ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Friday, February 27, 2009

ਗਗਨਦੀਪ ਸ਼ਰਮਾ - ਕਵਿਤਾ ਦੀ ਇਬਾਰਤ

ਕਿਤਾਬ: ਕਵਿਤਾ ਦੀ ਇਬਾਰਤ ( ਕਵਿਤਾ-ਸੰਗ੍ਰਹਿ)

ਲੇਖਕ: ਗਗਨਦੀਪ ਸ਼ਰਮਾ

ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ

ਪ੍ਰਕਾਸ਼ਨ ਵਰ੍ਹਾ: 2008

ਕੀਮਤ: 100 ਰੁਪਏ

ਰਿਵੀਊਕਾਰ: ਡਾ. ਗ਼ੁਲਜ਼ਾਰ ਮੁਹੰਮਦ ਗੌਰੀਆ

ਜ਼ਿੰਦਗੀ ਵਿਚ ਆਸਥਾ ਦਾ ਅਹਿਸਾਸ – ‘ਕਵਿਤਾ ਦੀ ਇਬਾਰਤ

ਕਵਿਤਾ ਦੀ ਇਬਾਰਤਕਾਵਿ-ਸੰਗ੍ਰਹਿ ਗਗਨ ਦੀਪ ਸ਼ਰਮਾ ਦੀ ਪਲੇਠੀ ਕਾਵਿ-ਰਚਨਾ ਹੈ । ਇਸਦਾ ਪਾਠ ਕਰਨ ਉਪਰੰਤ ਮੈਂ ਮਹਿਸੂਸ ਕੀਤਾ ਹੈ ਕਿ ਸ਼ਰਮਾ ਇਕ ਸਹਿਜ ਕਵੀ ਹੈ । ਉਹ ਕਿਸੇ ਉਚੇਚ ਨਾਲ਼ ਕਵਿਤਾ ਨਹੀਂ ਲਿਖਦਾ ਬਲਕਿ ਕਵਿਤਾ ਸੁਤੇ-ਸਿੱਧ ਲਿਖੀ ਜਾਂਦੀ ਹੈ । ਇਹ ਇਲਹਾਮ ਨਹੀਂ, ਉਸਦਾ ਨਿਰਉਚੇਚ ਯਤਨ ਹੈ । ਉਸਦੀ ਕਵਿਤਾ ਦਾ ਸਫ਼ਰ ਸਵੈ ਤੋਂ ਸ਼ੁਰੂ ਹੋ ਕੇ ਸਮਾਜਿਕ ਸਰੋਕਾਰਾਂ ਤੱਕ ਪਹੁੰਚ ਜਾਂਦਾ ਹੈ । ਸਵੈ ਲਈ ਵੀ ਉਹ ਜਦੋਂ ਕਵਿਤਾ ਲਿਖਦਾ ਹੈ ਤਾਂ ਇਹ ਵੀ ਦੂਸਰੇ ਚ ਅਹਿਸਾਸਮੰਦੀ ਪੈਦਾ ਕਰਨ ਲਈ ਇਕ ਸਾਧਨ ਬਣ ਜਾਂਦੀ ਹੈ ।ਕਵਿਤਾ ਦੀ ਇਬਾਰਤਅਤੇ ਮਿਲਦੀ ਗਿਲਦੀ ਰਹੀਂਵਿਚ ਉਹ ਆਪਣੀ ਗੱਲ ਕਹਿਣ ਲਈ ਕਵਿਤਾ ਨੂੰ ਇਕ ਵਾਹਨ ਵਜੋਂ ਵਰਤ ਰਿਹਾ ਹੈ । ਮਸਲਨ

ਮਨ ਅੰਦਰ ਚੱਲ ਰਹੀ

ਟੁੱਟ-ਭੱਜ ਤੋਂ ਵਧਕੇ

ਕਿਹੜੀ ਇਬਾਰਤ ਹੈ ਕਵਿਤਾ ਦੀ ਭਲਾ

----

ਵਿਆਕਰਣ ਬੋਧ ਨਾਲ ਜਦੋਂ ਅਸੀਂ ਸ਼ਬਦ ਲਿਖਦੇ ਜਾਂ ਬੀੜਦੇ ਹਾਂ ਤਾਂ ਉਹ ਇਬਾਰਤਬਣਦੀ ਹੈ । ਇਹ ਉਸਦੀ ਅੰਦਰਲੀ ਟੁੱਟ-ਭੱਜ ਦੀ ਇਬਾਰਤ ਉਸਦੀ ਕਵਿਤਾ ਹੈ । ਇਸਦਾ ਵਿਸਥਾਰ ਮਿਲਦੀ ਗਿਲਦੀ ਰਹੀਂਵਿਚ ਸਹਿਵਨ ਹੀ ਕਰਦਿਆਂ ਉਹ ਆਪਣੇ ਘਰ ਦੀ ਖੁਸ਼ਹਾਲੀ, ਬੱਚੇ ਦੀ ਕਿਲਕਾਰੀ, ਮਹਿਬੂਬ ਦੀ ਸੁੱਖਣਾ ਅਤੇ ਆਤਮਕ ਕੁਸ਼ਲਤਾ ਦੀ ਦੁਆ ਮੰਗਦਾ ਹੈ । ਮੰਗਦਾ ਉਹ ਕਿਸੇ ਪਰਮਾਤਮਾ ਤੋਂ ਨਹੀਂ, ਉਸਦੀ ਆਸਥਾ ਸ਼ਬਦਾਂ ਵਿਚ ਹੈ । ਸ਼ਬਦ ਵਿਚ ਆਸਥਾ ਰੱਖਣਾ ਸ਼ਾਇਰ ਦੀ ਵਸੀਹ ਦ੍ਰਿਸ਼ਟੀ ਦਾ ਲਖਾਇਕ ਇਸ ਲਈ ਬਣ ਜਾਂਦਾ ਹੈ ਕਿਉਂ ਜੋ ਸਾਡੇ ਵੱਡੇ ਧਾਰਮਿਕ ਗ੍ਰੰਥ ਕਵਿਤਾ ਵਿਚ ਹੀ ਲਿਖੇ ਹੋਏ ਹਨ ਜਿਥੇ ਸ਼ਬਦ ਪ੍ਰਧਾਨ ਹੈ । ਇੰਜ ਉਹ ਓਟ ਪ੍ਰਮਾਤਮਾ ਦੀ ਨਹੀਂ ਲੋੜਦਾ, ‘ਸ਼ਬਦ’ ’ਚ ਆਪਣਾ ਯਕੀਨ ਦ੍ਰਿੜਾਉਂਦਾ ਰਹਿੰਦਾ ਹੈ।

----

ਇਸ ਕਾਵਿ-ਸੰਗ੍ਰਹਿ ਵਿਚ ਸ਼ਰਮਾ ਦਾ ਦੂਜਾ ਵੱਡਾ ਸਰੋਕਾਰ ਜ਼ਿੰਦਗੀ ਵਿਚ ਆਸਥਾਰੱਖਣ ਦਾ ਹੈ। ਜਿਊਣ ਲਈ ਮਨੁੱਖ ਰੋਜ਼ਾਨਾ ਜਿਵੇਂ ਜੂਝ ਰਿਹਾ ਹੈ। ਸਮਾਜਿਕ, ਆਰਥਿਕ ਅਤੇ ਮਾਨਸਿਕ ਫ਼ਰੰਟ ਤੇ ਦਸਤਪੰਜਾ ਲੈ ਰਿਹਾ ਹੈ । ਇਸ ਜੁਝਾਰੂਮਈ ਸਥਿਤੀ ਵਿਚ ਉਸਦਾ ਵੱਡਾ ਯਕੀਨ ਕਵਿਤਾਵਿਚ ਹੈ । ਕਵਿਤਾ ਲਿਖਦਿਆਂ, ਪੜ੍ਹਦਿਆਂ, ਸੁਣਦਿਆਂ ਜਿਵੇਂ ਉਸ ਵਿਚ ਇਕ ਨਵੀਂ ਊਰਜਾ ਦਾ ਸੰਚਾਰ ਹੋ ਰਿਹਾ ਹੈ । ਉਹ ਜਿਵੇਂ ਹਰ ਔਕੜ ਨੂੰ ਸਰ ਕਰਨ ਲਈ ਤਿਆਰ-ਬਰ-ਤਿਆਰ ਹੈ । ਉਸਦੀਆਂ ਕਵਿਤਾਵਾਂ ਜ਼ਿੰਦਗੀ ਦੇ ਦਰ ਤੋਂ’, ‘ਦੋ ਦਿਨ ਜਿਊਂਦੇ ਜਾਗਦੇ’, ‘ਵਗਦਾ ਪਾਣੀ-ਕਿਰਦੀ ਰੇਤ’, ‘ਮੋੜ ਤੋਂ ਅੱਗੇ’, ‘ਅਸੀਂ ਫ਼ਿਰ ਆਵਾਂਗੇ’ – ਥੋੜ੍ਹੇ ਬਹੁਤੇ ਫ਼ਰਕ ਨਾਲ ਇਸ ਤਰ੍ਹਾਂ ਦੇ ਅਹਿਸਾਸ ਦੀ ਹੀ ਪੇਸ਼ਕਾਰੀ ਹਨ । ਆਸ਼ਾਵਾਦੀ ਸੋਚ ਮੌਤ ਤੇ ਜਿੱਤ ਪ੍ਰਾਪਤ ਕਰਨ ਵਰਗੀ ਹੈ

ਮੌਤ ਕਦ ਹੈ ਕਰ ਸਕੀ

ਜੀਵਨ ਦਾ ਅੰਤ

ਇਕ ਦਰ ਭਿੜ ਜਾਵੇ

ਖੁੱਲ੍ਹ ਜਾਂਦੇ ਅਨੰਤ

ਮਰਣ ਹੈ ਮਰਨਾ

ਮੈਂ ਕਿਉਂ ਜਿਊਂਦਾ ਮਰਾਂ?

ਅਜਿਹੀਆਂ ਸਤਰਾਂ ਕਿਸੇ ਵੀ ਬੁਝੀ ਹੋਈ ਰੂਹ ਵਿਚ ਜੀਵਨ ਦੀ ਰੁਸ਼ਨਾਈ ਪੈਦਾ ਕਰਨ ਦੀ ਸਮਰੱਥਾ ਰੱਖਦੀਆਂ ਹਨ । ਜੋ ਮਰੀਆਂ ਰੂਹਾਂ ਵਿਚ ਜੀਵਨ ਭਰਨ ਦੇ ਸਮਰੱਥ ਹੋਵੇ ਉਸ ਨਾਲੋਂ ਚੰਗੀ ਹੋਰ ਕਿਹੜੀ ਕਵਿਤਾ ਹੋ ਸਕਦੀ ਹੈ । ਜ਼ਿੰਦਗ਼ੀ ਪ੍ਰਤੀ ਪਿਆਰ ਦੇ ਇਹ ਅਹਿਸਾਸ ਬੜੇ ਹੀ ਪਿਆਰੇ ਹਨ।

----

ਗਗਨ ਦੀਪ ਸ਼ਰਮਾ ਦੇ ਇਸ ਕਾਵਿ-ਸੰਗ੍ਰਹਿ ਵਿਚ ਉਸਦਾ ਇਕ ਹੋਰ ਸਰੋਕਾਰ ਹੈ ਲੋਕਾਈ ਦੇ ਦਰਦਦੀ ਪਹਿਚਾਣ, ਪੇਸ਼ਕਾਰੀ ਅਤੇ ਉਸ ਪ੍ਰਤੀ ਹਮਦਰਦੀ। ਸ੍ਰ. ਭਗਤ ਸਿੰਘ ਨੂੰ ਸਮਰਪਿਤ ਕਵਿਤਾ ਪੀੜ੍ਹੀਆਂ ਦਾ ਸਫ਼ਰਵਿਚ ਉਹ ਭਗਤ ਸਿੰਘ ਦੀ ਸ਼ਹੀਦੀ ਦੀ ਵਜ੍ਹਾ ਪਾਠਕ ਦੇ ਜ਼ਿਹਨ-ਨਸ਼ੀਨ ਕਰਵਾਉਣਾ ਚਾਹੁੰਦਾ ਹੈ ਕਿ ਇਹਨਾਂ ਲੋਕਾਂ ਨੇ ਕੁਰਬਾਨੀਆਂ ਕਿਉਂ ਦਿੱਤੀਆਂ? ਸਾਮਰਾਜੀ ਜੂਲ਼ੇ ਹੇਠੋਂ ਕੱਢਕੇ ਆਪਣੇ ਮੁਲਕ ਦੇ ਲੋਕਾਂ ਲਈ ਇਕ ਚੰਗਾ ਜੀਵਨ ਜਿਊਂਦੇ ਹੋਣ ਦਾ ਤਸੱਵਰ ਵੀ ਉਨ੍ਹਾਂ ਦੇ ਮਨਾਂ ਵਿਚ ਸੀ । ਪ੍ਰੰਤੂ ਅਜ਼ਾਦੀ ਮਿਲਣ ਦੇ ਸੱਠ ਸਾਲ ਬੀਤ ਜਾਣ ਦੇ ਪਿੱਛੋਂ ਵੀ ਹਾਲਤ ਤਕਰੀਬਨ ਜਿਉਂ-ਦੀ-ਤਿਉਂ ਬਣੀ ਹੋਈ ਹੈ । ਇਸੇ ਕਰਕੇ ਹੀ ਤਾਂ ਸ਼ਹੀਦ ਦੀ ਰੂਹ ਕੁਰਲਾ ਰਹੀ ਹੈ

ਮੈਂ ਜਿਊਂਦਾ ਹਾਂ ਅਜੇ

ਮਰਿਆ ਨਹੀਂ ਹਾਂ ਮੈਂ।

ਦੌੜਿਆ ਫਿਰਦਾ ਹਾਂ ਮੈਂ

ਥੋੜ੍ਹ-ਜ਼ਮੀਨੇ ਕਿਸਾਨ ਦੇ ਖੇਤਾਂ ਵਿਚ

ਉਸਦਾ ਲਹੂ ਬਣ ਕੇ

ਹਉਕੇ ਭਰਦੀ ਬੇਰੁਜ਼ਗਾਰ ਜਵਾਨੀ ਦੇ ਵਿਚ

ਸਾਬਤ-ਸਬੂਤਾ ਫਿਰਦਾ ਹਾਂ ਮੈਂ

ਜਲ੍ਹਿਆਂਵਾਲ਼ੇ ਬਾਗ਼ ਦੀ ਦੀਵਾਰ ਵਿਚ ਸਾਹ ਲੈਂਦਾ

ਜਿਊਂਦਾ ਹਾਂ ਮੈਂ ਅਜੇ ।

ਇਵੇਂ ਹੀ ਦਹਿਸ਼ਤਪ੍ਰਸਤੀ ਦੀ ਪੁਸ਼ਤ-ਪਨਾਹੀ ਕਰਨ ਵਾਲੇ, ਧਰਮ ਦੀ ਆੜ੍ਹ ਹੇਠ ਅਧਾਰਮਿਕ ਕਾਰਜ ਕਰਨ ਵਾਲੇ ਅਤੇ ਆਮ ਵਿਅਕਤੀ ਦਾ ਸ਼ੋਸ਼ਣ ਕਰਨ ਵਾਲਿਆਂ ਦੇ ਖ਼ਿਲਾਫ਼ ਸ਼ਹੀਦ ਦਾ ਖ਼ੂਨ ਖ਼ੌਲ ਰਿਹਾ ਹੈ । ਇਥੇ ਇਸ ਗੱਲ ਨੂੰ ਮੱਦੇ-ਨਜ਼ਰ ਰੱਖਣਾ ਪਵੇਗਾ ਕਿ ਆਪਣੇ ਅਹਿਸਾਸ ਨੂੰ ਪ੍ਰਗਟ ਕਰਨ ਨਈ ਕਵੀ ਸ਼ਹੀਦ ਭਗਤ ਸਿੰਘ ਦੀ ਓਟ ਕਿਉਂ ਭਾਲਦਾ ਹੈ? ਇਹ ਗੱਲ ਵਾਜਬ ਇਸ ਲਈ ਹੈ ਕਿ ਸਾਡੇ ਆਮ ਲੋਕਾਂ ਤੋਂ ਲੈ ਕੇ ਰਾਜਸੱਤਾ ਤੇ ਕਾਬਜ਼ ਲੋਕਾਂ ਨੇ ਸ੍ਰ. ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਮਹਿਜ਼ ਉਨ੍ਹਾਂ ਦੇ ਬੁੱਤ ਪੂਜਕੇ ਮੁਕਤ ਹੋਣ ਦੀ ਜਿਹੀ ਹਾਲਤ ਵਿਚ ਰੱਖਕੇ ਸੁਰਖ਼ਰੂ ਹੋਣ ਦਾ ਸੁਖਾਲਾ ਰਾਹ ਲੱਭਿਆ ਹੋਇਆ ਹੈ । ਉਨ੍ਹਾਂ ਦੀ ਵਿਚਾਰਧਾਰਾ ਅਤੇ ਉਨ੍ਹਾਂ ਦਾ ਸੁਪਨਿਆਂ ਦਾ ਭਾਰਤ ਤਾਂ ਜਨਤਾ ਦੀ ਖੁਸ਼ਹਾਲੀ ਵਿਚ ਸਮਾਇਆ ਹੋਇਆ ਹੈ। ਇਸ ਲਈ ਕਵੀ ਨੂੰ ਲਗਦਾ ਹੈ ਕਿ ਸ਼ਹੀਦ ਜੇ ਹੁਣ ਵੀ ਜਿਊਂਦਾ ਹੋਵੇ ਤਾਂ ਉਸਦੀ ਹੋਂਦ ਉਨੀਂ ਹੀ ਸਾਰਥਕ ਹੈ। ਕਵੀ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੇਰੇ ਨਾਲੋਂ ਉਸਦੀ ਅਵਾਜ਼ ਅਤੇ ਉਸਦੀ ਮੌਜੂਦਗੀ ਲੋਕਾਂ ਲਈ ਜ਼ਿਆਦਾ ਕਲਿਆਣਕਾਰੀ ਹੈ। ਵਿਚਾਰਧਾਰਕ ਰੂਪ ਵਿਚ ਸ੍ਰ. ਭਗਤ ਸਿੰਘ ਅਜੇ ਜਿਊਂਦਾ ਹੈ।

----

ਅੱਥਰੂ ਪੀਣਿਆਂ ਦੇ ਵਾਰਸਕਵਿਤਾ ਵੀ ਇਸ ਸੰਗ੍ਰਹਿ ਦੀ ਵਧੀਆ ਕਵਿਤਾ ਹੈ ਜਿਸ ਰਾਹੀਂ ਆਪਣੀ ਵਿਰਾਸਤ ਦੇ ਨਾਲ ਜੁੜਕੇ ਤੁਰਦਿਆਂ ਪਾਠਕ ਇਕ ਚੰਗੇ ਭਵਿੱਖ ਦਾ ਸੁਪਨਾ ਅੱਖਾਂ ਵਿਚ ਭਰਨ ਦਾ ਹੀਆ ਕਰਦਾ ਹੈ। ਉਸਦੀਆਂ ਨਿੱਕੀਆਂ ਕਵਿਤਾਵਾਂ ਮੰਜ਼ਿਲ’, ‘ਸੁਪਨਜੋਤ’, ‘ਰੱਬ ਦਾ ਵਿਸਥਾਰਆਦਿ ਵੀ ਜ਼ਿੰਦਗੀਦੇ ਪਿਆਰ ਦੇ ਅਹਿਸਾਸ ਨਾਲ ਜੁੜੀਆਂ ਹੋਈਆਂ ਹਨ।

----

ਬਦਲਦੇ ਰੂਪ ਵਿਚ ਜਿਊਂਦਾ ਕਾਮਰੇਡਕਵਿਤਾ ਵਿਚ ਉਹ ਸੋਵੀਅਤ ਯੂਨੀਅਨ ਦੇ ਵਿਗਠਨ ਮਗਰੋਂ ਮਾਰਕਸਵਾਦੀ ਵਿਚਾਰਧਾਰਾ ਦੇ ਸੰਦਰਭ ਵਿਚ ਉੱਠੇ ਬਹਿਸ-ਮੁਬਾਹਿਸੇ ਬਾਰੇ ਆਪਣੀ ਕਾਵਿਕ ਰਾਏ ਪੇਸ਼ ਕਰਦਾ ਹੈ ਕਿ ਮਾਰਕਸਵਾਦੀ ਵਿਚਾਰਧਾਰਾ ਦੀ ਅਜੇ ਵੀ ਉਨੀਂ ਹੀ ਸਾਰਥਕਤਾ ਹੈ ਕਿਉਂਕਿ ਇਹ ਵਿਚਾਰਧਾਰਾ ਲੋਕ-ਕਲਿਆਣਕਾਰੀ ਹੈ। ਕੁਲ ਮਿਲਾਕੇ ਗਗਨ ਦੀਪ ਸ਼ਰਮਾ ਇਕ ਪ੍ਰਗਤੀਵਾਦੀ ਵਿਚਾਰਧਾਰਾ ਵਾਲੇ ਕਵੀ ਦੇ ਰੂਪ ਵਿਚ ਹੀ ਉਭਰਦਾ ਹੈ।

----

ਇਸ ਕਾਵਿ-ਸੰਗ੍ਰਹਿ ਦੇ ਅੰਤ ਵਿਚ ਗਗਨ ਦੀਪ ਸ਼ਰਮਾ ਦੀਆਂ ਲਿਖੀਆਂ ਬਾਰਾਂ ਗ਼ਜ਼ਲਾਂ ਦਰਜ ਹਨ। ਇਨ੍ਹਾਂ ਗ਼ਜ਼ਲਾਂ ਦੇ ਤਕਨੀਕੀ ਪੱਖ ਬਾਰੇ ਤਾਂ ਗ਼ਜ਼ਲ ਸਿਨਫ਼ ਦੇ ਮਾਹਿਰ ਵਿਦਵਾਨ ਹੀ ਰਾਇ ਦੇ ਸਕਦੇ ਹਨ। ਇਨ੍ਹਾਂ ਚ ਜੋ ਭਾਵ ਅਤੇ ਅਹਿਸਾਸ ਕਵੀ ਨੇ ਪ੍ਰਗਟ ਕੀਤੇ ਹਨ ਉਹ ਉਸਦੀਆਂ ਕਵਿਤਾਵਾਂ ਵਿੱਚ ਆ ਚੁੱਕੇ ਹਨ। ਵਿਧਾ ਦੀ ਵਿਲੱਖਣਤਾ ਕਾਰਨ ਇਨ੍ਹਾਂ ਦਾ ਪ੍ਰਭਾਵ ਵਧੇਰੇ ਟੁੰਬਵਾਂ ਹੈ। ਪਿਆਰ ਦਾ ਅਹਿਸਾਸ, ਵਿਛੋੜੇ ਦੀ ਕਸਕ, ਜ਼ਿੰਦਗੀ ਦੀ ਲਲਕ ਤੇ ਇੱਛਾ, ਔਕੜਾਂ ਨੂੰ ਸਰ ਕਰ ਸਕਣ ਦਾ ਟੀਚਾ ਇਨ੍ਹਾਂ ਸ਼ਿਅਰਾਂ ਵਿਚ ਕਵੀ ਨੇ ਬੜੀ ਹੀ ਅਹਿਸਾਸਮੰਦੀ ਨਾਲ ਪੇਸ਼ ਕੀਤਾ ਹੈ। ਕੁਝ ਚੋਣਵੇਂ ਸ਼ਿਅਰ ਪੇਸ਼ ਹਨ

ਭਟਕਦੇ ਅਹਿਸਾਸ ਨੂੰ ਜੇ ਬਲ ਮਿਲੇ, ਤਾਂ ਖ਼ਤ ਲਿਖੀਂ,

ਮੇਰੀ ਖ਼ਾਤਿਰ ਦੋਸਤਾ ਕੋਈ ਪਲ ਮਿਲੇ, ਤਾਂ ਖ਼ਤ ਲਿਖੀਂ।

ਐਸਾ ਕੋਈ ਦਰਦ ਨਾ ਜੋ ਉਮਰ ਨਾਲੋਂ ਹੈ ਬੜਾ,

ਕਾਬੂ ਵਿਚ ਰੱਖ ਦੋਸਤਾ ਤੂੰ ਆਪਣੇ ਜਜ਼ਬਾਤ ਨੂੰ ।

ਜਾਣਦਾ ਹਾਂ ਮੈਂ ਕਿ ਖੋਏ ਲਾਲ ਮੁੜ ਲੱਭਣੇ ਨਹੀਂ,

ਦਿਲ ਵੀ ਮੇਰਾ ਜਾਣਦੈ ਚੰਗੀ ਤਰ੍ਹਾਂ, ਪਰ ਟੋਲ੍ਹਦੈ।

----

ਗਗਨ ਦੀਪ ਸ਼ਰਮਾ ਨਰੋਈਆਂ ਕਦਰਾਂ ਕੀਮਤਾਂ ਅਤੇ ਪ੍ਰਗਤੀਵਾਦੀ ਸੋਚ ਨੂੰ ਪ੍ਰਣਾਇਆ ਸ਼ਾਇਰ ਹੈ। ਉਸਦੀਆਂ ਕਵਿਤਾਵਾਂ ਤੇ ਬੁੱਲੇ ਸ਼ਾਹ ਤੋਂ ਲੈ ਕੇ ਰਾਮਪੁਰੀਆਂ, ਪਾਸ਼, ਪਾਤਰ ਅਤੇ ਲਾਲ ਸਿੰਘ ਦਿਲ ਦੀ ਕਾਵਿ-ਸ਼ੈਲੀ ਦਾ ਪ੍ਰਭਾਵ ਹੈ। ਪ੍ਰਭਾਵ ਕਬੂਲਣਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਇਸ ਵਿਚੋਂ ਸ਼ਾਇਰ ਨੇ ਆਪਣੀ ਵੱਖਰੀ ਸ਼ੈਲੀ ਦਾ ਨਿਰੂਪਣ ਕਰਨਾ ਹੁੰਦਾ ਹੈ। ਸ਼ਾਇਰੀ ਦੇ ਪਿੜ ਵਿਚ ਅੱਗੇ ਪੁਲਾਂਘਾਂ ਪੁੱਟਦਿਆਂ ਜਦੋਂ ਉਹ ਆਪਣੀ ਵੱਖਰੀ ਕਾਵਿ-ਸ਼ੈਲੀ ਦਾ ਅਹਿਸਾਸ ਕਰਵਾ ਦੇਵੇਗਾ ਤਾਂ ਉਹ ਪੰਜਾਬੀ ਦਾ ਵੱਖਰਾ ਕਵੀ ਹੋਵੇਗਾ। ਗਗਨ ਦੀਪ ਸ਼ਰਮਾ ਨੇ ਆਪਣੇ ਪਹਿਲੇ ਕਾਵਿ-ਸੰਗ੍ਰਹਿ ਰਾਹੀਂ ਹੀ ਇਕ ਜ਼ਿੰਮੇਵਾਰ ਸ਼ਾਇਰ ਦਾ ਅਹਿਸਾਸ ਕਰਵਾਇਆ ਹੈ, ਉਹ ਸ਼ਲਾਘਾਯੋਗ ਹੈ।

***********************


No comments: