ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Tuesday, September 1, 2009

ਰਾਜਿੰਦਰਜੀਤ - ਸਾਵੇ ਅਕਸ

ਕਿਤਾਬ: ਸਾਵੇ ਅਕਸ ( ਗ਼ਜ਼ਲ-ਸੰਗ੍ਰਹਿ)
ਲੇਖਕ: ਰਾਜਿੰਦਰਜੀਤ
ਪ੍ਰਕਾਸ਼ਕ ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ: 90 ਰੁਪਏ
ਰਿਵੀਊਕਾਰਤਨਦੀਪ ਤਮੰਨਾ’ ( ਕੈਨੇਡਾ)

ਕੁਦਰਤ ਦੀਆਂ ਪੈੜਾਂ ਚ ਦੀਵੇ ਜਗਾਉਂਦਾ ਸ਼ਾਇਰ - ਰਾਜਿੰਦਰਜੀਤ

ਉਹ ਉੱਡਿਆ ਜੁਗਨੂੰਆਂ ਦੀ ਡਾਰ ਬਣਕੇ

ਮਿਰੇ ਹੱਥੋਂ ਜੋ ਲੱਪ ਚਾਨਣ ਦਾ ਸੀ ਡੁੱਲ੍ਹਿਆ

ਉਸਦੀਆਂ ਗ਼ਜ਼ਲਾਂ ਵਿੱਚ ਸਹਾਰਾ ਦੇ ਮਾਰੂਥਲ ਤੋਂ ਲੈ ਕੇ ਜ਼ਿਊਰਖ਼ ਦੀਆਂ ਸੁੰਦਰ ਘਾਟੀਆਂ ਦਾ ਸਫ਼ਰ ਹੈ, ਮਿਸਰ ਦੇ ਬਜ਼ਾਰਾਂ 'ਚੋਂ ਉੱਠਦੇ ਮਸਾਲਿਆਂ ਦੀ ਮਹਿਕ ਹੈ ਤੇ ਕਸ਼ਮੀਰ ਘਾਟੀ ਦੇ ਕੇਸਰ ਦੇ ਫੁੱਲਾਂ ਦੀ ਖ਼ੁਸ਼ਬੂ ਹੈ.....ਉਸਦੀ ਸ਼ਾਇਰੀ ਅੰਬਰ 'ਚ ਸਾਰੇ ਸਿਤਾਰਿਆਂ ਨੂੰ ਵੀਨਸ ਦੇ ਰੂਪ ਨਾਲ਼ ਸ਼ਿੰਗਾਰ ਦਿੰਦੀ ਹੈਨਿਰਮਲ ਪਾਣੀ 'ਚ ਗੁਲਾਬੀ ਜਾਮਨੀ ਕੰਵਲ ਬਣ ਖਿੜਦੀ ਹੈ.....ਪਹਾੜੀ ਵਾਦੀਆਂ 'ਚ ਰੰਗ-ਬਿਰੰਗੇ ਸੁਮਨ ਬਣ ਟਹਿਕਦੀ ਹੈਉਸਦੀਆਂ ਗ਼ਜ਼ਲਾਂ 'ਚ ਅੰਤਾਂ ਦਾ ਦਰਦ ਹੈ...ਬੋਧੀ ਮੱਠ ਵਾਲ਼ੀ ਚੁੱਪ ਤੇ ਸ਼ਾਂਤੀ ਹੈ....ਜ਼ੈੱਨ ਨਜ਼ਮਾਂ ਵਰਗਾ ਸਕੂਨ ਹੈ

-----

ਉਸਦੀਆਂ ਗ਼ਜ਼ਲਾਂ ਕੇਸਰ ਦੀ ਮਹਿਕ ਨਾਲ਼ ਲੱਦੀਆਂ ਹੀ ਨਹੀਂ...ਸਗੋਂ ਉਹਨਾਂ ਉੱਪਰ ਚਾਂਦੀ ਦਾ ਵਰਕ ਵੀ ਲੱਗਿਆ ਹੋਇਆ ਹੈ....ਓਹ ਰੰਗ-ਬਿਰੰਗੇ ਸੂਤ ਨੂੰ ਕੱਤ ਧੁੱਪੇ ਪਾਈ ਜਾਂਦੈ...ਤੇ ਸੂਰਜ ਉਹਨਾਂ ਦੇ ਰੰਗ ਨੂੰ ਹੋਰ ਪੱਕਾ ਕਰੀ ਜਾਂਦਾ ਹੈ...ਜੀ ਹਾਂ!! ਮੈਂ ਗੱਲ ਕਰ ਰਹੀ ਹਾਂਯੂ.ਕੇ. ਵਸਦੇ ਗ਼ਜ਼ਲਗੋ ਰਾਜਿੰਦਰਜੀਤ ਦੀ ਤੇ ਉਸਦੇ ਪਲੇਠੇ ਗ਼ਜ਼ਲ ਸੰਗ੍ਰਹਿ ਸਾਵੇ ਅਕਸਦੀਸਾਵੇ ਅਕਸਜਿਸਦੇ ਪ੍ਰਕਾਸ਼ਿਤ ਹੋਣ ਨਾਲ਼ ਓਹ ਗੁਰਤੇਜ ਕੋਹਾਰਵਾਲ਼ਾ ਅਤੇ ਜਸਵਿੰਦਰ ਦੇ ਬਰਾਬਰ ਆ ਕੇ ਖੜ੍ਹਾ ਹੋ ਗਿਆ ਹੈਇਹ ਗ਼ਜ਼ਲ-ਸੰਗ੍ਰਹਿ ਚੇਤਨਾ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ ਹੈ ਤੇ ਇਸਦੀ ਕੀਮਤ 90 ਰੁਪਏ ਹੈ

-----

ਗ਼ਜ਼ਲਗੋ ਮੀਟਰ, ਬਹਿਰ ਆਦਿ ਦੇ ਸਖ਼ਤ ਵਿਧਾਨ ਚ ਰਹਿ ਕੇ ਗ਼ਜ਼ਲ ਦੀ ਸਿਰਜਣਾ ਕਰਦਾ ਹੈ, ਜਾਂ ਇੰਝ ਕਹਿ ਲਓ ਕਿ ਉਸਦੇ ਛੰਦ-ਬੱਧ ਭਾਵਨਾਤਕ ਤਜ਼ਰਬਿਆਂ ( ਇਹ ਤਜ਼ਰਬੇ ਸਮਾਜਕ ਅਤੇ ਵਿਅਕੀਗਤ- ਦੋਵੇਂ ਹੋ ਸਕਦੇ ਹਨ ) ਨੂੰ ਪ੍ਰੰਪਰਾਗਤ ਅਤੇ ਤਕਨੀਕੀ ਬਾਰੀਕੀਆਂ ਚੋਂ ਕਸ਼ੀਦਣਾ ਹੀ ਗ਼ਜ਼ਲ ਹੈਗ਼ਜ਼ਲ ਚ ਦਿਲ ਚੋਂ ਨਿੱਕਲ਼ੀ ਸ਼ਾਇਰੀ ਦਾ ਸਿੱਧਾ ਅਸਰ ਪੜ੍ਹਨ-ਸੁਣਨ ਵਾਲ਼ੇ ਦੇ ਦਿਲ ਤੇ ਹੁੰਦਾ ਹੈਸਦੀਆਂ ਪਹਿਲਾਂ ਲਿਖੀ ਜਾਂਦੀ ਗ਼ਜ਼ਲ ਨਾਲ਼ੋਂ ਅਜੋਕੀ ਗ਼ਜ਼ਲ ਦਾ ਮੁਹਾਂਦਰਾ ਬਹੁਤ ਭਿੰਨ ਹੈਰਾਜਿੰਦਰਜੀਤ ਦੀ ਕਿਤਾਬ ਸਾਵੇ ਅਕਸਵਿਚਲੀਆਂ ਗ਼ਜ਼ਲਾਂ ਮੀਟਰ, ਵਜ਼ਨ, ਬਹਿਰ ਤੇ ਖ਼ਰੀਆ ਉੱਤਰਦੀਆਂ ਨੇ, ਸੋ ਮੈਂ ਇਸਦੇ ਵਿਸਤਾਰ ਚ ਨਹੀਂ ਜਾਵਾਂਗੀ

----

ਉਹਦੀ ਸ਼ਾਇਰੀ ਪੱਤਝੜ ਰੁੱਤੇ ਝੜੇ ਪੱਤਿਆਂ ' ਖ਼ੂਬਸੂਰਤ ਸ਼ਬਦਾਂ ਨਾਲ਼ ਇੱਕ ਵਾਰ ਫੇਰ ਹਰਿਆਵਲ ਭਰ ਦਿੰਦੀ ਹੈ...ਸੁੱਕੇ ਫੁੱਲਾਂ 'ਚ ਜ਼ਿੰਦਗੀ ਟਹਿਕ ਉੱਠਦੀ ਹੈ...ਮੋਈਆਂ ਤਿਤਲੀਆਂ ਦੇ ਖੰਭਾਂ 'ਚ ਜਾਨ ਆ ਜਾਂਦੀ ਹੈ....ਓਹਦੇ ਖ਼ਿਆਲਾਂ 'ਚ ਲੋਹੜੇ ਦੀ ਸੰਵੇਦਨਾ ਹੈ....ਸੰਤੋਖ ਹੈ...ਆਸ ਦੇ ਦੀਵਿਆਂ ਨੂੰ ਉਹ ਬੁਝਣ ਨਹੀਂ ਦਿੰਦਾ...ਉਦਾਸੀ ਜ਼ਰੂਰ ਹੈ...ਨਿਰਾਸ਼ਾ ਨਹੀਂ

ਉਸਦੀ ਸ਼ਾਇਰੀ ਇੱਕ ਖ਼ੂਬਸੂਰਤ ਕੋਲਾਜ ਹੈ...ਕੁਦਰਤ, ਫੁੱਲਾਂ, ਪੱਤਿਆਂ, ਰੁੱਖਾਂ. ਪੰਛੀਆਂ, ਪੌਣਾਂ, ਸ਼ੀਸ਼ਾ, ਪੱਥਰ, ਕਾਗਜ਼, ਧਰਤੀ, ਆਕਾਸ਼, ਸਮੁੰਦਰ, ਸੁਪਨਿਆਂ ਨਾਲ਼ ਓਹਨੂੰ ਬੜਾ ਮੋਹ ਹੈ...ਓਹ ਪੈੜਾਂ ਦੇ ਰੇਤਿਆਂ ਦੀ ਇਬਾਦਤ ਕਰਦਾ ਹੈ...ਲਫ਼ਜ਼ਾਂ ਦੇ ਪੰਛੀਆਂ ਦੇ ਖੰਭ ਬੜੇ ਸਲੀਕੇ ਨਾਲ਼ ਸ਼ਿੰਗਾਰਦਾ ਹੈ...ਜ਼ਿੰਦਗੀ ਉਸ ਲਈ ਤਪ ਹੈ

----

ਗ਼ਜ਼ਲਾਂ ਚ ਮਨੁੱਖ ਅੰਦਰ ਚੱਲਦੇ ਦਵੰਦ ਤੇ ਗ਼ਜ਼ਲਗੋ ਕਰਾਰੀ ਚੋਟ ਕਰਦਾ ਹੈ....

ਅਸੀਂ ਵੀ ਖ਼ੂਬ ਹਾਂ, ਕਿਧਰੇ ਤਾਂ ਨ੍ਹੇਰੇ ਨੂੰ ਵੀ ਜਰ ਲਈਏ

ਤੇ ਕਿਧਰੇ ਬਿਰਖ ਦੀ ਇਕ ਛਾਂ 'ਤੇ ਹੀ ਇਤਰਾਜ਼ ਕਰ ਲਈਏ। ( ਪੰਨਾ 19)

ਬੱਦਲ਼ ਬਣ ਓਹ ਤਪਦੇ ਰੇਗਿਸਤਾਨ ਦੇ ਕੰਮ ਆਉਂਣਾ ਚਾਹੁੰਦੈ....ਦਰਿਆ ਤੇ ਵਰ੍ਹਨਾ ਉਹਨੂੰ ਫ਼ਜ਼ੂਲ ਲੱਗਦੈ...ਜੇ ਉਹ ਮੰਜ਼ਿਲ ਤੇ ਨਹੀਂ ਪਹੁੰਚਦਾ ਤਾਂ ਇਲਜ਼ਾਮ ਆਪਣੇ ਸਿਰ ਲੈ ਲੈਂਦਾ ਹੈ.........ਬਦਲਦੇ ਮੌਸਮਾਂ ਤੋਂ ਓਹ ਆਸ ਨ੍ਹੀਂ ਰੱਖਦਾ...ਆਪਣੇ ਬਲ ਤੇ ਬਦਲਾਓ ਲਿਆਉਂਣਾ ਚਾਹੁੰਦਾ ਹੈ

ਵਿਅਕਤੀਗਤ ਉਦਾਸੀ ਅਤੇ ਗ਼ਮ ਦੀ ਗੱਲ ਕਰਦਾ, ਸਾਰੀ ਕਾਇਨਾਤ ਦਾ ਚੱਕਰ ਲਾ ਲੈਂਦਾ ਹੈ...ਬਾਰੀਕੀ ਨਾਲ਼ ਹਰ ਲਫ਼ਜ਼ ਕਸ਼ੀਦਦਾ ਹੈ ..ਫੇਰ ਸ਼ਾਇਰੀ 'ਚ ਭਰਦਾ ਹੈ:

ਪਰਾਂ ਨੂੰ ਮੈਂ ਪਰਵਾਜ਼ ਦਿਆਂ, ਬੇਪਰਿਆਂ ਨੂੰ ਪਰ ਦੇਵਾਂ

ਏਸ ਬਹਾਨੇ ਅਪਣੇ ਆਪ ਨੂੰ ਖੁੱਲ੍ਹਾ ਅੰਬਰ ਦੇਵਾਂ।( ਪੰਨਾ 63)

---

ਤਾਂ ਹੀ ਸ਼ਾਇਦ ਹੈ ਸਲੀਕਾ, ਸੁਰ ਵੀ ਹੈ ਤੇ ਹੈ ਮਿਠਾਸ

ਬੰਸਰੀ ਵਾਂਗਰ ਗਏ ਕਿੰਨੀ ਦਫ਼ਾ ਸੱਲੇ ਅਸੀਂ। ( ਪੰਨਾ 47)

----

ਉਸਦੇ ਖ਼ਿਆਲਾਂ ਵਿਚਲੀ ਸੰਜੀਦਗੀ, ਉਸਦੀ ਸ਼ਾਇਰੀ ਨੂੰ ਪੁਖ਼ਤਗੀ ਦੇ ਰੰਗਾਂ ਨਾਲ਼ ਪਾਕੀਜ਼ਾ ਬਣਾ ਦਿੰਦੀ ਹੈ

ਪਰਵਾਸ ਕਾਰਣ ਲੱਗੇ ਘਰ੍ਹਾਂ ਨੂੰ ਲੱਗੇ ਤਾਲੇ ਉਸਨੂੰ ਵਲੂੰਧਰ ਦਿੰਦੇ ਨੇ...

ਮਸਾਣਾਂ ਜਾਂ ਮੜ੍ਹੀਆਂ 'ਤੇ ਬਾਲ਼ਾਂਗੇ ਦੀਵੇ

ਘਰਾਂ ਦੇ ਕਦੋਂ ਪਰ ਸੰਭਾਲ਼ਾਂਗੇ ਦੀਵੇ। (ਪੰਨਾ 22)

----

ਤੁਰ ਜਾਵਾਂ ਮੈਂ ਵੀ ਕੰਮ ਨੂੰ, ਗੁੰਮ ਜਾਵਾਂ ਭੀੜ ਵਿੱਚ

ਪੋਣੇ ਚ ਬੰਨ੍ਹ ਕੇ ਰੋਟੀਆਂ, ਗੁੜ ਦੀ ਡਲ਼ੀ ਨੇ ਨਾਲ਼।( ਪੰਨਾ 76)

----

ਏਸ ਨਗਰ ਦੇ ਲੋਕ ਹਮੇਸ਼ਾ ਸੋਚਾਂ ਵਿਚ ਗ਼ਲਤਾਨ ਰਹੇ

ਨਜ਼ਰਾਂ ਦੇ ਵਿਚ ਬਾਗ਼-ਬਗੀਚੇ, ਖ਼ਾਬਾਂ ਵਿੱਚ ਸ਼ਮਸਾਨ ਰਹੇ। ( 78)

ਰਿਸ਼ਤਿਆਂ ਵਿਚਲੇ ਪ੍ਰਦੂਸ਼ਣ ਤੋਂ ਚਿੰਤਿਤ ਹੋ ਕੇ ਕੁਰਲਾ ਉੱਠਦੈ ਤੇ ਲਿਖਦੈ ਕਿ

ਰਿਸ਼ਤਿਆਂ ਦੀ ਜੂਹ ਚ ਵਗੀਆਂ ਬਲ਼ਦੀਆਂ ਪੌਣਾਂ ਸਦਾ

ਜ਼ਿਹਨ ਵੀ ਝੁਲ਼ਸੇ ਗਏ ਨੇ ਚਿਹਰਿਆਂ ਦੇ ਨਾਲ਼ -ਨਾਲ਼ ( ਪੰਨਾ 53)

----

ਉਹਦੀ ਸ਼ਾਇਰੀ 'ਚ ਸਮੁੰਦਰ 'ਚ ਉੱਠਦਾ ਤੂਫ਼ਾਨ ਵੀ ਹੈ ਤੇ ਮਾਰੂਥਲਾਂ ਦੀ ਚੁੱਪ ਵੀ...ਯਾਦਾਂ ਓਹਦੀ ਸ਼ਾਇਰੀ ਨੂੰ ਸ਼ਿੰਗਾਰਦੀਆਂ ਨੇ ....

ਮੇਰੀ ਬੈਠਕ ਵਿੱਚ ਜੰਗਲ ਉੱਗ ਆਵੇਗਾ

ਜਦ ਯਾਦਾਂ ਦੇ ਪੰਛੀ ਆ ਕੇ ਬਹਿ ਜਾਣੇ। ( ਪੰਨਾ 23)

-----

ਹੁਣ ਜਦ ਵੀ ਮੇਰਾ ਖ਼ਤ ਕੋਈ ਲਭਦਾ ਉਸਨੂੰ ਏਦਾਂ ਜਾਪੇ

ਕੋਈ ਪੁਸਤਕ ਫੋਲ਼ਦਿਆਂ ਜਿਉਂ ਨਿਕਲ਼ੇ ਤਿਤਲੀ ਮੋਈ।( ਪੰਨਾ 50)

ਕਈ ਵਾਰ ਲੰਮੀ-ਕਾਲ਼ੀ ਰਾਤ ਵਿੱਚ ਗੁੰਮਣ ਦਾ ਤੌਖ਼ਲ਼ਾ ਮਹਿਸੂਸ ਕਰਦੈ...ਫੇਰ ਆਸਵੰਦ ਹੋ ਜਾਂਦੈ..ਤੇ ਤਾਰੇ ਟਿਮਟਿਮਾਉਂਣ ਲੱਗ ਜਾਂਦੇ ਨੇ...

ਮੈਨੂੰ ਹੀ ਪੈਣੇ ਨੇ ਕੱਲ੍ਹ ਨੂੰ ਰੁੱਤਾਂ ਦੇ ਫੁੱਲ ਚੁਗਣੇ

ਅੱਜ ਹੀ ਆਪਣੀ ਹਿੰਮਤ ਨੂੰ ਮੈਂ ਚਿੱਟੇ ਵਸਤਰ ਦੇਵਾਂ।( ਪੰਨਾ 63)

----

ਜਦ ਲਾਲੀਆਂ ਨੇ ਹੈ ਟਹਿਕਣਾ, ਜਦ ਨ੍ਹੇਰ੍ਹਿਆਂ ਨੇ ਹੈ ਸਹਿਕਣਾ

ਜਦ ਜ਼ਿੰਦਗੀ ਨੇ ਮਹਿਕਣਾ, ਉਹ ਸਵੇਰ ਥੋੜ੍ਹੀ ਕੁ ਦੂਰ ਹੈ। ( ਪੰਨਾ 24 )

ਗ਼ਮ ਉਸ ਲਈ ਗਹਿਣਾ ਹੈ...

ਬੱਸ ਏਹੋ ਹੁਨਰ ਹੀ ਮੇਰੇ ਜਿਗਰ ਦਾ ਦਰਦ ਹਰੇ

ਇਹੋ ਖ਼ਿਆਲ ਹੀ ਮੇਰੇ ਲਹੂ 'ਚ ਰੰਗ ਭਰੇ

ਬਿਗਾਨੀ ਪੀੜ ਨੂੰ ਮੱਥੇ ਸਜਾਉਂਣ ਸਿੱਖਿਆ ਹਾਂ

ਇਹੋ ਹੀ ਟੂੰਮ ਹੈ ਜਿਹੜੀ ਸਜਾ ਗਈ ਮੈਨੂੰ। ( ਪੰਨਾ 25)

----

ਮਹਿਬੂਬ ਦੀ ਦੂਰੀ ਉਹਨੂੰ ਤੜਪਾ ਦਿੰਦੀ ਹੈ...ਓਹਦੀ ਸ਼ਾਇਰੀ ਬਹਾਨੇ ਰਚਦੀ ਹੈ....ਓਹ ਸ਼ਬਦ ਤਲਾਸ਼ਦੀ ਹੈ...ਜਿਹੜੀ ਕਿਸੇ ਵੀ ਪਰਿੰਦੇ ਦੀ ਪਰਵਾਜ਼ ਬੰਨ੍ਹ ਦੇਵੇ...

ਅਜੇ ਤੂੰ ਭਟਕਣੈਂ ਕੁਝ ਹੋਰ ਦਰ-ਦਰ

ਬੜਾ ਗੂੜ੍ਹਾ ਹੈ ਹਾਲੇ ਪੈਰ ਚੱਕਰ

ਅਜੇ ਘਰ ਜਾਵਣ ਦਾ ਵੇਲ਼ਾ ਨਹੀਂ ਹੈ

ਜਿਗਰ ਦੀ ਚੀਸ ਹਟ ਜਾਵੇ ਤਾਂ ਜਾਵੀਂ। ( ਪੰਨਾ 27)

ਇੰਤਜ਼ਾਰ ਬਾਰੇ ਕਹਿੰਦੈ...

ਉਹ ਜਾਂ ਝੱਲਾ ਹੈ ਜਾਂ ਇਨਕਾਰ ਤੇ ਇਕਰਾਰ ਤੋਂ ਉੱਚਾ

ਮਿਰੇ ਨਾਂ 'ਤੇ ਉਹ ਇੱਕ ਖਾਲੀ ਲਿਫ਼ਾਫ਼ਾ ਰੋਜ਼ ਘੱਲਦਾ ਹੈ। ( ਪੰਨਾ 40)

----

ਓਹਦੇ ਸ਼ਬਦਾਂ ਦੀ ਚੋਣ ਨੇ ਜਿੱਥੇ ਮੈਨੂੰ ਖ਼ੁਸ਼ ਤੇ ਹੈਰਾਨ ਕੀਤਾ ਹੈ, ਓਥੇ ਚਿਤਵਣੀ 'ਚ ਵੀ ਪਾਇਆ ਹੈ...

ਆਪਣਾ ਆਪਾ ਸੰਵਾਰ ਕੇ ਰੱਖਾਂ

ਨੀਰ ਮੈਲ਼ਾ ਨਿਤਾਰ ਕੇ ਰੱਖਾਂ

ਰੋਜ਼ ਏਧਰ ਦੀ ਲੰਘਦਾ ਜਦ ਵੀ

ਮੇਰੇ ਪਾਣੀ ਹੰਘਾਲ਼ਦਾ ਕੋਈ। ( ਪੰਨਾ 30)

----

ਸਮੇਂ ਦੀ ਹਿੱਕ ਹੀ ਵਿੰਨ੍ਹ ਕੇ ਧਰੀ ਸ਼ੋਕੇਸ ਅੰਦਰ

ਉਨ੍ਹਾਂ ਰੱਖੀ ਹੈ ਤਿੱਖੀ ਸੂਲ਼ ਵਿੱਚ ਤਿਤਲੀ ਪਰੋ ਕੇ।( ਪੰਨਾ 65)

ਉਸਦੀ ਸ਼ਾਇਰੀ ਅੱਗ 'ਚੋਂ ਉੱਗੇ ਫੁੱਲ ਵਰਗੀ ਹੈ..ਪਿਆਸੇ ਬਿਰਖਾਂ ਦਾ ਸੰਤਾਪ ਉਸਨੂੰ ਚੀਰ ਜਾਂਦਾ ਹੈ....

ਬੜਾ ਹੀ ਜੀ ਕਰੇ ਬੈਠਾਂ ਕਿਤੇ ਖੇਤਾਂ 'ਚ ਜਾ ਕੇ

ਤੇ ਨਿੱਤ ਪੁੱਛਿਆ ਕਰਾਂ ਚਿੜੀਆਂ ਦੀਆਂ ਡਾਰਾਂ ਨੂੰ ਪਾਣੀ। ( ਪੰਨਾ 33)

----

ਉਸ ਕੋਲ਼ ਖ਼ਿਆਲਾਂ ਦੀਆਂ ਕਲੀਆਂ ਨੇ....ਜਿਨ੍ਹਾਂ ਨੂੰ ਪੰਖੜੀ-ਪੰਖੜੀ ਕਰਕੇ ਓਹ ਖੋਲ੍ਹਦਾ ਜਾਂਦੈ..ਤੇ ਪਾਰਦਰਸ਼ੀ ਸ਼ੀਸ਼ੇ ਵਰਗੀਆਂ ਗ਼ਜ਼ਲਾਂ 'ਚੋਂ ਹਰ ਮੌਸਮ ਝਲਕਦਾ ਹੈ...ਜਾਂ ਇੰਝ ਕਹਿ ਲਓ ਕਿ ਜਦ ਓਹ ਮੁੱਠੀ ਖੋਲ੍ਹਦੈ ਤਾਂ ਲਫ਼ਜ਼ਾਂ ਦੇ ਰੰਗ-ਬਿਰੰਗੇ ਮੌਸਮ ਅੰਗੜਾਈ ਲੈ ਕੇ ਕਾਇਨਾਤ ਨਾਲ਼ ਇੱਕ-ਸੁਰ ਹੋ ਜਾਂਦੇ ਨੇ

ਜਦੋਂ ਨਿਰਾਸ਼ਤਾ 'ਚ ਗੁਲਾਬ ਦੀਆਂ ਪੱਤੀਆਂ ਤੋੜ ਕੇ ਸਮੁੰਦਰ 'ਚ ਵਗ੍ਹਾ ਦਿੰਦੈ ਤਾਂ ਹਰ ਆਉਂਦੀ ਜਾਂਦੀ ਲਹਿਰ ਉਹਨਾਂ ਪੱਤੀਆਂ ਨੂੰ ਫੇਰ ਲਿਆ ਓਹਦੇ ਕਦਮਾਂ ਤੇ ਢੇਰੀ ਕਰ ਜਾਂਦੀ ਹੈਉਹਦੇ ਸ਼ਬਦਾਂ ਵਿਚਲੀ ਸੰਜੀਦਗੀ ਸਾਣ 'ਤੇ ਲਾਉਂਦੀ ਹੈ.... ਸ਼ਾਇਰੀ ਦੀ ਇਬਾਦਤ 'ਚ ਕੀਤਾ ਮਾਰੂਥਲ ਦਾ ਸਫ਼ਰ ਉਸਦੇ ਪੈਰਾਂ 'ਚ ਗਲੋਬ ਦੇ ਨਕਸ਼ੇ ਉੱਕਰ ਗਿਐ..

ਪੱਤਝੜ ਬਾਰੇ ਲਿਖਦਾ ਹੈ ਕਿ...

ਖੌਰੇ ਪਾਂਧੀ ਕਿੰਨਾ ਚਿਰ ਬਹਿ ਸਕਣ ਇਨ੍ਹਾਂ ਦੀ ਛਾਵੇਂ

ਪੱਤਝੜ ਪੁੱਛਦੀ ਫਿਰਦੀ ਸੀ ਕੱਲ੍ਹ ਰੁੱਖਾਂ ਦੇ ਸਿਰਨਾਵੇਂ। ( ਪੰਨਾ 38)

ਇਹ ਸ਼ਿਅਰ ਪੜ੍ਹ ਕੇ ਬਹੁਤ ਵਾਰ ਭਾਵੁਕ ਹੋਈ ਹਾਂ

ਮਿਰਾ ਸ਼ੁਮਾਰ ਵੀ ਰੁੱਖਾਂ ਚ ਹੁੰਦਾ, ਜੇ ਮੇਰੇ

ਜ਼ਰਾ ਕੁ ਪੌਣ ਚ ਪੱਤੇ ਨਾ ਝੜ ਗਏ ਹੁੰਦੇ। ( ਪੰਨਾ 45)

---

ਹਰੇਕ ਪਲ ਨੂੰ ਮੈਂ ਗਿਣ ਰਿਹਾ ਹਾਂ

ਉਡੀਕ ਤੇਰੀ ਹਿਸਾਬ ਮੇਰਾ

ਨਵਾਜ਼ ਮੈਨੂੰ ਤੂੰ ਆ ਕੇ ਜਲਦੀ

ਹੇ ਤੇਰੀ ਆਮਦ ਖ਼ਿਤਾਬ ਮੇਰਾ।( ਪੰਨਾ 72)

----

ਮੰਜ਼ਿਲ ਦੀ ਕਾਮਨਾ ਵੀ ਓਹ ਛੇਤੀ ਨਹੀਂ ਕਰਦਾ....ਸਾਰੀ ਕਾਇਨਾਤ ਗਾਹੁਣੀ ਚਾਹੁੰਦਾ ਹੈ....ਸਫ਼ਰ ਦੀ ਝਾਂਜਰ ਨੂੰ ਪੈਰੀਂ ਬੰਨ੍ਹ ਕੇ ਤੁਰਦਾ ਹੈ, ਤਾਂ ਕਿ ਜਦੋਂ ਵੀ ਛਣਕੇ ਤਾਂ ਮੰਜ਼ਿਲ ਦੇ ਵੱਲ ਜਾਣ ਲਈ ਕਦਮ ਹੋਰ ਕਾਹਲ਼ੇ ਹੋ ਜਾਣ….

ਅਜੇ ਪੈਰੀਂ ਸਫ਼ਰ ਬੱਝਾ ਰਹਿਣ ਦੇ, ਨਾ ਇਸ ਝਾਂਜਰ ਨੂੰ ਕਰ ਤੂੰ ਦੂਰ ਹਾਲੇ

ਅਜੇ ਨੱਚਣ ਲਈ ਵਿਹੜਾ ਸਲਾਮਤ, ਨਾ ਹੋਏ ਪੈਰ ਥੱਕ ਕੇ ਚੂਰ ਹਾਲੇ। ( ਪੰਨਾ 41)

----

ਤੇਜ਼ ਧੁੱਪ ਵਿੱਚ ਮਿਰੀ ਛਾਂ ਨੇ ਮੈਨੂੰ ਕਿਹਾ

ਇਸ ਸਫ਼ਰ ਤੇ ਤੁਰੇ ਹੋਰ ਕਿੰਨੇ ਜਣੇ

ਸਾਰੇ ਰਾਹੀ ਗਿਣੇ, ਫਿਰ ਮੈਂ ਉਸਨੂੰ ਕਿਹਾ

ਏਥੇ ਦੋ ਹੀ ਨੇ ਤੇਰੇ ਤੇ ਮੇਰੇ ਸਣੇ’ ( ਪੰਨਾ 68)

ਆਪਣੀ ਖ਼ਾਮੋਸ਼ੀ ਨੂੰ ਬੜੇ ਖ਼ੂਬਸੂਰਤ ਲਫ਼ਜ਼ਾਂ ਚ ਬਿਆਨ ਕਰਦੈ ਕਿ

ਸ਼ਬਦਕੋਸ਼ਾਂ ਨੂੰ ਉਹ ਸਾਹਵੇਂ ਰੱਖ ਕੇ

ਮੇਰੀ ਚੁੱਪ ਦਾ ਤਰਜ਼ੁਮਾ ਨਾ ਕਰ ਸਕੇ। ( ਪੰਨਾ 46)

ਪ੍ਰਦੂਸ਼ਣ, ਨਵੀਆਂ ਮਾਰੂ ਨੀਤੀਆਂ ਅਤੇ ਸੋਚਾਂ ਲਈ ਉਸਦੇ ਮਨ ਚ ਖ਼ੌਫ਼ ਹੈ...

ਹੁਣ ਅਗਨੀ ਬੈਠੇਗੀ, ਫੁੱਲਾਂ ਦੀ ਰਾਖੀ ਨੂੰ

ਏਦਾਂ ਕੁਝ ਲਗਦੇ ਨੇ ਬਣਦੇ ਆਸਾਰ ਨਵੇਂ। ( ਪੰਨਾ 49)

---

ਲਹੂ, ਤੇਜ਼ਾਬ ਤੇ ਬਾਰੂਦ ਇਸ ਵਿੱਚ ਘੋਲ਼ ਰੱਖੇ ਤੂੰ

ਤਿਰੇ ਤਾਲਾਬ ਤੋਂ ਰਾਹੀ ਤਿਹਾਏ ਮੁੜ ਗਏ ਸਾਰੇ।( ਪੰਨਾ 74)

----

ਅਜੋਕੀ ਗਾਇਕੀ ਅਤੇ ਬੇਸੁਰੇ ਗਾਇਕਾਂ ਤੋਂ ਪ੍ਰੇਸ਼ਾਨ ਹੈ...

ਗੀਤਾਂ ਦੇ ਵਾਰਿਸਾਂ ਨੂੰ ਸੁਣਨਾ ਮੁਹਾਲ ਹੋਇਆ

ਨਗ਼ਮੇ ਜੋ ਗਾ ਰਹੇ ਨੇ ਰਾਗਾਂ ਤੇ ਪੈਰ ਧਰ ਕੇ।( ਪੰਨਾ 61)

ਆਰਥਿਕ ਤੰਗੀਆਂ ਦਾ ਜ਼ਿਕਰ ਬਾਖ਼ੂਬੀ ਕਰਦੈ ਕਿ:

ਖ਼ੁਦ ਨੂੰ ਮਿਲ਼ਣ ਤੋਂ ਪਹਿਲਾਂ ਮੇਰਾ ਤੈਨੂੰ ਮਿਲ਼ਣਾ ਔਖਾ

ਤੇਰੀਆਂ ਸਾਬਤ ਰੀਝਾਂ ਨੂੰ ਕਿੰਝ ਟੁੱਟੀ ਝਾਂਜਰ ਦੇਵਾਂ। ( ਪੰਨਾ 63)

ਨਿਭ ਨਾ ਸਕੇ ਵਾਅਦਿਆਂ ਕਰਕੇ, ਉਹ ਟੁੱਟਦਾ ਨਹੀਂ.....ਵਾਅਦਿਆਂ ਨਾਲ਼ ਜਿਉਂਦਾ ਹੈ...

ਜਿਵੇਂ ਖੜ੍ਹਾ ਕਿਤੇ ਗੱਡੀ ਨੂੰ ਉਡੀਕਦਾ ਕੋਈ

ਮਿਰੀ ਉਡੀਕ ਨੂੰ ਏਨਾ ਕੁ ਵੇਖਦਾ ਕੋਈ। ( ਪੰਨਾ 52)

----

ਮੈਂ ਤੇਰੇ ਕਦਮਾਂ ਚ ਓਨੇ ਹੀ ਫੁੱਲ ਰੱਖ ਚੱਲਿਆਂ

ਸਿਰ੍ਹਾਣੇ ਤੂੰ ਮਿਰੇ ਜਿੰਨੇ ਸੀ ਧਰ ਗਿਆ ਪੱਥਰ। ( ਪੰਨਾ 60)

----

ਰਾਜਿੰਦਰਜੀਤ ਦੀਆਂ ਗ਼ਜ਼ਲਾਂ ਕਿਤਾਬ ਖੋਲ੍ਹਣ ਸਾਰ ਹੀ ਪਾਠਕ ਦਾ ਧਿਆਨ ਆਪਣੇ ਵੱਲ ਖਿੱਚਦੀਆਂ ਹਨ ਅਤੇ ਆਖਰੀ ਸਫ਼ੇ ਤੱਕ ਉਸਨੂੰ ਆਪਣੇ ਤੋਂ ਬੇਮੁੱਖ ਨਹੀਂ ਹੋਣ ਦਿੰਦੀਆਂਉਸਦੀਆਂ ਗ਼ਜ਼ਲਾਂ ਦੀ ਖ਼ੂਬਸੂਰਤੀ ਏਸੇ ਗੱਲ ਚ ਹੈ ਕਿ ਉਸਦੀ ਸੋਚ ਸਦੀਆਂ ਤੋਂ ਚੱਲੇ ਆਉਂਦੇ ਸ਼ੱਮਾਅ-ਪਰਵਾਨੇਵਾਲ਼ੇ ਖ਼ਿਆਲਾਂ ਤੋਂ ਮੁਕਤ ਹੈ, ਬੋਲੋੜੇ ਜਾਂ ਘਿਸ-ਪਿਟ ਚੁੱਕੇ ਲਫ਼ਜ਼ਾਂ, ਸੰਵਾਦਾਂ ਦੀ ਉਸਦੀ ਸ਼ਾਇਰੀ ਚ ਕੋਈ ਜਗ੍ਹਾ ਨਹੀਂਉਸਦੀ ਸ਼ਿਲਪ ਚ ਵੱਖਰਾ ਤੇ ਨਵਾਂਪਣ ਹੈਉਹ ਆਪਣੀਆਂ ਗ਼ਜ਼ਲਾਂ ਦਾ ਮੁਹਾਂਦਰਾ ਅਨਘੜ੍ਹ ਪੱਥਰ ਤੋਂ ਘੜ੍ਹਦਾ, ਉਹਨਾਂ ਦੇ ਨਕਸ਼ ਤਰਾਸ਼ਦਾ ਤੇ ਫੇਰ ਅਜੰਤਾ-ਏਲੋਰਾ ਦੇ ਕੰਧ-ਚਿੱਤਰਾਂ ਵਾਂਗ ਕੁਦਰਤ ਦੇ ਹਰ ਰੰਗ ਚ ਰੰਗ ਦਿੰਦਾ ਹੈਕਿਸੇ ਵੀ ਲੇਖਕ ਦੀ ਪ੍ਰਾਪਤੀ ਏਸ ਗੱਲ ਚ ਹੁੰਦੀ ਹੈ ਕਿ ਉਹ ਆਪਣੀਆਂ ਲਿਖਤਾਂ ਚ ਕਿੰਨਾ ਕੁ ਜਿਉਂਦਾ ਹੈ, ਮੈਨੂੰ ਇਹ ਲਿਖਦਿਆਂ ਬੜੀ ਰਾਹਤ ਤੇ ਖ਼ੁਸ਼ੀ ਮਿਲੀ ਹੈ ਕਿ ਗ਼ਜ਼ਲਗੋ, ਮੈਨੂੰ ਆਪਣੀਆਂ ਗ਼ਜ਼ਲਾਂ ਚ ਹਾਜ਼ਰ ਨਜ਼ਰ ਆਇਆ ਹੈ

----

ਉਸਦਾ ਦਰਦ ਦਿਖਾਵਾ ਨਹੀਂ ਹੈ, ਬਲਕਿ ਉਸ ਅਹਿਸਾਸ ਨਾਲ਼ ਉਹ ਹਰ ਚੀਜ਼, ਤਜ਼ਰਬੇ ਨੂੰ ਵੱਖਰੇ ਜਜ਼ਬੇ ਨਾਲ਼ ਮਾਣਦਾ ਹੈਹਰ ਗ਼ਜ਼ਲ ਚ ਉਹ ਸਫ਼ਰ ਤੇ ਜਾਂਦਾ ਪ੍ਰਤੀਤ ਹੁੰਦਾ ਹੈ

ਥੋੜ੍ਹੇ ਅਹਿਸਾਨ ਕਰਕੇ ਤੇਰੇ ਤੇ

ਮੈਂ ਤਾਂ ਅਪਣੀ ਹੀ ਰਾਖ਼ ਛਾਣੀ ਹੈ।( ਪੰਨਾ 77)

ਰਸੂਲ ਹਮਜ਼ਾਤੋਵ ਨੇ ਲਿਖਿਐ ਕਿ ਕਵਿਤਾ ਇੱਕ ਵਾਰੀ ਲਿਖੀ ਜਾਂਦੀ ਹੈ ਤੇ ਉਮਰ ਭਰ ਦੁਹਰਾਈ ਜਾਂਦੀ ਹੈਇਹੀ ਗੱਲ ਰਾਜਿੰਦਰਜੀਤ ਦੀਆਂ ਗ਼ਜ਼ਲਾਂ ਬਾਰੇ ਵੀ ਦਾਅਵੇ ਨਾਲ਼ ਆਖੀ ਜਾ ਸਕਦੀ ਹੈ ਕਿ ਉਸਦੀ ਸ਼ਾਇਰੀ ਦੁਹਰਾਈ ਜਾਂਦੀ ਰਹੇਗੀਉਸਦੇ ਲਿਖੇ ਲਫ਼ਜ਼ ਜਿੱਥੇ ਵੀ ਕਿਤਾਬੀ ਰੂਪ ਚ ਪਹੁੰਚਣਗੇ, ਪਾਠਕਾਂ ਦੇ ਦਿਲਾਂ ਚ ਆਪਣਾ ਵੱਖਰਾ ਮੁਕਾਮ ਬਣਾ ਲੈਣਗੇ, ਮੈਨੂੰ ਪੂਰਨ ਯਕੀਨ ਹੈਮੈਂ ਰਾਜਿੰਦਰਜੀਤ ਨੂੰ ਉਸਦੇ ਪਲੇਠੇ ਗ਼ਜ਼ਲ-ਸੰਗ੍ਰਹਿ ਸਾਵੇ ਅਕਸਦੇ ਪ੍ਰਕਾਸ਼ਿਤ ਹੋਣ ਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਹਾਂ ਤੇ ਕਾਮਨਾ ਕਰਦੀ ਹਾਂ ਕਿ ਰੱਬ ਕਰੇ ਉਸਦੀ ਕਾਵਿ-ਉਡਾਨ ਇਸ ਕਹਾਵਤ ਵਿਚਲੇ ਉਕਾਬ ਵਰਗੀ ਹੋਵੇ..ਆਮੀਨ!

ਉਕਾਬ! ਤੂੰ ਕਿੱਥੇ ਜੰਮਿਆ ਸੈਂ?”

ਤੰਗ ਗੁਫ਼ਾ ਵਿਚ!

ਉਕਾਬ! ਤੂੰ ਕਿੱਥੇ ਜਾ ਰਿਹੈਂ?”

ਵਿਸ਼ਾਲ ਆਕਾਸ਼ ਵੱਲ!

*************




Wednesday, May 20, 2009

ਹਰਭਜਨ ਸਿੰਘ ਮਾਂਗਟ - ਹਿਜਰ ਵਸਲ ਦੇ ਗੀਤ

ਕਿਤਾਬ : ਹਿਜਰ ਵਸਲ ਦੇ ਗੀਤ ( ਗੀਤ-ਸੰਗ੍ਰਹਿ )

ਲੇਖਕ: ਹਰਭਜਨ ਸਿੰਘ ਮਾਂਗਟ

ਪ੍ਰਕਾਸ਼ਕ: ਨੈਸ਼ਨਲ ਬੁੱਕ ਸ਼ਾਪ, ਦਿੱਲੀ, ਇੰਡੀਆ

ਪ੍ਰਕਾਸ਼ਨ ਵਰ੍ਹਾ: 2009

ਕੀਮਤ: 150 ਰੁਪਏ

ਰਿਵੀਊਕਾਰ : ਬਲਬੀਰ ਸਿੰਘ ਜੌਹਲ

ਹਰਭਜਨ ਸਿੰਘ ਮਾਂਗਟ ਦੇ ਹਿਜਰ ਵਸਲ ਦੇ ਗੀਤ

ਸਾਲ 2009 ਦੇ ਚੜ੍ਹਨ ਨਾਲ਼ ਹੀ ਹਰਭਜਨ ਸਿੰਘ ਮਾਂਗਟ ਦੀ ਪੁਸਤਕ ਹਿਜਰ ਵਸਲ ਦੇ ਗੀਤ ਛਪ ਕੇ ਆ ਗਈ ਹੈ। ਇਸ ਵਿਚ 61 ਗੀਤ ਹਨ। ਬਹੁਤੇ ਗੀਤ ਤਾਂ ਰੁਮਾਂਟਿਕ ਹਨ ਚਾਹੇ ਉਹ ਵਸਲ ਦੇ ਹਨ ਚਾਹੇ ਹਿਜਰ ਦੇ। ਜਿਨ੍ਹਾਂ ਤੋਂ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਲਿਖਾਰੀ ਰੁਮਾਂਟਿਕ ਸੁਭਾਅ ਦਾ ਆਦਮੀ ਹੈ। ਉਂਝ ਤਾਂ ਉਸਨੇ ਨਿੱਜੀ ਅਨੁਭਵ, ਲੋਕਾਈ ਦੇ ਦਰਦ ਅਤੇ ਆਰਥਿਕ ਨਾ-ਬਰਾਬਰੀ ਦੇ ਵੀ ਗੀਤ ਇਸ ਵਿਚ ਸ਼ਾਮਲ ਕੀਤੇ ਹਨ। ਕਵੀ ਨੂੰ ਸੁਰ ੳਤੇ ਸੰਗੀਤ ਦਾ ਵੀ ਚੰਗਾ ਗਿਆਨ ਲੱਗਦਾ ਹੈ। ਗੀਤਾਂ ਵਿਚ ਕਈ ਪ੍ਰਕਾਰ ਦੀ ਲੈਅ ਸੰਗੀਤ ਭਰਪੂਰ ਸੁਰਾਂ ਉੱਭਰ ਕੇ ਆਉਂਦੇ ਮਹਿਸੂਸ ਹੁੰਦੇ ਹਨ।

----

ਪਹਿਲਾਂ ਵਸਲ ਹੋਵੇ ਤਾਂ ਹਿਜਰ ਹੋ ਸਕਦਾ ਹੈ। ਵਸਲ ਤੋਂ ਬਗੈਰ ਹਿਜਰ ਕੀ? ਏਸੇ ਤਰ੍ਹਾਂ ਮਾਂਗਟ ਦੀ ਪੁਸਤਕ ਦਾ ਆਰੰਭ ਵਸਲ ਦੇ ਗੀਤਾਂ ਨਾਲ਼ ਹੀ ਹੁੰਦਾ ਹੈ। ਪ੍ਰਤੀਤ ਹੁੰਦਾ ਹੈ ਕਿ ਕਵੀ ਦੀ ਪ੍ਰੇਮ ਭੁੱਖ ਤੇ ਪਿਆਸ ਜੋ ਅੱਗ ਦੀ ਰੁੱਤ ਵਿਚ ਲੱਗੀ ਸੀ ਉਹ ਅਜੇ ਵੀ ਨਹੀਂ ਮਿਟੀ।ਇਸੇ ਕਰਕੇ ਉਹ ਅਜੇ ਵੀ ਲਿਖਦੈ:

ਸਾਨੂੰ ਪਿਆਰ ਵਾਲ਼ੀ ਹੱਥ ਉਤੇ ਚੋਗ ਤੂੰ ਚੁਗਾ ਦੇ

ਸਾਨੂੰ ਪਿਆਸਿਆਂ ਨੂੰ ਕੌਲੀ ਇਕ ਪਾਣੀ ਹੀ ਦਿਖਾ ਦੇ ।

----

ਕਿਤਾਬ ਦੇ ਪਹਿਲੇ ਭਾਗ ਵਿਚ ਹੀ ਆਪਣੇ ਸਾਹਾਂ ਦੇ ਵਿਚ ਗੀਤ ਵਿਚ ਰੱਬ ਦੀ ਉਸਤਤ ਕਰਦਾ ਹੈ। ਰੱਬ ਦੇ ਸਰਬ-ਪੱਖੀ ਸਰੂਪਾਂ ਨੂੰ ਵੱਖ-ਵੱਖ ਲੋਕਾਂ ਦੇ ਅਨੁਭਵਾਂ ਵਿਚ ਵਸਣ ਵੱਲ ਸੰਕੇਤ ਹੈ।

ਤੇਰੇ ਕਰਕੇ ਬੁੱਲ੍ਹੇ ਸ਼ਾਹ ਨੇ ਕਾਫ਼ੀ ਤੇਰੀ ਗਾਈ

ਹਰ ਸੂਫ਼ੀ ਨੇ ਤੇਰੀ ਈ ਤੇ ਕੀਤੀ ਏ ਵਡਿਆਈ

ਤੂੰ ਹੀ ਅੱਲ੍ਹਾ ਤੂੰ ਹੀ ਈਸ਼ਵਰ ਤੂੰ ਹੀ ਰਾਮ ਕਹਾਇਆ।

----

ਕਵੀ ਨੇ ਜਿੱਥੇ ਹਿਜਰ ਦਾ ਗੀਤ ਲਿਖਿਆ ਹੈ ਓਥੇ ਹਿਜਰ ਦੇ ਹੌਕਿਆਂ ਨਾਲ਼ ਵਾਤਾਵਰਣ ਸੁਲ਼ਗਾ ਦਿੱਤਾ ਹੈ ਅਤੇ ਵਸਲ ਦੀਆਂ ਸੁਰਾਂ ਨਾਲ਼ ਝੁੰਮਰ ਜਿਹਾ ਪੁਆ ਦਿੱਤਾ ਹੈ। ਇਸ ਪੁਸਤਕ ਵਿਚ ਹਿਜਰ ਦੇ ਕਈ ਗੀਤ ਹਨ। ਕਵੀ ਕਿਤੇ ਹੰਝੂ ਪੀਂਦਾ ਹੈ ਅਤੇ ਕਿਤੇ ਹਿਜਰ ਦੇ ਪਲਾਂ ਦੀ ਸਲਾਮਤੀ ਮੰਗਦਾ ਹੈ। ਇਸੇ ਤਰ੍ਹਾਂ ਜੀਵਨ ਬਿਤਾ ਰਿਹਾ ਹੈ।

ਪੀੜ ਪਿੰਡੇ ਉੱਤੇ ਪਿਆਰ ਦੀ ਹੰਢਾਈ ਸੱਜਣਾ

ਅਸੀਂ ਬਿਰਹੋਂ ਚ ਜ਼ਿੰਦਗੀ ਲੰਘਾਈ ਸੱਜਣਾ!

-----

ਪਰ ਇਸ ਕਵੀ ਨੇ ਬਿਰਹਾ ਭੋਗਦੇ ਵੀ ਮਿਲਾਪ ਦੀ ਆਸ ਨਹੀਂ ਛੱਡੀ। ਇਹ ਉਸਦੀ ਆਸ਼ਾਵਾਦੀ ਸੋਚ ਦਾ ਪ੍ਰਤੀਕ ਹੈ।

ਗੀਤ ਮੇਰੇ ਉਦਾਸ ਨਾ ਹੋ ਤੂੰ, ਤੈਨੂੰ ਵੀ ਕੋਈ ਗਾਏਗਾ

ਬਿਰਹੋਂ ਕੁੱਠਾ ਮਨ ਕੋਈ ਤੇਰੇ ਦਰ ਉਤੇ ਜਦ ਆਏਗਾ।

----

ਅੱਸੀਵਿਆਂ ਦੀ ਤ੍ਰਾਸਦੀ ਤੋਂ ਕੋਈ ਵੀ ਪੰਜਾਬੀ ਚਾਹੇ ਉਹ ਵਿਦੇਸ਼ ਚ ਵਸਦਾ ਸੀ ਹਾਂ ਉਸ ਵੇਲ਼ੇ ਪੰਜਾਬ ਵਿਚ, ਅਭਿੱਜ ਨਹੀਂ ਰਿਹਾ। ਕਵੀ ਮਨ ਤਾਂ ਹੁੰਦਾ ਹੀ ਬਹੁਤ ਭਾਵੁਕ ਹੈ ਜੋ ਕਿਸੇ ਦੇ ਕੰਡਾ ਚੁਭਿਆ ਦੇਖ ਕੇ ਪਸੀਜ ਜਾਂਦਾ ਹੈ। ਅਤੇ ਜਿਸਨੇ ਓਥੇ ਰਹਿ ਕੇ ਇਹ ਸਮਾਂ ਭੋਗਿਆ ਹੈ, ਉਸਦੀ ਮਾਨਸਿਕ ਸਥਿਤੀ ਤੇ ਉਸ ਵੇਲ਼ੇ ਕੀ ਬੀਤਦੀ ਹੋਵੇਗੀ?

ਗਮਲੇ ਦੇ ਫੁੱਲਾਂ ਦੀ ਥਾਂ ਕਿਸਨੇ ਜ਼ਹਿਰ ਉਗਾਈ ਏ

ਨਫ਼ਰਤ ਵਾਲ਼ੀ ਡਾਇਣ ਨੀ ਜਿੰਦੇ ਕਿਉਂ ਅੱਜ ਘਰ ਵਿਚ ਆਈ ਏ।

.......

ਕੁਝ ਹੌਕੇ ਕੁਝ ਆਹਾਂ ਮੇਰੇ ਖਿਲਰੀਆਂ ਆਸੇ ਪਾਸੇ

ਲਗਦੈ ਮੇਰੀ ਜ਼ਿੰਦਗੀ ਵਿਚੋਂ ਰੁੱਸ ਗਏ ਨੇ ਹਾਸੇ।

.........

ਦੇਖਾਂ ਹੱਥਾਂ ਵਿਚ ਤ੍ਰਿਸ਼ੂਲਾਂ, ਕਿਰਪਾਨਾਂ ਅਤੇ ਗੰਡਾਸੇ।

----

ਜਦ ਸਾਰਾ ਵਾਤਾਵਰਣ ਨਫ਼ਰਤ ਨਾਲ਼ ਦੂਸ਼ਿਤ ਹੋ ਗਿਆ ਤਾਂ ਮਨ ਚ ਹਜ਼ਾਰਾਂ ਸਵਾਲ ਉੱਠਦੇ ਨੇ, ਜਿਨ੍ਹਾਂ ਦਾ ਉੱਤਰ ਹੋਰ ਕਿਤਿਓਂ ਨਹੀਂ ਮਿਲ਼ਦਾ ਤਾਂ ਜਿੰਦ ਨੂੰ ਹੀ ਪੁੱਛਦਾ ਹੈ:

ਜ਼ਿੰਦਗੀ ਦੇ ਕੰਨਾਂ ਵਿਚ ਗੂੰਜਣ ਕਰਫਿਊ ਵਾਲ਼ੇ ਘੁੱਗੂ

ਦੱਸ ਨੀ ਜਿੰਦੇ ਕਦ ਵਿਹੜੇ ਵਿਚ ਫੁੱਲ ਪਿਆਰ ਦਾ ਉੱਗੂ?

--

ਅਤੇ ਨਾਲ਼ ਹੀ ਸਾਂਝੀਵਾਲ਼ਤਾ ਦਾ ਸੰਦੇਸ਼ ਵੀ ਦਿੰਦਾ ਹੈ:

ਜਿੰਦੇ ਨੀ ਨਾਨਕ ਦੀ ਬਾਣੀ ਆ ਹੁਣ ਰਲ਼ ਕੇ ਪੜ੍ਹੀਏ

ਵੇਦਾਂ ਦੇ ਮੰਤਰ ਪੜ੍ਹ ਪੜ੍ਹ ਕੇ ਜੀਵਨ ਪਰਬਤ ਚੜ੍ਹੀਏ।

----

ਕਵੀ ਦਾ ਮਾਨਵ ਪਿਆਰ ਭੋਲ਼ੇ ਭਾਲ਼ੇ ਲੋਕਾਂ ਨੂੰ ਵਰਗਲਾਏ ਜਾਣ ਦੀ ਸਥਿਤੀ ਤੇ ਇਸ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਅਤੇ ਉਹਨਾਂ ਦੇ ਮਨ ਰੁਸ਼ਨਾਉਂਣਾ ਚਾਹੁੰਦਾ ਹੈ ਤਾਂ ਕਿ ਉਹ ਜਾਗ੍ਰਿਤ ਹੋਣ ਅਤੇ ਐਸੇ ਵਰਗਲਾ ਦਾ ਸਦਾ ਹੀ ਸ਼ਿਕਾਰ ਹੁੰਦੇ ਨਾ ਰਹਿਣ:

ਜਿੰਦੇ ਨੀ ਆ ਨ੍ਹੇਰ ਦਾ ਚਾਨਣ ਬਹੁਕਰ ਨਾਲ਼ ਹੂੰਝੀਏ

ਬਣਕੇ ਬੋਲ ਮਾਨਵ ਪ੍ਰੇਮ ਦਾ ਅੰਬਰ ਦੇ ਵਿਚ ਗੂੰਜੀਏ ।

..........

ਜਿੰਦ ਆਖਦੀ ਦੁਨੀਆਂ ਵਿਚੋਂ ਮੁੱਕੇ ਨਫ਼ਰਤ ਸਾਰੀ

ਅਮਨ ਪਿਆਰ ਦੇ ਗੀਤ ਹੀ ਗਾਵਣ ਦੁਨੀਆਂ ਦੇ ਨਰ ਨਾਰੀ।

----

ਇਸੇ ਤਰ੍ਹਾਂ ਜੋ ਅੱਜ ਸੰਸਾਰ ਵਿਚ ਚੱਲ ਰਿਹਾ ਹੈ ਚਾਹੇ ਇਰਾਕ ਵਿਚ ਹੋਵੇ ਜਾਂ ਅਫ਼ਗਾਨਿਸਤਾਨ ਵਿਚ, ਉਸ ਤੇ ਵੀ ਕਵੀ ਡੂੰਘਾ ਦੁੱਖ ਪ੍ਰਗਟ ਕਰਦਾ, ਇਸ ਅੱਗ ਨੂੰ ਬੁਝਾਉਂਣ ਦੀ ਗੱਲ ਕਰਦਾ ਹੈ:

ਜੋ ਅੱਗ ਇਰਾਕ ਚ ਬਲ਼ਦੀ, ਅਫ਼ਗਾਨਿਸਤਾਨ ਚ ਵੀ ਓਹੀ

ਸਾਰੀ ਦੁਨੀਆ ਏਸ ਅੱਗ ਨੇ, ਦੇਖ ਤੂੰ ਜਨਤਾ ਕੋਹੀ।

---

ਇੱਕ ਹਵਾ ਗੀਤ ਵਿਚ ਕਵੀ ਉਲਟੀ ਹਵਾ ਬਾਰੇ ਗੱਲ ਕਰਦਾ ਹੈ, ਚਾਹੇ ਕਿ ਉਲਟੀ ਹਵਾ ਸੱਭਿਆਚਾਰ ਦੀ ਹੋਵੇ, ਡਾਲਰਾਂ ਦੀ ਭੁੱਖ ਦੀ ਹੋਵੇ ਜਾਂ ਕੋਈ ਹੋਰ ਤੱਤੀ ਹਵਾ ਹੋਵੇ, ਸਾਧਾਰਨ ਜੀਵਨ ਵਿਚ ਤੜਥੱਲ ਮਚ ਦਿੰਦੀ ਹੈ। ਸੱਭਿਆਚਾਰ ਅਤੇ ਪੂੰਜੀਵਾਦ ਦੀ ਹਵਾ ਵੱਲ ਇਸ਼ਾਰਾ ਹੈ:

ਤੁਰ ਗਏ ਕੰਮ ਤੇ ਧੀਆਂ ਪੁੱਤਰ ਨਾਜ਼ ਸੀ ਜਿਨ੍ਹਾਂ ਉੱਤੇ,

ਡਾਲਰ ਜੋੜ ਕੇ ਬੈਂਕਾਂ ਭਰੀਆਂ ਮਰ ਗਿਆ ਸੁੱਤੇ ਸੁੱਤੇ

ਕੈਸੀ ਹਵਾ ਡਾਲਰ ਦੀ 'ਮਾਂਗਟ' ਮਾਰ ਗਈ ਸੱਭਿਆਚਾਰ ਨੀ ਜਿੰਦੇ।

----

ਕਵੀ ਦੱਸਦਾ ਹੈ ਕਿ ਸਾਡੀ ਜਨਮ ਭੂਮੀ ਨੇ ਤਾਂ ਸਾਨੂੰ ਔਖੇ ਵੇਲ਼ਿਆਂ ਚ ਮੁਸਕਰਾਉਂਣ ਦੀ ਗੁੜ੍ਹਤੀ ਦਿੱਤੀ ਹੈ, ਫਿਰ ਅਸੀਂ ਦਰਪੇਸ਼ ਮੁਸ਼ਕਿਲਾਂ ਤੋਂ ਕਿਉਂ ਘਬਰਾਈਏ

ਧਰਤੀ ਦੀ ਮਮਤਾ ਨੇ ਸਾਨੂੰ ਵੱਲ ਦੱਸਿਆ ਮੁਸਕਾਣੇ ਦਾ

ਦੁੱਖਾਂ ਦੇ ਖ਼ਾਰਾਂ ਤੇ ਖਿੜਨਾ ਕੰਮ ਹੈ ਜੀਵਨ ਗਾਣੇ ਦਾ।

----

ਕਵੀ ਦੇ ਯਥਾਰਥਵਾਦੀ ਹੋਣ ਦਾ ਸੰਕੇਤ ਇੱਕ ਮਿੱਟੀ ਵਿਚੋਂ ਵੀ ਮਿਲ਼ਦੇ ਹਨ, ਜਦੋਂ ਚੰਦ, ਸੂਰਜ ਜਿਸਦੀ ਪੂਜਾ ਕੀਤੀ ਜਾਂਦੀ ਸੀ, ਹੁਣ ਉਸ ਉੱਪਰ ਪੈਰ ਧਰਦਾ ਹੈ। ਦੱਸਣ ਦਾ ਯਤਨ ਕਰਦਾ ਹੈ ਕਿ ਮਿੱਟੀ ਤਾਂ ਮਿੱਟੀ ਹੈ ਚਾਹੇ ਧਰਤ ਉਤਲੀ ਹੋਵੇ ਜਾਂ ਚੰਨ ਉਤਲੀ:

ਇੱਕ ਮਿੱਟੀ ਚੰਨ ਵਾਲ਼ੀ ਜਿਸਨੂੰ ਬੰਦਾ ਚੁੱਕ ਲਿਆਇਆ

ਇਹ ਪਥਰੀਲੀ ਮਿੱਟੀ ਜਿਸਦਾ ਅੱਜ ਤੱਕ ਭੇਤ ਨਾ ਪਾਇਆ।

----

ਸਮਾਜਕ ਨਾ-ਬਰਾਬਰੀ ਜਿੱਥੇ ਗਰੀਬ ਦੀ ਆਵਾਜ਼, ਅਮੀਰ ਦੇ ਕੰਨਾਂ ਤੱਕ ਪੁੱਜਣ ਤੋਂ ਪਹਿਲਾਂ ਹੀ ਪੁਲਾੜ ਵਿਚ ਗੁਆਚ ਜਾਂਦੀ ਹੈ। ਇਸ ਸਥਿਤੀ ਦੀ ਤੁਲਨਾ ਨਦੀ ਤੇ ਸਾਗਰ ਨਾਲ਼ ਕਰਦਾ ਹੈ:

ਮੈਂ ਹੋਂਦ ਵਿਹੂਣੀ ਕੀ ਦੱਸਾਂ ਤੈਨੂੰ ਹਾਣੀਆਂ

ਮੈਨੂੰ ਪੀ ਲੀਤਾ ਇਨ੍ਹਾਂ ਸਾਗਰ ਦੇ ਪਾਣੀਆਂ।

ਵਿਸ਼ਾ, ਬਣਤਰ ਅਤੇ ਸੰਗੀਤਕ ਪੱਖੋਂ ਇਹ ਗੀਤ ਬੜੇ ਉੱਚ-ਕੋਟੀ ਦੇ ਹਨ। ਇਸ ਲਈ ਇਹ ਸੁਣਕੇ ਕੋਈ ਅਚੰਭਾ ਨਹੀਂ ਹੁੰਦਾ ਕਿ ਮਾਂਗਟ ਦੇ ਗੀਤ ਪੰਜਾਬ ਦੇ ਚੋਟੀ ਦੇ ਗੀਤਕਾਰਾਂ ਨੇ ਗਾਏ ਹਨ।




Thursday, April 23, 2009

ਦਵਿੰਦਰ ਪੂਨੀਆ - ਕੀ ਗ਼ਲਤ ਹੈ, ਕੀ ਸਹੀ

ਕਿਤਾਬ : ਕੀ ਗ਼ਲਤ ਹੈ, ਕੀ ਸਹੀ (ਗ਼ਜ਼ਲ-ਸੰਗ੍ਰਹਿ)

ਲੇਖਕ: ਦਵਿੰਦਰ ਪੂਨੀਆ

ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ, ਇੰਡੀਆ

ਪ੍ਰਕਾਸ਼ਨ ਵਰ੍ਹਾ: 2009

ਕੀਮਤ: 100 ਰੁਪਏ

ਰਿਵੀਊਕਾਰ : ਦੀਪ ਨਿਰਮੋਹੀ

ਬਦਲਦੀਆਂ ਪ੍ਰਸਥਿਤੀਆਂ ਦਾ ਕਾਵਿ-ਰੁਪਾਂਤਰਣ: ਕੀ ਗ਼ਲਤ ਹੈ, ਕੀ ਸਹੀ

ਰੱਬ ਵਾਗੂੰ ਹੀ ਪਰਦੂਸ਼ਣ ਵੀ

ਬਣ ਚੁੱਕਿਆ ਹੈ ਸਰਵ-ਵਿਆਪਕ

ਆਡੀਓ ਵੀਡੀਓ ਹੀ ਵੱਜਦੇ ਨੇ

ਕੌਣ ਸੁਣਦਾ ਹੈ ਗੀਤ ਕੋਇਲ ਦਾ

ਉਪਰੋਕਤ ਸ਼ਿਅਰਾਂ ਦੀ ਗਹਿਨ ਸੰਰਚਨਾ ਚ ਵਿਦਮਾਨ ਵਿਚਾਰ ਹੀ ਦਵਿੰਦਰ ਪੂਨੀਆਂ ਦੀ ਕਾਵਿ-ਸਿਰਜਣਾ ਦੀ ਨੀਂਹ ਹੈਵਾਪਰ ਰਹੇ ਪ੍ਰੀਵਰਤਨ ਤੋ ਕੋਈ ਵੀ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕਦਾ, ਫਿਰ ਕਾਵਿ-ਹਿਰਦਾ ਤਾਂ ਹੁੰਦਾ ਹੀ ਸੰਵੇਦਨ ਸ਼ੀਲ ਹੈਇਹੋ ਜਿਹੇ ਹਿਰਦੇ ਦਾ ਹੀ ਮਾਲਿਕ ਹੈ ਦਵਿੰਦਰ ਪੂਨੀਆ

ਦਵਿੰਦਰ ਪੂਨੀਆ ਦਾ ਪਿਛੋਕੜ ਪਿੰਡ ਸਿਹਾਲਾ ਜ਼ਿਲ੍ਹਾ ਲੁਧਿਆਣਾ ਤੋਂ ਸ਼ੁਰੂ ਹੁੰਦਾ ਹੈ ਅਤੇ ਅੱਜ-ਕੱਲ੍ਹ ਉਹ ਕੈਨੇਡਾ ਦੀ ਹਵਾ ਵਿੱਚ ਸਾਹ ਲੈ ਰਿਹਾ ਹੈਇੰਝ ਦੋ ਸਭਿਆਚਾਰਾਂ ਤੇ ਸਮਾਜਿਕ ਪ੍ਰਸਥਿਤੀਆਂ ਵਿੱਚ ਵਿਚਰਦਿਆਂ ਦਵਿੰਦਰ ਪੂਨੀਆਂ ਦੀ ਜੋ ਕਾਵਿ-ਪ੍ਰਤਿਭਾ ਉਭਰਦੀ ਹੈ ਉਹ ਸਾਡੇ ਸਾਹਮਣੇ ਹੈ ਕੀ ਗ਼ਲਤ ਹੈ, ਕੀ ਸਹੀਦੇ ਰੂਪ ਇਹ ਉਸਦਾ ਪਹਿਲਾਂ ਗ਼ਜ਼ਲ-ਸੰਗ੍ਰਹਿ ਹੈ

----

ਪੂਨੀਆ ਅਜੋਕੀ ਬਦਲ ਰਹੀ ਆਬੋ ਹਵਾ ਨੂੰ ਕਲਮ ਦੀ ਨੋਕ ਹੇਠ ਲਿਆਉਣ ਵਿੱਚ ਸਮਰੱਥ ਸ਼ਾਇਰ ਜਾਪਦਾ ਹੈ ਜਦੋਂ ਉਹ ਕਹਿੰਦਾ ਹੈ:-

ਹੁਣ ਖ਼ਤਾਂ ਦਾ ਦੌਰ ਇਕ ਇਤਿਹਾਸ ਹੈ

ਭੇਜ ਦੇਣਾ ਇਕ ਤੁਸੀ ਈ-ਮੇਲ ਹੀ

ਦੁਕਾਨਾਂ ਹੀ ਦੁਕਾਨਾਂ ਹੀ ਨੇ

ਕਿਤੇ ਮਸਜਿਦ ਕਿਤੇ ਮੰਦਰ

ਸ਼ਬਦਾਂ ਦੇ ਹੇਰ ਫੇਰ ਵਿੱਚੋਂ ਕਾਵਿ-ਬਿੰਬ ਉਘਾੜਨਾ ਉਸ ਦੀ ਗ਼ਜ਼ਲ ਦਾ ਵਿਸ਼ੇਸ਼ ਕਾਵਿ ਗੁਣ ਹੈ ਜਿਹੜਾ ਪੂਰੀ ਕਿਤਾਬ ਚ ਪਸਰਿਆ ਹੋਇਆ ਲੱਭਿਆ ਜਾ ਸਕਦਾ ਹੈਗੰਭੀਰ ਤੇ ਸੂਝਵਾਨ ਪਾਠਕ ਦੇ ਨਾਲ ਨਾਲ ਆਮ ਪਾਠਕ ਵੀ ਸ਼ਿਅਰ ਦੀ ਤਹਿ ਤੱਕ ਝਾਕ ਸਕਦਾ ਹੈਇਸੇ ਸੰਦਰਭ ਵਿੱਚ ਉਸਦਾ ਸ਼ਿਅਰ ਵੇਖਿਆ ਜਾ ਸਕਦਾ ਹੈ:-

ਇਸ਼ਕ ਬਹੁਤ ਹੀ ਸੌਖਾ ਹੈ

ਉਂਝ ਸੁਖਾਲਾ ਹੈ ਵੀ ਕੀ

ਖੁਦ ਨੂੰ ਜਾਨਣ ਦੀ ਲੋੜ ਪੈਂਦੀ ਹੈ

ਜਦ ਕੋਈ ਜਾਣਦਾ ਨਹੀਂ ਹੁੰਦਾ

----

ਦਵਿੰਦਰ ਦਾ ਸੰਵੇਦਨਸ਼ੀਲ ਹਿਰਦਾ ਸੂਖਮ ਅਨੁਭਵਾਂ ਨੂੰ ਕਾਵਿ ਰੰਗ ਦੇਣ ਚ ਪ੍ਰਬੀਨ ਹੈਸੌਖੀ ਤੇ ਸਰਲ ਸ਼ਬਦਾਵਲੀ ਚ ਰਮੇਂ ਹੋਏ ਸ਼ਿਅਰ ਪੜ੍ਹਦਿਆਂ ਉਸਦੀ ਪ੍ਰਸ਼ੰਸ਼ਾ ਹੋ ਜਾਣੀ ਸੁਭਾਵਿਕ ਹੈਉਸਦੇ ਸ਼ਿਅਰ ਪਾਠਕ ਮਨ ਵਿੱਚ ਕੋਈ ਸੰਦੇਹ ਨਹੀਂ ਛੱਡਦੇਪਾਠਕ ਨਿਰਸੰਕੋਚ ਉਸਦੀ ਹਾਂ ਵਿੱਚ ਹਾਮੀ ਭਰਦਾ ਨਜ਼ਰ ਆਉਂਦਾ ਹੈਜਦ ਉਹ ਲਿਖਦਾ ਹੈ:-

ਇਕ ਅਰਸਾ ਲੱਗਿਆ ਪਰਤਣ ਲਈ

ਧਿਆਨ ਮੇਰਾ ਉਸ ਤੇ ਜੋ ਪਲ ਭਰ ਗਿਆ

ਕਿੰਨੇ ਘਾਤਕ ਰਸੈਣ ਵੱਗਦੇ ਨੇ

ਜ਼ਿੰਦਗੀ ਹੁਣ ਨਹੀਂ ਨਦੀ ਅੰਦਰ

----

ਕੁਦਰਤੀ ਤੇ ਸਮਾਜਿਕ ਚੇਤਨਤਾ ਘੱਟ ਰਹੀ ਹੈ ਜਾਂ ਵੱਧ ਰਹੀ ਹੈ ਇਹ ਫੈਸਲਾ ਕਰ ਪਾਉਣਾ ਕਵੀ ਲਈ ਵੀ ਕਠਿਨ ਜਾਪਦਾ ਹੈ , ਕਿਉਂਕਿ ਬਦਲਦੀਆਂ ਪ੍ਰਸਥਿਤੀਆਂ ਕਾਰਣ ਮਨੁੱਖੀ ਜੀਵਨ ਨਿਘਾਰ ਵੱਲ ਜਾ ਰਿਹਾ ਹੈ ਕਵੀ ਨਵੇਂ ਤੇ ਪੁਰਾਣੇ ਦੋਵੇਂ ਸੰਦਰਭ ਪਾਠਕਾਂ ਅੱਗੇ ਪੇਸ਼ ਕਰ ਦਿੰਦਾ ਹੈ ਪਰ ਆਪ ਕੋਈ ਫ਼ੈਸਲਾ ਨਹੀਂ ਦਿੰਦਾ ਕੀ ਗ਼ਲਤ ਹੈ, ਕੀ ਸਹੀਇਹ ਫ਼ੈਸਲਾ ਪਾਠਕਾਂ ਲਈ ਰਾਖਵਾਂ ਰੱਖਣਾ ਵੀ ਉਸਦੀ ਕਾਵਿ-ਪ੍ਰਤਿਭਾ ਦਾ ਅਗਲਾ ਵਿਸ਼ੇਸ਼ ਗੁਣ ਹੈ:-

ਮਨ ਤਾਂ ਇੱਧਰ ਉੱਧਰ ਹੈ

ਹੱਥ ਵਿੱਚ ਮਾਲ਼ਾ ਹੈ ਵੀ ਕੀ

----

ਪਦਾਰਥਵਾਦੀ ਸੋਚ ਦੇ ਘਰਾਂ ਤੱਕ ਅੱਪੜ ਜਾਣ ਕਾਰਣ ਹੁਣ ਘਰ ਦੀ ਪਰਿਭਾਸ਼ਾ ਵੀ ਬਦਲੀ ਜਾ ਰਹੀ ਹੈ, ਜਿਸ ਦੀ ਉਦਾਹਰਣ ਵੇਖੀ ਜਾ ਸਕਦੀ ਹੈ:-

ਵਾਸੀਆਂ ਨਾਲ ਉਹ ਨਾ ਘਰ ਬਣਦਾ

ਕਰਦਾ ਨਿਰਭਰ ਮਕਾਨ ਚੀਜ਼ਾਂਤੇ

ਇਵੇਂ ਹੀ ਪਿਆਰ ਦੇ ਅਰਥਾਂ ਵਿੱਚ ਆਈ ਨਿਘਾਰ ਦੀ ਅਵਸਥਾਂ ਨੂੰ ਕਵੀ ਦੀ ਕਲਮ ਇੰਝ ਬਿਆਨ ਕਰਦੀ ਹੈ:-

ਢਾਈ ਅੱਖਰਾ ਪ੍ਰੇਮਸੀ ਪਹਿਲਾਂ

ਘੱਟ ਕੇ ਹੋਇਆ ਦੋ ਅੱਖਰਾਲਵ

----

ਉਪਰੋਕਤ ਚਰਚਾ ਨੂੰ ਸਮੇਟਦਿਆਂ ਸਿੱਟੇ ਦੇ ਰੂਪ ਚ ਇਹ ਕਿਹਾ ਜਾ ਸਕਦਾ ਹੈ ਕਿ ਕੀ ਗ਼ਲਤ ਹੈ, ਕੀ ਸਹੀਦਵਿੰਦਰ ਪੂਨੀਆਂ ਦਾ ਅਨੁਭਵ ਸੰਗ੍ਰਹਿ ਹੈਬਦਲਦੀਆਂ ਪ੍ਰਸਥਿਤੀਆਂ ਦੇ ਕਾਵਿ-ਰੂਪਾਂਤਰਣ ਦੇ ਸਿਰਜਕ ਦੇ ਰੂਪ ਵਿੱਚ ਕੀ ਗ਼ਲਤ ਹੈ, ਕੀ ਸਹੀਰਾਹੀਂ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਕਰਨ ਤੇ ਪੰਜਾਬੀ ਪਾਠਕਾਂ ਵੱਲੋਂ ਅਸੀਂ ਉਸਨੂੰ ਅਤੇ ਉਸਦੇ ਗ਼ਜ਼ਲ ਸੰਗ੍ਰਹਿ ਨੂੰ ਖ਼ੁਸ਼ਾਮਦੀਦ ਆਖਦੇ ਹਾਂ