ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Saturday, December 27, 2008

ਸੁਖਿੰਦਰ - ਪ੍ਰਦੂਸ਼ਿਤ ਹਵਾ ਨਾਲ਼ ਸੰਵਾਦ

ਪੁਸਤਕ ਰੀਵਿਊ: ਪ੍ਰਦੂਸਿ਼ਤ ਹਵਾ ਨਾਲ ਸੰਵਾਦ ( ਕਾਵਿ-ਸੰਗ੍ਰਹਿ)

ਲੇਖਕ: ਸੁਖਿੰਦਰ

ਲੋਕ ਗੀਤ ਪ੍ਰਕਾਸ਼ਨ

ਰੀਵਿਊਕਾਰ: ਡਾ. ਗੁਰਭਗਤ ਸਿੰਘ, ਸਾਬਕਾ ਪ੍ਰੋਫੈਸਰ, ਮੁਖੀ ਅਤੇ ਡੀਨ ਭਾਸ਼ਾਵਾਂ,

ਪੰਜਾਬੀ ਯੂਨੀਵਰਸਿਟੀ, ਪਟਿਆਲਾ

ਉਤਰਪ੍ਰਗਤੀਸ਼ੀਲਤਾ

ਸੁਖਿੰਦਰ ਦੀ ਪੁਸਤਕ ਪ੍ਰਦੂਸਿ਼ਤ ਹਵਾ ਨਾਲ ਸੰਵਾਦਦੀ ਮੌਲਿਕਤਾ ਅਤੇ ਨਵੀਂ ਪੁਲਾਂਘ ਉਤਰਪ੍ਰਗਤੀਸ਼ੀਲ ਹੋਣ ਵਿੱਚ ਹੈ। ਪ੍ਰਗਤੀਸ਼ੀਲ ਦੌਰ ਦੀ ਕਵਿਤਾ ਜਮਾਤੀ ਜੰਗ, ਕ੍ਰਾਂਤੀ ਅਤੇ ਅਮਰੀਕਨ-ਪੱਛਮੀ ਪੂੰਜੀਵਾਦ ਦੇ ਵਿਰੋਧ ਨਾਲ ਸੰਬੰਧਿਤ ਸੀ। ਇਸ ਵਿੱਚ ਸੋਵੀਅਤ ਯੂਨੀਅਨ, ਚੀਨ ਅਤੇ ਕਿਊਬਾ ਦੇ ਸਮਾਜਵਾਦੀ ਪ੍ਰਬੰਧਾਂ ਨੂੰ ਵਡਿਆਇਆ ਗਿਆ ਸੀ। ਠੰਢੀ ਜੰਗ ਖਤਮ ਹੋਣ ਤੋਂ ਪਿੱਛੋਂ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਸਾਮਰਾਜ ਅਤੇ ਹਿਟਲਰਾਂ ਦੇ ਕਈ ਰੂਪ ਹਨ। ਇਹ ਸਮਾਜਵਾਦੀ ਪ੍ਰਬੰਧਾਂ ਵਿੱਚ ਵੀ ਵਧਦੇ ਫੁੱਲਦੇ ਰਹੇ ਹਨ. ਨਿੱਕੇ ਨਿੱਕੇ ਹਿਟਲਰਉੱਥੇ ਵੀ ਮੌਜੂਦ ਸਨ, ਫਾਸ਼ੀਵਾਦੀ ਹੋਣ ਲਈ ਸ਼ਾਸਕ ਹੋਣਾ ਜ਼ਰੂਰੀ ਨਹੀਂ, ਮਨ ਅਤੇ ਸੱਭਿਆਚਾਰਕ ਸਥਿਤੀ ਵਿੱਚ ਵੀ ਇੱਕ ਵਿਅਕਤੀ ਜਾਂ ਸੰਗਠਨ ਦੂਜਿਆਂ ਨੂੰ ਹਾਸ਼ੀਅਤ ਕਰਨ ਸਮੇਂ ਫਾਸ਼ੀਵਾਦੀ ਹੋ ਸਕਦਾ ਹੈ. ਪੂੰਜੀਵਾਦੀ ਪ੍ਰਬੰਧਾਂ ਨੇ ਜੋ ਮਨੁੱਖੀ ਅਧਿਕਾਰਾਂ ਸੰਬੰਧੀ, ਉਤਰਆਧੁਨਿਕ, ਪਰਾ-ਆਧੁਨਿਕ ਮੁਕਤੀ ਦਾਅਵੇ ਕੀਤੇ ਹਨ, ਉਨ੍ਹਾਂ ਦੇ ਬਾਵਜੂਦ ਉੱਥੇ ਅਧੋਗਤੀ ਵੀ ਆਈ ਹੈ। ਨਵੇਂ ਕਿਸਮ ਦੇ ਮਖੌਟੇ ਬਣੇ ਹਨ, ਨਵੇਂ ਕਿਸਮ ਦਾ ਤਕਨਾਲੋਜੀ ਆਧਾਰਿਤ ਵੇਸਵਾਗਮਨ ਉੱਭਰਿਆ ਹੈ।

ਉਤਰਪ੍ਰਗਤੀਸ਼ੀਲ ਕਵਿਤਾ, ਬਿਨਾ ਆਰਥਿਕ ਪ੍ਰਬੰਧਾਂ, ਵਿਚਾਰਧਾਰਾ ਜਾਂ ਰਾਜਨੀਤਕ ਧਿਰਬਾਜ਼ੀ ਨੂੰ ਪ੍ਰਾਥਮਿਕਤਾ ਦੇਣ ਦੇ, ਨਿਆਂ, ਜੀਵਨ-ਮੁਕਤੀ ਅਤੇ ਸਵਸਥ ਜੀਵਨ ਨੂੰ ਪਹਿਲ ਦਿੰਦੀ ਹੈ, ਇਸਦੇ ਮੁੱਦੇ ਜੀਵਨ ਦੇ ਸੁੱਚਮ ਨਾਲ ਜੁੜੇ ਹੋਏ ਹਨ, ਅਧੋਗਤ ਦ੍ਰਿਸ਼ਾਂ ਦੇ ਬਾਵਜੂਦ ਕਵੀ ਨੂੰ ਹਰ ਦਿਸ਼ਾ ਚੋਂਰੌਸ਼ਨੀ ਆਉਂਦੀ ਦਿਸਦੀ ਹੈ. ਉਤਰਪ੍ਰਗਤੀਸ਼ੀਲ ਕਵੀ ਲਈ ਕੁੱਲ ਸੰਸਾਰ ਇੱਕ ਉਪਗ੍ਰਹਿ ਹੈ, ਇੱਕ ਪਲੈਨੈੱਟ ਹੈ। ਸਾਰੀ ਪ੍ਰਗਤੀ ਮਨੁੱਖ ਦਾ ਸਾਂਝਾ ਵਿਰਸਾ ਹੈ:

ਮਨੁੱਖੀ ਇਤਿਹਾਸ-

ਸਮੁੱਚੀ ਮਨੁੱਖਤਾ ਦਾ ਇਤਿਹਾਸ ਹੈ

ਮਾਊਂਟ ਐਵਰਿਸਟ ਉੱਤੇ ਪਹਿਲੇ ਕਦਮ ਰੱਖਣ ਵਾਲੇ

ਤੇਨ ਜ਼ਿੰਗ ਦਾ ਇਤਿਹਾਸ

ਪੁਲਾੜ ਦੀਆਂ ਬੁਲੰਦੀਆਂ ਛੁਹਣ ਵਾਲੇ

ਯੂਰੀ ਗਗਾਰਨ ਦਾ ਇਤਿਹਾਸ

..........................

ਚੰਨ ਉੱਤੇ ਬੱਚਿਆਂ ਵਾਂਗ ਤੁਰਨਾ ਸਿੱਖਣ ਵਾਲੇ

ਨੀਲ ਆਰਮਸਟਰਾਂਗ ਦਾ ਇਤਿਹਾਸ

ਧਰਤੀ ਦੁਆਲੇ ਕਿਣਕਾ ਕਿਣਕਾ ਹੋ ਕੇ ਖਿੰਡ ਜਾਣ ਵਾਲੀ

ਕਲਪਨਾ ਚਾਵਲਾ ਦਾ ਇਤਿਹਾਸ

(ਸੁਨਹਿਰੀ ਯਾਦਾਂ”)

ਇਹ ਉਤਰਪ੍ਰਗਤੀਸ਼ੀਲ ਕਵਿਤਾ ਕੇਵਲ ਸੱਚਨੂੰ ਸਮਰਪਿਤ ਹੈ। ਜਿੱਥੇ ਜਿੱਥੇ ਵੀ ਮਨੁੱਖ ਨੂੰ ਨਿਰਚਿਹਰਿਤ ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ, ਉਸ ਨੂੰ ਨਿੰਦਦੀ ਹੈ। ਇਸ ਸੰਬੰਧ ਵਿੱਚ ਪੱਛਮਅਤੇ ਪੂਰਬਵਿੱਚ ਕੀਤੀ ਗਈ ਵੰਡ ਨੂੰ ਵੀ ਰੱਦ ਕਰਦੀ ਹੈ :

ਕੰਧਾਂ ਉਹਲੇ ਲੁਕੇ ਹੋਏ ਨੇ ਲੋਕੀਂ

ਆਪਣਾ ਚਿਹਰਾ ਜਿਨ੍ਹਾਂ ਕੋਲ ਨਹੀਂ ਹੈ;

ਇਹੀ ਪੱਛਮ ਦਾ ਸੱਚ ਹੈ

ਇਹੀ ਪੂਰਬ ਦੀ ਵਿੱਥਿਆ

(ਸੱਚ”)

ਭਾਵੇਂ ਸੁਖਿੰਦਰ ਦੀ ਇਹ ਕਵਿਤਾ ਮਨੁੱਖੀ ਮੁਕਤੀ ਲਈ, “ਹਤਿਆਰਿਆਂ ਦੇ ਸਿਰਾਂ ਚ ਵੱਜਣ ਲਈ ਬੰਦੂਕ ਦੀ ਗੋਲੀਬਣਨਾ ਵੀ ਕਵਿਤਾ ਦਾ ਫਰਜ਼ ਸਮਝਦੀ ਹੈ, ਤਦ ਵੀ ਇਸ ਵਿੱਚ ਰਵਾਇਤੀ ਪ੍ਰਗਤੀਸ਼ੀਲ ਕਵਿਤਾ ਦੀ ਜਮਾਤੀ ਜੰਗ ਅਤੇ ਦਵੰਦ ਨੂੰ ਪ੍ਰਾਥਮਿਕਤਾ ਨਹੀਂ ਦਿੱਤੀ ਗਈ. ਮੁੱਖ ਮੁੱਦੇ ਨਿਆਂ, ਅਤੇ ਨਿਰਹਾਸਿ਼ਅਤ ਸਵਸਥ ਜੀਵਨ ਹਨ. ਇਹ ਕਵਿਤਾ ਆਜ਼ਾਦੀ ਦਾ ਪਰਚਮਹੈ। ਦਵੰਦਾਤਮਕ ਸੰਘਰਸ਼ ਵਿੱਚ ਇੱਕ ਧਿਰ ਹਾਰਦੀ ਹੈ, ਉਸ ਦੇ ਹਾਸ਼ੀਅਤ ਹੋਣ ਦੀ ਕੋਈ ਸੀਮਾ ਨਹੀਂ। ਇਸ ਸੰਘਰਸ਼ ਦਾ ਹਥਿਆਰ ਸ਼ਕਤੀ ਜਾਂ ਪਾਵਰ ਨਾਲ ਆਪਣੇ ਆਪ ਨੂੰ ਸਥਾਪਿਤ ਕਰਨਾ ਹੈ। ਕੁੱਲ ਮਨੁੱਖ ਦੀ ਜਿੱਤ ਲਈ ਪਾਵਰ, ਹਰਾਉਣ ਵਾਲਾ ਘੋਲ, ਇੱਕ ਜਮਾਤ ਦਾ ਦੂਜੀ ਉੱਤੇ ਅਗ੍ਰਹਣ, ਆਦਿ ਕੈਟੇਗਰੀਆਂ ਬਾਰੇ ਪੁਨਰ-ਚਿੰਤਿਤ ਹੋਣ ਲਈ ਪ੍ਰੇਰਦੀ ਹੈ। ਇੱਥੇ ਯਵਤੂਸ਼ੈਂਕੋ, ਪਾਸ਼, ਐਲਨ ਗਿਨਸਬਰਗ, ਅਲ ਪਰਡੀ, ਇੱਕੋ ਸਿਰਜਨਾਤਮਕ ਵਿਰਾਸਤ ਦੇ ਅੰਗ ਹਨ। ਉਹ ਬੁਝ ਰਹੇ ਚਿਰਾਗਾਂ ਦੀ ਰੌਸ਼ਨੀ ਨੂੰ ਤੇਜ਼ ਕਰਦੇ ਹਨ। ਉਹ ਬੁਝ ਰਹੇ ਚਿਰਾਗ ਅਮਰੀਕਾ ਦੇ ਹੋਣ, ਰੂਸ ਦੇ ਹੋਣ, ਭਾਰਤ ਦੇ ਹੋਣ ਜਾਂ ਲਾਤੀਨੀ ਅਮਰੀਕਾ ਦੇ।

ਸੁਖਿੰਦਰ ਦੀ ਧਾਰਨਾ ਹੈ ਕਿ ਭਾਵੇਂ ਕਵਿਤਾ ਵਿੱਚ ਕੁਝ ਕਮਜ਼ੋਰੀ ਆਈ ਹੈ। ਇਹ ਆਪਣਾ ਫ਼ਰਜ਼ ਪੂਰੇ ਹਥਿਆਰਬੱਧ ਰੂਪ ਵਿੱਚ ਨਹੀਂ ਨਿਭਾ ਰਹੀ, ਤਾਂ ਵੀ ਇਹ ਆਪਣੀ ਸ਼ਕਤੀ ਨਾਲ ਆਏਗੀ ਵਾਪਸ ਜ਼ਰੂਰ”, ਉਹ ਨਿਰਦਿਸ਼ਟ ਹੋ ਰਹੀ ਜਾਂ ਪਰਾ-ਚੇਤੰਨ ਹੋ ਰਹੀ ਕਵਿਤਾ ਉੱਤੇ ਵੀ ਆਪਣਾ ਵਿਅੰਗ ਕੱਸਦਾ ਹੈ :

ਸੁਣਦੇ ਹਾਂ ਕਵਿਤਾ ਬਹੁਤ ਅੱਗੇ ਲੰਘ ਗਈ ਹੈ

ਸਾਡੀ ਧਰਤੀ ਤੋਂ ਬਹੁਤ ਦੂਰ ਕਿਸੇ ਹੋਰ ਧਰਤੀ ਉੱਤੇ

ਰਹਿਣ ਵਾਲੇ ਲੋਕਾਂ ਦੀ

ਚੇਤਨਾ ਦੇ ਹਾਣ ਦੀ

ਬਣ ਕੇ ਵਿਚਰਨ ਲਈ

(ਕਵਿਤਾ”)

ਸੁਖਿੰਦਰ ਦੇ ਇਸ ਕਾਵਿ-ਸੰਗ੍ਰਹਿ ਵਿੱਚ ਪੂੰਜੀ ਇੱਕ ਅਹਿਮ ਮੁੱਦਾ ਹੈ। ਪੂੰਜੀ ਅੱਜ ਸਾਡੇ ਰਿਸ਼ਤੇ ਨਾਤੇ, ਚੇਤਨਤਾ, ਸਮਾਜਕ ਵਿਹਾਰ, ਵਰਤਾਉ ਨਿਸ਼ਚਿਤ ਕਰ ਰਹੀ ਹੈ। ਪੂੰਜੀ ਮਾਰਕਸ ਦੇ ਕਹਿਣ ਅਨੁਸਾਰ ਇੱਕ ਨੈੱਟਵਰਕ ਹੈ। ਜੇ ਪੂੰਜੀ ਨੂੰ ਸਮਾਜਕ ਕਦਰਾਂ ਕੀਮਤਾਂ ਨਾਲ ਜੋੜ ਕੇ ਰੱਖਿਆ ਜਾਵੇ ਤਾਂ ਨੈੱਟਵਰਕ ਸਵਸਥ ਹੋਵੇਗਾ। ਜੇ ਇਹ ਬੇਲਗਾਮ ਹੋ ਜਾਵੇ ਤਾਂ ਵਿਨਾਸ਼ਕਾਰੀ ਸਿੱਧ ਹੋ ਸਕਦੀ ਹੈ। ਹੁਣ ਅਭਿਆਸ ਦਾ ਸੱਚ ਇਹ ਹੈ ਕਿ ਭਾਵੇਂ ਪ੍ਰਬੰਧ ਸਮਾਜਵਾਦੀ ਹਨ ਜਾਂ ਪੂੰਜੀਵਾਦੀ, ਵਿਕਾਸ ਦੀ ਹੋੜ ਵਿੱਚ ਦੋਹਾਂ ਪ੍ਰਬੰਧਾਂ ਵਿੱਚ ਪੂੰਜੀ ਕੁਝ ਬੇ-ਲਗਾਮ ਹੈ। ਜਿਸ ਨਾਲ ਇਸ ਦਾ ਭਾਗ ਨਿਸ਼ਧਾਤਮਕ ਵੀ ਬਣ ਗਿਆ ਹੈ। ਹਰ ਸਮਾਜ ਵਿੱਚ ਇਸ ਵੇਲੇ ਪੂੰਜੀ ਨੇ ਐਕਸਚੇਂਜ ਦਾ ਨੈੱਟਵਰਕ ਹੀ ਉਸਰਿਆ ਹੈ। ਇਸ ਨਾਲ ਮਨੁੱਖੀ ਰਿਸ਼ਤਿਆਂ ਦਾ ਪਤਨ ਹੋਇਆ ਹੈ :

ਪਤੀ, ਪਤਨੀ ਨੂੰ

ਵੇਸਵਾ ਵਾਂਗ ਵਰਤਦਾ ਹੈ

ਪਿਤਾ ਲਈ ਧੀ

ਮਹਿਜ਼, ਇੱਕ ਬਜ਼ਾਰੂ ਵਸਤ ਹੈ

ਪੁੱਤਰ, ਬੈਂਕ ਬੈਲੈਂਸ ਤੋਂ ਵੱਧ

(ਸ਼ਬਦਾਂ ਦੇ ਪਿੱਛੇ ਨ ਜਾਣਾ”)

ਆਈਨਸਟਾਈਨ ਦੇ ਸਾਪੇਖਤਾ ਸਿਧਾਂਤ ਨੇ ਜਿਵੇਂ ਵਿਚਾਰਾਂ ਦੀ ਸਥਿਰਤਾ ਨੂੰ ਤੋੜਿਆ ਹੈ, ਇੱਕੋ ਦ੍ਰਿਸ਼ਟੀ ਦੀ ਸਰਦਾਰੀ ਨੂੰ ਵੰਗਾਰਿਆ ਹੈ, ਜੇ ਉਸ ਦਾ ਇੱਕ ਗਿਆਨਵੰਤ ਪੱਖ ਹੈ ਤਾਂ ਦੂਜੇ ਪਾਸੇ ਚੇਤਨਤਾ ਦੀ ਅਰਾਜਕਤਾ ਵੀ ਲਿਆਂਦੀ ਹੈ। ਸੁਖਿੰਦਰ ਇਸ ਬਾਰੇ ਦੁਬਾਰਾ ਸੋਚਣ ਲਈ ਪ੍ਰੇਰਦਾ ਹੈ। ਪਰ ਉਹ ਫਿਰ ਵੀ ਪ੍ਰਤੀਬੱਧਤਾਦੇ ਰਵਾਇਤੀ/ਕਲਾਸਕੀ ਅਰਥ ਪ੍ਰਵਾਨ ਕਰਨ ਨੂੰ ਤਿਆਰ ਨਹੀਂ। ਉਸ ਲਈ ਪ੍ਰਤੀਬੱਧਤਾ ਮਨ ਦੀ ਅਵਸਥਾਹੈ, ਇੱਕ ਬਿਆਨ ਹੈ ਕਿ ਤੁਸੀਂ ਆਦਮੀਅਤਵੱਲ ਖੜ੍ਹੇ ਹੋ ਜਾਂ ਪਸ਼ੂਪਣਵੱਲ ?” ਉਹ ਇਹ ਕਹਿ ਰਿਹਾ ਹੈ ਕਿ ਪ੍ਰਤੀਬੱਧਹੋ ਕੇ ਵੀ ਤੁਹਾਡਾ ਵਿਹਾਰ ਜ਼ਾਲਿਮਾਨਾ, ਪਸ਼ੂਆਂ ਵਰਗਾ ਹੋ ਸਕਦਾ ਹੈ, ਜਿਵੇਂ ਕੁਝ ਸਮਾਜਵਾਦੀ ਪ੍ਰਬੰਧਾਂ ਵਿੱਚ ਹੋਇਆ, ਜਾਂ ਜਿਵੇਂ ਕੁਝ ਸਾਮਰਾਜੀ / ਪੂੰਜੀਵਾਦੀ ਪ੍ਰਬੰਧਾਂ ਵਿੱਚ ਹੋਇਆ। ਹਿਟਲਰ, ਸਟਾਲਿਨ, ਮਕਾਰਥੀ ਕਿਧਰੇ ਵੀ ਹੋਣ, ਉਨ੍ਹਾਂ ਦੀ ਪ੍ਰਤੀਬੱਧਤਾ, “ਆਦਮੀਅਤਦੇ ਘੇਰੇ ਤੋਂ ਬਾਹਰ ਹੈ।

ਇਸ ਸੰਗ੍ਰਹਿ ਦੀ ਆਖਰੀ ਕਵਿਤਾ ਆਓ, ਫਿਰ ਜੁਗਨੂੰ ਬਣੀਏਵਿੱਚ ਸੁਖਿੰਦਰ ਬੜੇ ਆਸ਼ਾਵਾਦੀ ਬਲ ਨਾਲ ਕਹਿੰਦਾ ਹੈ :

ਆਓ, ਇਕ ਵਾਰ ਫਿਰ

ਜੁਗਨੂੰ ਬਣੀਏ-

ਮੋਮਬੱਤੀਆਂ

ਦੀਵੇ

ਜਾਂ ਮਿਸ਼ਾਲਾਂ

ਕਵੀ ਜਿਸ ਤਰ੍ਹਾਂ ਦੇ ਜੁਗਨੂੰ ਬਣਾਉਣਾ ਚਾਹੁੰਦਾ ਹੈ, ਉਨ੍ਹਾਂ ਦੀ ਰੌਸ਼ਨੀ ਇਕਾਂਗੀ, ਇੱਕ ਪਾਸਾਰੀ ਵਿਚਾਰਧਾਰਕ, ਜਾਂ ਇੱਕ ਆਰਥਿਕਤਾ ਨੂੰ ਪਹਿਲ ਦੇਣ ਵਾਲੀ ਧਿਰਬਾਜ਼ ਰੌਸ਼ਨੀ ਨਹੀਂ ਹੋਵੇਗੀ, ਸਗੋਂ ਬਹੁ-ਸੱਭਿਆਚਾਰਕ ਅਤੇ ਕੁੱਲ ਮਨੁੱਖ ਦੀ ਹਿਤੈਸ਼ੀ ਪਲੈਨੇਟਰੀ ਰੌਸ਼ਨੀ ਹੋਵੇਗੀ। ਇਸ ਵਿਸ਼ਾਲਤਾ ਨਾਲ ਭਰਪੂਰ ਉਪਗ੍ਰਹੀ ਨਾਲ ਭਰਪੂਰ ਉਪਗ੍ਰਹੀ ਰੌਸ਼ਨੀ ਹੀ ਸੁਖਿੰਦਰ ਦੀ ਉਤਰਪ੍ਰਗਤੀਸ਼ੀਲਤਾ ਹੈ। ਕਿਧਰੇ ਕਿਧਰੇ ਉਸ ਦੀ ਆਲੋਚਨਾਤਮਕ ਬਿਰਤੀ ਭਾਰੂ ਹੋ ਜਾਂਦੀ ਹੈ, ਉਸ ਦਾ ਰੈਟਰਿਕ ਕਵਿਤਾ ਉੱਤੇ ਛਾ ਜਾਂਦਾ ਹੈ, ਪਰ ਇਹ ਵਿਸ਼ੇਸ਼ਤਾ ਉਸ ਨੂੰ ਰੁਮਾਂਟਿਕ ਜਲੌਅ ਤੋਂ ਵੀ ਮੁਕਤ ਰੱਖਦੀ ਹੈ।

ਸੁਖਿੰਦਰ ਨੇ ਉਤਰਆਧੁਨਿਕਤਾਜਾਂ ਪਰਾਆਧੁਨਿਕਤਾਦੇ ਨਿਸ਼ੇਧਾਤਮਕ ਪੱਖ ਉਘਾੜੇ ਹਨ, ਪਰ ਜਿਵੇਂ ਉਹ ਆਸ਼ਾਵਾਦੀ ਹੈ ਅਤੇ ਯਕੀਨ ਰੱਖਦਾ ਹੈ ਕਿ:

ਐਵੇਂ ਤਾਂ ਨਹੀਂ, ਕਰੋੜਾਂ ਵਰ੍ਹਿਆਂ ਤੋਂ

ਖਿੱਤੀਆਂ ਘੁੰਮ ਰਹੀਆਂ

ਇੱਕ ਚੁੰਬਕੀ ਗਰਦਿਸ਼ ਵਿੱਚ

ਬੱਝੀਆਂ ਹੋਈਆਂ

ਉਸ ਤੋਂ ਆਸ ਰੱਖੀ ਜਾ ਸਕਦੀ ਹੈ ਕਿ ਉਸ ਦੀ ਕਵਿਤਾ ਵਿੱਚ ਵੀ ਹੋਰ ਕੁਝ ਵਾਪਰਨ ਵਾਲਾ ਹੈ, ਆਉਣ ਵਾਲੇ ਸਮੇਂ ਵਿੱਚ ਜੋ ਮਨੁੱਖ, ਸੰਚਾਰ ਗਿਆਨ ਅਤੇ ਨੈਨਾਤਕਨਾਲੋਜੀ ਵਿਚਕਾਰ ਨਵੀਆਂ ਸੰਭਾਵਨਾਵਾਂ ਬਣ ਰਹੀਆਂ ਹਨ, ਉਸ ਦੀ ਕਵਿਤਾ ਉਨ੍ਹਾਂ ਨੂੰ ਵੀ ਘੋਖੇਗੀ ਅਤੇ ਆਪਣੇ ਵਿੱਚ ਸਮੋਏਗੀ। ਇਹੀ ਪੰਜਾਬੀ ਕਵਿਤਾ ਦਾ ਭਵਿੱਖ ਹੈ ਅਤੇ ਇਹੀ ਨਵੀਂ ਦਿਸ਼ਾ ਹੈ। ਇਸ ਦਿਸ਼ਾ ਵਿੱਚ ਅੱਗੇ ਵਧਣ ਲਈ ਵਿਗਿਆਨ ਦਾ ਜਾਣਕਾਰ ਹੋਣਾ ਜ਼ਰੂਰੀ ਹੈ।

ਇਹ ਤਸੱਲੀ ਵਾਲੀ ਗੱਲ ਹੈ ਕਿ ਸੁਖਿੰਦਰ ਕੋਲ ਇਹ ਪਿਛੋਕੜ ਵੀ ਮੌਜੂਦ ਹੈ। ਇਸ ਦਿਸ਼ਾ ਵਿੱਚ ਲੁਕੀਆਂ ਸੰਭਾਵਨਾਵਾਂ ਨੂੰ ਪਰਵਾਸੀ ਜਾਂ ਪਰਦੇਸੀ ਪੰਜਾਬੀ ਕਵਿਤਾ ਆਪਣੇ ਅਭਿਆਸ ਨਾਲ ਜੋੜਦੀ ਹੈ ਜਾਂ ਦੇਸੀ ਪੰਜਾਬੀ ਕਵਿਤਾ, ਇਸ ਦੀ ਉਡੀਕ ਹੈ, ਅਤੇ ਇਸੇ ਨਾਲ ਮੂਹਰਾ ਦਸਤਾ ਬਣਨ ਦਾ ਪ੍ਰਸ਼ਨ ਜੁੜਿਆ ਹੋਇਆ ਹੈ।



No comments: