ਲੇਖਕ: ਸੁਖਿੰਦਰ
ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਇੰਡੀਆ
ਪ੍ਰਕਾਸ਼ਨ ਵਰ੍ਹਾ: 2006
ਕੀਮਤ: 10 ਡਾਲਰ
ਰਿਵੀਊਕਾਰ : ਕੇ.ਐੱਲ.ਗਰਗ
‘ਕੁੱਤਿਆਂ ਬਾਰੇ ਕਵਿਤਾਵਾਂ’: ਮਨੁੱਖ ਦੇ ਪਸ਼ੂ ਹੋ ਜਾਣ ਦੀ ਚਿੰਤਾ
‘ਕੁੱਤਿਆਂ ਬਾਰੇ ਕਵਿਤਾਵਾਂ’ ਕੈਨੇਡਾ ਵਾਸੀ ਸ਼ਾਇਰ ਸੁਖਿੰਦਰ ਦੀ ਨਵੀਂ ਕਾਵਿ-ਰਚਨਾ ਹੈ। ਇਹ ਕਵਿਤਾਵਾਂ ਸਨ 1993 ਤੋਂ ਲੈ ਕੇ 2004 ਦੇ ਸਮੇਂ ਰੂਪ ਧਾਰ ਸਕੀਆਂ ਹਨ। ਸੁਖਿੰਦਰ ‘ਸੰਵਾਦ’ ਮੈਗਜ਼ੀਨ ਦਾ ਸੰਪਾਦਕ ਹੋਣ ਤੋਂ ਇਲਾਵਾ ਵਿਗਿਆਨੀ, ਕਵੀ ਅਤੇ ਨਾਵਲਕਾਰ ਹੈ ਜੋ ਆਪਣੀਆਂ ਸੰਘਣੀਆਂ ਬੁਣਤੀਆਂ ਅਤੇ ਜ਼ਦੀਦ ਸੋਚ ਕਾਰਣ ਜਾਣਿਆਂ ਜਾਂਦਾ ਹੈ। ‘ਸ਼ਹਿਰ, ਧੁੰਦ ਤੇ ਰੌਸ਼ਨੀਆਂ’, ‘ਲੱਕੜ ਦੀਆਂ ਮੱਛੀਆਂ’, ‘ਤੂਫ਼ਾਨ ਦੀਆਂ ਜੜ੍ਹਾਂ ਵਿੱਚ’, ‘ਬੁੱਢੇ ਘੋੜਿਆਂ ਦੀ ਆਤਮ-ਕਥਾ’, ‘ਸਕਿਜ਼ੋਫਰੇਨੀਆਂ’, ‘ਇਹ ਖ਼ਤ ਕਿਸਨੂੰ ਲਿਖਾਂ’ ਆਦਿ ਕਾਵਿ ਪੁਸਤਕਾਂ ਰਾਹੀਂ ਪੰਜਾਬੀ ਕਾਵਿ-ਜਗਤ ਵਿੱਚ ਉਸਨੇ ਆਪਣੀ ਵਿਸ਼ੇਸ਼ ਥਾਂ ਬਣਾਈ ਹੈ। ‘ਅਲਾਰਮ ਕਲਾਕ’ ਉਸਦਾ ਇਕਲੌਤਾ ਨਾਵਲ ਹੈ ਜੋ ਆਪਣੇ ਵੱਖਰੇ ਮੁਹਾਂਦਰੇ ਕਾਰਣ ਚਰਚਿਤ ਹੋਇਆ ਹੈ।
----
ਪੂੰਜੀਵਾਦੀ ਅਰਥ ਪ੍ਰਣਾਲੀ ਦਾ ਵਿਕਸਤ ਰੂਪ ਦੁਨੀਆਂ ਦੇ ਸਨਮੁਖ ਹੈ। ਪੂੰਜੀ ਦੇ ਵੱਡੇ ਨਿਵੇਸ਼ ਕਾਰਣ ਟੈਕਨਾਲੋਜੀ ਅਤੇ ਵਿਗਿਆਨ ਦਾ ਵਿਸਥਾਰ ਹੋਇਆ ਹੈ। ਵਿਸਥਾਰ ਬਹੁਤ ਵੱਡੀ ਪੱਧਰ ‘ਤੇ ਹੋਇਆ ਹੈ। ਆਉਣ ਜਾਣ ਦੇ ਵਸੀਲੇ ਵਧੇ ਹਨ। ਸਮਾਂ ਸਿਮਟ ਕੇ ਸਕਿੰਟਾਂ ਤੀਕ ਪਹੁੰਚ ਗਿਆ ਹੈ। ਦੁਨੀਆਂ ਇਕ ਪਿੰਡ ਬਣ ਗਈ ਹੈ। ਗਿਣਤੀ ਦੇ ਮੁਲਕ ਵੱਡੇ ਵਸੀਲਿਆਂ ਦੇ ਮਾਲਕ ਬਣ ਗਏ ਹਨ। ਤੀਜੀ ਦੁਨੀਆਂ ਦੇ ਮੁਲਕ ਆਪਣੀ ਹੋਂਦ ਲਈ ਛਟਪਟਾਉਂਦੇ ਹੋਏ ਉਨ੍ਹਾਂ ਵੱਡੇ ਮੁਲਕਾਂ ਦੀਆਂ ਚਾਰਾਜ਼ੋਈਆਂ ਵਿੱਚ ਜੁਟੇ ਹੋਏ ਹਨ। ਵੱਡੇ ਅਮੀਰ ਮੁਲਕ ਦੁਨੀਆਂ ਦੇ ਦੂਸਰੇ ਕਮਜ਼ੋਰ ਮੁਲਕਾਂ ਦੇ ਆਕਾ ਬਣੇ ਹੋਏ ਹਨ। ਵੱਡੀ ਮਾਤਰਾ ਵਿਚ ਹੋ ਰਿਹਾ ਉਤਪਾਦਨ ਸੁੱਟਣ ਲਈ ਵੱਡੇ ਮੁਲਕ ਮੰਡੀਆਂ ਦੀ ਤਲਾਸ਼ ‘ਚ ਸਿਰ ਤੋੜ ਜਤਨ ‘ਚ ਜੁਟੇ ਹੋਏ ਹਨ। ਉਪਨਿਵੇਸ਼ਵਾਦ ਦਾ ਖ਼ਤਰਾ ਹੁਣ ਦੁਨੀਆਂ ਦੇ ਸਿਰਾਂ ‘ਤੇ ਸੱਪ ਵਾਂਗ ਫਣ ਚੁੱਕੀ ਖਲ੍ਹੋਤਾ ਹੈ। ਆਪਣਾ ਕੂੜਾ ਕਚਰਾ ਵੇਚਣ ਲਈ ਪੂੰਜੀਵਾਦੀ ਮੁਲਕਾਂ ਵੱਲੋਂ ਕਮਜ਼ੋਰ ਤੇ ਲੋੜਵੰਦ ਮੁਲਕਾਂ ਦੀ ਭਾਲ ਜਾਰੀ ਹੈ।
----
ਭੂਮੰਡਲੀਕਰਨ, ਵਿਸ਼ਵੀਕਰਨ ਜਾਂ ਗਲੋਬਲਾਈਜੇਸ਼ਨ ਕਾਰਣ ਦੁਨੀਆਂ ਭਾਵੇਂ ਬਹੁਤ ਛੋਟੀ ਹੋ ਗਈ ਹੈ। ਖ਼ਪਤ ਕਲਚਰ ਦਾ ਬੋਲਬਾਲਾ ਹੈ, ਪਰ ਨਾਲ ਦੀ ਨਾਲ ਕਈ ਖ਼ਤਰੇ ਵੀ ਮਨੁੱਖਤਾ ਦੇ ਸਨਮੁਖ ਆਣ ਖਲ੍ਹੋਤੇ ਹਨ. ਅਮੀਰ ਮੁਲਕਾਂ ਵੱਲੋਂ ਗਰੀਬ ਮੁਲਕਾਂ ਦੇ ਸੋਸ਼ਣੀ ਵਰਤਾਰੇ ਦਾ ਸ੍ਰੀ ਗਣੇਸ਼ ਹੀ ਨਹੀਂ ਹੋਇਆ ਸਗੋਂ ਇਹ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਗ਼ਰੀਬ ਮੁਲਕ ਹੁਣ ਬਲੀ ਦੇ ਬੱਕਰੇ ਬਣ ਗਏ ਹਨ। ਸਮਾਂ ਪੁੱਠੇ ਗੇੜ ਘੁੰਮਣ ਲੱਗ ਪਿਆ ਹੈ।
ਇਥੋਂ ਹੀ ਸ਼ਾਇਰ ਸੁਖਿੰਦਰ ਦੀ ਚਿੰਤਾ ਸ਼ੁਰੂ ਹੁੰਦੀ ਹੈ। ਸੁਖਿੰਦਰ ਬੁੱਧੀ ਵਿਵੇਕ ਦਾ ਸ਼ਾਇਰ ਹੈ। ਚਿੰਤਨ ਅਤੇ ਚੇਤਨਤਾ ਉਸਦੀ ਸ਼ਾਇਰੀ ਦੇ ਪ੍ਰਮੁੱਖ ਲੱਛਣ ਹਨ। ਪੂੰਜੀਵਾਦ ਦੇ ਇਸ ਵਿਸਥਾਰ ਨਾਲ ਮਨੁੱਖ ਦੇ ਪਸ਼ੂ ਹੋ ਜਾਣ ਦੀਆਂ ਸੰਭਾਵਨਾਵਾਂ ਵਧੀਆਂ ਹਨ। ਸਿਰਜਣਾ ਦੀ ਉੱਤਮ ਕ੍ਰਿਤ ਮਨੁੱਖ ਪਸ਼ੂਆਂ ਹਾਰੀਂ ਹੁੰਦਾ ਜਾ ਰਿਹਾ ਹੈ। ਸੁਖਿੰਦਰ ਮਨੁੱਖ ਦੇ ਇਸ ਪਸ਼ੂਪਨ ਨੂੰ ‘ਕੁੱਤਿਆਂ’ ਦੇ ਬਿੰਬ ਅਤੇ ਮੈਟਾਫ਼ਰ ਨਾਲ ਉਭਾਰਦਾ ਹੈ।
----
‘ਕੁੱਤਾ’ ਉਸ ਲਈ ਨੀਚ ਜੀਵ ਹੈ। ਘਟੀਆ ਅਤੇ ਘਿਨੌਣੇ ਕਾਰਜ ਕਰਦਾ ਹੈ। ਲਾਲਚ ਅਤੇ ਹਿੰਸਾ ਰਾਹੀਂ ਉਤਪਾਤ ਕਰਦਾ ਹੈ। ਨਿਰਾਰਥਕ ਖੌਰੂ ਪਾਉਂਦਾ ਹੈ। ਐਵੇਂ ਹੀ ਬਿਨਾਂ ਵਜ੍ਹਾ ਤੁਹਾਡੀ ਛੱਤ ‘ਤੇ ਨਹੁੰਦਰਾਂ ਮਾਰ ਮਾਰ ਤੁਹਾਡੀ ਮਿੱਠੀ ਨੀਂਦ ਵਿੱਚ ਖਲਲ ਪਾਉਂਦਾ ਹੈ। ਅਖੀਰ ਆਕਾ ਸਾਹਮਣੇ ਲਾਚਾਰ ਕੁੱਤਾ ਗਿੜਗਿੜਾਉਂਦਾ ਹੈ, ਉਸਦੇ ਪੈਰਾਂ ‘ਚ ਲਿਫਦਾ ਹੈ ਤੇ ਉਸਦੇ ਇਸ਼ਾਰਿਆਂ ‘ਤੇ ਦੋ ਲੱਤਾਂ ‘ਤੇ ਖਲ੍ਹੋ ਖਲ੍ਹੋ ਨੱਚਦਾ ਹੈ। ਟੀ.ਵੀ. ਚੈਨਲਾਂ ਰਾਹੀਂ ‘ਕੁੱਤਾ ਕਲਚਰ’ ਪੈਦਾ ਹੋਣ ਦੀ ਹਾਜ਼ਤ ਵਧੀ ਹੈ। ਮਨੁੱਖ ਦਾ ਰੂਪਾਂਤਰਣ ਕੁੱਤੇ ਦੇ ਰੂਪ ‘ਚ ਹੋਣ ਲੱਗਾ ਹੈ। ਮਨੁੱਖ ‘ਕੁੱਤੇ ਕੰਮ’ ਕਰਨ ਵੱਲ ਰੁਚਿਤ ਹੋ ਰਿਹਾ ਹੈ। ਲੋਕ ਆਪਣੇ ਕਤੂਰਿਆਂ ਦੇ ਕਾਰਨਾਮਿਆਂ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਬਖ਼ਸ਼ੀਸ਼ਾਂ ਬਖਸ਼ ਰਹੇ ਹਨ। ਲੇਖਕਾਂ ਦੀ ਇਕ ਢਾਣੀ ਵੀ (ਲਾਲਚੀ ਅਤੇ ਘਟੀਆ) ਅਜਿਹੇ ਗੁਰਗੇ ਮਾਲਕਾਂ ਦੇ ਇਸ਼ਾਰਿਆਂ ‘ਤੇ ਉਨ੍ਹਾਂ ਦੀ ਉਸਤਤ ‘ਚ ਲਿਖ ਲਿਖ (ਕੁੱਤੇ ਕੰਮ ਕਰ ਕਰ) ਇਨਾਮ ਅਤੇ ਪਦਵੀਆਂ ਹਾਸਿਲ ਕਰਨ ‘ਚ ਰੁੱਝੀ ਹੋਈ ਹੈ।
----
ਓਪਰੋਕਤ ਸਾਰੀਆਂ ਇੱਲਤਾਂ ਅਤੇ ਅਲਾਮਤਾਂ ਸੁਖਿੰਦਰ ਆਪਣੀਆਂ ਇਨ੍ਹਾਂ ਕਵਿਤਾਵਾਂ ਵਿਚ ਬੜੀ ਸ਼ਿੱਦਤ ਨਾਲ ਉਘਾੜਦਾ ਹੈ। ‘ਕੁੱਤਾ ਸਭਿਆਚਾਰ’ ਕਵਿਤਾ ਵਿਚ ਉਹ ਮਨੁੱਖੀ ਸਭਿਆਚਾਰ ਨੂੰ ਪਲੀਤ ਕਰਨ ਵਾਲੇ ਲੋਕਾਂ ਦੀਆਂ ਸਾਜਿ਼ਸ਼ਾਂ ਤੋਂ ਸੁਚੇਤ ਕਰਦਿਆਂ ਕੁੱਤੇ ਅਤੇ ਮਨੁੱਖ ਵਿਚਲੇ ਫ਼ਰਕ ਨੂੰ ਸਮਝਣ ਦੀ ਲੋੜ ‘ਤੇ ਜ਼ੋਰ ਦਿੰਦਾ ਹੈ. ਲੋਕਾਂ ਨੂੰ ਜਾਗਣ ਦਾ ਸੱਦਾ ਦਿੰਦਾ ਹੈ। ‘ਸੱਤਿਅਮ, ਸ਼ਿਵਮ, ਸੁੰਦਰਮ’ ਕਵਿਤਾ ਵਿੱਚ ਬੁੱਢੀ ਜਾਦੂਗਰਨੀ ਦਾ ਸਿੰਬਲ ਵਰਤ ਕੇ ਨਸਲੀ ਜੰਗ ਵੱਲ ਸੰਕੇਤ ਕਰਦਾ ਹੈ। ‘ਸਕਿਜ਼ੋਫਰੇਨੀਆਂ’ ਕਵਿਤਾ ਵਿੱਚ ਅਮੀਰ ਅਤੇ ਵੱਡੇ ਰਾਜਨੀਤਕਾਂ ਦੇ ਝੋਲੀ-ਚੁੱਕ ਬਣ ਚੁੱਕੇ ਮੀਡੀਆ ਦੇ ਲੋਕਾਂ ‘ਤੇ ਵਿਅੰਗ ਬਾਣ ਸੁੱਟਦਾ ਹੈ। ‘ਕੁੱਤਿਆਂ ਨੂੰ ਕਹੋ’ ਕਵਿਤਾ ਵਿਚ ਸ਼ਾਇਰ ਪ੍ਰਵਚਨੀ ਸੁਰ ਅਖ਼ਤਿਆਰ ਕਰਦਿਆਂ ਆਖਦਾ ਹੈ ਕਿ ਕੁੱਤਿਆਂ ਨੂੰ ਆਦਮੀ ਬਣਨ ਦੇ ਪਾਖੰਡ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ‘ਕੁੱਤੇ’ ਕਵਿਤਾ ‘ਚ ਉਹ ਸਹਿਮਤ ਹੈ ਕਿ ਕੁੱਤੇ ਉਹ ਸਭ ਕੁਝ ਹਨ ਜੋ ਆਦਮੀ ਬਣ ਸਕਦਾ ਹੈ। ਕਵੀ ਮੂਜਬ ਇਹ ਕੁੱਤਿਆਂ ਦੇ ਨੈਟਵਰਕ ਦਾ ਜ਼ਮਾਨਾ ਹੈ। ਇਹ ਸਤਰਾਂ ਜ਼ਿਕਰ ਗੋਚਰੀਆਂ ਹਨ:
ਕੁੱਤੇ ਸਿਪਾਹੀ ਹਨ, ਫੌਜੀ ਹਨ
ਅਫ਼ਸਰ ਹਨ, ਮੰਤਰੀ ਹਨ
ਡਾਕਟਰ ਹਨ, ਨਰਸਾਂ ਹਨ
ਕਾਮੇ ਹਨ, ਮਾਲਕ ਹਨ
ਅਧਿਆਪਕ ਹਨ, ਵਿਦਿਆਰਥੀ ਹਨ
ਲੇਖਕ ਹਨ, ਪੱਤਰਕਾਰ ਹਨ
ਗਾਇਕ ਹਨ, ਸੰਗੀਤਕਾਰ ਹਨ
ਭਾਈ ਹਨ, ਪੰਡਿਤ ਹਨ
ਮੁੱਲਾਂ ਹਨ, ਪਾਦਰੀ ਹਨ
ਪੰਚ ਹਨ, ਸਰਪੰਚ ਹਨ
ਕੁੱਤੇ, ਉਹ ਸਭ ਕੁਝ ਹਨ;
ਜੋ ਆਦਮੀ ਹੋ ਸਕਦਾ ਹੈ
ਪਰ ਕੀ ਕੁੱਤੇ,
ਕਦੀ ਇਸ ਗੱਲ ਦਾ, ਭੇਦ ਪਾ ਸਕਣਗੇ
ਕਿ ਉਹ ਕੁੱਤੇ ਕਿਉਂ ਹਨ
ਅਤੇ ਆਦਮੀ, ਆਦਮੀ ਕਿਉਂ ਹੈ?
ਕੁਝ ਵਿਅਕਤੀ ਕੁੱਤਿਆਂ ਵਾਂਗ ਵਰਤਾਓ ਕਰਦੇ ਹਨ ਤੇ ਕਈ ਕੁੱਤੇ ਬੰਦਿਆਂ ਵਾਂਗ (ਕੁੱਤਿਆਂ ਦੇ ਝੁੰਡ) ‘ਬਲੂਰ ਸਟਰੀਟ ਦੇ ਕੁੱਤੇ’ ਮਾਲਕ ਦਾ ਖਾ ਕੇ ਉਸਦੀਆਂ ਮਨ ਲੋਚਦੀਆਂ ਟਿਊਨਾਂ ‘ਤੇ ਨਾਚ ਕਰਦੇ ਹਨ। ਮਨੁੱਖ ਪਸ਼ੂਪਨ ਦੀਆਂ ਹੱਦਾਂ ਉਦੋਂ ਹੀ ਪਾਰ ਕਰਦਾ ਹੈ ਜਦੋਂ ਮੀਡੀਆ ਦੇ ਲੋਕ ਛੋਟੇ ਛੋਟੇ ਬੱਚਿਆਂ ਨਾਲ ਸੰਭੋਗ ਕਰ ਰਹੇ ਲੋਕਾਂ ਦੀਆਂ ਫਿਲਮਾਂ ਦਿਖਾ ਦਿਖਾ ਪੈਸਾ ਬਟੋਰਨ ਦਾ ਜਤਨ ਕਰਦੇ ਹਨ। ਇਹੋ ਜਿਹੀ ਹਾਲਤ ਵਿਚ ‘ਬੱਚੇ ਕਿੱਥੇ ਜਾਣ?’. ‘ਪ੍ਰਤੀਬੱਧਤਾ’ ਸ਼ਾਇਰ ਦੇ ਕਥਨ ਮੂਜਬ ਮਨੁੱਖ ਦੇ ਮਨ ਦਾ ਬਿਆਨ ਹੈ ਕਿ ਉਹ ਆਦਮੀਅਤ ਵੱਲ ਖਲ੍ਹੋਤਾ ਹੈ ਜਾਂ ਪਸ਼ੂਪਨੇ ਵੱਲ। ‘ਕਾਤਲਾਂ ਖ਼ਿਲਾਫ਼’ ਕਵਿਤਾ ਵਿੱਚ ਉਹ ਅਜਿਹੇ ਆਲੋਚਕਾਂ ਦਾ ਪਾਜ਼ ਉਘਾੜਦਾ ਹੈ ਜੋ ਕਵਿਤਾ ਦੇ ਪਾਰਖੂ ਬਣ ਨਿੱਤ ਕਵਿਤਾ ਦਾ ਕਤਲ ਕਰਦੇ ਹਨ।
----
ਸ਼ਾਇਰ ਦੀ ਇਹ ਕਵਿਤਾ ਨਵੀਂ ਕਵਿਤਾ ਲਈ ਲਲਕਾਰ ਪੇਸ਼ ਕਰਦੀ ਹੈ। ਉਸਦਾ ਦਾਅਵਾ ਹੈ ਕਿ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਪਰਾ-ਆਧੁਨਿਕਤਾ, ਪਿਆਰ ਕਵਿਤਾ, ਨਿੱਜੀ ਸਰੋਕਾਰਾਂ ਅਤੇ ਦੇਹ ਕਵਿਤਾ ਵਰਗੇ ਸ਼ਬਦਾਂ ਵਰਗੇ ਸ਼ਬਦਾਂ ਸਹਾਰੇ ਪੈਦਾ ਕੀਤੀ ਜਾ ਰਹੀ ਸਾਹਿਤਕ ਅਤੇ ਸਭਿਆਚਾਰਕ ਧੁੰਦ ਨਾਲ ਖਹਿੰਦਿਆਂ ਕਵਿਤਾ ਦੀ ਸਾਰਥਿਕਤਾ ਬਾਰੇ ਬਹਿਸ ਛੇੜਣ ਦੀ ਸਮਰੱਥਾ ਰੱਖਦੀਆਂ ਹਨ। ਆਪਣੀ ਗੱਲ ਨੂੰ ਸ਼ਿੱਦਤ ਨਾਲ ਕਹਿਣ ਲਈ ਕਵੀ ਵਿਅੰਗ, ਕਟਾਖ਼ਸ਼ ਅਤੇ ਕਿਤੇ ਕਿਤੇ ਜਿੱਥੇ ਮਨੁੱਖ ਦਾ ਕੁੱਤਾਪਣ ਜ਼ਿਆਦਾ ਹੀ ਭਾਰੀ ਹੁੰਦਾ ਹੈ ਗਾਲੀ ਗਲੋਚ ਵਾਲੀ ਭਾਸ਼ਾ ਵਰਤਣੋਂ ਵੀ ਸੰਕੋਚ ਨਹੀਂ ਕਰਦਾ।
----
ਸੁਖਿੰਦਰ ਦੀ ਕਵਿਤਾ ਮਨੁੱਖ ਨੂੰ ਚਿੰਤਨ ਦੀ ਪੱਧਰ ‘ਤੇ ਸੁਚੇਤ ਕਰਨ ਦੇ ਆਹਰ ‘ਚ ਹੈ। ਉਹ ਸੰਬੋਧਨੀ ਸੁਰ ਰਾਹੀਂ ਪਾਠਕ ਨੂੰ ਸਿੱਧਾ ਮੁਖ਼ਾਤਬ ਹੁੰਦਾ ਹੈ। ਚੇਤਨਾ ਦੀ ਪੱਧਰ ‘ਤੇ ਉਹ ਆਪਣੀ ਕਵਿਤਾ ਵਿੱਚ ਕਈ ਪ੍ਰਸ਼ਨ ਖੜ੍ਹੇ ਕਰਕੇ ਉਨ੍ਹਾਂ ਦਾ ਉੱਤਰ ਆਪਣੇ ਸੁਚੇਤ ਪਾਠਕਾਂ ਤੋਂ ਮੰਗਦਾ ਹੈ। ‘ਬੱਚੇ ਕਿੱਥੇ ਜਾਣ?’ ਨਜ਼ਮ ‘ਚ ਉਹ ਪੁੱਛਦਾ ਹੈ ਕਿ ਇਨ੍ਹਾਂ ਬੱਚਿਆਂ ਦੀਆਂ ਅੱਖਾਂ ‘ਚੋਂ ਵਹਿ ਰਹੇ ਹੰਝੂ ਕੌਣ ਪੂੰਝੇਗਾ? ਇਨ੍ਹਾਂ ਨੂੰ ਨਿਆਂ ਕੌਣ ਦੇਵੇਗਾ? ਉਸਦੀ ਸ਼ਾਇਰੀ ਆਮ ਜਨਤਾ ਨੂੰ ਹਲੂਣਦੀ ਹੋਈ ਉਨ੍ਹਾਂ ਨੂੰ ਜਾਗਰਿਤ ਹੋ ਜਾਣ ਦਾ ਸੁਨੇਹਾ ਦਿੰਦੀ ਹੈ। ਇਸੇ ਲਈ ਇਸ ਸ਼ਾਇਰੀ ਨੂੰ ਜਨ ਹਿਤ ਅਤੇ ਮਾਨਵਵਾਦੀ ਸੁਰ ਵਾਲੀ ਸ਼ਾਇਰੀ ਆਖਣ ਵਿੱਚ ਕਿਸੇ ਸੰਕੋਚ ਦੀ ਗੁੰਜਾਇਸ਼ ਨਹੀਂ ਹੈ. ਨਵੇਂ ਮਨੁੱਖ ਦੀ ਸਿਹਤਮੰਦ ਸੋਚ ਲਈ ਇਹੋ ਜਿਹੀ ਸ਼ਾਇਰੀ ਲਾਜ਼ਮੀ ਹੈ।
No comments:
Post a Comment