ਲੇਖਕ: ਸੁਖਿੰਦਰ
ਪ੍ਰਕਾਸ਼ਕ: ਵਿਸ਼ਵਭਾਰਤੀ ਪ੍ਰਕਾਸ਼ਨ, ਬਰਨਾਲਾ, ਇੰਡੀਆ
ਪ੍ਰਕਾਸ਼ਨ ਵਰ੍ਹਾ: 2010
ਕੀਮਤ: 350 ਰੁਪਏ/25 ਡਾਲਰ
ਰਿਵੀਊਕਾਰ : ਪੂਰਨ ਸਿੰਘ ਪਾਂਧੀ
*****
ਸਮੀਖਿਆ ਦੀ ਅਦੁੱਤੀ ਪੁਸਤਕ - ਕੈਨੇਡੀਅਨ ਪੰਜਾਬੀ ਸਾਹਿਤ
------
ਕਵੀ ਤੇ ਲੇਖਕ ਸੁਖਿੰਦਰ ਦੀ ਪੁਸਤਕ “ਕੈਨੇਡੀਅਨ ਪੰਜਾਬੀ ਸਾਹਿਤ” ਦੀ ਸਮੀਖਿਆ ਦੀ ਵੱਡ-ਅਕਾਰੀ ਪੁਸਤਕ ਹੈ। ਇਸ ਵਿਚ ਕੈਨੇਡਾ ਦੇ ਚਾਰ ਪ੍ਰਾਂਤਾਂ ਵਿਚ ਵਸਦੇ ਅਤੇ ਸਾਹਿਤ ਰਚਨਾ ਕਰਦੇ 57 ਲੇਖਕਾਂ ਦੀਆਂ ਰਚਨਾਵਾਂ ਦੀ ਬਹੁਤ ਮਿਹਨਤ ਨਾਲ ਸਮੀਖਿਆ ਕੀਤੀ ਹੈ। ਸਾਹਿਤ ਨੂੰ ਸਾਰੇ ਦਾ ਸਾਰਾ ਸਮਪਰਤ ਸੁਖਿੰਦਰ ਇਸ ਤੋਂ ਪਹਿਲਾਂ ਕੋਈ ਦੋ ਦਰਜਣ ਦੇ ਨੇੜੇ ਪੁਸਤਕਾਂ ਪੰਜਾਬੀ ਸਾਹਿਤ ਨੂੰ ਅਰਪਣ ਕਰ ਚੁੱਕਾ ਹੈ; ਇੰਨ੍ਹਾਂ ਵਿਚ 10 ਕਵਿਤਾ ਦੀਆਂ, 3 ਵਿਗਿਆਨ ਦੀਆਂ, ਇੱਕ ਨਾਵਲ, ਇੱਕ ਬੱਚਿਆਂ ਲਈ, ਇੱਕ ਇੰਗਲਿਸ਼ ਪੋਇਟਰੀ ਦੀ ਅਤੇ ਕਈ ਹੋਰ ਕਿਤਾਬਾਂ ਸ਼ਾਮਲ ਹਨ। ਇੱਕ ਮਿਆਰੀ ਸਾਹਿਤਕ ਮੈਗਜ਼ੀਨ “ਸੰਵਾਦ” ਛਾਪਦਾ ਹੈ। ਲੇਖਕ ਨੂੰ ਪਤਾ ਹੈ ਤੇ ਉਹ ਮੰਨਦਾ ਹੈ ਕਿ ਕੈਨੇਡਾ ਵਿਚ ਦੋ ਸੌ ਤੋਂ ਵਧੀਕ ਲੇਖਕ ਸਾਹਿਤ ਲਈ ਯਤਨਸ਼ੀਲ ਹਨ ਪਰ ਇਸ ਕਿਤਾਬ ਵਿਚ ਉਸਨੇ 57 ਲੇਖਕਾਂ ਨੂੰ ਹੀ ਸ਼ਾਮਲ ਕੀਤਾ ਹੈ। ਬਹੁਤ ਖ਼ੂਬਸੂਰਤ ਦਿੱਖ ਵਾਲੀ ਅਤੇ ਭਾਵਪੂਰਤ ਟਾਈਟਲ ਵਾਲੀ, ਪੰਜ ਸੌ ਸਫਿਆਂ ਵਿਚ ਫੈਲੀ ਹੋਈ ਇਹ ਕਿਤਾਬ ਨਹੀਂ, ਇੱਕ ਵੱਡਾ ਗ੍ਰੰਥ ਲਗਦਾ ਹੈ।
-----
ਸਮੀਖਿਆ ਜਾਂ ਪੜਚੋਲ ਦਾ ਕਾਰਜ ਔਖਾ ਵੀ ਹੈ ਤੇ ਅਕੇਵੇਂ ਭਰਿਆ ਵੀ ਹੈ। ਕਿਸੇ ਰਚਨਾ ਦੀ ਪੁਣਛਾਣ ਕਰਨੀ, ਰਚਨਾ ਬਾਰੇ ਸਹੀ ਸਹੀ, ਢੁਕਵੀਂ ਤੇ ਨਿਰਪੱਖ ਪੜਚੋਲ ਕਰਨੀ ਅਤੇ ਨਿਰਨਾਇਕ ਫੈਸਲਾ ਦੇਣਾ ਸੌਖਾ ਨਹੀਂ, ਬਹੁਤ ਔਖਾ ਕਾਰਜ ਹੈ। ਇਹ ਕਾਰਜ ਬਹੁਤ ਵੱਡੀ ਲਿਆਕਤ ਦਾ, ਡੂੰਘੀ ਖੋਜ, ਮਿਹਨਤ ਤੇ ਲਗਨ ਦਾ ਹੈ, ਵੱਡੇ ਜੇਰੇ ਤੇ ਬੁਲੰਦ ਹੌਸਲੇ ਦਾ ਕਾਰਜ ਹੈ। ਸਮੀਖਿਆਕਾਰ ਦੀ “ਦੇ ਲੰਮੀ ਨਦਰਿ ਨਿਹਾਲੀਐ” ਵਾਲੀ ਸੂਖ਼ਮ ਤੇ ਪੈਨੀ ਬਿਰਤੀ ਦੇ ਤਰਾਜ਼ੂ ‘ਤੇ ਖ਼ੂਬੀਆਂ ਤੇ ਖ਼ਾਮੀਆਂ ਬਰਾਬਰ ਤੋਲੀਆਂ ਜਾਂਦੀਆਂ ਹਨ ਅਤੇ ਗੁਣਾਂ ਔਗਣਾਂ ਦੀ ਢੁਕਵੀਂ ਤੇ ਨਿਰਪੱਖ ਜਾਂਚ ਕੀਤੀ ਜਾਂਦੀ ਹੈ। ਇਸਦੀ ਤੁਲਨਾ ਡਾਕਟਰੀ ਪੇਸ਼ੇ ਵਿਚ ਸਰਜਰੀ ਵਾਲੇ, ਤਿੱਖੀ ਧਾਰ ਵਾਲੇ ਔਜਾਰਾਂ ਨਾਲ ਕੀਤੀ ਜਾ ਸਕਦੀ ਹੈ। ਜਾਂ ਫਿਰ ਉਲ਼ਝੇ ਵਾਲਾਂ ਵਿਚ ਕੰਘੀ ਪੱਟੀ ਕਰਨ, ਲਿਟਾਂ ਨੂੰ ਸੁਆਰਨ ਤੇ ਸ਼ਿੰਗਾਰਨ ਨਾਲ ਕੀਤੀ ਜਾ ਸਕਦੀ ਹੈ। ਸੰਗੀਤ ਦੀ ਦੁਨੀਆਂ ਵਿਚ ਇਸ ਨੂੰ ਸੁਰੇ ਜਾਂ ਬੇਸੁਰੇ, ਤਾਲੇ ਜਾਂ ਬੇਤਾਲੇ ਨਾਲ ਵੀ ਜੋੜਿਆ ਜਾ ਸਕਦਾ ਹੈ। ਇਸ ਪੱਖੋਂ ਸਮੀਖਿਆਕਾਰ ਦੀ ਬਹੁ-ਪੱਖੀ ਤੇ ਬਹੁ-ਦਿਸ਼ਾਵੀਂ ਜ਼ੁੰਮੇਵਾਰੀ ਬਣਦੀ ਹੈ। ਕਿਸੇ ਪੱਖ ਵਿਚ ਓਕੜੂ ਹੋਣ, ਉਲਾਰ ਹੋਣ, ਕਿਸੇ ਨੂੰ ਵਡਿਆਉਣ ਜਾਂ ਕਿਸੇ ਨੂੰ ਘਟਾਉਣ ਨੂੰ ਕਦੇ ਸਵੀਕਾਰਿਆ ਨਹੀਂ ਜਾਂਦਾ। ਸਚੇ ਸਮੀਖਿਆਕਾਰ ਦੀ ਅਵਸਥਾ ਗੁਰਬਾਣੀ ਦੇ ਉਸ ਸੱਚ ਨਾਲ ਜੁੜੀ ਹੁੰਦੀ ਹੈ ਜਿਸ ਵਿਚ ਗੁਰੂ ਨਾਨਕ ਨੇ ਆਖਿਐ “ਓਥੈ ਸਚੋ ਹੀ ਸੱਚ ਨਿਬੜੈ, ਚੁਣ ਵਖ ਕਢੇ ਜਜਮਾਲਿਆ”।
-----
ਇਸ ਪੁਸਤਕ ਵਿਚ 35 ਕਵੀ, 6 ਨਾਵਲਕਾਰ, 8 ਕਹਾਣੀਕਾਰ, 6 ਵਾਰਤਕ ਲੇਖਕ, ਇੱਕ ਰੇਖਾ ਚਿੱਤਰ ਤੇ ਇੱਕ ਨਾਟਕਕਾਰ ਨੂੰ ਪੇਸ਼ ਕੀਤਾ ਹੈ। ਸਪੱਸ਼ਟ ਹੈ ਕਿ ਕੈਨੇਡਾ ਵਿਚ ਕਵੀਆਂ ਦੀ ਵਧੇਰੇ ਭਰਮਾਰ ਹੈ। ਪੇਸ਼ ਕੀਤੇ ਕਵੀਆਂ ਦੀਆਂ ਵੀ ਕਈ ਵੰਨਗੀਆਂ ਹਨ: ਇੱਕ ਉਹ ਹਨ ਜੋ ਪਿੰਗਲ ਦੇ ਨਿਯਮਾਂ ਦੀ ਕੁਝ ਨਾ ਕੁਝ ਪਾਲਣਾ ਕਰਦੇ, ਤੋਲ ਤੁਕਾਂਤ ਤੇ ਬਹਿਰ ਦੀਆਂ ਲੋੜਾਂ ਪੂਰੀਆਂ ਕਰਦੇ ਹਨ; ਇੰਨ੍ਹਾਂ ਵਿਚ ਗੀਤਕਾਰ ਵੀ ਹਨ ਤੇ ਗ਼ਜ਼ਲਗੋ ਵੀ ਹਨ। ਪਰ ਬਹੁਤੇ ਉਹ ਹਨ ਜੋ ਪਿੰਗਲ ਦੀ ਨਿਯਮਾਵਲੀ ਨੂੰ ‘ਪੈਰ ਦੀ ਨਵਾਬੀ ਜੁੱਤੀ’ ਆਖਦੇ, ਹਰ ਨਿਯਮ ਤੇ ਬੰਦਸ਼ ਨੂੰ ਮੁੱਢੋਂ ਨਕਾਰਦੇ, ਅਜ਼ਾਦ ਤੇ ਖੁੱਲ੍ਹ-ਖੇਡਾਂ ਵਾਲੀ ‘ਖੁੱਲ੍ਹੀ’ ਕਵਿਤਾ ਦੀ ਵਕਾਲਤ ਕਰਦੇ ਹਨ। ਸਿਤਮ ਹੈ ਕਿ ਖੁੱਲ੍ਹੀ ਕਵਿਤਾ ਕਿਸੇ ਤਾਲ ਵਿਚ ਜਾਂ ਲੈਅ ਵਿਚ ਗਾਈ ਵੀ ਨਹੀਂ ਜਾ ਸਕਦੀ, ਜੋ ਕਿਸੇ ਕਵਿਤਾ ਦਾ ਮੌਲਕ ਤੇ ਮਨੋ-ਵਿਗਿਆਨਕ ਵਿਧਾਨ ਹੈ। ਲੋਕ ਗੀਤਾਂ ਵਾਂਗ ਮੂੰਹ ‘ਤੇ ਵੀ ਨਹੀਂ ਚੜ੍ਹਦੀ; ਫਿਰ ਵੀ ਅਜਿਹੀ ਰਚਨਾ ਨੂੰ ‘ਕਵਿਤਾ’ ਆਖਿਆ ਜਾਂਦਾ ਹੈ। ਇਸ ਕਿਤਾਬ ਵਿਚ ਅਜਿਹੇ ਕਵੀਆਂ ਦੀਆਂ ਅਜਿਹੀਆਂ ਕਵਿਤਾਵਾਂ ਵੀ ਸ਼ਾਮਲ ਹਨ। ਲੇਖਕ ਖ਼ੁਦ ਅਜਿਹੀ ਕਵਿਤਾ ਦਾ ਰਸੀਆ ਹੈ।
-----
ਕਿਤਾਬ ਵਿਚ ਦਰਜ ਕਵੀ, ਕੇਵਲ ਕਵੀ ਨਹੀਂ, ਇਨ੍ਹਾਂ ਵਿਚੋਂ ਬਹੁਤ ਸਾਰੇ ਉਹ ਵੀ ਹਨ ਜੋ ਵਾਰਤਕ ਦੇ ਕਿਸੇ ਨਾ ਕਿਸੇ ਹੋਰ ਰੂਪ ਵੀ ਜਾਣੇ ਜਾਂਦੇ ਹਨ। ਇਸੇ ਤਰ੍ਹਾਂ ਨਾਵਲਕਾਰ, ਕਹਾਣੀਕਾਰ ਤੇ ਵਾਰਤਕ ਲੇਖਕ ਵੀ ਕਵਿਤਾ ਵਿਚ ਜਾਂ ਸਾਹਿਤ ਦੀਆਂ ਹੋਰ ਵਿਧਾਂ ਵਿਚ ਬਹੁਤ ਖ਼ੂਬਸੂਰਤ ਰਚਨਾ ਕਰਦੇ ਹਨ। ਪੰਜਾਬੀ ਸਾਹਿਤ ਵਿਚ ਉਨ੍ਹਾਂ ਦਾ ਆਦਰਯੋਗ ਥਾਂ ਹੈ ਤੇ ਕਦਰਦਾਨ ਪਾਠਕ ਹਨ। ਸੁਖਿੰਦਰ ਨੇ ਅਕਸਰ ਇੱਕ ਲੇਖਕ ਨੂੰ ਉਸ ਦੀ ਇੱਕੋ ਕਿਤਾਬ ਅਤੇ ਇੱਕੋ ਵਿਧਾ ਹੀ ਪੇਸ਼ ਕੀਤਾ ਹੈ। ਸਿੱਧ ਹੈ ਕਿ ਕਨੇਡਾ ਸਾਹਿਤ ਵਿਚ ਕਵਿਤਾ ਤੇ ਕਵੀਆਂ ਦਾ ਵਧੇਰੇ ਬੋਲਬਾਲਾ ਹੈ। ਸਭ ਤੋਂ ਘੱਟ ਨਾਟਕਕਾਰ ਹਨ। ਪਰ ਸਭ ਤੋਂ ਵੱਧ ਭਰਮਾਰ ਉਨ੍ਹਾਂ ‘ਸੰਦੇਸ਼ੀ’ ਹਸਤੀਆਂ ਦੀ ਹੈ ਜਿਨ੍ਹਾਂ ਆਪਣੇ ਮਹਿਬੂਬ ਲੇਖਕ ਸੁਖਿੰਦਰ ਨੂੰ ਸਾਹਿਤ ਪ੍ਰਤੀ ਉਸ ਦੀ ਘਾਲਣਾ ਲਈ ਮੋਹ ਭਰੀਆਂ ਹਾਰਦਿਕ ਸ਼ੁੱਭ-ਇਛਾਵਾਂ ਅਰਪਣ ਕੀਤੀਆਂ ਹਨ; ਇਨ੍ਹਾਂ ਦੀ ਗਿਣਤੀ 31 ਹੈ।
-----
ਇਸ ਪੁਸਤਕ ਦੀ ਪ੍ਰਕਾਸ਼ਨਾ ਨਾਲ਼ ਵੱਖ ਵੱਖ ਲੇਖਕਾਂ ਦੀਆਂ ਵੱਖ ਵੱਖ ਪੁਸਤਕਾਂ ਦੇਖਣ, ਜਾਨਣ ਤੇ ਪੜ੍ਹਨ ਦੀ ਜਗਿਆਸਾ ਦੇ ਕਈ ਬੰਦ ਦੁਆਰ ਖੁੱਲ੍ਹਦੇ ਹਨ। ਦੇਖਿਆ ਗਿਆ ਹੈ ਕਿ ਕਈ ਕੀਮਤੀ ਚੀਜ਼ਾਂ ਭਾਵੇਂ ਸਾਹਮਣੇ ਪਈਆਂ ਹੋਣ, ਬਹੁਤੀ ਵਾਰ ਉਹ ਅਣਗੌਲੀਆਂ ਪਈਆਂ ਰਹਿੰਦੀਆਂ ਹਨ ਕਿਉਂਕਿ ਉੱਨ੍ਹਾ ਬਾਰੇ ਕਿਸੇ ਨੂੰ ਲੋੜੀਦੀ ਜਾਣਕਾਰੀ ਨਹੀਂ ਹੁੰਦੀ ਨਾ ਉਸ ਦੀ ਮਹੱਤਤਾ ਬਾਰੇ ਕੋਈ ਥਹੁ ਪਤਾ ਹੁੰਦਾ ਹੈ। ਪਰ ਜਦੋਂ ਕੋਈ ਸੁਘੜ, ਸੁਜਾਨ ਤੇ ਸੁਹਿਰਦ ਮਨੁੱਖ ਉਸ ਬਾਰੇ ਆਪਣੇ ਜਾਤੀ ਤਜਰਬੇ ਵਿਚੋਂ ਸਿਆਣੀ ਰਾਇ ਦਿੰਦਾ ਤੇ ਪੜ੍ਹਨ ਦੀ ਸਿਫ਼ਾਰਸ਼ ਕਰਦਾ ਹੈ ਤਾਂ ਮਨੁੱਖ ਅੰਦਰ ਉਹ ਕਿਤਾਬਾਂ ਪੜ੍ਹਨ ਦੀ ਜਗਿਆਸਾ ਤੀਬਰ ਹੋ ਜਾਂਦੀ ਹੈ ਤੇ ਵਿਅਕਤੀ ਕਿਤਾਬਾਂ ਵੱਲ ਖਿੱਚਿਆ ਜਾਂਦਾ ਹੈ। ਹਥਲੀ ਪੁਸਤਕ ਵਿਚ ਸੁਖਿੰਦਰ ਨੇ ਕੈਨੇਡਾ ਵਾਸੀ ਲੇਖਕਾਂ ਦੇ ਰਚੇ ਸਾਹਿਤ ਨੂੰ ਜਾਨਣ, ਮਾਨਣ ਤੇ ਪੜ੍ਹਨ ਦਾ ਪਾਠਕਾਂ ਨੂੰ ਸਿਫਾਰਸ਼ੀ ਹੋਕਾ ਦਿੱਤਾ ਹੈ। ਇਸ ਨਾਲ ਨਿਸਚੇ ਹੀ ਕਨੇਡਾ ਵਿਚ ਰਚੇ ਜਾ ਰਹੇ ਪੰਜਾਬੀ ਸਾਹਿਤ ਨਾਲ ਪਾਠਕਾਂ ਦਾ ਘੇਰਾ ਮੋਕਲਾ ਹੋਵੇਗਾ, ਪੜ੍ਹਨ ਦੀ ਰੁਚੀ ਪ੍ਰਬਲ ਹੋਵੇਗੀ ਅਤੇ ਪੰਜਾਬੀ ਕਲਚਰ ਵਿਚ ਵਧੇਰੇ ਨਿਖਾਰ ਤੇ ਵਿਸਥਾਰ ਹੋਵੇਗਾ।
-----
ਕਨੇਡਾ ਦੇ ਵੱਖ ਵੱਖ ਪ੍ਰਾਂਤਾਂ ਵਿਚ ਰਹਿੰਦੇ ਲੇਖਕਾਂ ਨਾਲ ਰਾਬਤਾ ਕਰਨ, ਉੱਨ੍ਹਾਂ ਦੀਆਂ ਰਚਨਾਵਾਂ ਪ੍ਰਾਪਤ ਕਰਨ, ਰਚਨਾਵਾਂ ਪੜ੍ਹਨ ਉਪਰੰਤ ਉਨ੍ਹਾਂ ਬਾਰੇ ਆਪਣੀ ਰਾਇ ਕਾਇਮ ਕਰਨ ਅਤੇ ਬਣਾਈ ਹੋਈ ਆਪਣੀ ਰਾਇ ਨੂੰ ਢੁਕਦੇ ਤੇ ਨਿਰਪੱਖ ਅੱਖਰ ਦੇਣ ਦਾ ਕਾਰਜ ਬੇਹੱਦ ਔਖਾ, ਗੁੰਝਲਦਾਰ ਤੇ ਕਠਿਨ ਕਾਰਜ ਹੈ। ਕਿਉਂਕਿ ਹਰ ਰਚਨਾਕਾਰ ਨੂੰ ਆਪਣੀ ਰਚਨਾ ਨਾਲ ਆਪਣੇ ਪਿੰਡੇ ਵਾਂਗ ਜਾਂ ਆਪਣੀ ਸੰਤਾਨ ਵਾਂਗ ਪਿਆਰ ਹੁੰਦਾ ਹੈ ਅਤੇ ਉਹ ਆਪਣੀ ਰਚਨਾ ਬਾਰੇ ਸਿਫ਼ਤ ਤੇ ਪ੍ਰਸੰਸਾ ਦਾ ਚਾਹਵਾਨ ਹੁੰਦਾ ਹੈ। ਕਈਆਂ ਦੀ ਇਸ ਤੋਂ ਅੱਗੇ ਦੀ ਸੋਚ ਵੀ ਹੁੰਦੀ ਹੈ, ਉਹ ਆਪਣੀ ਰਚਨਾ ਨੂੰ ਮਹਾਨ ਸਮਝਦੇ ਅਤੇ ਸਰਬੋਤਮ ਹੋਣ ਦਾ ਭਰਮ ਪਾਲਦੇ ਹਨ; ਅਜਿਹੇ ਵਿਚ ਭਾਵੇਂ ਕਿੰਨੀ ਇਮਾਨਦਾਰੀ ਨਾਲ ਕਿਸੇ ਰਚਨਾ ਬਾਰੇ ਕੋਈ ਗੱਲ ਕੀਤੀ ਹੋਵੇ ਜਾਂ ਪਰਖ ਨਿਰਖ ਕੀਤੀ ਹੋਵੇ, ਫਿਰ ਵੀ ਕਈਆਂ ਨੂੰ ਉਹ ਬਹੁਤੀ ਵਾਰ ਪਰਵਾਣ ਨਹੀਂ ਹੁੰਦੀ। ਅਜਿਹੇ ਲੇਖਕ ਆਪਣੀ ਰਚਨਾ ਬਾਰੇ ਕਿਸੇ ਕਿੰਤੂ ਪ੍ਰੰਤੂ ਨੂੰ ਸਹਿਣ ਦੇ ਆਦੀ ਨਹੀਂ ਹੁੰਦੇ। ਜੇ ਕਿਧਰੇ ਇਸ ਤੋਂ ਉਲਟ ਵਾਪਰ ਜਾਏ ਤਾਂ ਸਮੀਖਿਆਕਾਰ ਉੱਤੇ ਇਕ ਪਾਸੜ ਹੋਣ ਦਾ ਜਾਂ ਰਚਨਾ ਨਾਲ ਇਨਸਾਫ ਨਾਂ ਕਰਨ ਦਾ ਮਿਹਣਾ ਲਾਉਣ ਤੋਂ ਗੁਰੇਜ਼ ਨਹੀਂ ਕਰਦੇ। ਫਿਰ ਵੀ ਇਸ ਨਿਧੜਕ, ਸਿਰੜੀ ਤੇ ਅਣਥੱਕ ਵਿਦਵਾਨ ਹਸਤੀ ਨੇ ਲੋੜ ਅਨੁਸਾਰ ਤਰੁਟੀਆਂ ਵੱਲ ਵੀ ਉਂਗਲ ਉਠਾਈ ਹੈ, ਨਰੋਈ ਤੇ ਨਿਰਪੱਖ ਰਾਇ ਵੀ ਦਿੱਤੀ ਹੈ। ਇਸ ਤਰ੍ਹਾਂ ਉੱਤਮ ਸਾਹਿਤ ਦੀ ਉੱਤਮ ਤੇ ਮਿਆਰੀ ਸਮੀਖਿਆ ਕਰਨ ਦਾ ਵੱਡਾ ਸਾਹਸ ਤੇ ਵੱਡਾ ਜੇਰਾ ਕੀਤਾ ਹੈ।
----
ਸੁਖਿੰਦਰ ਨੇ ਹਰ ਲੇਖਕ ਦੀ ਹਰ ਰਚਨਾ ਦੀ ਧੁਰ ਆਤਮਾ ਤੱਕ ਰਸਾਈ ਕੀਤੀ ਹੈ ਅਤੇ ਉਸ ਦੀ ਡੂੰਘੀ ਗਹਿਰਾਈ ਤੱਕ ਗਿਆ ਹੈ। ਹਰ ਰਚਨਾ ਦੀਆਂ ਡੂੰਘੀਆਂ ਪਰਤਾਂ ਫਰੋਲਣ, ਹਰ ਲੁਕੀ ਹੋਈ ਗੱਲ ਜਾਂ ਭਾਵ ਨੂੰ ਖੁਰੋਚਣ ਅਤੇ ਨਿੱਗਰ ਤੇ ਭਾਵਪੂਰਤ ਬਿਆਨਣ ਦੀ ਸੁਖਿੰਦਰ ਦੀ ਮੁਸ਼ੱਕਤ ਅਤੇ ਲਿਆਕਤ ‘ਤੇ ਹੈਰਾਨੀ ਭਰੀ ਖੁਸ਼ੀ ਹੁੰਦੀ ਹੈ। ਮੌਲਕ ਰਚਨਾ ਵਿਚ ਭਾਵੇਂ ਓਨਾ ਸੁਆਦ ਨਾ ਹੋਵੇ ਪਰ ਸੁਖਿੰਦਰ ਦੇ ਬਿਆਨਾਂ ਵਿਚ ਲੋਹੜਿਆਂ ਦਾ ਸੁਆਦ ਭਰਿਆ ਪਿਆ ਹੈ। ਰਚਨਾਵਾਂ ਬਾਰੇ ਉਸਦੀਆਂ ਟਿੱਪਣੀਆਂ ਥੋੜ੍ਹੇ ਅੱਖਰਾਂ ਵਾਲੀਆਂ ਜਾਂ ਐਵੇਂ ਡੰਗਟਪਾਊ ਨਹੀਂ; ਸਗੋਂ ਬੁੱਕਾਂ ਦੇ ਬੁੱਕ ਹਨ, ਪਹਿਰਿਆਂ ਦੇ ਪਹਿਰੇ ਤੇ ਸਫ਼ਿਆਂ ਦੇ ਸਫ਼ੇ ਭਰੇ ਹਨ। ਕਿਸੇ ਰਚਨਾ ਨੂੰ ਖੋਲ੍ਹਣ ਜਾਂ ਵਿਆਖਿਆ ਲਈ ਉਸ ਕੋਲ ਨਾ ਕਿਸੇ ਭਾਵ ਦੀ ਤੋਟ ਹੈ, ਨਾ ਬੋਲੀ ਤੇ ਸ਼ਬਦਾਵਲੀ ਦੀ ਕਮੀ ਹੈ ਨਾ ਹੀ ਕਿਸੇ ਦਾ ਪੱਖ ਪੂਰਦਾ ਤੇ ਲਿਹਾਜ ਕਰਦਾ ਦਿਖਾਈ ਦਿੰਦਾ ਹੈ। ਹਰ ਰਚਨਾ ਦਾ ਕਦਰਦਾਨ, ਸ਼ੁਭ ਚਿੰਤਕ ਤੇ ਨਿਰਪੱਖ ਵਕਤਾ ਦਿਖਾਈ ਦਿੰਦਾ ਹੈ। ਲੇਖਕ ਦੀ ਅਵਸਥਾ ਉਸ ਫ਼ਕੀਰ ਵਰਗੀ ਹੈ, ਜਿਸਦਾ ਆਖਣਾ ਹੈ:
ਕਬੀਰਾ ਖੜ੍ਹਾ ਬਜ਼ਾਰ ਮੇ ਮਾਂਗੇ ਸਭ ਕੀ ਖ਼ੈਰ। ਨਾ ਕਾਹੂੰ ਸੇ ਦੋਸਤੀ ਨਾ ਕਾਹੂੰ ਸੇ ਵੈਰ।
-----
ਸਭ ਦੀ ਖ਼ੈਰ ਸੁਖ ਮੰਗਣ ਵਾਲੇ, ਪਿਆਰ ਤੇ ਸੁਚੀਆਂ ਭਾਵਨਾਵਾਂ ਦੇ ਖੁੱਲ੍ਹੇ ਗੱਫੇ ਵੰਡਣ ਵਾਲੇ ਕਵੀ ਸੁਖਿੰਦਰ ਦੀਆਂ ਇਸ ਕਿਤਾਬ ਵਿਚ ਦਿੱਤੀਆਂ ਕੁਝ ਟੂਕਾਂ ਉਸ ਦੀ ਜ਼ਬਾਨੀ ਸੁਣੋ: ਅਮਰਜੀਤ ਸਾਥੀ ਦੇ ‘ਹਾਇਕੂ’ ਬਾਰੇ ਗੱਲ ਕਰਦਿਆਂ ਉਹ ਆਖਦਾ ਹੈ, “ਇਸ ਦਾ ਸਬੰਧ ਸਾਡੀ ਤੀਸਰੀ ਅੱਖ ਨਾਲ ਹੈ। ਇਸ ਨੂੰ ਵਿਸ਼ਵ ਦੀ ਸਭ ਤੋਂ ਸੰਕੁਚਤ ਕਵਿਤਾ ਮੰਨਿਆਂ ਗਿਆ ਹੈ। ਠੋਸ ਬਿੰਬਾਂ ਦੀ ਵਰਤੋਂ ਰਾਹੀਂ ਇਸ ਵਿਚ ਆਮ ਜ਼ਿੰਦਗੀ ਦੀਆਂ ਘਟਨਾਵਾਂ ਪੇਸ਼ ਕੀਤੀਆਂ ਜਾਂਦੀਆਂ ਹਨ। ਕਵਿਤਾ ਦੇ ਇਸ ਰੂਪ ਵਿਚ ਕਹੇ ਨਾਲੋਂ ਅਣਕਿਹਾ ਵਧੇਰੇ ਹੁੰਦਾ ਹੈ।” “ਇਕਬਾਲ ਖਾਨ ਲੋਕ-ਚੇਤਨਾ ਪੈਦਾ ਕਰਨ ਦੇ ਉਦੇਸ਼ ਹਿਤ ਸਾਡੇ ਸਮਿਆਂ ਦੇ ਸਭ ਤੋਂ ਵੱਧ ਚਰਚਿਤ ਸ਼ਬਦ ‘ਆਤੰਕਵਾਦ’ ਨਾਲ ਆਪਣੀ ਗੱਲ ਸ਼ੁਰੂ ਕਰਦਾ ਹੈ।” “ਸੁਖਮਿੰਦਰ ਰਾਮਪੁਰੀ ਅਜਿਹੇ ਗ਼ਜ਼ਲਗੋਆਂ ਦੀ ਢਾਣੀ ਵਿਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਜੋ ਗਜ਼ਲ ਲਿਖਣ ਵੇਲੇ ਆਪਣੇ ਹੱਥ ਵਿਚ ਤੱਕੜੀ ਲੈ ਕੇ ਬੈਠ ਜਾਂਦੇ ਹਨ ਅਤੇ ਗ਼ਜ਼ਲ ਵਿਚ ਸ਼ਾਮਲ ਹੋਣ ਵਾਲੇ ਹਰ ਸ਼ਬਦ ਦਾ ਭਾਰ ਤੋਲਣ ਲੱਗ ਜਾਂਦੇ ਹਨ।” “ਸਾਧੂ ਬਿਨੰਗ ਦੀਆਂ ਕਵਿਤਾਵਾਂ ਪੂਰਬੀ ਅਤੇ ਪੱਛਮੀ ਸਭਿਆਚਾਰ ਦੀ ਪਹਿਚਾਣ ਦੀ ਗੱਲ ਕਰਦੀਆਂ ਹਨ।” “ਸੁਰਿੰਦਰ ਗੀਤ ਦਾ ਕਾਵਿ-ਉਦੇਸ਼ ਔਰਤ ਦੇ ਸਰੋਕਾਰਾਂ ਦੀ ਕਵਿਤਾ ਲਿਖਣ ਤੱਕ ਫੈਲਿਆ ਹੋਇਆ ਹੈ।” “ਡਾਕਟਰ ਸੁਖਪਾਲ ਅਨੇਕਾਂ ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ, ਦਾਰਸ਼ਨਿਕ ਪਹਿਲੂਆਂ ਬਾਰੇ ਚਰਚਾ ਛੇੜਦਾ ਹੈ।” “ਸੁਰਜੀਤ ਦੀ ਸ਼ਾਇਰੀ ਅਨੁਭਵ ਦੀ ਸ਼ਾਇਰੀ ਹੈ। ਧੁਖਦੇ ਮਨਾ ਵਿਚੋਂ ਨਿਕਲ ਰਿਹਾ ਧੂੰਆਂ ਹੈ। ਪਲ ਪਲ ਮਰ ਰਹੇ ਵਿਅਕਤੀ ਦੀ ਦਾਸਤਾਨ ਸੁਨਾਣ ਦਾ ਉਸ ਦਾ ਇੱਕ ਅੰਦਾਜ਼ ਹੈ।” “ਕੁਲਵਿੰਦਰ ਖਹਿਰਾ ਆਪਣੀ ਗੱਲ ਕਹਿਣ ਵੇਲੇ ਕੋਈ ਵਲ ਵਲੇਵੇਂ ਨਹੀਂ ਪਾਉਂਦਾ। ਸਮਾਜਿਕ, ਸਭਿਆਚਾਰਕ, ਰਾਜਨੀਤਿਕ, ਧਾਰਮਿਕ ਅਤੇ ਚਾਹੇ ਦਾਰਸ਼ਨਿਕ ਮਸਲਾ ਹੀ ਕਿਉਂ ਨਾ ਹੋਵੇ, ਉਹ ਆਪਣੀ ਗੱਲ ਬੜੇ ਹੀ ਸਪੱਸ਼ਟ ਰੂਪ ਵਿਚ ਕਹਿੰਦਾ ਹੈ।” “ਕੇਸਰ ਸਿੰਘ ਨੀਰ ਭਾਸ਼ਾ, ਧਰਮ, ਜ਼ਾਤ-ਪਾਤ, ਦੇ ਨਾਮ ਉੱਤੇ ਵੰਡੀਆਂ ਪਾਉਣ ਵਾਲੇ ਅਤੇ ਨਫਰਤ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਨੂੰ ਫਿਟਕਾਰ ਦਿੰਦਾ ਹੈ ਅਤੇ ਪੁੱਛਦਾ ਹੈ ਕਿ ਜਦੋਂ ਇਸ ਧਰਤੀ ਉੱਤੇ ਤੁਰੇ ਫਿਰਦੇ ਹਰ ਮਨੁੱਖ ਦੀਆਂ ਰਗਾਂ ਵਿਚ ਇੱਕੋ ਹੀ ਖ਼ੂਨ ਵਗਦਾ ਹੈ ਤਾਂ ਫਿਰ ਤੁਸੀਂ ਇੱਕ ਦੂਜੇ ਦਰਮਿਆਨ ਨਫ਼ਰਤ ਦੀਆਂ ਦੀਵਾਰਾਂ ਕਿਉਂ ਖੜ੍ਹੀਆਂ ਕਰਦੇ ਹੋ?” “ਗੁਰਦਿਆਲ ਕੰਵਲ ਦਾ ਵਿਸ਼ਵਾਸ ਹੈ ਕਿ ਜ਼ਿੰਦਗੀ ਇੱਕ ਕਰਮ ਭੂਮੀ ਹੈ। ਨਿਰਸੰਦੇਹ ਜ਼ਿੰਦਗੀ ਵਿਚ ਸਖ਼ਤ ਮਿਹਨਤ ਕਰਕੇ ਹੀ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਹਨ।” “ਗੁਰਚਰਨ ਰਾਮਪੁਰੀ ਅਜੋਕੇ ਇਤਹਾਸ ਨੂੰ ਮਿਥਹਾਸ ਦੀਆਂ ਐਨਕਾਂ ਲਗਾ ਕੇ ਦੇਖਦਾ ਹੈ।” “ ਗੁਰਬਖਸ਼ ਸਿੰਘ ਭੰਡਾਲ ਆਪਣੀਆਂ ਕਵਿਤਾਵਾਂ ਵਿਚ ਜਿੱਥੇ ਟੁੱਟ ਰਹੇ ਰਿਸ਼ਤਿਆਂ ਦੀ ਗੱਲ ਕਰਦਾ ਹੈ, ਘਰ ਦੇ ਗੁਆਚ ਰਹੇ ਅਰਥਾਂ ਦੀ ਗੱਲ ਕਰਦਾ ਹੈ, ਉੱਥੇ ਉਹ ਇਹ ਵੀ ਦਸਦਾ ਹੈ ਕਿ ਮਕਾਨ ਉਦੋਂ ਘਰ ਬਣਦਾ ਹੈ; ਜਦੋਂ ਇਨ੍ਹਾਂ ਕੰਧਾਂ ਨਾਲ ਘਿਰੀ ਥਾਂ ਵਿਚ ਰਹਿਣ ਵਾਲੇ ਵਿਅਕਤੀ ਇੱਕ ਦੂਜੇ ਦੀ ਮੌਜੂਦਗੀ ਵਿਚ ਰਹਿ ਕੇ ਖੁਸ਼ੀ ਮਹਿਸੂਸ ਕਰਦੇ ਹਨ।” “ਸਤਿਯੰਮ ਸ਼ਿਵਮ ਸੁੰਦਰਮ ਵਾਲਾ ਪ੍ਰੀਤਮ ਸਿੰਘ ਧੰਜਲ ਨਵੇਂ ਵਿਚਾਰਾਂ ਦਾ ਹਾਮੀ, ਸੁਚੇਤ ਪੱਧਰ ‘ਤੇ ਸ਼ਾਇਰੀ ਕਰਨ ਵਾਲਾ, ਪਰਗਤੀਸ਼ੀਲ ਪੰਜਾਬੀ ਸ਼ਾਇਰ ਹੈ।” “ਭੁਪਿੰਦਰ ਸਿੰਘ ਦੁਲੇ ਆਪਣੀਆਂ ਗ਼ਜ਼ਲਾਂ ਵਿਚ ਵਿਚਾਰਾਂ ਨੂੰ ਪ੍ਰਾਥਮਿਕਤਾ ਨਹੀਂ ਦਿੰਦਾ, ਉਸ ਦੀ ਪ੍ਰਾਥਮਿਕਤਾ ਸੰਗੀਤਕ ਸ਼ਬਦਾਂ ਦਾ ਪ੍ਰਯੋਗ ਕਰਨ ਲਈ ਹੈ।” “ਮੇਜਰ ਸਿੰਘ ਨਾਗਰਾ ਇੱਕ ਮਨੁੱਖਵਾਦੀ ਸ਼ਾਇਰ ਹੈ। ਉਹ ਧਰਮਾਂ, ਸਭਿਆਚਾਰਾਂ, ਰੰਗਾਂ, ਨਸਲਾਂ ਜਾਂ ਵੱਖੋ ਵੱਖ ਦੇਸ਼ਾਂ ਦੀਆਂ ਸਰਹੱਦਾਂ ਦੇ ਬੰਧਨਾਂ ਨੂੰ ਸਵੀਕਾਰ ਨਹੀਂ ਕਰਦਾ।” “ਰਾਵਿੰਦਰ ਰਵੀ ਪੰਜਾਬੀ ਦਾ ਇੱਕੋ ਇੱਕ ਸ਼ਾਇਰ ਹੈ; ਜਿਸ ਦੀਆਂ ਰਚਨਾਵਾਂ ਬਾਰੇ ਹਰ ਨਾਮਵਰ ਪੰਜਾਬੀ ਆਲੋਚਕ ਨੇ ਆਪਣੇ ਵਿਚਾਰ ਜ਼ਾਹਿਰ ਕੀਤੇ ਹਨ।” ਸੁਖਿੰਦਰ ਆਪਣੀ ਗੱਲ ਆਪ ਕਰਦਾ ਆਖਦਾ ਹੈ, “ਗਲੋਬਲੀਕਰਨ ਦੀ ਤੇਜ਼ ਹਨੇਰੀ ਅੱਗੇ ਕੱਖਾਂ ਕਾਨਿਆਂ ਵਾਂਗ ਉੱਡੇ ਫਿਰਦੇ ਸਾਡੇ ਇਹ ਮੁਖੌਟਾਧਾਰੀ ਅਤੇ ਭ੍ਰਿਸ਼ਟ ਹੋ ਚੁੱਕੇ ਰਹਿਨੁਮਾ ਜ਼ਿੰਦਗੀ ਦੇ ਹਰ ਖੇਤਰ ਵਿਚ ਹੀ ਆਪਣੀ ਭ੍ਰਿਸ਼ਟ ਹੋ ਚੁੱਕੀ ਮਾਨਸਿਕਤਾ ਦੀਆਂ ਜੜ੍ਹਾਂ ਲਗਾਉਣ ਲਈ ਯਤਨਸ਼ੀਲ ਹਨ” ਆਦਿ।
-----
ਅਜਿਹੀਆਂ ਖ਼ੂਬਸੂਰਤ, ਭਾਵਪੂਰਤ ਤੇ ਰੌਚਕ ਟਿੱਪਣੀਆਂ ਨਾਵਲ ਲੇਖਕਾਂ ਬਾਰੇ, ਕਹਾਣੀਕਾਰਾਂ ਬਾਰੇ, ਵਾਰਤਕ ਲੇਖਕਾਂ ਬਾਰੇ ਤੇ ਹੋਰਾਂ ਬਾਰੇ ਕੀਤੀਆਂ ਗਈਆਂ ਹਨ। ਕਿਤਾਬ ਵਿਚ ਦਰਜ 57 ਲੇਖਕਾਂ ਦੇ 57 ਤੋਂ ਕਿਤੇ ਵੱਧ ਵਿਸ਼ੇ ਹਨ; ਜੋ ਸਾਡੇ ਅਜੋਕੇ ਸਮਾਜ ਦਾ ਸਹੀ ਤੇ ਪ੍ਰਮਾਣਿਕ ਅਕਸ ਪੇਸ਼ ਕਰਦੇ ਤੇ ਪਾਠਕ ਦੀਆਂ ਸੋਚਾਂ ਵਿਚ ਡੂੰਘੇ ਉੱਤਰਦੇ ਹਨ। ਸੁਖਿੰਦਰ ਨੇ ਉਨ੍ਹਾਂ ਸਾਰੇ ਵਿਸਿ਼ਆਂ ‘ਤੇ ਬਹੁਤ ਖ਼ੂਬਸੂਰਤ ਅਤੇ ਬਹੁਤ ਵਿਸਥਾਰ ਸਹਿਤ ਟਿੱਪਣੀਆਂ ਕੀਤੀਆਂ ਹਨ ਅਤੇ ਬੇਹੱਦ ਸੁਆਦਲਾ ਰੰਗ ਭਰਿਆ ਹੈ। ਸੁਖਿੰਦਰ ਦੀ ਵਾਰਤਿਕ ਵਿਚ ਕੱਚੇ ਦੁੱਧ ਵਰਗੀ ਤਾਜ਼ਗੀ, ਤ੍ਰੇਲ ਦੀ ਡਲ੍ਹਕ ਵਰਗੀ ਆਭਾ ਅਤੇ ਸੂਹੀ ਸਵੇਰ ਵਰਗਾ ਨਿਖਾਰ ਹੈ। ਉਸ ਵਿਚ ਰੜਕ ਹੈ, ਮੜਕ ਹੈ, ਤਿੱਖਾ ਵੇਗ ਤੇ ਰਵਾਨਗੀ ਹੈ; ਸੰਗੀਤਕ ਲੈਅ ਤੇ ਬੱਝਵਾਂ ਪ੍ਰਭਾਵ ਹੈ; ਜੋ ਪਾਠਕ ਨੂੰ ਆਪਣੇ ਵਹਿਣ ਵਿਚ ਰੋੜ੍ਹ ਕੇ ਲੈ ਜਾਂਦਾ ਹੈ।
-----
ਇਸ ਤਰ੍ਹਾਂ ਸਮੀਖਿਆ ਦੀ ਇਹ ਅਦੁੱਤੀ ਪੁਸਤਕ ਖੋਜੀਆਂ, ਲਿਖਾਰੀਆਂ, ਚਿੰਤਕਾਂ ਤੇ ਸੁਹਿਰਦ ਪਾਠਕਾਂ ਲਈ ਇੱਕ ਸੌਗਾਤ ਸਿੱਧ ਹੋਵੇਗੀ। ਮੈ ਇਸ ਦੇ ਲੇਖਕ, ਚਿੰਤਕ ਤੇ ਕਵੀ ਸੁਖਿੰਦਰ ਦੀ ਡੂੰਘੀ ਘਾਲਣਾ ਤੇ ਮਿਹਨਤ ਲਈ ਪ੍ਰਸੰਸਾ ਕਰਦਾ, ਕਦਰ ਕਰਦਾ, ਸਨਮਾਨ ਤੇ ਸੁਆਗਤ ਕਰਦਾ ਅਤੇ ਹਾਰਦਿਕ ਮੁਬਾਰਕਬਾਦ ਅਰਪਨ ਕਰਦਾ ਹਾਂ।
No comments:
Post a Comment