ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Saturday, January 2, 2010

ਦਵਿੰਦਰ ਪੂਨੀਆ - ਹਾਇਕੂ-ਸੰਗ੍ਰਹਿ - ਕਣੀਆਂ

ਹਾਇਕੂ-ਸੰਗ੍ਰਹਿ: ਕਣੀਆਂ

ਲੇਖਕ: ਦਵਿੰਦਰ ਪੂਨੀਆ

ਪ੍ਰਕਾਸ਼ਨ ਵਰ੍ਹਾ: 2009

ਪ੍ਰਕਾਸ਼ਨ: ਗ੍ਰੇਸ਼ਿਅਸ ਬੁਕਸ, ਪਟਿਆਲਾ

ਮੁੱਲ: 60 ਰੁਪਏ

ਕੁੱਲ ਸਫ਼ੇ - 88

ਰਿਵੀਊਕਾਰ: ਸੁਖਿੰਦਰ

*********

ਇੱਕ ਪਲ ਦਾ ਵਰਤਾਰਾ ਦਵਿੰਦਰ ਸਿੰਘ ਪੂਨੀਆ

ਕਿਤਾਬ ਪੜਚੋਲ

ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿੱਚ ਵੀ ਹਾਇਕੂ ਦਾ ਚਰਚਾ ਹੋਣਾ ਸ਼ੁਰੂ ਹੋ ਗਿਆ ਹੈਹਾਇਕੂ, ਦਰਅਸਲ, ਜਪਾਨੀ ਕਵਿਤਾ ਦਾ ਇੱਕ ਰੂਪ ਹੈਪੰਜਾਬੀ ਵਿੱਚ ਜਪਾਨੀ ਕਵਿਤਾ ਦੇ ਇਸ ਰੂਪ ਬਾਰੇ ਚਰਚਾ ਸ਼ੁਰੂ ਹੋਣ ਦਾ ਇੱਕ ਕਾਰਨ ਇਹ ਹੈ ਕਿ ਹੁਣ ਕੁਝ ਪੰਜਾਬੀ ਕਵੀਆਂ ਨੇ ਵੀ ਪੰਜਾਬੀ ਵਿੱਚ ਹਾਇਕੂ ਲਿਖਣੇ ਸ਼ੁਰੂ ਕਰ ਦਿੱਤੇ ਹਨਪੰਜਾਬੀ ਕਵੀਆਂ ਦਾ ਇਸ ਪਾਸੇ ਵੱਲ ਵੱਧ ਰਿਹਾ ਰੁਝਾਨ ਇਸ ਕਾਰਨ ਵੀ ਹੋ ਸਕਦਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਪੰਜਾਬੀ ਕਵਿਤਾ ਵਿੱਚ ਨਿੱਕੀਆਂ ਕਵਿਤਾਵਾਂ ਲਿਖਣ ਦਾ ਰੁਝਾਨ ਵੱਧ ਗਿਆ ਹੈਉਂਜ ਵੀ ਦੇਖਿਆ ਜਾਵੇ ਤਾਂ ਪਰਾ-ਆਧੁਨਿਕ ਸਮਿਆਂ ਵਿੱਚ ਤਕਨਾਲੋਜੀ ਦਾ ਸਾਰਾ ਜ਼ੋਰ ਵੱਧ ਤੋਂ ਵੱਧ ਸਹੂਲਤਾਂ ਦੇਣ ਵਾਲੀਆਂ ਛੋਟੇ ਤੋਂ ਛੋਟੇ ਅਕਾਰ ਵਾਲੀਆਂ ਵਸਤਾਂ ਈਜਾਦ ਕਰਨ ਉੱਤੇ ਲੱਗਾ ਹੋਇਆ ਹੈ

-----

ਹਾਇਕੂ ਨੂੰ ਇਕ ਛਿਣ ਦੀ ਘਟਨਾ ਵੀ ਕਿਹਾ ਜਾਂਦਾ ਹੈਕਵਿਤਾ ਦੇ ਇਸ ਰੂਪ ਦੀ ਰਚਨਾ ਕਰਨ ਅਤੇ ਕਵਿਤਾ ਦੇ ਇਸ ਰੂਪ ਦਾ ਆਨੰਦ ਲੈਣ ਵਿੱਚ ਮਨੁੱਖ ਦੇ ਤੀਜੇ ਨੇਤਰ ਦਾ ਸਭ ਤੋਂ ਵੱਧ ਯੋਗਦਾਨ ਹੁੰਦਾ ਹੈਵਰਤਮਾਨ ਵਿੱਚ ਵਾਪਰ ਰਹੀ ਕਿਸੀ ਛਿਣ-ਪਲ ਦੀ ਘਟਨਾ ਉੱਤੇ ਮਨੁੱਖ ਦਾ ਧਿਆਨ ਇਸ ਤਰ੍ਹਾਂ ਕੇਂਦਰਤ ਹੋ ਜਾਂਦਾ ਹੈ ਜਿਵੇਂ ਉਸ ਪਲ ਉਸਦੇ ਆਸ ਪਾਸ ਹਰ ਚੀਜ਼ ਠਹਿਰ ਗਈ ਹੋਵੇਮਨੁੱਖ ਦੀਆਂ ਦੋ ਅੱਖਾਂ ਰਾਹੀਂ ਵੇਖਿਆ ਗਿਆ ਕੋਈ ਦ੍ਰਿਸ਼ ਮਨੁੱਖ ਦੀ ਚੇਤਨਾ ਵਿੱਚ ਸਟਿਲ ਕੈਮਰੇ ਨਾਲ ਖਿੱਚੀ ਗਈ ਤਸਵੀਰ ਵਾਂਗ ਇਸ ਤਰ੍ਹਾਂ ਸਾਕਾਰ ਹੋ ਜਾਂਦਾ ਹੈ ਜਿਵੇਂ ਕਿਤੇ ਫਿਲਮੀ ਪਰਦੇ ਉੱਤੇ ਕਿਸੀ ਫਿਲਮ ਦਾ ਕੋਈ ਦ੍ਰਿਸ਼ ਆ ਰਿਹਾ ਹੋਵੇਉਹ ਦ੍ਰਿਸ਼ ਮਨੁੱਖ ਅੰਦਰ ਉਸ ਪਲ ਇੱਕ ਅਜਿਹੇ ਅਹਿਸਾਸ ਦਾ ਅਨੁਭਵ ਪੈਦਾ ਕਰਦਾ ਹੈ ਜਿਵੇਂ ਅਸੀਂ ਅਸਮਾਨ ਵਿੱਚ ਕਿਸੀ ਟੁੱਟਦੇ ਤਾਰੇ ਦੀ ਰੌਸ਼ਨੀ ਦੀ ਲੀਕ ਵੇਖਦੇ ਹਾਂ

-----

ਕੈਨੇਡੀਅਨ ਪੰਜਾਬੀ ਸ਼ਾਇਰ ਦਵਿੰਦਰ ਪੂਨੀਆ ਨੇ 2009 ਵਿੱਚ ਕਣੀਆਂਨਾਮ ਹੇਠ ਆਪਣਾ ਹਾਇਕੂ ਸੰਗ੍ਰਹਿ ਪ੍ਰਕਾਸ਼ਿਤ ਕੀਤਾ ਸੀਇਸ ਹਾਇਕੂ ਸੰਗ੍ਰਹਿ ਵਿੱਚ ਦਵਿੰਦਰ ਪੂਨੀਆ ਨੇ ਜ਼ਿੰਦਗੀ ਦੇ ਅਨੇਕਾਂ ਖ਼ੂਬਸੂਰਤ ਪਲਾਂ ਨੂੰ ਆਪਣੀ ਕਾਵਿਕਤਾ ਦਾ ਵਿਸ਼ਾ ਬਣਾਇਆ ਹੈਇੱਕ ਚੇਤੰਨ ਸਾਹਿਤਕਾਰ ਹੋਣ ਦੇ ਨਾਤੇ ਉਹ, ਮਹਿਜ਼, ਸ਼ਬਦਾਂ ਨਾਲ ਹੀ ਨਹੀਂ ਖੇਡਦਾ; ਬਲਕਿ, ਉਹ ਇਨ੍ਹਾਂ ਸ਼ਬਦਾਂ ਨੂੰ ਆਪਣੇ ਚੌਗਿਰਦੇ ਵਿੱਚ ਪਸਰੀਆਂ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਕਰਨ ਲਈ ਵਰਤਦਾ ਹੈਹਾਇਕੂ ਦੀ ਖ਼ੂਬਸੂਰਤੀ ਅਤੇ ਕਾਮਯਾਬੀ ਵੀ ਇਸ ਗੱਲ ਵਿੱਚ ਹੁੰਦੀ ਹੈ ਕਿ ਪਾਠਕ ਹਾਇਕੂ ਪੜ੍ਹਦਿਆਂ ਇਸ ਤਰ੍ਹਾਂ ਮੁਗਧ ਹੋ ਜਾਵੇ ਜਿਵੇਂ ਬਾਗ਼ ਚੋਂ ਲੰਘਦਿਆਂ ਅਸੀਂ ਕਿਸੀ ਫੁੱਲ ਨੂੰ ਸੁੰਘਦਿਆਂ ਅਨੁਭਵ ਕਰਦੇ ਹਾਂਉਹ ਵੇਲਾ ਸੋਚਣ ਦਾ ਨਹੀਂ ਹੁੰਦਾਬਿਲਕੁਲ ਓਵੇਂ ਹੀ ਜਿਵੇਂ ਸਮਾਧੀ ਦੀ ਅਵੱਸਥਾ ਵਿੱਚ ਜਾਣ ਵੇਲੇ ਸਾਡੇ ਮਨ ਵਿੱਚ ਸੁੰਨ ਵਰਤ ਜਾਂਦੀ ਹੈਉਸ ਛਿਣ ਵਿੱਚ ਜਾਗਿਆ ਅਹਿਸਾਸ ਹੀ ਬਾਅਦ ਵਿੱਚ ਸਾਡੇ ਮਨ ਵਿੱਚ ਵਿਚਾਰਾਂ ਦੀ ਲੜੀ ਜਗਾਉਂਦਾ ਹੈਜਿਸ ਤਰ੍ਹਾਂ ਦੀ ਤੀਬਰਤਾ ਸਾਡੇ ਮਨ ਵਿੱਚ ਜਾਗੇ ਅਹਿਸਾਸ ਵਿੱਚ ਹੋਵੇਗੀ ਉਸ ਤਰ੍ਹਾਂ ਦੀ ਤੀਖਣਤਾ ਹੀ ਉਸ ਅਹਿਸਾਸ ਤੋਂ ਬਾਹਦ ਸਾਡੇ ਮਨ ਵਿੱਚ ਜਾਗੇ ਵਿਚਾਰਾਂ ਦੀ ਲੜੀ ਵਿੱਚ ਹੋਵੇਗੀਹਾਇਕੂ ਰਾਹੀਂ ਸਾਡੇ ਮਨ ਵਿੱਚ ਜਾਗੇ ਅਹਿਸਾਸ ਦਾ ਸਬੰਧ ਕਿਉਂਕਿ ਸਾਡੇ ਅੰਦਰਲੀ ਸੰਵੇਦਨਸ਼ੀਲਤਾ ਨਾਲ ਹੈ, ਇਸ ਲਈ ਹਾਇਕੂ ਦਾ ਪਾਠਕ ਜਿੰਨਾ ਵਧੇਰੇ ਸੰਵੇਦਨਸ਼ੀਲ ਹੋਵੇਗਾ, ਉਸਦੇ ਮਨ ਉੱਤੇ ਕਿਸੇ ਹਾਇਕੂ ਨੂੰ ਪੜ੍ਹਨ ਤੋਂ ਬਾਅਦ ਪੈਦਾ ਹੋਏ ਅਹਿਸਾਸ ਦੀ ਛਾਪ ਵੀ ਓਨੀ ਹੀ ਗੂੜ੍ਹੀ ਹੋਵੇਗੀਦਵਿੰਦਰ ਪੂਨੀਆ ਰਚਿਤ ਹਾਇਕੂ ਸੰਗ੍ਰਹਿ ਕਣੀਆਂਬਾਰੇ ਚਰਚਾ ਇਸ ਹਾਇਕੂ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:

ਕੰਧ ਤੇ ਪੇਂਟ ਕਰਦਾ ਮਜ਼ਦੂਰ

ਮੋਟੇ ਹੋਣ ਲਈ ਮਿਲੋ

ਮੋਟਾਪਾ ਘਟਾਉਣ ਲਈ ਮਿਲੋ

-----

ਇਹ ਹਾਇਕੂ ਜਿੱਥੇ ਕਿ ਇੱਕ ਪਾਸੇ ਸਾਡੇ ਸਮਿਆਂ ਦੀ ਇੱਕ ਵੱਡੀ ਸਮੱਸਿਆ ਵੱਲ ਸਾਡਾ ਧਿਆਨ ਖਿੱਚਦਾ ਹੈ, ਉੱਥੇ ਹੀ ਇਹ ਹਾਇਕੂ ਸਾਡਾ ਧਿਆਨ ਇੱਕ ਸਦੀਵੀ ਸਚਾਈ ਵੱਲ ਵੀ ਖਿੱਚਦਾ ਹੈਇੱਕ ਸਾਧਾਰਨ ਮਨੁੱਖ ਦੀ ਸਦੀਵੀ ਸਮੱਸਿਆ ਇਹ ਹੈ ਕਿ ਦੋ ਵੇਲੇ ਦੀ ਰੋਟੀ ਦਾ ਪ੍ਰਬੰਧ ਕਿਵੇਂ ਕੀਤਾ ਜਾਵੇਪਰ ਰੱਜੇ-ਪੁੱਜੇ ਮਨੁੱਖਾਂ ਦੀ ਸਮੱਸਿਆ ਇਹ ਹੈ ਕਿ ਨਿੱਤ ਲੋੜ ਨਾਲੋਂ ਵੱਧ ਖਾ ਕੇ ਸਰੀਰ ਉੱਤੇ ਜੋ ਵੱਧੂ ਚਰਬੀ ਚੜ੍ਹਾਈ ਹੋਈ ਹੈ ਉਸਨੂੰ ਕਿਵੇਂ ਘੱਟ ਕੀਤਾ ਜਾਵੇਕਿਉਂਕਿ ਸਰੀਰ ਉੱਤੇ ਵਾਧੂ ਚਰਬੀ ਚੜ੍ਹ ਜਾਣ ਕਾਰਨ ਅਜਿਹੇ ਮਨੁੱਖਾਂ ਨੂੰ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਤੰਗ ਕਰਦੀਆਂ ਹਨਇਸੇ ਤਰ੍ਹਾਂ ਹੀ ਅਜਿਹੇ ਅਨੇਕਾਂ ਰੱਜੇ ਪੁੱਜੇ ਘਰਾਂ ਦੇ ਬੱਚੇ ਹੁੰਦੇ ਹਨ ਜੋ ਕਦੀ ਵੀ ਭੋਜਨ ਨ ਤਾਂ ਸਮੇਂ ਸਿਰ ਹੀ ਖਾਂਦੇ ਹਨ ਅਤੇ ਨ ਹੀ ਖਾਣ ਵੇਲੇ ਹੀ ਇਸ ਗੱਲ ਵੱਲ ਕੋਈ ਧਿਆਨ ਦਿੰਦੇ ਹਨ ਕਿ ਇਸ ਭੋਜਨ ਨਾਲ ਸਰੀਰ ਨੂੰ ਕੋਈ ਲਾਭ ਹੋਵੇਗਾ ਜਾਂ ਨਹੀਂਅਜਿਹੇ ਬੱਚਿਆਂ ਦੇ ਮਾਪੇ ਵੀ ਡਾਕਟਰਾਂ ਕੋਲ ਭੱਜੇ ਰਹਿੰਦੇ ਹਨ ਕਿ ਉਨ੍ਹਾਂ ਦਾ ਬੱਚਾ ਤਾਂ ਮੋਟਾ ਹੁੰਦਾ ਹੀ ਨਹੀਂਉਹ ਜੋ ਮਰਜ਼ੀ ਖਾਹ ਲਵੇ, ਦਿਨ-ਬ-ਦਿਨ ਸੁੱਕ ਕੇ ਕਾਨੇ ਵਰਗਾ ਹੋਈ ਜਾਂਦਾ ਹੈਮੋਟੇ ਜਾਂ ਪਤਲੇ ਹੋਣ ਦਾ ਅਹਿਸਾਸ ਪੈਦਾ ਕਰਨ ਵਿੱਚ ਸਾਡੇ ਮੀਡੀਏ ਅਤੇ ਫਿਲਮਾਂ ਦਾ ਵੀ ਕਾਫੀ ਵੱਡਾ ਯੋਗਦਾਨ ਹੈਟੈਲੀਵੀਜ਼ਨ ਦੀ ਸ਼ਾਇਦ ਹੀ ਕੋਈ ਅਜਿਹੀ ਚੈਨਲ ਹੋਵੇਗੀ ਜਿਸ ਉੱਤੇ ਖ਼ੂਬਸੂਰਤ ਔਰਤਾਂ ਚਿਹਰੇ ਉੱਤੇ ਮੁਸਕਰਾਹਟ ਲਿਆ ਕੇ ਪਤਲੇ ਹੋਣ ਦੀਆਂ ਦਵਾਈਆਂ ਜਾਂ ਪਤਲੇ ਹੋਣ ਲਈ ਕਸਰਤ ਕਰਨ ਦਾ ਸਮਾਨ ਨ ਵੇਚ ਰਹੀਆਂ ਹੋਣ

-----

ਪ੍ਰਦੂਸ਼ਨ ਸਾਡੇ ਸਮਿਆਂ ਦੀ ਸਭ ਤੋਂ ਵੱਧ ਚਿੰਤਾ ਪੈਦਾ ਕਰਨ ਵਾਲੀ ਸਮੱਸਿਆ ਹੈਕਿਉਂਕਿ ਇਸਦਾ ਸਬੰਧ ਨ ਸਿਰਫ਼ ਸਮੁੱਚੀ ਮਨੁੱਖ ਜਾਤੀ ਨਾਲ ਹੀ ਹੈ; ਬਲਕਿ, ਇਸ ਦਾ ਸਬੰਧ ਧਰਤੀ ਦੀ ਹੋਂਦ ਨਾਲ ਵੀ ਜੁੜਿਆ ਹੋਇਆ ਹੈਅਜੋਕੇ ਮਨੁੱਖ ਦੇ ਸੁਭਾਅ ਵਿੱਚ ਇੰਤਹਾ ਲਾਲਚੀਪਨ ਅਤੇ ਖ਼ੁਦਗਰਜ਼ੀ ਆ ਜਾਣ ਕਾਰਨ ਨਾ ਸਿਰਫ਼ ਮਨੁੱਖੀ ਮਾਨਸਿਕਤਾ ਹੀ ਪ੍ਰਦੂਸ਼ਿਤ ਹੋ ਚੁੱਕੀ ਹੈ; ਬਲਕਿ, ਮਨੁੱਖ ਨੇ ਹਵਾ, ਪਾਣੀ ਅਤੇ ਆਪਣੇ ਚੌਗਿਰਦੇ ਨੂੰ ਵੀ ਪੂਰੀ ਤਰ੍ਹਾਂ ਪ੍ਰਦੂਸ਼ਿਤ ਕਰ ਦਿੱਤਾ ਹੈਪ੍ਰਦੂਸ਼ਨ ਦੀ ਸਮੱਸਿਆ ਬਹ-ਦਿਸ਼ਾਵੀ ਹੈ ਅਤੇ ਜ਼ਿੰਦਗੀ ਦੇ ਅਨੇਕਾਂ ਖੇਤਰਾਂ ਨਾਲ ਸਬੰਧਤ ਹੈਦਵਿੰਦਰ ਪੂਨੀਆ ਉਦਯੋਗਿਕ ਖੇਤਰ ਨਾਲ ਜੁੜੀ ਪ੍ਰਦੂਸ਼ਣ ਦੀ ਸਮੱਸਿਆ ਨੂੰ ਆਪਣੇ ਹਾਇਕੂ ਦਾ ਵਿਸ਼ਾ ਕੁਝ ਇਸ ਤਰ੍ਹਾਂ ਬਣਾਉਂਦਾ ਹੈ:

ਪਰਦੂਸ਼ਣ

ਚਿਮਨੀ ਨੇ ਲਿਖਿਆ

ਧੂੰਏ ਨਾਲ਼

------

ਗ਼ੈਰ-ਜ਼ਿੰਮੇਵਾਰ ਉਦਯੋਗਪਤੀਆਂ ਨੇ ਆਪਣੀਆਂ ਫੈਕਟਰੀਆਂ ਦਾ ਕੂੜਾ ਦਰਿਆਵਾਂ ਵਿੱਚ ਸੁੱਟ ਕੇ ਪਾਣੀ ਦੇ ਸੋਮੇ ਜ਼ਹਿਰੀਲੇ ਕਰ ਦਿੱਤੇ ਹਨਅਜਿਹੇ ਭੱਦਰ-ਪੁਰਸ਼ਾਂ ਨੇ ਆਪਣਿਆਂ ਮੁਨਾਫ਼ਿਆਂ ਖ਼ਾਤਰ ਆਪਣੀਆਂ ਫੈਕਟਰੀਆਂ ਦੀਆਂ ਚਿਮਨੀਆਂ ਵਿੱਚੋਂ ਨਿਕਲ ਰਹੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਣ ਵਿੱਚ ਮਿਲਣ ਤੋਂ ਰੋਕਣ ਲਈ ਲੋੜੀਂਦੇ ਪ੍ਰਬੰਧਾਂ ਉੱਤੇ ਪੈਸੇ ਖਰਚਣ ਦੀ ਥਾਂ ਉਹ ਵਾਧੂ ਪੈਸੇ ਆਪਣੀਆਂ ਜੇਬ੍ਹਾਂ ਵਿੱਚ ਹੀ ਪਾ ਲਏ ਅਤੇ ਆਪਣੀਆਂ ਫੈਕਟਰੀਆਂ ਦੀਆਂ ਚਿਮਨੀਆਂ ਨੂੰ ਵਾਤਾਵਰਨ ਵਿੱਚ ਜ਼ਹਿਰੀਲੀਆਂ ਗੈਸਾਂ ਛੱਡਣ ਦੀ ਪੂਰੀ ਆਜ਼ਾਦੀ ਦੇ ਦਿੱਤੀਜ਼ਹਿਰੀਲੇ ਹੋ ਰਹੇ ਹਵਾ / ਪਾਣੀ ਦਾ ਵੀ ਸਭ ਤੋਂ ਵੱਧ ਨੁਕਸਾਨ ਦੱਬੇ-ਕੁਚਲੇ ਅਤੇ ਗਰੀਬ ਲੋਕਾਂ ਨੂੰ ਹੀ ਹੁੰਦਾ ਹੈਕਿਉਂਕਿ ਉਹ ਅਜਿਹੇ ਵਾਤਾਵਰਨ ਵਿੱਚ ਰਹਿਕੇ ਅਨੇਕਾਂ ਤਰ੍ਹਾਂ ਦੀਆਂ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਮੁੜ ਉਨ੍ਹਾਂ ਕੋਲ ਇਨ੍ਹਾਂ ਬਿਮਾਰੀਆਂ ਤੋਂ ਬਚਣ ਲਈ ਮਹਿੰਗੀਆਂ ਦਵਾਈਆਂ ਖ਼ਰੀਦਣ ਲਈ ਪੈਸੇ ਨਹੀਂ ਹੁੰਦੇਪ੍ਰਦੂਸ਼ਨ ਨਾਲ ਹੀ ਸਬੰਧਤ ਅਤੇ ਅਜੋਕੀ ਸਭਿਅਤਾ ਉੱਤੇ ਵਿਅੰਗ ਕਰਦਾ ਦਵਿੰਦਰ ਪੂਨੀਆ ਦਾ ਇੱਕ ਹੋਰ ਖ਼ੂਬਸੂਰਤ ਹਾਇਕੂ ਦੇਖੋ:

ਦਰਿਆ ਕਿਨਾਰੇ

ਬੋਤਲੀ ਜਲ ਪੀਂਦੀ

ਨਵੀਂ ਸਭਿਅਤਾ

-----

ਵਾਤਾਵਰਨ ਪ੍ਰਦੂਸ਼ਨ ਦੀ ਇੱਕ ਹੋਰ ਵੀ ਕਿਸਮ ਹੈਇਹ ਪ੍ਰਦੂਸ਼ਨ ਵੱਖੋ, ਵੱਖ ਧਰਮਾਂ ਵੱਲੋਂ ਫੈਲਾਇਆ ਜਾ ਰਿਹਾ ਹੈਇਸ ਕਿਸਮ ਦਾ ਵਧੇਰੇ ਪ੍ਰਦੂਸ਼ਨ ਸਾਊਥ ਏਸ਼ੀਅਨ ਦੇਸ਼ਾਂ ਜਿਵੇਂ ਕਿ ਇੰਡੀਆ / ਪਾਕਿਸਤਾਨ ਵਿੱਚ ਵਧੇਰੇ ਵੇਖਿਆ ਜਾ ਸਕਦਾ ਹੈਪਿੰਡਾਂ / ਕਸਬਿਆਂ / ਸ਼ਹਿਰਾਂ ਵਿੱਚ ਵੱਖੋ ਵੱਖ ਧਰਮਾਂ ਨੂੰ ਮੰਨਣ ਵਾਲੇ ਅਦਾਰੇ - ਗੁਰਦੁਆਰੇ / ਮੰਦਿਰ / ਗਿਰਜੇ / ਮਸਜਿਦਾਂ ਆਮ ਮਨੁੱਖ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਅੰਮ੍ਰਿਤ ਵੇਲੇ ਹੀ ਲਾਊਡ ਸਪੀਕਰਾਂ ਰਾਹੀਂ ਆਪਣਾ ਸ਼ੋਰ ਪਾਉਣਾ ਸ਼ੁਰੂ ਕਰ ਦਿੰਦੇ ਹਨਰਾਤ ਨੂੰ ਕੰਮਾਂ ਤੋਂ ਥੱਕੇ ਟੁੱਟੇ ਆਏ ਲੋਕ ਜਿਨ੍ਹਾਂ ਨੇ ਦੂਜੇ ਦਿਨ ਫਿਰ ਉਹੋ ਜਿਹੀ ਹੀ ਰੁਝੇਵਿਆਂ ਭਰੀ ਜ਼ਿੰਦਗੀ ਲਈ ਤਿਆਰ ਹੋ ਕੇ ਜਾਣ ਵਾਸਤੇ ਅਜੇ ਕੁਝ ਘੰਟੇ ਹੋਰ ਸੌਣਾ ਹੁੰਦਾ ਹੈ, ਬਿਸਤਰਿਆਂ ਵਿੱਚ ਪਲਸੇਟੇ ਮਾਰਦੇ ਇਨ੍ਹਾਂ ਧਾਰਮਿਕ ਅਦਾਰਿਆਂ ਨੂੰ ਸੌ-ਸੌ ਗਾਲ੍ਹਾਂ ਕੱਢਦੇ ਹਨ; ਪਰ ਉਹ ਇਨ੍ਹਾਂ ਲਾਊਡ ਸਪੀਕਰਾਂ ਨੂੰ ਬੰਦ ਕਰਵਾਉਣ ਲਈ ਕੁਝ ਵੀ ਕਰ ਸਕਣ ਤੋਂ ਅਸਮਰੱਥ ਹੋਣ ਕਰਕੇ ਦੁਖੀ ਹੋ ਕੇ ਰਹਿ ਜਾਂਦੇ ਹਨਸਾਡੀ ਰੌਜ਼ਾਨਾ ਜ਼ਿੰਦਗੀ ਨਾਲ ਜੁੜੇ ਇਸ ਸੰਵੇਦਨਸ਼ੀਲ ਵਿਸ਼ੇ ਨੂੰ ਦਵਿੰਦਰ ਪੂਨੀਆ ਆਪਣੇ ਹਾਇਕੂ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕਰਦਾ ਹੈ:

ਕਿੰਨੇ ਹੀ ਲਾਊਡ ਸਪੀਕਰ

ਆਪੋ ਵਿਚ ਉਲਝਦੇ

ਅੰਮ੍ਰਿਤ ਵੇਲੇ

------

ਧਾਰਮਿਕ ਪ੍ਰਦੂਸ਼ਨ ਹੋਰ ਵੀ ਅਨੇਕਾਂ ਤਰ੍ਹਾਂ ਨਾਲ ਸਾਡੀ ਰੌਜ਼ਾਨਾ ਜ਼ਿੰਦਗੀ ਨੂੰ ਪ੍ਰਭਾਵਿਤ ਕਰਦਾ ਹੈਰਾਜਸੀ ਲਾਭ ਲੈਣ ਲਈ ਰਾਜਨੀਤਿਕ ਪਾਰਟੀਆਂ ਧਾਰਮਿਕ ਜਨੂੰਨ ਉਭਾਰਕੇ ਵੱਖ ਵੱਖ ਧਰਮਾਂ ਦੇ ਲੋਕਾਂ ਵਿੱਚ ਦੰਗੇ ਫਸਾਦ ਕਰਵਾਂਦੀਆਂ ਹਨ; ਕਈ ਹਾਲਤਾਂ ਵਿੱਚ ਇਹ ਦੰਗੇ-ਫਸਾਦ ਕਤਲੋਗਾਰਤ ਅਤੇ ਦਹਿਸ਼ਤਗਰਦੀ ਦੀਆਂ ਵਿਸਫੋਟਕ ਹਾਲਤਾਂ ਦਾ ਵੀ ਰੂਪ ਧਾਰ ਲੈਂਦੇ ਹਨਵਿਸ਼ਵ ਦੇ ਅਨੇਕਾਂ ਹਿੱਸਿਆਂ ਵਿੱਚ ਫੈਲ ਰਹੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਵੱਲੋਂ ਕੀਤੀਆਂ ਜਾ ਰਹੀਆਂ ਅਜਿਹੀਆਂ ਕਾਰਵਾਈਆਂ ਬਾਰੇ ਖਬਰਾਂ ਅਸੀਂ ਹਰ ਰੋਜ਼ ਹੀ ਟੈਲੀਵੀਜ਼ਨ ਦੇ ਸਕਰੀਨਾਂ ਰਾਹੀਂ ਵੇਖਦੇ ਹਾਂ ਜਾਂ ਮੈਗਜ਼ੀਨਾਂ, ਅਖ਼ਬਾਰਾਂ ਵਿੱਚ ਪੜ੍ਹਦੇ ਹਾਂਅਜਿਹੇ ਕਾਤਲਾਂ ਦੇ ਟੋਲੇ ਆਪਣੀਆਂ ਮਸ਼ੀਨਗੰਨਾਂ ਦੀਆਂ ਨਾਲੀਆਂ ਚੋਂ ਆ ਰਹੀ ਗੋਲੀਆਂ ਦੀ ਅੰਧਾ-ਧੁੰਦ ਬਰਖਾ ਸੜਕਾਂ, ਚੌਰਸਤਿਆਂ, ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ, ਸ਼ਾਪਿੰਗ ਪਲਾਜ਼ਿਆਂ ਜਾਂ ਧਾਰਮਿਕ ਅਸਥਾਨਾਂ ਵਿੱਚ, ਬਿਨ੍ਹਾਂ ਕਿਸੀ ਡਰ ਦੇ, ਕਰ ਸਕਦੇ ਹਨਇੰਨਾ ਹੀ ਨਹੀਂ ਉਹ ਤਾਂ ਅੱਲ੍ਹਾ-ਹੂ-ਅਕਬਰ, ਜੀਸਸ ਕਰਾਈਸਟ, ਰਾਮ, ਰਾਮ ਜਾਂ ਸਤਿਨਾਮ, ਸਤਿਨਾਮ ਕਰਦੇ ਹੋਏ ਆਪਣੇ ਲੱਕ ਨਾਲ ਬੰਬ ਬੰਨ੍ਹਕੇ ਕਿਸੇ ਹਵਾਈ ਅੱਡੇ, ਬੱਸ ਅੱਡੇ ਜਾਂ ਹਸਪਤਾਲ ਵਿੱਚ ਵੀ ਬੰਬ ਵਿਸਫੋਟ ਕਰਕੇ ਸੈਂਕੜੇ ਲੋਕਾਂ ਨੂੰ ਪਲਾਂ ਛਿਣਾਂ ਵਿੱਚ ਹੀ ਮਿੱਟੀ ਦਾ ਢੇਰ ਬਣਾ ਸਕਦੇ ਹਨਅਜਿਹੇ ਖ਼ੌਫ਼ ਭਰੇ ਹਾਲਾਤ ਦਾ ਸਿੱਧਾ ਅਸਰ ਸਮਾਜ ਦੇ ਉਨ੍ਹਾਂ ਗ਼ਰੀਬ ਮਜ਼ਦੂਰਾਂ ਉੱਤੇ ਹੀ ਹੁੰਦਾ ਹੈਕਿਉਂਕਿ ਸ਼ਹਿਰ ਵਿੱਚ ਗੜਬੜ ਵਾਲੇ ਹਾਲਾਤ ਪੈਦਾ ਹੋ ਜਾਣ ਕਾਰਨ ਉਦਯੋਗ ਬੰਦ ਹੋ ਜਾਂਦੇ ਹਨ ਅਤੇ ਮਜ਼ਦੂਰਾਂ ਨੂੰ ਚੁੱਪ ਚਾਪ ਘਰਾਂ ਦੀ ਚਾਰ ਦੀਵਾਰੀ ਵਿੱਚ ਹੀ ਕੈਦ ਹੋ ਕੇ ਬੈਠਣਾ ਪੈਂਦਾ ਹੈ - ਕੰਮ ਨਹੀਂ ਤਾਂ ਇਸ ਦਾ ਸਿੱਧਾ ਅਰਥ ਹੈ -ਪੈਸੇ ਵੀ ਨਹੀਂਇਸ ਗੱਲ ਵੱਲ ਹੀ ਦਵਿੰਦਰ ਪੂਨੀਆ ਵੀ ਆਪਣੇ ਇਸ ਹਾਇਕੂ ਰਾਹੀਂ ਇਸ਼ਾਰਾ ਕਰ ਰਿਹਾ ਹੈ:

ਮਜ਼ਦੂਰ ਦੀ ਪਲੇਟ

ਦੰਗਿਆਂ ਦੀਆਂ ਫੋਟੋਆਂ ਨਾਲ਼

ਭਰੀ ਅਖ਼ਬਾਰ

-----

ਪ੍ਰਦੂਸ਼ਨ ਬਾਰੇ ਗੱਲ ਕਰਦਿਆਂ ਉਦੋਂ ਤੱਕ ਗੱਲ ਅਧੂਰੀ ਹੀ ਰਹੇਗੀ ਜਦੋਂ ਤੱਕ ਰਾਜਨੀਤਿਕ ਪ੍ਰਦੂਸ਼ਨ ਬਾਰੇ ਗੱਲ ਨਹੀਂ ਕੀਤੀ ਜਾਂਦੀਭਾਵੇਂ ਕਿ ਪੱਛਮੀ ਮੁਲਕਾਂ ਵਿੱਚ ਵੀ ਰਾਜਨੀਤੀ ਭ੍ਰਿਸ਼ਟਾਚਾਰ ਤੋਂ ਮੁਕਤ ਨਹੀਂ ਕਹੀ ਜਾ ਸਕਦੀਹਰ ਰੋਜ਼ ਕਿਸੀ ਨ ਕਿਸੀ ਦੇਸ਼ ਦਾ ਕੋਈ ਰਾਜਨੀਤਿਕ ਸਕੈਂਡਲ ਮੀਡੀਆ ਦੀਆਂ ਸੁਰਖੀਆਂ ਬਣਿਆ ਹੁੰਦਾ ਹੈਕੈਨੇਡਾ ਦੀ ਰਾਜਨੀਤੀ ਵਿੱਚ ਵੀ ਅਨੇਕਾਂ ਤਰ੍ਹਾਂ ਦੇ ਸਕੈਂਡਲ ਪਿਛਲੇ ਕੁਝ ਸਾਲਾਂ ਵਿੱਚ ਚਰਚਾ ਦਾ ਵਿਸ਼ਾ ਬਣਦੇ ਰਹੇ ਹਨਇੱਥੋਂ ਤੱਕ ਕਿ ਅਨੇਕਾਂ ਵਾਰ ਕੈਨੇਡਾ, ਇੰਗਲੈਂਡ ਅਤੇ ਅਮਰੀਕਾ ਵਿੱਚ ਮੰਤਰੀਆਂ ਜਾਂ ਗਵਰਨਰਾਂ ਨੂੰ ਅਸਤੀਫੇ ਦੇਣੇ ਪੈਂਦੇ ਰਹੇ ਹਨਪਰ ਇੰਡੀਆ / ਪਾਕਿਸਤਾਨ ਵਰਗੇ ਦੇਸ਼ਾਂ ਵਿੱਚ ਰਾਜਨੀਤਿਕ ਪ੍ਰਦੂਸ਼ਣ ਦਾ ਸੁਭਾਅ ਕੁਝ ਵੱਖਰੀ ਤਰ੍ਹਾਂ ਦਾ ਹੀ ਹੈਉੱਥੇ ਸਾਧਾਰਨ ਵੋਟਰ ਤੋਂ ਵੋਟਾਂ ਲੈਣ ਲਈ ਰਾਜਨੀਤਿਕ ਉਮੀਦਵਾਰਾਂ ਵੱਲੋਂ ਪੈਸਾ ਵੰਡਿਆ ਜਾਂਦਾ ਹੈ ਜਾਂ ਸ਼ਰਾਬ, ਅਫੀਮ, ਕਰੈਕ, ਕੁਕੈਨ ਆਦਿ ਨਸ਼ੇ ਵੰਡੇ ਜਾਂਦੇ ਹਨਇਹੀ ਕਾਰਨ ਹੈ ਕਿ ਇੱਕ ਅੰਦਾਜ਼ੇ ਮੁਤਾਬਿਕ ਇੰਡੀਆ / ਪਾਕਿਸਤਾਨ ਦੀ ਪਾਰਲੀਮੈਂਟ ਵਿੱਚ ਜਾਂ ਪ੍ਰਾਂਤਕ ਅਸੈਂਬਲੀਆਂ ਵਿੱਚ 70% ਤੋਂ ਵੱਧ ਲੋਕ ਜਿਹੜੇ ਲੋਕਾਂ ਵੱਲੋਂ ਮੈਂਬਰ ਚੁਣ ਕੇ ਭੇਜੇ ਜਾਂਦੇ ਹਨ ਉਹ ਕਾਤਲ, ਡਰੱਗ ਸਮੱਗਲਰ, ਸੈਕਸ ਟਰੇਡਰ, ਬਲਾਤਕਾਰੀ ਜਾਂ ਦੱਲੇ ਹੁੰਦੇ ਹਨਭਾਵੇਂ ਕਿ ਬੜੇ ਗਿਣਵੇਂ ਮਿਣਵੇਂ ਸ਼ਬਦਾਂ ਰਾਹੀਂ ਹੀ, ਪਰ ਫਿਰ ਵੀ ਦਵਿੰਦਰ ਪੂਨੀਆ ਇਨ੍ਹਾਂ ਮੁਲਕਾਂ ਵਿਚਲੇ ਰਾਜਨੀਤਿਕ ਪ੍ਰਦੂਸ਼ਨ ਵੱਲ ਹੀ ਇਸ ਹਾਇਕੂ ਰਾਹੀਂ ਸੰਕੇਤ ਦੇ ਰਿਹਾ ਹੈ:

ਨੋਟ ਵੋਟ

ਉਲਟ ਪੁਲਟ

ਰੰਗ ਭੰਗ

-----

ਅਜਿਹੇ ਹਰ ਰੰਗ ਦੇ ਪ੍ਰਦੂਸ਼ਨ ਦੀ ਰੋਕਥਾਮ ਕਰਨ ਲਈ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਅਸੀਂ ਰਾਜਨੀਤੀਵਾਨਾਂ ਦੇ ਨਿਤ ਭਾਸ਼ਣ ਸੁਣਦੇ ਹਾਂ; ਪਰ ਸਥਿਤੀ ਓਵੇਂ ਦੀ ਓਵੇਂ ਹੀ ਬਣੀ ਰਹਿੰਦੀ ਹੈਕਿਉਂਕਿ ਬਹੁਤੇ ਰਾਜਨੀਤੀਵਾਨ, ਮਹਿਜ਼, ਲੋਕਾਂ ਨੂੰ ਖ਼ੁਸ਼ ਕਰਨ ਲਈ ਅਤੇ ਉਨ੍ਹਾਂ ਦਾ ਧਿਆਨ ਕੁਝ ਸਮੇਂ ਲਈ ਅਜਿਹੀਆਂ ਸਮੱਸਿਆਵਾਂ ਤੋਂ ਹਟਾਉਂਣ ਲਈ ਵੱਡੇ ਵੱਡੇ ਬਿਆਨ ਦੇ ਦਿੰਦੇ ਹਨਪਰ ਉਨ੍ਹਾਂ ਬਿਆਨਾਂ ਉੱਤੇ ਅਮਲ ਕਰਨ ਲਈ ਨਾ ਤਾਂ ਉਹ ਆਪ ਹੀ ਗੰਭੀਰ ਹੁੰਦੇ ਹਨ ਅਤੇ ਨਾ ਹੀ ਉਹ ਕਿਸੇ ਸਬੰਧਤ ਵਿਭਾਗ ਨੂੰ ਹੀ ਇਸ ਬਾਰੇ ਕੋਈ ਹਦਾਇਤਾਂ ਹੀ ਭੇਜਦੇ ਹਨਕਿਉਂਕਿ ਸਮਾਜ ਨੂੰ ਅਜਿਹੇ ਪ੍ਰਦੂਸ਼ਨ ਤੋਂ ਰਹਿਤ ਕਰਨ ਨਾਲ ਭ੍ਰਿਸ਼ਟ ਹੋ ਚੁੱਕੇ ਰਾਜਨੀਤੀਵਾਨਾਂ ਨੂੰ ਹੀ ਨੁਕਸਾਨ ਹੋਣਾ ਹੁੰਦਾ ਹੈਕਿਉਂਕਿ ਉਨ੍ਹਾਂ ਨੂੰ ਇਸ ਹਕੀਕਤ ਦਾ ਚੰਗੀ ਤਰ੍ਹਾਂ ਅਹਿਸਾਸ ਹੁੰਦਾ ਹੈ ਕਿ ਜੇਕਰ ਉਨ੍ਹਾਂ ਨੇ ਵੋਟਾਂ ਪ੍ਰਾਪਤ ਕਰਨ ਦੇ ਨਜਾਇਜ਼ ਢੰਗਾਂ ਦੀ ਵਰਤੋਂ ਨਾ ਕੀਤੀ ਤਾਂ ਉਨ੍ਹਾਂ ਨੂੰ ਵੋਟਾਂ ਦਾ ਘਾਟਾ ਪਵੇਗਾਕਿਉਂਕਿ ਉਨ੍ਹਾਂ ਨੇ ਨਜ਼ਾਇਜ਼ ਢੰਗ ਵਰਤਕੇ ਹੀ ਵੋਟਾਂ ਲੈਣ ਲਈ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਨਾ ਹੁੰਦਾ ਹੈ ਜਿਨ੍ਹਾਂ ਦੀ ਰਾਜਨੀਤਿਕ ਸੋਚ ਅਜੇ ਵਿਕਸਿਤ ਨਹੀਂ ਹੁੰਦੀਕਿਉਂਕਿ ਵਿਕਸਤ ਹੋਈ ਰਾਜਨੀਤਿਕ ਸੋਚ ਵਾਲੇ ਲੋਕਾਂ ਨੇ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਵੋਟ ਪਾਉਣੀ ਨਹੀਂ ਹੁੰਦੀਅਜਿਹੇ ਮੁਖੌਟਾਧਾਰੀ ਰਾਜਨੀਤੀਵਾਨਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੇ ਅਸਲੀ ਇਰਾਦਿਆਂ ਬਾਰੇ ਇਹ ਹਾਇਕੂ ਬਹੁਤ ਹੀ ਵਧੀਆ ਜਾਣਕਾਰੀ ਦਿੰਦਾ ਹੈ:

ਰੋਜ਼ ਸਿਰ ਵਾਹੁੰਦੇ

ਗੁਲਝਾਂ ਸੁਲਝਾਉਂਦੇ ਅਸੀਂ

ਸਿਰਫ਼ ਸਿਰ ਦੇ ਉਪਰੋਂ

-----

ਬਹੁ-ਦਿਸ਼ਾਵੀ ਪ੍ਰਦੂਸ਼ਨ ਸਮੱਸਿਆ ਨੂੰ ਆਪਣੇ ਹਾਇਕੂ ਸੰਗ੍ਰਹਿ ਕਣੀਆਂਦਾ ਵਿਸ਼ਾ ਬਣਾਉਂਣ ਦੇ ਨਾਲ ਨਾਲ ਦਵਿੰਦਰ ਪੂਨੀਆ ਨੇ ਅਨੇਕਾਂ ਹੋਰ ਵਿਸ਼ਿਆਂ ਬਾਰੇ ਵੀ ਖ਼ੂਬਸੂਰਤ ਹਾਇਕੂ ਲਿਖੇ ਹਨਜਿਵੇਂ ਉਹ ਇਸ ਹਾਇਕੂ ਵਿੱਚ ਸਮਾਜ ਵਿੱਚ ਨਿਤ ਅਮੀਰ-ਗਰੀਬ ਦੇ ਵੱਧ ਰਹੇ ਫਾਸਲੇ ਨੂੰ ਵੀ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ:

ਫਲ਼ਾਂ ਵਾਲੇ ਤੋਂ

ਸਿਰਫ ਕੀਮਤ ਪੁੱਛ ਕੇ ਲੰਘ ਗਿਆ

ਰੋਜ਼ ਵਾਂਗ ਮਜ਼ਦੂਰ

ਗਰੀਬ ਅਤੇ ਅਮੀਰ ਵਿੱਚ ਅਜਿਹਾ ਫਾਸਲਾ ਇੰਡੀਆ / ਪਾਕਿਸਤਾਨ ਵਰਗੇ ਮੁਲਕਾਂ ਵਿੱਚ ਵਧੇਰੇ ਹੈ

-----

ਦਵਿੰਦਰ ਪੂਨੀਆ ਰਚਿਤ ਹਾਇਕੂ ਸੰਗ੍ਰਹਿ ਕਣੀਆਂਬਾਰੇ ਆਪਣੀ ਗੱਲ ਖ਼ਤਮ ਕਰਨ ਤੋਂ ਪਹਿਲਾਂ, ਮੈਂ ਕਣੀਆਂ ਹਾਇਕੂ ਸੰਗ੍ਰਹਿ ਵਿੱਚੋਂ ਕੁਝ ਹੋਰ ਖ਼ੂਬਸੂਰਤ ਉਦਾਹਰਣਾਂ ਪੇਸ਼ ਕਰਨੀਆਂ ਚਾਹਾਂਗਾਜਿਨ੍ਹਾਂ ਨੂੰ ਪੜ੍ਹਨ ਤੋਂ ਬਾਅਦ ਬਿਲਕੁਲ ਅਜਿਹਾ ਹੀ ਅਹਿਸਾਸ ਹੁੰਦਾ ਹੈ ਜਿਵੇਂ ਗਰਮੀ ਦੀ ਰੁੱਤ ਵਿੱਚ ਅਚਾਨਕ ਜਿਸਮ ਨਾਲ ਠੰਢੀ ਹਵਾ ਦਾ ਬੁੱਲਾ ਛੂਹ ਜਾਣ ਤੋਂ ਬਾਅਦ ਅਸੀਂ ਮਹਿਸੂਸ ਕਰਦੇ ਹਾਂ:

1.ਲੂ ਵਗੇ

ਕੁਲਫ਼ੀ ਵਾਲ਼ੇ ਦੀ ਡੱਗ ਡੱਗ

ਠੰਢੀ ਠੰਢੀ

----

2.ਸੁਣਦਾ ਨਹੀਂ

ਦਿਖਦਾ ਰਾਤ ਨੂੰ

ਜੁਗਨੂੰ ਦਾ ਗੀਤ

----

3.ਨਾਲ਼ੋ ਨਾਲ਼ ਉੱਗੇ

ਖਰਬੂਜੇ ਅਤੇ ਕਰੇਲੇ

ਸਵਾਦ ਆਪੋ-ਆਪਣਾ

----

4.ਵਕਤ ਦੀ ਪਾਬੰਦ

ਬਹਾਰ ਵੀ

ਖ਼ਿਜ਼ਾਂ ਵੀ

-----

5.ਕੁਦਰਤ

ਹੱਸੇ ਜਾਂ ਰੋਵੇ

ਨਜ਼ਰ ਆਵੇ

-----

6.ਸੋਚਣਾ ਭੁੱਲ ਜਾਂਦਾ

ਕਿਸੇ ਫੁੱਲ ਦੇ

ਖ਼ੁਸ਼ਬੂ ਖੇਤਰ ਚੋਂ ਲੰਘਦਿਆਂ

-----

ਕਣੀਆਂਹਾਇਕੂ ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ ਦਵਿੰਦਰ ਪੂਨੀਆ ਉਨ੍ਹਾਂ ਚੇਤੰਨ ਕਵੀਆਂ ਦੀ ਢਾਣੀ ਵਿੱਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਨੇ ਬੜੀ ਸਫ਼ਲਤਾ ਨਾਲ ਜਪਾਨੀ ਕਾਵਿ ਰੂਪ ਹਾਇਕੂ ਦਾ ਪੰਜਾਬੀ ਰੂਪਾਂਤਰਨ ਕਰਦਿਆਂ ਖ਼ੂਬਸੂਰਤ ਹਾਇਕੂ ਲਿਖ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਵਿੱਚ ਵੀ ਖ਼ੂਬਸੂਰਤ ਹਾਇਕੂ ਲਿਖੇ ਜਾ ਸਕਦੇ ਹਨਇਹ ਹਾਇਕੂ ਸੰਗ੍ਰਹਿ ਪੜ੍ਹਦਿਆਂ, ਨਿਰਸੰਦੇਹ, ਮੈਂ ਵੀ ਕੁਝ ਇਸ ਤਰ੍ਹਾਂ ਹੀ ਅਨੁਭਵ ਕਰ ਰਿਹਾ ਸੀ

********




Sunday, October 4, 2009

ਕੇਹਰ ਸ਼ਰੀਫ਼ - ਸਮੇਂ ਨਾਲ਼ ਸੰਵਾਦ

ਲੇਖ-ਸੰਗ੍ਰਹਿ: ਸਮੇਂ ਨਾਲ਼ ਸੰਵਾਦ

ਲੇਖਕ: ਕੇਹਰ ਸ਼ਰੀਫ਼ (ਜਰਮਨੀ)

ਸਰਵਰਕ: ਦੇਵ

ਪ੍ਰਕਾਸ਼ਨ ਵਰ੍ਹਾ: 2008

ਕੁੱਲ ਸਫ਼ੇ - 239

ਪ੍ਰਕਾਸ਼ਨ: ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ

ਮੁੱਲ: ਸਜਿਲਦ 300 ਰੁਪਏ

ਮੁੱਖ-ਬੰਦ: ਕੇਹਰ ਸ਼ਰੀਫ਼ (ਜਰਮਨੀ)

********

ਮੇਰੀ ਸਿਰਜਣਾ ਦੇ ਪਲਾਂ ਦਾ ਪਿਛੋਕੜ - ਕੇਹਰ ਸ਼ਰੀਫ਼

( ਮੁੱਖ-ਬੰਦ)

ਕਿਸੇ ਵੀ ਖ਼ਿਆਲ ਦੀ ਸਿਰਜਣਾ/ਉਤਪਤੀ ਆਮ ਕਰਕੇ ਅਚੇਤ ਮਨ ਦੀ ਬੁਨਿਆਦ ਉੱਤੇ ਹੀ ਉਸਰਦੀ ਹੈ ਅਤੇ ਸਮੇਂ ਦੇ ਨਾਲ਼ ਨਾਲ਼ ਤੁਰਦਿਆਂ ਸੁਚੇਤ ਹੋਣ ਤੱਕ ਦਾ ਸਫ਼ਰ ਤੈਅ ਕਰਦੀ ਹੈਕੋਈ ਸੁਪਨਾ/ਸੋਚ ਯਥਾਰਥਕ ਰੂਪ ਵਟਾਉਂਣ ਲਈ ਰਵਾਨਗੀ ਦੇ ਰਾਹੇ ਪੈ ਅੱਗੇ ਵਧਦਿਆਂ ਕਦਮਾਂ ਨੂੰ ਮੰਜ਼ਿਲ ਵੱਲ ਤੁਰਨ ਵਾਸਤੇ ਪ੍ਰੇਰਤ ਕਰਦਾ ਹੈਇੱਥੋਂ ਹੀ ਇਨ੍ਹਾਂ ਰਾਹਾਂ ਤੇ ਗੁਜ਼ਰਦਿਆਂ ਜ਼ਿੰਦਗੀ ਨਾਲ਼ ਜੁੜਦੀਆਂ ਤੰਦਾਂ ਉਲ਼ਝਣਾਂ ਦੇ ਬਾਵਜੂਦ ਸੁਲ਼ਝਣਾਂ ਸਿੱਖਦੀਆਂ ਹਨਸੋਚ, ਸੂਝ ਤੇ ਵਿਚਾਰ ਆਪਣੀ ਧਰਾਤਲ ਤੇ ਵਿਚਰਦਿਆਂ ਜੜ੍ਹਾਂ ਫੜਨ ਲੱਗਦੇ ਹਨ, ਫੇਰ ਇਹੋ ਜੜ੍ਹਾਂ ਨਵੀਆਂ ਤੰਦਾਂ ਬਣਕੇ ਮੌਲਣ ਤੋ ਬਾਅਦ ਵਧਣ-ਫੁਲਣ ਲੱਗਦੀਆਂ ਹਨਸੋਚ ਨੂੰ ਤਰਕ ਟੁੰਬਣ ਲੱਗਦਾ ਹੈਦੁਨਿਆਵੀ ਗਿਆਨ ਦੀ ਸੋਝੀ ਹੋਣ ਤੇ ਪਸਰਨ ਲੱਗਦੀ ਹੈਅੰਦਰਲੀ ਸੋਚ ਦਲੀਲ ਦਾ ਪੱਲਾ ਫੜਦੀ ਹੈ ਤਾਂ ਬੌਧਿਕਤਾ ਦੇ ਵਿਹੜੇ ਪੈਰ ਧਰਨ ਵਰਗਾ ਅਹਿਸਾਸ ਜਨਮ ਲੈਂਦਾ ਹੈਹੋਂਦ ਦਾ ਹੋਣਾ ਤੇ ਸੁਚੇਤ ਹੋ ਕੇ ਮਹਿਸੂਸਿਆ ਜਾਣਾ ਬਹੁਤ ਜ਼ਰੂਰੀ ਹੁੰਦਾ ਹੈਹੋਂਦ ਮਨੁੱਖੀ ਹੋਵੇ ਜਾਂ ਪਦਾਰਥਕ ਇਹਨੂੰ ਸਵੀਕਾਰਨ ਤੇ ਸਾਕਾਰਨ ਦੀ ਕਾਰਜ ਵਿਧੀ ਜ਼ਿੰਦਗੀ ਪ੍ਰਤੀ ਮੋਹ ਪੈਦਾ ਕਰਨ ਅਤੇ ਉਸਦੇ ਪਸਾਰ ਵਿਚ ਸਹਾਈ ਹੋਣ ਵਾਲ਼ੀ ਹੋਣੀ ਚਾਹੀਦੀ ਹੈਇਸ ਨਾਲ਼ ਆਪਣੇ ਪ੍ਰਤੀ ਭਰੋਸੇ ਯੋਗਤਾ ਵਧਦੀ ਹੈਨਿਰੇ ਖ਼ਿਆਲੀ ਪਲਾਉ ਤਾਂ ਮਨੁੱਖ ਦੀ ਸੋਚ ਦੁਆਲੇ ਭਰਮ ਦਾ ਧੁੰਦ ਜਾਲ਼ ਬਣਕੇ ਖੁਦ ਮਨੁੱਖ ਨੂੰ ਹੀ ਭੰਬਲ਼ਭੂਸਾ ਬਣਾ ਛਡਦੇ ਹਨਜਿਸ ਕਰਕੇ ਮਨੁੱਖ ਕਈ ਵਾਰ ਆਪਣੀ ਸੂਝ ਸਿਆਣਪ ਨੂੰ ਵੀ ਊਣਾ ਕਰਕੇ ਆਂਕਦਾ ਹੈਸਿੱਟੇ ਵਜੋ ਉਹ ਛੰਨੇ ਦੇ ਪਾਣੀ ਵਾਂਗ ਡੋਲ੍ਹਦਾ ਹੈਇਸ ਤਰ੍ਹਾਂ ਸੋਚਣ/ਕਰਨ ਨਾਲ਼ ਉਸਦੇ ਅੰਦਰਲੇ ਸਵੈ-ਵਿਸ਼ਵਾਸੀ ਤੱਤ ਖੁਰਨ-ਭੁਰਨ ਦੇ ਰਾਹੇ ਪੈ ਸਕਦੇ ਹਨਜਦੋਂ ਕਿ ਸੁਚੇਤ ਹੋ ਕੇ ਭਵਿੱਖ ਮੁਖੀ, ਭਰਪੂਰ ਜ਼ਿੰਦਗੀ ਜੀਊਣ ਵਾਸਤੇ ਮਨੁੱਖ ਅੰਦਰ ਸਵੈ-ਵਿਸ਼ਵਾਸ ਦਾ ਹੋਣਾ ਬਹੁਤ ਜ਼ਰੂਰੀ ਹੈ, ਸਗੋ ਇਸਨੂੰ ਚੰਗੀ ਜ਼ਿੰਦਗੀ ਜੀਉਣ ਦੇ ਢੰਗ ਦਾ ਬੁਨਿਆਦੀ ਤੱਤ ਗਿਣਿਆ ਜਾਣਾ ਚਾਹੀਦਾ ਹੈ

-----

ਸੂਝ ਸਮਝ ਕਿਵੇਂ ਪਣਪਦੀ ਹੈਇਸਦੇ ਸ੍ਰੋਤ ਕੋਈ ਪੈਦਾ ਨਹੀਂ ਕਰਦਾ ਇਹ ਤਾਂ ਸਮਾਜਕ, ਆਰਥਕ ਸਥਿਤੀਆਂ ਅਤੇ ਕੁਦਰਤੀ ਵਰਤਾਰੇ ਹੀ ਹਨ ਜੋ ਮਨੁੱਖ ਨੂੰ ਪ੍ਰਭਾਵਿਤ ਕਰਦੇ ਹਨਬਸ! ਮਨੁੱਖ ਕੋਲ ਹੋਣੀਆਂ ਚਾਹੀਦੀਆਂ ਹਨ ਖੁੱਲ੍ਹੀਆਂ ਤੇ ਪਾਰਖੂ ਅੱਖਾਂ, ਤਰਕ ਪੂਰਨ, ਦਲੀਲ ਭਰਪੂਰ ਤੇ ਵਿਗਿਆਨਕ ਸੋਚ ਜੋ ਇਨ੍ਹਾਂ ਵਰਤਾਰਿਆਂ ਨੂੰ ਨੀਝ ਨਾਲ਼ ਤੱਕਣ ਤੇ ਪਰਖਣ ਦੀ ਆਸ ਭਰਪੂਰ ਰੀਝ ਅਤੇ ਸੂਝ ਰੱਖਦੀਆਂ ਹੋਣ

ਬਾਲ-ਵਰੇਸ ਤੋਂ ਦੂਰ ਹੁੰਦਿਆਂ ਵੀ ਚੇਤਿਆਂ ਦੀ ਸਲੇਟ ਤੇ ਉੱਕਰੀਆਂ ਘਟਨਾਵਾਂ ਨਹੀਂ ਮਿਟਦੀਆਂ, ਸਗੋਂ ਇਹ ਹੀ ਘਟਨਾਵਾਂ ਕਿਸੇ ਹੋਰ ਰੰਗ, ਕਿਸੇ ਹੋਰ ਰੂਪ ਵਿਚ ਪ੍ਰਗਟ ਹੋ ਜਾਂਦੀਆਂ ਹਨਇਥੇ ਇਹ ਫੇਰ ਮਨੁੱਖ ਤੇ ਹੀ ਨਿਰਭਰ ਕਰਦਾ ਹੈ ਕਿ ਉਸਦੀ ਰੁਚੀ ਕਿੱਧਰ ਹੈਜਿਸ ਕਿਸੇ ਪਾਸੇ ਵੀ ਝੁਕਾਅ ਵਧ ਜਾਵੇ ਤਾਂ ਫੇਰ ਮਨੁੱਖ ਉਥੋਂ ਹੀ ਲੀਹ ਫੜਨ ਦੀ ਸੋਚਦਾ ਹੈਕੋਈ ਮੌਕੇ ਸਿਰ ਲੀਹ ਫੜ ਲੈਂਦਾ ਹੈ ਬਹੁਤ ਸਾਰੇ ਖੁੰਝ ਵੀ ਜਾਂਦੇ ਹਨਖੁੰਝ ਗਈ ਤਾਂ ਗੱਡੀ ਫੜਨੀ ਔਖੀ ਹੋ ਜਾਂਦੀ ਹੈ-ਵਕਤ ਤਾਂ ਕਿੱਥੋਂ ਹੱਥ ਆਉਣਾ ਹੋਇਆ

-----

ਵਰਤਮਾਨ ਦੇ ਵਿਹੜੇ ਬੈਠ ਜਦੋਂ ਬੀਤੇ ਕੱਲ੍ਹ ਵਲ ਨਿਗਾਹ ਜਾਂਦੀ ਹੈ ਤਾਂ ਬਾਲ-ਵਰੇਸ ਦੇ ਪੰਜ ਦਹਾਕੇ ਤੋਂ ਵੀ ਵੱਧ ਪੁਰਾਣੇ ਚੇਤਿਆਂ ਵਿਚ ਅਟਕੇ ਬਚਪਨ ਦੇ ਉਹ ਪਲ ਚੇਤੇ ਆਉਂਦੇ ਹਨ ਜਦੋਂ ਛੋਟੇ ਹੁੰਦਿਆਂ ਮਾਂ ਨਾਲ਼ ਕਿਸੇ ਰਿਸ਼ਤੇਦਾਰ ਦੇ ਵਿਆਹ ਤੇ ਜਾਣਾ ਸੀਜਿੱਥੇ ਜਾਣਾ ਸੀ ਉਹ ਪਿੰਡ ਭਾਵੇਂ ਬਹੁਤ ਦੂਰ ਨਹੀਂ ਸੀ, ਪਰ ਅੱਜ ਵਾਂਗ ਨੇੜੇ ਵੀ ਨਹੀਂ ਸੀ ਕਿਉਂਕਿ ਪੈਰੀਂ ਤੁਰਕੇ ਹੀ ਜਾਣਾ ਪੈਣਾ ਸੀਮੌਸਮ ਬਰਸਾਤ ਦੇ ਸ਼ੁਰੂ ਦੇ ਦਿਨ ਸਨਘਰੋਂ ਤੁਰ ਕੇ ਅਜੇ ਥੋੜ੍ਹੀ ਹੀ ਦੂਰ ਗਏ ਸੀ ਕਿ ਮੱਠੀ-ਮੱਠੀ ਬਾਰਸ਼ ਸ਼ੁਰੂ ਹੋ ਗਈ ਅਤੇ ਫੇਰ ਪਲੋ-ਪਲ ਤੇਜ਼ ਹੁੰਦੀ ਗਈਘਰੋਂ ਫਾਟਾਂ ਵਾਲ਼ਾ ਪਜਾਮਾ ਤੇ ਡੱਬੀਆਂ ਵਾਲ਼ਾ ਕਮੀਜ਼ ਪਾ ਕੇ ਤੁਰਿਆ ਸਾਂਗ਼ਰੀਬ ਘਰਾਂ ਦੇ ਬੱਚਿਆਂ ਵਾਸਤੇ ਉਦੋਂ ਨਵੇਂ ਕੱਪੜੇ ਵੀ ਕਿਸੇ ਵਿਆਹ-ਸ਼ਾਦੀ ਦੇ ਮੌਕੇ ਜਾਂ ਵਾਂਢੇ ਜਾਣ ਦੇ ਸਬੱਬ ਨਾਲ਼ ਹੀ ਮਿਲ਼ਦੇ/ਬਣਦੇ ਸਨਬਰਸਾਤ ਦੀਆਂ ਪਹਿਲੀਆਂ ਬਾਰਸ਼ਾਂ ਵੀ ਬੱਚਿਆਂ ਵਾਸਤੇ ਵੱਡੇ ਅਨੰਦ ਦਾ ਸਾਧਨ ਹੁੰਦੀਆਂ ਸਨਗਰਮੀ ਕਾਰਨ ਪਿੰਡੇ ਉੱਗ ਆਈ ਪਿੱਤ ਮਾਰਨ ਦਾ ਸਭ ਤੋਂ ਵਧੀਆ ਤਰੀਕਾਕੱਛੇ ਤੋਂ ਬਿਨ੍ਹਾਂ ਸਾਰੇ ਕੱਪੜੇ ਖੋਲ੍ਹ ਕੇ ਬਾਰਸ਼ ਵਿਚ ਘੁੰਮਣਾ ਹੀ ਹੁੰਦਾ ਸੀਮਾਪੇ ਵੀ ਬਹੁਤਾ ਨਹੀਂ ਸਨ ਟੋਕਦੇ ਕਿ ਬਾਰਸ਼ ਵਿਚ ਕੀ ਕਰਦੈਂ? ਸਭ ਨੂੰ ਪਤਾ ਹੀ ਹੁੰਦਾ ਸੀ ਕਿ ਪਿੱਤ ਦਾ ਇਲਾਜ ਹੋ ਰਿਹਾ ਹੈਬਾਹਰ ਬਾਰਸ਼ ਹੁੰਦੀ ਹੋਵੇ ਤਾਂ ਹੁਣ ਵੀ ਅੱਖਾਂ ਬੰਦ ਕਰਕੇ ਚੇਤਿਆਂ ਦੇ ਵਿਹੜੇ ਰਾਹੀਂ ਬੀਤੇ ਸਮੇਂ ਨੂੰ ਯਾਦ ਕਰਦਾ ਹਾਂ ਤਾਂ ਆਪਣਾ ਆਪ ਨਸ਼ਿਆਇਆ ਜਾਂਦਾ ਹੈਲੰਘ ਚੁੱਕੇ ਉਹ ਨਸ਼ਿਆਏ ਪਲ ਮੇਰੀ ਜ਼ਿੰਦਗੀ ਦਾ ਸਰਮਾਇਆ ਹਨ ਜੋ ਉਮਰ ਭਰ ਕਿਸੇ ਨਾ ਕਿਸੇ ਰੂਪ ਵਿਚ ਮੇਰੇ ਨਾਲ਼ ਹੀ ਰਹਿਣਗੇ

-----

ਉਦੋਂ ਸਾਡਿਆਂ ਪਿੰਡਾਂ ਦੇ ਸਾਰੇ ਰਾਹ ਅਤੇ ਸੜਕਾਂ ਕੱਚੀਆਂ ਹੁੰਦੀਆਂ ਸਨਚੀਕਣੀ ਮਿੱਟੀ ਹੋਣ ਕਰਕੇ ਬਾਰਸ਼ ਸਮੇਂ ਸਾਡਿਆਂ ਪਿੰਡਾਂ ਦਾ ਚਿੱਕੜ ਬੜਾ ਮਸ਼ਹੂਰ ਸੀ, ਸੜਕਾਂ ਪੱਕੀਆਂ ਹੋ ਜਾਣ ਦੇ ਬਾਵਜੂਦ ਅਜੇ ਵੀ ਹੈ। (ਸਾਡੀ ਮਿੱਟੀ ਦਾ ਸੱਚ ਅਜੇ ਵੀ ਇੱਕ ਕਹਾਵਤ ਦੇ ਰੂਪ ਵਿਚ ਮਸ਼ਹੂਰ ਹੈ ਕਿ ਸੁੱਕੀ ਲੋਹਾ ਤੇ ਗਿੱਲੀ ਗੋਹਾ’) ਮਾਂ ਆਪਣੀਆਂ ਸੋਚਾਂ ਵਿਚ ਅੱਗੇ ਅੱਗੇ ਤੁਰੀ ਗਈ ਅਤੇ ਮੈਂ ਆਪਣੀ ਨਿਆਣਬੁੱਧ ਵਾਲ਼ੀ ਬਿਰਤੀ ਨਾਲ਼ ਪਿੱਛੇ ਪਿੱਛੇਥੋੜ੍ਹੀ ਦੂਰ ਜਾਣ ਤੋ ਬਾਅਦ ਜਦੋਂ ਮਾਂ ਨੇ ਪਿੱਛੇ ਮੁੜਕੇ ਦੇਖਿਆ ਤਾਂ ਮੇਰੇ ਕੱਪੜੇ ਚਿੱਕੜ ਨਾਲ਼ ਲਿੱਬੜੇ ਹੋਏ ਸਨਤੁਰਦਿਆਂ ਹੋਇਆਂ ਪਜਾਮਾ ਖਿੱਚ ਧੂਹ ਕੇ ਮੈ ਆਪ ਹੀ ਗੋਡਿਆਂ ਤੱਕ ਟੰਗ ਲਿਆ ਸੀਮੌਜੇ ਚਿੱਕੜ ਨਾਲ਼ ਭਰੇ ਪਏ ਸਨ, ਤੁਰਨ ਵੇਲ਼ੇ ਔਖਿਆਂ ਕਰ ਰਹੇ ਸਨਮਾਂ ਨੂੰ ਇਹ ਕੁਝ ਦੇਖਕੇ ਗੁੱਸਾ ਆਇਆ, ਉਨ੍ਹੇ ਇਹ ਕੁਝ ਦੇਖਕੇ ਮਾਵਾਂ ਵਾਲੀ ਝਿੜਕ ਨਾਲ਼ ਹੀ ਆਖਿਆ ਸੀ ਪੁੱਤ ਇਉਂ ਨਹੀਂ-ਅੱਖਾਂ ਖੋਲ੍ਹ ਕੇ ਤੁਰੀਦਾ ਹੁੰਦਾਉਹਦੇ ਵਾਸਤੇ ਕੱਪੜਿਆਂ ਦਾ ਲਿੱਬੜਨਾ ਦੁਖਦਾਈ ਸੀ, ਇਸ ਕਰਕੇ ਉਹ ਗੁੱਸੇ ਸੀਪਰ ਇਹ ਅੱਖਾਂ ਖੋਲ੍ਹ ਕੇ ਤੁਰਨ ਵਾਲ਼ੇ ਸ਼ਬਦ ਉਨ੍ਹੇ ਸਹਿਜ ਨਾਲ਼ ਹੀ ਕਹੇ ਸਨ

-----

ਬਹੁਤ ਦੇਰ ਬਾਅਦ ਜਦੋਂ ਅਚੇਤ ਹੀ ਮਾਂ ਵਲੋਂ ਕਿਹਾ ਅੱਖਾਂ ਖੋਲ੍ਹ ਕੇ ਤੁਰਨਦਾ ਇਹ ਸਬਕ ਚੇਤੇ ਆਇਆ ਤਾਂ ਇਹ ਸੁਚੇਤ ਰੂਪ ਧਾਰ ਕੇ ਆਇਆ ਅਤੇ ਜ਼ਿੰਦਗੀ ਦੇ ਫਲਸਫੇ ਦਾ ਮੂਲ਼ ਬਣ ਗਿਆਇਹ ਚੇਤਨਾ ਦਾ ਸਰੂਪ ਧਾਰ ਗਿਆਹਰ ਵੇਲੇ ਮਨ ਮਸਤਕ ਵਿਚ ਵਿਚਰਦਾ ਖ਼ਿਆਲਾਂ, ਵਿਚਾਰਾਂ ਤੇ ਵਿਚਾਰਧਾਰਾਵਾਂ ਦੀ ਪਰਖ ਕਰਨ ਵਾਲ਼ੀ ਚੂਲ਼ ਬਣ ਗਿਆਹੁਣ ਜਦੋਂ ਵੀ ਕਦੇ ਕਿਸੇ ਗੱਲ/ਵਿਚਾਰ ਨੂੰ ਪਕੜਣ ਜਾਂ ਪਰਖਣ ਲਗਦਾ ਹਾਂ ਤਾਂ ਕਈ ਦਹਾਕੇ ਪਹਿਲਾਂ ਇਹ ਜਹਾਨ ਛੱਡ ਚੁੱਕੀ ਮਾਂ ਕੰਨ ਕੋਲ਼ ਹੋ ਕੇ ਕਹਿੰਦੀ ਹੈ ਪੁੱਤ ਅੱਖਾਂ ਖੋਲ੍ਹ ਕੇ ਤੁਰੀਦਾ ਹੁੰਦਾਅਜਿਹਾ ਫਲਸਫਾ ਪੱਲੇ ਬੰਨ ਲੈਣ ਤੋਂ ਬਾਅਦ ਭਲਾਂ ਕੌਣ ਹੈ ਜੋ ਅੱਖਾਂ ਬੰਦ ਕਰ ਸਕਦਾ ਹੋਵੇ? ਕਈ ਕਹਿੰਦੇ ਹਨ ਕਿ ਜੇ ਅੱਖਾਂ ਲੱਗੀਆਂ ਹੋਣ ਤਾਂ ਅੱਖਾਂ ਬੰਦ ਨਹੀਂ ਹੁੰਦੀਆਂ ਪਰ ਇਹ ਤਾਂ ਬਹੁਤ ਹੀ ਛੋਟੇ ਪੱਧਰ ਦਾ ਵਿਚਾਰ ਹੈਸੱਚ ਤਾਂ ਇਹ ਹੈ ਕਿ ਜਿਨ੍ਹਾਂ ਦੀਆਂ ਮਾਵਾਂ ਜਾਂ ਵਡੇਰੇ ਕੰਨ ਕੋਲ਼ ਵਸਦੇ ਹੋਣ ਉਹ ਅੱਖਾਂ ਬੰਦ ਕਰ ਹੀ ਨਹੀਂ ਸਕਦੇਕੌਣ ਹੈ ਜੋ ਵਡੇਰਿਆਂ ਵਲੋਂ ਮਿਲ਼ੇ ਅਜਿਹੇ ਅਮੁੱਲ ਵਿਚਾਰਾਂ ਨੂੰ ਭੁੱਲਣ ਜਾਂ ਟਾਲਣ ਦਾ ਹੀਆ ਜਾਂ ਅਵੱਗਿਆ ਕਰ ਸਕੇ?

-----

ਉਮਰ ਦੇ ਵਧਣ ਨਾਲ਼ ਸੋਚ ਢੰਗ ਬਦਲਦਾ ਵੀ ਹੈ ਅਤੇ ਵਿਸ਼ਾਲ ਵੀ ਹੁੰਦਾ ਹੈਜਦੋਂ ਸ਼ਬਦਾਂ ਨਾਲ਼ ਵਾਹ ਪਿਆ ਤਾਂ ਸ਼ਬਦ ਬਹੁਤ ਕੁਝ ਲੱਗਣ ਲੱਗੇਇਹ ਸੰਸਾਰ ਦੇ ਭਰੱਮਣ ਵੱਲ ਖੁੱਲ੍ਹਦੀ ਉਹ ਬਾਰੀ ਹੈ ਜੀਹਦੇ ਰਾਹੀਂ ਬਹੁਤ ਕੁਝ ਦੇਖਿਆ ਜਾ ਸਕਦਾ ਹੈਸ਼ਬਦ ਸੋਚ ਨੂੰ ਟੁੰਬਣ/ਪ੍ਰਭਾਵਿਤ ਕਰਨ ਦਾ ਸਭ ਤੋ ਵੱਧ ਕਾਰਗਰ ਤਰੀਕਾ ਹਨ

ਘਰ ਜਾਂ ਕਮਰਾ ਉਹ ਸ਼ਬਦ ਹਨ ਜੋ ਸਾਨੂੰ ਪਨਾਹ ਵੀ ਅਤੇ ਸਕੂਨ ਵੀ ਦਿੰਦੇ ਹਨਜਿਹਨਾਂ ਘਰਾਂ ਵਿਚ ਪੁਸਤਕਾਂ ਦਾ ਵਾਸ ਹੁੰਦਾ ਹੈ ਉਥੇ ਚੁੱਪ ਵਿਚੋਂ ਬੋਲਦੀ ਹਲਚਲ ਹੁੰਦੀ ਹੈਇਹੋ ਹਰਕਤ ਤੁਰਦੇ ਪਲਾਂ ਛਿਣਾਂ ਨੂੰ ਫੜਨ ਅਤੇ ਉਹਨਾਂ ਵਿਚ ਜਾਨ ਪਾੳਣ ਦਾ ਸਬੱਬ ਬਣਦੀ ਹੈਫੇਰ ਜ਼ਿੰਦਗੀ ਕਿਸੇ ਚੰਗੇ ਮਕਸਦ ਖਾਤਰ ਜੀਊਣ ਵੱਲ ਕਦਮਾਂ ਦਾ ਰੁਖ ਕਰਦੀ ਹੈਦਸ਼ਾ ਨੂੰ ਦੇਖ, ਪਰਖ ਕੇ ਦਿਸ਼ਾ ਨੂੰ ਫੜਨ ਦਾ ਯਤਨ ਕੀਤਾ ਜਾਂਦਾ ਹੈ

-----

ਦੁਨੀਆਂਦਾਰੀ ਦੀ ਖਬਰਸਾਰ ਕਿਤਾਬਾਂ ਰਾਹੀਂ/ਸ਼ਬਦਾਂ ਰਾਹੀਂ ਕਮਰੇ ਵਿਚ ਇਕੱਠੀ ਹੁੰਦੀ ਰਹਿੰਦੀ ਹੈ, ਕਮਰਾ ਸਮਾਧੀ ਦਾ ਰੂਪ ਧਾਰਦਾ ਹੈਇਸ ਸਮਾਧੀ ਦੇ ਆਸਰੇ ਇਹ ਸੁੰਨ ਅਤੇ ਚੁੱਪ ਚਾਪ ਪਈਆਂ ਪੁਸਤਕਾਂ ਖੁੱਲ੍ਹਦੀਆਂ ਅਤੇ ਬੋਲਣ ਲੱਗਦੀਆਂ ਹਨ ਤਾਂ ਮਨ ਮਸਤਕ ਅੰਦਰਲਾ ਜਵਾਰਭਾਟਾ ਖੌਲ਼ਦਾ ਹੈਸੰਵੇਦਨਸ਼ੀਲ ਮਨੁੱਖ ਦੇ ਅੰਦਰਲਾ ਸ਼ਾਬਦਿਕ ਰੂਪ ਬਾਹਰ ਆਉਂਦਾ ਹੈਸਿਆਣੇ ਮਨੁੱਖ ਵਾਸਤੇ ਸ਼ਬਦ ਤੋਂ ਵੱਡੀ ਹੋਰ ਕੋਈ ਦਾਤ ਨਹੀਂ ਹੁੰਦੀਦੁਨੀਆਂ ਦੇ ਹਰ ਮਹਾਂਪੁਰਸ਼ ਨੇ ਆਪਣੇ ਚੇਲਿਆਂ/ਅਨੁਯਾਈਆਂ ਨੂੰ ਸ਼ਬਦ ਦੀ ਦਾਤ ਦੇ ਹੀ ਲੜ ਲਾਇਆ ਹੈਇਹ ਖੇਤਰ ਧਾਰਮਿਕ ਹੋਵੇ ਸਮਾਜਿਕ ਜਾਂ ਸਿਆਸੀਹਰ ਫਲਸਫਾ ਸ਼ਬਦਾਂ ਨਾਲ ਹੀ ਦੁਨੀਆਂ ਵਿਚ ਫੈਲਿਆ

ਇਨ੍ਹਾਂ ਪੁਸਤਕਾਂ ਦਾ ਹੀ ਕਰਮ ਹੈ ਕਿ ਮਨੁੱਖ ਨੂੰ ਅਸਹਿਣਸ਼ੀਲ ਤੋਂ ਸਹਿਣਸ਼ੀਲ ਬਨਾਉਣ ਵਿਚ ਆਪਣਾ ਉਸਾਰੂ ਹਿੱਸਾ ਪਾਉਂਦੀਆਂ ਹਨਜਿਨ੍ਹਾਂ ਨੂੰ ਸ਼ਬਦ ਦੀ ਸਾਰ ਹੋ ਜਾਵੇ ਫੇਰ ਉਹ ਸੰਸਾਰ ਵਿਚ ਵਿਚਰਨ ਵਾਸਤੇ ਸ਼ਬਦ ਦਾ ਹੀ ਸਹਾਰਾ ਲੈਂਦੇ ਹਨਮਨੁੱਖੀ ਜ਼ਿੰਦਗੀ ਵਿਚ ਸ਼ਬਦ ਤੋਂ ਵੱਡੀ ਮਹੱਤਤਾ ਹੋਰ ਕਿਸੇ ਵੀ ਚੀਜ਼ ਦੀ ਨਹੀਂ ਹੁੰਦੀ

------

ਸਿਰਜਣਾਤਮਕ ਪਲ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਸਮਾਧੀ ਵਰਗੀ ਚੁੱਪ ਲੋੜੀਦੀ ਹੈ ਪਰ ਇਹ ਪਲ ਉਜਾੜ ਨਹੀਂ, ਇਕਾਂਤ ਭਾਲ਼ਦੇ ਹਨਇਕਾਂਤ ਨਾ ਤਾਂ ਜੰਗਲਾਂ ਵਿਚ ਹੁੰਦੀ ਹੈ ਨਾ ਭੋਰਿਆਂ ਵਿਚ, ਸਗੋਂ ਮਨੁੱਖ ਦੇ ਅੰਦਰਲੀ ਇਕਾਂਤ (ਚੁੱਪ) ਸੋਚ ਦੀਆਂ ਡੂੰਘਾਈ ਵਾਲੀਆਂ ਸਿੱਪੀਆਂ ਵਿਚੋਂ ਅਰਥ ਪੂਰਨ ਸ਼ਬਦਾਂ ਦੀ ਸਿਰਜਣਾ ਕਰਦੀ ਹੈਇਨ੍ਹਾਂ ਅਰਥਪੂਰਨ ਸ਼ਬਦਾਂ ਦੀ ਸਿਰਜਣਾ ਪਿੱਛੇ ਗਿਆਨ ਦੀ ਲੋਅ, ਮਿਹਨਤ ਨਾਲ਼, ਸੂਝ ਰਾਹੀਂ ਕੱਢੀ ਦੁਨੀਆਂ ਦੇ ਵਰਤਾਰਿਆਂ ਦੀ ਝਲਕ ਬਣਦੀ ਹੈਇਹ ਕਿਧਰਿਉਂ ਉਪਰੋਂ ਥੱਲਿਉਂ ਮਿਲੀ ਦਾਤ ਨਹੀਂ ਹੁੰਦੀ ਸਗੋਂ ਇੱਥੋਂ ਤੱਕ ਪਹੰਚਣ ਵਾਸਤੇ ਮਨੁੱਖ ਨੂੰ ਜੱਗ-ਜਹਾਨ ਦਾ ਵਿਸ਼ਾਲ ਅਧਿਐਨ ਲੋੜੀਂਦਾ ਹੈਨਿੱਠ ਕੇ ਆਲ਼ੇ ਦੁਆਲ਼ੇ ਦਾ ਸਮਾਜੀ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਾਂ/ਸੱਭਿਆਚਾਰਕ ਲਹਿਰਾਂ ਦੇ ਵਿਕਾਸ ਨਾਲ਼ ਸਬੰਧਤ ਤੱਥਾਂ/ਤੱਤਾਂ ਦੀ ਘੋਖ ਪਰਖ ਕਰਨੀ ਪੈਂਦੀ ਹੈਇਤਿਹਾਸਕ, ਮਿਥਿਹਾਸਕ ਘਟਨਾਵਾਂ ਵੇਰਵਿਆਂ ਨੂੰ ਸਹੀ ਦ੍ਰਿਸ਼ਟੀਕੋਣ ਤੋਂ ਵਾਚਣਾ ਪੈਂਦਾ ਹੈਇਹਨਾਂ ਪੜਾਵਾਂ ਵਿਚੋਂ ਲੰਘਦਿਆਂ ਮਨੁੱਖ ਤਪਦਾ ਹੈ ਭੱਠੀ ਵਿਚ ਪਏ ਸੋਨੇ ਵਾਂਗ ਕੁੰਦਨ ਬਣਨ ਵਾਸਤੇਫੇਰ ਆਪਣੇ ਵਿਚਾਰਾਂ ਦੀ ਪ੍ਰਪੱਕਤਾ ਵਾਸਤੇ ਸੋਚਵਾਨਾਂ, ਬੁੱਧੀਮਾਨਾਂ, ਸਿਧਾਂਤਕਾਰਾਂ ਭਾਵ ਕਿ ਮਨੁੱਖ ਹਰ ਉਸ ਵਿਅਕਤੀ/ਰਚਨਾ ਤੱਕ ਪਹੁੰਚਣ ਦਾ ਯਤਨ ਕਰਦਾ ਹੈ ਜਿੱਥੇ ਕਿਸੇ ਤਰ੍ਹਾਂ ਦਾ ਸੰਵਾਦ ਰਚਾਇਆ ਜਾ ਸਕੇ, ਜਿੱਥੋਂ ਉਸ ਨੂੰ ਕੁੱਝ ਪੱਲੇ ਪੈਣ ਦੀ ਆਸ ਹੋਵੇਉਹ ਵੱਧ ਤੋਂ ਵੱਧ ਅਧਿਅਨ ਦੇ ਰਾਹੇ ਪੈ ਜਾਂਦਾ ਹੈਹੱਥ ਲੱਗੀਆਂ ਰਚਨਾਵਾਂ, ਸਿਧਾਂਤਾਂ ਆਦਿ ਨੂੰ ਪੜ੍ਹ, ਪਰਖ ਕੇ ਜਿਸਦੀ ਗੱਲ/ਪਹੁੰਚ ਬਹੁਤੀ ਤਰਕਪੂਰਨ, ਵਿਗਿਆਨਕ ਲੱਗੇ ਕੁਦਰਤੀ ਹੀ ਉਸਦਾ ਪ੍ਰਭਾਵ ਵੀ ਕਬੂਲਦਾ ਹੈ

------

ਸਾਡੇ ਸਮਿਆਂ ਦਾ ਸੱਚ ਹੋਰ ਬਹੁਤ ਸਾਰਿਆਂ ਦੇ ਨਾਲ਼ ਮਾਰਕਸਵਾਦ-ਲੈਨਿਨਵਾਦ ਨੇ ਉਜਾਗਰ ਕੀਤਾ (ਭਾਵੇਂ ਕਿ ਇਹ ਵੀ ਸੱਚ ਹੈ ਕਿ ਆਖਰੀ ਸੱਚ ਕੋਈ ਨਹੀਂ ਹੁੰਦਾ) ਇਸਨੇ ਦੁਨੀਆ ਦੇ ਦੀਨ-ਦੁਖੀ ਨੂੰ ਉਹਦੇ ਕਸ਼ਟ-ਕਲੇਸ਼, ਦੁੱਖਾਂ ਤਕਲੀਫਾਂ ਦੇ ਅਸਲੀ ਕਾਰਨਾਂ ਤੋਂ ਜਾਣੂ ਕਰਵਾਇਆ ਅਤੇ ਆਪਣੀ ਮਾੜੀ ਹਾਲਤ ਤੋਂ ਛੁਟਕਾਰੇ ਦਾ ਰਾਹ ਦੱਸਿਆਜਿਸਨੇ ਸੰਪੂਰਨ ਮਨੁੱਖ ਦੀ ਸਿਰਜਣਾ ਦੇ ਸੰਕਲਪ ਨੂੰ ਅਸਲੀ ਜਾਮਾ ਪਹਿਨਾਉਣ ਵਾਲੀ ਜੱਦੋ-ਜਹਿਦ ਨੂੰ ਅਮਲੀ ਰੂਪ ਵਿਚ ਛੇੜਿਆਦੁਨੀਆ ਅੰਦਰ ਚੰਗੀ ਜ਼ਿੰਦਗੀ ਜੀਊਣ ਦੀ ਤਾਂਘ ਰੱਖਦੇ ਲੋਕਾਂ ਦੇ ਮਨਾਂ ਦਾ ਹੁਲਾਰਾ ਬਣ ਗਿਆ ਇਹ ਨਵਾਂ ਸਿਧਾਂਤਗੁਲਾਮੀ ਦੀ ਉਮਰ ਭੋਗ ਰਹੇ ਮੁਲਕਾਂ ਦੇ ਲੋਕਾਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਦੇਣ ਦਾ ਵਿਚਾਰ ਤੇ ਹੌਸਲਾ ਦਿੱਤਾਉਨ੍ਹਾਂ ਮੁਲਕਾਂ ਨੇ ਆਜ਼ਾਦੀ ਪ੍ਰਾਪਤ ਕੀਤੀਦੁਨੀਆਂ ਨੂੰ ਮਾਰਕਸਵਾਦ-ਲੈਨਿਨਵਾਦ ਦੀ ਦੇਣ ਬਹੁਤ ਵੱਡੀ ਹੈ ਕਿਉਂਕਿ ਇਹ ਸਕਾਰਆਤਮਕ ਹੈਹਾਂ, ਜਿਹਨਾਂ ਨੂੰ ਇਹ ਭੁੱਲ ਗਈ ਹੋਵੇ ਉਨ੍ਹਾਂ ਦੀ ਗੱਲ ਕਰਨੀ ਹੀ ਫਜ਼ੂਲ ਹੈਸੁੱਤੇ ਪਏ ਨੂੰ ਤਾਂ ਉਠਾਇਆ ਜਾ ਸਕਦਾ ਹੈ ਪਰ ਮਚਲੇ ਦਾ ਕੀ ਇਲਾਜ? ਮਚਲੇ ਲੋਕ ਆਪਣੇ ਆਪ ਹੀ ਆਪਣੇ ਆਪ ਉੱਤੇ ਸਿਆਣਪ ਦਾ ਝੁੱਲ ਪਾ ਕੇ, ਆਪਣੀ ਹਕੀਕਤ ਭੁੱਲ ਕੇ ਨਕਲੀ ਜੀਊਣ ਵਿਚ ਹੀ ਆਪਣਾ ਭਲਾ ਸਮਝਣ ਲਗ ਪੈਂਦੇ ਹਨ

-----

ਮਾਰਕਸਵਾਦ ਤੋਂ ਪ੍ਰਭਾਵਿਤ ਹੋਣ ਦਾ ਮੇਰਾ ਵੀ ਇਹ ਹੀ ਕਾਰਨ ਸੀ ਕਿ ਇਸਦੇ ਬਾਨੀਆਂ ਨੇ ਲੁਕੋ ਕੇ ਕਿਸੇ ਕਿਸਮ ਦੀਆਂ ਭਰਮ ਪਾਊ ਗੱਲਾਂ ਨਹੀ ਕੀਤੀਆਂ ਸਗੋਂ ਜ਼ਿੰਦਗੀ ਦਾ ਹਕੀਕਤ ਨਾਲ਼ ਮੇਲ਼ ਕਰਕੇ ਹੀ ਸਮੁੱਚੀ ਗੱਲ ਤੋਰੀਜਦੋਂ ਇਹ ਗੱਲ ਪੜ੍ਹਦੇ/ਸੁਣਦੇ ਹਾਂ ਕਿ ਮਾਰਕਸ ਹਰ ਗੱਲ/ਵਸਤ ਤੇ ਸ਼ੱਕ ਕਰਨ ਨੂੰ ਕਹਿੰਦਾ ਹੈ ਤਾਂ ਇਹ ਵੀ ਯਾਦ ਆਉਂਦਾ ਹੈ ਜੋ ਮਾਰਕਸ ਨੇ ਆਪ ਹੀ ਕਿਹਾ ਸੀ ਕਿ ਮੈਂ ਮਾਰਕਸਵਾਦੀ ਨਹੀਂ ਹਾਂਭਾਵ ਇਸਦਾ ਇਹ ਹੈ ਕਿ ਅੱਖਾਂ ਮੀਚ ਕੇ ਕਿਸੇ ਦਾ ਪਿਛਲੱਗ ਬਣਕੇ ਤੁਰਨ ਦਾ ਉਹ ਵਿਰੋਧੀ ਸੀਮਾਰਕਸ ਨੇ ਹਰ ਵਿਚਾਰ ਨੂੰ ਪਾਰਖੂ ਨਜ਼ਰ ਨਾਲ਼ ਦੇਖਣ ਵਾਸਤੇ ਕਿਹਾ ਅਤੇ ਹਰ ਸਮੇਂ ਪਰਖ ਨੂੰ ਦਲੀਲ ਦਾ ਸੰਦ ਬਣਾਇਆਕੋਈ ਮਾਰਕਸਵਾਦ-ਲੈਨਿਨਵਾਦ ਨੂੰ ਮੰਨੇ ਜਾਂ ਨਾ ਮੰਨੇ, ਪਰ ਹਰ ਕੋਈ ਅੱਖਾਂ ਖੁੱਲ੍ਹੀਆਂ ਰੱਖ ਕੇ ਤਾਂ ਤੁਰੇਅੱਖਾਂ ਬਿਨਾਂ ਕਾਹਦਾ ਜਹਾਨ? ਮਾਰਕਸਵਾਦ ਦਾ ਅਧਿਐਨ ਕਰਦਿਆਂ ਵੀ ਅੱਖਾਂ ਬੰਦ ਨਹੀਂ ਹੋਣੀਆਂ ਚਾਹੀਦੀਆਂ ਹਨਜਿੱਥੇ ਵੀ ਕੁਝ ਅਪ੍ਰਸੰਗਕ ਲੱਗੇ ਉਹਨੂੰ ਮੱਲੋਜ਼ੋਰੀ ਪ੍ਰਸੰਗਕ ਬਨਾਉਣ ਦਾ ਧੱਕੇਸ਼ਾਹੀ ਵਾਲ਼ਾ ਜਤਨ ਨਹੀਂ ਕਰਨਾ ਚਾਹੀਦਾਜੇ ਕੋਈ ਇੰਜ ਕਰੇ ਤਾਂ ਉਹ ਮਾਰਕਸਵਾਦ ਨਾਲ਼ ਤਾਂ ਬੇਇਨਸਾਫੀ ਕਰੇਗਾ ਹੀ ਅਤੇ ਆਪਣੇ ਆਪ ਨਾਲ ਵੀ

-----

ਸ਼ਬਦ ਦੇ ਲੜ ਲੱਗ ਕੇ ਵਿਚਾਰ ਚਰਚਾ ਦਾ ਆਰੰਭ ਹੁੰਦਾ ਹੈਦੁੱਧ ਦੇ ਜੰਮੇ ਦਹੀਂ ਨੂੰ ਰਿੜਕਿਆ ਜਾਵੇ ਤਦ ਹੀ ਮੱਖਣ ਨਿਕਲ਼ਦਾ ਹੈਇਸ ਤਰਾਂ ਹੀ ਕਿਸੇ ਵਿਚਾਰ ਨੂੰ ਵਿਚਾਰਿਆਂ ਹੀ ਕੋਈ ਸਿੱਟਾ ਨਿਕਲਦਾ ਹੈ, ਸਾਰਥਿਕਤਾ ਪੱਲੇ ਪੈਂਦੀ ਹੈਜਿਹੜੇ ਸ਼ਬਦ ਦੀ ਸਾਰਥਿਕਤਾ ਨੂੰ ਨਜ਼ਰ ਅੰਦਾਜ਼ ਕਰਦੇ ਹਨ, ਉਨ੍ਹਾਂ ਔਝੜ ਹੀ ਜਾਣਾ ਹੁੰਦਾ ਹੈਉਨ੍ਹਾ ਨਾਲ਼ ਤਾਂ ਬਹਿਸਣਾ ਵੀ ਵਕਤ ਗੁਆਉਣਾ ਹੀ ਹੈ, ਉਨ੍ਹਾਂ ਬਾਰੇ ਤਾਂ ਬਾਣੀ ਵਿਚੋਂ ਕੀਮਤੀ ਮੱਤ ਲੈ ਲੈਣੀ ਚਾਹੀਦੀ ਹੈ:

ਪੜ ਅੱਖਰ ਏਹੋ ਬੂਝੀਐ

ਮੂਰਖੈ ਸੰਗ ਨਾ ਲੂਝੀਐ

ਕੁਝ ਲੋਕ ਅਜਿਹੀ ਸਥਿਤੀ ਵਿਚ ਕਿਸੇ ਦੂਜੇ ਨੂੰ ਹੀਣਾ ਕਰਨ ਦੇ ਮਕਸਦ ਨਾਲ਼ ਬੇ-ਸਿਰ ਪੈਰ ਘਟੀਆ ਜਹੇ ਮਿਹਣਿਆਂ ਤੱਕ ਉਤਰ ਜਾਂਦੇ ਹਨਆਪ ਹੀ ਆਪਣੇ ਮੋਢਿਆਂ ਉੱਤੇ ਵਿਦਵਾਨ ਹੋਣ ਦੀਆਂ ਨਕਲੀ ਫੀਤੀਆਂ ਲਾ ਕੇ ਦੂਜਿਆਂ ਨੂੰ ਪਿਛਲੱਗ ਆਖਦੇ ਫਿਰਨਗੇਜਿਹੜੇ ਕੱਲ੍ਹ ਤੱਕ ਮਾਰਕਸਵਾਦੀਆਂ ਵਾਸਤੇ ਝਾੜੂ ਫੇਰਨ ਤੱਕ ਜਾਂਦੇ ਸਨ ਅੱਜ ਉਹ ਉਸ ਤੋਂ ਨਾਬਰ ਹੀ ਨਹੀਂ ਹੋਏ ਸਗੋ ਦੁਸ਼ਮਣਾਂ ਵੱਲ ਖੜ੍ਹੇ ਨਜ਼ਰ ਆਉਂਦੇ ਹਨਠੀਕ ਹੀ ਹੋਇਆ, ਉਹ ਆਪਣੇ ਆਪ ਨੂੰ ਭੁੱਲ ਗਏ, ਨਹੀਂ ਤਾਂ ਉਨ੍ਹਾਂ ਨੂੰ ਚੰਗਾ ਸੋਚਣ ਤੇ ਕੁਝ ਚੰਗਾ ਕਰਨ ਅਤੇ ਆਪਣੇ ਆਪ ਨਾਲ਼ ਵਫ਼ਾ ਪਾਲਣ ਦਾ ਫਿਕਰ ਰਹਿਣਾ ਸੀਲੋਕ ਦਰਦੀਆਂ ਨੂੰ ਕਈ ਤਰਾਂ ਦੇ ਮਿਹਣੇ ਵੀ ਝੱਲਣੇ ਪੈਦੇ ਹਨ ਪਰ ਜਿਹੜਾ ਲੋਕ ਦਰਦੀ ਆਪਣੀ ਧੁਨ ਦਾ ਪੱਕਾ ਹੁੰਦਾ ਹੈ ਉਹਦੇ ਉੱਤੇ ਮਿਹਣੇ ਦਾ ਕਾਹਦਾ ਅਸਰ? ਬਾਬਾ ਬੁੱਲੇ ਸ਼ਾਹ ਫਰਮਾਂਉਦੇ ਹਨ:

ਬੁੱਲਿਆ ਲੋਕੀ ਤੈਨੂੰ ਕਾਫ਼ਿਰ ਕਹਿੰਦੇ

ਤੂੰ ਆਹੋ ਆਹੋ ਆਖ

ਪੜ੍ਹਨ-ਲਿਖਣ ਦਾ ਸਹੀ ਸਥਾਨ ਵਧੀਆ ਕਮਰੇ ਹੀ ਤਾਂ ਨਹੀ ਹੁੰਦੇਗੁਰੂਆਂ, ਪੀਰਾਂ, ਭਗਤਾਂ ਅਤੇ ਹੋਰ ਮਹਾਂਪੁਰਸ਼ਾਂ ਨੇ ਬੋਲਾਂ, ਸ਼ਬਦਾਂ ਦੇ ਉਚਾਰਨ ਵਾਸਤੇ ਕਿਹੜੇ ਸਥਾਨ ਵਰਤੇ? ਉਹ ਜਿੱਥੇ ਵੀ ਬੈਠੇ ਉੱਥੇ ਹੀ ਕੁਝ ਉਚਾਰਿਆਸਫਰ ਉੱਤੇ ਨਿਕਲੇ ਤਾਂ ਵੀ, ਕਿਸੇ ਭੀੜ ਵਿਚ ਵਿਚਰੇ ਤਦ ਵੀ, ਆਪਣੇ ਆਪ ਨੂੰ ਪਹੁੰਚੇ ਹੋਏ ਅਖਵਾਉਣ ਵਾਲਿਆਂ ਸੰਗ ਬੈਠੇ ਤਾਂ ਵੀ ਉਨ੍ਹਾਂ ਨੇ ਸੰਵਾਦ ਰਚਾਇਆ/ਗੋਸ਼ਟਿ ਕੀਤੇ ਅਤੇ ਸਮੇਂ ਨੂੰ ਸਕਾਰਥ ਕਰਨ ਦਾ ਯਤਨ ਕੀਤਾਖੁੱਲ੍ਹੇ ਅਸਮਾਨ ਹੇਠ ਵੀ ਬੈਠੇ ਉੱਥੇ ਵੀ ਰਚਨਾ ਕੀਤੀਰਿਸ਼ੀਆਂ ਮੁਨੀਆਂ ਵਲੋ ਜੰਗਲਾਂ ਅੰਦਰ ਘਾਹ-ਫੂਸ ਦੀਆਂ ਕੁੱਲੀਆਂ ਵਿਚ ਬੈਠ ਕੇ ਵੇਦ-ਗ੍ਰੰਥ ਲਿਖੇ ਜਾਣ ਦੇ ਹਵਾਲੇ ਮਿਲਦੇ ਹਨ

-----

ਹਰ ਰਚਨਾਕਾਰ ਨੇ ਆਪਣੇ ਰਚਨਾਤਮਕ ਪਲਾਂ ਨੂੰ ਫੜਨ ਵਾਸਤੇ ਆਪਣਾ ਮਹੌਲ ਆਪ ਲੱਭਣਾ/ਸਿਰਜਣਾ ਹੁੰਦਾ ਹੈਮਨੁੱਖ ਆਪਣੇ ਆਪ ਨੂੰ ਸਮੇਂ ਸਥਾਨ ਅਨੁਸਾਰ ਢਾਲਣ ਵਾਲ਼ਾ ਹੋਵੇ ਤਾਂ ਔਖਿਆਈ ਵੀ ਕੋਈ ਨਹੀਂ ਹੁੰਦੀਮੈਂ ਖੁਦ, ਪੜ੍ਹਨ ਲਿਖਣ ਦਾ ਕਾਰਜ ਕਿਸੇ ਨਿਸਚਤ ਥਾਂ ਨਹੀਂ ਕਰ ਸਕਦਾਘਰ ਹੋਵਾਂ ਤਾਂ ਬੈਠਣ ਵਾਲ਼ਾ ਕਮਰਾ, ਰਸੋਈ ਅੰਦਰ ਰੋਟੀ ਖਾਣ ਵਾਲ਼ਾ ਮੇਜ਼, ਬੱਚਿਆਂ ਦੇ ਕਮਰੇ ਵਿਚ ਉਨ੍ਹਾਂ ਦੇ ਪੜ੍ਹਨ ਲਿਖਣ ਵਾਲ਼ਾ ਸਥਾਨ ਆਦਿ ਕਿਧਰੇ ਵੀ ਸਮਾਧੀ ਲਾਈ ਜਾ ਸਕਦੀ ਹੈਕੰਮ ਉੱਤੇ ਹੋਵਾਂ ਤਾਂ ਉੱਥੇ ਵੀ ਵਿਹਲ ਦੇ ਸਮੇਂ ਨੂੰ ਕਈ ਵਾਰ ਪੜ੍ਹਨ ਲਿਖਣ ਵਾਸਤੇ ਵਰਤ ਲੈਂਦਾ ਹਾਂਸੈਰ ਕਰਨ ਵੇਲੇ ਬੈਠਣ ਲਈ ਚੰਗਾ ਥਾਂ ਮਿਲ਼ ਜਾਵੇ, ਸਮਾਂ ਹੋਵੇ ਤਾਂ ਵੀ ਇਨ੍ਹਾਂ ਪਲਾਂ ਨੂੰ ਹੱਥੋਂ ਨਹੀਂ ਜਾਣ ਦਿੰਦਾ ਸਫ਼ਰ ਕਰਦਿਆਂ ਮੌਕਾ ਮਿਲੇ ਤਾਂ ਪੜਨ ਨੂੰ ਤਰਜੀਹ ਦਿੰਦਾ ਹਾਂਇਸ ਕਰਕੇ ਹੀ ਕਈ ਵਾਰ ਕਾਰ ਦੀ ਬਜਾਇ ਰੇਲ ਗੱਡੀ ਵਿਚ ਸਫ਼ਰ ਕਰਨ ਦਾ ਮਨ ਬਣਾ ਲੈਂਦਾ ਹਾਂਇੰਝ ਕੁਝ ਪਲਾਂ ਦੀ ਸਾਰਥਿਕਤਾ ਫੜੀ ਜਾ ਸਕਦੀ ਹੈਗੱਲ ਇੱਕ ਵਾਰ ਧੁਨ ਛਿੜਨ ਦੀ ਹੈ ਫੇਰ ਕੋਈ ਰੁਕਾਵਟ ਨਹੀਂ ਆਉਂਦੀਰੇਲ ਗੱਡੀ ਰਾਹੀਂ ਸਫਰ ਕਰਦਿਆਂ ਕਈ ਵਾਰ ਚੰਗੇ ਲੋਕਾਂ ਨਾਲ਼ ਸੰਵਾਦ ਰਚਾਉਣ ਦਾ ਸਬੱਬ ਵੀ ਬਣ ਜਾਂਦਾ ਹੈ, ਇਹ ਵੀ ਲਾਹੇਵੰਦ ਹੀ ਹੁੰਦਾ ਹੈ

-----

ਵੱਖੋ-ਵੱਖ ਲੋਕਾਂ ਦੀਆਂ ਨਵੀਆਂ ਗੱਲਾਂ/ਵਿਚਾਰ ਪੜ੍ਹੀਦੇ ਸੁਣੀਂਦੇ ਹਨਅੱਜ-ਕਲ੍ਹ ਕਈ ਇਤਿਹਾਸ ਦੀ ਮੌਤ ਦੀਆਂ ਗੱਲਾਂ ਕਰਦੇ ਹਨਇਹ ਕੋਈ ਨਵੇਂ ਜੀਊੜੇ ਨਹੀ, ਸਿਰਫ ਰੰਗ ਹੀ ਨਵਾਂ ਹੈਇਨ੍ਹਾਂ ਸਿਰਫ ਫੈਸ਼ਨ ਹੀ ਬਦਲਿਆ ਹੈਕਿਸੇ ਵਲੋਂ ਫੈਸ਼ਨ ਬਦਲਣ ਉੱਤੇ ਭਲਾ ਕੌਣ ਪਾਬੰਦੀ ਲਾ ਸਕਦਾ ਹੈ? ਭਾਰਤੀ ਸਮਾਜ ਦੀ ਸਥਿਤੀ ਅਜੇ ਪੂਰੇ ਤੌਰ ਤੇ ਆਧੁਨਿਕ ਨਹੀਂ ਹੋਈ ਪਰ ਸਾਹਿਤ ਅੰਦਰ ਉੱਤਰ-ਆਧੁਨਿਕਤਾ ਦੀ ਲਹਿਰ ਚੱਲ ਰਹੀ ਹੈਕਮਾਲ ਤਾਂ ਇਸ ਗੱਲ ਦਾ ਹੈ ਕਿ ਜਿਹੜੇ ਮੱਧਯੁਗੀ ਰਚਨਾ ਕਰ ਰਹੇ ਹਨ, ਇਹ ਮਹਾਂ ਵਿਦਵਾਨ ਉਨ੍ਹਾਂ ਨੂੰ ਵੀ ਆਪਣੇ ਧੜੇ ਵਿਚ ਰਲਾਉਣ ਦੀ ਗਰਜ਼ ਨਾਲ਼ ਉਨ੍ਹਾਂ ਉੱਤੇ ਵੀ ਮੱਲੋਜ਼ੋਰੀ, ਬਿਨਾ ਸੋਚੇ ਸਮਝੇ ਉੱਤਰ-ਆਧੁਨਿਕ ਹੋਣ ਦਾ ਲੇਬਲ ਚਿਪਕਾਈ ਜਾ ਰਹੇ ਹਨਹੈ ਨਾ ਆਪਣੇ ਆਪ ਨੂੰ ਠੱਠਾ ਕਰਨ ਵਾਲੀ ਗੱਲ? ਇੱਥੋਂ ਬੜਾ ਹੀ ਮਹੱਤਵ ਪੂਰਨ ਸਵਾਲ ਪੈਦਾ ਹੁੰਦਾ ਹੈ ਕਿ ਸਾਹਿਤ ਤੇ ਸਮਾਜ ਦਾ ਵੀ ਕੋਈ ਰਿਸ਼ਤਾ ਹੁੰਦਾ ਹੈ? ਜਿਹੜਾ ਸਮਾਜ ਪਛੜੇਵੇਂ, ਗਰੀਬੀ, ਭੁੱਖ, ਅਨਪੜ੍ਹਤਾ ਆਦਿ ਕਰਕੇ ਮੱਧਯੁਗੀ ਕਦਰਾਂ ਕੀਮਤਾਂ ਦਾ ਧਾਰਨੀ ਹੋਵੇ ਉੱਥੇ ਕਿਹੜੀ ਲਹਿਰ ਉੱਠੇਗੀ ਜਾਂ ਉੱਠਣੀ ਚਾਹੀਦੀ ਹੈ? ਜਿੱਥੋਂ ਦੇ ਰਾਜਨੀਤਿਕ ਲੀਡਰ, ਬੁੱਧੀਜੀਵੀ ਤਾਂਤਰਿਕਾਂ ਜਾਂ ਜੋਤਸ਼ੀਆਂ ਦੇ ਮੁਰੀਦ ਹੋਣ, ਝੂਠ ਤੇ ਪਾਖੰਡ ਦੇ ਆਪੇ ਬਣੇ ਗਵਾਹ ਹੋਣ, ਉਹ ਆਪਣੇ ਮਖੌਟੇ ਨੂੰ ਕਦੋਂ ਤੱਕ ਛੁਪਾ ਸਕਣਗੇ? ਇਹ ਬਹੁਤ ਹੀ ਸੋਚਣ ਸਮਝਣ ਵਾਲ਼ਾ ਮਸਲਾ ਹੈਫੋਕੀ ਉੱਤਰ-ਆਧੁਨਿਕਤਾ ਵਾਲ਼ੇ ਭਾੜੇ ਦੇ ਰਥਵਾਨਾਂ ਨੂੰ ਇਸਦਾ ਜਵਾਬ ਦੇਣਾ ਹੀ ਪਵੇਗਾ, ਪਰ ਇੱਥੇ ਉਹ ਡੂੰਘੀ ਚੁੱਪ ਧਾਰ ਲੈਂਦੇ ਹਨ, ‘ਇਕ ਚੁੱਪ ਸੌ ਸੁੱਖਹੁਣ ਉਨ੍ਹਾਂ ਦਾ ਇਹ ਹੀ ਨੁਸਖ਼ਾ ਹੈਵਿਚਾਰੇ

-----

ਲਿਖਣ ਦੇ ਰਾਹੇ ਪੈਣ ਲੱਗਿਆਂ ਬਹੁਤ ਹੀ ਸੋਚਣਾ ਪੈਂਦਾ ਹੈਇਸ ਵਾਸਤੇ ਕੋਈ ਕਿਸੇ ਨੂੰ ਮਜਬੂਰ ਨਹੀਂ ਕਰਦਾਇਸਨੂੰ ਘਾਟੇ ਵਾਲ਼ਾ ਸੌਦਾ (ਪੰਜਾਬੀ ਵਿਚ ਤਾਂ ਇਵੇਂ ਹੀ ਹੈ) ਕਿਹਾ ਜਾਂਦਾ ਹੈਉਂਜ ਜੇ ਸੋਚਿਆ ਜਾਵੇ ਤਾਂ ਅਸਲੀ ਸੌਦਾ ਹੁੰਦਾ ਹੀ ਘਾਟੇ ਵਾਲ਼ਾ ਹੈਇਹ ਰਾਹ ਤਾਂ ਬਾਬਾ ਨਾਨਕ ਸਾਨੂੰ ਸਦੀਆਂ ਪਹਿਲਾਂ ਦੱਸ ਗਏ ਹਨਫੇਰ ਇਸ ਤੋਂ ਮੂੰਹ ਮੋੜਨ ਵਾਲ਼ੇ ਆਪਣੇ ਹੱਕ ਵਿਚ ਕਿਹੜੀ ਦਲੀਲ ਘੜਨਗੇ? ਬਾਬੇ ਦੇ ਵਚਨਾਂ ਵਲੋ ਮੂੰਹ ਮੋੜਦਿਆਂ ਉਹਨਾਂ ਨੂੰ ਸ਼ਰਮ ਤਾਂ ਨਹੀ ਆਵੇਗੀ? ਜਾਂ ਫੇਰ ਅੱਜਕੱਲ੍ਹ ਬੁਧੀਜੀਵੀ (ਆਪੇ ਬਣੇ) ਤੇ ਬੇਸ਼ਰਮੀ ਇੱਕੋ ਸਿੱਕੇ ਦੇ ਦੋ ਪਾਸੇ ਬਣਦੇ ਜਾ ਰਹੇ ਹਨ? ਇਹ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ, ਇਹ ਬਹੁਤ ਹੀ ਮਾੜਾ ਰਾਹ ਹੈ

-----

ਸਾਡਾ ਸਮਾਜ ਅੱਜ ਵੀ ਲੁੱਟ ਤੇ ਅਧਾਰਤ ਹੈਲੋਕ ਰਾਜ ਅੰਦਰ ਲੋਕ ਸ਼ਬਦ ਨਿਤਾਣਾ ਹੀ ਨਹੀਂ ਸਗੋ ਗਿਆਂ-ਗੁਜ਼ਰਿਆਂ ਵਰਗਾ ਹੋ ਗਿਆ ਹੈਭਾਈ ਲਾਲੋ ਅਜੇ ਵੀ ਰੁਲ਼ਦਾ ਫਿਰਦਾ ਹੈਮਲਕ ਭਾਗੋ ਦੇ ਮਾਹਲ ਪੂੜਿਆਂ ਵਿਚੋਂ ਅਜੇ ਵੀ ਲਾਲੋ ਦੀ ਕਿਰਤ ਦਾ ਖ਼ੂਨ ਨੁੱਚੜਦਾ ਹੈਸੰਸਾਰ ਪ੍ਰਬੰਧ ਜੋ ਸਰਾਸਰ ਅਨਿਆਂ ਉੱਤੇ ਅਧਾਰਤ ਹੈ, ਆਪਣੇ ਆਪ ਨੂੰ ਬੁਧੀਜੀਵੀ ਕਹਾਉਣ ਵਾਲ਼ੇ ਲੋਭ ਦੇ ਮਾਰੇ ਜੀਊੜੇ ਉਸਦਾ ਅੰਗ ਬਣਦੇ ਜਾ ਰਹੇ ਹਨਕੋਝੇ ਵਿਦਵਾਨ ਬਸਤੀਵਾਦ ਦੇ ਸ਼ਬਦ ਨੂੰ ਨਵਾਂ ਰੂਪ ਦੇ ਕੇ ਨਵ-ਬਸਤੀਵਾਦ ਨਹੀਂ ਸਗੋਂ ਇਸਨੂੰ ਵਿਸ਼ਵੀਕਰਨ (ਗਲੋਬਲਾਈਜ਼ੇਸ਼ਨ) ਦਾ ਨਾਂ ਦਿੰਦੇ ਹਨਇਹ ਲੁੱਟ ਦੇ ਨਵੇਂ ਢੰਗ ਦਾ ਨਾਂ ਹੈਏਸ਼ੀਆ, ਅਫਰੀਕਾ, ਲਾਤੀਨੀ ਅਮਰੀਕਾ ਆਦਿ ਦੇ ਵਿਕਾਸ ਕਰ ਰਹੇ ਅਤੇ ਪਛੜੇ ਮੁਲਕਾਂ ਦੇ ਗਲ਼ ਪਾਏ ਜਾ ਰਹੇ ਨਵੇਂ ਫਾਹੇ ਦਾ ਨਾਂ ਹੈਲੁੱਟਣ ਵਾਸਤੇ ਲੁਭਾਉਣੇ ਸ਼ਬਦਾਂ ਦੇ ਭਰਮ ਜਾਲ਼ ਹੇਠ ਨਵੀਆਂ ਮੰਡੀਆਂ ਦੀ ਭਾਲ਼ ਕੀਤੀ ਜਾ ਰਹੀ ਹੈਲੋਕਾਂ ਨੂੰ ਇਹਦੇ ਬਾਰੇ ਕੌਣ ਦੱਸੇਗਾ? ਇਸ ਖਤਰੇ ਤੋਂ ਕੌਣ ਬਚਾਵੇਗਾ? ਲੋਕਾਂ ਨੂੰ ਸਮਾਨਤਾ, ਨਿਆਂ ਭਰਪੂਰ, ਮਨੁੱਖੀ ਹੱਕਾਂ ਵਾਲੇ ਸਮਾਜ ਅਤੇ ਧੱਕੇ-ਧੌਂਸ ਤੇ ਲੁੱਟ ਰਹਿਤ ਨਵੇਂ ਸੰਸਾਰ ਪ੍ਰਬੰਧ ਦੀ ਬਹੁਤ ਲੋੜ ਹੈ

-----

ਸੰਸਾਰ ਪ੍ਰਬੰਧ ਨੇ ਅਜੇ ਸਭੈ ਸਾਂਝੀਵਾਲ..........ਦਾ ਰੂਪ ਧਾਰਦਿਆਂ ਨਵਾਂ ਬੇਗਮਪੁਰਾ ਸਿਰਜਣਾ ਹੈਇਸਦੀ ਸਿਰਜਣਾ ਫੇਰ ਕੌਣ ਕਰੂ? ਸਿਆਣੇ, ਬੁਧੀਮਾਨ ਇਨ੍ਹਾਂ ਸਵਾਲਾਂ ਦੇ ਰੂ-ਬ-ਰੂ ਹੋਏ ਬਿਨਾਂ ਸੁਰਖਰੂ ਨਹੀਂ ਹੋ ਸਕਦੇਜਾਗਦੀ ਜ਼ਮੀਰ ਵਾਲਾ ਕੋਈ ਵੀ ਇਨਸਾਨ (ਲੇਖਕ ਅਤੇ ਵਿਦਵਾਨ ਤਾਂ ਬਿਲਕੁਲ ਨਹੀਂ) ਉਪਰੋਕਤ ਸਵਾਲਾਂ ਵਲ ਪਿੱਠ ਕਰਕੇ ਅੱਗੇ ਨਹੀਂ ਲੰਘ ਸਕਦਾਇਹ ਉਸਦਾ ਆਪਣੇ ਵਲੋਂ ਲੋਕਾਂ ਪ੍ਰਤੀ ਮਿੱਥਿਆ ਫ਼ਰਜ਼ ਹੈਕਲਮ ਹੱਥ ਵਿਚ ਫੜਨ ਵਾਲ਼ਾ ਕਲਮ ਦਾ ਅਪਮਾਨ ਨਹੀਂ ਕਰ ਸਕਦਾਕਲਮ ਨੂੰ ਤਾਂ ਨੀਵੇਂ-ਨਿਤਾਣਿਆਂ ਦੇ ਸੰਗ ਖੜ੍ਹੇ ਹੋ ਕੇ ਉਨ੍ਹਾਂ ਦੀ ਤਾਕਤ ਬਣਨਾ ਪੈਣਾ ਹੈਸਾਰੇ ਜਹਾਨ ਦਾ ਦਰਦ ਆਪਣੇ ਸੀਨੇ ਤੇ ਝੱਲਣਾ ਪੈਣਾ ਹੈਇਸ ਨਾਲ਼ ਹੀ ਤਾਂ ਫ਼ਰਜ਼ ਦੀ ਪੂਰਤੀ ਹੋਵੇਗੀਇਸ ਰਾਹੇ ਤੁਰ ਕੇ ਹੀ ਤਾਂ ਸੰਸਾਰ ਬਦਲਿਆ ਜਾ ਸਕਦਾ ਹੈ

------

ਕਿਸੇ ਦੇ ਮੱਥੇ ਦੀ ਲੋਅ ਬਣ ਜਾਂਦੇ ਹਨ-ਮਹਾਂਪੁਰਸ਼ਾਂ ਦੇ ਪ੍ਰਵਚਨਇਨ੍ਹਾਂ ਦੇ ਆਸਰੇ ਹਨੇਰੇ ਵਿਚ ਆਸ ਦੇ ਦੀਵੇ ਬਲ਼ਦੇ ਹਨ, ਫੇਰ ਜੱਗ ਚਾਨਣ ਹੁੰਦਾ ਹੈਕਬੀਰ ਜੀ ਸਾਡੇ ਸਾਡੇ ਉੱਘੇ ਸੰਤ ਹੀ ਨਹੀਂ ਉੱਚਕੋਟੀ ਦੇ ਚਿੰਤਕ ਵੀ ਹੋਏ ਹਨਉਨ੍ਹਾਂ ਦੀ ਬਾਣੀ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈਉਨ੍ਹਾਂ ਨੇ ਆਪਣੀ ਬਾਣੀ ਵਿਚ ਇਸ ਪਾਸੇ ਤੁਰੇ ਜਾਗਰੂਕ ਲੋਕਾਂ ਬਾਰੇ ਉਚਾਰਿਆ ਹੈ :

ਸੁਖੀਆ ਸਭ ਸੰਸਾਰ ਹੈ ਖਾਵੇ ਔਰ ਸੋਵੇ

ਦੁਖੀਆ ਦਾਸ ਕਬੀਰ ਹੈ ਜਾਗੇ ਔਰ ਰੋਵੇ

ਮੇਰਾ ਆਪਣਾ ਆਪਾ ਇਹੋ ਜਿਹੇ ਕਥਨਾਂ/ਪ੍ਰਵਚਨਾਂ ਨੂੰ ਆਪਣੇ ਮੱਥੇ ਦੀ ਲੋਅ ਸਮਝਦਾ ਹੈਇਹਦੇ ਆਸਰੇ ਸਾਨੂੰ ਆਪਣਾ ਰਸਤਾ ਦਿਸਦਾ ਹੈ, ਆਪਣੇ ਫ਼ਰਜ਼ ਦੀ ਸੋਝੀ ਹੁੰਦੀ ਹੈਮੇਰਾ ਆਪਣਾ ਆਪ ਲੋਕਾਂ, ਲੋਕ-ਪੱਖੀ ਸ਼ਕਤੀਆਂ, ਵੱਖੋ-ਵੱਖ ਵਿਚਾਰਧਾਰਾਵਾਂ ਤੋਂ ਸਿੱਖ-ਮੱਤ ਲੈ ਕੇ ਆਪਣੇ ਵਿਤ ਮੁਤਾਬਿਕ ਤੁਰ ਕੇ ਆਪਣੀ ਕਲਮ ਨਾਲ਼ ਵਫ਼ਾ ਪਾਲਣ ਲਈ ਵਚਨਵੱਧ ਹੈਮੇਰਾ ਕਮਰਾ, ਕਮਰੇ ਵਿਚਲੀਆਂ ਕਿਤਾਬਾਂ ਮੇਰੀ ਸੋਚ ਨੂੰ ਪ੍ਰਭਾਵਿਤ ਕਰਦੀਆਂ ਹਨਦੁਨੀਆ ਵਿਚ ਹੁੰਦੀ ਉਥਲ-ਪੁਥਲ ਅਤੇ ਬਦਲਦੀਆਂ ਸਥਿਤੀਆਂ, ਨਿੱਤ ਨਵੇਂ ਸਵਾਲ ਪੈਦਾ ਕਰਦੀਆਂ ਹਨ ਕਿ ਕਿਉਂ ਹੋ ਰਿਹਾ ਹੈ ਇਹ ਸਾਰਾ ਕੁਝ? ਕੌਣ ਕਰ ਰਿਹਾ ਹੈ? ਕੌਣ ਕਰਵਾ ਰਿਹਾ ਹੈ? ਮਨੁੱਖ ਕਿਉਂ ਨਿੱਘਰਦਾ ਜਾ ਰਿਹਾ ਹੈ ਦਿਨ ਪ੍ਰਤੀ ਦਿਨ? ਅਤੇ ਹੋਰ ਕਿੰਨਾ ਕੁ ਨਿੱਘਰੇਗਾ? ਉਪਰੋਕਤ ਸਾਰੇ ਹੀ ਸਵਾਲ ਕਮਰੇ ਵਿਚ ਬੈਠਕੇ ਵਿਚਾਰਦਾ ਹਾਂ ਤਾਂ ਮੇਰੀ ਕਲਮ, ਸ਼ਬਦਾਂ ਦਾ ਵਹਿਣ ਲੈ ਕੇ ਇਹਨਾਂ ਸਵਾਲਾਂ ਸੰਗ ਸੰਵਾਦ ਰਚਾਉਣ ਦਾ ਕਾਰਜ ਕਰਦੀ ਹੈ

********


Friday, September 25, 2009

ਮਨਮੋਹਨ ਆਲਮ - ਧੂਪ ਛਾਓਂ

ਉਰਦੂ ਗ਼ਜ਼ਲ-ਸੰਗ੍ਰਹਿ: ਧੂਪ ਛਾਓਂ

ਲੇਖਕ: ਮਨਮੋਹਨ ਆਲਮ (ਯੂ.ਐੱਸ.ਏ.)

ਪੰਜਾਬੀ ਲਿਪੀਅੰਤਰ: ਸੁਰਿੰਦਰ ਸੋਹਲ (ਯੂ.ਐੱਸ.ਏ.)

ਪ੍ਰਕਾਸ਼ਨ ਵਰ੍ਹਾ: 2009

ਕੁੱਲ ਸਫ਼ੇ - 144

ਪ੍ਰਕਾਸ਼ਨ: ਸੁੰਦਰ ਬੁੱਕ ਡਿਪੋ, ਜਲੰਧਰ

ਮੁੱਲ: ਪੇਪਰਬੈਕ 60 ਰੁਪਏ, ਸਜਿਲਦ 150 ਰੁਪਏ

ਮੁੱਖ-ਬੰਦ: ਹਰਪਾਲ ਸਿੰਘ ਭਿੰਡਰ (ਯੂ.ਐੱਸ.ਏ.)

************

ਲਫ਼ਜ਼ਾਂ ਦਾ ਰਹਿਬਰ ਮਨਮੋਹਨ ਆਲਮ

ਹਰ ਲਫ਼ਜ਼ ਤੋਲ ਕਰ ਕਹਿਤਾ ਹੂੰ,

ਮੈਂ ਹੂੰ ਇਕ ਰਹਿਬਰ ਲਫ਼ਜ਼ੋਂ ਕਾ

ਹਰ ਲਫ਼ਜ਼ ਮੁਕੱਦਸ ਹੋਤਾ ਹੈ,

ਫੈਂਕੋ ਨਾ ਯੇ ਜੌਹਰ ਲਫ਼ਜ਼ੋਂ ਕਾ

(ਜੌਹਰ-ਕੀਮਤੀ ਪੱਥਰ)

ਇਹ ਲਫ਼ਜ਼ਾਂ ਦਾ ਰਹਿਬਰ, ਨਿਊਯਾਰਕ ਵਿਚ ਵਸਦਾ ਸ਼ਾਇਰ ਮਨਮੋਹਨ ਆਲਮ ਹੈਉਹ ਕੇਵਲ ਨਾਂ ਦਾ ਹੀ ਆਲਮ ਨਹੀਂ, ਲਫ਼ਜ਼ਾਂ ਦਾ ਵੀ ਆਲਮ ਹੈਇਹ ਗੱਲ ਉਹ ਆਪਣੇ ਖ਼ਿਆਲ ਦੀ ਡੂੰਘਾਈ, ਕਲਪਨਾ ਦੀ ਉਡਾਣ, ਜ਼ਬਾਨ ਦੀ ਸਾਦਗੀ ਅਤੇ ਵਿਲੱਖਣ ਅੰਦਾਜ਼ੇ-ਬਿਆਂ ਦੀ ਖ਼ੂਬਸੂਰਤੀ ਨਾਲ ਸਹਿਜੇ ਹੀ ਮੰਨਵਾ ਜਾਂਦਾ ਹੈ

-----

ਉਸਦੀ ਸ਼ਾਇਰੀ ਇਸ਼ਕ ਮਜਾਜ਼ੀ ਤੋਂ ਸ਼ੁਰੂ ਹੋ ਕੇ ਇਸ਼ਕ ਹਕੀਕੀ ਵੱਲ ਪੜਾਅ ਤੈਅ ਨਹੀਂ ਕਰਦੀ, ਸਗੋਂ ਉਹ ਸਫ਼ਰ ਆਰੰਭ ਹੀ ਇਸ਼ਕ ਹਕੀਕੀ ਤੋਂ ਕਰਦੀ ਹੈ-

ਮੁਹੱਬਤ ਮੇਂ ਨਾਮੇ ਖ਼ੁਦਾ ਢੂੰਡਤਾ ਹੂੰ,

ਕਭੀ ਆ ਕੇ ਮੇਰੀ ਸਦਾ ਦੇਖੀਏਗਾ

ਇਸ ਲਈ ਉਸਦੀ ਸ਼ਾਇਰੀ ਵਿਚ ਜ਼ੁਲਫ਼, ਰਿੰਦ, ਸਾਕੀ, ਮੈਖ਼ਾਨਾ ਵਰਗੇ ਸ਼ਬਦ ਸੁਚੇਤ ਪੱਧਰ ਤੇ ਗ਼ਾਇਬ ਹਨਉਸਦੀ ਸ਼ਾਇਰੀ ਜ਼ਿੰਦਗੀ ਦੇ ਅੰਗ-ਸੰਗ ਰਹਿੰਦੀ, ਜ਼ਿੰਦਗੀ ਦੀਆਂ ਗੁੰਝਲਾਂ ਖੋਲ੍ਹਦੀ ਹੋਈ, ਜ਼ਿੰਦਗੀ ਨੂੰ ਪਹਾੜੀ ਚਸ਼ਮੇ ਵਰਗੀ ਰਵਾਨਗੀ ਬਖ਼ਸ਼ਦੀ ਹੈ

------

ਰਾਈਕਰਜ਼ ਆਈਲੈਂਡ ਵਿਚ ਬਣੀ ਕੁਰੈਕਸ਼ਨ ਡਿਪਾਰਟਮੈਂਟ ਦੀ ਜੇਲ੍ਹ ਵਿਚ ਮਨਮੋਹਨ ਆਲਮ ਸਾਈਕੋ-ਥੈਰੇਪਿਸਟ ਹੈ, ਜੋ ਕੈਦੀਆਂ ਦੀਆਂ ਮਨੋ-ਬਿਰਤੀਆਂ ਦਾ ਅਧਿਐਨ ਕਰਕੇ ਉਹਨਾਂ ਦਾ ਇਲਾਜ ਕਰਦਾ ਹੈਇਹੋ ਕੁਝ ਉਹ ਆਪਣੀਆਂ ਗ਼ਜ਼ਲਾਂ ਰਾਹੀਂ ਆਪਣੇ ਪਾਠਕਾਂ ਨਾਲ ਕਰਦਾ ਹੈ, ਜਦੋਂ ਉਹ ਪਾਠਕਾਂ ਦੀ ਸੁਰਤ ਨੂੰ ਹਲਕੇ ਸ਼ੌਕ, ਸਸਤੀ ਸ਼ੁਹਰਤ ਅਤੇ ਦਕੀਆਨੂਸੀ ਜੀਵਨ-ਜਾਚ ਤੋਂ ਉਪਰ ਉਠਾ ਕੇ ਵੱਡੀਆਂ ਤੇ ਅਣਕਥੀਆਂ ਗੱਲਾਂ ਨਾਲ ਸਫ਼ਰ ਕਰਾਉਂਦਾ ਹੈ ਤਾਂ ਪਾਠਕ ਨੂੰ ਇਕ ਸੁਖਦ ਜਿਹਾ ਸਕੂਨ ਮਹਿਸੂਸ ਹੁੰਦਾ ਹੈ

ਗੱਲ ਕਹਿਣ ਦਾ ਉਸਦਾ ਇਕ ਪੱਧਰ ਹੈ, ਜਿਸ ਤੋਂ ਉਹ ਕਦੇ ਵੀ ਹੇਠਾਂ ਨਹੀਂ ਡਿੱਗਦਾਇਸ ਲਈ ਕਈ ਵਾਰ ਉਹ ਦੁਹਰਾਓ ਤਾਂ ਕਰ ਜਾਂਦਾ ਹੈ, ਪਰ ਹਲਕਾ ਸ਼ਿਅਰ ਕਹਿਣਾ ਉਸਨੂੰ ਕਦਾਚਿਤ ਗਵਾਰਾ ਨਹੀਂ

-----

ਮਨਮੋਹਨ ਆਲਮ ਦ੍ਰਿਸ਼ਟ ਨਾਲੋਂ ਅਦ੍ਰਿਸ਼ਟ ਦੇ ਜ਼ਿਆਦਾ ਨੇੜੇ ਹੈਇਸ ਲਈ ਪਸੇ-ਮੰਜ਼ਰ, ਪਸੇ-ਪਰਦਾ ਆਦਿ ਸ਼ਬਦ ਵਾਰ ਵਾਰ ਉਸਦੀਆਂ ਗ਼ਜ਼ਲਾਂ ਵਿਚ ਆਉਂਦੇ ਹਨਇਤਿਹਾਸ ਉਸ ਲਈ ਬਹੁਤ ਨਿਗੂਣਾ ਹੈ ਕਿਉਂਕਿ ਉਹ ਇਤਿਹਾਸ ਨੂੰ ਨਹੀਂ, ਸਗੋਂ ਇਤਿਹਾਸ ਨੂੰ ਕਿਰਿਆਸ਼ੀਲ ਕਰਨ ਵਾਲੀਆਂ ਮਨੋਬਿਰਤੀਆਂ ਜਾਂ ਸ਼ਕਤੀਆਂ ਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੈਉਸਨੂੰ ਹਰ ਕਹਾਣੀ ਦੇ ਪਿੱਛੇ ਇਕ ਹੋਰ ਕਹਾਣੀ ਦਿਸਦੀ ਹੈਇਤਿਹਾਸਕਾਰ ਕੁਲ ਵਾਪਰੇ ਦਾ ਇਕ ਛੋਟਾ ਜਿਹਾ ਹਿੱਸਾ ਹੀ ਕਲਮ-ਬੱਧ ਕਰਨ ਦੇ ਸਮਰੱਥ ਹੁੰਦੇ ਹਨਇਸ ਵਿਚ ਵੀ ਉਹਨਾਂ ਦੀ ਮਾਨਸਿਕਤਾ ਦੇ ਅੰਸ਼ ਬਦੋ-ਬਦੀ ਰਲ਼ ਜਾਂਦੇ ਹਨਇਸੇ ਲਈ ਆਮ ਕਰਕੇ ਇਤਿਹਾਸ ਸੰਪੂਰਨ ਤੇ ਸ਼ੁਧ ਰੂਪ ਵਿਚ ਬਿਆਨ ਨਹੀਂ ਹੁੰਦਾਖ਼ਾਸ ਤੌਰ ਤੇ ਹਕੂਮਤਾਂ ਦੇ ਜ਼ੋਰ ਥੱਲੇ ਲਿਖਿਆ ਗਿਆ ਇਤਿਹਾਸਜਿਹੜੇ ਇਤਿਹਾਸਕਾਰ ਇਤਿਹਾਸ ਦੇ ਸਿਰਫ਼ ਬੁੱਤ ਹੀ ਸਿਰਜਦੇ ਹਨ, ਆਲਮ ਉਹਨਾਂ ਇਤਿਹਾਸਕਾਰਾਂ ਦੀ ਇਮਾਨਦਾਰੀ ਤੇ ਸ਼ੱਕ ਕਰਦਾ ਹੈ-

ਜ਼ਮਾਨਤ ਕੌਨ ਦੇ ਇਸ ਕੀ ਹੈ ਇਸ ਮੇਂ ਝੂਠ-ਸੱਚ ਕਿਤਨਾ,

ਮੁਅੱਰਖ਼ ਨੇ ਜੋ ਲਿਖਾ ਥਾ ਵੋ ਲੇ ਦੇ ਕਰ ਕਹਾਨੀ ਹੈ

(ਮੁਅੱਰਖ਼-ਇਤਿਹਾਸਕਾਰ)

-----

ਦਰਸ਼ਨ-ਸ਼ਾਸ਼ਤਰ ਤੇ ਮਨੋਵਿਗਿਆਨ ਦਾ ਆਪੋ ਵਿਚ ਤੇ ਕਵਿਤਾ ਨਾਲ ਡੂੰਘਾ ਸੰਬੰਧ ਹੈਇਹਨਾਂ ਵਿਸ਼ਿਆਂ ਤੇ ਜਿੰਨੀ ਜ਼ਿਆਦਾ ਸ਼ਾਇਰ ਦੀ ਪਕੜ ਹੋਵੇਗੀ, ਓਨੀ ਹੀ ਵੱਡੀ ਕਵਿਤਾ ਪੈਦਾ ਹੋਵੇਗੀਮਨਮੋਹਨ ਆਲਮ ਇਹਨਾਂ ਦੋਹਾਂ ਵਿਸ਼ਿਆਂ ਤੋਂ ਖ਼ੁਰਾਕ ਲੈਂਦਾ ਹੈਉਹ ਜ਼ਿੰਦਗੀ ਕੀ ਹੈ? ਵਰਗੇ ਔਖੇ ਤੇ ਵੱਡੇ ਫਲਸਫਾਨਾ ਸਵਾਲਾਂ ਦੇ ਰੂਬਰੂ ਹੁੰਦਾ ਹੈਉਸ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜ਼ਿੰਦਗੀ ਦੀ ਨਾ ਤਾਂ ਕੋਈ ਪ੍ਰਮਾਣਿਤ ਪਰਿਭਾਸ਼ਾ ਬਣੀ ਹੈ ਤੇ ਨਾ ਹੀ ਕੋਈ ਬਣ ਸਕਦੀ ਹੈਜ਼ਿੰਦਗੀ ਪ੍ਰਤੀ ਹਰ ਇਕ ਦਾ ਆਪਣਾ ਆਪਣਾ ਨਜ਼ਰੀਆ ਹੈ-

ਨਾ ਪੂਛੋ ਕਿ ਮਤਲਬ ਹੈ ਕਿਆ ਜ਼ਿੰਦਗੀ ਕਾ,

ਸਵਾਲ ਏਕ ਹੀ ਹੈ ਜਵਾਬ ਅਪਨਾ ਅਪਨਾ

ਆਲਮ ਇਸ ਸਵਾਲ ਕਿ ਜ਼ਿੰਦਗੀ ਕੀ ਹੈ? ਨਾਲੋਂ ਜ਼ਿੰਦਗੀ ਵਧੀਆ ਕਿਵੇਂ ਜੀਵੀ ਜਾ ਸਕਦੀ ਹੈ? ਨੂੰ ਜ਼ਿਆਦਾ ਮਹੱਤਵ ਦਿੰਦਾ ਹੈਇਸ ਪਿੱਛੇ ਉਸਦੀ ਉਮਰ ਦਾ ਲੰਮਾ ਤਜਰਬਾ ਵੀ ਕੰਮ ਕਰਦਾ ਹੈਉਸਦਾ ਵਿਚਾਰ ਹੈ ਕਿ ਹਰ ਇਕ ਪਲ ਨੂੰ ਭਰਪੂਰਤਾ ਨਾਲ ਮਾਣੋਂ, ਜਿਵੇਂ ਇਹ ਜ਼ਿੰਦਗੀ ਦਾ ਆਖ਼ਰੀ ਦਿਨ ਹੋਵੇਉਹ ਤਾਂ ਮੌਤ ਨੂੰ ਵੀ ਕਹਿੰਦਾ ਹੈ ਕਿ ਜ਼ਰਾ ਰੁਕ, ਮੈਨੂੰ ਇਹ ਲਮਹਾ ਚੰਗੀ ਤਰ੍ਹਾਂ ਜੀ ਲੈਣ ਦੇਪਰ ਮਨੁੱਖ ਇਹ ਕਰੇ ਕਿੱਦਾਂ? ਜਦੋਂ ਉਸਨੂੰ ਮੁਸੀਬਤਾਂ, ਫ਼ਿਕਰਾਂ, ਚਿੰਤਾਵਾਂ ਆਦਿ ਨੇ ਚੁਫ਼ੇਰਿਓਂ ਘੇਰਿਆ ਹੋਇਆ ਹੈਸ਼ਾਇਰ ਮੁਤਾਬਕ ਜ਼ਿੰਦਗੀ ਕੋਈ ਉਲਝੀ ਹੋਈ ਪਹੇਲੀ ਨਹੀਂ, ਜਿਸਨੂੰ ਸੋਚ ਸੋਚ ਕੇ ਹੱਲ ਕੀਤਾ ਜਾ ਸਕਦਾ ਹੈਦੁਨੀਆ ਨੂੰ ਇਕ ਤਮਾਸ਼ਾ ਸਮਝੋ ਅਤੇ ਆਪਣੇ ਆਪ ਨੂੰ ਇਸ ਮੇਲੇ ਵਿਚ ਗੁੰਮ ਕਰ ਦਿਓਜ਼ਿੰਦਗੀ ਨੂੰ ਮਸਤ-ਮੌਲੇ ਹੋ ਕੇ ਬੇਪਰਵਾਹੀ ਨਾਲ ਟੱਕਰੋਫਿਰ ਦੇਖਣਾ, ਜ਼ਿੰਦਗੀ ਕਿੰਨੀ ਖ਼ੂਬਸੂਰਤ ਲੱਗੇਗੀ-

ਜ਼ਿੰਦਗੀ ਹਰ ਹਾਲ ਮੇਂ ਹੈ ਖ਼ੂਬਸੂਰਤ ਇਸ ਕਦਰ,

ਤੁਮ ਕਭੀ ਇਸ ਕੀ ਸਦਾਕਤ ਬੇਖ਼ੁਦੀ ਸੇ ਪੂਛਨਾ

(ਸਦਾਕਤ-ਸੱਚਾਈ)

------

ਸਾਡੇ ਹਿੱਸੇ ਦੇ ਗ਼ਮ ਸਾਨੂੰ ਮਿਲਣੇ ਹੀ ਨੇ, ਚਾਹੇ ਉਹਨਾਂ ਨੂੰ ਹੱਸ ਕੇ ਕਬੂਲ ਕਰੀਏ ਚਾਹੇ ਰੋ ਕੇਮੁਝੇ ਯੇ ਗ਼ਮ ਨਾ ਹੋਤਾ ਗਰ, ਤੋ ਕੋਈ ਦੂਸਰਾ ਹੋਤਾਫਿਰ ਕਿਉਂ ਨਾ ਹੱਸ ਕੇ ਹੀ ਕਬੂਲ ਕੀਤੇ ਜਾਣਗ਼ਮ ਤਾਂ ਜ਼ਿੱਦੀ ਬੱਚਿਆਂ ਵਰਗੇ ਸਾਡੇ ਆਪਣੇ ਹਨ, ਸਾਡੀ ਸਿਰਜਣਾ ਦਾ ਇਕ ਅਹਿਮ ਹਿੱਸਾਇਸ ਲਈ ਸ਼ਾਇਰ ਆਪਣੇ ਗ਼ਮਾਂ ਨੂੰ ਏਨਾ ਪਿਆਰ ਕਰਦਾ ਹੈ ਕਿ ਉਹਨਾਂ ਦਾ ਇਲਾਜ ਵੀ ਨਹੀਂ ਕਰਨਾ ਚਾਹੁੰਦਾ-

ਆਪ ਕਹਿਤੇ ਹੈਂ ਕਿ ਗ਼ਮ ਹੈ ਤੋ ਇਲਾਜੇ-ਗ਼ਮ ਭੀ ਹੈ,

ਪਰ ਯੇ ਮੇਰਾ ਦਰਦ ਹੈ ਮੈਂ ਇਸਕਾ ਦਰਮਾਂ ਕਿਉਂ ਕਰੂੰ

(ਦਰਮਾਂ-ਇਲਾਜ)

-----

ਉਹ ਆਪਣੇ ਗ਼ਮਾਂ ਨੂੰ ਤਾਂ ਖ਼ੁਸ਼ੀ ਖ਼ੁਸ਼ੀ ਕਬੂਲ ਕਰਦਾ ਹੀ ਹੈ, ਸਗੋਂ ਹਮਦਰਦੀ ਜਿਤਾਉਣ ਵਾਲਿਆਂ ਦੇ ਅੰਦਰ ਵੀ ਸੂਖਮ ਝਾਤ ਪਾਉਂਦਾ ਹੈ-

ਮੇਰਾ ਗ਼ਮ ਪੂਛਨੇ ਵਾਲੇ,

ਤੁਝੇ ਕਿਸ ਬਾਤ ਕਾ ਗ਼ਮ ਹੈ

ਇਸ ਤਰ੍ਹਾਂ ਕਰਦਿਆਂ ਉਹ ਰੱਬ ਨੂੰ ਕਦੇ ਨਹੀਂ ਭੁੱਲਦਾ ਕਿਉਂਕਿ ਉਸਨੂੰ ਮਨੁੱਖੀ ਮਨ ਅੰਦਰ, ਰੱਬੀ ਧਰਵਾਸ ਦੀ ਵੱਡੀ ਤਾਕਤ ਦਾ ਇਹਸਾਸ ਹੈਉਹ ਰੱਬ ਦੀ ਗੱਲ ਕਰਦਿਆਂ ਸਿਰਫ਼ ਰਿਵਾਇਤੀ ਜਿਹਾ ਵਿਸ਼ਵਾਸ ਹੀ ਨਹੀਂ ਪ੍ਰਗਟਾਉਂਦਾ, ਸਗੋਂ ਫਲਸਫਾਨਾ ਦਲੀਲਾਂ ਖੜ੍ਹੀਆਂ ਕਰਦਾ ਹੈ-

ਹੈ ਪਸੇ-ਨਜ਼ਮੇ-ਅਨਾਸਰ ਕੋਈ ਪੋਸ਼ੀਦਾ ਜ਼ਰੂਰ,

ਬਾਗ਼ ਹੈ ਦੁਨੀਆ ਅਗਰ ਤੋ ਬਾਗ਼ਬਾਂ ਹੋਨਾ ਹੀ ਥਾ

(ਪਸੇ-ਨਜ਼ਮੇ-ਅਨਾਸਰ-ਪੰਜ ਤੱਤਾਂ ਦੀ ਜ਼ਿੰਦਗੀ ਦੇ ਪ੍ਰਬੰਧ ਨੂੰ ਬੰਨ੍ਹਣ ਪਿੱਛੇ)

(ਪੋਸ਼ੀਦਾ-ਛੁਪਿਆ ਹੋਇਆ)

-----

ਇਹੋ ਜਿਹੇ ਰੱਬੀ ਧਰਵਾਸ ਦੇ ਇਹਸਾਸ ਦਾ ਹੱਥ ਜਦੋਂ ਬੰਦੇ ਦੀ ਪਿੱਠ ਤੇ ਹੋਵੇ ਤਾਂ ਫਿਰ ਉਹ ਆਪਣੀ ਜ਼ਿੰਦਗੀ ਕਿਸੇ ਬੇਖ਼ੁਦੀ ਦੇ ਆਲਮ ਵਿਚ ਜਿਊਂਦਾ ਹੈ, ਜਿਸ ਦਾ ਆਪਣਾ ਹੀ ਸੁਆਦ ਹੁੰਦਾ ਹੈਫਿਰ ਉਹ ਜਣੇ-ਖਣੇ ਨੂੰ ਜੀ ਜੀਨਹੀਂ ਕਰਦਾਜੁਅਰੱਤੇ ਇਨਕਾਰਉਸ ਦੀ ਸ਼ਖ਼ਸੀਅਤ ਦਾ ਵੱਡਾ ਲੱਛਣ ਬਣ ਜਾਂਦਾ ਹੈ-

ਮੁਝੇ ਦੀਵਾਰ ਪੇ ਲਟਕੀ ਹੁਈ ਤਸਵੀਰ ਮਤ ਸਮਝੋ

ਹਰ ਇਨਸਾਂ ਕੋ ਰਿਝਾਨਾ ਤੋ ਮੇਰੀ ਤਕਦੀਰ ਮਤ ਸਮਝੋ

ਖ਼ੁੱਦਦਾਰੀ ਏਨੀ ਕਿ ਧੱਕੇ ਨਾਲ ਇਹੋ ਜਿਹੇ ਬੰਦੇ ਨੂੰ ਹੱਕ ਗੱਲਵੀ ਨਹੀਂ ਮੰਨਵਾਈ ਜਾ ਸਕਦੀਪਿਆਰ ਨਾਲ ਭਾਵੇਂ ਕੋਈ ਗ਼ੁਲਾਮੀ ਕਰਵਾ ਲਵੇਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਸਦੇ ਅੰਦਰੋਂ ਬਹੁਤ ਕੁਝ ਟੁੱਟਦਾ-ਭੱਜਦਾ ਹੈ, ਜਿਸਨੂੰ ਉਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰ ਸਕਦਾ-

ਮੁਝ ਸੇ ਜਬਰਨ ਫਿਰ ਸੇ ਵੋ ਹੱਕ ਬਾਤ ਮਨਵਾਨੇ ਲਗੇ

ਇਸ ਤਰ੍ਹਾ ਸੇ ਭੀ ਵੋ ਬਰਬਾਦੀ ਮੇਰੀ ਲਾਨੇ ਲਗੇ

ਦੂਜੇ ਪਾਸੇ ਨਿਰਮਾਣਤਾ ਏਨੀ ਕਿ ਆਪਣੀ ਗ਼ਲਤੀ ਲਈ ਖ਼ੁਦ ਨੂੰ ਵੱਡੀ ਤੋਂ ਵੱਡੀ ਸਜ਼ਾ ਦੇਣ ਲਈ ਵੀ ਤਿਆਰ-

ਅਗਰ ਤੁਮ ਗ਼ੌਰ ਫਰਮਾਓ ਤੋਂ ਮੈਂ ਇਕ ਇਲਤਜਾ ਲਿੱਖੂੰ

ਕਿ ਤੁਮ ਮੇਰੀ ਖ਼ਤਾ ਲਿੱਖੋ ਤੋਂ ਮੈਂ ਉਸ ਕੀ ਸਜ਼ਾ ਲਿੱਖੂੰ

(ਇਲਤਿਜਾ-ਬੇਨਤੀ)

-----

ਧਰਮ ਦਰਸ਼ਨ ਦਾ ਇਕ ਹੋਰ ਬਹੁਤ ਵੱਡਾ ਸਵਾਲ ਹੈ ਕਿ ਕੀ ਮਨੁੱਖ ਦੇ ਵਸ ਕੁਝ ਹੈ ਜਾਂ ਨਹੀਂਮਨੁੱਖ ਕੋਲ ਕੋਈ ਇੱਛਾ ਸ਼ਕਤੀ ਹੈ ਜਾਂ ਸਭ ਕੁਝ ਰੱਬੀ ਹੁਕਮ ਅੰਦਰ ਹੀ ਹੋ ਰਿਹਾ ਹੈ? ਆਦਮੀ ਨੂੰ ਜੋ ਕੁਝ ਮਿਲਦਾ ਹੈ ਜਾਂ ਵਾਪਰਦਾ ਹੈ, ਕੀ ਉਹ ਮਹਿਜ਼ ਇਕ ਹਾਦਸਾ ਹੁੰਦਾ ਹੈ ਜਾਂ ਉਸਦਾ ਮੁਕੱਦਰ? ਕਰਮ ਫਿਲਾਸਫੀ ਵੀ ਏਸੇ ਸਵਾਲ ਦੇ ਕਲਾਵੇ ਵਿਚ ਆਉਂਦੀ ਹੈਇਹੋ ਜਿਹੇ ਵੱਡੇ ਸਵਾਲ ਸ਼ਾਇਰ ਬੜੇ ਸਪੱਸ਼ਟ ਰੂਪ ਵਿਚ ਪਾਠਕਾਂ ਅੱਗੇ ਖੜ੍ਹੇ ਕਰਦਾ ਹੈ-

ਕਿਆ ਬਤੌਰੇ-ਹਾਦਸਾ ਮਿਲਤਾ ਰਹਾ ਜੋ ਭੀ ਮਿਲਾ,

ਯਾ ਮੁਝੇ ਅਪਨੇ ਮੁਕੱਦਰ ਕਾ ਲਿਖਾ ਮਿਲਤਾ ਰਹਾ?

ਉਹ ਫਿਲਾਸਫੀ ਦੇ ਇਕ ਹੋਰ ਨੁਕਤੇ ਨੂੰ ਵੀ ਉਭਾਰਦਾ ਹੈ ਕਿ ਕੀ ਹਰ ਚੰਗੀ ਚੀਜ਼ ਦੀ ਮਹੱਤਤਾ ਬੁਰੀ ਚੀਜ਼ ਦੀ ਹੋਂਦ ਤੇ ਨਿਰਭਰ ਕਰਦੀ ਹੈ? ਕੀ ਨੇਕੀ, ਸੱਚ, ਪੁੰਨ ਆਦਿ ਬਦੀ, ਝੂਠ, ਪਾਪ ਕਰਕੇ ਹੀ ਆਪਣੀ ਅਹਿਮੀਅਤ ਰੱਖਦੇ ਹਨ? ਰੱਬ ਦੀ ਵੱਡੀ ਖੇਡ ਅੰਦਰ ਇਹਨਾਂ ਦਾ ਕੀ ਸਥਾਨ ਹੈ?-

ਜ਼ਰੂਰੀ ਥਾ ਕਿ ਦੁਨੀਆ ਮੇਂ ਕੋਈ ਸ਼ੈਤਾਨ ਭੀ ਹੋਤਾ,

ਵਗਰਨਾ ਧੀਰੇ ਧੀਰੇ ਹਰ ਫ਼ਰਿਸ਼ਤਾ ਮਰ ਗਿਆ ਹੋਤਾ

-----

ਸ਼ਾਇਰ ਮੁਤਾਬਕ ਰੱਬ ਜਾਂ ਰੱਬ ਨਾਲ ਸੰਬੰਧਤ ਰਹੱਸਾਂ, ਗੁਹਜਾਂ, ਇਹਸਾਸਾਂ ਦਾ ਤਰਜਮਾ ਕਰਨਾ ਮੁਸ਼ਕਿਲ ਹੀ ਨਹੀਂ ਲਗਪਗ ਨਾਮੁਮਕਿਨ ਹੈਰੂਹਾਨੀ ਇਹਸਾਸ ਤਾਂ ਬਹੁਤ ਦੂਰ ਦੀ ਗੱਲ, ਮਨੁੱਖੀ ਇਹਸਾਸਾਂ ਨੂੰ ਵੀ ਲਫ਼ਜ਼ਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾਇਹਸਾਸਾਂ ਦੇ ਪ੍ਰਗਟਾਅ ਲਈ ਸ਼ਬਦ-ਕੋਸ਼ ਅਧੂਰੇ ਪੈ ਜਾਂਦੇ ਹਨਇਹਸਾਸ ਤਾਂ ਸਿਰਫ਼ ਮਹਿਸੂਸ ਕੀਤੇ ਜਾ ਸਕਦੇ ਹਨਮਾਣੇ ਜਾ ਸਕਦੇ ਹਨਇਹਨਾਂ ਨੂੰ ਸ਼ਬਦਾਂ ਦੀਆਂ ਜ਼ੰਜੀਰਾਂ ਵਿਚ ਬੰਨ੍ਹਿਆਂ ਨਹੀਂ ਜਾ ਸਕਦਾਅਕਲ ਦੇ ਘੇਰੇ ਬਹੁਤ ਛੋਟੇ ਹੁੰਦੇ ਹਨਹਰ ਇਕ ਚੀਜ਼ ਨੂੰ ਅਕਲ ਥਾਣੀਂ ਲੰਘਾ ਲੰਘਾ ਕੇ ਵੇਖੀ ਜਾਣਾ ਵੀ ਇਕ ਰੋਗ ਬਣ ਜਾਂਦਾ ਹੈ-

ਵੋ ਫ਼ਕਤ ਇਹਸਾਸ ਹੈ, ਮਹਿਸੂਸ ਕਰਤਾ ਹੂੰ ਉਸੇ,

ਸੋਚ ਕਰ ਕੁਛ ਔਰ ਅਬ ਦਿਲ ਕੋ ਪਸ਼ੇਮਾਂ ਕਿਊਂ ਕਰੂੰ!

(ਫ਼ਕਤ-ਸਿਰਫ਼)

ਕਹਾਂ ਇਹਸਾਸ ਹੋਤਾ ਹੈ ਖ਼ਿਰਦ ਯੇ ਮੁਝ ਕੋ ਬਤਲਾਏ,

ਮੁਝੇ ਅਲਫ਼ਾਜ਼ ਕੀ ਜ਼ੰਜੀਰ ਜਬ ਪਹਿਨਾਈ ਜਾਤੀ ਹੈ

(ਖ਼ਿਰਦ-ਅਕਲ)

-----

ਧਰਮ ਦਾ ਅਜੋਕਾ ਖ਼ੁਸ਼ਕ ਜਿਹਾ ਰੂਪ ਜੋ ਧਰਤੀ ਤੇ ਫੈਲ ਰਿਹਾ ਹੈ, ਉਸਦਾ ਪ੍ਰਮੁੱਖ ਕਾਰਨ ਇਹ ਹੈ ਕਿ ਰੂਹਾਨੀ ਇਹਸਾਸ ਤੋਂ ਸੱਖਣੇ ਲੋਕ ਜਦੋਂ ਧਰਮ ਦੀ ਵਿਆਖਿਆ ਕਰਦੇ ਹਨ ਤਾਂ ਆਪਣੀ ਰੋਗੀ ਮਾਨਸਿਕਤਾ ਦੇ ਅੰਸ਼ ਇਸ ਵਿਚ ਰਲਾ ਦਿੰਦੇ ਹਨਇਸ ਕਰਕੇ ਰੂਹਾਨੀ ਤਜਰਬੇ ਵਿਚੋਂ ਜਿਹੜਾ ਸਭਿਆਚਾਰ ਧਰਤੀ ਤੇ ਪੈਦਾ ਹੋਣਾ ਸੀ, ਉਸ ਦੀ ਥਾਂ ਬਹੁਤ ਹੀ ਘਟੀਆ ਸਭਿਆਚਾਰ ਧਰਤੀ ਤੇ ਪੈਦਾ ਹੋ ਗਿਆ ਹੈ, ਜਿਹੜਾ ਜਿਸਮਾਨੀ ਸੁਖ-ਸੁਵਿਧਾਵਾਂ ਦੀ ਤਾਂ ਹਰ ਫ਼ਰਮਾਇਸ਼ ਪੂਰੀ ਕਰ ਰਿਹਾ ਹੈ, ਪਰ ਰੂਹ ਦੀ ਖ਼ੁਰਾਕ ਦਾ ਕੋਈ ਪਰਬੰਧ ਨਹੀਂ ਕਰਦਾਕਮਾਲ ਦੀ ਗੱਲ ਤਾਂ ਇਹ ਹੈ ਕਿ ਮਨੁੱਖ ਜਿਸ ਨੂੰ ਰੂਹ ਦੀ ਖ਼ੁਰਾਕ ਸਮਝਦਾ ਹੈ, ਪਦਾਰਥਵਾਦ ਉਸ ਵਿਚ ਬੇਹੱਦ ਸੂਖਮਤਾ ਨਾਲ ਹਾਜ਼ਿਰ ਹੈਇੰਝ ਮਨੁੱਖ ਆਪਣੇ ਆਪ ਨਾਲ ਅਨੋਖੀ ਖੇਡ ਖੇਡੀ ਜਾ ਰਿਹਾ ਹੈ-

ਜਿਸਮ ਕੀ ਪੂਰੀ ਹੁਈ ਹਰ ਏਕ ਫ਼ਰਮਾਇਸ਼ ਮਗਰ,

ਰੂਹ ਕੇ ਹਰ ਦਰਦ ਕਾ ਦਰਮਾਂ ਅਧੂਰਾ ਰਹਿ ਗਿਆ

(ਦਰਮਾਂ-ਇਲਾਜ)

ਮਨੁੱਖੀ ਮਨ ਦੀ ਬਣਤਰ ਉਸਦੇ ਆਲੇ-ਦੁਆਲੇ ਅਤੇ ਵਾਤਾਵਰਣ ਤੋਂ ਕਿਸ ਕਦਰ ਪ੍ਰਭਾਵਿਤ ਹੈ ਮਨਮੋਹਨ ਆਲਮ ਇਕ ਸ਼ਿਅਰ ਰਾਹੀਂ ਪੇਸ਼ ਕਰ ਦਿੰਦਾ ਹੈ-

ਮੇਰੇ ਬਸ ਮੇਂ ਕਹਾਂ ਥਾ ਕਿ ਮੁਝੇ ਕੈਸਾ ਖ਼ਿਆਲ ਆਏ,

ਮੇਰਾ ਮਾਹੌਲ ਜੈਸਾ ਥਾ ਮੁਝੇ ਵੈਸਾ ਖ਼ਿਆਲ ਆਇਆ

------

ਮਨਮੋਹਨ ਆਲਮ ਜਿੱਥੇ ਰੂਹਾਨੀ, ਮਾਨਸਿਕ, ਧਰਮ, ਸਮਾਜ ਨਾਲ ਸੰਬੰਧਿਤ ਕੀ, ਕਿਵੇਂ, ਕਿਉਂ ਜਿਹੇ ਸਵਾਲ ਪੈਦਾ ਕਰਦਾ ਹੈ, ਉੱਥੇ ਉਹਨਾਂ ਲੋਕਾਂ ਦੀ ਬਾਤ ਵੀ ਪਾਉਂਦਾ ਹੈ, ਜਿਹਨਾਂ ਨੂੰ ਚੰਦ ਰੋਟੀ ਵਰਗਾ ਲਗਦਾ ਹੈਉਸ ਮਾਂ ਦੇ ਅੰਦਰ ਉਠਦੇ ਤੂਫ਼ਾਨਾਂ ਦੀ ਨਿਸ਼ਾਨਦੇਹੀ ਕਰਦਾ ਹੈ ਜਿਸ ਨੇ ਆਪਣੇ ਬੱਚਿਆਂ ਨੂੰ ਹੰਝੂਆਂ ਨਾਲ ਪਾਲਿਆ ਹੈਸ਼ਾਇਰ ਪੱਤਰਕਾਰਾਂ, ਕਲਮਕਾਰਾਂ, ਦਾਨਿਸ਼ਵਰਾਂ ਨੂੰ ਬਾਹੋਂ ਫੜ੍ਹ ਕੇ ਉਹਨਾਂ ਦੇ ਫ਼ਰਜ਼ ਯਾਦ ਕਰਵਾ ਕੇ ਆਪਣੀ ਕਲਮ ਦਾ ਮਾਣ ਰੱਖ ਲੈਂਦਾ ਹੈ

ਮਨਮੋਹਨ ਆਲਮ ਦੀ ਸ਼ਾਇਰੀ ਮਨੁੱਖੀ ਮਨ ਦੁਆਲੇ ਲਿਪਟੀ ਫ਼ਾਲਤੂ ਬੋਝਾਂ ਦੀ ਗ਼ਰਦ ਝਾੜ ਕੇ, ਆਤਮਕ ਤੌਰ ਤੇ ਸਡੌਲ, ਇਕ ਵਧੀਆ ਇਨਸਾਨ ਦਾ ਮਾਡਲ ਪੇਸ਼ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕਰਦੀ ਹੈ ਮਨਮੋਹਨ ਆਲਮ ਮਨੋਵਿਗਿਆਨਿਕ ਕਿੱਤੇ ਨਾਲ ਸੰਬੰਧਿਤ ਹੋਣ ਕਰਕੇ ਚੀਜ਼ਾਂ ਨੂੰ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਘੋਖਦਾ ਹੈਉਹ ਸੂਖਮ ਦ੍ਰਿਸ਼ਟੀ ਦਾ ਮਾਲਕ ਹੈ ਚਿਹਰੇ ਦੇ ਨਕਸ਼ ਉਹ ਕੇਵਲ ਪੜ੍ਹਦਾ ਹੀ ਨਹੀਂ ਸਗੋਂ ਇਹਨਾਂ ਦੀ ਤਹਿ ਚ ਪਏ ਜਜ਼ਬਿਆਂ, ਘਟਨਾਵਾਂ, ਕਾਰਨਾਂ, ਸੰਭਾਵਨਾਵਾਂ ਦੇ ਦਰਿਆਵਾਂ ਵਿਚ ਚੁੱਭੀ ਮਾਰਨ ਦੀ ਹਿੰਮਤ ਵੀ ਰੱਖਦਾ ਹੈਮਨੋਵਿਗਿਆਨਕ ਦ੍ਰਿਸ਼ਟੀ ਤੋਂ ਉਸਦੀ ਸ਼ਾਇਰੀ ਲਾਜਵਾਬ ਹੈ-

ਬਿਨਾ ਸੋਚੇ ਭੀ ਤੋ ਜੀਨਾ ਕੋਈ ਮੁਸ਼ਕਿਲ ਨਹੀਂ ਲੇਕਿਨ,

ਮੁਝੇ ਫਿਰ ਸੋਚ ਲੇਨੇ ਦੋ ਕਿ ਯੇ ਕੈਸਾ ਖ਼ਿਆਲ ਆਇਆ

-----

ਕੋਈ ਮੁਸ਼ਕਿਲ ਨਹੀਂ ਮੁਝ ਕੋ, ਤੁਝੇ ਯੇ ਬਾਤ ਸਮਝਾਨੀ,

ਮਗਰ ਇਸ ਵਕਤ ਮੁਝ ਕੋ ਬਸ ਤੇਰੀ ਔਕਾਤ ਕਾ ਡਰ ਹੈ

-----

ਮੁਝੇ ਅੱਛਾ ਲਗੇ ਯਾ ਨਾ ਲਗੇ ਅਬ ਇਸ ਕੇ ਕਿਆ ਮਾਈਨੇ,

ਕਿ ਜੋ ਅੱਛਾ ਲਗਾ ਵੋ ਭੀ ਸਦਾ ਅੱਛਾ ਨਹੀਂ ਲਗਤਾ

-----

ਸ਼ਿਕਵਾ ਤੋ ਕੋਈ ਭੀ ਨਹੀਂ ਮੁਝ ਸੇ ਉਸੇ ਮਗਰ,

ਉਲਝਨ ਉਸੇ ਹੈ ਕਿ ਮੁਝੇ ਉਲਝਨ ਕੋਈ ਨਹੀਂ

-----

ਗ਼ਜ਼ਲ-ਸੰਗ੍ਰਹਿ ਦਾ ਨਾਮ ਧੂਪ-ਛਾਓਂਇਕ ਸੂਤਰ ਵਾਂਗ ਗ਼ਜ਼ਲਾਂ ਦੇ ਅੰਦਰ-ਬਾਹਰ ਪਰੋਇਆ ਹੋਇਆ ਹੈ, ਜੋ ਜ਼ਿੰਦਗੀ ਵਿਚ ਆਉਂਦੇ ਦੁੱਖਾਂ-ਸੁੱਖਾਂ, ਖ਼ੁਸ਼ੀਆਂ-ਗ਼ਮੀਆਂ ਦਾ ਵੱਡਾ ਪ੍ਰਤੀਕ ਬਣ ਕੇ ਉਭਰਦਾ ਹੈ

ਸੁਰਿੰਦਰ ਸੋਹਲ ਨੇ ਸ਼ਾਹਮੁਖੀ ਲਿੱਪੀ ਵਿਚ ਛਪੀ, ਉਰਦੂ ਜ਼ਬਾਨ ਦੀ ਪੁਸਤਕ ਧੂਪ ਛਾਂਓਂ ਦਾ ਗੁਰਮੁਖੀ ਲਿੱਪੀ ਵਿਚ ਲਿੱਪੀਅੰਤਰ ਕਰਨ ਵੇਲੇ ਪਾਠਕ ਦੀ ਸਹੂਲਤ ਵਾਸਤੇ ਔਖੇ ਸ਼ਬਦਾਂ ਦੇ ਅਰਥ ਵੀ ਫੁੱਟਨੋਟ ਵਿਚ ਦੇ ਦਿੱਤੇ ਹਨਇੰਝ ਪਾਠਕ ਦੇ ਸ਼ਬਦਕੋਸ਼ ਵਿਚ ਵਾਧਾ ਵੀ ਹੋਵੇਗਾ ਅਤੇ ਪੁਸਤਕ ਪੜ੍ਹ ਕੇ ਮਾਣਨ ਦੇ ਅਨੰਦ ਵਿਚ ਵੀ ਖਲਲ ਨਹੀਂ ਪਵੇਗਾ

-----

ਮਨਮੋਹਨ ਆਲਮ ਨੂੰ ਮੈਂ ਨਿੱਜੀ ਤੌਰ ਤੇ ਅਜੇ ਤੱਕ ਨਹੀਂ ਮਿਲਿਆ ਹਾਂਸੁਰਿੰਦਰ ਸੋਹਲ ਮੁਤਾਬਕ-ਉਹ ਬੇਹੱਦ ਮਿਲਾਪੜਾ, ਗੰਭੀਰ, ਚਿੰਤਨਸ਼ੀਲ ਅਤੇ ਸਾਦਾ ਤਬੀਅਤ ਇਨਸਾਨ ਹੈਆਪਣੀ ਸ਼ਾਇਰੀ ਦੀ ਕਾਮਯਾਬੀ ਪਿੱਛੇ ਉਹ ਆਪਣੀ ਪਤਨੀ ਪਰਮਜੀਤ ਕੌਰ ਦੇ ਯੋਗਦਾਨ ਨੂੰ ਅੱਖੋਂ ਓਹਲੇ ਨਹੀਂ ਕਰਦਾਕਈ ਵਾਰ ਮਸਤੀ ਵਿਚ ਆਇਆ ਹੋਇਆ ਮਨਮੋਹਨ ਆਲਮ ਆਪਣੀ ਪਤਨੀ ਬਾਰੇ ਲਿਖੀ ਰੁਬਾਈ ਸੁਣਾ ਕੇ ਆਪਣੇ ਗੰਭੀਰ ਸੁਭਾਅ ਪਿੱਛੇ ਲੁਕੇ ਹੋਏ ਚੰਚਲ, ਸ਼ੋਖ਼ ਤੇ ਹੱਸਮੁਖ ਮਨਮੋਹਨ ਆਲਮ ਦੇ ਦਰਸ਼ਨ ਵੀ ਕਰਵਾ ਦਿੰਦਾ ਹੈ-

ਰੋਜ਼ ਚਾਵਲ ਉਬਾਲ ਰੱਖਤੀ ਹੋ

ਸਾਥ ਮੂੰਗੀ ਕੀ ਦਾਲ ਰੱਖਤੀ ਹੋ

ਬਾਜ਼ੌ-ਕਾਤ ਸੋਚਤਾ ਹੂੰ ਕਿ ਤੁਮ,

ਮੇਰਾ ਕਿਤਨਾ ਖ਼ਿਆਲ ਰੱਖਤੀ ਹੋ

******