ਲੇਖਕ: ਡਾ: ਸੁਖਪਾਲ
ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਇੰਡੀਆ
ਪ੍ਰਕਾਸ਼ਨ ਵਰ੍ਹਾ: 2007
ਕੀਮਤ: 100 ਰੁਪਏ
ਰਿਵੀਊਕਾਰ : ਜਗਜੀਤ ਸੰਧੂ
********
ਰਹਣੁ ਕਿਥਾਊ ਨਾਹਿ: ਕਵਿਤਾ ਦਾ ਲੋਕਤੰਤਰੀਕਰਣ
ਸੁਖਪਾਲ ਦੀ ਇਸ ਕਿਤਾਬ ਅੰਦਰ ਉਸਦੀ ਪਹਿਲੀ ਕਿਤਾਬ ‘ਚੁੱਪ ਚੁਪੀਤੇ ਚੇਤਰ ਚੜ੍ਹਿਆ’ ਦੇ ਸੁਭਾਅ ਦੇ ਉਲਟ ਸ਼ੋਰ ਹੈ, ਹਿੰਸਾ ਹੈ, ਜਬਰ ਜਿਨਾਹ ਹੈ, ਪਸ਼ੂਆਂ ਵਰਗੇ ਮਨੁੱਖ ਹਨ। ਇਹ ਉਹ ਸ਼ੋਰ ਹੈ ਜੋ ਪਹਿਲਾਂ ਸੁਣਿਆ ਨਹੀਂ ਸੀ ਗਿਆ। ਹਿੰਸਾ, ਬਲਾਤਕਾਰ ਰੋਕੇ ਜਾਂਦੇ ਪਹਿਲਾਂ ਹੀ ਝੱਲ ਲਏ ਗਏ। ਇਸ ਕਿਤਾਬ ਵਿੱਚ ਹਿੰਸਾ ਸਹਿਣ ਅਤੇ ਰੋਕਣ ਵਿਚਲੇ ਪਲ ਫੈਲਾਏ ਗਏ ਹਨ। ਪੁਸਤਕ ਅੰਦਰ ਸ਼ੋਰ ਸੁਣਨਯੋਗ ਹੀ ਨਹੀਂ ਹੋਇਆ ਬਲਕਿ ਸਮਝਿਆ ਗਿਆ। ਮੈਂ ਉਹ ਵੇਖਿਆ ਜੋ ਕਿਤਾਬ ਤੋਂ ਬਾਹਰ, ਵਾਪਰਨ ਵੇਲ਼ੇ ਨਹੀਂ ਦਿਖਦਾ। ਬੀ ਬੀ ਸੀ, ਸੀ ਐਨ ਐਨ ਅਤੇ ਹੋਰ ਮੁਨਾਦੀਏ ਆਪਣੀਆਂ ਤਕਨੀਕੀ ਉਪਲਬਧੀਆਂ ਦੇ ਬਾਵਜੂਦ ਇਹ ਸਭ ਦਿਖਾਉਣ ਦੇ ਅਸਮਰੱਥ ਹਨ। ਕੁਝ ਸੌ ਬੰਦਿਆਂ ਦੇ ਹਲਾਕ ਹੋਣ ਦੀ ਖ਼ਬਰ ਠੰਡੀ ਹੋ ਰਹੀ ਚਾਹ ਤੋਂ ਵਧੇਰੇ ਅਹਿਮ ਨਹੀਂ ਰਹੀ। ਸਾਨੂੰ ਇਹਨਾਂ ਸਮਿਆਂ ਵਿੱਚ ਸਭ ਤੋਂ ਵੱਧ ਲੋੜ ਕਵਿਤਾ ਦੀ ਹੈ।
-----
ਇਸ ਕਿਤਾਬ ਅੰਦਰ ਗਰਮੀ ਹੈ। ਗਰਮੀ ਨੇ ਮੇਰੇ ਅੰਦਰ ਜੰਮੇ ਮਹਾਹਿਮ ਨੂੰ ਸਾਹਮਣਿਓਂ ਵੇਖਿਆ ਹੈ। ਇਸ ਜਮਾਅ ਹੇਠਾਂ ‘ਰਹਿਣ’ ਦੇ ਕੌਤੂਹਲ ਨੇ ਪੁੰਗਾਰਾ ਮਾਰਿਆ ਹੈ। ਜੰਮੇ ਸਾਮਰਾਜ ਦੀਆਂ ਜੜ੍ਹਾਂ ਹਿੱਲ ਗਈਆਂ ਹਨ ਅਤੇ ਮੇਰੇ ਅੰਦਰ ਪ੍ਰਵਾਹ ਸ਼ੁਰੂ ਹੋ ਗਿਆ ਹੈ।
-----
ਕਿਤਾਬ ਦਾ ਪਹਿਲਾ ਭਾਗ ‘ਰਹਿਣ ਦੀ ਥਾਓਂ ਲੱਭਣ ਵਾਲ਼ੇ’ ਰਹਿਣ ਅਤੇ ਥਾਂ ਦੀ ਪ੍ਰੀਭਾਸ਼ਾ ਹੈ, ਅਤੇ ਦੂਜਾ ਭਾਗ ‘ਪਤਿ ਝੜੇ ਝੜਿ ਪਾਇ’ ਇਸਦਾ ਵਿਸਤਾਰ।
ਥਾਂ ਕੀ ਹੁੰਦੀ ਹੈ?
ਹੋਣਾ ਅਤੇ ਰਹਿਣਾ ਕੀ ਹੁੰਦਾ ਹੈ?
ਥਾਂ, ਹੋਣ ਅਤੇ ਰਹਿਣ ਵਿਚਾਲ਼ੇ ਕਿਤੇ ਖਲਾਅ ਕਿਵੇਂ ਪੈਦਾ ਹੋ ਜਾਂਦਾ ਹੈ।
ਖਲਾਅ, ਜਿੱਥੇ ਥਾਂ ਤਾਂ ਹੁੰਦੀ ਹੈ ਥੀਣਾ ਜਾਂ ਜੀਣਾ ਨਹੀਂ ਹੁੰਦਾ।
------
ਇਹ ਨਿਵੇਕਲ਼ੀ ਗੱਲ ਹੈ ਕਿ ਵਾਰਤਕ ਦੇ ਵਿਸਥਾਰ ਦਾ ਕੰਮ ਕਵਿਤਾ ਕਰ ਰਹੀ ਹੈ। ਇਹ ਵਿਸਥਾਰ ਲੇਖਕ ਨਹੀਂ ਦਿੰਦਾ, ਪਾਠਕ ਕਰਦਾ ਹੈ। ਇਹ ਇਸ ਰਚਨਾ ਦਾ ਹਾਸਿਲ ਹੈ ਕਿ ਇਹ ਪਾਠਕ ਨੂੰ ਵਿਸਥਾਰ ਕਰਨ ਲਾਉਂਦੀ ਹੈ। ਪੰਜਾਬੀ ਵਿੱਚ ਬਹੁਤ ਘੱਟ ਕਵਿਤਾ/ ਵਾਰਤਕ ਸੰਗ੍ਰਿਹ ਹਨ ਜੋ ਅਭਿਸਰਿਤ ਹਨ ਵਿਸ਼ੇ ਵੰਨੀਓਂ। ਇਸ ਪੁਸਤਕ ਦਾ ਇੱਕ ਵਿਸ਼ੇਸ਼ ਵਿਸ਼ਾ-ਵਸਤੂ ਹੈ- ਰਾਜਨੀਤਿਕ ਆਰਥਿਕ ਪ੍ਰਭੁਤਾਵਾਂ ਕਰਕੇ ਵਿਅਕਤੀ ਦੀ ਖੀਣ ਹੁੰਦੀ ਅਥਾਰਿਟੀ। ਇਸ ਕਿਤਾਬ ‘ਚ ਨਿਥਾਵਾਂ ਮਨੁੱਖ ਉਹੀ ਹੈ ਜੋ ‘ਚੁੱਪ-ਚੁਪੀਤੇ ਚੇਤਰ ਚੜ੍ਹਿਆ’ ਵਿੱਚ ਕਦੇ ਰੱਬ ਰਚਿਆ ਕਰਦਾ ਸੀ।
-----
ਥਾਂ ਅਤੇ ਥੀਣ ਨੂੰ ਸੰਬੋਧਿਤ ਇਸ ਕਵਿਤਾ ਦਾ ਸਮਾਂ ਸਮਕਾਲ ਹੈ। ਇੱਥੇ ਸਮਕਾਲ ਤੋਂ ਭਾਵ ਹੁਣ ਨਹੀਂ। ਇਹ ਉਹ ਸਮਕਾਲ ਹੈ ਜਿੱਥੇ ਸੀਤਾ ਅਤੇ ਦਰੋਪਦੀ ਵਿਚਰਦੀਆਂ ਹਨ। ਜਿਵੇਂ ਮਹਾਭਾਰਤ ਅਤੇ ਰਮਾਇਣੀ ਯੁਗ ਦੀਆਂ ਇਹ ਔਰਤਾਂ ਇਸ ਕਿਤਾਬ ਵਿੱਚ ਅੱਜ ਵੀ ਵਿਚਰ ਰਹੀਆਂ ਹਨ ਅਤੇ ਉਵੇਂ ਹੀ ਵਿਚਰ ਰਹੀਆਂ ਹਨ। ਇਹ ਅੱਜ, ਅੱਜ ਦਾ ਸਮਕਾਲ ਨਹੀਂ। ਇਹ ਸਮਕਾਲ ਸਫ਼ਰ ਕਰਦਾ ਹੈ। ਇਸ ਸਫ਼ਰ ਦਾ ਅਲੋਕਾਰ ਇਹ ਹੈ ਕਿ ਇਹ ਸਾਨੂੰ ਨਾਲ਼ ਲੈ ਕੇ ਟੁਰਦਾ ਹੈ।
-----
ਇੱਕ ਬੰਦਾ ਕਹਿੰਦਾ ਹੈ: “ਮੈਨੂੰ ਪੰਜਾਬੀ ਆਉਂਦੀ ਹੈ-ਇਹ ਪੰਜਾਬੀ ਕਵਿਤਾ ਹੈ - ਮੈਨੂੰ ਇਹ ਕਵਿਤਾ ਸਮਝ ਨਹੀਂ ਆਉਂਦੀ।”
ਇਹ ਆਧੁਨਿਕਵਾਦ ਦੇ ਦੌਰ ਵਿੱਚ ਹੁੰਦਾ ਰਿਹਾ ਹੈ। ਮੇਰਾ ਮਤਲਬ ਇਹ ਨਹੀਂ ਕਿ ਇਹ ਆਧੁਨਿਕਵਾਦ ਨੇ ਕੀਤਾ ਹੈ। ਅੰਗਰੇਜ਼ੀ `ਚ ਪਾਊਂਡ, ਐਲੀਅਟ ਜਾਂ ਸਟੀਵਨਜ਼ ਦੇ ਵੇਲ਼ੇ ਕਵਿਤਾ ਦਾ ਜਟਿਲ ਹੋਣਾ ਪਹਿਲੀ ਸ਼ਰਤ ਹੁੰਦੀ ਸੀ। ਕਵਿਤਾ ਲਿਖਣ ਲਈ ਵੀ ਅਤੇ ਪੜ੍ਹਨ ਲਈ ਵੀ, ਇੱਕ ਨਿਸ਼ਚਿਤ ਬੌਧਿਕ ਪੱਧਰ ਦਾ ਹੋਣਾ, ਤੁਹਾਡੀਆਂ ਯੋਗਤਾਵਾਂ ‘ਚੋਂ ਇੱਕ ਸੀ। ਪਰ ਫਿਰ ਇਹ ਜਟਿਲਤਾ ਧੁੰਦ ਵਰਗੀ ਹੋ ਗਈ। ਪਰ ਹਰ ਕਵੀ ਕੋਲ਼ ਜਟਿਲਤਾ ਨੂੰ ਵਿਸਮਾਦੀ ਬਣਾਉਣ ਦਾ ਤਜਰਬਾ ਨਹੀਂ ਹੁੰਦਾ ਅਤੇ ਹਰ ਪਾਠਕ ਕੋਲ਼ ਧੁੰਦ ਮੇਟਣ ਦਾ ਤਜਰਬਾ ਨਹੀਂ ਹੁੰਦਾ। ਬਿੱਲੀ ਕੌਲਿਨਜ਼ ਇੱਕ ਥਾਂ ਲਿਖਦਾ ਹੈ ਕਿ ਗੰਢ ਵਾਲ਼ੀ ਕਵਿਤਾ ਵਿਦਿਆਰਥੀ ‘ਚ ਕਿਸੇ ਅਧਿਆਪਕ ਦੀ ਲੋੜ ਨੂੰ ਵੱਡਾ ਕਰਦੀ ਹੈ। ਇਸਦਾ ਅਰਥ ਫਿਰ ਇਹ ਹੋਇਆ ਕਿ ਇਹ ਪਾਠਕ ਨੂੰ ਕਵੀ ‘ਤੇ ਆਸ਼ਰਿਤ ਕਰਦੀ ਹੈ ‘ਤੇ ਅੱਗੋਂ ਕਵੀ ਨੂੰ ਅਲੋਚਕਾਂ/ਪੰਡਤਾਂ ‘ਤੇ। ਮਾਰਕਸ- ਫਰਾਇਡ ਨੂੰ ਸੱਦਿਆ ਜਾਂਦਾ ਹੈ, ਪੰਡਤਾਈ ਆਪਣੀ ਪੂਰੀ ਧੌਂਸ ਜਮਾਉਂਦੀ ਹੈ ਅਤੇ ਪਾਠਕ ਆਪਣੇ ਆਪ ਨੂੰ ਹੀਣਾ ਬੌਣਾ ਸਮਝਦਾ, ਬਹਿ- ਬਹਿ ਕੇ ਮਜਲਸ ‘ਚੋਂ ਬਾਹਰ ਚਲਾ ਜਾਂਦਾ ਹੈ।
-----
ਸੋ ਗੰਢੀਲੀ ਕਵਿਤਾ ਚੋਂ ਅਰਥ ਫੜਨ ਲਈ ਪਹਿਲਾਂ ਇੱਕ ਟੋਕਰਾ ਚਾਹੀਦਾ ਹੈ, ਫਿਰ ਉਸ ਹੇਠਾਂ ਇੱਕ ਡੰਡਾ ਅਤੇ ਡੰਡੇ ਨਾਲ਼ ਬੰਨ੍ਹੀ ਰੱਸੀ ਅਤੇ ਰੱਸੀ ਫੜਕੇ ਬੈਠਾ ਇੱਕ ਜਿਗਰੇ ਵਾਲ਼ਾ ਪਾਠਕ ਜੋ ਉਦੋਂ ਤੱਕ ਘਾਤ ਲਾ ਸਕੇ ਜਦੋਂ ਤੱਕ ਅਰਥ ਟੋਕਰੇ ਹੇਠਾਂ ਨਹੀਂ ਆ ਜਾਂਦਾ।
-----
ਸੁਖਪਾਲ ਦਾ ਵਿਸਮਾਦ ਸਾਦਗੀ ‘ਚੋਂ ਉਦੈ ਹੁੰਦਾ ਹੈ। ਇਹ ਵੱਡੀ ਗੱਲ ਹੈ। ਸਪੱਸ਼ਟ ਅਤੇ ਸਾਦਾ ਹੋਣ ਦਾ ਮਤਲਬ ਹੈ, ਕਵੀ ਕਿਸੇ ਕਿਸਮ ਦੇ ਫਤਵੇ ਜਾਂ ਨਿਰਣੇ ਤੋਂ ਨਹੀਂ ਡਰਦਾ। ਉਸਦਾ ਗੱਲ ਕਹਿਣ ਦਾ ਇਮਾਨ ਸਗਵਾਂ ਹੈ। ਉਸਨੂੰ ਸੱਥ ‘ਚ ਬੈਠ ਕੇ ਪੜ੍ਹਿਆ ਜਾ ਸਕਦਾ ਹੈ। ਇੱਕੋ ਵਾਰ ਪੜ੍ਹ ਕੇ ਸਮਝਿਆ ਜਾ ਸਕਦਾ ਹੈ... ਅਤੇ ਇੱਥੇ ਮੈਂ ਪੰਜਾਬੀ ਕਵਿਤਾ ਦੀ ਗੱਲ ਕਰ ਰਿਹਾ ਹਾਂ।
----
ਇਹ ਕਵਿਤਾ ਆਵੰਤ- ਗਾਰਦੇ ਲਈ ਨਹੀਂ ਲਿਖੀ ਗਈ। ਜਦੋਂ ਅਸੀਂ ਜਮਾਤੀ ਵਖਰੇਵੇਂ ਬਾਰੇ ਕਵਿਤਾ ਲਿਖਦੇ ਸਾਂ ਤਾਂ ਅਹਿਲੇ ਇਨਕਲਾਬ ਤੋਂ ਸਹੀ ਦੀ ਉਡੀਕ ਕਰਦੇ ਸਾਂ। ਜੇ ਅਸੀਂ ਨਾਰੀ ਮਨ ਦੀ ਕਵਿਤਾ ਲਿਖਦੇ ਸਾਂ ਤਾਂ ਨਾਰੀਵਾਦ ਦੀ ‘ਹਾਂ’ ਉਡੀਕਦੇ ਸਾਂ। ਇਸ ਕਵਿਤਾ ਨੇ ਆਵੰਤ-ਗਾਰਦੇ ਨੂੰ ਉੱਕਾ ਹੀ ਅਣਗੌਲ਼ਿਆ ਹੈ ਅਤੇ ਸਿੱਧੀ ਆਪਣੇ ਉਪਭੋਗਤਾ ਨਾਲ਼ ਜਾ ਗੱਲ ਕੀਤੀ ਹੈ।
******
No comments:
Post a Comment