ਹੀ ਇਤਰਾਜ਼ ਕਰ ਲਈਏ। ( ਪੰਨਾ 19)
ਬੱਦਲ਼ ਬਣ ਓਹ ਤਪਦੇ ਰੇਗਿਸਤਾਨ ਦੇ ਕੰਮ ਆਉਂਣਾ ਚਾਹੁੰਦੈ....ਦਰਿਆ ਤੇ ਵਰ੍ਹਨਾ ਉਹਨੂੰ ਫ਼ਜ਼ੂਲ ਲੱਗਦੈ...ਜੇ ਉਹ ਮੰਜ਼ਿਲ ਤੇ ਨਹੀਂ ਪਹੁੰਚਦਾ ਤਾਂ ਇਲਜ਼ਾਮ ਆਪਣੇ ਸਿਰ ਲੈ ਲੈਂਦਾ ਹੈ.........ਬਦਲਦੇ ਮੌਸਮਾਂ ਤੋਂ ਓਹ ਆਸ ਨ੍ਹੀਂ ਰੱਖਦਾ...ਆਪਣੇ ਬਲ ਤੇ ਬਦਲਾਓ ਲਿਆਉਂਣਾ ਚਾਹੁੰਦਾ ਹੈ।
ਵਿਅਕਤੀਗਤ ਉਦਾਸੀ ਅਤੇ ਗ਼ਮ ਦੀ ਗੱਲ ਕਰਦਾ, ਸਾਰੀ ਕਾਇਨਾਤ ਦਾ ਚੱਕਰ ਲਾ ਲੈਂਦਾ ਹੈ...ਬਾਰੀਕੀ ਨਾਲ਼ ਹਰ ਲਫ਼ਜ਼ ਕਸ਼ੀਦਦਾ ਹੈ ..ਫੇਰ ਸ਼ਾਇਰੀ 'ਚ ਭਰਦਾ ਹੈ:
ਪਰਾਂ ਨੂੰ ਮੈਂ ਪਰਵਾਜ਼ ਦਿਆਂ, ਬੇਪਰਿਆਂ ਨੂੰ ਪਰ ਦੇਵਾਂ
ਏਸ ਬਹਾਨੇ ਅਪਣੇ ਆਪ ਨੂੰ ਖੁੱਲ੍ਹਾ ਅੰਬਰ ਦੇਵਾਂ।( ਪੰਨਾ 63)
---
ਤਾਂ ਹੀ ਸ਼ਾਇਦ ਹੈ ਸਲੀਕਾ, ਸੁਰ ਵੀ ਹੈ ਤੇ ਹੈ ਮਿਠਾਸ
ਬੰਸਰੀ ਵਾਂਗਰ ਗਏ ਕਿੰਨੀ ਦਫ਼ਾ ਸੱਲੇ ਅਸੀਂ। ( ਪੰਨਾ 47)
----
ਉਸਦੇ ਖ਼ਿਆਲਾਂ ਵਿਚਲੀ ਸੰਜੀਦਗੀ, ਉਸਦੀ ਸ਼ਾਇਰੀ ਨੂੰ ਪੁਖ਼ਤਗੀ ਦੇ ਰੰਗਾਂ ਨਾਲ਼ ਪਾਕੀਜ਼ਾ ਬਣਾ ਦਿੰਦੀ ਹੈ।
ਪਰਵਾਸ ਕਾਰਣ ਲੱਗੇ ਘਰ੍ਹਾਂ ਨੂੰ ਲੱਗੇ ਤਾਲੇ ਉਸਨੂੰ ਵਲੂੰਧਰ ਦਿੰਦੇ ਨੇ...
ਮਸਾਣਾਂ ਜਾਂ ਮੜ੍ਹੀਆਂ 'ਤੇ ਬਾਲ਼ਾਂਗੇ ਦੀਵੇ
ਘਰਾਂ ਦੇ ਕਦੋਂ ਪਰ ਸੰਭਾਲ਼ਾਂਗੇ ਦੀਵੇ। (ਪੰਨਾ 22)
----
ਤੁਰ ਜਾਵਾਂ ਮੈਂ ਵੀ ਕੰਮ ਨੂੰ, ਗੁੰਮ ਜਾਵਾਂ ਭੀੜ ਵਿੱਚ
ਪੋਣੇ ‘ਚ ਬੰਨ੍ਹ ਕੇ ਰੋਟੀਆਂ, ਗੁੜ ਦੀ ਡਲ਼ੀ ਨੇ ਨਾਲ਼।( ਪੰਨਾ 76)
----
ਏਸ ਨਗਰ ਦੇ ਲੋਕ ਹਮੇਸ਼ਾ ਸੋਚਾਂ ਵਿਚ ਗ਼ਲਤਾਨ ਰਹੇ
ਨਜ਼ਰਾਂ ਦੇ ਵਿਚ ਬਾਗ਼-ਬਗੀਚੇ, ਖ਼ਾਬਾਂ ਵਿੱਚ ਸ਼ਮਸਾਨ ਰਹੇ। ( 78)
ਰਿਸ਼ਤਿਆਂ ਵਿਚਲੇ ਪ੍ਰਦੂਸ਼ਣ ਤੋਂ ਚਿੰਤਿਤ ਹੋ ਕੇ ਕੁਰਲਾ ਉੱਠਦੈ ਤੇ ਲਿਖਦੈ ਕਿ…
ਰਿਸ਼ਤਿਆਂ ਦੀ ਜੂਹ ‘ਚ ਵਗੀਆਂ ਬਲ਼ਦੀਆਂ ਪੌਣਾਂ ਸਦਾ
ਜ਼ਿਹਨ ਵੀ ਝੁਲ਼ਸੇ ਗਏ ਨੇ ਚਿਹਰਿਆਂ ਦੇ ਨਾਲ਼ -ਨਾਲ਼। ( ਪੰਨਾ 53)
----
ਉਹਦੀ ਸ਼ਾਇਰੀ 'ਚ ਸਮੁੰਦਰ 'ਚ ਉੱਠਦਾ ਤੂਫ਼ਾਨ ਵੀ ਹੈ ਤੇ ਮਾਰੂਥਲਾਂ ਦੀ ਚੁੱਪ ਵੀ...ਯਾਦਾਂ ਓਹਦੀ ਸ਼ਾਇਰੀ ਨੂੰ ਸ਼ਿੰਗਾਰਦੀਆਂ ਨੇ ....
ਮੇਰੀ ਬੈਠਕ ਵਿੱਚ ਜੰਗਲ ਉੱਗ ਆਵੇਗਾ
ਜਦ ਯਾਦਾਂ ਦੇ ਪੰਛੀ ਆ ਕੇ ਬਹਿ ਜਾਣੇ। ( ਪੰਨਾ 23)
-----
ਹੁਣ ਜਦ ਵੀ ਮੇਰਾ ਖ਼ਤ ਕੋਈ ਲਭਦਾ ਉਸਨੂੰ ਏਦਾਂ ਜਾਪੇ
ਕੋਈ ਪੁਸਤਕ ਫੋਲ਼ਦਿਆਂ ਜਿਉਂ ਨਿਕਲ਼ੇ ਤਿਤਲੀ ਮੋਈ।( ਪੰਨਾ 50)
ਕਈ ਵਾਰ ਲੰਮੀ-ਕਾਲ਼ੀ ਰਾਤ ਵਿੱਚ ਗੁੰਮਣ ਦਾ ਤੌਖ਼ਲ਼ਾ ਮਹਿਸੂਸ ਕਰਦੈ...ਫੇਰ ਆਸਵੰਦ ਹੋ ਜਾਂਦੈ..ਤੇ ਤਾਰੇ ਟਿਮਟਿਮਾਉਂਣ ਲੱਗ ਜਾਂਦੇ ਨੇ...
ਮੈਨੂੰ ਹੀ ਪੈਣੇ ਨੇ ਕੱਲ੍ਹ ਨੂੰ ਰੁੱਤਾਂ ਦੇ ਫੁੱਲ ਚੁਗਣੇ
ਅੱਜ ਹੀ ਆਪਣੀ ਹਿੰਮਤ ਨੂੰ ਮੈਂ ਚਿੱਟੇ ਵਸਤਰ ਦੇਵਾਂ।( ਪੰਨਾ 63)
----
ਜਦ ਲਾਲੀਆਂ ਨੇ ਹੈ ਟਹਿਕਣਾ, ਜਦ ਨ੍ਹੇਰ੍ਹਿਆਂ ਨੇ ਹੈ ਸਹਿਕਣਾ
ਜਦ ਜ਼ਿੰਦਗੀ ਨੇ ਮਹਿਕਣਾ, ਉਹ ਸਵੇਰ ਥੋੜ੍ਹੀ ਕੁ ਦੂਰ ਹੈ। ( ਪੰਨਾ 24 )
ਗ਼ਮ ਉਸ ਲਈ ਗਹਿਣਾ ਹੈ...
ਬੱਸ ਏਹੋ ਹੁਨਰ ਹੀ ਮੇਰੇ ਜਿਗਰ ਦਾ ਦਰਦ ਹਰੇ
ਇਹੋ ਖ਼ਿਆਲ ਹੀ ਮੇਰੇ ਲਹੂ 'ਚ ਰੰਗ ਭਰੇ
ਬਿਗਾਨੀ ਪੀੜ ਨੂੰ ਮੱਥੇ ਸਜਾਉਂਣ ਸਿੱਖਿਆ ਹਾਂ
ਇਹੋ ਹੀ ਟੂੰਮ ਹੈ ਜਿਹੜੀ ਸਜਾ ਗਈ ਮੈਨੂੰ। ( ਪੰਨਾ 25)
----
ਮਹਿਬੂਬ ਦੀ ਦੂਰੀ ਉਹਨੂੰ ਤੜਪਾ ਦਿੰਦੀ ਹੈ...ਓਹਦੀ ਸ਼ਾਇਰੀ ਬਹਾਨੇ ਰਚਦੀ ਹੈ....ਓਹ ਸ਼ਬਦ ਤਲਾਸ਼ਦੀ ਹੈ...ਜਿਹੜੀ ਕਿਸੇ ਵੀ ਪਰਿੰਦੇ ਦੀ ਪਰਵਾਜ਼ ਬੰਨ੍ਹ ਦੇਵੇ...
ਅਜੇ ਤੂੰ ਭਟਕਣੈਂ ਕੁਝ ਹੋਰ ਦਰ-ਦਰ
ਬੜਾ ਗੂੜ੍ਹਾ ਹੈ ਹਾਲੇ ਪੈਰ ਚੱਕਰ
ਅਜੇ ਘਰ ਜਾਵਣ ਦਾ ਵੇਲ਼ਾ ਨਹੀਂ ਹੈ
ਜਿਗਰ ਦੀ ਚੀਸ ਹਟ ਜਾਵੇ ਤਾਂ ਜਾਵੀਂ। ( ਪੰਨਾ 27)
ਇੰਤਜ਼ਾਰ ਬਾਰੇ ਕਹਿੰਦੈ...
ਉਹ ਜਾਂ ਝੱਲਾ ਹੈ ਜਾਂ ਇਨਕਾਰ ਤੇ ਇਕਰਾਰ ਤੋਂ ਉੱਚਾ
ਮਿਰੇ ਨਾਂ 'ਤੇ ਉਹ ਇੱਕ ਖਾਲੀ ਲਿਫ਼ਾਫ਼ਾ ਰੋਜ਼ ਘੱਲਦਾ ਹੈ। ( ਪੰਨਾ 40)
----
ਓਹਦੇ ਸ਼ਬਦਾਂ ਦੀ ਚੋਣ ਨੇ ਜਿੱਥੇ ਮੈਨੂੰ ਖ਼ੁਸ਼ ਤੇ ਹੈਰਾਨ ਕੀਤਾ ਹੈ, ਓਥੇ ਚਿਤਵਣੀ 'ਚ ਵੀ ਪਾਇਆ ਹੈ...
ਆਪਣਾ ਆਪਾ ਸੰਵਾਰ ਕੇ ਰੱਖਾਂ
ਨੀਰ ਮੈਲ਼ਾ ਨਿਤਾਰ ਕੇ ਰੱਖਾਂ
ਰੋਜ਼ ਏਧਰ ਦੀ ਲੰਘਦਾ ਜਦ ਵੀ
ਮੇਰੇ ਪਾਣੀ ਹੰਘਾਲ਼ਦਾ ਕੋਈ। ( ਪੰਨਾ 30)
----
ਸਮੇਂ ਦੀ ਹਿੱਕ ਹੀ ਵਿੰਨ੍ਹ ਕੇ ਧਰੀ ਸ਼ੋਕੇਸ ਅੰਦਰ
ਉਨ੍ਹਾਂ ਰੱਖੀ ਹੈ ਤਿੱਖੀ ਸੂਲ਼ ਵਿੱਚ ਤਿਤਲੀ ਪਰੋ ਕੇ।( ਪੰਨਾ 65)
ਉਸਦੀ ਸ਼ਾਇਰੀ ਅੱਗ 'ਚੋਂ ਉੱਗੇ ਫੁੱਲ ਵਰਗੀ ਹੈ..ਪਿਆਸੇ ਬਿਰਖਾਂ ਦਾ ਸੰਤਾਪ ਉਸਨੂੰ ਚੀਰ ਜਾਂਦਾ ਹੈ....
ਬੜਾ ਹੀ ਜੀ ਕਰੇ ਬੈਠਾਂ ਕਿਤੇ ਖੇਤਾਂ 'ਚ ਜਾ ਕੇ
ਤੇ ਨਿੱਤ ਪੁੱਛਿਆ ਕਰਾਂ ਚਿੜੀਆਂ ਦੀਆਂ ਡਾਰਾਂ ਨੂੰ ਪਾਣੀ। ( ਪੰਨਾ 33)
----
ਉਸ ਕੋਲ਼ ਖ਼ਿਆਲਾਂ ਦੀਆਂ ਕਲੀਆਂ ਨੇ....ਜਿਨ੍ਹਾਂ ਨੂੰ ਪੰਖੜੀ-ਪੰਖੜੀ ਕਰਕੇ ਓਹ ਖੋਲ੍ਹਦਾ ਜਾਂਦੈ..ਤੇ ਪਾਰਦਰਸ਼ੀ ਸ਼ੀਸ਼ੇ ਵਰਗੀਆਂ ਗ਼ਜ਼ਲਾਂ 'ਚੋਂ ਹਰ ਮੌਸਮ ਝਲਕਦਾ ਹੈ...ਜਾਂ ਇੰਝ ਕਹਿ ਲਓ ਕਿ ਜਦ ਓਹ ਮੁੱਠੀ ਖੋਲ੍ਹਦੈ ਤਾਂ ਲਫ਼ਜ਼ਾਂ ਦੇ ਰੰਗ-ਬਿਰੰਗੇ ਮੌਸਮ ਅੰਗੜਾਈ ਲੈ ਕੇ ਕਾਇਨਾਤ ਨਾਲ਼ ਇੱਕ-ਸੁਰ ਹੋ ਜਾਂਦੇ ਨੇ।
ਜਦੋਂ ਨਿਰਾਸ਼ਤਾ 'ਚ ਗੁਲਾਬ ਦੀਆਂ ਪੱਤੀਆਂ ਤੋੜ ਕੇ ਸਮੁੰਦਰ 'ਚ ਵਗ੍ਹਾ ਦਿੰਦੈ ਤਾਂ ਹਰ ਆਉਂਦੀ ਜਾਂਦੀ ਲਹਿਰ ਉਹਨਾਂ ਪੱਤੀਆਂ ਨੂੰ ਫੇਰ ਲਿਆ ਓਹਦੇ ਕਦਮਾਂ ਤੇ ਢੇਰੀ ਕਰ ਜਾਂਦੀ ਹੈ।ਉਹਦੇ ਸ਼ਬਦਾਂ ਵਿਚਲੀ ਸੰਜੀਦਗੀ ਸਾਣ 'ਤੇ ਲਾਉਂਦੀ ਹੈ.... ਸ਼ਾਇਰੀ ਦੀ ਇਬਾਦਤ 'ਚ ਕੀਤਾ ਮਾਰੂਥਲ ਦਾ ਸਫ਼ਰ ਉਸਦੇ ਪੈਰਾਂ 'ਚ ਗਲੋਬ ਦੇ ਨਕਸ਼ੇ ਉੱਕਰ ਗਿਐ..
ਪੱਤਝੜ ਬਾਰੇ ਲਿਖਦਾ ਹੈ ਕਿ...
ਖੌਰੇ ਪਾਂਧੀ ਕਿੰਨਾ ਚਿਰ ਬਹਿ ਸਕਣ ਇਨ੍ਹਾਂ ਦੀ ਛਾਵੇਂ
ਪੱਤਝੜ ਪੁੱਛਦੀ ਫਿਰਦੀ ਸੀ ਕੱਲ੍ਹ ਰੁੱਖਾਂ ਦੇ ਸਿਰਨਾਵੇਂ। ( ਪੰਨਾ 38)
ਇਹ ਸ਼ਿਅਰ ਪੜ੍ਹ ਕੇ ਬਹੁਤ ਵਾਰ ਭਾਵੁਕ ਹੋਈ ਹਾਂ…
ਮਿਰਾ ਸ਼ੁਮਾਰ ਵੀ ਰੁੱਖਾਂ ‘ਚ ਹੁੰਦਾ, ਜੇ ਮੇਰੇ
ਜ਼ਰਾ ਕੁ ਪੌਣ ‘ਚ ਪੱਤੇ ਨਾ ਝੜ ਗਏ ਹੁੰਦੇ। ( ਪੰਨਾ 45)
---
ਹਰੇਕ ਪਲ ਨੂੰ ਮੈਂ ਗਿਣ ਰਿਹਾ ਹਾਂ
ਉਡੀਕ ਤੇਰੀ ਹਿਸਾਬ ਮੇਰਾ।
ਨਵਾਜ਼ ਮੈਨੂੰ ਤੂੰ ਆ ਕੇ ਜਲਦੀ
ਹੇ ਤੇਰੀ ਆਮਦ ਖ਼ਿਤਾਬ ਮੇਰਾ।( ਪੰਨਾ 72)
----
ਮੰਜ਼ਿਲ ਦੀ ਕਾਮਨਾ ਵੀ ਓਹ ਛੇਤੀ ਨਹੀਂ ਕਰਦਾ....ਸਾਰੀ ਕਾਇਨਾਤ ਗਾਹੁਣੀ ਚਾਹੁੰਦਾ ਹੈ....ਸਫ਼ਰ ਦੀ ਝਾਂਜਰ ਨੂੰ ਪੈਰੀਂ ਬੰਨ੍ਹ ਕੇ ਤੁਰਦਾ ਹੈ, ਤਾਂ ਕਿ ਜਦੋਂ ਵੀ ਛਣਕੇ ਤਾਂ ਮੰਜ਼ਿਲ ਦੇ ਵੱਲ ਜਾਣ ਲਈ ਕਦਮ ਹੋਰ ਕਾਹਲ਼ੇ ਹੋ ਜਾਣ….
ਅਜੇ ਪੈਰੀਂ ਸਫ਼ਰ ਬੱਝਾ ਰਹਿਣ ਦੇ, ਨਾ ਇਸ ਝਾਂਜਰ ਨੂੰ ਕਰ ਤੂੰ ਦੂਰ ਹਾਲੇ
ਅਜੇ ਨੱਚਣ ਲਈ ਵਿਹੜਾ ਸਲਾਮਤ, ਨਾ ਹੋਏ ਪੈਰ ਥੱਕ ਕੇ ਚੂਰ ਹਾਲੇ। ( ਪੰਨਾ 41)
----
ਤੇਜ਼ ਧੁੱਪ ਵਿੱਚ ਮਿਰੀ ਛਾਂ ਨੇ ਮੈਨੂੰ ਕਿਹਾ
ਇਸ ਸਫ਼ਰ ‘ਤੇ ਤੁਰੇ ਹੋਰ ਕਿੰਨੇ ਜਣੇ
ਸਾਰੇ ਰਾਹੀ ਗਿਣੇ, ਫਿਰ ਮੈਂ ਉਸਨੂੰ ਕਿਹਾ
‘ਏਥੇ ਦੋ ਹੀ ਨੇ ਤੇਰੇ ਤੇ ਮੇਰੇ ਸਣੇ।’ ( ਪੰਨਾ 68)
ਆਪਣੀ ਖ਼ਾਮੋਸ਼ੀ ਨੂੰ ਬੜੇ ਖ਼ੂਬਸੂਰਤ ਲਫ਼ਜ਼ਾਂ ‘ਚ ਬਿਆਨ ਕਰਦੈ ਕਿ…
ਸ਼ਬਦਕੋਸ਼ਾਂ ਨੂੰ ਉਹ ਸਾਹਵੇਂ ਰੱਖ ਕੇ
ਮੇਰੀ ਚੁੱਪ ਦਾ ਤਰਜ਼ੁਮਾ ਨਾ ਕਰ ਸਕੇ। ( ਪੰਨਾ 46)
ਪ੍ਰਦੂਸ਼ਣ, ਨਵੀਆਂ ਮਾਰੂ ਨੀਤੀਆਂ ਅਤੇ ਸੋਚਾਂ ਲਈ ਉਸਦੇ ਮਨ ‘ਚ ਖ਼ੌਫ਼ ਹੈ...
ਹੁਣ ਅਗਨੀ ਬੈਠੇਗੀ, ਫੁੱਲਾਂ ਦੀ ਰਾਖੀ ਨੂੰ
ਏਦਾਂ ਕੁਝ ਲਗਦੇ ਨੇ ਬਣਦੇ ਆਸਾਰ ਨਵੇਂ। ( ਪੰਨਾ 49)
---
ਲਹੂ, ਤੇਜ਼ਾਬ ਤੇ ਬਾਰੂਦ ਇਸ ਵਿੱਚ ਘੋਲ਼ ਰੱਖੇ ਤੂੰ
ਤਿਰੇ ਤਾਲਾਬ ਤੋਂ ਰਾਹੀ ਤਿਹਾਏ ਮੁੜ ਗਏ ਸਾਰੇ।( ਪੰਨਾ 74)
----
ਅਜੋਕੀ ਗਾਇਕੀ ਅਤੇ ਬੇਸੁਰੇ ਗਾਇਕਾਂ ਤੋਂ ਪ੍ਰੇਸ਼ਾਨ ਹੈ...
ਗੀਤਾਂ ਦੇ ਵਾਰਿਸਾਂ ਨੂੰ ਸੁਣਨਾ ਮੁਹਾਲ ਹੋਇਆ
ਨਗ਼ਮੇ ਜੋ ਗਾ ਰਹੇ ਨੇ ਰਾਗਾਂ ‘ਤੇ ਪੈਰ ਧਰ ਕੇ।( ਪੰਨਾ 61)
ਆਰਥਿਕ ਤੰਗੀਆਂ ਦਾ ਜ਼ਿਕਰ ਬਾਖ਼ੂਬੀ ਕਰਦੈ ਕਿ:
ਖ਼ੁਦ ਨੂੰ ਮਿਲ਼ਣ ਤੋਂ ਪਹਿਲਾਂ ਮੇਰਾ ਤੈਨੂੰ ਮਿਲ਼ਣਾ ਔਖਾ
ਤੇਰੀਆਂ ਸਾਬਤ ਰੀਝਾਂ ਨੂੰ ਕਿੰਝ ਟੁੱਟੀ ਝਾਂਜਰ ਦੇਵਾਂ। ( ਪੰਨਾ 63)
ਨਿਭ ਨਾ ਸਕੇ ਵਾਅਦਿਆਂ ਕਰਕੇ, ਉਹ ਟੁੱਟਦਾ ਨਹੀਂ.....ਵਾਅਦਿਆਂ ਨਾਲ਼ ਜਿਉਂਦਾ ਹੈ...
ਜਿਵੇਂ ਖੜ੍ਹਾ ਕਿਤੇ ਗੱਡੀ ਨੂੰ ਉਡੀਕਦਾ ਕੋਈ
ਮਿਰੀ ਉਡੀਕ ਨੂੰ ਏਨਾ ਕੁ ਵੇਖਦਾ ਕੋਈ। ( ਪੰਨਾ 52)
----
ਮੈਂ ਤੇਰੇ ਕਦਮਾਂ ‘ਚ ਓਨੇ ਹੀ ਫੁੱਲ ਰੱਖ ਚੱਲਿਆਂ
ਸਿਰ੍ਹਾਣੇ ਤੂੰ ਮਿਰੇ ਜਿੰਨੇ ਸੀ ਧਰ ਗਿਆ ਪੱਥਰ। ( ਪੰਨਾ 60)
----
ਰਾਜਿੰਦਰਜੀਤ ਦੀਆਂ ਗ਼ਜ਼ਲਾਂ ਕਿਤਾਬ ਖੋਲ੍ਹਣ ਸਾਰ ਹੀ ਪਾਠਕ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ ਅਤੇ ਆਖਰੀ ਸਫ਼ੇ ਤੱਕ ਉਸਨੂੰ ਆਪਣੇ ਤੋਂ ਬੇਮੁੱਖ ਨਹੀਂ ਹੋਣ ਦਿੰਦੀਆਂ। ਉਸਦੀਆਂ ਗ਼ਜ਼ਲਾਂ ਦੀ ਖ਼ੂਬਸੂਰਤੀ ਏਸੇ ਗੱਲ ‘ਚ ਹੈ ਕਿ ਉਸਦੀ ਸੋਚ ਸਦੀਆਂ ਤੋਂ ਚੱਲੇ ਆਉਂਦੇ ‘ਸ਼ੱਮਾਅ-ਪਰਵਾਨੇ’ ਵਾਲ਼ੇ ਖ਼ਿਆਲਾਂ ਤੋਂ ਮੁਕਤ ਹੈ, ਬੋਲੋੜੇ ਜਾਂ ਘਿਸ-ਪਿਟ ਚੁੱਕੇ ਲਫ਼ਜ਼ਾਂ, ਸੰਵਾਦਾਂ ਦੀ ਉਸਦੀ ਸ਼ਾਇਰੀ ‘ਚ ਕੋਈ ਜਗ੍ਹਾ ਨਹੀਂ। ਉਸਦੀ ਸ਼ਿਲਪ ‘ਚ ਵੱਖਰਾ ਤੇ ਨਵਾਂਪਣ ਹੈ।ਉਹ ਆਪਣੀਆਂ ਗ਼ਜ਼ਲਾਂ ਦਾ ਮੁਹਾਂਦਰਾ ਅਨਘੜ੍ਹ ਪੱਥਰ ਤੋਂ ਘੜ੍ਹਦਾ, ਉਹਨਾਂ ਦੇ ਨਕਸ਼ ਤਰਾਸ਼ਦਾ ਤੇ ਫੇਰ ਅਜੰਤਾ-ਏਲੋਰਾ ਦੇ ਕੰਧ-ਚਿੱਤਰਾਂ ਵਾਂਗ ਕੁਦਰਤ ਦੇ ਹਰ ਰੰਗ ‘ਚ ਰੰਗ ਦਿੰਦਾ ਹੈ।ਕਿਸੇ ਵੀ ਲੇਖਕ ਦੀ ਪ੍ਰਾਪਤੀ ਏਸ ਗੱਲ ‘ਚ ਹੁੰਦੀ ਹੈ ਕਿ ਉਹ ਆਪਣੀਆਂ ਲਿਖਤਾਂ ‘ਚ ਕਿੰਨਾ ਕੁ ਜਿਉਂਦਾ ਹੈ, ਮੈਨੂੰ ਇਹ ਲਿਖਦਿਆਂ ਬੜੀ ਰਾਹਤ ਤੇ ਖ਼ੁਸ਼ੀ ਮਿਲੀ ਹੈ ਕਿ ਗ਼ਜ਼ਲਗੋ, ਮੈਨੂੰ ਆਪਣੀਆਂ ਗ਼ਜ਼ਲਾਂ ‘ਚ ਹਾਜ਼ਰ ਨਜ਼ਰ ਆਇਆ ਹੈ।
----
ਉਸਦਾ ਦਰਦ ਦਿਖਾਵਾ ਨਹੀਂ ਹੈ, ਬਲਕਿ ਉਸ ਅਹਿਸਾਸ ਨਾਲ਼ ਉਹ ਹਰ ਚੀਜ਼, ਤਜ਼ਰਬੇ ਨੂੰ ਵੱਖਰੇ ਜਜ਼ਬੇ ਨਾਲ਼ ਮਾਣਦਾ ਹੈ।ਹਰ ਗ਼ਜ਼ਲ ‘ਚ ਉਹ ਸਫ਼ਰ ‘ਤੇ ਜਾਂਦਾ ਪ੍ਰਤੀਤ ਹੁੰਦਾ ਹੈ।
ਥੋੜ੍ਹੇ ਅਹਿਸਾਨ ਕਰਕੇ ਤੇਰੇ ‘ਤੇ
ਮੈਂ ਤਾਂ ਅਪਣੀ ਹੀ ਰਾਖ਼ ਛਾਣੀ ਹੈ।( ਪੰਨਾ 77)
ਰਸੂਲ ਹਮਜ਼ਾਤੋਵ ਨੇ ਲਿਖਿਐ ਕਿ ਕਵਿਤਾ ਇੱਕ ਵਾਰੀ ਲਿਖੀ ਜਾਂਦੀ ਹੈ ਤੇ ਉਮਰ ਭਰ ਦੁਹਰਾਈ ਜਾਂਦੀ ਹੈ।ਇਹੀ ਗੱਲ ਰਾਜਿੰਦਰਜੀਤ ਦੀਆਂ ਗ਼ਜ਼ਲਾਂ ਬਾਰੇ ਵੀ ਦਾਅਵੇ ਨਾਲ਼ ਆਖੀ ਜਾ ਸਕਦੀ ਹੈ ਕਿ ਉਸਦੀ ਸ਼ਾਇਰੀ ਦੁਹਰਾਈ ਜਾਂਦੀ ਰਹੇਗੀ।ਉਸਦੇ ਲਿਖੇ ਲਫ਼ਜ਼ ਜਿੱਥੇ ਵੀ ਕਿਤਾਬੀ ਰੂਪ ‘ਚ ਪਹੁੰਚਣਗੇ, ਪਾਠਕਾਂ ਦੇ ਦਿਲਾਂ ‘ਚ ਆਪਣਾ ਵੱਖਰਾ ਮੁਕਾਮ ਬਣਾ ਲੈਣਗੇ, ਮੈਨੂੰ ਪੂਰਨ ਯਕੀਨ ਹੈ।ਮੈਂ ਰਾਜਿੰਦਰਜੀਤ ਨੂੰ ਉਸਦੇ ਪਲੇਠੇ ਗ਼ਜ਼ਲ-ਸੰਗ੍ਰਹਿ ‘ਸਾਵੇ ਅਕਸ’ ਦੇ ਪ੍ਰਕਾਸ਼ਿਤ ਹੋਣ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ ਤੇ ਕਾਮਨਾ ਕਰਦੀ ਹਾਂ ਕਿ ਰੱਬ ਕਰੇ ਉਸਦੀ ਕਾਵਿ-ਉਡਾਨ ਇਸ ਕਹਾਵਤ ਵਿਚਲੇ ਉਕਾਬ ਵਰਗੀ ਹੋਵੇ..ਆਮੀਨ!
“ਉਕਾਬ! ਤੂੰ ਕਿੱਥੇ ਜੰਮਿਆ ਸੈਂ?”
“ਤੰਗ ਗੁਫ਼ਾ ਵਿਚ!”
“ਉਕਾਬ! ਤੂੰ ਕਿੱਥੇ ਜਾ ਰਿਹੈਂ?”
“ਵਿਸ਼ਾਲ ਆਕਾਸ਼ ਵੱਲ!”
No comments:
Post a Comment