ਨਵੇਂ ਰਿਵੀਊ

Grab the widget  IWeb Gator

ਤੁਹਾਡੇ ਧਿਆਨ ਹਿੱਤ

ਇਸ ਬਲੌਗ ਤੇ ਸਮੀਖਿਆ, ਪੜਚੋਲ, ਮੁੱਖ-ਬੰਦ ਆਦਿ 'ਚ ਲਿਖੇ ਗਏ ਵਿਚਾਰ ਲੇਖਕ ਜਾਂ ਰਿਵੀਊਕਾਰ ਦੇ ਆਪਣੇ ਹਨ ਤੇ ਕਿਸੇ ਦਾ ਉਹਨਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸ਼ੁਕਰੀਆ!

Thursday, April 23, 2009

ਦਵਿੰਦਰ ਪੂਨੀਆ - ਕੀ ਗ਼ਲਤ ਹੈ, ਕੀ ਸਹੀ

ਕਿਤਾਬ : ਕੀ ਗ਼ਲਤ ਹੈ, ਕੀ ਸਹੀ (ਗ਼ਜ਼ਲ-ਸੰਗ੍ਰਹਿ)

ਲੇਖਕ: ਦਵਿੰਦਰ ਪੂਨੀਆ

ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ, ਇੰਡੀਆ

ਪ੍ਰਕਾਸ਼ਨ ਵਰ੍ਹਾ: 2009

ਕੀਮਤ: 100 ਰੁਪਏ

ਰਿਵੀਊਕਾਰ : ਦੀਪ ਨਿਰਮੋਹੀ

ਬਦਲਦੀਆਂ ਪ੍ਰਸਥਿਤੀਆਂ ਦਾ ਕਾਵਿ-ਰੁਪਾਂਤਰਣ: ਕੀ ਗ਼ਲਤ ਹੈ, ਕੀ ਸਹੀ

ਰੱਬ ਵਾਗੂੰ ਹੀ ਪਰਦੂਸ਼ਣ ਵੀ

ਬਣ ਚੁੱਕਿਆ ਹੈ ਸਰਵ-ਵਿਆਪਕ

ਆਡੀਓ ਵੀਡੀਓ ਹੀ ਵੱਜਦੇ ਨੇ

ਕੌਣ ਸੁਣਦਾ ਹੈ ਗੀਤ ਕੋਇਲ ਦਾ

ਉਪਰੋਕਤ ਸ਼ਿਅਰਾਂ ਦੀ ਗਹਿਨ ਸੰਰਚਨਾ ਚ ਵਿਦਮਾਨ ਵਿਚਾਰ ਹੀ ਦਵਿੰਦਰ ਪੂਨੀਆਂ ਦੀ ਕਾਵਿ-ਸਿਰਜਣਾ ਦੀ ਨੀਂਹ ਹੈਵਾਪਰ ਰਹੇ ਪ੍ਰੀਵਰਤਨ ਤੋ ਕੋਈ ਵੀ ਪ੍ਰਭਾਵਿਤ ਹੋਏ ਬਗੈਰ ਨਹੀਂ ਰਹਿ ਸਕਦਾ, ਫਿਰ ਕਾਵਿ-ਹਿਰਦਾ ਤਾਂ ਹੁੰਦਾ ਹੀ ਸੰਵੇਦਨ ਸ਼ੀਲ ਹੈਇਹੋ ਜਿਹੇ ਹਿਰਦੇ ਦਾ ਹੀ ਮਾਲਿਕ ਹੈ ਦਵਿੰਦਰ ਪੂਨੀਆ

ਦਵਿੰਦਰ ਪੂਨੀਆ ਦਾ ਪਿਛੋਕੜ ਪਿੰਡ ਸਿਹਾਲਾ ਜ਼ਿਲ੍ਹਾ ਲੁਧਿਆਣਾ ਤੋਂ ਸ਼ੁਰੂ ਹੁੰਦਾ ਹੈ ਅਤੇ ਅੱਜ-ਕੱਲ੍ਹ ਉਹ ਕੈਨੇਡਾ ਦੀ ਹਵਾ ਵਿੱਚ ਸਾਹ ਲੈ ਰਿਹਾ ਹੈਇੰਝ ਦੋ ਸਭਿਆਚਾਰਾਂ ਤੇ ਸਮਾਜਿਕ ਪ੍ਰਸਥਿਤੀਆਂ ਵਿੱਚ ਵਿਚਰਦਿਆਂ ਦਵਿੰਦਰ ਪੂਨੀਆਂ ਦੀ ਜੋ ਕਾਵਿ-ਪ੍ਰਤਿਭਾ ਉਭਰਦੀ ਹੈ ਉਹ ਸਾਡੇ ਸਾਹਮਣੇ ਹੈ ਕੀ ਗ਼ਲਤ ਹੈ, ਕੀ ਸਹੀਦੇ ਰੂਪ ਇਹ ਉਸਦਾ ਪਹਿਲਾਂ ਗ਼ਜ਼ਲ-ਸੰਗ੍ਰਹਿ ਹੈ

----

ਪੂਨੀਆ ਅਜੋਕੀ ਬਦਲ ਰਹੀ ਆਬੋ ਹਵਾ ਨੂੰ ਕਲਮ ਦੀ ਨੋਕ ਹੇਠ ਲਿਆਉਣ ਵਿੱਚ ਸਮਰੱਥ ਸ਼ਾਇਰ ਜਾਪਦਾ ਹੈ ਜਦੋਂ ਉਹ ਕਹਿੰਦਾ ਹੈ:-

ਹੁਣ ਖ਼ਤਾਂ ਦਾ ਦੌਰ ਇਕ ਇਤਿਹਾਸ ਹੈ

ਭੇਜ ਦੇਣਾ ਇਕ ਤੁਸੀ ਈ-ਮੇਲ ਹੀ

ਦੁਕਾਨਾਂ ਹੀ ਦੁਕਾਨਾਂ ਹੀ ਨੇ

ਕਿਤੇ ਮਸਜਿਦ ਕਿਤੇ ਮੰਦਰ

ਸ਼ਬਦਾਂ ਦੇ ਹੇਰ ਫੇਰ ਵਿੱਚੋਂ ਕਾਵਿ-ਬਿੰਬ ਉਘਾੜਨਾ ਉਸ ਦੀ ਗ਼ਜ਼ਲ ਦਾ ਵਿਸ਼ੇਸ਼ ਕਾਵਿ ਗੁਣ ਹੈ ਜਿਹੜਾ ਪੂਰੀ ਕਿਤਾਬ ਚ ਪਸਰਿਆ ਹੋਇਆ ਲੱਭਿਆ ਜਾ ਸਕਦਾ ਹੈਗੰਭੀਰ ਤੇ ਸੂਝਵਾਨ ਪਾਠਕ ਦੇ ਨਾਲ ਨਾਲ ਆਮ ਪਾਠਕ ਵੀ ਸ਼ਿਅਰ ਦੀ ਤਹਿ ਤੱਕ ਝਾਕ ਸਕਦਾ ਹੈਇਸੇ ਸੰਦਰਭ ਵਿੱਚ ਉਸਦਾ ਸ਼ਿਅਰ ਵੇਖਿਆ ਜਾ ਸਕਦਾ ਹੈ:-

ਇਸ਼ਕ ਬਹੁਤ ਹੀ ਸੌਖਾ ਹੈ

ਉਂਝ ਸੁਖਾਲਾ ਹੈ ਵੀ ਕੀ

ਖੁਦ ਨੂੰ ਜਾਨਣ ਦੀ ਲੋੜ ਪੈਂਦੀ ਹੈ

ਜਦ ਕੋਈ ਜਾਣਦਾ ਨਹੀਂ ਹੁੰਦਾ

----

ਦਵਿੰਦਰ ਦਾ ਸੰਵੇਦਨਸ਼ੀਲ ਹਿਰਦਾ ਸੂਖਮ ਅਨੁਭਵਾਂ ਨੂੰ ਕਾਵਿ ਰੰਗ ਦੇਣ ਚ ਪ੍ਰਬੀਨ ਹੈਸੌਖੀ ਤੇ ਸਰਲ ਸ਼ਬਦਾਵਲੀ ਚ ਰਮੇਂ ਹੋਏ ਸ਼ਿਅਰ ਪੜ੍ਹਦਿਆਂ ਉਸਦੀ ਪ੍ਰਸ਼ੰਸ਼ਾ ਹੋ ਜਾਣੀ ਸੁਭਾਵਿਕ ਹੈਉਸਦੇ ਸ਼ਿਅਰ ਪਾਠਕ ਮਨ ਵਿੱਚ ਕੋਈ ਸੰਦੇਹ ਨਹੀਂ ਛੱਡਦੇਪਾਠਕ ਨਿਰਸੰਕੋਚ ਉਸਦੀ ਹਾਂ ਵਿੱਚ ਹਾਮੀ ਭਰਦਾ ਨਜ਼ਰ ਆਉਂਦਾ ਹੈਜਦ ਉਹ ਲਿਖਦਾ ਹੈ:-

ਇਕ ਅਰਸਾ ਲੱਗਿਆ ਪਰਤਣ ਲਈ

ਧਿਆਨ ਮੇਰਾ ਉਸ ਤੇ ਜੋ ਪਲ ਭਰ ਗਿਆ

ਕਿੰਨੇ ਘਾਤਕ ਰਸੈਣ ਵੱਗਦੇ ਨੇ

ਜ਼ਿੰਦਗੀ ਹੁਣ ਨਹੀਂ ਨਦੀ ਅੰਦਰ

----

ਕੁਦਰਤੀ ਤੇ ਸਮਾਜਿਕ ਚੇਤਨਤਾ ਘੱਟ ਰਹੀ ਹੈ ਜਾਂ ਵੱਧ ਰਹੀ ਹੈ ਇਹ ਫੈਸਲਾ ਕਰ ਪਾਉਣਾ ਕਵੀ ਲਈ ਵੀ ਕਠਿਨ ਜਾਪਦਾ ਹੈ , ਕਿਉਂਕਿ ਬਦਲਦੀਆਂ ਪ੍ਰਸਥਿਤੀਆਂ ਕਾਰਣ ਮਨੁੱਖੀ ਜੀਵਨ ਨਿਘਾਰ ਵੱਲ ਜਾ ਰਿਹਾ ਹੈ ਕਵੀ ਨਵੇਂ ਤੇ ਪੁਰਾਣੇ ਦੋਵੇਂ ਸੰਦਰਭ ਪਾਠਕਾਂ ਅੱਗੇ ਪੇਸ਼ ਕਰ ਦਿੰਦਾ ਹੈ ਪਰ ਆਪ ਕੋਈ ਫ਼ੈਸਲਾ ਨਹੀਂ ਦਿੰਦਾ ਕੀ ਗ਼ਲਤ ਹੈ, ਕੀ ਸਹੀਇਹ ਫ਼ੈਸਲਾ ਪਾਠਕਾਂ ਲਈ ਰਾਖਵਾਂ ਰੱਖਣਾ ਵੀ ਉਸਦੀ ਕਾਵਿ-ਪ੍ਰਤਿਭਾ ਦਾ ਅਗਲਾ ਵਿਸ਼ੇਸ਼ ਗੁਣ ਹੈ:-

ਮਨ ਤਾਂ ਇੱਧਰ ਉੱਧਰ ਹੈ

ਹੱਥ ਵਿੱਚ ਮਾਲ਼ਾ ਹੈ ਵੀ ਕੀ

----

ਪਦਾਰਥਵਾਦੀ ਸੋਚ ਦੇ ਘਰਾਂ ਤੱਕ ਅੱਪੜ ਜਾਣ ਕਾਰਣ ਹੁਣ ਘਰ ਦੀ ਪਰਿਭਾਸ਼ਾ ਵੀ ਬਦਲੀ ਜਾ ਰਹੀ ਹੈ, ਜਿਸ ਦੀ ਉਦਾਹਰਣ ਵੇਖੀ ਜਾ ਸਕਦੀ ਹੈ:-

ਵਾਸੀਆਂ ਨਾਲ ਉਹ ਨਾ ਘਰ ਬਣਦਾ

ਕਰਦਾ ਨਿਰਭਰ ਮਕਾਨ ਚੀਜ਼ਾਂਤੇ

ਇਵੇਂ ਹੀ ਪਿਆਰ ਦੇ ਅਰਥਾਂ ਵਿੱਚ ਆਈ ਨਿਘਾਰ ਦੀ ਅਵਸਥਾਂ ਨੂੰ ਕਵੀ ਦੀ ਕਲਮ ਇੰਝ ਬਿਆਨ ਕਰਦੀ ਹੈ:-

ਢਾਈ ਅੱਖਰਾ ਪ੍ਰੇਮਸੀ ਪਹਿਲਾਂ

ਘੱਟ ਕੇ ਹੋਇਆ ਦੋ ਅੱਖਰਾਲਵ

----

ਉਪਰੋਕਤ ਚਰਚਾ ਨੂੰ ਸਮੇਟਦਿਆਂ ਸਿੱਟੇ ਦੇ ਰੂਪ ਚ ਇਹ ਕਿਹਾ ਜਾ ਸਕਦਾ ਹੈ ਕਿ ਕੀ ਗ਼ਲਤ ਹੈ, ਕੀ ਸਹੀਦਵਿੰਦਰ ਪੂਨੀਆਂ ਦਾ ਅਨੁਭਵ ਸੰਗ੍ਰਹਿ ਹੈਬਦਲਦੀਆਂ ਪ੍ਰਸਥਿਤੀਆਂ ਦੇ ਕਾਵਿ-ਰੂਪਾਂਤਰਣ ਦੇ ਸਿਰਜਕ ਦੇ ਰੂਪ ਵਿੱਚ ਕੀ ਗ਼ਲਤ ਹੈ, ਕੀ ਸਹੀਰਾਹੀਂ ਪੰਜਾਬੀ ਸਾਹਿਤ ਵਿੱਚ ਪ੍ਰਵੇਸ਼ ਕਰਨ ਤੇ ਪੰਜਾਬੀ ਪਾਠਕਾਂ ਵੱਲੋਂ ਅਸੀਂ ਉਸਨੂੰ ਅਤੇ ਉਸਦੇ ਗ਼ਜ਼ਲ ਸੰਗ੍ਰਹਿ ਨੂੰ ਖ਼ੁਸ਼ਾਮਦੀਦ ਆਖਦੇ ਹਾਂ




Sunday, April 5, 2009

ਸੰਤ ਸੰਧੂ - ਨੌਂ ਮਣ ਰੇਤ

ਕਿਤਾਬ : ਨੌਂ ਮਣ ਰੇਤ (ਕਾਵਿ-ਸੰਗ੍ਰਹਿ)

ਲੇਖਕ: ਸੰਤ ਸੰਧੂ

ਪ੍ਰਕਾਸ਼ਕ: ਪੰਜ ਨਦ ਪਬਲੀਕੇਸ਼ਨ, ਜਲੰਧਰ, ਇੰਡੀਆ

ਪ੍ਰਕਾਸ਼ਨ ਵਰ੍ਹਾ: 2008

ਕੀਮਤ: 100 ਰੁਪਏ

ਰਿਵੀਊਕਾਰ : ਸੁਲੱਖਣ ਸਰਹੱਦੀ

ਨੌਂ ਮਣ ਰੇਤਦੀ ਸਾਹਿਤਕ ਚਮਕ

ਸੰਤ ਸੰਧੂ ਪੰਜਾਬੀ ਕਵਿਤਾ ਵਿਚ ਕਿਸੇ ਜਾਣ ਪਛਾਣ ਦਾ ਮੁਥਾਜ ਨਹੀਂਸ਼ਹੀਦ ਪਾਸ਼ ਵਰਗਾ ਇਹ ਪ੍ਰਗਤੀਵਾਦੀ ਅਤੇ ਜੁਝਾਰਵਾਦੀ ਕਵੀ ਬਿਨਾਂ ਕਿਸੇ ਖੜ੍ਹੋਤ ਦੇ ਪਿਛਲੇ ਕਈ ਦਹਾਕਿਆਂ ਤੋਂ ਲੋਕ ਸਰੋਕਾਰਾਂ ਨਾਲ ਜੁੜਿਆ ਹੋਇਆ ਹੈਸੰਤ ਸੰਧੂ ਨਕਸਲੀ ਲਹਿਰ ਦਾ ਐਸਾ ਇਕਲੌਤਾ ਸੁਲੱਖਣ ਸ਼ਾਇਰ ਹੈ ਜਿਸ ਦੀ ਕਵਿਤਾ ਪੰਜਾਬ ਦੇ ਲੋਕ ਸੱਭਿਆਚਾਰਕ ਮੁਹਾਂਦਰੇ ਦੀ ਲਖਾਇਕ ਹੈਲਹਿਰਾਂ ਤੋਂ ਉਪਜੇ ਕਵੀ ਲਹਿਰਾਂ ਨਾਲ ਹੀ ਅਲੋਪ ਹੋ ਜਾਂਦੇ ਹਨਬਹੁਤ ਸਾਰੇ ਨਕਸਲੀ ਕਵੀਆਂ ਨੂੰ ਸਿਸਟਮ ਨੇ ਸ਼ਹੀਦ ਕਰ ਦਿੱਤਾਪਾਸ਼ ਨੂੰ ਪੰਜਾਬ ਦੇ ਅੱਤਵਾਦ ਨੇ ਖਾ ਲਿਆਪਰ ਬਹੁਤ ਸਾਰੇ ਕਵੀ ਵਲਾਇਤਾਂ ਵਿਚ ਦੌੜ ਗਏ ਅਤੇ ਆਪਣੀ ਕਵਿਤਾ ਨੂੰ ਹੀ ਜਿਬਹ ਕਰਨ ਲੱਗ ਪਏਪਰ ਸੰਤ ਸੰਧੂ ਇਕ ਐਸਾ ਕਵੀ ਹੈ ਜਿਸ ਵਿਚ ਕਦੇ ਨਾ ਤਾਂ ਥਿੜਕਣ ਆਈ ਅਤੇ ਨਾ ਹੀ ਉਸ ਨੇ ਆਪਣੀ ਕਵਿਤਾ ਦੇ ਵਹਿਣ ਨੂੰ ਲਾਲ ਕਿਲ੍ਹੇ ਦੇ ਮਾਰੂਥਲਾਂ ਵਲ ਮੋੜਿਆ ਹੈਸੰਤ ਸੰਧੂ ਨੇ ਤਲਵੰਡੀ ਸਲੇਮ ਨੂੰ ਦਾਰਸ਼ਨਿਕਤਾ ਮੁਖੀ ਅਗਰਗਾਮਤਾ ਦਾ ਮਾਣ-ਸਨਮਾਨ ਦੁਆਇਆ ਹੈਕਿਹਾ ਜਾਂਦਾ ਹੈ ਕਿ ਪਾਸ਼ ਨੇ ਸੰਤ ਸੰਧੂ ਤੋਂ ਪ੍ਰਭਾਵਿਤ ਹੋ ਕੇ ਕਵਿਤਾ ਲਿਖਣੀ ਆਰੰਭੀ ਸੀ ਪਰ ਸੰਤ ਇਕ ਮਿੱਠੇ ਅਤੇ ਮੱਠੇ ਮੈਦਾਨ ਦਰਿਆ ਜਿਹਾ ਧਰਤੀ ਬਰੋਬਰ ਵਗਦਾ ਗਿਆ ਜਿਸ ਵਿਚੋਂ ਖੇਤ ਅਤੇ ਚਿੜੀਆਂ ਦੀ ਤ੍ਰਿਪਤੀ ਦਾ ਜਲੌਅ ਵਗਦਾ ਰਿਹਾਉਸ ਵਿਚਲਾ ਪਾਣੀ ਅੱਜ ਵੀ ਮਿੱਠੇ ਦਾ ਮਿੱਠਾ ਹੈ

----

ਮੈਂ ਸੰਤ ਸੰਧੂ ਨੂੰ ਇਕ ਬੜਾ ਸੂਟਿਡ ਬੂਟਿਡ ਕੋਟ ਪੈਂਟ ਤੇ ਨਕਟਾਈ ਵਾਲਾ ਕੋਈ ਦਿੱਲੀ ਦਾ ਨੂਰ ਸਮਝਦਾ ਹੁੰਦਾ ਸੀਮੇਰੇ ਜਿਹੇ ਅਨੇਕਾਂ ਕਵੀ ਸੰਤ ਦੇ ਕੱਦ ਬੁੱਤ ਬਾਰੇ ਇਵੇਂ ਹੀ ਸੋਚਦੇ ਹੋਣਗੇਪਰ ਮੈਨੂੰ ਜਦ ਸੰਤ ਸੰਧੂ ਇਕ ਸਾਹਿਤਕ ਪ੍ਰੋਗਰਾਮ ਵਿਚ ਮਿਲਿਆ ਤਾਂ ਮੈਨੂੰ ਕਿਸੇ ਤੋਂ ਪੁੱਛਣਾ ਪਿਆ ਕਿ ਇਹ ਓਹੀਸੰਤ ਹੈ ਜਿਹੜਾ ਤਲਵੰਡੀ ਸਲੇਮ ਦਾ ਹੈ? ਬਿਲਕੁਲ ਹੀ ਸਾਧਾਰਨ ਤੇ ਪੇਂਡੂ ਜਨ ਸਾਧਾਰਨ ਦੀ ਮੂਰਤ, ਨਿਮਰਤਾ ਦਾ ਪੁੰਜ ਅਤੇ ਆਪਣੇ ਗੌਰਵ ਤੋਂ ਅਭਿੱਜਅੱਜ ਮੈਂ ਓਸੇਸੰਤ ਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ ਦਾ ਰਿਵੀਊ ਕਰਦਾ ਖ਼ੁਦ ਨੂੰ ਕਿੰਨਾ ਨਿੱਕਾ ਮਹਿਸੂਸ ਕਰਦਾ ਹਾਂਇਹ ਮੈਂ ਹੀ ਜਾਣਦਾ ਹਾਂ

ਜੇਕਰ ਕਿਤੇ ਸੰਤ ਨੂੰ ਵੀ ਅਜੋਕੇ ਦਿਲੀ ਦਰਬਾਰੀਆਂ ਵਾਂਗ ਜੁਗਾੜਾਂ ਦੇ ਢੰਗ ਆ ਜਾਂਦੇ ਤਾਂ ਉਹ ਵੀ ਲਾਲ ਕਿਲ੍ਹੇਦਾ ਮਹਾਨ ਸ਼ਾਇਰ ਹੁੰਦਾ...!

----

ਹਥਲੀ ਪੁਸਤਕ ਨੌਂ ਮਣ ਰੇਤਉਸ ਦੀ ਤੀਸਰੀ ਕਾਵਿ ਪੁਸਤਕ ਹੈਸੀਸ ਤਲੀ ਤੇ’ (1970) ਅਤੇ ਬਾਂਸ ਦੀ ਅੱਗ’ (1988) ਤੋਂ ਬਾਅਦ ਉਹ ਲੋਕਾਂ ਵਿਚ ਲੋਕਾਂ ਦੀ ਕਵਿਤਾ ਲੈ ਕੇ ਹਾਜ਼ਰ ਹੈਉਸ ਨੇ ਆਪਣੇ ਕਾਵਿ ਸਫਰ ਦੇ 40 ਸਾਲ ਦੇ ਲੰਮੇ ਅਰਸੇ ਵਿਚ ਕੇਵਲ ਤਿੰਨ ਕਾਵਿ ਪੁਸਤਕਾਂ ਹੀ ਛਪਵਾਈਆਂ ਹਨ

ਨੌਂ ਮਣ ਰੇਤਇਕ ਐਸਾ ਲੋਕ ਹੂਕ ਦਾ ਪ੍ਰਤੀਕ ਹੈ ਜੋ ਪੰਜਾਬੀ ਮਾਨਸਿਕਤਾ ਆਪਣੇ ਲੋਕ ਨਾਇਕਾਂ ਲਈ ਰਾਖਵਾਂ ਰੱਖਦੀ ਰਹੀ ਹੈਜੱਗਾ ਵੱਢਿਆ ਬੋੜ ਦੀ ਛਾਵੇਂ, ਨੌਂ ਮਣ ਰੇਤ ਭਿੱਜ ਗਈਦੁੱਲਾ ਭੱਟੀ ਵੱਢਿਆ ਜਾਂਦਾ ਹੈ ਜਾਂ ਮਿਰਜਾ, ਇਨ੍ਹਾਂ ਦੀ ਰੱਤ ਨਾਲ ਨੌਂ ਮਣ ਰੇਤ ਭਿੱਜਦੀ ਹੈਪਾਸ਼ ਨੂੰ ਵੀ ਜਦ ਗੋਲੀਆਂ ਲੱਗੀਆਂ ਹਨ ਤਾਂ ਪੰਜਾਬੀਆਂ ਦੇ ਮਨ-ਮਸਤਕ ਵਿਚਲੀ ਹੂਕ ਰੂਪੀ ਨੌਂ ਮਣ ਰੇਤ ਭਿੱਜਦੀ ਹੈ ਪਰ ਸੰਤ ਸੰਧੂ ਆਧੁਨਿਕ ਪੰਜਾਬ ਦੇ ਸਾਮਰਾਜੀਆਂ ਹੱਥੋਂ ਕਤਲ ਨੂੰ ਨੌਂ ਮਣ ਰੇਤ ਨਾਲ ਵੀ ਜੋੜਨ ਵਿਚ ਸਫ਼ਲ ਰਿਹਾ ਹੈ

----

ਸੰਤ ਨੂੰ ਪਤਾ ਹੈ ਕਿ ਜੁਝਾਰ ਕਵਿਤਾ ਦੀ ਅਉਧ ਲੋਕ ਚੇਤਨਾ ਵਿਚ ਹੁੰਦੀ ਹੈ ਅਤੇ ਲੋਕ ਚੇਤਨਾ ਦੀ ਮਿੱਟੀ ਨੂੰ ਵਿਚਾਰਾਂ ਨਾਲ ਹੀ ਜ਼ਰਖੇਜ਼ ਕੀਤਾ ਜਾਂਦਾ ਹੁੰਦਾ ਹੈਇਸੇ ਲਈ ਉਹ ਪੰਜਾਬੀਆਂ ਦੇ ਅਜੋਕੇ ਸਰੋਕਾਰਾਂ ਅਤੇ ਮਸਲਿਆਂ ਨੂੰ ਆਪਣੀ ਕਵਿਤਾਵਾਂ ਦੇ ਵਿਸ਼ੇ ਬਣਾਉਂਦਾ ਹੈਬੁੱਲ੍ਹੇ ਸ਼ਾਹ ਵਾਂਗ ਇਸ ਦੀ ਕਵਿਤਾ ਲੋਕ ਇਸ਼ਕ ਦੀ ਨਵੀਓਂ ਨਵੀਂ ਬਹਾਰ ਵਾਂਗ ਹੈਅੱਜ ਦਾ ਪੰਜਾਬ ਬੇਰੁਜ਼ਗਾਰੀ ਦੀ ਅੱਗ ਅੰਦਰ ਸੜ ਰਿਹਾ ਹੈਨਸ਼ਿਆਂ ਦੇ ਹੜ੍ਹ ਵਹਿ ਰਹੇ ਹਨਰਾਜਨੀਤੀ ਤੇ ਧਰਮੰਧਤਾ ਭਟਕ ਕੇ ਇਕੱਠੇ ਹੋ ਗਏ ਹਨ ਅਤੇ ਇਨ੍ਹਾਂ ਵਿਚ ਅਨੈਤਿਕ ਗਠਜੋੜ ਹੋ ਗਿਆ ਹੈਕਿਸਾਨਾਂ ਤੋਂ ਜਬਰੀ ਜ਼ਮੀਨ ਅਤੇ ਲੋਕਾਂ ਤੋਂ ਪੁੱਤ ਖੋਹੇ ਜਾ ਰਹੇ ਹਨਕੁੜੀਆਂ ਨੂੰ ਪੇਟ ਵਿਚ ਮਾਰਿਆ ਜਾ ਰਿਹਾ ਹੈਜੱਟ ਸਲਫਾਸੀ ਹੋ ਗਏ ਹਨਪਰ ਵਿਹੜੇ ਵਿਚ ਅਨਿਸ਼ਚਿਤਤਾ ਅਤੇ ਹਨੇਰੇ ਦੀ ਸੂਲੀ ਗੱਡੀ ਹੋਈ ਹੈ, ਵਾੜ ਖੇਤ ਨੂੰ ਖਾ ਰਹੀ ਹੈ... ਇਹ ਅਤੇ ਐਸੇ ਹੀ ਲੋਕ ਵਿਸ਼ੇ ਸੰਤ ਸੰਧੂ ਦੀ ਕਵਿਤਾ ਦੇ ਅਜੋਕੇ ਵਿਸ਼ੇ ਹਨਉਹ ਲੋਕ ਜਥੇਬੰਦੀਆਂ ਨੂੰ ਸਤਿਕਾਰਦਾ ਅਤੇ ਡਾਇਰੀ ਪਲਟਣਾਂ ਨੂੰ ਧਿਰਕਾਰਦਾ ਹੈਉਸ ਦੀ ਕਲਮ ਲੋਕ ਨਬਜ਼ ਦੀ ਟੋਹ ਲਾ ਰਹੀ ਹੈ

----

ਪੁਸਤਕ ਦੀ ਹਰ ਕਵਿਤਾ ਨਵਾਂ ਸੰਦੇਸ਼ ਦਿੰਦੀ ਹੈ ਅਤੇ ਇਹ ਦ੍ਰਿੜ੍ਹਾਉਂਦੀ ਹੈ ਕਿ ਕਲਾ ਉਹੀ ਸਾਰਥਕ ਹੋ ਸਕਦੀ ਹੈ ਜੋ ਲੋਕਾਂ ਦੇ ਦਰਦਾਂ ਦੀ ਗਾਥਾ ਹੋਵੇ

ਸੰਤ ਨੇ ਹਥਲੀ ਪੁਸਤਕ ਵਿਚ ਆਪਣੀ ਸਿਫ਼ਤ ਕਰਦੇ ਦਰਜਨਾਂ ਲੋਕਾਂ ਦੇ ਪ੍ਰਵਚਨ ਵੀ ਲਿਖ ਦਿੱਤੇ ਹਨਲੱਗਦਾ ਹੈ ਕਿ ਸੰਤ ਅਕਾਦਮਿਕ ਹਲਕਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਆਹਰ ਵਿਚ ਹੈਪਰ ਮੈਂ ਸਮਝਦਾ ਹਾਂ ਕਿ ਐਸੀ ਸਵੈ-ਸਿਫ਼ਤ ਦੀ ਨੁਮਾਇਸ਼ ਦੀ ਹੁਣ ਸੰਤ ਨੂੰ ਕੋਈ ਲੋੜ ਨਹੀਂ ਸੀਨੌਂ ਮਣ ਰੇਤ ਦੀ ਕਵਿਤਾ ਹਰ ਪੰਜਾਬੀ ਨੂੰ ਪੜ੍ਹਨੀ ਚਾਹੀਦੀ ਹੈ





Thursday, March 12, 2009

ਸੁਖਿੰਦਰ - ਕੁੱਤਿਆਂ ਬਾਰੇ ਕਵਿਤਾਵਾਂ

ਕਿਤਾਬ : ਕੁੱਤਿਆਂ ਬਾਰੇ ਕਵਿਤਾਵਾਂ (ਕਾਵਿ ਸੰਗ੍ਰਹਿ)

ਲੇਖਕ: ਸੁਖਿੰਦਰ

ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਇੰਡੀਆ

ਪ੍ਰਕਾਸ਼ਨ ਵਰ੍ਹਾ: 2006

ਕੀਮਤ: 10 ਡਾਲਰ

ਰਿਵੀਊਕਾਰ : ਕੇ.ਐੱਲ.ਗਰਗ

ਕੁੱਤਿਆਂ ਬਾਰੇ ਕਵਿਤਾਵਾਂ’: ਮਨੁੱਖ ਦੇ ਪਸ਼ੂ ਹੋ ਜਾਣ ਦੀ ਚਿੰਤਾ

ਕੁੱਤਿਆਂ ਬਾਰੇ ਕਵਿਤਾਵਾਂਕੈਨੇਡਾ ਵਾਸੀ ਸ਼ਾਇਰ ਸੁਖਿੰਦਰ ਦੀ ਨਵੀਂ ਕਾਵਿ-ਰਚਨਾ ਹੈ। ਇਹ ਕਵਿਤਾਵਾਂ ਸਨ 1993 ਤੋਂ ਲੈ ਕੇ 2004 ਦੇ ਸਮੇਂ ਰੂਪ ਧਾਰ ਸਕੀਆਂ ਹਨ। ਸੁਖਿੰਦਰ ਸੰਵਾਦਮੈਗਜ਼ੀਨ ਦਾ ਸੰਪਾਦਕ ਹੋਣ ਤੋਂ ਇਲਾਵਾ ਵਿਗਿਆਨੀ, ਕਵੀ ਅਤੇ ਨਾਵਲਕਾਰ ਹੈ ਜੋ ਆਪਣੀਆਂ ਸੰਘਣੀਆਂ ਬੁਣਤੀਆਂ ਅਤੇ ਜ਼ਦੀਦ ਸੋਚ ਕਾਰਣ ਜਾਣਿਆਂ ਜਾਂਦਾ ਹੈ। ਸ਼ਹਿਰ, ਧੁੰਦ ਤੇ ਰੌਸ਼ਨੀਆਂ’, ‘ਲੱਕੜ ਦੀਆਂ ਮੱਛੀਆਂ’, ‘ਤੂਫ਼ਾਨ ਦੀਆਂ ਜੜ੍ਹਾਂ ਵਿੱਚ’, ‘ਬੁੱਢੇ ਘੋੜਿਆਂ ਦੀ ਆਤਮ-ਕਥਾ’, ‘ਸਕਿਜ਼ੋਫਰੇਨੀਆਂ’, ‘ਇਹ ਖ਼ਤ ਕਿਸਨੂੰ ਲਿਖਾਂਆਦਿ ਕਾਵਿ ਪੁਸਤਕਾਂ ਰਾਹੀਂ ਪੰਜਾਬੀ ਕਾਵਿ-ਜਗਤ ਵਿੱਚ ਉਸਨੇ ਆਪਣੀ ਵਿਸ਼ੇਸ਼ ਥਾਂ ਬਣਾਈ ਹੈ। ਅਲਾਰਮ ਕਲਾਕਉਸਦਾ ਇਕਲੌਤਾ ਨਾਵਲ ਹੈ ਜੋ ਆਪਣੇ ਵੱਖਰੇ ਮੁਹਾਂਦਰੇ ਕਾਰਣ ਚਰਚਿਤ ਹੋਇਆ ਹੈ।

----

ਪੂੰਜੀਵਾਦੀ ਅਰਥ ਪ੍ਰਣਾਲੀ ਦਾ ਵਿਕਸਤ ਰੂਪ ਦੁਨੀਆਂ ਦੇ ਸਨਮੁਖ ਹੈ। ਪੂੰਜੀ ਦੇ ਵੱਡੇ ਨਿਵੇਸ਼ ਕਾਰਣ ਟੈਕਨਾਲੋਜੀ ਅਤੇ ਵਿਗਿਆਨ ਦਾ ਵਿਸਥਾਰ ਹੋਇਆ ਹੈ। ਵਿਸਥਾਰ ਬਹੁਤ ਵੱਡੀ ਪੱਧਰ ਤੇ ਹੋਇਆ ਹੈ। ਆਉਣ ਜਾਣ ਦੇ ਵਸੀਲੇ ਵਧੇ ਹਨ। ਸਮਾਂ ਸਿਮਟ ਕੇ ਸਕਿੰਟਾਂ ਤੀਕ ਪਹੁੰਚ ਗਿਆ ਹੈ। ਦੁਨੀਆਂ ਇਕ ਪਿੰਡ ਬਣ ਗਈ ਹੈ। ਗਿਣਤੀ ਦੇ ਮੁਲਕ ਵੱਡੇ ਵਸੀਲਿਆਂ ਦੇ ਮਾਲਕ ਬਣ ਗਏ ਹਨ। ਤੀਜੀ ਦੁਨੀਆਂ ਦੇ ਮੁਲਕ ਆਪਣੀ ਹੋਂਦ ਲਈ ਛਟਪਟਾਉਂਦੇ ਹੋਏ ਉਨ੍ਹਾਂ ਵੱਡੇ ਮੁਲਕਾਂ ਦੀਆਂ ਚਾਰਾਜ਼ੋਈਆਂ ਵਿੱਚ ਜੁਟੇ ਹੋਏ ਹਨ। ਵੱਡੇ ਅਮੀਰ ਮੁਲਕ ਦੁਨੀਆਂ ਦੇ ਦੂਸਰੇ ਕਮਜ਼ੋਰ ਮੁਲਕਾਂ ਦੇ ਆਕਾ ਬਣੇ ਹੋਏ ਹਨ। ਵੱਡੀ ਮਾਤਰਾ ਵਿਚ ਹੋ ਰਿਹਾ ਉਤਪਾਦਨ ਸੁੱਟਣ ਲਈ ਵੱਡੇ ਮੁਲਕ ਮੰਡੀਆਂ ਦੀ ਤਲਾਸ਼ ਚ ਸਿਰ ਤੋੜ ਜਤਨ ਚ ਜੁਟੇ ਹੋਏ ਹਨ। ਉਪਨਿਵੇਸ਼ਵਾਦ ਦਾ ਖ਼ਤਰਾ ਹੁਣ ਦੁਨੀਆਂ ਦੇ ਸਿਰਾਂ ਤੇ ਸੱਪ ਵਾਂਗ ਫਣ ਚੁੱਕੀ ਖਲ੍ਹੋਤਾ ਹੈ। ਆਪਣਾ ਕੂੜਾ ਕਚਰਾ ਵੇਚਣ ਲਈ ਪੂੰਜੀਵਾਦੀ ਮੁਲਕਾਂ ਵੱਲੋਂ ਕਮਜ਼ੋਰ ਤੇ ਲੋੜਵੰਦ ਮੁਲਕਾਂ ਦੀ ਭਾਲ ਜਾਰੀ ਹੈ।

----

ਭੂਮੰਡਲੀਕਰਨ, ਵਿਸ਼ਵੀਕਰਨ ਜਾਂ ਗਲੋਬਲਾਈਜੇਸ਼ਨ ਕਾਰਣ ਦੁਨੀਆਂ ਭਾਵੇਂ ਬਹੁਤ ਛੋਟੀ ਹੋ ਗਈ ਹੈ। ਖ਼ਪਤ ਕਲਚਰ ਦਾ ਬੋਲਬਾਲਾ ਹੈ, ਪਰ ਨਾਲ ਦੀ ਨਾਲ ਕਈ ਖ਼ਤਰੇ ਵੀ ਮਨੁੱਖਤਾ ਦੇ ਸਨਮੁਖ ਆਣ ਖਲ੍ਹੋਤੇ ਹਨ. ਅਮੀਰ ਮੁਲਕਾਂ ਵੱਲੋਂ ਗਰੀਬ ਮੁਲਕਾਂ ਦੇ ਸੋਸ਼ਣੀ ਵਰਤਾਰੇ ਦਾ ਸ੍ਰੀ ਗਣੇਸ਼ ਹੀ ਨਹੀਂ ਹੋਇਆ ਸਗੋਂ ਇਹ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਗ਼ਰੀਬ ਮੁਲਕ ਹੁਣ ਬਲੀ ਦੇ ਬੱਕਰੇ ਬਣ ਗਏ ਹਨ। ਸਮਾਂ ਪੁੱਠੇ ਗੇੜ ਘੁੰਮਣ ਲੱਗ ਪਿਆ ਹੈ।

ਇਥੋਂ ਹੀ ਸ਼ਾਇਰ ਸੁਖਿੰਦਰ ਦੀ ਚਿੰਤਾ ਸ਼ੁਰੂ ਹੁੰਦੀ ਹੈ। ਸੁਖਿੰਦਰ ਬੁੱਧੀ ਵਿਵੇਕ ਦਾ ਸ਼ਾਇਰ ਹੈ। ਚਿੰਤਨ ਅਤੇ ਚੇਤਨਤਾ ਉਸਦੀ ਸ਼ਾਇਰੀ ਦੇ ਪ੍ਰਮੁੱਖ ਲੱਛਣ ਹਨ। ਪੂੰਜੀਵਾਦ ਦੇ ਇਸ ਵਿਸਥਾਰ ਨਾਲ ਮਨੁੱਖ ਦੇ ਪਸ਼ੂ ਹੋ ਜਾਣ ਦੀਆਂ ਸੰਭਾਵਨਾਵਾਂ ਵਧੀਆਂ ਹਨ। ਸਿਰਜਣਾ ਦੀ ਉੱਤਮ ਕ੍ਰਿਤ ਮਨੁੱਖ ਪਸ਼ੂਆਂ ਹਾਰੀਂ ਹੁੰਦਾ ਜਾ ਰਿਹਾ ਹੈ। ਸੁਖਿੰਦਰ ਮਨੁੱਖ ਦੇ ਇਸ ਪਸ਼ੂਪਨ ਨੂੰ ਕੁੱਤਿਆਂਦੇ ਬਿੰਬ ਅਤੇ ਮੈਟਾਫ਼ਰ ਨਾਲ ਉਭਾਰਦਾ ਹੈ।

----

ਕੁੱਤਾਉਸ ਲਈ ਨੀਚ ਜੀਵ ਹੈ। ਘਟੀਆ ਅਤੇ ਘਿਨੌਣੇ ਕਾਰਜ ਕਰਦਾ ਹੈ। ਲਾਲਚ ਅਤੇ ਹਿੰਸਾ ਰਾਹੀਂ ਉਤਪਾਤ ਕਰਦਾ ਹੈ। ਨਿਰਾਰਥਕ ਖੌਰੂ ਪਾਉਂਦਾ ਹੈ। ਐਵੇਂ ਹੀ ਬਿਨਾਂ ਵਜ੍ਹਾ ਤੁਹਾਡੀ ਛੱਤ ਤੇ ਨਹੁੰਦਰਾਂ ਮਾਰ ਮਾਰ ਤੁਹਾਡੀ ਮਿੱਠੀ ਨੀਂਦ ਵਿੱਚ ਖਲਲ ਪਾਉਂਦਾ ਹੈ। ਅਖੀਰ ਆਕਾ ਸਾਹਮਣੇ ਲਾਚਾਰ ਕੁੱਤਾ ਗਿੜਗਿੜਾਉਂਦਾ ਹੈ, ਉਸਦੇ ਪੈਰਾਂ ਚ ਲਿਫਦਾ ਹੈ ਤੇ ਉਸਦੇ ਇਸ਼ਾਰਿਆਂ ਤੇ ਦੋ ਲੱਤਾਂ ਤੇ ਖਲ੍ਹੋ ਖਲ੍ਹੋ ਨੱਚਦਾ ਹੈ। ਟੀ.ਵੀ. ਚੈਨਲਾਂ ਰਾਹੀਂ ਕੁੱਤਾ ਕਲਚਰਪੈਦਾ ਹੋਣ ਦੀ ਹਾਜ਼ਤ ਵਧੀ ਹੈ। ਮਨੁੱਖ ਦਾ ਰੂਪਾਂਤਰਣ ਕੁੱਤੇ ਦੇ ਰੂਪ ਚ ਹੋਣ ਲੱਗਾ ਹੈ। ਮਨੁੱਖ ਕੁੱਤੇ ਕੰਮਕਰਨ ਵੱਲ ਰੁਚਿਤ ਹੋ ਰਿਹਾ ਹੈ। ਲੋਕ ਆਪਣੇ ਕਤੂਰਿਆਂ ਦੇ ਕਾਰਨਾਮਿਆਂ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਬਖ਼ਸ਼ੀਸ਼ਾਂ ਬਖਸ਼ ਰਹੇ ਹਨ। ਲੇਖਕਾਂ ਦੀ ਇਕ ਢਾਣੀ ਵੀ (ਲਾਲਚੀ ਅਤੇ ਘਟੀਆ) ਅਜਿਹੇ ਗੁਰਗੇ ਮਾਲਕਾਂ ਦੇ ਇਸ਼ਾਰਿਆਂ ਤੇ ਉਨ੍ਹਾਂ ਦੀ ਉਸਤਤ ਚ ਲਿਖ ਲਿਖ (ਕੁੱਤੇ ਕੰਮ ਕਰ ਕਰ) ਇਨਾਮ ਅਤੇ ਪਦਵੀਆਂ ਹਾਸਿਲ ਕਰਨ ਚ ਰੁੱਝੀ ਹੋਈ ਹੈ।

----

ਓਪਰੋਕਤ ਸਾਰੀਆਂ ਇੱਲਤਾਂ ਅਤੇ ਅਲਾਮਤਾਂ ਸੁਖਿੰਦਰ ਆਪਣੀਆਂ ਇਨ੍ਹਾਂ ਕਵਿਤਾਵਾਂ ਵਿਚ ਬੜੀ ਸ਼ਿੱਦਤ ਨਾਲ ਉਘਾੜਦਾ ਹੈ। ਕੁੱਤਾ ਸਭਿਆਚਾਰਕਵਿਤਾ ਵਿਚ ਉਹ ਮਨੁੱਖੀ ਸਭਿਆਚਾਰ ਨੂੰ ਪਲੀਤ ਕਰਨ ਵਾਲੇ ਲੋਕਾਂ ਦੀਆਂ ਸਾਜਿ਼ਸ਼ਾਂ ਤੋਂ ਸੁਚੇਤ ਕਰਦਿਆਂ ਕੁੱਤੇ ਅਤੇ ਮਨੁੱਖ ਵਿਚਲੇ ਫ਼ਰਕ ਨੂੰ ਸਮਝਣ ਦੀ ਲੋੜ ਤੇ ਜ਼ੋਰ ਦਿੰਦਾ ਹੈ. ਲੋਕਾਂ ਨੂੰ ਜਾਗਣ ਦਾ ਸੱਦਾ ਦਿੰਦਾ ਹੈ। ਸੱਤਿਅਮ, ਸ਼ਿਵਮ, ਸੁੰਦਰਮਕਵਿਤਾ ਵਿੱਚ ਬੁੱਢੀ ਜਾਦੂਗਰਨੀ ਦਾ ਸਿੰਬਲ ਵਰਤ ਕੇ ਨਸਲੀ ਜੰਗ ਵੱਲ ਸੰਕੇਤ ਕਰਦਾ ਹੈ। ਸਕਿਜ਼ੋਫਰੇਨੀਆਂਕਵਿਤਾ ਵਿੱਚ ਅਮੀਰ ਅਤੇ ਵੱਡੇ ਰਾਜਨੀਤਕਾਂ ਦੇ ਝੋਲੀ-ਚੁੱਕ ਬਣ ਚੁੱਕੇ ਮੀਡੀਆ ਦੇ ਲੋਕਾਂ ਤੇ ਵਿਅੰਗ ਬਾਣ ਸੁੱਟਦਾ ਹੈ। ਕੁੱਤਿਆਂ ਨੂੰ ਕਹੋਕਵਿਤਾ ਵਿਚ ਸ਼ਾਇਰ ਪ੍ਰਵਚਨੀ ਸੁਰ ਅਖ਼ਤਿਆਰ ਕਰਦਿਆਂ ਆਖਦਾ ਹੈ ਕਿ ਕੁੱਤਿਆਂ ਨੂੰ ਆਦਮੀ ਬਣਨ ਦੇ ਪਾਖੰਡ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਕੁੱਤੇਕਵਿਤਾ ਚ ਉਹ ਸਹਿਮਤ ਹੈ ਕਿ ਕੁੱਤੇ ਉਹ ਸਭ ਕੁਝ ਹਨ ਜੋ ਆਦਮੀ ਬਣ ਸਕਦਾ ਹੈ। ਕਵੀ ਮੂਜਬ ਇਹ ਕੁੱਤਿਆਂ ਦੇ ਨੈਟਵਰਕ ਦਾ ਜ਼ਮਾਨਾ ਹੈ। ਇਹ ਸਤਰਾਂ ਜ਼ਿਕਰ ਗੋਚਰੀਆਂ ਹਨ:

ਕੁੱਤੇ ਸਿਪਾਹੀ ਹਨ, ਫੌਜੀ ਹਨ

ਅਫ਼ਸਰ ਹਨ, ਮੰਤਰੀ ਹਨ

ਡਾਕਟਰ ਹਨ, ਨਰਸਾਂ ਹਨ

ਕਾਮੇ ਹਨ, ਮਾਲਕ ਹਨ

ਅਧਿਆਪਕ ਹਨ, ਵਿਦਿਆਰਥੀ ਹਨ

ਲੇਖਕ ਹਨ, ਪੱਤਰਕਾਰ ਹਨ

ਗਾਇਕ ਹਨ, ਸੰਗੀਤਕਾਰ ਹਨ

ਭਾਈ ਹਨ, ਪੰਡਿਤ ਹਨ

ਮੁੱਲਾਂ ਹਨ, ਪਾਦਰੀ ਹਨ

ਪੰਚ ਹਨ, ਸਰਪੰਚ ਹਨ

ਕੁੱਤੇ, ਉਹ ਸਭ ਕੁਝ ਹਨ;

ਜੋ ਆਦਮੀ ਹੋ ਸਕਦਾ ਹੈ

ਪਰ ਕੀ ਕੁੱਤੇ,

ਕਦੀ ਇਸ ਗੱਲ ਦਾ, ਭੇਦ ਪਾ ਸਕਣਗੇ

ਕਿ ਉਹ ਕੁੱਤੇ ਕਿਉਂ ਹਨ

ਅਤੇ ਆਦਮੀ, ਆਦਮੀ ਕਿਉਂ ਹੈ?

ਕੁਝ ਵਿਅਕਤੀ ਕੁੱਤਿਆਂ ਵਾਂਗ ਵਰਤਾਓ ਕਰਦੇ ਹਨ ਤੇ ਕਈ ਕੁੱਤੇ ਬੰਦਿਆਂ ਵਾਂਗ (ਕੁੱਤਿਆਂ ਦੇ ਝੁੰਡ) ਬਲੂਰ ਸਟਰੀਟ ਦੇ ਕੁੱਤੇਮਾਲਕ ਦਾ ਖਾ ਕੇ ਉਸਦੀਆਂ ਮਨ ਲੋਚਦੀਆਂ ਟਿਊਨਾਂ ਤੇ ਨਾਚ ਕਰਦੇ ਹਨ। ਮਨੁੱਖ ਪਸ਼ੂਪਨ ਦੀਆਂ ਹੱਦਾਂ ਉਦੋਂ ਹੀ ਪਾਰ ਕਰਦਾ ਹੈ ਜਦੋਂ ਮੀਡੀਆ ਦੇ ਲੋਕ ਛੋਟੇ ਛੋਟੇ ਬੱਚਿਆਂ ਨਾਲ ਸੰਭੋਗ ਕਰ ਰਹੇ ਲੋਕਾਂ ਦੀਆਂ ਫਿਲਮਾਂ ਦਿਖਾ ਦਿਖਾ ਪੈਸਾ ਬਟੋਰਨ ਦਾ ਜਤਨ ਕਰਦੇ ਹਨ। ਇਹੋ ਜਿਹੀ ਹਾਲਤ ਵਿਚ ਬੱਚੇ ਕਿੱਥੇ ਜਾਣ?’. ‘ਪ੍ਰਤੀਬੱਧਤਾਸ਼ਾਇਰ ਦੇ ਕਥਨ ਮੂਜਬ ਮਨੁੱਖ ਦੇ ਮਨ ਦਾ ਬਿਆਨ ਹੈ ਕਿ ਉਹ ਆਦਮੀਅਤ ਵੱਲ ਖਲ੍ਹੋਤਾ ਹੈ ਜਾਂ ਪਸ਼ੂਪਨੇ ਵੱਲ। ਕਾਤਲਾਂ ਖ਼ਿਲਾਫ਼ਕਵਿਤਾ ਵਿੱਚ ਉਹ ਅਜਿਹੇ ਆਲੋਚਕਾਂ ਦਾ ਪਾਜ਼ ਉਘਾੜਦਾ ਹੈ ਜੋ ਕਵਿਤਾ ਦੇ ਪਾਰਖੂ ਬਣ ਨਿੱਤ ਕਵਿਤਾ ਦਾ ਕਤਲ ਕਰਦੇ ਹਨ।

----

ਸ਼ਾਇਰ ਦੀ ਇਹ ਕਵਿਤਾ ਨਵੀਂ ਕਵਿਤਾ ਲਈ ਲਲਕਾਰ ਪੇਸ਼ ਕਰਦੀ ਹੈ। ਉਸਦਾ ਦਾਅਵਾ ਹੈ ਕਿ ਇਸ ਪੁਸਤਕ ਵਿਚਲੀਆਂ ਕਵਿਤਾਵਾਂ ਪਰਾ-ਆਧੁਨਿਕਤਾ, ਪਿਆਰ ਕਵਿਤਾ, ਨਿੱਜੀ ਸਰੋਕਾਰਾਂ ਅਤੇ ਦੇਹ ਕਵਿਤਾ ਵਰਗੇ ਸ਼ਬਦਾਂ ਵਰਗੇ ਸ਼ਬਦਾਂ ਸਹਾਰੇ ਪੈਦਾ ਕੀਤੀ ਜਾ ਰਹੀ ਸਾਹਿਤਕ ਅਤੇ ਸਭਿਆਚਾਰਕ ਧੁੰਦ ਨਾਲ ਖਹਿੰਦਿਆਂ ਕਵਿਤਾ ਦੀ ਸਾਰਥਿਕਤਾ ਬਾਰੇ ਬਹਿਸ ਛੇੜਣ ਦੀ ਸਮਰੱਥਾ ਰੱਖਦੀਆਂ ਹਨ। ਆਪਣੀ ਗੱਲ ਨੂੰ ਸ਼ਿੱਦਤ ਨਾਲ ਕਹਿਣ ਲਈ ਕਵੀ ਵਿਅੰਗ, ਕਟਾਖ਼ਸ਼ ਅਤੇ ਕਿਤੇ ਕਿਤੇ ਜਿੱਥੇ ਮਨੁੱਖ ਦਾ ਕੁੱਤਾਪਣ ਜ਼ਿਆਦਾ ਹੀ ਭਾਰੀ ਹੁੰਦਾ ਹੈ ਗਾਲੀ ਗਲੋਚ ਵਾਲੀ ਭਾਸ਼ਾ ਵਰਤਣੋਂ ਵੀ ਸੰਕੋਚ ਨਹੀਂ ਕਰਦਾ।

----

ਸੁਖਿੰਦਰ ਦੀ ਕਵਿਤਾ ਮਨੁੱਖ ਨੂੰ ਚਿੰਤਨ ਦੀ ਪੱਧਰ ਤੇ ਸੁਚੇਤ ਕਰਨ ਦੇ ਆਹਰ ਚ ਹੈ। ਉਹ ਸੰਬੋਧਨੀ ਸੁਰ ਰਾਹੀਂ ਪਾਠਕ ਨੂੰ ਸਿੱਧਾ ਮੁਖ਼ਾਤਬ ਹੁੰਦਾ ਹੈ। ਚੇਤਨਾ ਦੀ ਪੱਧਰ ਤੇ ਉਹ ਆਪਣੀ ਕਵਿਤਾ ਵਿੱਚ ਕਈ ਪ੍ਰਸ਼ਨ ਖੜ੍ਹੇ ਕਰਕੇ ਉਨ੍ਹਾਂ ਦਾ ਉੱਤਰ ਆਪਣੇ ਸੁਚੇਤ ਪਾਠਕਾਂ ਤੋਂ ਮੰਗਦਾ ਹੈ। ਬੱਚੇ ਕਿੱਥੇ ਜਾਣ?’ ਨਜ਼ਮ ਚ ਉਹ ਪੁੱਛਦਾ ਹੈ ਕਿ ਇਨ੍ਹਾਂ ਬੱਚਿਆਂ ਦੀਆਂ ਅੱਖਾਂ ਚੋਂ ਵਹਿ ਰਹੇ ਹੰਝੂ ਕੌਣ ਪੂੰਝੇਗਾ? ਇਨ੍ਹਾਂ ਨੂੰ ਨਿਆਂ ਕੌਣ ਦੇਵੇਗਾ? ਉਸਦੀ ਸ਼ਾਇਰੀ ਆਮ ਜਨਤਾ ਨੂੰ ਹਲੂਣਦੀ ਹੋਈ ਉਨ੍ਹਾਂ ਨੂੰ ਜਾਗਰਿਤ ਹੋ ਜਾਣ ਦਾ ਸੁਨੇਹਾ ਦਿੰਦੀ ਹੈ। ਇਸੇ ਲਈ ਇਸ ਸ਼ਾਇਰੀ ਨੂੰ ਜਨ ਹਿਤ ਅਤੇ ਮਾਨਵਵਾਦੀ ਸੁਰ ਵਾਲੀ ਸ਼ਾਇਰੀ ਆਖਣ ਵਿੱਚ ਕਿਸੇ ਸੰਕੋਚ ਦੀ ਗੁੰਜਾਇਸ਼ ਨਹੀਂ ਹੈ. ਨਵੇਂ ਮਨੁੱਖ ਦੀ ਸਿਹਤਮੰਦ ਸੋਚ ਲਈ ਇਹੋ ਜਿਹੀ ਸ਼ਾਇਰੀ ਲਾਜ਼ਮੀ ਹੈ।





Friday, February 27, 2009

ਗਗਨਦੀਪ ਸ਼ਰਮਾ - ਕਵਿਤਾ ਦੀ ਇਬਾਰਤ

ਕਿਤਾਬ: ਕਵਿਤਾ ਦੀ ਇਬਾਰਤ ( ਕਵਿਤਾ-ਸੰਗ੍ਰਹਿ)

ਲੇਖਕ: ਗਗਨਦੀਪ ਸ਼ਰਮਾ

ਪ੍ਰਕਾਸ਼ਕ: ਚੇਤਨਾ ਪ੍ਰਕਾਸ਼ਨ, ਲੁਧਿਆਣਾ

ਪ੍ਰਕਾਸ਼ਨ ਵਰ੍ਹਾ: 2008

ਕੀਮਤ: 100 ਰੁਪਏ

ਰਿਵੀਊਕਾਰ: ਡਾ. ਗ਼ੁਲਜ਼ਾਰ ਮੁਹੰਮਦ ਗੌਰੀਆ

ਜ਼ਿੰਦਗੀ ਵਿਚ ਆਸਥਾ ਦਾ ਅਹਿਸਾਸ – ‘ਕਵਿਤਾ ਦੀ ਇਬਾਰਤ

ਕਵਿਤਾ ਦੀ ਇਬਾਰਤਕਾਵਿ-ਸੰਗ੍ਰਹਿ ਗਗਨ ਦੀਪ ਸ਼ਰਮਾ ਦੀ ਪਲੇਠੀ ਕਾਵਿ-ਰਚਨਾ ਹੈ । ਇਸਦਾ ਪਾਠ ਕਰਨ ਉਪਰੰਤ ਮੈਂ ਮਹਿਸੂਸ ਕੀਤਾ ਹੈ ਕਿ ਸ਼ਰਮਾ ਇਕ ਸਹਿਜ ਕਵੀ ਹੈ । ਉਹ ਕਿਸੇ ਉਚੇਚ ਨਾਲ਼ ਕਵਿਤਾ ਨਹੀਂ ਲਿਖਦਾ ਬਲਕਿ ਕਵਿਤਾ ਸੁਤੇ-ਸਿੱਧ ਲਿਖੀ ਜਾਂਦੀ ਹੈ । ਇਹ ਇਲਹਾਮ ਨਹੀਂ, ਉਸਦਾ ਨਿਰਉਚੇਚ ਯਤਨ ਹੈ । ਉਸਦੀ ਕਵਿਤਾ ਦਾ ਸਫ਼ਰ ਸਵੈ ਤੋਂ ਸ਼ੁਰੂ ਹੋ ਕੇ ਸਮਾਜਿਕ ਸਰੋਕਾਰਾਂ ਤੱਕ ਪਹੁੰਚ ਜਾਂਦਾ ਹੈ । ਸਵੈ ਲਈ ਵੀ ਉਹ ਜਦੋਂ ਕਵਿਤਾ ਲਿਖਦਾ ਹੈ ਤਾਂ ਇਹ ਵੀ ਦੂਸਰੇ ਚ ਅਹਿਸਾਸਮੰਦੀ ਪੈਦਾ ਕਰਨ ਲਈ ਇਕ ਸਾਧਨ ਬਣ ਜਾਂਦੀ ਹੈ ।ਕਵਿਤਾ ਦੀ ਇਬਾਰਤਅਤੇ ਮਿਲਦੀ ਗਿਲਦੀ ਰਹੀਂਵਿਚ ਉਹ ਆਪਣੀ ਗੱਲ ਕਹਿਣ ਲਈ ਕਵਿਤਾ ਨੂੰ ਇਕ ਵਾਹਨ ਵਜੋਂ ਵਰਤ ਰਿਹਾ ਹੈ । ਮਸਲਨ

ਮਨ ਅੰਦਰ ਚੱਲ ਰਹੀ

ਟੁੱਟ-ਭੱਜ ਤੋਂ ਵਧਕੇ

ਕਿਹੜੀ ਇਬਾਰਤ ਹੈ ਕਵਿਤਾ ਦੀ ਭਲਾ

----

ਵਿਆਕਰਣ ਬੋਧ ਨਾਲ ਜਦੋਂ ਅਸੀਂ ਸ਼ਬਦ ਲਿਖਦੇ ਜਾਂ ਬੀੜਦੇ ਹਾਂ ਤਾਂ ਉਹ ਇਬਾਰਤਬਣਦੀ ਹੈ । ਇਹ ਉਸਦੀ ਅੰਦਰਲੀ ਟੁੱਟ-ਭੱਜ ਦੀ ਇਬਾਰਤ ਉਸਦੀ ਕਵਿਤਾ ਹੈ । ਇਸਦਾ ਵਿਸਥਾਰ ਮਿਲਦੀ ਗਿਲਦੀ ਰਹੀਂਵਿਚ ਸਹਿਵਨ ਹੀ ਕਰਦਿਆਂ ਉਹ ਆਪਣੇ ਘਰ ਦੀ ਖੁਸ਼ਹਾਲੀ, ਬੱਚੇ ਦੀ ਕਿਲਕਾਰੀ, ਮਹਿਬੂਬ ਦੀ ਸੁੱਖਣਾ ਅਤੇ ਆਤਮਕ ਕੁਸ਼ਲਤਾ ਦੀ ਦੁਆ ਮੰਗਦਾ ਹੈ । ਮੰਗਦਾ ਉਹ ਕਿਸੇ ਪਰਮਾਤਮਾ ਤੋਂ ਨਹੀਂ, ਉਸਦੀ ਆਸਥਾ ਸ਼ਬਦਾਂ ਵਿਚ ਹੈ । ਸ਼ਬਦ ਵਿਚ ਆਸਥਾ ਰੱਖਣਾ ਸ਼ਾਇਰ ਦੀ ਵਸੀਹ ਦ੍ਰਿਸ਼ਟੀ ਦਾ ਲਖਾਇਕ ਇਸ ਲਈ ਬਣ ਜਾਂਦਾ ਹੈ ਕਿਉਂ ਜੋ ਸਾਡੇ ਵੱਡੇ ਧਾਰਮਿਕ ਗ੍ਰੰਥ ਕਵਿਤਾ ਵਿਚ ਹੀ ਲਿਖੇ ਹੋਏ ਹਨ ਜਿਥੇ ਸ਼ਬਦ ਪ੍ਰਧਾਨ ਹੈ । ਇੰਜ ਉਹ ਓਟ ਪ੍ਰਮਾਤਮਾ ਦੀ ਨਹੀਂ ਲੋੜਦਾ, ‘ਸ਼ਬਦ’ ’ਚ ਆਪਣਾ ਯਕੀਨ ਦ੍ਰਿੜਾਉਂਦਾ ਰਹਿੰਦਾ ਹੈ।

----

ਇਸ ਕਾਵਿ-ਸੰਗ੍ਰਹਿ ਵਿਚ ਸ਼ਰਮਾ ਦਾ ਦੂਜਾ ਵੱਡਾ ਸਰੋਕਾਰ ਜ਼ਿੰਦਗੀ ਵਿਚ ਆਸਥਾਰੱਖਣ ਦਾ ਹੈ। ਜਿਊਣ ਲਈ ਮਨੁੱਖ ਰੋਜ਼ਾਨਾ ਜਿਵੇਂ ਜੂਝ ਰਿਹਾ ਹੈ। ਸਮਾਜਿਕ, ਆਰਥਿਕ ਅਤੇ ਮਾਨਸਿਕ ਫ਼ਰੰਟ ਤੇ ਦਸਤਪੰਜਾ ਲੈ ਰਿਹਾ ਹੈ । ਇਸ ਜੁਝਾਰੂਮਈ ਸਥਿਤੀ ਵਿਚ ਉਸਦਾ ਵੱਡਾ ਯਕੀਨ ਕਵਿਤਾਵਿਚ ਹੈ । ਕਵਿਤਾ ਲਿਖਦਿਆਂ, ਪੜ੍ਹਦਿਆਂ, ਸੁਣਦਿਆਂ ਜਿਵੇਂ ਉਸ ਵਿਚ ਇਕ ਨਵੀਂ ਊਰਜਾ ਦਾ ਸੰਚਾਰ ਹੋ ਰਿਹਾ ਹੈ । ਉਹ ਜਿਵੇਂ ਹਰ ਔਕੜ ਨੂੰ ਸਰ ਕਰਨ ਲਈ ਤਿਆਰ-ਬਰ-ਤਿਆਰ ਹੈ । ਉਸਦੀਆਂ ਕਵਿਤਾਵਾਂ ਜ਼ਿੰਦਗੀ ਦੇ ਦਰ ਤੋਂ’, ‘ਦੋ ਦਿਨ ਜਿਊਂਦੇ ਜਾਗਦੇ’, ‘ਵਗਦਾ ਪਾਣੀ-ਕਿਰਦੀ ਰੇਤ’, ‘ਮੋੜ ਤੋਂ ਅੱਗੇ’, ‘ਅਸੀਂ ਫ਼ਿਰ ਆਵਾਂਗੇ’ – ਥੋੜ੍ਹੇ ਬਹੁਤੇ ਫ਼ਰਕ ਨਾਲ ਇਸ ਤਰ੍ਹਾਂ ਦੇ ਅਹਿਸਾਸ ਦੀ ਹੀ ਪੇਸ਼ਕਾਰੀ ਹਨ । ਆਸ਼ਾਵਾਦੀ ਸੋਚ ਮੌਤ ਤੇ ਜਿੱਤ ਪ੍ਰਾਪਤ ਕਰਨ ਵਰਗੀ ਹੈ

ਮੌਤ ਕਦ ਹੈ ਕਰ ਸਕੀ

ਜੀਵਨ ਦਾ ਅੰਤ

ਇਕ ਦਰ ਭਿੜ ਜਾਵੇ

ਖੁੱਲ੍ਹ ਜਾਂਦੇ ਅਨੰਤ

ਮਰਣ ਹੈ ਮਰਨਾ

ਮੈਂ ਕਿਉਂ ਜਿਊਂਦਾ ਮਰਾਂ?

ਅਜਿਹੀਆਂ ਸਤਰਾਂ ਕਿਸੇ ਵੀ ਬੁਝੀ ਹੋਈ ਰੂਹ ਵਿਚ ਜੀਵਨ ਦੀ ਰੁਸ਼ਨਾਈ ਪੈਦਾ ਕਰਨ ਦੀ ਸਮਰੱਥਾ ਰੱਖਦੀਆਂ ਹਨ । ਜੋ ਮਰੀਆਂ ਰੂਹਾਂ ਵਿਚ ਜੀਵਨ ਭਰਨ ਦੇ ਸਮਰੱਥ ਹੋਵੇ ਉਸ ਨਾਲੋਂ ਚੰਗੀ ਹੋਰ ਕਿਹੜੀ ਕਵਿਤਾ ਹੋ ਸਕਦੀ ਹੈ । ਜ਼ਿੰਦਗ਼ੀ ਪ੍ਰਤੀ ਪਿਆਰ ਦੇ ਇਹ ਅਹਿਸਾਸ ਬੜੇ ਹੀ ਪਿਆਰੇ ਹਨ।

----

ਗਗਨ ਦੀਪ ਸ਼ਰਮਾ ਦੇ ਇਸ ਕਾਵਿ-ਸੰਗ੍ਰਹਿ ਵਿਚ ਉਸਦਾ ਇਕ ਹੋਰ ਸਰੋਕਾਰ ਹੈ ਲੋਕਾਈ ਦੇ ਦਰਦਦੀ ਪਹਿਚਾਣ, ਪੇਸ਼ਕਾਰੀ ਅਤੇ ਉਸ ਪ੍ਰਤੀ ਹਮਦਰਦੀ। ਸ੍ਰ. ਭਗਤ ਸਿੰਘ ਨੂੰ ਸਮਰਪਿਤ ਕਵਿਤਾ ਪੀੜ੍ਹੀਆਂ ਦਾ ਸਫ਼ਰਵਿਚ ਉਹ ਭਗਤ ਸਿੰਘ ਦੀ ਸ਼ਹੀਦੀ ਦੀ ਵਜ੍ਹਾ ਪਾਠਕ ਦੇ ਜ਼ਿਹਨ-ਨਸ਼ੀਨ ਕਰਵਾਉਣਾ ਚਾਹੁੰਦਾ ਹੈ ਕਿ ਇਹਨਾਂ ਲੋਕਾਂ ਨੇ ਕੁਰਬਾਨੀਆਂ ਕਿਉਂ ਦਿੱਤੀਆਂ? ਸਾਮਰਾਜੀ ਜੂਲ਼ੇ ਹੇਠੋਂ ਕੱਢਕੇ ਆਪਣੇ ਮੁਲਕ ਦੇ ਲੋਕਾਂ ਲਈ ਇਕ ਚੰਗਾ ਜੀਵਨ ਜਿਊਂਦੇ ਹੋਣ ਦਾ ਤਸੱਵਰ ਵੀ ਉਨ੍ਹਾਂ ਦੇ ਮਨਾਂ ਵਿਚ ਸੀ । ਪ੍ਰੰਤੂ ਅਜ਼ਾਦੀ ਮਿਲਣ ਦੇ ਸੱਠ ਸਾਲ ਬੀਤ ਜਾਣ ਦੇ ਪਿੱਛੋਂ ਵੀ ਹਾਲਤ ਤਕਰੀਬਨ ਜਿਉਂ-ਦੀ-ਤਿਉਂ ਬਣੀ ਹੋਈ ਹੈ । ਇਸੇ ਕਰਕੇ ਹੀ ਤਾਂ ਸ਼ਹੀਦ ਦੀ ਰੂਹ ਕੁਰਲਾ ਰਹੀ ਹੈ

ਮੈਂ ਜਿਊਂਦਾ ਹਾਂ ਅਜੇ

ਮਰਿਆ ਨਹੀਂ ਹਾਂ ਮੈਂ।

ਦੌੜਿਆ ਫਿਰਦਾ ਹਾਂ ਮੈਂ

ਥੋੜ੍ਹ-ਜ਼ਮੀਨੇ ਕਿਸਾਨ ਦੇ ਖੇਤਾਂ ਵਿਚ

ਉਸਦਾ ਲਹੂ ਬਣ ਕੇ

ਹਉਕੇ ਭਰਦੀ ਬੇਰੁਜ਼ਗਾਰ ਜਵਾਨੀ ਦੇ ਵਿਚ

ਸਾਬਤ-ਸਬੂਤਾ ਫਿਰਦਾ ਹਾਂ ਮੈਂ

ਜਲ੍ਹਿਆਂਵਾਲ਼ੇ ਬਾਗ਼ ਦੀ ਦੀਵਾਰ ਵਿਚ ਸਾਹ ਲੈਂਦਾ

ਜਿਊਂਦਾ ਹਾਂ ਮੈਂ ਅਜੇ ।

ਇਵੇਂ ਹੀ ਦਹਿਸ਼ਤਪ੍ਰਸਤੀ ਦੀ ਪੁਸ਼ਤ-ਪਨਾਹੀ ਕਰਨ ਵਾਲੇ, ਧਰਮ ਦੀ ਆੜ੍ਹ ਹੇਠ ਅਧਾਰਮਿਕ ਕਾਰਜ ਕਰਨ ਵਾਲੇ ਅਤੇ ਆਮ ਵਿਅਕਤੀ ਦਾ ਸ਼ੋਸ਼ਣ ਕਰਨ ਵਾਲਿਆਂ ਦੇ ਖ਼ਿਲਾਫ਼ ਸ਼ਹੀਦ ਦਾ ਖ਼ੂਨ ਖ਼ੌਲ ਰਿਹਾ ਹੈ । ਇਥੇ ਇਸ ਗੱਲ ਨੂੰ ਮੱਦੇ-ਨਜ਼ਰ ਰੱਖਣਾ ਪਵੇਗਾ ਕਿ ਆਪਣੇ ਅਹਿਸਾਸ ਨੂੰ ਪ੍ਰਗਟ ਕਰਨ ਨਈ ਕਵੀ ਸ਼ਹੀਦ ਭਗਤ ਸਿੰਘ ਦੀ ਓਟ ਕਿਉਂ ਭਾਲਦਾ ਹੈ? ਇਹ ਗੱਲ ਵਾਜਬ ਇਸ ਲਈ ਹੈ ਕਿ ਸਾਡੇ ਆਮ ਲੋਕਾਂ ਤੋਂ ਲੈ ਕੇ ਰਾਜਸੱਤਾ ਤੇ ਕਾਬਜ਼ ਲੋਕਾਂ ਨੇ ਸ੍ਰ. ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਮਹਿਜ਼ ਉਨ੍ਹਾਂ ਦੇ ਬੁੱਤ ਪੂਜਕੇ ਮੁਕਤ ਹੋਣ ਦੀ ਜਿਹੀ ਹਾਲਤ ਵਿਚ ਰੱਖਕੇ ਸੁਰਖ਼ਰੂ ਹੋਣ ਦਾ ਸੁਖਾਲਾ ਰਾਹ ਲੱਭਿਆ ਹੋਇਆ ਹੈ । ਉਨ੍ਹਾਂ ਦੀ ਵਿਚਾਰਧਾਰਾ ਅਤੇ ਉਨ੍ਹਾਂ ਦਾ ਸੁਪਨਿਆਂ ਦਾ ਭਾਰਤ ਤਾਂ ਜਨਤਾ ਦੀ ਖੁਸ਼ਹਾਲੀ ਵਿਚ ਸਮਾਇਆ ਹੋਇਆ ਹੈ। ਇਸ ਲਈ ਕਵੀ ਨੂੰ ਲਗਦਾ ਹੈ ਕਿ ਸ਼ਹੀਦ ਜੇ ਹੁਣ ਵੀ ਜਿਊਂਦਾ ਹੋਵੇ ਤਾਂ ਉਸਦੀ ਹੋਂਦ ਉਨੀਂ ਹੀ ਸਾਰਥਕ ਹੈ। ਕਵੀ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੇਰੇ ਨਾਲੋਂ ਉਸਦੀ ਅਵਾਜ਼ ਅਤੇ ਉਸਦੀ ਮੌਜੂਦਗੀ ਲੋਕਾਂ ਲਈ ਜ਼ਿਆਦਾ ਕਲਿਆਣਕਾਰੀ ਹੈ। ਵਿਚਾਰਧਾਰਕ ਰੂਪ ਵਿਚ ਸ੍ਰ. ਭਗਤ ਸਿੰਘ ਅਜੇ ਜਿਊਂਦਾ ਹੈ।

----

ਅੱਥਰੂ ਪੀਣਿਆਂ ਦੇ ਵਾਰਸਕਵਿਤਾ ਵੀ ਇਸ ਸੰਗ੍ਰਹਿ ਦੀ ਵਧੀਆ ਕਵਿਤਾ ਹੈ ਜਿਸ ਰਾਹੀਂ ਆਪਣੀ ਵਿਰਾਸਤ ਦੇ ਨਾਲ ਜੁੜਕੇ ਤੁਰਦਿਆਂ ਪਾਠਕ ਇਕ ਚੰਗੇ ਭਵਿੱਖ ਦਾ ਸੁਪਨਾ ਅੱਖਾਂ ਵਿਚ ਭਰਨ ਦਾ ਹੀਆ ਕਰਦਾ ਹੈ। ਉਸਦੀਆਂ ਨਿੱਕੀਆਂ ਕਵਿਤਾਵਾਂ ਮੰਜ਼ਿਲ’, ‘ਸੁਪਨਜੋਤ’, ‘ਰੱਬ ਦਾ ਵਿਸਥਾਰਆਦਿ ਵੀ ਜ਼ਿੰਦਗੀਦੇ ਪਿਆਰ ਦੇ ਅਹਿਸਾਸ ਨਾਲ ਜੁੜੀਆਂ ਹੋਈਆਂ ਹਨ।

----

ਬਦਲਦੇ ਰੂਪ ਵਿਚ ਜਿਊਂਦਾ ਕਾਮਰੇਡਕਵਿਤਾ ਵਿਚ ਉਹ ਸੋਵੀਅਤ ਯੂਨੀਅਨ ਦੇ ਵਿਗਠਨ ਮਗਰੋਂ ਮਾਰਕਸਵਾਦੀ ਵਿਚਾਰਧਾਰਾ ਦੇ ਸੰਦਰਭ ਵਿਚ ਉੱਠੇ ਬਹਿਸ-ਮੁਬਾਹਿਸੇ ਬਾਰੇ ਆਪਣੀ ਕਾਵਿਕ ਰਾਏ ਪੇਸ਼ ਕਰਦਾ ਹੈ ਕਿ ਮਾਰਕਸਵਾਦੀ ਵਿਚਾਰਧਾਰਾ ਦੀ ਅਜੇ ਵੀ ਉਨੀਂ ਹੀ ਸਾਰਥਕਤਾ ਹੈ ਕਿਉਂਕਿ ਇਹ ਵਿਚਾਰਧਾਰਾ ਲੋਕ-ਕਲਿਆਣਕਾਰੀ ਹੈ। ਕੁਲ ਮਿਲਾਕੇ ਗਗਨ ਦੀਪ ਸ਼ਰਮਾ ਇਕ ਪ੍ਰਗਤੀਵਾਦੀ ਵਿਚਾਰਧਾਰਾ ਵਾਲੇ ਕਵੀ ਦੇ ਰੂਪ ਵਿਚ ਹੀ ਉਭਰਦਾ ਹੈ।

----

ਇਸ ਕਾਵਿ-ਸੰਗ੍ਰਹਿ ਦੇ ਅੰਤ ਵਿਚ ਗਗਨ ਦੀਪ ਸ਼ਰਮਾ ਦੀਆਂ ਲਿਖੀਆਂ ਬਾਰਾਂ ਗ਼ਜ਼ਲਾਂ ਦਰਜ ਹਨ। ਇਨ੍ਹਾਂ ਗ਼ਜ਼ਲਾਂ ਦੇ ਤਕਨੀਕੀ ਪੱਖ ਬਾਰੇ ਤਾਂ ਗ਼ਜ਼ਲ ਸਿਨਫ਼ ਦੇ ਮਾਹਿਰ ਵਿਦਵਾਨ ਹੀ ਰਾਇ ਦੇ ਸਕਦੇ ਹਨ। ਇਨ੍ਹਾਂ ਚ ਜੋ ਭਾਵ ਅਤੇ ਅਹਿਸਾਸ ਕਵੀ ਨੇ ਪ੍ਰਗਟ ਕੀਤੇ ਹਨ ਉਹ ਉਸਦੀਆਂ ਕਵਿਤਾਵਾਂ ਵਿੱਚ ਆ ਚੁੱਕੇ ਹਨ। ਵਿਧਾ ਦੀ ਵਿਲੱਖਣਤਾ ਕਾਰਨ ਇਨ੍ਹਾਂ ਦਾ ਪ੍ਰਭਾਵ ਵਧੇਰੇ ਟੁੰਬਵਾਂ ਹੈ। ਪਿਆਰ ਦਾ ਅਹਿਸਾਸ, ਵਿਛੋੜੇ ਦੀ ਕਸਕ, ਜ਼ਿੰਦਗੀ ਦੀ ਲਲਕ ਤੇ ਇੱਛਾ, ਔਕੜਾਂ ਨੂੰ ਸਰ ਕਰ ਸਕਣ ਦਾ ਟੀਚਾ ਇਨ੍ਹਾਂ ਸ਼ਿਅਰਾਂ ਵਿਚ ਕਵੀ ਨੇ ਬੜੀ ਹੀ ਅਹਿਸਾਸਮੰਦੀ ਨਾਲ ਪੇਸ਼ ਕੀਤਾ ਹੈ। ਕੁਝ ਚੋਣਵੇਂ ਸ਼ਿਅਰ ਪੇਸ਼ ਹਨ

ਭਟਕਦੇ ਅਹਿਸਾਸ ਨੂੰ ਜੇ ਬਲ ਮਿਲੇ, ਤਾਂ ਖ਼ਤ ਲਿਖੀਂ,

ਮੇਰੀ ਖ਼ਾਤਿਰ ਦੋਸਤਾ ਕੋਈ ਪਲ ਮਿਲੇ, ਤਾਂ ਖ਼ਤ ਲਿਖੀਂ।

ਐਸਾ ਕੋਈ ਦਰਦ ਨਾ ਜੋ ਉਮਰ ਨਾਲੋਂ ਹੈ ਬੜਾ,

ਕਾਬੂ ਵਿਚ ਰੱਖ ਦੋਸਤਾ ਤੂੰ ਆਪਣੇ ਜਜ਼ਬਾਤ ਨੂੰ ।

ਜਾਣਦਾ ਹਾਂ ਮੈਂ ਕਿ ਖੋਏ ਲਾਲ ਮੁੜ ਲੱਭਣੇ ਨਹੀਂ,

ਦਿਲ ਵੀ ਮੇਰਾ ਜਾਣਦੈ ਚੰਗੀ ਤਰ੍ਹਾਂ, ਪਰ ਟੋਲ੍ਹਦੈ।

----

ਗਗਨ ਦੀਪ ਸ਼ਰਮਾ ਨਰੋਈਆਂ ਕਦਰਾਂ ਕੀਮਤਾਂ ਅਤੇ ਪ੍ਰਗਤੀਵਾਦੀ ਸੋਚ ਨੂੰ ਪ੍ਰਣਾਇਆ ਸ਼ਾਇਰ ਹੈ। ਉਸਦੀਆਂ ਕਵਿਤਾਵਾਂ ਤੇ ਬੁੱਲੇ ਸ਼ਾਹ ਤੋਂ ਲੈ ਕੇ ਰਾਮਪੁਰੀਆਂ, ਪਾਸ਼, ਪਾਤਰ ਅਤੇ ਲਾਲ ਸਿੰਘ ਦਿਲ ਦੀ ਕਾਵਿ-ਸ਼ੈਲੀ ਦਾ ਪ੍ਰਭਾਵ ਹੈ। ਪ੍ਰਭਾਵ ਕਬੂਲਣਾ ਕੋਈ ਮਾੜੀ ਗੱਲ ਨਹੀਂ ਪ੍ਰੰਤੂ ਇਸ ਵਿਚੋਂ ਸ਼ਾਇਰ ਨੇ ਆਪਣੀ ਵੱਖਰੀ ਸ਼ੈਲੀ ਦਾ ਨਿਰੂਪਣ ਕਰਨਾ ਹੁੰਦਾ ਹੈ। ਸ਼ਾਇਰੀ ਦੇ ਪਿੜ ਵਿਚ ਅੱਗੇ ਪੁਲਾਂਘਾਂ ਪੁੱਟਦਿਆਂ ਜਦੋਂ ਉਹ ਆਪਣੀ ਵੱਖਰੀ ਕਾਵਿ-ਸ਼ੈਲੀ ਦਾ ਅਹਿਸਾਸ ਕਰਵਾ ਦੇਵੇਗਾ ਤਾਂ ਉਹ ਪੰਜਾਬੀ ਦਾ ਵੱਖਰਾ ਕਵੀ ਹੋਵੇਗਾ। ਗਗਨ ਦੀਪ ਸ਼ਰਮਾ ਨੇ ਆਪਣੇ ਪਹਿਲੇ ਕਾਵਿ-ਸੰਗ੍ਰਹਿ ਰਾਹੀਂ ਹੀ ਇਕ ਜ਼ਿੰਮੇਵਾਰ ਸ਼ਾਇਰ ਦਾ ਅਹਿਸਾਸ ਕਰਵਾਇਆ ਹੈ, ਉਹ ਸ਼ਲਾਘਾਯੋਗ ਹੈ।

***********************


Thursday, February 26, 2009

ਸੁਖਿੰਦਰ - ਗਲੋਬਲੀਕਰਨ

ਕਿਤਾਬ: ਗਲੋਬਲੀਕਰਨ ( ਕਵਿਤਾ-ਸੰਗ੍ਰਹਿ)

ਲੇਖਕ: ਸੁਖਿੰਦਰ

ਪ੍ਰਕਾਸ਼ਕ: ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ, ਇੰਡੀਆ

ਪ੍ਰਕਾਸ਼ਨ ਵਰ੍ਹਾ: 2008

ਕੀਮਤ: 10 ਡਾਲਰ

ਰਿਵੀਊਕਾਰ: ਡਾ. ਦਵਿੰਦਰ ਸਿੰਘ ਬੋਹਾ

ਗੰਭੀਰ ਚਿੰਤਨ ਭਰਪੂਰ ਸ਼ਾਇਰੀ :ਗਲੋਬਲੀਕਰਨ

ਵਿਸ਼ਵੀਕਰਨ ਸਾਡੇ ਸਮਿਆਂ ਦਾ ਅਜਿਹਾ ਖੂੰਖਾਰ ਵਰਤਾਰਾ ਸਿੱਧ ਹੋਇਆ ਹੈ, ਜਿਸ ਨੇ ਮਨੁੱਖੀ ਜੀਵਨ ਦੇ ਹਰੇਕ ਖੇਤਰ ਨੂੰ ਬੜੀ ਤੇਜ਼ੀ ਨਾਲ ਆਪਣੇ ਕਲਾਵੇ ਚ ਸਮੇਟਦਿਆਂ ਮਨੁੱਖੀ ਹੋਂਦ ਲਈ ਨਵੇਂ ਖਤਰੇ ਸਹੇੜੇ ਹਨ। ਖੇਤੀ, ਉਦਯੋਗ, ਸਿਖਿਆ, ਸਿਹਤ, ਰਾਜਨੀਤੀ, ਭਾਸ਼ਾ, ਸਮਾਜ, ਸਭਿਆਚਾਰ ਆਦਿ ਸਭ ਵਰਤਾਰੇ ਇਸ ਦੇ ਜਬਾੜ੍ਹਿਆਂ ਹੇਠ ਆਏ ਚੀਥੜੇ-ਚੀਥੜੇ ਦਿਖਾਈ ਦਿੰਦੇ ਹਨ।

ਚਿੰਤਨਸ਼ੀਲ ਅਤੇ ਸੰਵੇਦਨਸ਼ੀਲ ਧਿਰਾਂ ਵੱਲੋਂ ਅਜਿਹੇ ਮਾਹੌਲ ਅੰਦਰ ਹਾਸ਼ੀਆਕ੍ਰਿਤ ਹੋ ਰਹੇ ਮਨੁੱਖ, ਸੱਭਿਆਚਾਰ, ਭਾਸ਼ਾ, ਸਮਾਜਿਕ ਕਦਰਾਂ-ਕੀਮਤਾਂ ਪ੍ਰਤੀ ਆਪਣੀ ਫਿਕਰਮੰਦੀ ਪੱਖੋਂ ਵਧੇਰੇ ਗੰਭੀਰ ਚਿੰਤਨੀ ਸੁਰ ਅਪਣਾਈ ਗਈ ਹੈ। ਇਸ ਪਰਿਪੇਖ ਵਿੱਚ ਹੀ ਆਪਣੀ ਗੱਲ ਕਰਦਾ ਸੁਖਿੰਦਰ ਆਪਣੀ ਕਾਵਿ ਪੁਸਤਕ ਗਲੋਬਲੀਕਰਨਅੰਦਰ ਆਪਣੇ ਸਮਕਾਲੀ ਵਰਤਾਰਿਆਂ ਬਾਰੇ ਵਧੇਰੇ ਸੰਜੀਦਾ ਅਤੇ ਗੰਭੀਰ ਵਿਚਾਰਾਂ ਕਰਦਾ ਤੇ ਅਰਥ ਭਰਪੂਰ ਟਿੱਪਣੀਆਂ ਕਰਦਾ ਹੈ।

----

ਆਵਾਸ-ਪਰਵਾਸ ਦੀ ਧਰਤੀ ਤੇ ਰਹਿੰਦਿਆਂ ਵਧੇਰੇ ਪਦਾਰਥਕ ਸੁੱਖ-ਸਹੂਲਤਾਂ ਮਾਨਣ ਪੱਖੋਂ ਸੁਖਿੰਦਰ ਦੇ ਵਿਅਕਤੀਤਵ ਅਤੇ ਸ਼ਾਇਰੀ ਦੀ ਇਹ ਵਿਲੱਖਣਤਾ ਰਹੀ ਹੈ ਕਿ ਇਹ ਸਮਕਾਲ ਪ੍ਰਤੀ ਵਧੇਰੇ ਚੇਤੰਨ ਹੈ। ਉਸ ਨੇ ਆਪਣੀ ਸ਼ਾਇਰੀ ਅੰਦਰ ਆਪਣੇ ਸਮਾਜਿਕ ਆਲੇ-ਦੁਆਲੇ ਅਤੇ ਆਮ ਮਨੁੱਖ ਦੀ ਦਿਨੋ-ਦਿਨ ਨਿੱਘਰਦੀ ਹੋਂਦ ਬਾਰੇ ਵਧੇਰੇ ਫਿਕਰਮੰਦੀ ਦਾ ਇਜ਼ਹਾਰ ਕੀਤਾ ਹੈ। ਸੁਖਿੰਦਰ ਦੇ ਹਥਲੇ ਕਾਵਿ-ਸੰਗ੍ਰਹਿ ਦੀਆਂ ਸਮੁੱਚੀਆਂ ਕਵਿਤਾਵਾਂ ਦੇ ਵਸਤੂ-ਵਿਧਾਨ ਰਾਹੀਂ ਵਿਸ਼ਵੀਕਰਨ ਦੇ ਦੌਰ ਚ ਮਨੁੱਖ ਦੀ ਖੰਡਿਤ ਆਧੁਨਿਕਤਾ, ਉਪਰਾਮਤਾ, ਸਮਾਜਿਕ, ਆਰਥਿਕ ਨਾ-ਬਰਾਬਰੀ, ਸਭਿਆਚਾਰਕ ਪ੍ਰਦੂਸ਼ਨ, ਜੰਗਾਂ, ਯੁੱਧਾਂ, ਔਰਤ ਨੂੰ ਸਿਰਫ਼ ਭੋਗਣ ਦੀ ਵਸਤੂ ਸਮਝਣਾ, ਦੇਹਵਾਦੀ ਕਾਮੁਕ ਰੁਚੀਆਂ ਦਾ ਵਿਸਥਾਰ ਆਦਿ ਬਾਰੇ ਦਬੰਗ ਹੋ ਕੇ ਕਹਿਣਾ ਹੈ। ਉਸ ਦੀ ਕਲਮ ਦੀ ਇਹ ਵਿਸ਼ੇਸ਼ਤਾ ਹੈ ਕਿ ਉਹ ਸਮਕਾਲੀ ਵਰਤਾਰਿਆਂ ਨਾਲ ਖਹਿੰਦੀ, ਧੁਰ ਜੜ੍ਹ ਤੱਕ ਜਾਂਦੀ ਹੈ। ਵੱਡੀ ਗੱਲ ਇਹ ਹੈ ਕਿ ਉਹ ਵਿਸ਼ਵੀਕਰਨ ਦੇ ਨਿਕਲਣ ਵਾਲੇ ਗ਼ੈਰ-ਮਾਨਵੀ ਸਿੱਟਿਆਂ ਦਾ ਸੁਨੇਹਾ ਸਿਰਜਦੀ ਪਾਠਕ ਨੂੰ ਚੁਕੰਨਿਆਂ ਕਰਦੀ ਹੈ। ਗਲੋਬਲੀਕਰਨ ਕਾਰਨ ਪ੍ਰਭਾਵਿਤ ਹੋ ਰਿਹਾ ਅਰਥਚਾਰਾ, ਸਮਾਜਿਕ ਤਬਦੀਲੀਆਂ, ਸਭਿਆਚਾਰਕ ਵਿਗਾੜਾਂ ਬਾਰੇ ਉਸ ਦੀ ਸ਼ਾਇਰੀ ਭਾਰਤੀ ਪਿੰਡੇ ਤੇ ਪੈ ਰਹੇ ਇਸ ਦੇ ਹਨੇਰਿਆਂ ਨੂੰ ਬਾਰੀਕੀ ਨਾਲ ਟੋਂਹਦੀ ਹੈ:

ਮੈਂ ਲੱਭ ਰਿਹਾ ਹਾਂ

ਗਲੋਬਲੀਕਰਨ ਦੇ ਮਖੌਟੇ ਪਿੱਛੇ

ਛੁਪੀ ਹੋਈ ਅਸਲੀਅਤ ਨੂੰ

ਜੋ ਮੈਨੂੰ ਦੱਸ ਸਕੇ-

ਆਰਥਿਕ ਤਰੱਕੀ ਦੇ ਨਾਂ ਉੱਤੇ

ਲੋਕਾਂ ਨੂੰ

ਕਿਉਂ ਉਜਾੜਿਆ ਜਾ ਰਿਹਾ....

ਡਾਲਰਾਂ ਦੀ ਅੰਨ੍ਹੀ ਦੌੜ

ਰਿਸ਼ਤਿਆਂ ਦਾ ਕਿਉਂ

ਕਤਲ ਕਰ ਰਹੀ ਹੈ

ਰਾਜਨੀਤੀ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ

ਨਿੱਤ ਕਿਉਂ ਡੂੰਘੀ ਧੱਸਦੀ ਜਾ ਰਹੀ

----

ਆਵਾਸ-ਪਰਵਾਸ ਦੇ ਮਨੁੱਖੀ ਜੀਵਨ ਦਾ ਹਰੇਕ ਵਰਤਾਰਾ ਉਸ ਦੀ ਕਵਿਤਾ ਚ ਮਾਨਵੀ ਸਰੋਕਾਰਾਂ ਦੀ ਪੈਰਵਾਈ ਕਰਦਾ ਮਨੁੱਖ ਦੋਖੀ ਵਰਤਾਰਿਆਂ ਨੂੰ ਆੜੇ ਹੱਥੀਂ ਲੈਂਦਾ ਹੈ। ਪੰਜਾਬੀ ਖਾਲਸਾਈ ਸਭਿਆਚਾਰ ਤੇ ਪੱਛਮੀਕਰਨ ਦੇ ਮਿਕਸ ਕਲਚਰ ਅਤੇ ਪੰਜ ਦਰਿਆਵਾਂ ਤੋਂ ਘਟ ਕੇ ਹੋਏ ਅੱਧੇ ਅਤੇ ਅਪੰਗ ਪੰਜਾਬ ਬਾਰੇ ਆਪਣੀ ਕਲਮ ਦਾ ਸੁਨੇਹਾ ਲੋਕਾਈ ਦੇ ਨਾਂ ਕਰਦਾ ਹੈ। ਇਸ ਦਾ ਗੌਲਣਯੋਗ ਪੱਖ ਇਹ ਵੀ ਹੈ ਕਿ ਉਹ ਸਿੱਧੀ ਦਖ਼ਲ-ਅੰਦਾਜ਼ੀ ਦੀ ਥਾਂ ਆਪਣੇ ਕਾਵਿਕ ਮੁਹਾਵਰੇ ਰਾਹੀਂ ਚਿੰਤਨ-ਮੰਥਨ ਕਰਦਾ ਵਧੇਰੇ ਸੰਜੀਦਾ ਦਿਖਾਈ ਦਿੰਦਾ ਹੈ:

ਜਦੋਂ ਸੱਤ ਦਰਿਆਵਾਂ ਤੋਂ ਘੱਟ ਕੇ ਢਾਈ ਦਰਿਆਵਾਂ ਦੇ

ਰਹਿ ਗਏ ਪੰਜਾਬ ਵਿੱਚ, ਕੁਰੱਪਟ ਰਾਜਨੀਤਕ ਨੇਤਾ

ਲੋਕ ਮਸਲਿਆਂ ਨੂੰ ਆਧਾਰ ਬਣਾ ਕੇ ਵੋਟਾਂ ਮੰਗਣ ਦੀ ਥਾਂ

ਭੋਲੇ-ਭਾਲੇ ਲੋਕਾਂ ਨੂੰ ਅਫੀਮ, ਚਰਸ, ਭੰਗ, ਸ਼ਰਾਬ ਦੇ

ਗੱਫ਼ੇ ਵਰਤਾ ਕੇ ਤਾਕਤ ਵਿੱਚ ਆਉਣ ਦੇ ਯਤਨ ਕਰਦੇ ਹਨ

----

ਦੇਖਿਆ ਜਾਵੇ ਤਾਂ ਗਲੋਬਲੀਕਰਨ ਸੰਸਾਰ ਦੇ ਇੱਕ ਪਿੰਡ ਹੋਣ ਦਾ ਨਾਂ ਨਹੀਂ ਹੈ। ਅਸਲੀਅਤ ਦੀ ਪਛਾਣ ਦੇ ਪਰਦੇ ਚਾਕ ਕਰਦੀ ਸੁਖਿੰਦਰ ਦੀ ਸ਼ਾਇਰੀ ਇਸ ਨੂੰ ਤਕੜੇ ਮਾੜੇ ਦੀ ਲੁੱਟ ਵਿੱਚ ਵੰਡ ਕੇ ਦੇਖਦੀ ਹੈ। ਅੱਜ ਵਿਸ਼ਵੀਕਰਨ ਦੇ ਨਾਂਅ ਹੇਠ ਸਮੁੱਚਾ ਸੰਸਾਰ ਛੋਟੇ-ਵੱਡੇ ਯੁੱਧਾਂ ਦਾ ਅਖਾੜਾ ਹੈ। ਇਸ ਦੇ ਲੁਕਵੇਂ ਸੱਚ ਦਾ ਅਹਿਮ ਪਹਿਲੂ ਇਹ ਹੈ ਕਿ ਇਸ ਦੇ ਅਗਵਾਈ ਕਰਤਾ ਦੇਸ਼ ਖ਼ੁਦ ਆਪ ਅਨੇਕਾਂ ਅੰਦਰੂਨੀ-ਬਾਹਰੀ ਖ਼ਾਨਾ-ਜੰਗੀ ਵਿੱਚ ਘਿਰੇ ਦਿਖਾਈ ਦਿੰਦੇ ਹਨ। ਮਾਨਵ ਭਲਾਈ ਕਾਰਜ ਵਜੋਂ ਇਸ ਸ਼ਾਇਰੀ ਦਾ ਹੋਕਾ ਜਿੱਥੇ ਸੰਸਾਰ ਪੱਧਰ ਤੇ ਅਮਨ ਤੇ ਖੁਸ਼ਹਾਲੀ ਲਈ ਹੈ, ਉੱਥੇ ਆਧੁਨਿਕਤਾ ਦੇ ਵਰਕਾਂ ਵਿੱਚ ਲਿਪਟੀ ਅਖੌਤੀ ਜ਼ਿੰਦਗੀ ਜੀਵਨ ਜਿਊਣ ਜਾਚ ਖ਼ਿਲਾਫ਼ ਇਹ ਸੱਚ ਦਾ ਸੁਨੇਹਾ ਇੰਝ ਸਿਰਜਦੀ ਹੈ :

ਨਵੇਂ ਯੁਗ ਦੇ ਵਰਕਾਂ ਵਿੱਚ ਲਿਪਟੀ

ਪਰਾ-ਆਧੁਨਿਕ ਸ਼ਬਦਾਵਲੀ ਦੇ ਖਚਰੇਪਣ ਨੇ

ਗੰਧਲੇ ਕਰ ਦਿੱਤੇ ਨੇ

ਸਾਡੀ ਚੇਤਨਾ ਵਿੱਚ ਵਗ ਰਹੇ

ਨਿਰਮਲ ਪਾਣੀਆਂ ਦੇ ਝਰਨੇ

----

ਗਲੈਮਰ ਦੀ ਇਸ ਦੁਨੀਆਂ ਅੰਦਰ ਆਮ ਵਿਅਕਤੀ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ. ਸਾਮਰਾਜੀ ਜੁੰਡਲੀ ਵੱਲੋਂ ਮਨੁੱਖੀ ਜਿਉਂਣ ਦੇ ਸਲੀਕੇ, ਪਹਿਰਾਵੇ, ਭਾਸ਼ਾ, ਸਭਿਆਚਾਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਮਨੁੱਖ ਅੰਦਰਲੀ ਮਨਫ਼ੀ ਹੋਈ ਮਾਨਵਤਾ ਪਦਾਰਥਕ ਲਾਲਸਾਵਾਂ ਵਿੱਚ ਗੁੰਮ ਰਹੀ ਹੈ। ਮਨੁੱਖ ਨੂੰ ਝੂਠ, ਫਰੇਬ, ਧੋਖੇ, ਦੰਗੇ, ਠੱਗੀ ਦੇ ਨਵੇਂ ਸਬਕ ਸਿਖਾਏ ਜਾ ਰਹੇ ਹਨ। ਗਲੋਬਲੀਕਰਨ ਦੀਆਂ ਅਜਿਹੀਆਂ ਦੇਣਾਂ ਬਾਰੇ ਸੁਖਿੰਦਰ ਆਪਣੀ ਸ਼ਾਇਰੀ ਰਾਹੀਂ ਬੇਬਾਕ ਟਿੱਪਣੀਆਂ ਕਰਦਾ ਹੈ :

ਗਲੋਬਲੀਕਰਨ

ਦੁਨੀਆਂ ਦੇ ਕੋਨੇ-ਕੋਨੇ ਵਿੱਚ

ਟੈਲੀਵੀਜ਼ਨ ਦੀਆਂ ਸਕਰੀਨਾਂ ਰਾਹੀਂ

ਜ਼ਿੰਦਗੀ

ਜਿਉਂਣ ਦੇ ਢੰਗਾਂ ਦੇ

ਝੂਠੇ ਸੁਪਨੇ ਦਿਖਾਉਣ ਦਾ

ਪ੍ਰਪੰਚ ਰਚ, ਰਾਤੋ ਰਾਤ

ਅਮੀਰ ਬਣਨ ਦੇ ਨੁਸਖ਼ੇ ਵੇਚਣ ਦਾ

ਜੋ ਸਿਲਸਿਲਾ ਸ਼ੁਰੂ ਕੀਤਾ ਹੈ

ਉਸ ਦੀ ਚਕਾਚੋਂਧ ਦੇ ਪਿੱਛੇ

ਪਿੱਛੇ ਲੱਗੀ ਅੰਨ੍ਹੀ ਦੌੜ ਵਿੱਚ

ਅਰਬੀ ਘੋੜਿਆਂ ਵਾਂਗੂੰ ਸਰਪਟ

ਦੌੜ ਰਹੇ ਨੇ ਲੋਕੀਂ

----

ਜੀ-7 ਮੁਲਕਾਂ ਦੀ ਇਹ ਕੋਝੀ ਚਾਲ ਹੈ ਕਿ ਵਿਸ਼ਵ ਇੱਕ ਪਿੰਡ ਦੇ ਨਾਅਰੇ ਹੇਠ ਸਮੁੱਚੀ ਮਨੁੱਖਤਾ ਲਈ ਆਜ਼ਾਦੀ ਦਾ ਧੁਨ ਰਾਗ ਅਲਾਪਿਆ ਜਾਵੇ। ਦੁਨੀਆਂ ਦੇ ਸਮਾਜਿਕ ਧਰਾਤਲ ਤੇ ਕਿਸੇ ਕਿਸਮ ਦੀ ਕੋਈ ਭਾਸ਼ਾ, ਧਰਮ, ਜਾਤੀ, ਸਭਿਆਚਾਰਕ ਬਿਖੇੜਾ ਨਾ ਰਹੇ। ਪਰ ਵਿਸ਼ਵ ਚਿੱਤਰਪਟ ਤੇ ਇੱਕੋ ਭਾਸ਼ਾ, ਸਭਿਆਚਾਰ ਬੌਧਿਕਤਾ ਦੀ ਗੁਲਾਮੀ ਦੀਆਂ ਨਵੀਆਂ ਅਲਾਮਤਾਂ ਇੱਕੋ ਜਿਹਾ ਖਾਣ-ਪੀਣ, ਭਾਸ਼ਾ ਪੱਖੋਂ ਮਨੁੱਖ ਨੂੰ ਇੱਕ ਕਰਨਾ ਬਸਤੀਵਾਦੀ ਲੁੱਟ-ਖਸੁੱਟ ਨੂੰ ਸਾਮਰਾਜੀ ਸੁਭਾਅ ਅਨੁਸਾਰੀ ਨਵੀਆਂ ਜ਼ਰਬਾਂ ਦੇਣ ਪੱਖੋਂ ਵਿਸ਼ਵ ਤੇ ਆਪਣਾ ਏਕਾਧਿਕਾਰ ਜਮਾਉਣਾ ਹੈ। ਇੰਟਰਨੈੱਟ ਰਾਹੀਂ ਮਨੁੱਖੀ ਰਿਸ਼ਤਿਆਂ ਦਾ ਨਵਾਂ ਜਾਲ, ਤਕਨੀਕ ਪੱਖੋਂ ਮਨੁੱਖ ਨੂੰ ਮਨੁੱਖ ਦੇ ਨੇੜੇ ਕਰਦਿਆਂ ਮਨੁੱਖੀ ਦਿਮਾਗ਼ਾਂ ਨੂੰ ਉਲਟਾ ਗੇੜ ਵੀ ਦੇਣਾ ਹੈ। ਮਨੁੱਖ ਨੂੰ ਸੁਹਜ-ਸੁਆਦ ਦੇ ਭਰਮ-ਜਾਲ ਵਿੱਚ ਫਸਾਉਂਦਿਆਂ ਮਨੁੱਖੀ ਸੋਚ ਤਰਕ ਦੇ ਬੂਹਿਆਂ ਨੂੰ ਭੇੜਨਾ ਹੈ। ਜੀ-7 ਮੁਲਕਾਂ ਵੱਲੋਂ ਤੀਸਰੀ ਦੁਨੀਆਂ ਦੇ ਮੁਲਕਾਂ ਉੱਪਰ ਨਵੀਂ ਸੰਸਕ੍ਰਿਤੀ, ਭਾਸ਼ਾ, ਸਭਿਆਚਾਰ, ਸਾਹਿਤ, ਸਮਾਜਿਕ ਨੈਤਿਕ-ਕਦਰਾਂ ਪੱਖੋਂ ਵਿਸ਼ਵੀਕਰਨ ਦੀ ਨਵੀਂ ਛਤਰੀ ਤਾਣ ਕੇ ਜਿਸ ਤਰ੍ਹਾਂ ਇਨ੍ਹਾਂ ਨੂੰ ਲੁੱਟਿਆ ਪੁੱਟਿਆ ਜਾ ਰਿਹਾ ਹੈ, ਇਹ ਸਾਡੇ ਸਮਿਆਂ ਦੀ ਸਭ ਤੋਂ ਤ੍ਰਾਸਦਿਕ ਹੋਣੀ ਦਾ ਵਰਤਾਰਾ ਹੈ। ਏਸੇ ਕਰਕੇ ਸੁਖਿੰਦਰ ਆਪਣੀ ਸ਼ਾਇਰੀ ਵਿੱਚ ਇਸ ਨੂੰ ਆਪਣੇ ਸਮਿਆਂ ਦਾ ਸਭ ਤੋਂ ਦਰਿੰਦਗੀ ਭਰਪੂਰ ਹਾਦਸਾ ਕਰਾਰ ਦਿੰਦਾ ਹੈ:

ਮਨੁੱਖੀ ਇਤਿਹਾਸ ਵਿੱਚ ਵਾਪਰੇ

ਦਰਿੰਦਗੀ ਦੇ,

ਇਹ ਸ਼ਰਮਨਾਕ ਹਾਦਸੇ

ਸਾਡੇ ਮੱਥਿਆਂ ਵਿੱਚ,

ਸਦਾ ਹੀ ਨਾਸੂਰ ਬਣ ਕੇ

ਰਿਸਦੇ ਰਹਿਣਗੇ

----

ਨਿਸ਼ਕਰਸ਼ ਪੱਖੋਂ ਆਖਿਆ ਜਾ ਸਕਦਾ ਹੈ ਕਿ ਸੁਖਿੰਦਰ ਵਿਸ਼ਵੀਕਰਨਦੀਆਂ ਕਾਲੀਆਂ ਰਾਤਾਂ ਦੇ ਪਾਏ ਲੰਮੇਰੇ ਹਨੇਰਿਆਂ ਦਾ ਵਧੇਰੇ ਗਹਿਰਾਈ ਤੋਂ ਅਨੁਭਵ ਕਰਦਾ ਹੈ। ਥਾਂ-ਥਾਂ ਇਸ ਤੋਂ ਖ਼ਬਰਦਾਰ ਕਰਦਾ ਉਹ ਲੋਕਾਈ ਨੂੰ ਆਪਣੀ ਘੂਕੀ ਤਿਆਗਣ ਅਤੇ ਇਸ ਦੇ ਪਾਏ ਜਾ ਰਹੇ ਹਨੇਰਿਆਂ ਵਿਰੁੱਧ ਜੂਝਣ ਦੀ ਗੱਲ ਕਰਦਾ ਹੈ:

ਚਲੋ : ਆਪਣੀ ਘੂਕੀ ਚੋਂ ਜਾਗੀਏ

ਚਲੋ : ਸਮੇਂ ਦੀਆਂ ਹਕੀਕਤਾਂ ਨੂੰ ਪਹਿਚਾਣੀਏ

ਚਲੋ : ਆਪਣੀ ਸੋਚ ਉੱਤੇ ਪਈ ਸਮਿਆਂ ਦੀ ਧੂੜ ਧੋ ਦੇਈਏ

ਚਲੋ : ਦੋ ਮੂੰਹੇਂ ਸੱਪਾਂ ਦੇ ਚਿਹਰਿਆਂ ਤੋਂ ਮਖੌਟੇ ਲਾਹ ਆਈਏ !

*************************************